ਚੀਨੀ ਔਰਤਾਂ ਪੈਸੇ ਬਚਾਉਣ ਲਈ ਕਿਵੇਂ ਅਣਜਾਣ ਲੋਕਾਂ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ, ਇਹ ਕਿੰਨਾਂ ਕਾਮਯਾਬ ਹੈ

ਕੈਥੀ ਜ਼ੂਓ

ਤਸਵੀਰ ਸਰੋਤ, Xiao Zhuo

ਤਸਵੀਰ ਕੈਪਸ਼ਨ, ਕੈਥੀ ਜ਼ੂਓ ਦੇ ਦੋ ਬੱਚੇ ਉਨ੍ਹਾਂ ’ਤੇ ਨਿਰਭਰ ਹਨ। ਉਨ੍ਹਾਂ ਦੇ ਪਰਿਵਾਰ ਦੀ ਵਿੱਤੀ ਹਾਲਤ ਖ਼ਾਰਾਬ ਹੋ ਰਹੀ ਸੀ।
    • ਲੇਖਕ, ਸਿਲਵੀਆ ਸ਼ੈਂਗ
    • ਰੋਲ, ਬੀਬੀਸੀ ਪੱਤਰਕਾਰ

ਕੋਵਿਡ ਮਹਾਂਮਾਰੀ ਦੌਰਾਨ ਕੈਥੀ ਜ਼ੂਓ ਅਤੇ ਉਨ੍ਹਾ ਦੇ ਪਤੀ ਨੂੰ 50 ਫ਼ੀਸਦ ਤੱਕ ਤਨਖਾਹ ਵਿੱਚ ਕਟੌਤੀ ਲਈ ਮਜ਼ਬੂਰ ਕੀਤਾ ਗਿਆ ਸੀ।

ਇਹ ਬਹੁਤ ਵੱਡਾ ਝਟਕਾ ਸੀ ਕਿਉਂਕਿ ਉਨ੍ਹਾਂ ਨੂੰ ਆਪਣੀ ਮਾਂ ਦੀ ਦੇਖਭਾਲ ਵੀ ਕਰਨੀ ਪੈਂਦੀ ਸੀ। ਮਾਂ ਬੀਤੇ ਪੰਜਾਂ ਸਾਲਾਂ ਤੋਂ ਕੈਂਸਰ ਪੀੜਤ ਸੀ।

“ਸਾਡੇ ਕੋਲ ਹਰ ਸਾਲ ਮੁਸ਼ਕਿਲ ਨਾਲ ਥੋੜ੍ਹੇ ਜਿਹੇ ਪੈਸੇ ਬਚਦੇ ਸਨ।

ਦੱਖਣੀ ਚੀਨ ਦੇ ਇੱਕ ਸੂਬੇ ਫੁਜਿਆਨ ਵਿੱਚ ਰਹਿਣ ਵਾਲੀ 36 ਸਾਲਾ ਜ਼ੂਓ ਕਹਿੰਦੇ ਹਨ, “ਮੈਂ ਅਸੁਰੱਖਿਅਤ ਮਹਿਸੂਸ ਕਰ ਰਹੀ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਕੀ ਕਰਨਾ ਹੈ।”

ਜ਼ੂਓ ਦੇ ਦੋ ਬੱਚੇ ਵੀ ਉਨ੍ਹਾਂ ’ਤੇ ਨਿਰਭਰ ਹਨ। ਉਨ੍ਹਾਂ ਦੇ ਪਰਿਵਾਰ ਦੀ ਵਿੱਤੀ ਹਾਲਤ ਖ਼ਾਰਾਬ ਹੋ ਰਹੀ ਸੀ।

ਚੀਨ ਬਾਜ਼ਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੀਨ ਵਿੱਚ ਅਕਸਰ ਔਰਤਾਂ ਘਰ ਦੇ ਕੰਮ ਦੀ ਜ਼ਿੰਮੇਵਾਰੀ ਚੁੱਕਦੀਆਂ ਹਨ।

ਲਾਕਡਾਊਨ ਦੌਰਾਨ ਜ਼ੂਓ ਵਿੱਚ ਆਏ ਬਦਲਾਅ

ਇਸ ਦੌਰਾਨ ਜ਼ੂਓ ਨੌਜਵਾਨ ਚੀਨੀ ਲੋਕਾਂ ਦੇ ਆਨਲਾਈਨ ਕਾਰੋਬਾਰੀ ਸਾਥੀਆਂ ਸਬੰਧੀ ਰੁਝਾਨ ਵੱਧ ਰਿਹਾ ਸੀ। ਜ਼ੂਓ ਵੀ ਅਜਿਹਾ ਕਰਨ ਲਈ ਪ੍ਰੇਰਿਤ ਹੋ ਗਏ।

ਪਰ ਇਕੱਠੇ ਸਫ਼ਰ ਕਰਨ ਜਾਂ ਕਸਰਤ ਕਰਨ ਦੀ ਬਜਾਇ ਉਨ੍ਹਾਂ ਨੇ ਅਜਿਹੇ ਲੋਕਾਂ ਨਾਲ ਮਿਲ ਕੇ ਕੰਮ ਕਰਨਾ ਸ਼ੁਰੂ ਕੀਤਾ ਜੋ ਪੈਸੇ ਦੀ ਬਚਤ ਬਾਰੇ ਸੁਝਾਅ ਸਾਂਝੇ ਕਰਨਾ ਚਾਹੁੰਦੇ ਸਨ।

ਹੈਸ਼ਟੈਗ ‘ਸੇਵਿੰਗ ਦਾ ਜ਼ੀ’ ਪਹਿਲੀ ਵਾਰ ਫਰਵਰੀ 2023 ਵਿੱਚ ਚੀਨ ਵਿੱਚ ਸ਼ੀਆਹੂੰਗਸ਼ੂ (ਚੀਨ ਦੀ ਇੰਸਟਾਗ੍ਰਾਮ ਦੀ ਤਰਜ਼ ’ਤੇ ਬਣੀ ਸਾਈਟ) 'ਤੇ ਦੇਖਿਆ ਗਿਆ ਸੀ।

ਡਾਟਾ ਵਿਸ਼ਲੇਸ਼ਣ ਫਰਮ ਨਿਊਜ਼ਰੈਂਕ ਦੇ ਮੁਤਾਬਕ ਹੁਣ ਤੱਕ ਇਸਨੂੰ 17 ਲੱਖ ਵਿਊ ਮਿਲ ਚੁੱਕੇ ਹਨ।

ਇਸ ’ਤੇ ਇੱਕ ਐਪੀਸੋਡ ਹੈ, ਵੈਬੋ 'ਤੇ ਅਖੌਤੀ ਬਚਤ ਭਾਈਵਾਲਾਂ ਬਾਰੇ ਇਸ ਨੂੰ ਲੱਖਾਂ ਵਾਰ ਦੇਖਿਆ ਗਿਆ ਹੈ।

ਮੋਬਾਇਲ ਐਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੀਨ ਵਿੱਚ ਵੱਡੀ ਗਿਣਤੀ ਲੋਕ ਮੋਬਾਇਲ ਐਪਸ ਜ਼ਰੀਏ ਪੈਸਿਆਂ ਦਾ ਲੈਣ-ਦੇਣ ਕਰਦੇ ਹਨ।

ਚੀਨੀ ਲੋਕਾਂ ਦੇ ਆਰਥਿਕ ਹਾਲਾਤ

ਸਿੰਗਾਪੁਰ ਦੀ ਨੈਸ਼ਨਲ ਯੂਨੀਵਰਸਿਟੀ ਦੇ ਪਬਲਿਕ ਪਾਲਿਸੀ ਦੇ ਪ੍ਰੋਫੈਸਰ ਲੂ ਜ਼ੀ ਦਾ ਕਹਿਣਾ ਹੈ ਕਿ ਇਹ ਰੁਝਾਨ ‘ਭਵਿੱਖ ਵਿੱਚਲੀ ਸੰਭਾਵਿਤ ਆਰਥਿਕ ਸਥਿਤੀ ਬਾਰੇ ਘੱਟ ਵਿਸ਼ਵਾਸ’ ਨੂੰ ਦਰਸਾਉਂਦਾ ਹੈ।

ਭਾਵੇਂ ਚੀਨੀ ਅਰਥਵਿਵਸਥਾ ਪਹਿਲੀ ਤਿਮਾਹੀ ਵਿੱਚ ਉਮੀਦ ਨਾਲੋਂ ਤੇਜ਼ੀ ਨਾਲ ਵਧੀ ਹੈ। ਪਰ ਇਹ ਅਜੇ ਵੀ ਇੱਕ ਡੂੰਘੇ ਹੁੰਦੇ ਸੰਪਤੀ ਸੰਕਟ, ਵਿਦੇਸ਼ੀ ਨਿਵੇਸ਼ ਵਿੱਚ ਗਿਰਾਵਟ ਅਤੇ ਸਥਾਨਕ ਸਰਕਾਰਾਂ ’ਤੇ ਵੱਧਦੇ ਕਰਜ਼ੇ ਦਾ ਸਾਹਮਣਾ ਕਰ ਰਹੀ ਹੈ।

ਜ਼ੂਓ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦੇ ਹਨ ਕਿ ਉਹ ਸਵੱਛ ਊਰਜਾ ਖੇਤਰ ਵਿੱਚ ਕੰਮ ਕਰ ਰਹੇ ਹਨ। ਇੱਕ ਵਿਸਤ੍ਰਿਤ ਉਦਯੋਗ ਜਿਸ ਨੇ ਪਿਛਲੇ ਸਾਲ ਦੇਸ਼ ਦੇ ਆਰਥਿਕ ਵਿਕਾਸ ਵਿੱਚ ਤਕਰੀਬਨ 40 ਫ਼ੀਸਦ ਯੋਗਦਾਨ ਪਾਇਆ ਹੈ।

ਹਾਲਾਂਕਿ, ਉਹ ਆਉਣ ਵਾਲੇ ਖ਼ਤਰਿਆਂ ਲਈ ਤਿਆਰ ਰਹਿਣ ਬਾਰੇ ਗੰਭੀਰ ਹਨ। ਕਿਉਂਕਿ ਉਨ੍ਹਾਂ ਦੇ ਬਹੁਤ ਸਾਰੇ ਦੋਸਤ ਅਤੇ ਪਰਿਵਾਰ ਦੇ ਕਈ ਮੈਬਰ ਨੌਕਰੀਆਂ ਗੁਆ ਰਹੇ ਹਨ।

ਔਰਤਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਔਰਤਾਂ ਦਾ ਕਹਿਣਾ ਹੈ ਕਿ ਘਰ ਦੇ ਰੋਜ਼ਾਨਾਂ ਖ਼ਰਚਿਆਂ ਤੋਂ ਬਾਅਦ ਬਚਤ ਨਹੀਂ ਹੁੰਦੀ

ਮਿਲ ਕੇ ਬਚਤ ਕਰਨਾ

ਇਸ ਸਾਲ ਫਰਵਰੀ ਵਿੱਚ ਜ਼ੂਓ ਕਈ ਆਨਲਾਈਨ ਸੇਵਿੰਗ ਗਰੁੱਪਾਂ ਵਿੱਚ ਸ਼ਾਮਲ ਹੋਏ। ਇਨ੍ਹਾਂ ਗਰੁੱਪਾਂ ਦੇ ਜ਼ਿਆਦਾਤਰ ਮੈਂਬਰ 20 ਤੋਂ 40 ਦੀ ਉਮਰ ਦੇ ਵਿਚਕਾਰਲੀਆਂ ਔਰਤਾਂ ਸਨ।

ਹਰ ਰੋਜ਼, ਉਹ ਆਪਣੇ ਬਜਟ ਅਤੇ ਖਰਚਿਆਂ ਦਾ ਰਿਕਾਰਡ ਰੱਖਦੀਆਂ। ਉਹ ਇੱਕ ਦੂਜੇ ਨੂੰ ਬੇਲੋੜੀ ਤੇ ਅਚਾਨਕ ਖਰੀਦਦਾਰੀ ਕਰਨ ਤੋਂ ਰੋਕਣ ਵਿੱਚ ਵੀ ਮਦਦ ਕਰਦੇ ਹਨ।

ਜ਼ੂਓ ਦਾ ਕਹਿਣਾ ਹੈ ਕਿ ਇੱਕ ਮੈਂਬਰ ਇੱਕ ਲਗਜ਼ਰੀ ਬੈਗ ਖਰੀਦਣ ਲਈ ਲਲਚਾ ਰਹੀ ਸੀ, ਜਿਸਦੀ ਕੀਮਤ 5,000 ਯੂਆਨ ਸੀ ਪਰ ਗਰੁੱਪ ਦੀਆਂ ਹੋਰ ਔਰਤਾਂ ਨਾਲ ਗੱਲ ਕਰਨ ਤੋਂ ਬਾਅਦ ਉਹ ਇੱਕ ਬਹੁਤ ਸਸਤੇ ਅਤੇ ਸੈਕਿੰਡ ਹੈਂਡ ਬੈਗ ਲਈ ਤਿਆਰ ਹੋ ਗਈ ਸੀ।

ਉਹ ਹੈਰਾਨ ਹੈ ਕਿ ਕਈ ਹੋਰ ਵੀ ਅਜਿਹਾ ਹੀ ਕਰ ਰਹੇ ਹਨ ਅਤੇ ਕਹਿੰਦੇ ਹਨ ਕਿ ਉਹ ਆਪਣੇ ਬਚਤ ਕਰਨ ਵਾਲੇ ਸਾਥੀਆਂ ਨਾਲ ਦੋਸਤੀ ਦੀ ਭਾਵਨਾ ਮਹਿਸੂਸ ਕਰਦੀ ਹੈ।

ਇਹ ਦੱਸਦੇ ਹਨ ਕਿ ਇੱਕ ਸਾਥੀ ਨਾਲ ਟੀਮ ਬਣਾਉਣ ਦੇ ਇੱਕ ਮਹੀਨੇ ਬਾਅਦ ਉਨ੍ਹਾਂ ਦੇ ਖ਼ਰਚੇ ਵਿੱਚ 40 ਫ਼ੀਸਦ ਤੱਕ ਕਮੀ ਆਈ ਹੈ। ਉਨ੍ਹਾਂ ਦਾ ਹੁਣ ਇਸ ਸਾਲ 100,000 ਯੂਆਨ ਬਚਾਉਣ ਦਾ ਟੀਚਾ ਹੈ।

30 ਸਾਲਾ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਵੇਨ ਝੌਂਗ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਬੱਚਤ ਸਾਥੀਆਂ ਦੀ ਮਦਦ ਨਾਲ ਆਪਣੀ ਆਨਲਾਈਨ ਖਰੀਦਦਾਰੀ ਬੰਦ ਕਰ ਦਿੱਤੀ ਹੈ।

ਇਸ ਦੀ ਬਜਾਇ ਉਹ ਹੁਣ ਪੜ੍ਹਨ ਅਤੇ ਬੁਣਨ ਵਿੱਚ ਜ਼ਿਆਦਾ ਸਮਾਂ ਬਿਤਾਉਂਦੀ ਹੈ।

ਉਨ੍ਹਾਂ ਨੇ ਇੱਕ ਸਥਾਨਕ ਬਾਜ਼ਾਰ ਵਿੱਚ ਆਪਣੇ ਹੱਥ ਨਾਲ ਬਣੇ ਉਤਪਾਦ ਵੇਚਣੇ ਵੀ ਸ਼ੁਰੂ ਕਰ ਦਿੱਤੇ ਹਨ, ਜਿਸ ਨਾਲ ਵਾਧੂ ਆਮਦਨ ਹੋ ਜਾਂਦੀ ਹੈ।

ਸਭ ਤੋਂ ਅਹਿਮ ਗੱਲ ਇਹ ਹੈ ਕਿ ਵੇਨ ਕਹਿੰਦੇ ਹਨ ਕਿ ਇਸ ਨੇ ਉਨ੍ਹਾਂ ਨੂੰ ਥੋੜੇ ਵਿੱਚ ਸਾਰ ਸਕਣ ਵਾਲੀ ਜੀਵਨ ਸ਼ੈਲੀ ਵੱਲ ਪ੍ਰੇਰਿਤ ਕੀਤਾ ਹੈ।

ਚੀਨ ਪਹਿਲਾਂ ਹੀ ਦੁਨੀਆਂ ਵਿੱਚ ਸਭ ਤੋਂ ਵੱਧ ਬੱਚਤ ਦਰਾਂ ਵਿੱਚੋਂ ਇੱਕ ਹੈ। ਅਧਿਕਾਰਤ ਅੰਕੜੇ ਦਰਸਾਉਂਦੇ ਹਨ ਕਿ 2023 ਵਿੱਚ ਦੇਸ਼ ਦੇ ਪਰਿਵਾਰਾਂ ਨੇ ਬੈਂਕ ਵਿੱਚ ਤਕਰੀਬਨ 138 ਕਰੋੜ ਯੂਆਨ ਆਪਣੇ ਬੱਚਤ ਖਾਤਿਆਂ ਵਿੱਚ ਜਮ੍ਹਾਂ ਕਰਵਾਏ ਸਨ, ਜੋ ਉਸ ਤੋਂ ਇੱਕ ਸਾਲ ਪਹਿਲਾਂ ਨਾਲੋਂ ਲਗਭਗ 14 ਫ਼ੀਸਦੀ ਵੱਧ ਹੈ।

ਨਕਦ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲੋਕ ਘਰਾਂ ਵਿੱਚ ਨਕਦ ਪੈਸੇ ਰੱਖਣ ਨੂੰ ਤਰਜ਼ੀਹ ਦਿੰਦੇ ਹਨ।

ਮਾਹਰਾਂ ਨੂੰ ਕੀ ਚਿੰਤਾ ਹੈ

ਪਰ ਡਾਕਟਰ ਲੂ ਦਾ ਕਹਿਣਾ ਹੈ ਕਿ ਇਹ ਉੱਚ ਪੱਧਰੀ ਬੱਚਤ ਚੀਨੀ ਸਰਕਾਰ ਲਈ ਵੱਡੀ ਸਮੱਸਿਆ ਸਾਬਤ ਹੋ ਸਕਦੀ ਹੈ।

ਆਮ ਤੌਰ 'ਤੇ ਦੇਸ਼ ਦਾ ਕੇਂਦਰੀ ਬੈਂਕ ਵਿਆਜ ਦਰਾਂ ਵਿੱਚ ਕਟੌਤੀ ਕਰਕੇ ਆਰਥਿਕਤਾ ਨੂੰ ਹੁਲਾਰਾ ਦੇਣ ਵਿੱਚ ਮਦਦ ਕਰ ਸਕਦਾ ਹੈ ਕਿਉਂਕਿ ਇਸ ਨਾਲ ਲੋਕ ਬਚਤ ਵੱਲ ਘੱਟ ਆਕਰਸ਼ਕ ਹੁੰਦੇ ਹਨ।

ਹਾਲਾਂਕਿ, ਜੇਕਰ ਲੋਕ ਖਰਚ ਕਰਨ ਤੋਂ ਬਚਦੇ ਰਹਿੰਦੇ ਹਨ ਅਤੇ ਇਸ ਦੀ ਬਜਾਇ ਆਪਣੇ ਪੈਸੇ ਦੀ ਬਚਤ ਕਰਦੇ ਹਨ ਤਾਂ ਇਹ ਬੈਂਕ ਦੀ ਅਰਥਵਿਵਸਥਾ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਨੂੰ ਘਟਾ ਸਕਦਾ ਹੈ।

ਇਸ ਦੌਰਾਨ, ਕੁਝ ਔਰਤਾਂ ਨੇ ਇੱਕ ਵਧੇਰੇ ਰਵਾਇਤੀ ਬੱਚਤ ਵਿਧੀ ਨੂੰ ਚੁਣਿਆ ਹੈ ਜਿਸ ਵਿੱਚ ਪਹਿਲਾ ਤਰੀਕਾ ਹੈ ਖਰਚ ਕਰਨ ਲਈ ਘਰ ਵਿੱਚ ਨਕਦ ਰੱਖਣਾ।

ਚੀਨ ਵਿੱਚ ਇਹ ਕੁਝ ਅਸਾਧਾਰਨ ਹੈ ਕਿਉਂਕਿ ਚੀਨ ਵੱਡੇ ਪੱਧਰ 'ਤੇ ਕੈਸ਼ਲੈਸ ਯਾਨੀ ਨਕਦ ਰਹਿਤ ਹੋ ਗਿਆ ਹੈ ਅਤੇ ਬਹੁਤ ਸਾਰੇ ਲੋਕ ਅਲੀਪੇਅ ਅਤੇ ਵੂਈਚੈਟ ਪੇਅ ਵਰਗੀਆਂ ਐਪਾਂ ਦੀ ਵਰਤੋਂ ਕਰਦੇ ਹਨ।

ਸ਼ੈਨ

ਤਸਵੀਰ ਸਰੋਤ, Handout

ਤਸਵੀਰ ਕੈਪਸ਼ਨ, ਸ਼ੈਨ ਨੂੰ ਲ਼ੱਗਦਾ ਹੈ ਕਿ ਉਨ੍ਹਾਂ ਦੇ ਪਰਿਵਾਰ ਨੂੰ ਘੱਟੋ-ਘੱਟ 50 ਲੱਖ ਯੂਆਨ ਦੀ ਲੋੜ ਹੈ

ਰੋਜ਼ ਦੀਆਂ ਲੋੜਾਂ ਪੂਰੀਆਂ ਕਰਨ ਦੀ ਚੁਣੌਤੀ

32 ਸਾਲ ਸ਼ੈਨ ਕੇਂਦਰੀ ਸੂਬੇ ਹੇਨਾਨ ਵਿੱਚ ਇੱਕ ਬਿਊਟੀ ਪਾਰਲਰ ਚਲਾਉਂਦੇ ਹਨ। ਉਨ੍ਹਾਂ ਕਿਹਾ ਕਿ ਉਹ ਹਰ ਮਹੀਨੇ ਬੈਂਕ ਤੋਂ ਆਪਣੀ ਜ਼ਿਆਦਾਤਰ ਆਮਦਨ ਕਢਵਾ ਲੈਂਦੇ ਹਨ ਅਤੇ ਇਸਨੂੰ ਇੱਕ ਬਕਸੇ ਵਿੱਚ ਰੱਖ ਦਿੰਦੀ ਹੈ।

ਇੱਕ ਵਾਰ ਜਦੋਂ ਇਹ 50,000 ਯੁਆਨ ਤੱਕ ਪਹੁੰਚ ਜਾਂਦਾ ਹੈ ਤਾਂ ਉਹ ਇਸਨੂੰ ਇੱਕ ਫਿਕਸਡ ਡਿਪਾਜ਼ਿਟ ਵਜੋਂ ਬੈਂਕ ਵਿੱਚ ਜਮਾਂ ਕਰਵਾ ਦਿੰਦੀ ਹੈ।

ਉਹ ਕਹਿੰਦੇ ਹਨ, "ਬੀਤੇ ਸਮੇਂ ਵਿੱਚ ਮੇਰੇ ਕੋਲ ਕੋਈ ਬੱਚਤ ਯੋਜਨਾ ਨਹੀਂ ਸੀ ਪਰ ਫਿਰ ਵੀ ਕੁਝ ਪੈਸੇ ਬਚ ਗਏ ਸਨ। ਹੁਣ ਇਹ ਬਚਤ ਕਰਨਾ ਵਧੇਰੇ ਚੁਣੌਤੀਪੂਰਨ ਹੋ ਗਿਆ ਹੈ।"

ਸ਼ੁਰੂਆਤ ਕਰਨ ਵਾਲਿਆਂ ਲਈ ਚੀਨ ਦੀ ਆਰਥਿਕ ਮੰਦੀ ਦਾ ਮਤਲਬ ਹੈ ਕਿ ਉਨ੍ਹਾਂ ਦੇ ਬਿਊਟੀ ਪਾਰਲਰ ’ਤੇ ਆਉਣ ਵਾਲੇ ਗਾਹਕਾਂ ਵਿੱਚ ਕਮੀ ਆਈ ਹੈ। ਬਹੁਤ ਸਾਰੇ ਲੋਕਾਂ ਨੇ ਆਪਣੇ ਖ਼ਰਚਿਆਂ ਵਿੱਚ ਨਿਯਮਿਤ ਕਟੌਤੀ ਕੀਤੀ ਹੈ।

ਸ਼ੈਨ ਅਤੇ ਉਨ੍ਹਾਂ ਦੇ ਪਤੀ ਆਫਣੇ ਇਕਲੌਤੇ ਬੱਚੇ ਨਾਲ ਰਹਿੰਦੇ ਹਨ ਅਤੇ ਉਹ ਆਪਣੇ ਬਜ਼ੁਰਗਾਂ ਦੀ ਦੇਖ-ਭਾਲ ਵੀ ਕਰਦੇ ਹਨ।

ਸ਼ੈਨ ਆਪਣੇ ਬੇਟੇ ਲਈ ਘਰ ਖ਼ਰੀਦਨ ਲਈ ਕਾਫ਼ੀ ਬਚਤ ਕਰ ਰਹੇ ਹਨ।

ਚੀਨ ਵਿੱਚ ਮਾਪੇ ਆਮ ਤੌਰ 'ਤੇ ਆਪਣੇ ਬੇਟੇ ਦੇ ਵਿਆਹ ਸਮੇਂ ਇੱਕ ਘਰ ਖਰੀਦਦੇ ਹਨ।

ਉਨ੍ਹਾਂ ਦੇ ਅੰਦਾਜ਼ੇ ਮੁਤਾਬਕ ਸੈਨ ਅਤੇ ਉਨ੍ਹਾਂ ਦੇ ਪਤੀ ਨੂੰ ਬਚਤ ਵਿੱਚ ਘੱਟੋ ਘੱਟ 50 ਲੱਖ ਯੂਆਨ ਦੀ ਲੋੜ ਹੈ।

ਪਰ ਉਹ ਸੋਚਦੇ ਹਨ ਕਿ ਸ਼ਾਇਦ ਇਹ ਕਾਫ਼ੀ ਨਹੀਂ ਹੋਵੇਗਾ ਕਿਉਂਕਿ ਉਹ ਹੁਣ ਦੁਬਾਰਾ ਗਰਭਵਤੀ ਹੈ।

ਉਹ ਕਹਿੰਦੇ ਹਨ, "ਹੱਥ ਵਿੱਚ ਨਕਦੀ ਹੋਣ ਨਾਲ ਮੈਨੂੰ ਘੱਟ ਚਿੰਤਾ ਮਹਿਸੂਸ ਹੁੰਦੀ ਹੈ।"

"ਨੋਟਾਂ ਦੇ ਢੇਰ ਮੋਟੇ ਅਤੇ ਵੱਧਦੇ ਦੇਖ ਕੇ ਮੈਂ ਸੁਰੱਖਿਅਤ ਅਤੇ ਸੰਤੁਸ਼ਟ ਮਹਿਸੂਸ ਕਰਦਾ ਹਾਂ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)