IELTS ਦੇ ਬੈਂਡ ਅਤੇ ਜਾਤ-ਪਾਤ ਦੀਆਂ ਜੜ੍ਹਾਂ

ਵਿਆਹ, ਜਾਤ-ਪਾਤ, ਦਲਿਤ

ਤਸਵੀਰ ਸਰੋਤ, Getty Images

    • ਲੇਖਕ, ਦਲਜੀਤ ਅਮੀ
    • ਰੋਲ, ਪੱਤਰਕਾਰ, ਬੀਬੀਸੀ ਪੰਜਾਬੀ

ਪੰਜਾਬੀ ਅਖ਼ਬਾਰਾਂ ਵਿੱਚ ਛਪਦੇ ਵਿਆਹਾਂ ਦੇ ਇਸ਼ਤਿਹਾਰ ਬਦਲਦੇ ਸਮਾਜਿਕ ਰੁਝਾਨ ਦੀ ਦੱਸ ਪਾਉਂਦੇ ਹਨ।

ਰਵਾਇਤੀ ਇਸ਼ਤਿਹਾਰਾਂ ਵਿੱਚ ਕੁੜੀ-ਮੁੰਡੇ ਦੇ ਕੱਦ-ਕਾਠ, ਰੰਗ, ਜਾਤ, ਵਿਦਿਅਕ ਯੋਗਤਾ ਅਤੇ ਨੌਕਰੀ/ਪੇਸ਼ੇ ਜਾਂ ਜਾਇਦਾਦ ਦਾ ਜ਼ਿਕਰ ਆਉਂਦਾ ਸੀ।

ਪਿਛਲੇ ਦੋ ਦਹਾਕਿਆਂ ਦੌਰਾਨ ਇਨ੍ਹਾਂ ਇਸ਼ਤਿਹਾਰਾਂ ਵਿੱਚ ਜ਼ਿਕਰਗੋਚਰੀ ਤਬਦੀਲੀ ਆਈ ਹੈ।

ਇੱਕ ਮਿਸਾਲ ਧਿਆਨਗੋਚਰੀ ਹੈ: ਜੱਟ ਲੜਕਾ ਆਸਟਰੇਲੀਆ ਵਾਸਤੇ ਛੇ ਬੈਂਡ ਗਰੈਜੂਏਟ ਲੜਕੀ ਦੀ ਲੋੜ, ਖ਼ਰਚਾ ਲੜਕੇ ਪਰਿਵਾਰ ਵੱਲੋਂ। ਸਿਰਫ਼ ਕੋਰਟ ਮੈਰਿਜ, ਭੈਣ ਆਸਟਰੇਲੀਆ।

ਇਸ ਤੋਂ ਬਾਅਦ ਸੰਪਰਕ ਲਈ ਮੋਬਾਈਲ ਫੋਨ ਲਿਖਿਆ ਹੈ।

ਇਸ ਤਰ੍ਹਾਂ ਦੇ ਇਸ਼ਤਿਹਾਰਾਂ ਦੀ ਚੋਖੀ ਗਿਣਤੀ ਲਗਾਤਾਰ ਅਖ਼ਬਾਰਾਂ ਵਿੱਚ ਛਪਦੀ ਹੈ ਜਿਨ੍ਹਾਂ ਵਿੱਚ ਸ਼ਬਦਾਂ ਦਾ ਥੋੜਾ-ਬਹੁਤਾ ਫੇਰਬਦਲ ਹੋ ਸਕਦਾ ਹੈ ਜਾਂ ਆਖ਼ਰ ਵਿੱਚ ਭੈਣ ਦੀ ਥਾਂ ਭਾਈ ਹੋ ਸਕਦਾ ਹੈ। ਵਿਆਹ ਦਾ ਖ਼ਰਚਾ ਸਾਂਝਾ ਕਰਨ ਦੀ ਤਜਵੀਜ਼ ਵੀ ਹੋ ਸਕਦੀ ਹੈ।

ਦੂਜੀ ਮਿਸਾਲ: ਜੱਟ ਲੜਕੇ ਲਈ ਛੇ ਬੈਂਡ ਗਰੈਜੂਏਟ ਲੜਕੀ ਦੀ ਲੋੜ, ਖ਼ਰਚਾ ਲੜਕੇ ਪਰਿਵਾਰ ਵੱਲੋਂ। ਭੈਣ ਆਸਟਰੇਲੀਆ। ਸਿਰਫ਼ ਕੋਰਟ ਮੈਰਿਜ। ਜਾਤੀ ਬੰਧਨ ਨਹੀਂ।

ਤੀਜੀ ਮਿਸਾਲ: ਕੈਨੇਡੀਅਨ ਸਿਟੀਜ਼ਨ ਜੱਟ ਸਿੱਖ ਲੜਕੇ ਲਈ ਲੜਕੀ ਦੀ ਜ਼ਰੂਰਤ ਹੈ। ਉਹੀ ਮਿਲਣ ਜੋ ਇੰਡੀਆ ਰਹਿੰਦੇ ਭਰਾ ਨੂੰ ਕੱਚਾ/ਪੱਕਾ ਕੈਨੇਡੀਅਨ ਰਿਸ਼ਤਾ ਕਰਵਾਉਣ।

ਵਿਆਹ, ਜਾਤ-ਪਾਤ, ਦਲਿਤ

ਚੌਥੀ ਮਿਸਾਲ: ਇੰਗਲੈਂਡ ਸਿਟੀਜ਼ਨ ਜੱਟ ਸਿੱਖ ਲੜਕੀ ਲਈ ਮਿਹਨਤੀ ਖ਼ੂਬਸੂਰਤ ਵਰ ਚਾਹੀਦਾ ਹੈ। ਕੱਚੇ ਰਹਿੰਦੇ ਨੂੰ ਪਹਿਲ।

ਇਨ੍ਹਾਂ ਇਸ਼ਤਿਹਾਰਾਂ ਰਾਹੀਂ ਉਘੜ ਕੇ ਸਾਹਮਣੇ ਆਉਂਦੇ ਰੁਝਾਨ ਬਾਬਤ ਚਰਚਾ ਕਰਨ ਤੋਂ ਪਹਿਲਾਂ ਰਿਸ਼ਤੇ ਕਰਵਾਉਣ ਵਾਲਿਆਂ/ਵਾਲੀਆਂ ਦਾ ਇੱਕ ਇਸ਼ਤਿਹਾਰ ਨਜ਼ਰਸਾਨੀ ਦੀ ਮੰਗ ਕਰਦਾ ਹੈ: ਵਧੀਆ ਪਰਿਵਾਰਕ ਰਿਸ਼ਤੇ ਜੱਟ, ਅਰੋੜਾ, ਖਤਰੀ, ਓਵਰਏਜ, ਵਿਧਵਾ, ਬਾਂਝ, IELTS ਪਾਸ ਵਿਦੇਸ਼ੀ ਰਿਸ਼ਤੇ।

ਇਨ੍ਹਾਂ ਸਾਰੇ ਇਸ਼ਤਿਹਾਰਾਂ ਵਿੱਚ IELTS ਦਾ ਇਮਤਿਹਾਨ ਅਹਿਮ ਯੋਗਤਾ ਜਾਪਦਾ ਹੈ ਜੋ ਵਿਆਹ ਦੀਆਂ ਰਵਾਇਤੀ ਯੋਗਤਾਵਾਂ ਨੂੰ ਦਰਜਬੰਦੀ ਵਿੱਚ ਪਿੱਛੇ ਛੱਡ ਗਿਆ ਹੈ।

ਇਸ ਯੋਗਤਾ ਨਾਲ ਪੰਜਾਬੀ ਸਮਾਜ ਦੀਆਂ ਤਾਂਘਾਂ ਅਤੇ ਮੁਹਾਣ ਦਾ ਅੰਦਾਜ਼ਾ ਹੁੰਦਾ ਹੈ। ਇਹ ਵੀ ਪਤਾ ਲੱਗਦਾ ਹੈ ਕਿ ਪੰਜਾਬੀ ਸਮਾਜ ਆਪਣੀਆਂ ਤਾਂਘਾਂ ਲਈ ਕਿੰਨੀ ਅਤੇ ਕਿਸ ਤਰ੍ਹਾਂ ਦੀ ਕੀਮਤ ਅਦਾ ਕਰਨ ਨੂੰ ਤਿਆਰ ਹੈ।

IELTS ਅੰਗਰੇਜ਼ੀ ਦਾ ਇਮਤਿਹਾਨ ਹੈ ਜੋ ਆਸਟਰੇਲੀਆ, ਕੈਨੇਡਾ ਅਤੇ ਨਿਉਜ਼ੀਲੈਂਡ ਸਮੇਤ ਕਈ ਮੁਲਕਾਂ ਦਾ ਵਿਦਿਆਰਥੀ ਵੀਜ਼ਾ ਹਾਸਿਲ ਕਰਨ ਦੀ ਅਹਿਮ ਸ਼ਰਤ ਹੈ।

ਵਿਦਿਆਰਥੀ ਵੀਜ਼ੇ ਨਾਲ ਜੀਵਨ ਸਾਥੀ (ਮੁੰਡਾ ਜਾਂ ਕੁੜੀ) ਨੂੰ ਵੀ ਵੀਜ਼ਾ ਲੱਗ ਜਾਂਦਾ ਹੈ। ਇਸੇ ਲਈ IELTS ਵਿਆਹ ਦੀ ਅਹਿਮ ਸ਼ਰਤ ਬਣ ਗਿਆ ਹੈ ਅਤੇ ਇਸ ਨੇ ਕਈ ਰਵਾਇਤੀ ਧਾਰਨਾਵਾਂ ਬਦਲ ਦਿੱਤੀਆਂ ਹਨ।

ਵਿਆਹ, ਜਾਤ-ਪਾਤ, ਦਲਿਤ

ਆਮ ਤੌਰ ਉੱਤੇ ਵਿਆਹ ਦਾ ਖ਼ਰਚ ਕੁੜੀਆਂ ਦਾ ਪਰਿਵਾਰ ਚੁੱਕਦਾ ਹੈ ਪਰ ਅਖ਼ਬਾਰਾਂ ਵਿੱਚ ਛਪਦੇ ਇਸ਼ਤਿਹਾਰ ਇਸ ਰੁਝਾਨ ਵਿੱਚ ਤਬਦੀਲੀ ਦੀ ਨਿਸ਼ਾਨਦੇਹੀ ਕਰਦੇ ਹਨ।

ਇਸ ਦਾ ਮਤਲਬ ਹੈ ਕਿ ਵਿਆਹ ਦੀ ਮੰਡੀ ਵਿੱਚ IELTS ਦੇ ਹਵਾਲੇ ਨਾਲ ਕੁੜੀ ਦਾ ਮੁੱਲ ਵਧ ਗਿਆ ਹੈ ਅਤੇ ਮੁੰਡੇ ਵਾਲੇ ਆਪਣੀਆਂ ਸ਼ਰਤਾਂ ਜਾਂ ਨਖ਼ਰੇ ਛੱਡ ਕੇ ਕੁੜੀ ਦੇ ਪਰਿਵਾਰ ਦੀਆਂ ਸ਼ਰਤਾਂ ਮੰਨਣ ਲਈ ਤਿਆਰ ਹਨ।

ਇਨ੍ਹਾਂ ਇਸ਼ਤਿਹਾਰਾਂ ਵਿੱਚੋਂ ਹੀ ਇਹ ਰੁਝਾਨ ਵੀ ਝਲਕਦਾ ਹੈ ਕਿ 'ਜਾਤੀ ਬੰਧਨ ਨਹੀਂ' ਦੀ ਖੁੱਲ੍ਹ ਮੁੰਡੇ ਵਾਲੇ ਦੇ ਰਹੇ ਹਨ ਪਰ ਕੁੜੀ ਵਾਲੇ ਨਹੀਂ।

ਵਿਆਹ, ਜਾਤ-ਪਾਤ, ਦਲਿਤ, IELTS

ਤਸਵੀਰ ਸਰੋਤ, Getty Images

ਇਹ ਕਿਹਾ ਜਾ ਸਕਦਾ ਹੈ ਕਿ ਦੂਜੀ ਜਾਤ ਦੀ ਨੂੰਹ ਦੀ ਗੁੰਜ਼ਾਇਸ਼ ਤਾਂ IELTS ਨੇ ਪੈਦਾ ਕੀਤੀ ਹੈ ਪਰ ਜਵਾਈ ਦੀ ਨਹੀਂ।

ਸਿਫ਼ਤੀ ਤਬਦੀਲੀ ਜਾਤ ਅਤੇ ਵਿਆਹ ਦੇ ਆਪਸੀ ਰਿਸ਼ਤਿਆਂ ਵਿੱਚ ਵਾਪਰ ਰਹੀ ਜਾਪਦੀ ਹੈ।

ਰਵਾਇਤੀ ਸਮਝ ਮੁਤਾਬਕ ਪੰਜਾਬ ਦੇ ਹਿੰਦੂ-ਸਿੱਖ ਆਪਣੀ ਜਾਤ ਦੇ ਅੰਦਰ ਪਰ ਗੋਤ ਤੋਂ ਬਾਹਰ ਵਿਆਹ ਕਰਦੇ ਹਨ।

ਇਸ ਤੋਂ ਇਲਾਵਾ ਮਾਪਿਆਂ ਅਤੇ ਨਾਨਕਿਆਂ ਦੇ ਗੋਤਾਂ ਵਿੱਚ ਵਿਆਹ ਨਹੀਂ ਕੀਤਾ ਜਾਂਦਾ। ਅਖ਼ਬਾਰਾਂ ਵਿੱਚ ਛਪ ਰਹੇ ਇਸ਼ਤਿਹਾਰਾਂ ਮੁਤਾਬਕ ਇਹ ਸਾਰੇ ਰਵਾਇਤੀ ਬੰਧੇਜ਼ ਘੱਟੋ-ਘੱਟ IELTS ਦੇ ਹਵਾਲੇ ਨਾਲ ਦਰਕਿਨਾਰ ਕਰ ਦਿੱਤੇ ਗਏ ਹਨ।

IELTS ਦੀ ਯੋਗਤਾ ਦੇ ਅਹਿਮ ਹੋ ਜਾਣ ਨਾਲ ਵਿਆਹ ਦੇ ਇਸ਼ਤਿਹਾਰਾਂ ਵਿੱਚੋਂ ਜਾਤ ਦਾ ਜ਼ਿਕਰ ਘਟ ਗਿਆ ਹੈ ਅਤੇ 'ਜਾਤੀ ਬੰਧਨ ਨਹੀਂ' ਦੀ ਛੋਟ ਦਰਜ ਹੋਣ ਲੱਗੀ ਹੈ।

ਵਿਆਹ, ਜਾਤ-ਪਾਤ, ਦਲਿਤ, IELTS

ਇਨ੍ਹਾਂ ਇਸ਼ਤਿਹਾਰਾਂ ਰਾਹੀਂ ਹੁੰਦੇ ਅੰਤਰ-ਜਾਤੀ ਵਿਆਹਾਂ ਦਾ ਕੋਈ ਅੰਕੜਾ ਕਿਸੇ ਅਦਾਰੇ ਕੋਲ ਨਹੀਂ ਹੈ। ਇਹ ਇਸ਼ਤਿਹਾਰ ਜਾਤ-ਪਾਤ ਦੀ ਢਿੱਲੀ ਹੁੰਦੀ ਪਕੜ ਦਾ ਨਿਸ਼ਾਨੀ ਨਹੀਂ ਜਾਪਦੇ ਕਿਉਂਕਿ IELTS ਦੀ ਗ਼ੈਰ-ਹਾਜ਼ਰੀ ਵਾਲੇ ਇਸ਼ਤਿਹਾਰਾਂ ਵਿੱਚ 'ਜਾਤੀ ਬੰਧਨ ਨਹੀਂ' ਵਾਲੀ ਖੁੱਲ੍ਹ ਨਦਾਰਦ ਹੈ।

ਇਨ੍ਹਾਂ ਇਸ਼ਤਿਹਾਰਾਂ ਤੋਂ ਸਾਫ਼ ਹੈ ਕਿ ਵਿਦੇਸ਼ ਜਾਣ ਲਈ IELTS ਰਾਹ ਪੱਧਰਾ ਕਰਦਾ ਹੈ ਤਾਂ ਆਪਣੇ ਸੁਫ਼ਨਿਆਂ ਦੇ ਰਾਹ ਵਿੱਚ ਪੰਜਾਬੀ ਸਮਾਜ ਜਾਤ ਨੂੰ ਰੋੜਾ ਨਹੀਂ ਬਣਨ ਦਿੰਦਾ।

ਜਾਤ-ਪਾਤ ਬਾਬਤ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਇਸ ਦੀਆਂ ਸਮਾਜਿਕ ਜੜ੍ਹਾਂ ਬਹੁਤ ਮਜ਼ਬੂਤ ਹਨ ਪਰ IELTS ਦਾ ਵਿਆਹ ਦੇ ਇਸ਼ਤਿਹਾਰਾਂ ਵਿੱਚ ਆਉਣਾ ਦਰਸਾਉਂਦਾ ਹੈ ਕਿ ਵਿਦੇਸ਼ ਜਾਣ ਦਾ ਸੁਫ਼ਨਾ ਇਨ੍ਹਾਂ ਮਜ਼ਬੂਤ ਜੜ੍ਹਾਂ ਤੋਂ ਜ਼ਿਆਦਾ ਤਾਕਤਵਰ ਸਾਬਿਤ ਹੋਇਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)