ਕੈਨੇਡਾ ਪੜ੍ਹਨ ਲਈ ਪ੍ਰਵਾਨਤ ਹੋਇਆ ਟੈਸਟ ਪੀਟੀਈ ਕੀ ਹੈ, ਇਹ ਆਈਲੈੱਟਸ ਨਾਲੋਂ ਕਿਵੇਂ ਵੱਖਰਾ ਹੈ

ਆਈਲੈੱਟਸ ਪੀਟੀਈ

ਤਸਵੀਰ ਸਰੋਤ, SUKHCHARAN PREET/BBC

ਤਸਵੀਰ ਕੈਪਸ਼ਨ, ਵਿਦੇਸ਼ ਜਾਣ ਲਈ IELTS ਦੀ ਤਿਆਰੀ ਕਰਦੀਆਂ ਕੁੜੀਆਂ (ਸੰਕੇਤਕ ਤਸਵੀਰ)
    • ਲੇਖਕ, ਗੁਰਜੋਤ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਵਿੱਚੋਂ ਪੜ੍ਹਾਈ ਦੇ ਲਈ ਵਿਦੇਸ਼, ਖ਼ਾਸ ਕਰਕੇ ਕੈਨੇਡਾ, ਜਾਣ ਵਾਲੇ ਵਿਦਿਆਰਥੀ ਅੰਗਰੇਜ਼ੀ ਵਿੱਚ ਨਿਪੁੰਨਤਾ ਦੀ ਪਰਖ਼ ਲਈ ਆਈਲੈੱਟਸ ਸਮੇਤ ਹੋਰ ਇਮਤਿਹਾਨਾਂ ਵਿੱਚ ਬੈਠਦੇ ਹਨ।

ਇਸੇ ਸਾਲ ਮਈ ਵਿੱਚ ਕੈਨੇਡਾਈ ਸਰਕਾਰ ਵੱਲੋਂ ਪੜ੍ਹਾਈ ਦੇ ਲਈ ਵੀਜ਼ੇ ਵਿੱਚ ਅੰਗਰੇਜ਼ੀ ਭਾਸ਼ਾ ਵਿੱਚ ਨਿਪੁੰਨਤਾ ਲਈ ਪ੍ਰਵਾਨਤ ਪ੍ਰੀਖਿਆਵਾਂ ਵਿੱਚ ਨਵੀਆਂ ਪ੍ਰੀਖਿਆਵਾਂ ਨੂੰ ਸ਼ਾਮਲ ਕੀਤਾ ਗਿਆ ਸੀ।

ਆਈਲੈੱਟਸ ਤੋਂ ਇਲਾਵਾ ਪੀਟੀਈ ਅਤੇ ਟੋਅਫਲ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ।

ਇਸ ਤੋਂ ਪਹਿਲਾਂ ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀ ਸਿਰਫ਼ ਆਈਲੈੱਟਸ ਭਾਵ ‘ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ’ ਦਾ ਹੀ ਟੈਸਟ ਦਿੰਦੇ ਸਨ।

ਇਸ ਖ਼ੇਤਰ ਨਾਲ ਪਿਛਲੇ ਅੱਠ ਸਾਲਾਂ ਤੋਂ ਜੁੜੇ ਰਵਪ੍ਰੀਤ ਸਿੰਘ ਦੱਸਦੇ ਹਨ ਕਿ ਨਿਯਮਾਂ ਵਿੱਚ ਬਦਲਾਅ ਤੋਂ ਪਹਿਲਾਂ 100 ਵਿੱਚੋਂ 90 ਫ਼ੀਸਦੀ ਵਿਦਿਆਰਥੀ ਆਈਲੈੱਟਸ ਦੀ ਚੋਣ ਕਰਦੇ ਸਨ ਅਤੇ ਦੱਸ ਫੀਸਦੀ ਹੀ ਪੀਟੀਈ ਵੱਲ ਜਾਂਦੇ ਸਨ, ਪਰ ਨਿਯਮ ਬਦਲਣ ਨਾਲ ਇਸ ਵਿੱਚ ਬਦਲਾਅ ਦਿਖਣਾ ਸ਼ੁਰੂ ਹੋ ਸਕਦਾ ਹੈ।

ਰਵਪ੍ਰੀਤ ਸਿੰਘ ਵਿਦਿਆਰਥੀਆਂ ਨੂੰ ਅੰਗਰੇਜ਼ੀ ਸਿਖਾਉਣ ਵਿੱਚ ਮਦਦ ਕਰਨ ਵਾਲੀਆਂ ਕਿਤਾਬਾਂ ਲਿਖਦੇ ਹਨ ਅਤੇ ਅੰਗਰੇਜ਼ੀ ਦੇ ਅਧਿਆਪਕ ਵੀ ਹਨ।

ਇਸ ਰਿਪੋਰਟ ਵਿੱਚ ਅਸੀਂ ਇਨ੍ਹਾਂ ਦੋਵੇਂ ਪ੍ਰੀਖਿਆਵਾਂ ਦੇ ਫ਼ਰਕ ਬਾਰੇ ਚਰਚਾ ਕਰ ਰਹੇ ਹਾਂ।

ਆਈਲੈੱਟਸ ਪੀਟੀਈ

ਆਈਲੈੱਟਸ ਅਤੇ ਪੀਟੀਈ ਵੱਖਰੇ ਕਿਵੇਂ

ਆਈਲੈੱਟਸ ਪੀਟੀਈ

ਤਸਵੀਰ ਸਰੋਤ, Getty Images

ਕੈਨੇਡਾ, ਆਸਟ੍ਰੇਲੀਆ, ਅਮਰੀਕਾ, ਯੂਕੇ ਸਮੇਤ ਅੰਗਰੇਜ਼ੀ ਭਾਸ਼ਾ ਵਾਲੇ ਦੇਸਾਂ ਵਿੱਚ ਜਾਣ ਵਾਲੇ ਵਿਦਿਆਰਥੀ ਦੋਵੇਂ ਇਮਤਿਹਾਨਾਂ ਵਿੱਚ ਬੈਠ ਸਕਦੇ ਹਨ।

ਰਵਪ੍ਰੀਤ ਸਿੰਘ ਦੱਸਦੇ ਹਨ ਕਿ ਆਈਲੈੱਟਸ 1980 ਵਿੱਚ ਸ਼ੁਰੂ ਹੋਈ ਸੀ, ਜਦਕਿ ਪੀਟੀਈ ਦਾ ਪੇਪਰ ਸਾਲ 2009 ਵਿੱਚ ਸ਼ੁਰੂ ਹੋਇਆ।ਪੀਟੀਈ, ‘ਪੀਅਰਸਨ ਇੰਗਲਿਸ਼ ਲੈਂਗੁਏਜ ਲਰਨਿੰਗ’ ਦਾ ਹਿੱਸਾ ਹੈ।

ਆਈਲੈੱਟਸ ਦੀ ਲਿਖਤੀ ਪ੍ਰੀਖਿਆ ਵਜੋਂ ਸ਼ੁਰੂ ਹੋਈ ਸੀ, ਪਰ ਕੁਝ ਸਾਲ ਪਹਿਲਾਂ ਹੀ ਆਈਲੈੱਟਸ ਵੱਲੋਂ ਵੀ ਕੰਪਿਊਟਰ ਆਧਾਰਤ ਪ੍ਰੀਖਿਆ ਸ਼ੁਰੂ ਕੀਤੀ ਗਈ ਹੈ।

ਰਵਪ੍ਰੀਤ ਸਿੰਘ ਨੇ ਦੱਸਿਆ, “ਆਈਲੈੱਟਸ ਵਿੱਚ ਪਿਛਲੇ ਕਈ ਸਾਲਾਂ ਤੋਂ ਕੋਈ ਬਦਲਾਅ ਨਹੀਂ ਆਇਆ ਹੈ, ਕੰਪਿਊਟਰ ਬੇਸਡ ਪੇਪਰ ਵਿੱਚ ਵੀ ਵਿਦਿਆਰਥੀਆਂ ਨੂੰ ਕਈ ਸਾਲਾਂ ਤੋਂ ਚੱਲੇ ਆ ਰਹੇ ਮਾਪਦੰਡਾ ਉੱਤੇ ਪਰਖਿਆ ਜਾਂਦਾ ਹੈ।”

“ਇਸਦੇ ਉਲਟ ਪੀਟੀਈ ਪੂਰੀ ਤਰ੍ਹਾਂ ਕੰਪਿਊਟਰ ਆਧਾਰਿਤ ਟੈਸਟ ਹੈ, ਇਸ ਵਿੱਚ ਵਿਦਿਆਰਥੀਆਂ ਨੂੰ ਪਰਖਣ ਲਈ ਮਸ਼ੀਨ ਦਾ ਸਹਾਰਾ ਲਿਆ ਜਾਂਦਾ ਹੈ।”

ਆਈਲੈੱਟਸ ਵਿੱਚ ਲ਼ਿਖਤੀ ਅਤੇ ਬੋਲਣ ਦੀ ਪ੍ਰੀਖਿਆ ਇੱਕ ਅਧਿਆਪਕ(ਮਨੁੱਖ) ਵੱਲੋਂ ਲਈ ਜਾਂਦੀ ਹੈ।

ਪੀਟੀਈ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਅੰਕ ਦੇਣ ਲਈ ਮਸ਼ੀਨ ਸਕੋਰਿੰਗ ਅਤੇ ਐਲਗੋਰਿਦਮ ਦੀ ਵਰਤੋਂ ਕੀਤੀ ਜਾਂਦੀ ਹੈ।

ਪੀਟੀਈ ਟੈਸਟ ਇੱਕ ਪ੍ਰੀਖਿਆ ਕੇਂਦਰ ਵਿੱਚ ਲਿਆ ਜਾਂਦਾ ਹੈ।ਵਿਦਿਆਰਥੀ ਇੱਕ ਹੈਡਸੈੱਟ ਪਾ ਕੇ ਕੰਪਿਊਟਰ ਅੱਗੇ ਬੈਠ ਕੇ ਇਹ ਟੈਸਟ ਦਿੰਦੇ ਹਨ।

ਨਤੀਜਾ ਆਉਣ ਦੇ ਸਮੇਂ ਵਿੱਚ ਫ਼ਰਕ

ਆਈਲੈੱਟਸ ਪੀਟੀਈ

ਤਸਵੀਰ ਸਰੋਤ, Getty Images

ਪੀਟੀਈ ਦਾ ਟੈਸਟ ਦੋ ਘੰਟੇ ਲੰਬਾ ਹੁੰਦਾ ਹੈ। ਆਈਲੈੱਟਸ ਦੇ ਟੈਸਟ ਵਿੱਚ ਤਕਰੀਬਨ ਤਿੰਨ ਘੰਟੇ ਲੱਗਦੇ ਹਨ।

ਆਈਲੈੱਟਸ(ਪੈੱਨ ਐਂਡ ਪੇਪਰ) ਦਾ ਨਤੀਜਾ ਤਕਰੀਬਨ 13 ਦਿਨਾਂ ਵਿੱਚ ਆਉਂਦਾ ਹੈ, ਕੰਪਿਊਟਰ ਮੋਡ ਰਾਹੀਂ ਦਿੱਤੇ ਪੇਪਰ ਦੇ ਨਤੀਜੇ ਵਿੱਚ 5 ਦਿਨ ਲੱਗਦੇ ਹਨ।

ਪੀਟੀਈ ਦਾ ਨਤੀਜਾ ਆਮ ਤੌਰ ‘ਤੇ ਦੋ ਦਿਨਾਂ ਦੇ ਅੰਦਰ-ਅੰਦਰ ਜਾਰੀ ਕਰ ਦਿੱਤਾ ਜਾਂਦਾ ਹੈ।

“ਲੰਬੇ ਸਮੇਂ ਤੱਕ ਵਿਦਿਆਰਥੀਆਂ ਕੋਲ ਚੁਣਨ ਲਈ ਸਿਰਫ਼ ਇੱਕ ਹੀ ਇਮਤਿਹਾਨ – ਆਈਲੈੱਟਸ ਸੀ ਪਰ ਹੁਣ ਪੀਟੀਈ ਵੀ ਇਸ ਵਿੱਚ ਸ਼ਾਮਲ ਹੋ ਚੁੱਕਾ ਹੈ ਅਤੇ ਇਸ ਵੱਲੋਂ ਕਈ ਨਵੇਂ ਪ੍ਰੀਖਿਆ ਕੇਂਦਰ ਵੀ ਖੋਲ੍ਹੇ ਜਾ ਰਹੇ ਹਨ।”

ਵਿਦਿਆਰਥੀ ਕੀ ਸੋਚਦੇ ਹਨ?

ਆਈਲੈੱਟਸ ਪੀਟੀਈ

ਤਸਵੀਰ ਸਰੋਤ, SUKHCHARAN PREET/BBC

ਕਈ ਸੈਂਕੜੇ ਵਿਦਿਆਰਥੀਆਂ ਨੂੰ ਪੜ੍ਹਾ ਚੁੱਕੇ ਰਵਪ੍ਰੀਤ ਸਿੰਘ ਦੱਸਦੇ ਹਨ ਕਿ ਕਈ ਵਿਦਿਆਰਥੀ ਨੂੰ ਆਈਲੈੱਟਸ ਦੀ ਥਾਂ ਪੀਟੀਈ ਨੂੰ ਵੱਧ ਸੌਖਾ ਸਮਝਦੇ ਹਨ।

ਉਨ੍ਹਾਂ ਨੂੰ ਲੱਗਦਾ ਹੈ ਕਿ ਪੀਟੀਈ ਵਿੱਚ ਉਨ੍ਹਾਂ ਨੂੰ ਕਿਸੇ ਹੋਰ ਦੇ ਸਾਹਮਣੇ ਅੰਗਰੇਜ਼ੀ ਨਹੀਂ ਬੋਲਣੀ ਪੈਂਦੀ ਉਹ ਇਸ ਵਿੱਚ ਚੰਗਾ ਪ੍ਰਦਰਸ਼ਨ ਕਰ ਸਕਦੇ ਹਨ।

ਉਹ ਕਹਿੰਦੇ ਹਨ, “ਦੋਵਾਂ ਇਮਤਿਹਾਨਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਲਈ ਵਿਦਿਆਰਥੀਆਂ ਦਾ ਅੰਗਰੇਜ਼ੀ ਵਿੱਚ ਨਿਪੁੰਨ ਹੋਣਾ ਜ਼ਰੂਰੀ ਹੈ, ਪਰ ਕਈ ਵਿਦਿਆਰਥੀਆਂ ਨੂੰ ਇਹ ਲੱਗਦਾ ਹੈ ਕਿ ਆਈਲੈੱਟਸ ਵਿੱਚ ਇੱਕ ਪ੍ਰੀਖਿਆ ਕੇਂਦਰ ਵਿੱਚ ਸੈਂਕੜੇ ਹੋਰ ਵਿਦਿਆਰਥੀਆਂ ਨਾਲ ਜਾ ਕੇ ਪੇਪਰ ਦੇਣ ਅਤੇ ਇੱਕ ਅਧਿਆਪਕ ਸਾਹਮਣੇ ਅੰਗਰੇਜ਼ੀ ਬੋਲਣ ਨਾਲ ਮਾਨਸਿਕ ਬੋਝ ਵੱਧ ਪੈਂਦਾ ਹੈ।”

ਉਨ੍ਹਾਂ ਦੱਸਿਆ ਕਿ ਕਈ ਵਿਦਿਆਰਥੀਆਂ ਨੂੰ ਲੱਗਦਾ ਹੈ ਕਿ ਪੀਟੀਈ ਵਿੱਚ ਇੱਕ ਸੌਫਟਵੇਅਰ ਅੱਗੇ ਇਮਤਿਹਾਨ ਦੇਣਾ ਉਨ੍ਹਾਂ ਲਈ ਸੌਖਾ ਹੋਵੇਗਾ, ਪਰ ਕਈ ਵਿਦਿਆਰਥੀ ਅਜਿਹੇ ਹੁੰਦੇ ਹਨ ਜਿਨ੍ਹਾਂ ਜੋ ਟਾਈਪਿੰਗ ਅਤੇ ਹੋਰ ਤਕਨੀਕ ਵਿੱਚ ਨਿਪੁੰਨ ਨਹੀਂ ਹੁੰਦੇ ਅਤੇ ਪੀਟੀਈ ਤੋਂ ਕਤਰਾਉਂਦੇ ਹਨ।

“ਇਹ ਵੀ ਹੁੰਦਾ ਹੈ ਕਿ ਜਿਹੜੇ ਵਿਦਿਆਰਥੀ ਆਈਲੈੱਟਸ ਨਹੀਂ ਕਰ ਪਾਉਂਦੇ, ਉਹ ਪੀਟੀਈ ਦੇ ਇਮਤਿਹਾਨ ਵਿੱਚ ਬੈਠਦੇ ਹਨ ਇਹ ਸੋਚਦਿਆਂ ਕਿ ਉਹ ਇਸ ਵਿੱਚ ਚੰਗਾ ਪ੍ਰਦਰਸ਼ਨ ਕਰ ਸਕਦੇ ਹਨ।”

ਬਣਤਰ ਦਾ ਵੀ ਫ਼ਰਕ

ਬੀਬੀਸੀ

ਰਵਪ੍ਰੀਤ ਸਿੰਘ ਦੱਸਦੇ ਹਨ ਕਿ ਦੋਵਾਂ ਇਮਤਿਹਾਨਾਂ ਦੀ ਬਣਤਰ ਵਿੱਚ ਵੀ ਕਈ ਅੰਤਰ ਹਨ, ਜਿਵੇਂ ਆਈਲੈੱਟਸ ਦੇ ਚਾਰ ਹਿੱਸੇ ਹੁੰਦੇ ਹਨ, ਬੋਲਣ, ਲਿਖਣ, ਪੜ੍ਹਨ ਅਤੇ ਸੁਣਨ ਇਨ੍ਹਾਂ ਦਾ ਵੱਖਰਾ-ਵੱਖਰਾ ਟੈਸਟ ਹੁੰਦਾ ਹੈ, ਜਦਕਿ ਪੀਟੀਈ ਵਿੱਚ ਸਭ ਕੁਝ ਰਲਿਆ ਮਿਲਿਆ ਹੈ।

ਪੀਟੀਈ ਵਿੱਚ ਕੁਲ 20 ਸਵਾਲ ਹੁੰਦੇ ਹਨ, ਜਿਨ੍ਹਾਂ ਵਿੱਚ ਵਿਦਿਆਰਥੀਆਂ ਨੂੰ ‘ਪ੍ਰਨਨਸੀਏਸ਼ਨ’ (ਉਚਾਰਨ), ਕੰਟੈਟ, ਅਤੇ ਫਲੂਐਂਸੀ ਦੇ ਨਾਲ-ਨਾਲ ਹੋਰ ਮਾਪਦੰਡਾਂ ਦੇ ਆਧਾਰ ਉੱਤੇ ਅੰਕ ਦਿੱਤੇ ਜਾਂਦੇ ਹਨ।

ਪੀਟੀਈ ਵਿੱਚ ਪੜ੍ਹਨ ਦਾ ਇਮਤਿਹਾਨ ਅੱਧੇ ਘੰਟੇ ਦਾ ਹੁੰਦਾ ਹੈ।

ਕੁਝ ਸਵਾਲ ਸੌਖੇ ਵੀ ਹੁੰਦੇ ਹਨ, ਕੁਝ ਸਵਾਲਾਂ ਵਿੱਚ ਖਾਲੀ ਥਾਂ ਭਰਨੀ ਹੁੰਦੀ ਹੈ ਅਤੇ ਕੁਝ ਸਵਾਲਾਂ ਵਿੱਚ ਜਵਾਬ ਦੀ ਚੋਣ ਕਰਨੀ ਹੁੰਦੀ ਹੈ।

ਇਹ ਵੀ ਪੜ੍ਹੋ-

ਪੜ੍ਹਾਈ ਦਾ ਢੰਗ ਵੀ ਵੱਖਰਾ

ਮੋਹਾਲੀ ਵਿੱਚ ਪਿਛਲੇ ਚਾਰ ਸਾਲਾਂ ਤੋਂ ਵਿਦਿਆਰਥੀਆਂ ਨੂੰ ਅੰਗਰੇਜ਼ੀ ਪੜ੍ਹਾਉਂਦੇ ਆ ਰਹੇ, ਅੰਜਲੀ ਨੇ ਦੱਸਿਆ, “ਕਿਉਂਕਿ ਸਾਫਟਵੇਅਰ ਦੀਆਂ ਸੀਮਤਾਵਾਂ ਹੁੰਦੀਆਂ ਹਨ, ਕਈ ਵਿਦਿਆਰਥੀ ਅੰਗਰੇਜ਼ੀ ਦੀ ਸੀਮਤ ਜਾਣਕਾਰੀ ਨਾਲ ਵੀ ਪੀਟੀਈ ਵਿੱਚ ਚੰਗਾ ਪ੍ਰਦਰਸ਼ਨ ਕਰ ਲੈਂਦੇ ਹਨ।”

ਉਨ੍ਹਾਂ ਦੱਸਿਆ ਕਿ ਪੀਟੀਈ ਦੀ ਤਿਆਰੀ ਆਈਲੈੱਟਸ ਨਾਲੋਂ ਘੱਟ ਸਮੇਂ ਵਿੱਚ ਹੋ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਕਿਉਂਕਿ ਪੀਟੀਈ ਪੂਰੀ ਤਰ੍ਹਾਂ ਕੰਪਿਊਟਰ ਆਧਾਰਤ ਹੁੰਦਾ ਹੈ, ਅੰਗਰੇਜ਼ੀ ਸਿਖਾਉਣ ਵਾਲੇ ਅਦਾਰਿਆਂ ਵੱਲੋਂ ਵੀ ਆਪਣੇ ਕੋਲ ਆ ਰਹੇ ਵਿਦਿਆਰਥੀਆਂ ਦੀ ਸਹੂਲਤ ਲਈ ਬਦਲਾਅ ਕੀਤੇ ਜਾ ਰਹੇ ਹਨ।

ਰਵਪ੍ਰੀਤ ਸਿੰਘ ਦੱਸਦੇ ਹਨ ਕਿ ਅੰਗਰੇਜ਼ੀ ਦੀ ਬਿਨਾ ਕਿਸੇ ਜਾਣਕਾਰੀ ਵਾਲੇ ਵਿਦਿਆਰਥੀ ਲਈ ਤਾਂ ਦੋਵੇਂ ਹੀ ਇਮਤਿਹਾਨ ਔਖੇ ਹੋਣਗੇ।

ਉਹ ਦੱਸਦੇ ਹਨ ਸਭ ਤੋਂ ਪਹਿਲਾ ਕੰਮ ਵਿਦਿਆਰਥੀਆਂ ਨੂੰ ਅੰਗਰੇਜ਼ੀ ਦੀ ਬੁਨਿਆਦੀ ਸਿੱਖਿਆ ਦੇਣੀ ਜ਼ਰੂਰੀ ਹੁੰਦੀ ਹੈ।

ਵਿਦਿਆਰਥੀਆਂ ਨੂੰ ਕੀ ਕਰਨਾ ਚਾਹੀਦਾ

ਵਿਦਿਆਰਥੀ

ਤਸਵੀਰ ਸਰੋਤ, Getty Images

ਰਵਪ੍ਰੀਤ ਸਿੰਘ ਦੱਸਦੇ ਹਨ,“ਅੰਗਰੇਜ਼ੀ ਇੱਕ ਭਾਸ਼ਾ ਹੈ ਇਸਨੂੰ ਸਿੱਖਣ ਲਈ ਪ੍ਰੈਕਟਿਸ ਦੇ ਨਾਲ-ਨਾਲ ਆਪਣੇ ਆਲੇ-ਦੁਆਲੇ ਉਸ ਕਿਸਮ ਦਾ ਮਾਹੌਲ ਬਣਾਉਣਾ ਵੀ ਜ਼ਰੂਰੀ ਹੁੰਦਾ ਹੈ, ਅਜਿਹੇ ਬਹੁਤ ਵਿਦਿਆਰਥੀ ਹਨ ਜੋ ਨਾਂ ਹੀ ਪੀਟੀਈ ਵਿੱਚ ਚੰਗਾ ਪ੍ਰਦਰਸ਼ਨ ਕਰ ਪਾਉਂਦੇ ਹਨ ਅਤੇ ਨਾ ਹੀ ਆਈਲੈੱਟਸ ਵਿੱਚ।”

ਉਨ੍ਹਾਂ ਦੱਸਿਆ ਕਿ ਵਾਰ ਵਾਰ ਕੋਈ ਵੀ ਟੈਸਟ ਦੇਣ ਨਾਲੋਂ ਵਿਦਿਆਰਥੀਆਂ ਨੂੰ ਮਿਹਨਤ ਵੱਲ ਵੱਧ ਧਿਆਨ ਦੇਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਅੰਦਰ ਆਪਣੇ ਪ੍ਰਤੀ ਭਰੋਸਾ ਪੈਦਾ ਹੋਵੇ।

ਉਨ੍ਹਾਂ ਕਿਹਾ ਕਿ ਉਹ ਅਕਸਰ ਵਿਦਿਆਰਥੀਆਂ ਨੂੰ ਇਹ ਮਿਸਾਲ ਦਿੰਦੇ ਹਨ ਕਿ ਰੋਜ਼-ਰੋਜ਼ ਆਪਣੀ ਸ਼ੂਗਰ ਦਾ ਟੈਸਟ ਕਰਵਾਉਣ ਨਾਲ ਉਨ੍ਹਾਂ ਦੀ ਸ਼ੂਗਰ ਘੱਟ ਨਹੀਂ ਹੋਵੇਗੀ ਜੇ ਉਹ ਆਪਣੇ ਜੀਵਨ ਢੰਗ ਵਿੱਚ ਸੁਧਾਰ ਨਹੀਂ ਕਰਦੇ।

ਮੁੱਲ ਦਾ ਕੀ ਫ਼ਰਕ?

ਆਈਲੈੱਟਸ ਦੇ ਇਮਤਿਹਾਨ ਦੀ ਫ਼ੀਸ 16250 ਦੇ ਕਰੀਬ ਹੈ ਜਦਕਿ ਪੀਟੀਈ ਦੀ ਫ਼ੀਸ 15900 ਦੇ ਕਰੀਬ ਹੈ।

ਕੀ ਹੋਏ ਸਨ ਨਿਯਮਾਂ ਵਿੱਚ ਬਦਲਾਅ?

ਮਈ ਵਿੱਚ ਐਲਾਨੇ ਗਏ ਨਿਯਮਾਂ ਮੁਤਾਬਕ, 10 ਅਗਸਤ ਤੋਂ ਪਹਿਲਾਂ ਕੈਨੇਡਾ ਵਿੱਚ ‘ਸੀਡੀਐਸ ਕੈਟੇਗਰੀ’ ਵਿਦਿਆਰਥੀ ਵੀਜ਼ੇ ਉੱਤੇ ਜਾਣ ਦੀ ਚਾਹ ਰੱਖਦੇ ਵਿਦਿਆਰਥੀਆਂ ਦੇ ਲਈ ਆਈਲੈੱਟਸ ਵਿੱਚ ਹਰੇਕ ਭਾਸ਼ਾ ਯੋਗਤਾ ਜਿਸ ਵਿੱਚ ਸੁਣਨਾ, ਪੜ੍ਹਨਾ, ਲਿਖਣਾ ਅਤੇ ਬੋਲਣਾ ਸ਼ਾਮਲ ਹੈ, ਵਿੱਚ ਛੇ ਅੰਕ ਜਾਂ ਬੈਂਡ ਹਾਸਲ ਕਰਨੇ ਜ਼ਰੂਰੀ ਸਨ।

ਸੀਡੀਐਸ ਤੋਂ ਭਾਵ ਹੈ ‘ਸਟੂਡੈਂਟਸ ਡਾਇਰੈਕਟ ਸਟ੍ਰੀਮ’, ਇਸ ਸ਼੍ਰੇਣੀ ਵਿੱਚ ਅਪਲਾਈ ਕਰਨ ਦਾ ਤਰੀਕਾ ਆਮ ਨਾਲੋਂ ਸੌਖਾ ਹੁੰਦਾ ਹੈ। ਇਸ ਵਿੱਚ ਕਾਗਜ਼ੀ ਕਾਰਵਾਈ ਘੱਟ ਲੱਗਦੀ ਹੈ।

ਕੈਨੇਡਾ ਦੀ ਅਧਿਕਾਰਤ ਇਮੀਗਰੇਸ਼ਨ ਵੈੱਬਸਾਈਟ ਮੁਤਾਬਕ, “ ਜੇਕਰ ਤੁਸੀਂ 10 ਅਗਸਤ ਤੋਂ ਬਾਅਦ ਵਿਦਿਆਰਥੀ ਵੀਜ਼ੇ ਲਈ ਅਪਲਾਈ ਕਰਦੇ ਹੋ ਤਾਂ ‘ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ’ ਦੇ ਨਾਲ-ਨਾਲ ‘ਪੀਅਰਸਨ ਟੈਸਟ ਆਫ਼ ਇੰਗਲਿਸ਼’ ਅਤੇ ‘ਟੈਸਟ ਆਫ਼ ਇੰਗਲਿਸ਼ ਐਜ਼ ਏ ਫੌਰੇਨ ਲੈਂਗੁਏਜ’ ਵੀ ਵੈਧ ਹਨ।

ਐਸਡੀਐਸ ਸ਼੍ਰੇਣੀ ਵਿੱਚ ਅਰਜ਼ੀ ਦੇਣ ਲਈ 10 ਅਗਸਤ ਤੋਂ ਬਾਅਦ ਜਦਕਿ ਆਈਲੈੱਟਸ (ਅਕਾਦਮਿਕ) ਵਿੱਚ ਓਵਰਆਲ ਛੇ ਬੈਂਡ ਹੋਣੇ ਜ਼ਰੂਰੀ ਹਨ, ਜਦਕਿ ਪੀਟੀਈ ਵਿੱਚ ਘੱਟੋ-ਘੱਟ 60 ਅੰਕ ਹੋਣੇ ਜ਼ਰੂਰੀ ਹਨ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)