ਚੰਡੀਗੜ੍ਹ ਵਿੱਚ ਸਕੂਲ ਵਿਦਿਆਰਥਣਾਂ ਦੀਆਂ ਤਸਵੀਰਾਂ ਨਾਲ ਛੇੜਛਾੜ ਦਾ ਪੂਰਾ ਮਾਮਲਾ ਕੀ ਹੈ

ਕੁੜੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਚੰਡੀਗੜ੍ਹ ਵਿੱਚ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।

ਇੱਕ ਨਿੱਜੀ ਸਕੂਲ ਦੀਆਂ ਵਿਦਿਆਰਥਣਾਂ ਦੀਆਂ ਤਸਵੀਰਾਂ ਸਕੂਲ ਦੀ ਅਧਿਕਾਰਤ ਵੈੱਬਸਾਈਟ ਤੋਂ ਡਾਊਨਲੋਡ ਕਰਕੇ ਉਨ੍ਹਾਂ ਨੂੰ ਕਥਿਤ ਤੌਰ ’ਤੇ ਅਸ਼ਲੀਲ 'ਤੇ ਇਤਰਾਜ਼ਯੋਗ ਬਣਾ ਕੇ ਇੰਟਰਨੈੱਟ ਉੱਤੇ ਇਸਤੇਮਾਲ ਕੀਤਾ ਗਿਆ ਹੈ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਐੱਫਆਈਆਰ ਦਰਜ ਕਰ ਲਈ ਗਈ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਮਾਮਲਾ ਬਹੁਤ ਹੀ ਸੰਵੇਦਨਸ਼ੀਲ ਹੋਣ ਕਾਰਨ ਇਸ ਦੀ ਬਹੁਤੀ ਜਾਣਕਾਰੀ ਨਹੀਂ ਸਾਂਝੀ ਕੀਤੀ ਜਾ ਸਕਦੀ।

ਉਨ੍ਹਾਂ ਨੇ ਕਿਹਾ ਕਿ ਪੁਲਿਸ ਸਟੇਸ਼ਨ ਸੈਕਟਰ 11 ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਤੇ ਸਾਈਬਰ ਸੈੱਲ ਇਸ ਦੀ ਜਾਂਚ ਕਰ ਰਿਹਾ ਹੈ।

ਮਾਮਲੇ ਵਿੱਚ ਨਿੱਜਤਾ ਦਾ ਖ਼ਿਆਲ ਕਰਦੇ ਹੋਏ ਬੀਬੀਸੀ ਵਿਦਿਆਰਥੀਆਂ ਅਤੇ ਸਕੂਲ ਦੀ ਪਛਾਣ ਨਹੀਂ ਦੱਸ ਰਿਹਾ ਹੈ ਤੇ ਨਾ ਹੀ ਇਹ ਦੱਸ ਰਿਹਾ ਹੈ ਕਿ ਇਹ ਸਕੂਲ ਕਿਸ ਸੈਕਟਰ ਵਿੱਚ ਸਥਿਤ ਹੈ।

ਪੁਲਿਸ ਸੂਤਰਾਂ ਨੇ ਦੱਸਿਆ ਕਿ ਪੌਕਸੋ ਐਕਟ ਤੇ ਇਨਫਰਮੇਸ਼ਨ ਟੈਕਨੌਲੋਜੀ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਕੁੜੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ

ਸੂਤਰਾਂ ਨੇ ਦੱਸਿਆ ਕਿ ਹਾਲਾਂਕਿ ਮਾਮਲੇ ਦੀ ਅਜੇ ਜਾਂਚ ਚੱਲ ਰਹੀ ਹੈ ਪਰ ਅਜਿਹਾ ਜਾਪਦਾ ਹੈ ਕਿ ਇਸ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਵੀ ਕੀਤੀ ਗਈ ਹੈ।

ਇਨ੍ਹਾਂ ਵਿਦਿਆਰਥੀਆਂ ਵਿੱਚੋਂ ਕੁਝ ਮਾਪੇ ਪੁਲਿਸ ਦੇ ਅਧਿਕਾਰੀਆਂ ਨੂੰ ਮਿਲੇ ਤੇ ਉਨ੍ਹਾਂ ਨੇ ਇਸ ਬਾਰੇ ਸ਼ਿਕਾਇਤ ਕੀਤੀ ਸੀ। ਸੂਤਰਾਂ ਮੁਤਾਬਕ ਉਨ੍ਹਾਂ ਨੇ ਦੱਸਿਆ ਕਿ ਸਕੂਲ ਦੀ ਵੈੱਬਸਾਈਟ ਉੱਪਰ ਵਿਦਿਆਰਥੀਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ।

ਪੁਲਿਸ ਨੂੰ ਦੱਸਿਆ ਗਿਆ ਕਿ ਸਕੂਲ ਤੋਂ ਇਲਾਵਾ ਇਸ ਵੈੱਬਸਾਈਟ ਦੀ ਪਹੁੰਚ ਸਿਰਫ਼ ਵਿਦਿਆਰਥੀਆਂ ਤੇ ਉਨ੍ਹਾਂ ਨੇ ਮਾਪਿਆਂ ਕੋਲ ਹੀ ਹੁੰਦੀ ਹੈ। ਕਿਸੇ ਨੇ ਇਹ ਤਸਵੀਰਾਂ ਡਾਊਨਲੋਡ ਕਰਕੇ ਉਨ੍ਹਾਂ ਨੂੰ ਮੌਰਫ ਕੀਤਾ ਤੇ ਫਿਰ ਸਕੂਲ ਦੇ ਸਨੈਪਚੈਟ ਗਰੁੱਪ ਉੱਤੇ ਪਾ ਦਿੱਤਾ।

ਇਹ ਮਾਮਲਾ 9 ਅਕਤੂਬਰ ਦਾ ਦੱਸਿਆ ਜਾ ਰਿਹਾ ਹੈ।

ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਅਪਲੋਡ ਕਰਨ ਬਾਰੇ ਪਹਿਲਾਂ ਸਕੂਲ ਪ੍ਰਸ਼ਾਸਨ ਨੂੰ ਸ਼ਿਕਾਇਤ ਦਿੱਤੀ ਗਈ ਤੇ ਬਾਅਦ ਵਿੱਚ ਮਾਮਲਾ ਪੁਲਿਸ ਕੋਲ ਪਹੁੰਚ ਗਿਆ। ਇਸ ਮਾਮਲੇ ਸਬੰਧੀ ਐੱਸਐੱਸਪੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ।

ਹੁਣ ਸਾਈਬਰ ਸੈੱਲ ਦੀ ਮਦਦ ਨਾਲ ਇਸ ਸਨੈਪਚੈਟ ਆਈਡੀ ਨੂੰ ਇੰਟਰਨੈੱਟ ਤੋਂ ਹਟਾ ਦਿੱਤਾ ਗਿਆ ਹੈ।

ਬੀਬੀਸੀ

ਸਕੂਲ ਕੀ ਕਹਿੰਦਾ ਹੈ?

ਸਕੂਲ ਪ੍ਰਬੰਧਕਾਂ ਦਾ ਦਾਅਵਾ ਹੈ ਕਿ ਪੀੜਤ ਵਿਦਿਆਰਥਣਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਅਤੇ ਸੁਣਵਾਈ ਦਿੱਤੀ ਗਈ ਹੈ।

“ਜਿੱਥੇ ਵੀ ਲੋੜ ਹੈ ਸਕੂਲ ਅਧਿਕਾਰੀਆਂ ਨਾਲ ਸਹਿਯੋਗ ਕਰ ਰਹੇ ਹਾਂ। ਵਿਦਿਆਰਥਣਾਂ ਦੀ ਸੁਰੱਖਿਆ ਸਾਡੀ ਪ੍ਰਮੁੱਖ ਤਰਜੀਹ ਬਣੀ ਹੋਈ ਹੈ।”

ਸਕੂਲ ਨੇ ਅੱਗੇ ਕਿਹਾ ਕਿ ਅੰਦਰੂਨੀ ਤਸਦੀਕ ਦੇ ਅਨੁਸਾਰ, ਸਕੂਲ ਦੇ ਅੰਦਰ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਹੈ। ਨਾ ਹੀ ਘਟਨਾ ਨਾਲ ਸਕੂਲ ਦਾ ਕੋਈ ਸਿੱਧਾ ਸਬੰਧ ਮਿਲਿਆ ਹੈ।

ਬੀਬੀਸੀ

3 ਸਾਲ ਤੱਕ ਦੀ ਕੈਦ ਦੀ ਸਜ਼ਾ ਦੀ ਤਜਵੀਜ਼

ਪੁਲਿਸ ਨੇ ਹੇਠਾਂ ਲਿਖੀਆਂ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਹੈ।

ਪੋਕਸੋ ਐਕਟ ਦੀ ਧਾਰਾ 13

ਜੋ ਵੀ, ਕਿਸੇ ਬੱਚੇ ਨੂੰ ਮੀਡੀਆ ਦੇ ਕਿਸੇ ਵੀ ਰੂਪ ਵਿੱਚ (ਟੈਲੀਵਿਜ਼ਨ ਚੈਨਲਾਂ ਜਾਂ ਇੰਟਰਨੈਟ ਦੁਆਰਾ ਪ੍ਰਸਾਰਿਤ ਪ੍ਰੋਗਰਾਮ ਜਾਂ ਇਸ਼ਤਿਹਾਰ ਜਾਂ ਕਿਸੇ ਹੋਰ ਇਲੈਕਟ੍ਰਾਨਿਕ ਫਾਰਮ ਜਾਂ ਪ੍ਰਿੰਟ ਫਾਰਮ ਸਮੇਤ, ਭਾਵੇਂ ਅਜਿਹਾ ਪ੍ਰੋਗਰਾਮ ਜਾਂ ਇਸ਼ਤਿਹਾਰ ਨਿੱਜੀ ਵਰਤੋਂ ਲਈ ਜਾਂ ਡਿਸਟ੍ਰੀਬਿਊਸ਼ਨ ਲਈ ਹੈ ਜਾਂ ਨਹੀਂ), ਜਿਨਸੀ ਸੰਤੁਸ਼ਟੀ ਲਈ ਵਰਤਦਾ ਹੈ, ਜਿਸ ਵਿੱਚ ਇਹ ਚੀਜਾਂ ਸ਼ਾਮਲ ਹਨ--

  • ਬੱਚੇ ਦੇ ਜਿਨਸੀ ਅੰਗਾਂ ਦੀ ਨੁਮਾਇੰਦਗੀ
  • ਅਸਲੀ ਜਾਂ ਨਕਲੀ ਜਿਨਸੀ ਕਿਰਿਆਵਾਂ ਵਿੱਚ ਬੱਚੇ ਦੀ ਵਰਤੋਂ
  • ਬੱਚੇ ਦੀ ਅਸ਼ਲੀਲ ਪੇਸ਼ਕਾਰੀ

ਅਸ਼ਲੀਲ ਉਦੇਸ਼ਾਂ ਲਈ ਬੱਚੇ ਦੀ ਵਰਤੋਂ ਕਰਨ ਦੇ ਜੁਰਮ ਲਈ ਦੋਸ਼ੀ ਹੋਵੇਗਾ।

ਕੁੜੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਆਈਟੀ ਐਕਟ ਦੀ ਧਾਰਾ 67

ਜੋ ਕੋਈ ਵੀ ਕੁਝ ਅਜਿਹਾ ਕੁਝ ਪ੍ਰਕਾਸ਼ਿਤ ਕਰਦਾ ਹੈ ਜਾਂ ਪ੍ਰਸਾਰਿਤ ਕਰਦਾ ਹੈ ਜਾਂ ਇਲੈਕਟ੍ਰਾਨਿਕ ਰੂਪ ਵਿੱਚ ਪ੍ਰਕਾਸ਼ਿਤ ਜਾਂ ਪ੍ਰਸਾਰਿਤ ਕਰਨ ਦਾ ਕਾਰਨ ਬਣਦਾ ਹੈ ਜਿਸ ਵਿੱਚ ਅਸ਼ਲੀਲ ਤੇ ਇਤਰਾਜ਼ਯੋਗ ਸ਼ਾਮਲ ਹੁੰਦਾ ਹੈ, ਉਸ ਨੂੰ ਪਹਿਲੀ ਵਾਰੀ ਦੋਸ਼ੀ ਠਹਿਰਾਏ ਜਾਣ 'ਤੇ 3 ਸਾਲ ਤੱਕ ਦੀ ਕੈਦ ਦੀ ਸਜ਼ਾ ਦਿੱਤੀ ਜਾਵੇਗੀ।

5 ਲੱਖ ਰੁਪਏ ਤੱਕ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ ਅਤੇ ਦੂਜੀ ਜਾਂ ਬਾਅਦ ਵਿੱਚ ਦੋਸ਼ੀ ਠਹਿਰਾਏ ਜਾਣ ਦੀ ਸੂਰਤ ਵਿੱਚ ਇਹ ਕੈਦ 5 ਸਾਲ ਤੱਕ ਹੋ ਸਕਦੀ ਹੈ ਅਤੇ ਜੁਰਮਾਨਾ ਵੀ ਦਸ ਲੱਖ ਰੁਪਏ ਤੱਕ ਹੋ ਸਕਦਾ ਹੈ।

ਕੀ ਕਹਿੰਦੇ ਹਨ ਮਾਹਰ

ਪੰਜਾਬ ਪੁਲਿਸ ਦੇ ਅਧਿਕਾਰੀ ਅਤੇ ਸਾਈਬਰ ਮਾਹਰ ਗੁਰਜੋਤ ਸਿੰਘ ਕਲੇਰ ਦਾ ਕਹਿਣਾ ਹੈ ਕਿ ਇੱਕ ਮਾਪੇ ਹੋਣ ਦੇ ਨਾਤੇ ਦੋ ਕੰਮ ਕਰਨ ਦੀ ਲੋੜ ਹੈ।

ਇੱਕ, ਤੁਹਾਡੇ ਬੱਚੇ ਨਾਲ ਸਹੀ ਗੱਲਬਾਤ ਕਰਨਾ ਮਹੱਤਵਪੂਰਨ ਹੈ ਤਾਂ ਜੋ ਬੱਚਾ ਤੁਹਾਡੇ ਨਾਲ ਇੱਕ ਦੋਸਤ ਦੇ ਰੂਪ ਵਿੱਚ ਘਟਨਾ ਬਾਰੇ ਚਰਚਾ ਕਰੇ।

ਤੁਹਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਇੰਟਰਨੈੱਟ ਦੇ ਇਸ ਯੁੱਗ ਵਿੱਚ, ਧਰਤੀ ਉੱਤੇ ਕਿਸੇ ਨਾਲ ਵੀ ਅਜਿਹਾ ਹੋ ਸਕਦਾ ਹੈ। ਦੂਜਾ, ਤੁਹਾਨੂੰ ਤੁਰੰਤ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਬਿਨਾਂ ਦੇਰੀ ਦੇ ਸੂਚਿਤ ਕਰਨਾ ਚਾਹੀਦਾ ਹੈ ਤਾਂ ਜੋ ਕਾਨੂੰਨ ਆਪਣਾ ਕੰਮ ਕਰ ਸਕੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)