ਦੀਪਿਕਾ ਪਾਦੂਕੋਣ ਦੀ ਸੱਚ ਬਿਆਨੀ ਅਤੇ ਬੇਨਕਾਬ ਹੋਇਆ 'ਟਰੋਲ ਕਰਨ ਵਾਲਿਆਂ’ ਦਾ ਡਰ -ਬਲਾਗ਼

ਤਸਵੀਰ ਸਰੋਤ, Getty Images
- ਲੇਖਕ, ਨਾਸਿਰੂਦੀਨ
- ਰੋਲ, ਬੀਬੀਸੀ ਲਈ
ਫਿਲਮ ਨਿਰਦੇਸ਼ਕ ਕਰਨ ਜੌਹਰ ਦੇ ਸ਼ੋਅ 'ਕੌਫੀ ਵਿਦ ਕਰਨ' 'ਚ ਆਪਣੇ ਪਤੀ ਰਣਵੀਰ ਸਿੰਘ ਨਾਲ ਸ਼ਿਰਕਤ ਕਰਨ ਵਾਲੀ ਦੀਪਿਕਾ ਪਾਦੂਕੋਣ ਨੇ ਆਪਣੇ ਦਿਲ ਦੀਆਂ ਉਹ ਗੱਲਾਂ ਸਾਂਝੀਆਂ ਕੀਤੀਆਂ, ਜੋ ਹੁਣ ਤੱਕ ਜਨਤਕ ਨਹੀਂ ਸਨ।
ਦਰਅਸਲ, ਇੱਕ ਔਰਤ ਹੋਣ ਦੇ ਨਾਤੇ, ਦੀਪਿਕਾ ਨੇ ਉਹ ਸਭ ਕੁਝ ਕਿਹਾ ਜੋ ਪੁਰਖੀ ਕਦਰਾਂ-ਕੀਮਤਾਂ ਦੇ ਮਾਪਦੰਡਾਂ 'ਤੇ ਖਰਾ ਨਹੀਂ ਉਤਰਦਾ।
ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਹੰਗਾਮਾ ਹੋ ਗਿਆ, ਦੀਪਿਕਾ ਨੂੰ ਚੰਗਾ-ਮਾੜਾ ਕਿਹਾ ਜਾਣ ਲੱਗਾ। ਉਨ੍ਹਾਂ ਦੇ ਚਰਿੱਤਰ 'ਤੇ ਸਵਾਲ ਚੁੱਕੇ ਜਾਣ ਲੱਗੇ।
ਇਸ ਮਾਮਲੇ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸਾਡੇ ਸਮਾਜ ਦੇ ਇੱਕ ਵਰਗ ਲਈ ਕੁੜੀਆਂ ਲਈ ਆਪਣੇ ਦਿਮਾਗ਼ ਤੋਂ ਸੋਚਣਾ ਅਤੇ ਉਸ ਨੂੰ ਕਹਿ ਦੇਣਾ ਨਾਕਾਬਿਲੇ ਬਰਾਦਸ਼ਤ ਹੁੰਦਾ ਹੈ।
ਦੀਪਿਕਾ ਨੇ ਇਸ ਸ਼ੋਅ ਵਿੱਚ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਉਹ ਅਤੇ ਰਣਵੀਰ ਨੇੜੇ ਆਏ ਸਨ।
ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਸ਼ੁਰੂ ਵਿੱਚ ਉਹ ਇਸ ਰਿਸ਼ਤੇ ਨੂੰ ਲੈ ਕੇ ਗੰਭੀਰ ਨਹੀਂ ਸੀ। ਵਚਨਬੱਧ ਨਹੀਂ ਸੀ। ਉਸ ਵੇਲੇ ਉਸ ਦੀ ਮਾਨਸਿਕ ਹਾਲਤ ਅਜਿਹੀ ਨਹੀਂ ਸੀ ਕਿ ਉਹ ਕਿਸੇ ਵੀ ਰਿਸ਼ਤੇ ਲਈ ਵਚਨਬੱਧ ਹੋ ਸਕੇ।
ਦੀਪਿਕਾ ਨੇ ਦੱਸਿਆ ਕਿ ਉਹ ਵੀ ਉਦੋਂ ਇਕੱਲੀ ਸੀ। ਰਣਵੀਰ ਵੀ ਰਿਲੇਸ਼ਨਸ਼ਿਪ ਤੋਂ ਬਾਹਰ ਆਏ ਸਨ।
ਇਸ ਦੌਰਾਨ ਰਣਵੀਰ ਉਨ੍ਹਾਂ ਦੀ ਜ਼ਿੰਦਗੀ 'ਚ ਆਏ। ਸ਼ੁਰੂ ਵਿੱਚ ਉਨ੍ਹਾਂ ਬਾਰੇ ਕੋਈ ਵਚਨਬੱਧਤਾ ਨਹੀਂ ਸੀ।
ਯਾਨਿ ਕਿ ਉਹ ਇੱਕ ਦੂਜੇ ਪ੍ਰਤੀ ਵਚਨਬੱਧ ਨਹੀਂ ਸਨ। ਉਹ ਕਿਸੇ ਹੋਰ ਨਾਲ ਦੋਸਤੀ ਵੀ ਕਰ ਸਕਦੇ ਸਨ ਜਾਂ 'ਡੇਟ' 'ਤੇ ਜਾ ਸਕਦੇ ਸਨ।
ਹਾਲਾਂਕਿ, ਇਸ ਤੋਂ ਬਾਅਦ ਵੀ ਉਹ ਵਾਰ-ਵਾਰ ਇੱਕ ਦੂਜੇ ਦੇ ਕੋਲ ਮੁੜ ਆਉਂਦੇ ਸਨ।
ਦੀਪਿਕਾ ਦੱਸਦੀ ਹੈ ਕਿ ਉਹ ਕੁਝ ਲੋਕਾਂ ਨੂੰ ਮਿਲੀ ਵੀ ਸੀ। ਮਤਲਬ ਕਿ ਉਹ 'ਡੇਟ' 'ਤੇ ਵੀ ਗਈ ਸੀ।
ਹਾਲਾਂਕਿ, ਉਨ੍ਹਾਂ ਵਿੱਚ ਦੀਪਿਕਾ ਦੀ ਦਿਲਚਸਪੀ ਨਹੀਂ ਜਾਗੀ। ਨਾ ਹੀ ਉਹ ਉਨ੍ਹਾਂ ਬਾਰੇ ਉਤਸ਼ਾਹਿਤ ਸੀ। ਨਾ ਹੀ ਉਹ ਉਸ ਸਮੇਂ ਪ੍ਰਤੀਬੱਧ ਸੀ।

ਤਸਵੀਰ ਸਰੋਤ, Getty Images
ਟ੍ਰੋਲ ਨੇ ਕੀ ਕਿਹਾ ਅਤੇ ਕੀ ਕੀਤਾ?
ਉਹ ਕਹਿੰਦੀ ਹੈ, "ਅਸਲ ਵਿੱਚ ਮੈਂ ਰਣਵੀਰ ਲਈ ਵਚਨਬੱਧ ਸੀ।" ਉਸ ਨੇ ਅੰਗਰੇਜ਼ੀ ਵਿੱਚ ਇੱਕ ਗੱਲ ਕਹੀ। ਇਸ ਦਾ ਸ਼ਾਬਦਿਕ ਅਰਥ ਇਹ ਨਿਕਲਦਾ ਹੈ ਕਿ 'ਭਾਵੇਂ ਮੇਰਾ ਸਰੀਰ ਕਿਸੇ ਹੋਰ ਆਦਮੀ ਕੋਲ ਸੀ, ਮੇਰੀ ਆਤਮਾ ਹਮੇਸ਼ਾ ਰਣਵੀਰ ਦੇ ਨਾਲ ਸੀ।'
ਦੀਪਿਕਾ ਦਾ ਇਹ ਕਹਿਣਾ ਕਿ 'ਜਦੋਂ ਰਣਵੀਰ ਨਾਲ ਦੋਸਤੀ ਸ਼ੁਰੂ ਕਰ ਰਹੀ ਸੀ ਤਾਂ ਉਸ ਵੇਲੇ ਕਈ ਹੋਰ ਲੋਕਾਂ ਨਾਲ ਵੀ ਦੋਸਤੀ ਸੀ', ਇਹ ਉਨ੍ਹਾਂ ਲਈ ਵਿਵਾਦਮਈ ਬਣ ਗਿਆ।
ਸੋਸ਼ਲ ਮੀਡੀਆ 'ਤੇ ਉਸ ਦਾ ਮਜ਼ਾਕ ਉਡਾਇਆ ਜਾਣ ਲੱਗਾ। ਉਸ ਦੇ ਚਰਿੱਤਰ 'ਤੇ ਉਂਗਲਾਂ ਉਠਣੀਆਂ ਸ਼ੁਰੂ ਹੋ ਗਈਆਂ। ਉਨ੍ਹਾਂ ਨੂੰ 'ਚੰਗੀ ਕੁੜੀ' ਦੀ ਸ਼੍ਰੇਣੀ ਤੋਂ ਬਾਹਰ ਸਮਝਿਆ ਜਾਣ ਲੱਗਾ।
ਸੋਸ਼ਲ ਮੀਡੀਆ 'ਤੇ ਟ੍ਰੋਲ ਕਰਨ ਵਾਲੇ ਸਮੂਹ ਵਿੱਚੋਂ ਕਿਸੇ ਨੇ ਕਿਹਾ ਕਿ ਉਹ ਇੱਕ ਢੋਂਗੀ ਹੈ।
ਉਹ ਡਿਪਰੈਸ਼ਨ ਬਾਰੇ ਗੱਲ ਕਰਕੇ ਆਪਣੇ ਲਈ ਹਮਦਰਦੀ ਹਾਸਲ ਕਰਨਾ ਚਾਹੁੰਦੀ ਹੈ।

ਤਸਵੀਰ ਸਰੋਤ, Getty Images
ਜਦੋਂ ਉਸ ਦੀ ਇੱਛਾ ਹੁੰਦੀ ਸੀ ਤਾਂ ਉਹ ਕਿਸੇ ਹੋਰ ਨਾਲ ਜਿਨਸੀ ਸਬੰਧ ਬਣਾ ਲੈਂਦੀ ਸੀ। ਰਣਵੀਰ ਉਨ੍ਹਾਂ ਲਈ ਮਹਿਜ਼ ਇੱਕ ਬਦਲ ਸੀ। ਉਹ ਮੌਕਾਪ੍ਰਸਤ ਹੈ।
ਉਨ੍ਹਾਂ ਦੇ ਪੁਰਾਣੇ ਇੰਟਰਵਿਊ ਕੱਢੇ ਜਾਣ ਲੱਗੇ। ਉਨ੍ਹਾਂ ਦੇ ਪੁਰਾਣੇ ਰਿਸ਼ਤਿਆਂ ਦੀ ਪੜਤਾਲ ਹੋਣ ਲੱਗੀ।
ਉਨ੍ਹਾਂ ਦਾ ਕਿਹੜੇ-ਕਿਹੜੇ ਮਰਦਾਂ ਨਾਲ ਰਿਸ਼ਤਾ ਰਿਹਾ ਹੈ। ਉਨ੍ਹਾਂ ਨੂੰ ਅਪਮਾਨਜਨਕ ਅਸ਼ਲੀਲ ਸ਼ਬਦਾਂ ਨਾਲ ਨਵਾਜ਼ਿਆਂ ਜਾਣ ਲੱਗਾ।
ਕਿਹਾ ਗਿਆ ਸੀ ਕਿ ਉਹ ਵਿਆਹ ਲਈ ਵਚਨਬੱਧ ਨਹੀਂ ਸੀ। ਉਹ ਵਿਆਹ ਤੋਂ ਬਾਹਰ ਜਿਨਸੀ ਸਬੰਧਾਂ ਦੀ ਵਕਾਲਤ ਕਰਨ ਵਾਲੀ ਹੈ।
ਅਜਿਹੇ ਲੋਕ ਕਿਸੇ ਦੇ ‘ਵਫ਼ਾਦਾਰ’ ਨਹੀਂ ਹੁੰਦੇ। ਉਨ੍ਹਾਂ ਲਈ ਰਿਸ਼ਤਾ ਸਿਰਫ਼ 'ਮਜ਼ੇ' ਲਈ ਹੁੰਦਾ ਹੈ। ਅਜਿਹੇ ਲੋਕ ਬੇਵਫ਼ਾਈ ਨੂੰ ਮਹਿਲਾ ਸਸ਼ਕਤੀਕਰਨ ਕਹਿੰਦੇ ਹਨ।
ਉਸ ਦਾ ਮਜ਼ਾਕ ਉਡਾਉਂਦੇ ਹੋਏ ਮੀਮ ਬਣਾਏ ਗਏ। ਅਜਿਹੇ ਮੀਮਜ਼ ਵੀ ਬਣਾਏ ਗਏ ਸਨ, ਜਿਨ੍ਹਾਂ ਨੇ ਨਾ ਸਿਰਫ ਦੀਪਿਕਾ ਦੀ ਬੇਇੱਜ਼ਤੀ ਕੀਤੀ ਸਗੋਂ ਉਸ ਦੀ ਨਿੱਜੀ ਜ਼ਿੰਦਗੀ 'ਤੇ ਵੀ ਟਿੱਪਣੀ ਕੀਤੀ।

ਤਸਵੀਰ ਸਰੋਤ, AFP/bbc
ਕੀ ਰਿਸ਼ਤਿਆਂ ਬਾਰੇ ਗੱਲ ਕਰਨਾ ਗ਼ਲਤ ਹੈ?
ਸਵਾਲ ਇਹ ਹੈ ਕਿ ਰਿਸ਼ਤਿਆਂ ਦੇ ਬਣਨ-ਵਿਗੜਨੇ ਵਿਚਾਲੇ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਬਾਰੇ ਗੱਲ ਕਰਨਾ ਗ਼ਲਤ ਕਿਵੇਂ ਹੋ ਸਕਦਾ ਹੈ।
ਫਿਲਮੀ ਕਲਾਕਾਰ ਬਹੁਤਿਆਂ ਲਈ ਪ੍ਰੇਰਨਾ ਸਰੋਤ ਹਨ। ਉਹ ਉਨ੍ਹਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਦੇ ਹਨ।
ਆਮ ਤੌਰ 'ਤੇ ਰਿਸ਼ਤਿਆਂ ਦੇ ਟੁੱਟਣ ਕਾਰਨ ਪੈਦਾ ਹੋਈ ਉਦਾਸੀ/ਤਣਾਅ ਬਾਰੇ ਗੱਲ ਕਰਨਾ ਚੰਗਾ ਨਹੀਂ ਸਮਝਿਆ ਜਾਂਦਾ।
ਜੇਕਰ ਦੀਪਿਕਾ ਇਸ ਬਾਰੇ ਗੱਲ ਕਰ ਰਹੀ ਹੈ ਤਾਂ ਇਹ ਕਈਆਂ ਲਈ ਇਸ 'ਚੋਂ ਬਾਹਰ ਨਿਕਲਣ ਦੀ ਰਾਹ ਦਿਖਾਉਣ ਵਰਗਾ ਹੈ। ਦੀਪਿਕਾ ਡਿਪ੍ਰੈਸ਼ਨ 'ਤੇ ਖੁੱਲ੍ਹ ਕੇ ਬੋਲਦੀ ਅਤੇ ਕੰਮ ਕਰਦੀ ਰਹੀ ਹੈ।
ਪਰ ਗੱਲ ਇੱਥੇ ਤੱਕ ਹੀ ਸੀਮਤ ਨਹੀਂ ਹੈ। ਸਾਡੇ ਸਮਾਜ ਵਿੱਚ ਰਿਸ਼ਤਿਆਂ ਬਾਰੇ ਗੱਲ ਕਰਨ ਦੇ ਮਾਪਦੰਡ ਮੁੰਡਿਆਂ ਅਤੇ ਕੁੜੀਆਂ ਲਈ ਵੱਖਰੇ-ਵੱਖਰੇ ਹਨ।
ਇੱਕ ਮੁੰਡੇ ਲਈ, ਆਪਣੇ ਰਿਸ਼ਤੇ ਬਾਰੇ ਗੱਲ ਕਰਨਾ ਉਸਦੀ ਮਰਦਾਨਗੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਉਸ ਨੂੰ ਲੋਕਾਂ ਦੀ ਆਲੋਚਨਾ ਦੀਆਂ ਕਠੋਰ ਨਜ਼ਰਾਂ ਵਿੱਚੋਂ ਨਹੀਂ ਲੰਘਣਾ ਪੈਂਦਾ।
ਜੋ ਦੀਪਿਕਾ ਨੇ ਕਿਹਾ, ਜੇਕਰ ਰਣਵੀਰ ਨੇ ਉਹੀ ਗੱਲ ਕਹੀ ਹੁੰਦੀ ਤਾਂ ਕੀ ਰਣਵੀਰ ਨੂੰ ਵੀ ਇਸੇ ਤਰ੍ਹਾਂ ਟ੍ਰੋਲ ਕੀਤਾ ਜਾਂਦਾ? ਸ਼ਾਇਦ ਨਹੀਂ ਕੀਤਾ ਜਾਂਦਾ।
ਸ਼ਾਇਦ ਇਸ ਵੱਲ ਧਿਆਨ ਵੀ ਨਹੀਂ ਦਿੱਤਾ ਜਾਂਦਾ। ਜੇ ਅਸੀਂ ਚਾਹੀਏ, ਤਾਂ ਅਸੀਂ ਅਜਿਹੀਆਂ ਉਦਾਹਰਣਾਂ ਲੱਭ ਸਕਦੇ ਹਾਂ।

ਤਸਵੀਰ ਸਰੋਤ, Getty Images
ਡਰੇ ਹੋਏ ਪਿਤਾ-ਪੁਰਖੀ ਸੱਤਾ ਦਾ ਪ੍ਰਤੀਕਰਮ?
ਸਵਾਲ ਇਹ ਹੈ ਕਿ ਜਦੋਂ ਦੀਪਿਕਾ ਸਰੀਰਕ ਤੌਰ 'ਤੇ ਕਿਸੇ ਹੋਰ ਨਾਲ ਹੋਣ ਦੀ ਗੱਲ ਕਰਦੀ ਹੈ ਤਾਂ ਉਸ ਦਾ ਕੀ ਮਤਲਬ ਹੈ? ਕੀ ਸਰੀਰਕ ਤੌਰ 'ਤੇ ਇਕੱਠੇ ਹੋਣ ਦਾ ਮਤਲਬ ਸਿਰਫ਼ ਸੌਣਾ ਹੀ ਹੈ? ਇਹ ਅੰਗਰੇਜ਼ੀ ਦੀ ਮੁਹਾਵਰੇ ਵਾਲੀ ਵਰਤੋਂ ਵੀ ਹੋ ਸਕਦੀ ਹੈ।
ਇਹ ਵੀ ਸੰਭਵ ਹੈ ਕਿ ਅਜਿਹਾ ਨਾ ਹੋਵੇ ਅਤੇ ਇਸਦਾ ਮਤਲਬ ਉਹੀ ਹੈ ਜੋ ਟ੍ਰੋਲ ਕਹਿ ਰਹੇ ਹਨ।
ਫਿਰ ਵੀ ਵੱਡਾ ਸਵਾਲ ਇਹ ਹੈ ਕਿ ਔਰਤ ਦੇ ਸਰੀਰ 'ਤੇ ਕਿਸ ਦਾ ਹੱਕ ਹੋਵੇਗਾ? ਕੌਣ ਤੈਅ ਕਰੇਗਾ ਕਿ ਔਰਤ ਆਪਣੇ ਸਰੀਰ ਨਾਲ ਕੀ ਕਰੇਗੀ? ਕੀ ਇਸ ਦਾ ਫ਼ੈਸਲਾ ਸੋਸ਼ਲ ਮੀਡੀਆ ਦੇ ਮਰਦਾਨਾ ਟ੍ਰੋਲ ਕਰਨਗੇ?
ਕੀ ਇਹ ਗ਼ਲਤ ਹੈ ਜੇ ਕੋਈ ਕੁੜੀ ਤਿੰਨ-ਚਾਰ ਮੁੰਡਿਆਂ ਵਿੱਚੋਂ ਆਪਣੇ ਲਈ ਵਧੀਆ ਸਾਥੀ ਲੱਭ ਰਹੀ ਹੈ? ਜਦੋਂ ਵਿਆਹ ਤੈਅ ਕੀਤੇ ਜਾਂਦੇ ਹਨ, ਕੀ ਮੁੰਡੇ ਆਪਣੀ ਕੁੰਡਲੀ, ਪਰਿਵਾਰਕ ਇਤਿਹਾਸ ਅਤੇ ਪੈਸੇ ਨੂੰ ਦੇਖ ਕੇ ਕਈਆਂ ਵਿੱਚੋਂ ਇੱਕ ਕੁੜੀ ਨਹੀਂ ਚੁਣਦੇ?
ਇੱਥੇ ਮਸਲਾ ਸਿਰਫ਼ ਚੋਣ ਦਾ ਨਹੀਂ ਹੈ। ਮਸਲਾ ਜਿਨਸੀ ਸ਼ੁੱਧਤਾ ਦਾ ਹੈ। ਮੁੱਦਾ ਜਿਨਸੀ ਸਬੰਧਾਂ ਦਾ ਹੈ।

ਤਸਵੀਰ ਸਰੋਤ, EPA
ਔਰਤਾਂ ਦੀ ਜਿਨਸੀ ਆਜ਼ਾਦੀ ਨੇ ਮਰਦਾਨਾ ਸਮਾਜ ਨੂੰ ਹਮੇਸ਼ਾ ਡਰਾਇਆ ਹੈ। ਉਹ ਇਹ ਇੱਛਾ ਰੱਖਦਾ ਹੈ ਕਿ ਸਰੀਰ ਔਰਤ ਦਾ ਹੋਵੇ, ਪਰ ਇਸ 'ਤੇ ਕਬਜ਼ਾ ਜਾਂ ਮਲਕੀਅਤ ਮਰਦ ਦੀ ਹੋਵੇ।
ਇਸੇ ਲਈ ਜਦੋਂ ਕੋਈ ਕੁੜੀ ਜਾਂ ਔਰਤ ਕਈ ਮਰਦਾਂ ਨਾਲ ਦੋਸਤੀ ਦੀ ਗੱਲ ਕਰਦੀ ਹੈ ਤਾਂ ਉਸ ਦੇ ਕੰਨ ਖੜ੍ਹੇ ਹੋ ਜਾਂਦੇ ਹਨ ਅਤੇ ਉਹ ਹਵਲਦਾਰੀ ਕਰਨ ਲੱਗਦਾ ਹੈ।
ਕੀ ਇਸ ਚੋਣ ਦੌਰਾਨ ਲੜਕੀ ਨੇ ਸਰੀਰਕ ਸਬੰਧ ਬਣਾਏ ਸਨ? ਇਹੀ, ਪਿੱਤਰਸੱਤਾ ਨੂੰ ਚੁਣੌਤੀ ਦੇਣਾ ਲੱਗਦਾ ਹੈ ਅਤੇ ਇਸ ਨੂੰ ਪਰੇਸ਼ਾਨ ਕਰਦਾ ਹੈ। ਉਹ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦਾ।
ਇੱਕ ਔਰਤ ਦੇ ਜਿਨਸੀ ਜੀਵਨ ਅਤੇ ਇੱਕ ਮਰਦ ਦੇ ਜਿਨਸੀ ਜੀਵਨ ਨੂੰ ਇੱਕੋ ਪੈਮਾਨੇ 'ਤੇ ਨਹੀਂ ਤੋਲਿਆ ਜਾਂਦਾ ਹੈ।
ਔਰਤ ਦੀ ਇੱਜ਼ਤ, ਸਨਮਾਨ, ਚਰਿੱਤਰ ਸਭ ਕੁਝ ਉਸ ਦੇ ਜਿਨਸੀ ਜੀਵਨ ਵਿੱਚ ਸਮੇਟ ਦਿੱਤਾ ਜਾਂਦਾ ਹੈ। ਦੀਪਿਕਾ ਨਾਲ ਵੀ ਅਜਿਹਾ ਹੀ ਹੋਇਆ।
ਮਰਦਾਨਾ ਟ੍ਰੋਲ ਸਮਾਜ ਅਸਲ ਵਿੱਚ ਦੀਪਿਕਾ ਦੀਆਂ ਗੱਲਾਂ ਤੋਂ ਡਰ ਗਿਆ। ਇੱਕ ਅਣਜਾਣ ਡਰ ਉਸ ਨੂੰ ਸਤਾਉਣ ਲੱਗਾ।
ਜੇਕਰ ਕੁੜੀਆਂ ਆਪਣੇ ਜਿਨਸੀ ਅਧਿਕਾਰਾਂ ਅਤੇ ਆਜ਼ਾਦੀ ਦੀ ਬੇਖ਼ੌਫ਼ ਵਰਤੋਂ ਕਰਨ ਲੱਗ ਜਾਣ ਤਾਂ ਕੀ ਹੋਵੇਗਾ? ਜੇ ਕੁੜੀਆਂ ਨੇ ਆਪਣੀ ਜ਼ਿੰਦਗੀ ਵਿੱਚ ਅਜਿਹਾ ਕੀਤਾ ਤਾਂ ਕੀ ਹੋਵੇਗਾ?… ਤਾਂ ਇਹ ਵੀ ਇੱਕ ਡਰੀ ਹੋਈ ਪਿਤਰਸੱਤਾ ਦਾ ਪ੍ਰਤੀਕਰਮ ਹੈ।

ਤਸਵੀਰ ਸਰੋਤ, ANI
ਟਰੋਲਸ ਦੀ ਮਰਦਾਨਗੀ
ਇੱਕ ਹੋਰ ਦਿਲਚਸਪ ਗੱਲ ਟ੍ਰੋਲਸ ਵੱਲੋਂ ਹੋਈ। ਜਦੋਂ ਦੀਪਿਕਾ ਪਾਦੂਕੋਣ ਆਪਣੀ ਜ਼ਿੰਦਗੀ ਅਤੇ ਰਿਸ਼ਤਿਆਂ ਬਾਰੇ ਗੱਲ ਕਰ ਰਹੀ ਸੀ ਤਾਂ ਰਣਵੀਰ ਉਸ ਦੇ ਕੋਲ ਬੈਠੇ ਸਨ।
ਤਾਂ ਕਈਆਂ ਨੇ ਰਣਵੀਰ ਦਾ ਮਨ ਵੀ ਪੜ੍ਹ ਲਿਆ। ਉਨ੍ਹਾਂ ਨੇ ਗੱਲਬਾਤ ਦੇ ਵੀਡੀਓ ਵਿੱਚ ਰਣਵੀਰ ਦੇ ਚਿਹਰੇ ਦੇ ਹਾਵ-ਭਾਵ ਵਿੱਚ ਬੇਚੈਨੀ, ਹੈਰਾਨੀਅਤ ਅਤੇ ਨਾਪਸੰਦ ਵੀ ਦੇਖ ਲਈ।
ਇੰਨਾ ਹੀ ਨਹੀਂ, ਟ੍ਰੋਲਸ ਦੇ ਇੱਕ ਤਬਕੇ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਰਣਵੀਰ ਇਹ ਸਭ ਸੁਣ ਰਹੇ ਹਨ, ਉਹ 'ਜੋਰੂ ਦੇ ਗ਼ੁਲਾਮ' ਹਨ।
ਯਾਨਿ ਕਿ ਮਰਦ ਆਪਣੀ ਮਹਿਲਾ ਸਾਥੀ ਦੀ ਪਿਛਲੀ ਦੋਸਤਾਨਾ ਜ਼ਿੰਦਗੀ ਬਾਰੇ ਸੁਣ ਕੇ ਚੁੱਪ ਕਿਵੇਂ ਰਹਿ ਸਕਦਾ ਹੈ? ਇੱਕ ਅਸਲੀ ਮਰਦ ਇਹ ਸਭ ਕਿਵੇਂ ਬਰਦਾਸ਼ਤ ਕਰ ਸਕਦਾ ਹੈ?
ਇਹ ਤਾਂ ‘ਮਰਦਾਨਗੀ ਦੀਆਂ ਕਦਰਾਂ-ਕੀਮਤਾਂ’ ਦੇ ਵਿਰੁੱਧ ਗੱਲ ਹੈ। ਉਸ ਨੂੰ ਤਾਂ ਆਪਣੀ ਮਹਿਲਾ ਸਾਥੀ ਨੂੰ ਸਬਕ ਸਿਖਾਉਣਾ ਚਾਹੀਦਾ ਹੈ।
ਜੇਕਰ ਕੋਈ ਮਰਦ ਅਜਿਹਾ ਨਹੀਂ ਕਰਦਾ ਅਤੇ ਆਪਣੇ ਦੋਸਤ ਨੂੰ ਇੰਨੀ ਖੁੱਲ੍ਹ ਦਿੰਦਾ ਹੈ ਕਿ ਖੁੱਲ੍ਹ ਕੇ ਆਪਣੀ ਗੱਲ ਕਹਿ ਸਕੇ, ਆਪਣੇ ਮਰਦ ਦੋਸਤਾਂ ਬਾਰੇ ਜਾਂ ਪੁਰਾਣੀਆਂ ਦੋਸਤੀਆਂ ਬਾਰੇ ਗੱਲ ਕਰ ਸਕੇ ਤਾਂ ਟ੍ਰੋਲਸ ਦੀ ਨਜ਼ਰ ਵਿੱਚ ਉਹ ਅਸਲੀ ਆਦਮੀ ਨਹੀਂ, ਸਗੋਂ 'ਜੋਰੂ' ਦਾ ਗ਼ੁਲਾਮ ਹੈ।

ਤਸਵੀਰ ਸਰੋਤ, Getty Images
ਆਪਣੇ ਦਿਮਾਗ਼ ਦੀ ਵਰਤੋਂ ਕਰਦੀਆਂ ਕੁੜੀਆਂ
ਇਸ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਬੋਲਦੀ ਹੋਈ... ਆਪਣੇ ਦਿਮਾਗ਼ ਤੋਂ ਬੋਲਦੀ ਹੋਈ ਕੁੜੀ ਜਾਂ ਔਰਤ ਪਸੰਦ ਨਹੀਂ ਹੈ। ਉਸ ਦਾ ਬੋਲਣਾ ਮਰਦਾਨਾ ਸਮਾਜ ਨੂੰ ਅਪਮਾਨ ਲੱਗਦਾ ਹੈ।
ਦੀਪਿਕਾ ਅਕਸਰ ਆਪਣੇ ਮਨ ਦੀ ਗੱਲ ਕਰਦੀ ਹੈ। ਆਪਣੇ ਮਨ ਦੀ ਕਰਦੀ ਹੈ। ਉਨ੍ਹਾਂ ਨੂੰ ਕੋਈ ਪਰਵਾਹ ਨਹੀਂ ਕਿ ਲੋਕ ਕੀ ਕਹਿਣਗੇ।
ਇੱਥੇ ਇਹ ਯਾਦ ਕਰਾਉਣਾ ਬੇਲੋੜਾ ਨਹੀਂ ਹੋਵੇਗਾ ਕਿ ਇੱਕ ਦਿਨ ਦੀਪਿਕਾ ਜੇਐੱਨਯੂ ਦੇ ਵਿਦਿਆਰਥੀਆਂ ਦੇ ਅੰਦੋਲਨ ਨੂੰ ਚੁੱਪਚਾਪ ਸਮਰਥਨ ਦੇਣ ਪਹੁੰਚੀ ਸੀ।
ਉਸ ਸਮੇਂ ਵੀ ਉਨ੍ਹਾਂ ਨੂੰ ਕਾਫੀ ਟ੍ਰੋਲ ਕੀਤਾ ਗਿਆ ਸੀ। ਇਸ ਵਾਰ ਵੀ ਆਪਣੇ ਵਿਚਾਰ ਪ੍ਰਗਟ ਕਰਨ ਕਾਰਨ ਅਜਿਹਾ ਹੀ ਹੋਇਆ।
ਬਿਹਤਰ ਹੋਵੇਗਾ ਕਿ ਮਰਦ ਔਰਤਾਂ ਦੇ ਜੀਵਨ ਵਿੱਚ ਝਾਕਣ ਦੀ ਆਦਤ ਛੱਡ ਦੇਣ। ਉਨ੍ਹਾਂ ਨੂੰ ਸੁਣਨ ਦੀ ਆਦਤ ਪਾ ਲੈਣ।
ਉਨ੍ਹਾਂ ਨੂੰ ਮਹਿਜ਼ ਇੱਕ ਸਰੀਰ ਅਤੇ ਇੱਕ ਜਿਨਸੀ ਸਰੀਰ ਸਮਝਣਾ ਬੰਦ ਕਰਨ। ਬਸ ਇੰਨਾ ਕਰਨ। ਇਸ ਨਾਲ ਬਹੁਤ ਸਾਰੀਆਂ ਚੀਜ਼ਾਂ ਠੀਕ ਹੋ ਜਾਣਗੀਆਂ।












