ਪੰਜਾਬ 'ਚ ਆਟੋ ਤੇ ਬੱਸ ਡਰਾਈਵਰਾਂ ਦੀਆਂ ਧੀਆਂ ਬਣਨਗੀਆਂਂ ਜੱਜ, 'ਭਾਂਡੇ ਤੱਕ ਵੇਚ ਦਿਆਂਗੇ ਪਰ ਪੜ੍ਹਾਈ ਜਾਰੀ ਰੱਖ'

ਜੱਜ
ਤਸਵੀਰ ਕੈਪਸ਼ਨ, ਮਨਮੋਹਨ ਪ੍ਰੀਤ ਕੌਰ, ਅੰਜਲੀ ਕੌਰ, ਗੁਲਫਾਮ ਸਈਦ ਅਤੇ ਕਿਰਨਜੀਤ ਕੌਰ

ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਕੁੜੀਆਂ ਨੇ ਪੀਸੀਐੱਸ ਜੁਡੀਸ਼ਰੀ ਦੇ ਨਤੀਜਿਆਂ ਵਿੱਚ ਬਾਜ਼ੀ ਮਾਰੀ ਹੈ।

ਹਰ ਕੁੜੀ ਦੀ ਕਹਾਣੀ ਵੱਖਰੀ ਹੈ, ਸੰਘਰਸ਼ ਭਰੇ ਹਾਲਾਤ ਤੋਂ ਨਿਕਲ ਕੇ ਇਨ੍ਹਾਂ ਕੁੜੀਆਂ ਦੇ ਮਾਪੇ ਜਿੱਥੇ ਬਾਗੋ-ਬਾਗ ਹਨ, ਉੱਥੇ ਹੀ ਇਨ੍ਹਾਂ ਨੂੰ ਪ੍ਰੀਖਿਆ ਲਈ ਤਿਆਰੀ ਕਰਵਾਉਣ ਵਾਲੇ ਬੇਹੱਦ ਖ਼ੁਸ਼ ਹਨ।

ਮਲੇਰਕੋਟਲਾ ਦੀ ਗੁਲਫਾਮ ਸਈਦ ਤੋਂ ਲੈ ਕੇ ਕਪੂਰਥਲਾ ਦੀ ਸ਼ਿਵਾਨੀ, ਬਟਾਲਾ ਦੀ ਮਨਮੋਹਨ ਪ੍ਰੀਤ ਤੇ ਬਰਨਾਲਾ ਦੀਆਂ ਅੰਜਲੀ ਅਤੇ ਕਿਰਨਜੀਤ ਕੌਰ ਨੇ ਕਾਮਯਾਬੀ ਦੇ ਝੰਡੇ ਗੱਡੇ ਹਨ।

ਬੀਬੀਸੀ ਨੇ ਇਨ੍ਹਾਂ ਕੁੜੀਆਂ ਨਾਲ ਇਸ ਕਾਮਯਾਬੀ ਬਾਰੇ ਵਿਸ਼ੇਸ਼ ਤੌਰ ਉੱਤੇ ਗੱਲਬਾਤ ਕੀਤੀ।

ਵੀਡੀਓ ਕੈਪਸ਼ਨ, ਪੰਜਾਬ ਦੀਆਂ ਕੁੜੀਆਂ ਨੇ ਕਰਵਾਈ ਬੱਲੇ-ਬੱਲੇ, ਬਣਨਗੀਆਂ ਜੱਜ- ਵੀਡੀਓ

ਮਲੇਰਕੋਟਲਾ - ਮੁਸਲਿਮ ਪਰਿਵਾਰ ਦੀ ਗੁਲਫਾਮ ਨੇ ਪਿਕਅੱਪ ਚਾਲਕ ਪਿਤਾ ਦਾ ਵਧਾਇਆ ਮਾਣ

ਅਰਸ਼ਦੀਪ ਕੌਰ, ਬੀਬੀਸੀ ਪੱਤਰਕਾਰ

ਬੀਬੀਸੀ ਨਾਲ ਗੱਲਬਾਤ ਕਰਦਿਆਂ ਗੁਲਫਾਮ ਸਈਦ ਕਹਿੰਦੇ ਹਨ, ‘'ਵਕਾਲਤ ਕਰਨ ਤੋਂ ਬਾਅਦ ਕਚਹਿਰੀ ਦੀ 15,000 ਰੁਪਏ ਦੀ ਐਨਰੋਲਮੈਂਟ ਫੀਸ ਵਾਸਤੇ ਮੇਰੇ ਕੋਲ ਪੈਸੇ ਨਹੀਂ ਸੀ ਅਤੇ ਘਰ ਦੇ ਹਾਲਾਤ ਅਜਿਹੇ ਨਹੀਂ ਸਨ ਕਿ ਪਾਪਾ ਤੋਂ ਮੰਗ ਸਕਾਂ। ਉਸ ਫੀਸ ਵਾਸਤੇ ਫਿਰ ਮੈਂ ਲੋਨ ਲਿਆ ਸੀ।'’

‘‘ਹੁਣ ਮੈਂ ਆਪਣੇ ਪਾਪਾ ਦਾ ਸਪਨਾ ਪੂਰਾ ਕਰ ਦਿੱਤਾ ਹੈ।’'

ਪੀਸੀਐੱਸ ਜੁਡੀਸ਼ਰੀ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਮਲੇਰਕੋਟਲਾ ਦੀ ਗੁਲਫਾਮ ਸਈਦ ਕਾਫੀ ਖੁਸ਼ ਅਤੇ ਭਾਵੁਕ ਹਨ।

ਈਡਬਲਿਊਐੱਸ (ਆਰਥਿਕ ਤੌਰ ਉੱਤੇ ਕਮਜ਼ੋਰ) ਵਰਗ ਵਿੱਚ ਪੰਜਾਬ ਭਰ ਵਿੱਚੋਂ ਗੁਲਫਾਮ ਨੇ ਪੰਜਵਾਂ ਸਥਾਨ ਹਾਸਿਲ ਕੀਤਾ ਹੈ।

ਗੁਲਫਾਮ ਦੇ ਪਿਤਾ ਤਾਲਿਬ ਹੁਸੈਨ ਵੀ ਆਪਣੀ ਧੀ ਦੀ ਸਫਲਤਾ ਤੋਂ ਬੇਹੱਦ ਖੁਸ਼ ਹਨ। ਉਹ ਆਖਦੇ ਹਨ, '‘ਮੇਰੀ ਧੀ ਨੇ ਸਾਡੇ ਪਰਿਵਾਰ, ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ। ਇਹ ਖੁਸ਼ੀ ਸ਼ਬਦਾਂ ਵਿੱਚ ਦੱਸੀ ਹੀ ਨਹੀ ਜਾ ਰਹੀ।’'

ਇੱਕ ਮੈਸੇਜ ਨੇ ਬਦਲੀ ਜ਼ਿੰਦਗੀ

ਗੁਰਿੰਦਰਪਾਲ ਸਿੰਘ

ਤਸਵੀਰ ਸਰੋਤ, Gurinderpal Singh

ਤਸਵੀਰ ਕੈਪਸ਼ਨ, ਵਕੀਲ ਗੁਰਿੰਦਰਪਾਲ ਸਿੰਘ ਆਪਣੀ ਵਿਦਿਆਰਥਣ ਗੁਲਫਾਮ ਸਈਦ ਨਾਲ

ਬੀਬੀਸੀ ਨਾਲ ਗੱਲ ਕਰਦੇ ਹੋਏ ਗੁਲਫਾਮ ਸਈਦ ਨੇ ਦੱਸਿਆ ਕਿ ਜਦੋਂ ਉਨ੍ਹਾਂ ਕੋਲ ਫੀਸ ਵਾਸਤੇ ਪੈਸੇ ਨਹੀਂ ਸਨ ਤਾਂ ਇੱਕ ਵਾਰ ਤਾਂ ਸੋਚਿਆ ਕਿ ਕਿਤੇ ਵਕੀਲ ਬਣਕੇ ਗ਼ਲਤੀ ਤਾਂ ਨਹੀਂ ਹੋ ਗਈ।

ਉਹ ਦੱਸਦੇ ਹਨ, ‘'ਮੈਂ ਅਤੇ ਮੇਰਾ ਪਰਿਵਾਰ ਮਲੇਰਕੋਟਲਾ ਰਹਿੰਦੇ ਹਾਂ। ਸਾਡੇ ਕੋਲ ਦੋ ਕਮਰਿਆਂ ਦਾ ਛੋਟਾ ਜਿਹਾ ਘਰ ਹੈ। ਇੱਕ ਕਮਰੇ ਵਿੱਚ 5 ਅਤੇ ਦੂਸਰੇ ਵਿੱਚ 6 ਜੀਅ ਰਹਿੰਦੇ ਹਨ। ਮੇਰੇ ਪਾਪਾ ਡਰਾਈਵਰ ਹਨ। ਉਹ ਪਿਕਅੱਪ ਟਰੱਕ ਚਾਲਕ ਹਨ।’'

ਆਪਣੇ ਸੰਘਰਸ਼ ਬਾਰੇ ਗੱਲ ਕਰਦੇ ਉਹ ਆਖਦੇ ਹਨ, '‘ਵਕਾਲਤ ਕਰਨ ਤੋਂ ਬਾਅਦ ਮੇਰੇ ਕੋਲ ਦਫ਼ਤਰ ਬਣਾਉਣ, ਖਰੀਦਣ ਵਾਸਤੇ ਪੈਸੇ ਨਹੀਂ ਸਨ। ਸਾਡੇ ਕੋਲ ਘਰ ਵੀ ਬਹੁਤੀ ਥਾਂ ਨਹੀਂ ਹੈ ਕਿ ਕਲਾਇੰਟ ਇੱਥੇ ਆ ਕੇ ਕੇਸ ਬਾਰੇ ਗੱਲ ਕਰਨ।‘’

ਵੀਡੀਓ ਕੈਪਸ਼ਨ, ਮਲੇਰਕੋਟਲਾ: ਅੱਤ ਦੀ ਗਰੀਬੀ ਵਿੱਚ ਪਲੀ ਗੁਲਫ਼ਾਮ ਬਣੇਗੀ ਜੱਜ- ਵੀਡੀਓ

‘‘ਮੇਰੇ ਕੋਲ ਕੋਈ ਵਾਹਨ ਵੀ ਨਹੀਂ ਹੈ ਤੇ ਸਾਡੇ ਘਰ ਤੋਂ ਕਚਹਿਰੀ ਵੀ ਦੂਰ ਹੈ। ਸ਼ੁਰੂਆਤ ਦੇ 3-4 ਸਾਲ ਕੋਈ ਬਹੁਤੇ ਪੈਸੇ ਵੀ ਨਹੀਂ ਦਿੰਦਾ।‘’

ਮੋਬਾਈਲ ਫ਼ੋਨ ’ਤੇ ਆਏ ਮੈਸੇਜ ਬਾਰੇ ਉਹ ਦੱਸਦੇ ਹਨ, ‘‘ਇੱਕ ਦਿਨ ਮੇਰੇ ਫ਼ੋਨ ਉੱਪਰ ਮੈਸੇਜ ਆਇਆ, ਜਿਸ ਵਿੱਚ ਪੀਸੀਐੱਸ ਦੀ ਮੁਫ਼ਤ ਕੋਚਿੰਗ ਬਾਰੇ ਲਿਖਿਆ ਸੀ। ਮੈਨੂੰ ਲੱਗਿਆ ਕਿ ਕੋਈ ਮਜ਼ਾਕ ਜਾਂ ਫਰੌਡ ਹੈ ਪਰ ਮੈਂ ਉਸ ਨੰਬਰ 'ਤੇ ਕਾਲ ਕੀਤੀ, ਉਹ ਮੈਸੇਜ ਸਹੀ ਸੀ। ਚੰਡੀਗੜ੍ਹ ਵਿੱਚ ਇੱਕ ਵਕੀਲ ਆਰਥਿਕ ਤੌਰ 'ਤੇ ਕਮਜ਼ੋਰ 20 ਬੱਚਿਆਂ ਨੂੰ ਕੋਚਿੰਗ ਦੇ ਰਹੇ ਸਨ।’’

ਗੁਲਫਾਮ ਅੱਗੇ ਦੱਸਦੇ ਕਿ ਉਹ ਜਾਣਾ ਚਾਹੁੰਦੇ ਸਨ ਪਰ ਚੰਡੀਗੜ੍ਹ ਜਾਣ ਦਾ ਮਤਲਬ ਸੀ ਕਿ ਖਾਣੇ ਅਤੇ ਰਹਿਣ ਵਾਸਤੇ ਘੱਟੋ-ਘੱਟ ਪੰਜ ਤੋਂ ਸੱਤ ਹਜ਼ਾਰ ਦਾ ਖਰਚਾ। ਜਿਸ ਨੂੰ ਚੁੱਕਣ ਵਿੱਚ ਉਹ ਅਸਮਰੱਥ ਸਨ।

'ਘਰ ਦੇ ਭਾਂਡੇ ਵੇਚ ਦੇਵਾਂਗੇ ਪਰ ਪੜ੍ਹਾਈ ਜਾਰੀ ਰੱਖੋ'

ਗੁਰਿੰਦਰਪਾਲ ਸਿੰਘ

ਤਸਵੀਰ ਸਰੋਤ, Gulfam Saeed Family

ਤਸਵੀਰ ਕੈਪਸ਼ਨ, ਗੁਲਫਾਮ ਦਾ ਮੁੰਹ ਮਿੱਠਾ ਕਰਵਾਉਂਦੇ ਵਕੀਲ ਗੁਰਿੰਦਰਪਾਲ ਸਿੰਘ

ਗੁਲਫਾਮ ਦੱਸਦੇ ਹਨ ਕਿ ਉਨ੍ਹਾਂ ਨੇ ਤਾਂ ਮੈਸੇਜ ਵਾਲੇ ਨੰਬਰ ਉੱਤੇ ਕਾਲ ਨਾਂਹ ਕਰਨ ਵਾਸਤੇ ਕੀਤੀ ਸੀ।

‘'ਮੈਂ ਉਨ੍ਹਾਂ ਨੂੰ ਨਾ ਕਰਨ ਵਾਸਤੇ ਫ਼ੋਨ ਕੀਤਾ ਤਾਂ ਅੱਗੋਂ ਕੋਚਿੰਗ ਦੇਣ ਵਾਲੇ ਵਕੀਲ ਗੁਰਿੰਦਰ ਪਾਲ ਸਿੰਘ ਨੇ ਕਿਹਾ ਕਿ ਤੁਸੀਂ ਆ ਜਾਓ। ਜੇ ਇੱਕ- ਦੋ ਮਹੀਨੇ ਰਹਿਣ ਵਾਸਤੇ ਵੀ ਪੈਸੇ ਹਨ ਤਾਂ ਆ ਕੇ ਪੜ੍ਹਾਈ ਸ਼ੁਰੂ ਕਰੋ। ਉਨ੍ਹਾਂ ਦੇ ਪਰਿਵਾਰ ਨੇ ਮੇਰਾ ਬਹੁਤ ਸਾਥ ਦਿੱਤਾ ਹੈ। ਉਨ੍ਹਾਂ ਦੀ ਵਕੀਲ ਪਤਨੀ ਅਤੇ ਛੋਟੀ ਜਿਹੀ 8-9 ਸਾਲ ਦੀ ਬੇਟੀ ਨੇ ਵੀ ਸਾਥ ਦਿੱਤਾ।'’

ਗੁਲਫਾਮ ਨੇ 2019 ਵਿੱਚ ਕੋਚਿੰਗ ਲੈਣੀ ਸ਼ੁਰੂ ਕਰ ਦਿੱਤੀ।

ਗੁਲਫਾਮ ਅੱਗੇ ਦੱਸਦੇ ਹਨ, ‘'ਕਈ ਵਾਰ ਮੇਰੇ ਪਾਪਾ ਦਾ ਡ੍ਰਾਈਵਿੰਗ ਦਾ ਗੇੜਾ ਨਹੀਂ ਲੱਗਦਾ ਸੀ ਤਾਂ ਮੇਰੇ ਕੋਲ ਭੇਜਣ ਵਾਸਤੇ ਉਨ੍ਹਾਂ ਕੋਲ ਪੈਸੇ ਵੀ ਨਹੀਂ ਹੁੰਦੇ ਸਨ। ਮੇਰੇ ਦੋ ਛੋਟੇ ਭਰਾ ਵੀ ਹਨ ਅਤੇ ਘਰ ਦਾ ਖਰਚਾ ਵੀ ਹੈ।'’

ਗੁਲਫਾਮ ਹੱਸਦੇ ਹੋਏ ਦੱਸਦੇ ਹਨ, ‘'ਗੁਰਿੰਦਰ ਸਰ ਨੇ ਕਿਹਾ ਕਿ ਬੇਟਾ ਤੂੰ ਤਿਆਰੀ ਜਾਰੀ ਰੱਖ, ਜੇ ਲੋੜ ਪਈ ਤਾਂ ਮੈਂ ਆਪਣੇ ਭਾਂਡੇ ਵੀ ਵੇਚ ਦੇਵਾਂਗਾਂ। ਉਨ੍ਹਾਂ ਦੀ ਇਸ ਗੱਲ ਨੇ, ਇਹਨਾਂ ਸ਼ਬਦਾਂ ਨੇ ਮੈਨੂੰ ਬਹੁਤ ਪ੍ਰੇਰਿਤ ਕੀਤਾ।'’

ਗੁਲਫਾਮ ਦੀ ਸਫ਼ਲਤਾ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਗੁਰਿੰਦਰਪਾਲ ਸਿੰਘ ਆਖਦੇ ਹਨ, '‘ਗੁਲਫਾਮ ਸਣੇ ਸਫ਼ਲ ਹੋਏ ਸਭ ਬੱਚਿਆਂ ਉੱਪਰ ਮੈਨੂੰ ਬੇਹੱਦ ਫ਼ਖਰ ਹੈ। ਸਭ ਨੇ ਬਹੁਤ ਮਿਹਨਤ ਕੀਤੀ ਹੈ। ਮੇਰੇ ਕੋਲ ਪੜ੍ਹੇ ਕੁੱਲ 13 ਬੱਚਿਆਂ ਨੇ ਪੇਪਰ ਕਲੀਅਰ ਕੀਤਾ ਹੈ ਅਤੇ ਇਨ੍ਹਾਂ ਵਿੱਚ 11 ਕੁੜੀਆਂ ਹਨ।'’

‘‘ਗੁਲਫਾਮ ਨੇ ਮਿਹਨਤ ਕੀਤੀ, ਬਹੁਤ ਹੁਸ਼ਿਆਰ ਹੈ। ਸਮਾਜ ਦੇ ਅਜਿਹੇ ਹਿੱਸੇ ਤੋਂ ਆ ਕੇ ਉਸ ਨੇ ਕਈ ਅੜਚਨਾਂ ਨੂੰ ਪਾਰ ਕੀਤਾ ਹੈ।'’

ਨਤੀਜਾ ਦੇਖਣ ਤੋਂ ਲੱਗ ਰਿਹਾ ਸੀ ਡਰ

ਗੁਲਫਾਮ ਸਈਦ

ਤਸਵੀਰ ਸਰੋਤ, Gulfam Saeed Family

ਤਸਵੀਰ ਕੈਪਸ਼ਨ, ਜੱਜ ਬਣਨ ਤੋਂ ਬਾਅਦ ਗੁਲਫਾਮ ਦੇ ਮਲੇਰਕੋਟਲਾ ਵਿਖੇ ਘਰ ਵਿੱਚ ਵਧਾਈਆਂ ਦੇਣ ਵਾਲੇ ਆ ਰਹੇ ਹਨ

ਔਕੜਾਂ ਭਰੀ ਜ਼ਿੰਦਗੀ ਵਿੱਚ ਤਿਆਰੀ ਜਾਰੀ ਰੱਖਦੇ ਹੋਏ ਗੁਲਫਾਮ ਨੇ ਜੀਅ ਤੋੜ ਮਿਹਨਤ ਕੀਤੀ।

ਪਿਤਾ ਅਤੇ ਕੋਚ ਗੁਰਿੰਦਰ ਸਿੰਘ ਨੇ ਵੀ ਸਹਿਯੋਗ ਦੇਣ ਵਿੱਚ ਕੋਈ ਕਮੀ ਨਹੀਂ ਛੱਡੀ।

ਗੁਲਫਾਮ ਦੇ ਮਨ ਵਿੱਚ ਨਤੀਜਾ ਦੇਖਣ ਵੇਲੇ ਕੀ ਚੱਲ ਰਿਹਾ ਸੀ?

ਇਸ ਸਵਾਲ ਦੇ ਜਵਾਬ ਵਿੱਚ ਉਹ ਆਖਦੇ ਹਨ, ‘'ਪਹਿਲਾਂ ਵੀ ਮੈਂ ਹਰਿਆਣਾ ਜੁਡੀਸ਼ਰੀ ਦਾ ਪੇਪਰ ਦਿੱਤਾ ਸੀ। 5.5 ਨੰਬਰ ਤੋਂ ਉਹ ਕਲੀਅਰ ਨਹੀਂ ਹੋ ਸਕਿਆ ਸੀ। ਹੁਣ ਜਦੋਂ ਨਤੀਜਾ ਆਇਆ ਤਾਂ ਉਸ ਦਿਨ ਦੀ ਯਾਦ ਆ ਗਈ।''

''ਡਰ ਤੇ ਘਬਰਾਹਟ ਹੋ ਰਹੀ ਸੀ। ਨਤੀਜਾ ਦੇਖਣ ਦੀ ਹਿੰਮਤ ਨਹੀਂ ਹੋ ਰਹੀ ਸੀ। ਮੈਂ ਪਾਪਾ ਨੂੰ ਕਿਹਾ ਕਿ ਉਹ ਆ ਕੇ ਪੀਡੀਐੱਫ ਫਾਈਲ ਖੋਲ੍ਹਣ ਅਤੇ ਦੇਖਣ।'’

'‘ਪਾਪਾ ਛੱਤ 'ਤੇ ਸਨ ਅਤੇ ਇਸ ਤੋਂ ਪਹਿਲਾਂ ਉਹ ਆਉਂਦੇ ਤਾਂ ਗੁਰਿੰਦਰ ਸਰ ਦਾ ਫੋਨ ਆਇਆ ਤੇ ਉਹ ਕਹਿੰਦੇ ਕੁੜੀਏ ਢੋਲ ਵਜਾ ਦੇ ਅਤੇ ਮੇਰਾ ਰੋਣਾ ਨਿਕਲ ਗਿਆ।’’

ਬਸ ਇਹ ਸੁਣਦੇ ਹੀ ਸਾਰੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।

ਮੁਸਲਮਾਨ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਗੁਲਫਾਮ ਆਖਦੇ ਹਨ ਕਿ ਸ਼ਹਿਰ ਦੇ ਹਿੰਦੂ, ਸਿੱਖ, ਮੁਸਲਮਾਨ ਪਰਿਵਾਰਾਂ ਦੇ ਸਭ ਲੋਕ ਵਧਾਈ ਦੇਣ ਆ ਰਹੇ ਹਨ।

‘'ਉਹ ਸਭ ਬਹੁਤ ਖੁਸ਼ ਹਨ, ਜਿਵੇ ਉਹਨਾਂ ਦੇ ਆਪਣੇ ਪਰਿਵਾਰ ਦਾ ਬੱਚਾ ਸਫ਼ਲ ਹੋਇਆ ਹੋਵੇ। ਇਹ ਪੂਰਾ ਸ਼ਹਿਰ ਹੀ ਹੁਣ ਪਰਿਵਾਰ ਵਰਗਾ ਹੈ।'’

ਗੁਰਿੰਦਰਪਾਲ ਸਿੰਘ

'ਮਾਪੇ ਧੀਆਂ ਦੀ ਪੜ੍ਹਾਈ ’ਤੇ ਜ਼ੋਰ ਦੇਣ'

ਮਲੇਰਕੋਟਲਾ ਦੇ ਇਸਲਾਮੀਆ ਸਕੂਲ ਤੇ ਕਾਲਜ ਵਿੱਚ ਪੜ੍ਹੇ ਗੁਲਫਾਮ ਆਖਦੇ ਹਨ, ‘'ਮੇਰੇ ਨਾਲ ਸਕੂਲ, ਕਾਲਜ ਵਿੱਚ ਪੜ੍ਹਨ ਵਾਲੀਆਂ ਕੁਝ ਕੁੜੀਆਂ ਬਹੁਤ ਹੁਸ਼ਿਆਰ ਸਨ। ਸਾਡੇ ਸਮਾਜ ਵਿੱਚ ਬੱਚੀ ਦੇ ਪੈਦਾ ਹੁੰਦੇ ਹੀ ਦਾਜ- ਦਹੇਜ ਦੀ ਫਿਕਰ ਪੈ ਜਾਂਦੀ ਹੈ ਅਤੇ ਪੜ੍ਹਾਈ ਪਿੱਛੇ ਛੁੱਟ ਜਾਂਦੀ ਹੈ।’’

‘'ਮੇਰੇ ਨਾਲ ਪੜ੍ਹੀਆਂ ਕੁਝ ਕੁੜੀਆਂ ਅੱਜ ਅਫ਼ਸਰ, ਡਾਕਟਰ ਆਦਿ ਬਣ ਸਕਦੀਆਂ ਸਨ ਪਰ ਉਨ੍ਹਾਂ ਦੇ ਛੋਟੀ ਉਮਰ ਹੀ ਵਿਆਹ ਕਰ ਦਿੱਤੇ ਗਏ। ਮਾਪਿਆਂ ਨੂੰ ਕੁੜੀਆਂ ਦੀ ਪੜ੍ਹਾਈ ਉੱਪਰ ਧਿਆਨ ਦੇਣਾ ਚਾਹੀਦਾ ਹੈ।'’

ਬਟਾਲਾ: ਸਾਧਾਰਨ ਕਿਸਾਨ ਦੀ ਧੀ ਬਣੀ ਜੱਜ

ਮਨਮੋਹਨ

ਤਸਵੀਰ ਸਰੋਤ, BBC/Gurpreet Singh Chawla

ਤਸਵੀਰ ਕੈਪਸ਼ਨ, ਮਨਮੋਹਨ ਨੇ ਪੀਸੀਐੱਸ ਜੁਡੀਸ਼ੀਅਲ ਪ੍ਰੀਖਿਆ ਵਿੱਚ ਈਡਬਲਿਊਐੱਸ ਕੈਟੇਗਰੀ ਵਿੱਚ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ

ਗੁਰਪ੍ਰੀਤ ਸਿੰਘ ਚਾਵਲਾ, ਬੀਬੀਸੀ ਸਹਿਯੋਗੀ

ਬਟਾਲਾ ਦੇ ਨੇੜੇ ਪੈਂਦੇ ਪਿੰਡ ਰਸੂਲਪੁਰ ਦੇ ਇੱਕ ਸਾਧਾਰਨ ਕਿਸਾਨ ਪਰਿਵਾਰ ਦੀ ਧੀ ਮਨਮੋਹਨ ਪ੍ਰੀਤ ਕੌਰ ਮੱਲੀ ਨੇ ਪਹਿਲੀ ਵਾਰ ਪੀਸੀਐੱਸ ਜੁਡੀਸ਼ੀਅਲ ਪ੍ਰੀਖਿਆ ਵਿੱਚ ਈਡਬਲਿਊਐਸ ਕੈਟੇਗਰੀ ਵਿੱਚ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।

ਇਸ ਉਪਲਬਧੀ ਨੂੰ ਲੈ ਕੇ ਪਰਿਵਾਰ ਅਤੇ ਇਲਾਕੇ ’ਚ ਖੁਸ਼ੀ ਦਾ ਮਾਹੌਲ ਹੈ।

ਮਨਮੋਹਨ ਪ੍ਰੀਤ ਕੌਰ ਮੱਲੀ ਆਪਣੀ ਇਸ ਪ੍ਰਾਪਤੀ ਸਬੰਧੀ ਬੀਬੀਸੀ ਨਾਲ ਗੱਲਬਾਤ ਕਰਦੇ ਹਨ।

ਉਹ ਦੱਸਦੇ ਹਨ, ‘‘ਮੇਰੇ ਪਿਤਾ ਇੱਕ ਸਾਧਾਰਨ ਛੋਟੇ ਕਿਸਾਨ ਹਨ। ਮੇਰੀ ਮਿਹਨਤ ਨੂੰ ਦੇਖ ਕੇ ਉਹ ਜ਼ਿੰਦਗੀ ਵਿੱਚ ਪਰਿਵਾਰ ਦਾ ਮਾਣ ਵਧਾਉਣ ਲਈ ਦ੍ਰਿੜ ਹੋ ਗਏ।’’

ਮਨਮੋਹਨ ਪਿੰਡ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਮੁੱਢਲੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਜਵਾਹਰ ਨਵੋਦਿਆ ਵਿਦਿਆਲਿਆ, ਪਠਾਨਕੋਟ ਵਿੱਚ ਪੜ੍ਹਨ ਲਈ ਚਲੇ ਗਏ ਸਨ। ਇੱਥੋਂ ਹੀ ਉਨ੍ਹਾਂ ਨੂੰ ਜੁਡੀਸ਼ੀਅਲ ਸਰਵਿਸ ’ਚ ਜਾਣ ਲਈ ਪ੍ਰੇਰਨਾ ਮਿਲੀ।

ਮਨਮੋਹਨ ਨੇ ਇਸ ਤੋਂ ਬਾਅਦ ਵਕਾਲਤ ਦੀ ਪੜ੍ਹਾਈ (ਬੀਏ ਐੱਲਐੱਲਬੀ) ਕੀਤੀ ਅਤੇ ਇਸ ਵਿੱਚ ਪੀਸੀਐੱਸ ਕੋਚਿੰਗ ਲਈ ਉਨ੍ਹਾਂ ਨੂੰ ਸਹਿਯੋਗ ਮਿਲਿਆ ਚੰਡੀਗੜ੍ਹ ਦੇ ਵਕੀਲ ਗੁਰਿੰਦਰ ਸਿੰਘ ਦਾ।

ਕੋਚਿੰਗ ਦੇਣ ਵਾਲੇ ਗੁਰਿੰਦਰ ਸਿੰਘ ਬਾਰੇ ਮਨਮੋਹਨ ਕਹਿੰਦੇ ਹਨ, ‘‘ਉਨ੍ਹਾਂ ਦੀ ਬਦੌਲਤ ਹੀ ਅੱਜ ਇਸ ਮੁਕਾਮ 'ਤੇ ਪਹੁੰਚ ਸਕੀ ਹਾਂ। ਭਾਵੇਂ ਅੱਜ ਜੱਜ ਬਣ ਗਈ ਹਾਂ ਪਰ ਖਾਹਿਸ਼ ਹੈ ਕਿ ਹਰ ਵਰਗ ਦੇ ਪਰਿਵਾਰ ਦੀਆ ਧੀਆਂ ਨੂੰ ਸਿੱਖਿਆ ਮਿਲ ਸਕੇ ਅਤੇ ਇਸ ਲਈ ਜ਼ਰੂਰ ਕੁਝ ਕਰਨਾ ਚਾਹਾਂਗੀ।’’

ਪੰਜਾਬ ਦੇ ਨੌਜਵਾਨਾਂ ਦੇ ਵਿਦੇਸ਼ ਵੱਲ ਰੁਖ਼ ਬਾਰੇ ਮਨਮਹੋਨ ਕਹਿੰਦੇ ਹਨ, ‘‘ਅੱਜ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵੱਲ ਰੁੱਖ ਕਰ ਰਹੇ ਹਨ ਜਦਕਿ ਨੌਜਵਾਨਾ ਨੂੰ ਸੁਨੇਹਾ ਹੈ ਕਿ ਮਿਹਨਤ ਕਰਕੇ ਆਪਣੇ ਸੂਬੇ ਪੰਜਾਬ ਅਤੇ ਦੇਸ਼ ਵਿੱਚ ਹੀ ਉੱਚਾ ਮਕਾਮ ਹਾਸਲ ਕੀਤਾ ਜਾ ਸਕਦਾ ਹੈ।’’

ਮਨਮਹੋਨ ਦੇ ਪਿਤਾ ਸਤਨਾਮ ਸਿੰਘ ਮੱਲੀ ਅਤੇ ਮਾਂ ਗੁਰਵਿੰਦਰ ਕੌਰ ਮੱਲ਼ੀ ਧੀ ਦੀ ਇਸ ਸਫ਼ਲਤਾ ਉੱਤੇ ਬੇਹੱਦ ਖ਼ੁਸ਼ ਹਨ।

ਮਾਂ ਗੁਰਵਿੰਦਰ ਕੌਰ ਨੇ ਦੱਸਿਆ ਕਿ ਜੂਨ ਵਿੱਚ ਪੀਸੀਐੱਸ ਦੇ ਇਮਤਿਹਾਨ ਦੌਰਾਨ ਮਨਮੋਹਨ ਕਾਫ਼ੀ ਬਿਮਾਰ ਸਨ ਅਤੇ ਪਰਿਵਾਰ ਨੇ ਉਨ੍ਹਾਂ ਨੂੰ ਚੁੱਕ ਕੇ ਪ੍ਰੀਖਿਆ ਹਾਲ ਵਿੱਚ ਬਿਠਾਇਆ ਸੀ।

ਕਪੂਰਥਲਾ - ਆਟੋ ਡਰਾਈਵਰ ਦੀ ਭਾਂਜੀ ਬਣੇਗੀ ਜੱਜ

ਸ਼ਿਵਾਨੀ

ਤਸਵੀਰ ਸਰੋਤ, BBC/Pardeep Sharma

ਤਸਵੀਰ ਕੈਪਸ਼ਨ, ਸ਼ਿਵਾਨੀ ਆਪਣੇ ਮਾਮਾ ਬਲਜੀਤ ਸਿੰਘ ਨਾਲ

ਪ੍ਰਦੀਪ ਸ਼ਰਮਾ, ਬੀਬੀਸੀ ਸਹਿਯੋਗੀ

ਗੁਲਫਾਮ ਅਤੇ ਮਨਮੋਹਨ ਵਾਂਗ ਹੀ ਕਪੂਰਥਲਾ ਦੀ ਸ਼ਿਵਾਨੀ ਨੇ ਵੀ ਜੱਜ ਬਣ ਲਈ ਪ੍ਰੀਖਿਆ ਪਾਸ ਕਰਕੇ ਮਾਪਿਆਂ ਸਣੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਸ਼ਿਵਾਨੀ ਨੇ ਐੱਸਸੀ ਕੈਟੇਗਰੀ ’ਚ ਚੌਥਾ ਸਥਾਨ ਹਾਸਲ ਕੀਤਾ ਹੈ।

ਕਪੂਰਥਲਾ ਵਿੱਚ 1997 ਵਿੱਚ ਪੈਦਾ ਹੋਏ ਸ਼ਿਵਾਨੀ ਨੂੰ ਉਨ੍ਹਾਂ ਦੇ ਮਾਮਾ ਨੇ ਪੜ੍ਹਾਇਆ ਲਿਖਾਇਆ।

ਬੀਬੀਸੀ ਨਾਲ ਗੱਲਬਾਤ ਦੌਰਾਨ ਸ਼ਿਵਾਨੀ ਦੱਸਦੇ ਹਨ, ‘‘ਮੇਰਾ ਪਾਲਣ ਪੋਸ਼ਣ ਮਾਮਾ ਜੀ ਬਲਜੀਤ ਸਿੰਘ ਨੇ ਕੀਤਾ ਹੈ। ਉਹ ਪੇਸ਼ੇ ਤੋਂ ਆਟੋ ਡਰਾਈਵਰ ਹਨ।’’

ਸ਼ਿਵਾਨੀ ਨੇ 12ਵੀਂ ਤੱਕ ਦੀ ਪੜ੍ਹਾਈ ਕਪੂਰਥਲਾ ਦੇ ਘੰਟਾ ਘਰ ਚੌਕ ਨੇੜੇ ਪੈਂਦੇ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਤੋਂ ਕੀਤੀ। ਉਸ ਤੋਂ ਬਾਅਦ ਜਲੰਧਰ ਦੇ ਇੱਕ ਪ੍ਰਾਈਵੇਟ ਕਾਲਜ ’ਚ ਐੱਲਐੱਲਬੀ ਦੀ ਡਿਗਰੀ ਲਈ।

ਵਕਾਲਤ ਦੀ ਡਿਗਰੀ ਕਰਨ ਤੋਂ ਬਾਅਦ ਚੰਡੀਗੜ੍ਹ ਵਿੱਚ ਕੋਚਿੰਗ ਦੇਣ ਵਾਲੇ ਗੁਰਿੰਦਰ ਸਿੰਘ ਨੇ ਸ਼ਿਵਾਨੀ ਨੂੰ ਅਗਲੀ ਪੜ੍ਹਾਈ ਲਈ ਚੰਡੀਗੜ੍ਹ ਆਉਣ ਨੂੰ ਕਿਹਾ।

ਸ਼ਿਵਾਨੀ ਦੇ ਮਾਮਾ ਬਲਜੀਤ ਸਿੰਘ ਆਪਣੇ ਘਰ ਦੀ ਆਰਥਿਕ ਹਾਲਤ ਬਾਰੇ ਦੱਸਦੇ ਹਨ।

ਉਹ ਦੱਸਦੇ ਹਨ, ‘‘ਸ਼ਿਵਾਨੀ ਦੀ ਪੜ੍ਹਾਈ ਵਾਸਤੇ ਸਾਡੇ ਕੋਲ ਪੈਸੇ ਵੀ ਨਹੀਂ ਹੁੰਦੇ ਸਨ, ਪਰ ਉਨ੍ਹਾਂ ਦੇ ਜਾਨਣ ਵਾਲੇ ਹਰ ਸ਼ਖ਼ਸ ਨੇ ਹਮੇਸ਼ਾ ਸਾਥ ਦਿੱਤਾ। ਸ਼ਿਵਾਨੀ ਨੂੰ ਕੋਚਿੰਗ ਦਵਾਉਣ ਲਈ ਵੀ ਪੈਸੇ ਨਹੀਂ ਸਨ। ਪਰ ਵਕੀਲ ਗੁਰਿੰਦਰ ਪਾਲ ਸਿੰਘ ਨੇ ਹਮੇਸ਼ਾ ਸਾਨੂੰ ਅਤੇ ਬੇਟੀ ਨੂੰ ਹੌਂਸਲਾ ਦਿੱਤਾ, ਜਿਸ ਸਦਕਾ ਅੱਜ ਬੇਟੀ ਜੱਜ ਬਣ ਸਕੀ ਹੈ।’’

ਬਰਨਾਲਾ : ਬੱਸ ਡਰਾਈਵਰ ਤੇ ਕਾਰਗਿਲ ਜੰਗ ਲੜਨ ਵਾਲੇ ਫੌਜੀ ਦੀ ਧੀ ਵੀ ਬਣੇਗੀ ਜੱਜ

ਨਵਕਿਰਨ ਸਿੰਘ, ਬੀਬੀਸੀ ਸਹਿਯੋਗੀ

ਬਰਨਾਲਾ ਸ਼ਹਿਰ ਦੀਆਂ ਦੋ ਕੁੜੀਆਂ ਛੋਟੀ ਉਮਰੇ ਜੱਜ ਬਣਨਗੀਆਂ।

ਕਾਰਗਿਲ ਦੀ ਜੰਗ ਵਿੱਚ ਹਿੱਸਾ ਲੈਣ ਵਾਲੇ ਫੌਜੀ ਬਲਕਾਰ ਸਿੰਘ ਦੀ ਧੀ ਅੰਜਲੀ ਕੌਰ ਅਤੇ ਪੰਜਾਬ ਰੋਡਵੇਜ਼ ਦੇ ਡਰਾਈਵਰ ਹਰਪਾਲ ਸਿੰਘ ਦੀ ਧੀ ਕਿਰਨਜੀਤ ਕੌਰ ਨੇ ਪੀਸੀਐੱਸ (ਜੁਡੀਸ਼ੀਅਲ) ਦੀ ਪ੍ਰੀਖੀਆ ਪਾਸ ਕਰਕੇ ਧਿਆਨ ਖਿੱਚ ਲਿਆ ਹੈ।

ਅੰਜਲੀ

ਤਸਵੀਰ ਸਰੋਤ, BBC/Navkiran Singh

ਤਸਵੀਰ ਕੈਪਸ਼ਨ, ਅੰਜਲੀ ਨੇ ਪਹਿਲੀ ਵਾਰ ਵਿੱਚ ਹੀ ਪੀਸੀਐੱਸ ਦਾ ਟੈਸਟ ਪਾਸ ਕਰ ਲਿਆ

ਰੋਜ਼ 12 ਤੋਂ 14 ਘੰਟੇ ਪੜ੍ਹਾਈ ਕਰਦੀ ਸੀ - ਅੰਜਲੀ

ਬਰਨਾਲਾ ਤੋਂ ਸੰਘੇੜਾ ਨੂੰ ਜਾਂਦਿਆ ਸ਼ਿਵ ਵਾਟਿਕਾ ਕਲੋਨੀ ਵਿੱਚ ਟਰੈਫਿਕ ਪੁਲਿਸ ਮੁਲਾਜ਼ਮ ਬਲਕਾਰ ਸਿੰਘ ਦੇ ਘਰ ਵਧਾਈਆਂ ਦੇਣ ਵਾਲੇ ਲਗਾਤਾਰ ਆ ਰਹੇ ਹਨ।

ਅੰਜਲੀ ਕੌਰ ਦਾ ਜਨਮ 18 ਅਪ੍ਰੈਲ, 2000 ਨੂੰ ਹੋਇਆ ਸੀ। ਜਦੋਂ ਅੰਜਲੀ ਦਾ ਜਨਮ ਹੋਇਆ ਉਸ ਸਮੇਂ ਪਿਤਾ ਬਲਕਾਰ ਸਿੰਘ ਭਾਰਤੀ ਫੌਜ ਵਿੱਚ ਸੇਵਾਵਾਂ ਦੇ ਰਹੇ ਸਨ ਤੇ ਫੌਜ ਤੋ ਰਿਟਾਇਰ ਹੋਣ ਮਗਰੋਂ ਫ਼ਿਲਹਾਲ ਪੰਜਾਬ ਦੀ ਟਰੈਫਿਕ ਪੁਲਿਸ ਵਿੱਚ ਹਨ।

ਅੰਜਲੀ ਕੌਰ ਨੇ 12ਵੀਂ ਤੱਕ ਦੀ ਪੜ੍ਹਾਈ ਕੇਂਦਰੀ ਵਿੱਦਿਆਲਿਆ ਤੋਂ ਹਾਸਲ ਕੀਤੀ ਹੈ ਅਤੇ ਬੀਏ ਐੱਲਐੱਲਬੀ ਇੰਟੇਗਰੇਟੇਡ ਕੋਰਸ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਕੀਤਾ। ਅੰਜਲੀ ਨੇ ਪਹਿਲੀ ਵਾਰ ਵਿੱਚ ਹੀ ਪੀਸੀਐੱਸ ਦਾ ਟੈਸਟ ਪਾਸ ਕਰ ਲਿਆ ਹੈ।

ਅੰਜਲੀ ਕੌਰ ਦੱਸਦੇ ਹਨ, ‘‘ਰੋਜ਼ਾਨਾ 12 ਤੋਂ 14 ਘੰਟੇ ਪੜ੍ਹਾਈ ਕਰਦੀ ਸੀ ਅਤੇ ਅੱਜ ਆਪਣੀ ਪ੍ਰਾਪਤੀ ਦਾ ਸਿਹਰਾ ਆਪਣੇ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਦਿੰਦੀ ਹਾਂ।’’

ਅੰਜਲੀ ਕੌਰ ਦੀ ਮਾਂ ਜਸਪਾਲ ਕੌਰ ਨੇ ਬੀਏ ਬੀਐੱਡ ਹਨ ਅਤੇ ਧੀ ਦੀ ਪ੍ਰਾਪਤੀ ਉੱਤੇ ਬੇਹੱਦ ਖ਼ੁਸ਼ ਹਨ।

ਉਹ ਕਹਿੰਦੇ ਹਨ, ‘‘ਸਾਡੇ ਤਿੰਨ ਬੱਚੇ ਹਨ ਅਤੇ ਸਾਡੀ ਇੱਛਾ ਇਹੀ ਰਹੀ ਹੈ ਕਿ ਸਾਡੇ ਬੱਚੇ ਅਫ਼ਸਰ ਬਣਨ।’’

ਕਿਰਨਜੀਤ ਕੌਰ

ਤਸਵੀਰ ਸਰੋਤ, BBC/Navkiran Singh

ਤਸਵੀਰ ਕੈਪਸ਼ਨ, ਕਿਰਨਜੀਤ ਕੌਰ ਕਹਿੰਦੇ ਹਨ ਕਿ ਇਸ ਮੁਕਾਮ ‘ਤੇ ਪਹੁੰਚਣ ਲਈ ਪਿਤਾ ਨੇ ਹਮੇਸ਼ਾ ਹੌਂਸਲਾ ਦਿੱਤਾ

ਮਨ ਲਗਾ ਕੇ ਪੜ੍ਹਾਈ ਕਰਨ ਨਾਲ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ - ਕਿਰਨਜੀਤ

1997 ਵਿੱਚ ਪੈਦਾ ਹੋਏ ਕਿਰਨਜੀਤ ਕੌਰ ਨੇ ਸਥਾਨਕ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਤੋਂ 12ਵੀਂ ਦੀ ਪੜ੍ਹਾਈ ਕੀਤੀ ਹੈ। ਇਸ ਮਗਰੋਂ ਉਨ੍ਹਾਂ ਨੇ ਬੀਏ ਐੱਲਐੱਲਬੀ ਜੀਐੱਚਜੀ ਇੰਸਟੀਚਿਊਟ ਆਫ਼ ਲਾਅ, ਸਿੱਧਵਾਂ ਖੁਰਦ ਤੋਂ ਪਾਸ ਕੀਤੀ ਹੈ।

ਕਿਰਨਜੀਤ ਕੌਰ ਪੀਸੀਐੱਸ ਦੀ ਤਿਆਰੀ ਬਾਰੇ ਦੱਸਦੇ ਹਨ, ‘‘ਪੀਸੀਐੱਸ (ਜੁਡੀਸ਼ੀਅਲ) ਦੀ ਪ੍ਰੀਖਿਆ ਪਾਸ ਕਰਨ ਲਈ ਚੰਡੀਗੜ੍ਹ ਦੇ ਇੱਕ ਪ੍ਰਾਈਵੇਟ ਸੈਂਟਰ ਤੋਂ ਕੋਚਿੰਗ ਲਈ ਹੈ। ਇਸ ਮੁਕਾਮ ‘ਤੇ ਪਹੁੰਚਣ ਲਈ ਪਿਤਾ ਨੇ ਹਮੇਸ਼ਾ ਹੌਂਸਲਾ ਦਿੱਤਾ ਤੇ ਮਨ ਲਗਾ ਕੇ ਪੜ੍ਹਾਈ ਕਰਨ ਨਾਲ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ।’’

ਕਿਰਨਜੀਤ ਕੌਰ ਦੇ ਪਿਤਾ ਹਰਪਾਲ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਟੈਕਸੀ ਡਰਾਈਵਰ ਸਨ ਅਤੇ 1998 ਤੋਂ ਪੰਜਾਬ ਰੋਡਵੇਜ਼ ਵਿੱਚ ਬੱਸ ਡਰਾਈਵਰ ਵਜੋਂ ਕੰਮ ਕਰ ਰਹੇ ਹਨ।

ਕਿਰਨਜੀਤ ਕੌਰ ਦੀ ਮਾਂ ਹਰਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਬੱਚੇ ਹਨ। ਬੇਟਾ ਪਟਵਾਰੀ ਬਣ ਗਿਆ ਹੈ ਤੇ ਧੀ ਹੁਣ ਜੱਜ ਬਣ ਗਈ ਹੈ। ਇਹ ਬਹੁਤ ਖੁਸ਼ੀ ਦੀ ਗੱਲ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)