ਆਸਟ੍ਰੇਲੀਆ ਵਿੱਚ ਲੋਕਾਂ ਨੇ ਜਿਸ ਤਰ੍ਹਾਂ ਦੇ ਜੀਵਨ ਦਾ ਸੁਪਨਾ ਦੇਖਿਆ ਸੀ ਉਹ ਟੁੱਟ ਕਿਉਂ ਗਿਆ ਹੈ

ਆਸਟ੍ਰੇਲੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਸਟ੍ਰੇਲੀਆ ਦੇ ਕਈ ਸ਼ਹਿਰਾਂ ਵਿੱਚ ਇਸ ਬਾਰੇ ਰੋਸ ਮੁਜ਼ਾਹਰਾ ਵੀ ਹੋ ਚੁੱਕਾ ਹੈ
    • ਲੇਖਕ, ਟਿਫਨੀ ਟਰਨਬੁੱਲ
    • ਰੋਲ, ਬੀਬੀਸੀ ਪੱਤਰਕਾਰ

ਜਸਟਿਨ ਡੋਵਸਵੈੱਲ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ 31 ਸਾਲ ਦੀ ਉਮਰ ਵਿੱਚ ਵੀ ਆਪਣੇ ਬਚਪਨ ਵਾਲੇ ਘਰ ਦੇ ਇੱਕ ਕਮਰੇ ਵਿੱਚ ਰਹਿਣਗੇ। ਉਹ ਇਹ ਕਮਰਾ ਵੀ ਹੋਰਾਂ ਨਾਲ ਸਾਂਝਾ ਕਰਦੇ ਹਨ।

ਉਹ ਸਿਡਨੀ ਵਿੱਚ ਇੱਕ ਚੰਗੀ ਤਨਖ਼ਾਹ ਵਾਲੀ ਨੌਕਰੀ ਕਰਦੇ ਸਨ। ਉਹ ਸਿਡਨੀ ਵਿੱਚ ਵੀ ਹੀ ਪਿਛਲੇ ਕਰੀਬ ਇੱਕ ਦਹਾਕੇ ਤੋਂ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ।

ਪਰ ਹਾਲਾਤ ਅਜਿਹੇ ਬਣੇ ਕੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚ ਵੱਡੇ ਬਦਲਾਅ ਲਿਆਉਣੇ ਪਏ। ਉਹ ਹੁਣ ਆਪਣੇ ਮਾਪਿਆਂ ਦੇ ਨਾਲ ਸਿਡਨੀ ਤੋਂ ਦੋ ਘੰਟਿਆਂ ਦੀ ਦੂਰੀ ’ਤੇ ਰਹਿਣ ਲੱਗੇ।

ਉਹ ਕਹਿੰਦੇ ਹਨ, “ਇਹ ਚੰਗਾ ਅਹਿਸਾਸ ਨਹੀਂ ਹੈ, ਪਰ ਇਸ ਦਾ ਬਦਲ ਸੀ ਕਿ ਮੈਂ ਬੇਘਰ ਹੋ ਜਾਂਵਾਂ, ਇਸ ਲਈ ਮੈਂ ਆਪਣੇ ਆਪ ਨੂੰ ਖ਼ੁਸ਼ਕਿਸਮਤ ਸਮਝਦਾ ਹਾਂ।”

ਇਹ “ਗ੍ਰੇਟ ਆਸਟ੍ਰੇਲੀਅਨ ਡ੍ਰੀਮ” (ਆਸਟ੍ਰੇਲੀਆਈ ਲੋਕਾਂ ਦੇ ਸੁਪਨਿਆਂ) ਤੋਂ ਬਹੁਤ ਵੱਖਰਾ ਹੈ।

ਜਿੱਥੇ 'ਅਮਰੀਕੀ ਡ੍ਰੀਮ (ਸੁਪਨਾ)' ਥੋੜ੍ਹਾ ਖਿਆਲੀ ਜਿਹਾ ਹੈ ਕਿ ਕੋਈ ਵੀ ਸਖ਼ਤ ਮਿਹਨਤ ਕਰਕੇ ਸਫ਼ਲ ਹੋ ਸਕਦਾ ਹੈ ਉੱਥੇ ਹੀ ਆਸਟ੍ਰੇਲੀਆਈ ਸੁਪਨਾ ਠੋਸ ਹੈ।

ਆਸਟ੍ਰੇਲੀਆ ਵਿੱਚ ਪਿਛਲੀਆਂ ਕਈ ਪੀੜ੍ਹੀਆਂ ਤੋਂ ਇੱਕ ਚੰਗੇ ਇਲਾਕੇ ਵਿੱਚ ਚੰਗਾ ਘਰ ਲੈਣ ਨੂੰ ਹੀ ਚੰਗੀ ਜ਼ਿੰਦਗੀ ਅਤੇ ਸਫ਼ਲਤਾ ਦਾ ਆਦਰਸ਼ ਚਿੰਨ੍ਹ ਮੰਨਿਆ ਜਾਂਦਾ ਰਿਹਾ ਹੈ।

ਇਹ ਉਹ ਚਾਹ ਹੈ ਜਿਹੜੀ ਕਿ ਇਸ ਮੁਲਕ ਦੀ ਪਛਾਣ ਵੀ ਬਣ ਗਈ ਹੈ ਅਤੇ ਆਧੁਨਿਕ ਆਸਟ੍ਰੇਲੀਆ ਦੀ ਬਣਤਰ ਵਿੱਚ ਵੀ ਇਸ ਦੀ ਭੂਮਿਕਾ ਰਹੀ ਹੈ।

1950ਵਿਆਂ ਵਿੱਚ ਤਥਾ ਕਥਿਤ ‘ਟੈੱਨ ਪਾਊਂਡ ਪੋਮਸ’ ਤੋਂ ਹੁਣ ਤੱਕ।

ਕਈ ਪ੍ਰਵਾਸੀ ਆਸਟ੍ਰੇਲੀਆ ਦੇ ਕਿਨਾਰਿਆਂ ’ਤੇ ਇਸ ਆਸ ਨਾਲ ਪਹੁੰਚਦੇ ਕਿ ਆਸਟ੍ਰੇਲੀਆ ਵੱਲੋਂ ਜਿਸ ਜ਼ਿੰਦਗੀ ਦਾ ਵਾਅਦਾ ਕੀਤਾ ਜਾਂਦਾ ਹੈ ਉਹ ਜਿਉਂ ਸਕਣ ਅਤੇ ਕਈਆਂ ਨੂੰ ਇਹ ਮਿਲਿਆ ਵੀ ਹੈ।

ਪਰ ਮੌਜੂਦਾ ਪੀੜ੍ਹੀ ਦੇ ਮਾਪਿਆਂ ਅਤੇ ਦਾਦਾ ਦਾਦੀਆਂ ਨੂੰ ਜਿਹੜੇ ਸੁਪਨੇ ਦਿਖਾਏ ਗਏ ਸਨ ਉਹ ਪਹੁੰਚ ਤੋਂ ਬਾਹਰ ਹਨ।

ਆਸਟ੍ਰੇਲੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਿਡਨੀ ਵਿੱਚ ਇੱਕ ਔਸਤ ਘਰ ਦਾ ਮੁੱਲ ਇੱਕ ਮਿਲੀਅਨ ਆਸਟ੍ਰੇਲੀਆਈ ਡਾਲਰ ਤੋਂ ਵੱਧ ਹੈ।

ਬਹੁਤ ਲੋਕਾਂ ਦਾ ਕਹਿਣਾ ਹੈ ਸਰਕਾਰ ਵੱਲੋਂ ਦਹਾਕਿਆਂ ਤੱਕ ਲਿਆਂਦੀਆਂ ਗਈਆਂ ਨੀਤੀਆਂ ਇਸ ਲਈ ਜ਼ਿੰਮੇਵਾਰ ਹਨ ਜਿਹੜੀਆਂ ਕਿ ਘਰਾਂ ਨੂੰ ਇੱਕ ਹੱਕ ਨਹੀਂ ਸਗੋਂ ਨਿਵੇਸ਼ ਵਜੋਂ ਜਾਣਦੀਆਂ ਹਨ।

ਉਨ੍ਹਾਂ ਲਈ ਖੁਸ਼ਕਿਸਮਤੀ ਹੋਵੇਗੀ ਜੇਕਰ ਉਨ੍ਹਾਂ ਨੂੰ ਕਿਰਾਏ ਉੱਤੇ ਵੀ ਇੱਕ ਕਿਫਾਇਤੀ ਅਤੇ ਸਥਾਈ ਜਗ੍ਹਾ ਮਿਲ ਜਾਵੇ।

ਡੋਵਸਵੈੱਲ ਕਹਿੰਦੇ ਹਨ, “ਆਸਟ੍ਰੇਲੀਆਈ ਸੁਪਨਾ ਇੱਕ ਵੱਡਾ ਝੂਠ ਹੈ।”

ਆਸਟ੍ਰੇਲੀਆ ਵਿੱਚ ਘਰਾਂ ਦੇ ਸੰਕਟ ਬਾਰੇ ਮਾਹਰ ਮਾਈਕਲ ਫੋਦਰਿੰਘਮ ਕਹਿੰਦੇ ਹਨ ਕਿ ਆਸਟ੍ਰੇਲੀਆ ਵਿੱਚ ਇਹ ਖੇਤਰ ਵਿੱਚ ਜੋ ਵੀ ਗਲਤ ਹੋ ਸਕਦਾ ਸੀ ਉਹ ਹੋ ਗਿਆ ਹੈ।

ਮਾਈਕਲ ਆਸਟ੍ਰੇਲੀਅਨ ਹਾਊਸਿੰਗ ਅਤੇ ਅਰਬਨ ਰਿਸਰਚ ਇੰਸਟੀਚਿਊਟ ਦੇ ਮੁਖੀ ਹਨ।

ਉਹ ਕਹਿੰਦੇ ਹਨ, “ਇੱਕ ਹੀ ਚੀਜ਼ ਇਸ ਸੰਕਟ ਨੂੰ ਹੋਰ ਡੂੰਘਾ ਕਰ ਸਕਦੀ ਹੈ, ਉਹ ਹੈ ਜੇਕਰ ਬੈਂਕ ਬੰਦ ਹੋਣੇ ਸ਼ੁਰੂ ਹੋ ਜਾਣ।”

ਇਸ ਸਭ ਦੇ ਥੱਲੇ ਮੁਖ ਕਾਰਨ ਹੈ ਕਿ ਇੱਕ ਘਰ ਖਰੀਦਣਾ ਬੇਹੱਦ ਮਹਿੰਗਾ ਹੋ ਚੁੱਕਾ ਹੈ, ਇੱਕ ਔਸਤ ਘਰ ਦਾ ਮੁੱਲ 25 ਸਾਲਾਂ ਵਿੱਚ ਤਿੰਨ ਗੁਣਾ ਹੋ ਗਿਆ ਹੈ।

ਔਸਤ ਘਰ ਦੀ ਕੀਮਤ ਆਸਟ੍ਰੇਲੀਆ ਵਿੱਚ ਕਿਸੇ ਆਮ ਘਰ ਦੀ ਆਮਦਨ ਦਾ 9 ਗੁਣਾ ਹੋ ਚੁੱਕੀ ਹੈ।

ਕੀਮਤਾਂ ਵਿੱਚ ਹੋਏ ਇਸ ਵਾਧੇ ਨੇ ਆਸਟ੍ਰੇਲੀਆ ਦੇ ਮੁੱਖ ਸ਼ਹਿਰਾਂ ਵਿੱਚ ਰਹਿਣ ਵਾਲੀ ਤਿੰਨ ਚੌਥਾਈ ਆਬਾਦੀ ਲਈ ਹਾਲਾਤ ਕਾਫ਼ੀ ਮੁਸ਼ਕਲ ਬਣਾ ਦਿੱਤੇ ਹਨ।

ਮਿਸਾਲ ਵਜੋਂ ਸਿਡਨੀ ਹੁਣ ਧਰਤੀ ’ਤੇ ਸਭ ਤੋਂ ਘੱਟ ਕਿਫਾਇਤੀ ਸ਼ਹਿਰਾਂ ਦੀ ਸੂਚੀ ਵਿੱਚ ਦੂਜੇ ਨੰਬਰ ’ਤੇ ਆ ਗਿਆ ਹੈ। 2023 ਵਿੱਚ ਹੋਏ ਡੈਮੋਗ੍ਰਾਫੀਆ ਇੰਟਰਨੈਸ਼ਨਲ ਹਾਊਸਿੰਗ ਅਫੌਰਡੇਬਿਲਿਟੀ ਸਰਵੇ ਮੁਤਾਬਕ ਹੌਂਗਕੌਂਗ ਪਹਿਲੇ ਨੰਬਰ 'ਤੇ ਹੈ।

ਜੇਕਰ ਤੁਸੀਂ ਦੌਲਤਮੰਦ ਪਰਿਵਾਰ ਵਿੱਚੋਂ ਨਹੀਂ ਆਉਂਦੇ ਤਾਂ ਆਸਟ੍ਰੇਲੀਆ ਵਿੱਚ ਘਰ ਦੇ ਮਾਲਕ ਬਣਨਾ ਬਹੁਤ ਮੁਸ਼ਕਲ ਹੋ ਗਿਆ ਹੈ। ਪਿਛਲੇ ਮਹੀਨੇ ਆਸਟ੍ਰੇਲੀਆ ਦੇ ਵੱਡੇ ਬੈਂਕ ਏਐੱਨਜ਼ੀ ਦੇ ਮੁਖੀ ਨੇ ਕਿਹਾ ਕਿ ਲੋਨ ਹੁਣ ‘ਅਮੀਰ ਲੋਕਾਂ ਦੇ ਲਈ ਹੀ ਰਹਿ ਗਏ ਹਨ।’

ਇਨ੍ਹਾਂ ਹਾਲਾਤਾਂ ਨੇ ਚੈੱਲਸਿਆ ਹਿੱਕਮੈਨ ਜਿਹੇ ਲੋਕਾਂ ਨੂੰ ਆਪਣੇ ਭਵਿੱਖ ਪ੍ਰਤੀ ਸ਼ੰਕਿਆਂ ਵਿੱਚ ਪਾ ਦਿੱਤਾ ਹੈ।

ਆਸਟ੍ਰੇਲੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੈੱਲਸਿਆ ਹਿੱਕਮੈਨ ਅਤੇ ਜਸਟਿਨ ਡੋਵਸਵੈੱਲ ਇਸ ਕਾਰਨ ਨਿਰਾਸ਼ ਹਨ

ਫੈਸ਼ਨ ਡਿਜ਼ਾਈਨਰ ਵਜੋਂ ਕੰਮ ਕਰਦੀ ਚੈੱਲਸਿਆ ਹਮੇਸ਼ਾ ਅਜਿਹਾ ਸੋਚਦੀ ਸੀ ਕਿ ਉਹ ਇੱਕ ਘਰ ਖਰੀਦੇਗੀ ਅਤੇ ਮਾਂ ਬਣੇਗੀ, ਪਰ ਹੁਣ ਉਸ ਨੂੰ ਚਿੰਤਾ ਹੈ ਕਿ ਕੀ ਇਹ ਸੰਭਵ ਹੈ।

“ਆਰਥਿਕ ਤੌਰ ’ਤੇ ਸੋਚਾਂ ਤਾਂ ਮੇਰੇ ਲਈ ਇਨ੍ਹਾਂ ਦੋਵਾਂ ’ਤੇ ਖਰਚ ਕਰ ਸਕਣਾ ਕਿਵੇਂ ਸੰਭਵ ਹੋ ਸਕਦਾ ਹੈ।”

ਉਹ ਮੈੱਲਬਰਨ ਵਿੱਚ ਇੱਕ ਘਰ ਵਿੱਚ ਰਹਿੰਦੇ ਹਨ, ਜੋ ਉਹ ਕਿਸੇ ਹੋਰ ਨਾਲ ਸਾਂਝਾ ਕਰਦੇ ਹਨ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਪਿਛਲੇ ਇੱਕ ਦਹਾਕੇ ਤੋਂ ਸਾਰਾ ਦਿਨ ਕੰਮ ਕਰਨ ਦੇ ਬਾਵਜੂਦ ਉਹ ਆਪਣੇ ਦਮ ’ਤੇ ਆਪਣਾ ਅਪਾਰਟਮੈਂਟ ਵੀ ਨਹੀਂ ਲੈ ਸਕਦੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦੋਸਤਾਂ ਦਾ ਵੀ ਇਹੀ ਹਾਲ ਹੈ।

ਉਹ ਕਹਿੰਦੇ ਹਨ, “ਅਜਿਹੇ ਹਾਲਾਤ ਕਿਉਂ ਬਣੇ?”

ਉਨ੍ਹਾਂ ਅੱਗੇ ਕਿਹਾ, “ਅਸੀਂ ਉਹ ਸਾਰਾ ਕੁਝ ਕੀਤਾ ਜੋ ਸਾਰੇ ਕਹਿ ਰਹੇ ਸਨ ਕਿ ਸਾਨੂੰ ਕਰਨਾ ਚਾਹੀਦਾ ਹੈ, ਅਸੀਂ ਅਜਿਹੀ ਸਥਿਤੀ ਵਿੱਚ ਨਹੀਂ ਪਹੁੰਚੇ ਜਿੱਥੇ ਅਸੀਂ ਆਰਥਿਕ ਤੌਰ ’ਤੇ ਆਜ਼ਾਦ ਹੋਵਾਂਗੇ ਸਾਨੂੰ ਇਸ ਗੱਲ ਦਾ ਫਿਕਰ ਨਹੀਂ ਹੋਵੇਗਾ ਕਿ ਸਾਡੇ ਕੋਲ ਆਪਣਾ ਘਰ ਹੈ ਜਾਂ ਨਹੀਂ।”

36 ਸਾਲਾ ਤਾਰੇਕ ਬਿਗਾਨਸਕੀ ਪੇਸ਼ੇ ਵਜੋਂ ਇੱਕ ਆਈਟੀ ਪ੍ਰਬੰਧਕ (ਮੈਨੇਜਰ) ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਉਹ ਕਦੇ ਘਰ ਲੈ ਸਕਣਗੇ ਤਾਂ ਉਹ ਜਵਾਬ ਦੇਣ ਦੀ ਥਾਂ ਹੱਸ ਪਏ॥॥

“ਇਹ ਬਿਲਕੁਲ ਹੀ ਵੱਸੋਂ ਬਾਹਰ ਹੋ ਗਿਆ ਹੈ ਅਤੇ ਹੁਣ ਇਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ।” ਉਹ ਕਹਿੰਦੇ ਹਨ, “ਮੈਂ ਇਹ ਪੂਰੀ ਤਰ੍ਹਾਂ ਸਮਝ ਚੁੱਕਾ ਹਾਂ।”

ਆਸਟ੍ਰੇਲੀਆ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਵਿਆਜ ਦਰ ਇੰਨੀ ਤੇਜ਼ੀ ਨਾਲ ਵੱਧ ਰਹੀ ਹੈ। ਇੱਥੋਂ ਤੱਕ ਕਿ ਜਿਹੜੇ ਲੋਕ ਕੋਸ਼ਿਸ਼ ਕਰਕੇ ਆਪਣੀ ਜਾਇਦਾਦ ਬਣਾ ਚੁੱਕੇ ਸਨ ਡਰ ਵਿੱਚ ਜਿਉਂ ਰਹੇ ਹਨ।

ਆਸਟ੍ਰੇਲੀਆ ਵਿੱਚ ਫੂਡਬੈਂਕ (ਮੁਫ਼ਤ ਖਾਣਾ ਦੇਣ ਵਾਲੇ ਕੇਂਦਰ) ਅਜਿਹੇ ਲੋਕਾਂ ਨਾਲ ਭਰੇ ਪਏ ਹਨ ਜਿਹੜੇ ਆਪਣੇ ਘਰ ਲਈ ਲਏ ਕਰਜ਼ ਦੀਆਂ ਕਿਸ਼ਤਾਂ ਤਾਰਨ ਲਈ ਸੰਘਰਸ਼ ਕਰ ਰਹੇ ਹਨ।

ਵੱਡੀ ਗਿਣਤੀ ਵਿੱਚ ਲੋਕ ਦੋ ਤੋਂ ਵੱਧ ਨੌਕਰੀਆਂ ਕਰ ਰਹੇ ਹਨ ਅਤੇ ਰਿਟਾਇਰਡ ਹੋ ਚੁੱਕੇ ਲੋਕ ਵੀ ਦੁਬਾਰਾ ਕੰਮ ਕਰਨ ਲਈ ਮਜਬੂਰ ਹਨ।

ਹਾਲਾਂਕਿ ਸਾਰਿਆਂ ਲਈ ਇਹ ਹਾਲਾਤ ਉਦਾਸੀ ਭਰੇ ਨਹੀਂ ਹਨ।

ਆਸਟ੍ਰੇਲੀਆ ਵਿੱਚ ਘਰਾਂ ਦੇ ਮਾਲਕ ਲੋਕਾਂ ਦੀ ਫ਼ੀਸਦ ਦੋ ਤਿਹਾਈ ਹੈ। ਹਾਲਾਂਕਿ ਨੌਜਵਾਨਾਂ ਵਿੱਚ ਇਹ ਫ਼ੀਸਦ ਘਟੀ ਹੈ।

ਜਿਨ੍ਹਾਂ ਲੋਕਾਂ ਕੋਲ ਘਰ ਹਨ ਉਹ ਇਸ ਗੱਲ ਲਈ ਖੁਸ਼ ਹਨ ਕਿ ਉਨ੍ਹਾਂ ਦੇ ਘਰਾਂ ਦੀਆਂ ਕੀਮਤਾਂ ਵੱਧ ਰਹੀਆਂ ਹਨ।

ਚੈੱਲਸਿਆ ਕਹਿੰਦੇ ਹਨ ਕਿ ਇਹ ਸਮਝਣਾ ਬਹੁਤ ਮੁਸ਼ਕਲ ਹੈ, ਖ਼ਾਸ ਕਰਕੇ ਕਿੰਨੇ ਅਜਿਹੇ ਲੋਕ ਹਨ ਜਿਨ੍ਹਾਂ ਕੋਲ ਇੱਕ ਤੋਂ ਵੱਧ ਘਰ ਹਨ। ਤਿੰਨ ਵਿੱਚੋਂ ਇੱਕ ਵਿਅਕਤੀ ਕੋਲ ਆਸਟ੍ਰੇਲੀਆ ਵਿੱਚ ਇੱਕ ਤੋਂ ਵੱਧ ਘਰ ਹਨ।

“ਮੈਂ ਇਹ ਸਮਝਦੀ ਹਾਂ, ਲੋਕ ਕਹਿੰਦੇ ਹਨ ਕਿ ਉਨ੍ਹਾਂ ਨੇ ਇਹ ਘਰ ਖਰੀਦਣ ਲਈ ਬਹੁਤ ਮਿਹਨਤ ਕੀਤਾ ਫਲਾਣਾ, ਫਲਾਣਾ, ਇਹ ਤੁਹਾਡੇ ਲਈ ਚੰਗਾ ਹੈ, ਮੈਂ ਵੀ ਮਿਹਨਤ ਕਰਦੀ ਹਾਂ, ਮੈਂ ਬੱਸ ਚਾਹੁੰਦੀ ਹਾਂ ਕਿ ਮੇਰਾ ਘਰ ਹੋਵੇ।”

ਨਤੀਜੇ ਵਜੋਂ ਅਜਿਹੇ ਲੱਖਾ ਲੋਕ ਆਪਣੇ ਆਪ ਨੂੰ ਕਿਰਾਏ ਦੇ ਮਕਾਨਾਂ ਦੇ ਜਾਲ ਵਿੱਚ ਫਸਿਆ ਮਹਿਸੂਸ ਕਰਦੇ ਹਨ। ਅਤੇ ਕਿਰਾਏਦਾਰਾਂ ਵਜੋਂ ਆਪਣਾ ਇੱਕ ਵੱਖਰੀ ਕਿਸਮ ਦਾ ਹਲਕਾ ਆਸਟ੍ਰੇਲੀਆਈ ਸੁਪਨਾ ਸਿਰਜ ਰਹੇ ਹਨ।

ਪਰ ਇਹ ਕੋਈ ਸਵਰਗ ਨਹੀਂ ਹੈ।

ਆਸਟ੍ਰੇਲੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਿਨ੍ਹਾਂ ਨੇ ਘਰ ਖਰੀਦੇ ਹੋਏ ਹਨ ਉਹ ਨਹੀਂ ਚਾਹੁੰਦੇ ਕਿ ਘਰਾਂ ਦੇ ਮੁੱਲ ਘਟਣ

ਆਸਟ੍ਰੇਲੀਆ ਵਿੱਚ ਖਾਲੀ ਘਰਾਂ ਦੀ ਵੀ ਬਹੁਤ ਘਾਟ ਹੈ। ਨਗਰ ਕੌਂਸਲਾਂ ਪੂਰੇ ਮੁਲਕ ਵਿੱਚ ਲੋਕਾਂ ਨੂੰ ਇਹ ਕਹਿ ਰਹੀਆਂ ਹਨ ਕਿ ਉਹ ਆਪਣੇ ਛੁੱਟੀਆਂ ਲਈ ਰੱਖੇ ਘਰਾਂ ਅਤੇ ਥੋੜ੍ਹੇ ਸਮੇਂ ਲਈ ਕਿਰਾਏ ’ਤੇ ਦੇਣ ਲਈ ਰੱਖੇ ਘਰਾਂ ਨੂੰ ਲੋਕਾਂ ਨੂੰ ਲੰਬੇ ਸਮੇਂ ’ਤੇ ਕਿਰਾਏ ’ਤੇ ਰਹਿਣ ਲਈ ਦੇ ਦੇਣ।

ਮੰਗ ਵਧਣ ਕਾਰਨ ਕਿਰਾਏ ਵੀ ਅਸਮਾਨ ਛੂਹ ਰਹੇ ਹਨ।

ਆਸਟ੍ਰੇਲੀਆਈ ਮੀਡੀਆ ਵੀ ਅਜਿਹੀ ਖ਼ਬਰਾਂ ਨਾਲ ਭਰਿਆ ਪਿਆ ਹੈ ਜਿੱਥੇ ਕਿਰਾਏ ਵਿੱਚ ਹੋਏ ਤੇਜ਼ ਵਾਧੇ ਕਾਰਨ ਲੋਕ ਟੁੱਟੇ ਫੁੱਟੇ ਘਰਾਂ ਨੂੰ ਹੀ ਖਰੀਦਣ ਜਾਂ ਕਿਰਾਏ ’ਤੇ ਲੈਣ ਲਈ ਲਾਈਨਾਂ ਵਿੱਚ ਲੱਗੇ ਹੋਏ ਹਨ।

1929 ਦੀ ਆਰਥਿਕ ਮੰਦਹਾਲੀ ਵਿੱਚ ਚੰਗੀ ਜ਼ਿੰਦਗੀ ਲਈ ਸੰਘਰਸ਼ ਕਰ ਰਹੇ ਇੱਕ ਪਰਿਵਾਰ ਦੀ ਕਹਾਣੀ ਬਾਰੇ ਲਿਖੇ ਗਏ ਨਾਵਲ ‘ਗਰੇਪਸ ਆਫ ਰੈਥ’ ਬਾਰੇ ਦੱਸਦਿਆਂ ਡਾ ਫੌਦਰਿੰਘਮ ਕਹਿੰਦੇ ਹਨ ਕਿ ਇਹ ਬਿਲਕੁਲ ਉਹੋ ਜਿਹਾ ਹੈ।

ਆਸਟ੍ਰੇਲੀਆਈ ਲੋਕਾਂ ਕੋਲ ਹੁਣ ਸਰਕਾਰੀ ਰਿਆਇਤ ਉੱਤੇ ਘਰ ਲੈਣਾ ਵੀ ਹੁਣ ਘੱਟ ਆਮਦਨ ਵਾਲੇ ਸਾਰੇ ਲੋਕਾਂ ਲਈ ਸੰਭਵ ਨਹੀਂ ਰਿਹਾ।

ਲੋਕਾਂ ਲਈ ਉਪਲੱਬਧ ਘਰ ਜਿੰਨੇ ਘਰ ਲੋਕਾਂ ਕੋਲ ਹਨ ਉਸ ਤੋਂ 50 ਫ਼ੀਸਦ ਹਨ, ਅਤੇ ਲੋਕਾਂ ਨੂੰ ਇਹ ਹਾਸਲ ਕਰਨ ਲਈ ਕਾਫੀ ਦੇਰ ਉਡੀਕ ਕਰਨੀ ਪੈਂਦੀ ਹੈ।

ਇਹ ਸਭ ਉਸ ਵੇਲੇ ਹੋ ਰਿਹਾ ਹੈ ਜਦੋਂ ਕੁਦਰਤੀ ਹਾਦਸੇ ਅਤੇ ਵਾਤਾਵਰਣ ਤਬਦੀਲੀ ਕਰਕੇ ਕਈ ਰਹਿਣਯੋਗ ਥਾਵਾਂ ’ਤੇ ਤਬਾਹੀ ਮਚੀ ਹੋਈ ਹੈ, ਇਸ ਨਾਲ ਵੱਡੇ ਆਸਟ੍ਰੇਲੀਆਈ ਮਹਾਦੀਪ ਦੇ ਹੋਰ ਕਈ ਇਲਾਕੇ ਰਹਿਣਯੋਗ ਨਹੀਂ ਰਹੇ।

ਇਸ ਸੰਕਟ ਕਾਰਨ ਲੋਕ ਬੇਘਰ ਹੋ ਰਹੇ ਹਨ ਅਤੇ ਭੀੜ ਭੜਾਕੇ ਵਿੱਚ ਰਹਿਣ ਲਈ ਮਜਬੂਰ ਹਨ। ਕਈ ਸੰਸਥਾਵਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਮਦਦ ਦੀ ਇੰਨੀ ਲੋੜ ਹੈ ਕਿ ਉਹ ਲੋਕਾਂ ਨੂੰ ਟੈਂਟ ਵੰਡ ਰਹੇ ਹਨ।

ਆਸਟ੍ਰੇਲੀਆ

ਤਸਵੀਰ ਸਰੋਤ, ABC NEWS

ਤਸਵੀਰ ਕੈਪਸ਼ਨ, ਐਡੀਲੇਡ ਵਿੱਚ ਇੱਕ ਘਰ ਵੇਖਣ ਲਈ ਲਾਈਨ 'ਚ ਲੱਗੇ ਲੋਕ

ਤਸਮੇਨੀਆਈ ਮੂਲ ਦੀ ਇੱਕ ਔਰਤ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੇ ਚਾਰ ਬੱਚਿਆਂ ਨੇ ਛੇ ਤੋਂ ਵੱਧ ਮਹੀਨੇ ਉਨ੍ਹਾਂ ਦੀ ਮਾਂ ਦੇ ਘਰ ਵਿਚਲੇ ਇੱਕ ਵਾਧੂ ਕਮਰੇ ਵਿੱਚ ਕੱਟੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ 35 ਘਰ ਵੇਖੇ ਪਰ ਉਹ ਬਹੁਤ ਮਹਿੰਗੇ ਸਨ।

ਉਹ ਕਹਿੰਦੇ ਕਿ ਉਹ ਸਰਕਾਰੀ ਰਿਆਇਤ ਵਾਲੇ ਘਰ ਖਰੀਦਣ ਦੇ ਚਾਹਵਾਨ ਹਰ ਪਰ ਇਸ ਦੀ ਮੰਗ ਵੱਧ ਹੋਣ ਕਾਰਨ ਉਨ੍ਹਾਂ ਨੂੰ ਉਡੀਕ ਵਿੱਚ ਦਿਨ ਕੱਟਣੇ ਪੈ ਰਹੇ ਹਨ।

ਮੈਲਬਰਨ ਦੀ ਰਹਿਣ ਵਾਲੈ ਹੇਅਲੇ ਵੈਨ ਰੀ ਨੇ ਸਾਨੂੰ ਦੱਸਿਆ ਕਿ ਕਿਰਾਏ ’ਤੇ ਘਰ ਮਿਲਣਾ ਇੰਨਾ ਮੁਸ਼ਕਲ ਸੀ ਕਿ ਉਨ੍ਹਾਂ ਦੀ ਮਾਂ ਨੇ ਆਪਣੇ ਰਿਟਾਇਰਮੈਂਟ ਫੰਡ ਵਰਤ ਕੇ ਹੀ ਇੱਕ ਅਪਾਰਟਮੈਂਟ ਖ਼ਰੀਦਿਆ ਅਤੇ ਉਨ੍ਹਾਂ ਨੂੰ ਕਿਰਾਏ ਉੱਤੇ ਰੱਖ ਲਿਆ।

ਉਨ੍ਹਾਂ ਕਿਹਾ ਕਿ ਇਹ ਰਾਹਤ ਦੇ ਨਾਲ-ਨਾਲ ਸ਼ਰਮਿੰਦਗੀ ਅਤੇ ਅਫ਼ਸੋਸੀ ਭਰਿਆ ਅਨੁਭਵ ਰਿਹਾ।

ਵੈਨ ਰੀ ਕਹਿੰਦੇ ਹਨ, “ਮੇਰੇ ਦੋਸਤ ਜਿਨ੍ਹਾਂ ਦੇ ਮਾਪਿਆਂ ਦੇ ਕੋਲ ਜਾਇਦਾਦ ਹੈ ਉਨ੍ਹਾਂ ਨੂੰ ਇਹ ਖ਼ਰਾਬ ਜਿਹਾ ਅਹਿਸਾਸ ਹੁੰਦਾ ਹੈ ਉਨ੍ਹਾਂ ਦੇ ਮਾਪਿਆਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਹਾਲਤ ਠੀਕ ਹੋ ਜਾਵੇਗੀ, ਮੈਨੂੰ ਇਸ ਗੱਲ ਤੋਂ ਨਫ਼ਰਤ ਹੈ ਕਿ ਇਹੀ ਮੇਰੀ ਸੱਚਾਈ ਹੈ।”

ਡੋਵਸਵੈੱਲ ਫੇਰ ਸਿਡਨੀ ਵਿੱਚ ਆ ਗਏ ਹਨ। ਉਨ੍ਹਾਂ ਨੇ ਛੇ ਮਹੀਨੇ ਬਾਅਦ ਇੱਕ ਅਪਾਰਟਮੈਂਟ ਲੈ ਲਿਆ ਹੈ। ਪਰ ਉਹ ਕਹਿੰਦੇ ਹਨ ਕਿ ਇਸ ਨਾਲ ਉਨ੍ਹਾਂ ਦੀ ਆਰਥਿਕਤਾ ਅਤੇ ਮਾਨਸਿਕ ਸਿਹਤ ਉੱਤੇ ਬਹੁਤ ਅਸਰ ਪਿਆ ਹੈ।

“ਇਹ ਬਹੁਤ ਨਿਰਾਸ਼ਾਜਨਕ ਹੈ.. ਤੁਸੀਂ ਇਸ ਬਾਰੇ ਜਿੰਨਾ ਵੱਧ ਸੋਚਦੇ ਹੋ ਤੁਹਾਨੂੰ ਉੱਨਾ ਜ਼ਿਆਦਾ ਗੁੱਸਾ ਆਉਂਦਾ ਹੈ।”

ਆਸਟ੍ਰੇਲੀਆ

ਤਸਵੀਰ ਸਰੋਤ, Supplied

ਤਸਵੀਰ ਕੈਪਸ਼ਨ, ਵੈਨ ਰੀ ਕਹਿੰਦੇ ਹਨ ਕਿ ਉਹ ਅਜਿਹੇ ਕਈ ਲੋਕਾਂ ਨੂੰ ਜਾਣਦੇ ਹਨ ਜਿਨ੍ਹਾਂ ਕੋਲ ਚੰਗੀ ਨੌਕਰੀ ਹੈ ਪਰ ਉਹ ਘਰ ਨਹੀਂ ਖ਼ਰੀਦ ਸਕਦੇ

ਨਿਵੇਸ਼ ਜਾਂ ਹੱਕ

2023 ਵਿੱਚ ਆਸਟ੍ਰੇਲੀਆ ਵਿੱਚ ਕੌਮੀ ਪੱਧਰ ’ਤੇ ਚਰਚਾ ਘਰ ਖਰੀਦਣਾ ਕਿੰਨਾ ਕੀਮਤੀ ਹੈ ਤੋਂ ਇਸ ਪਾਸੇ ਆ ਗਈ ਕਿ ਠੀਕ ਮੁੱਲ ’ਤੇ ਕੋਈ ਵੀ ਘਰ ਖਰੀਦਣਾ ਕਿੰਨਾ ਮੁਸ਼ਕਲ ਹੈ।

ਮਾਹਰ ਇਹ ਚੇਤਾਵਨੀ ਦਿੰਦੇ ਹਨ ਕਿ ਮਹਾਮਾਰੀ ਵੇਲੇ ਕਿਰਾਏਦਾਰਾਂ ਨੂੰ ਕੱਢਣ ਅਤੇ ਕਿਰਾਇਆ ਵਧਾਉਣ ’ਤੇ ਲਾਈਆਂ ਰੋਕਾਂ ਹਟਾਈਆਂ ਜਾਣ, ਵੱਡੇ ਪੱਧਰ ’ਤੇ ਪ੍ਰਵਾਸ, ਵਿਆਜ ਵਧਣ ਅਤੇ ਨਵੇਂ ਘਰ ਬਣਨ ਵਿੱਚ ਦੇਰੀ ਕਾਰਨ ਆਸਟ੍ਰਲੀਆ ਵਿੱਚ ਘਰਾਂ ਦਾ ਸੰਕਟ ਬਹੁਤ ਗੰਭੀਰ ਹੋ ਗਿਆ ਹੈ।

ਆਰਿਥਕ ਮਾਮਲਿਆਂ ਦੇ ਪੱਤਰਕਾਰ ਐਲਨ ਕੋਹਲਰ ਨੇ ਹਾਲ ਹੀ ਵਿੱਚ ਕੁਆਟਰਲੀ ਲਈ ਲਿਖੇ ਆਪਣੇ ਲੇਖ ਵਿੱਚ ਲਿਖਿਆ ਕਿ ਇਹ ਸੰਕਟ “ਪਿਛਲੇ 50 ਸਾਲਾਂ ਦੀਆਂ ਸਰਕਾਰੀ ਨੀਤੀਆਂ ਦੇ ਫੇਲ੍ਹ ਹੋਣ, ਵਿੱਤੀਕਰਨ ਅਤੇ ਲਾਲਚ” ਦਾ ਨਤੀਜਾ ਹੈ।

ਉਨ੍ਹਾਂ ਕਿਹਾ ਕਿ ਇਸ ਸਦੀ ਦੀ ਸ਼ੁਰੂਆਤ ਵਿੱਚ ਜੋ ਹੋਇਆ ਉਹ ਬਹੁਤ ਅਹਿਮ ਹੈ। ਉਦੋਂ ਤੱਕ ਘਰਾਂ ਦੇ ਘਰ ਨੇ ਮੁਲਕ ਦੀ ਆਰਥਿਕਤਾ ਦੇ ਆਕਾਰ ਅਤੇ ਆਮਦਨ ਦੇ ਨਾਲ-ਨਾਲ ਚੱਲ ਰਿਹਾ ਸੀ।

ਪਰ ਇਹ ਉਦੋਂ ਬਦਲਣਾ ਸ਼ੁਰੂ ਹੋਇਆ ਜਦੋਂ ਕੇਂਦਰ ਸਰਕਾਰ ਨੇ ਟੈਕਸ ਵਿੱਚ ਬਦਲਾਅ ਲਿਆਦੇ ਅਤੇ ਮੁਨਾਫ਼ਾ ਕਮਾਉਣ ਲਈ ਘਰ ਖਰੀਦਣ ਅਤੇ ਵੇਚਣ ਨੂੰ ਹੱਲਾਸ਼ੇਰੀ ਦਿੱਤੀ।

ਕੋਹਲਰ ਕਹਿੰਦੇ ਹਨ ਪ੍ਰਵਾਸ ਅਤੇ ਸਰਕਾਰੀ ਮਦਦ ਵਿੱਚ ਵਾਧਾ ਹੋਣ ਕਾਰਨ ਘਰਾਂ ਦੇ ਮੁੱਲ ਉਸ ਵੇਲੇ ਵੀ ਵਧਾਏ ਸਨ ਪਰ ਟੈਕਸ ਨੀਤੀ ਵਿੱਚ ਕੀਤੇ ਬਦਲਾਅ ਕਾਰਨ ਘਰਾਂ ਬਾਰੇ ਆਸਟ੍ਰੇਲੀਆਈ ਲੋਕਾਂ ਦੀ ਸੋਚ ਬਦਲੀ।

“ਬਿਨਾਂ ਇਸ ਵਿਚਾਰ ਨੂੰ ਮਨਫ਼ੀ ਕੀਤਿਆਂ ਕਿ ਘਰ ਰਹਿਣ ਲਈ ਹੁੰਦੇ ਹਨ ਨਾ ਕਿ ਪੈਸਾ ਕਮਾਉਣ ਲਈ ਘਰਾਂ ਦੇ ਮੁੱਲ ਨੂੰ ਥੱਲੇ ਲਿਆਉਣਾ ਅਸੰਭਵ ਹੋਵੇਗਾ।”

ਇਸ ਨਾਲ ਵੋਟ ਪਾਉਣ ਵਾਲੇ ਲੋਕਾਂ ਦਾ ਇੱਕ ਵੱਡਾ ਹਿੱਸਾ ਨਿਰਾਸ਼ ਹੋ ਜਾਵੇਗਾ ਪਰ ਇਹ ਨੀਤੀਘਾੜਿਆਂ ਕੋਲੋਂ ਹਿੰਮਤ ਦਿਖਾਉਣ ਅਤੇ ਨਵੇਂ ਢੰਗ ਲੱਭਣ ਦੀ ਮੰਗ ਕਰਦਾ ਹੈ।

ਪਰ ਵਿਰੋਧੀਆਂ ਮੁਤਾਬਕ ਕੇਂਦਰੀ, ਸੂਬਾਈ ਅਤੇ ਸਥਾਨਕ ਪੱਧਰ ’ਤੇ ਇੱਕ ਤੋਂ ਬਾਅਦ ਇੱਕ ਸਰਕਾਰਾਂ ਇਹ ਹਿੰਮਤ ਕਰਨ ਵਿੱਚ ਅਸਫ਼ਲ ਰਹੀਆ ਹਨ।

ਆਸਟ੍ਰੇਲੀਆ

ਤਸਵੀਰ ਸਰੋਤ, Getty Images

ਕਈ ਲੋਕ ਇਸ ਗੱਲ ਵੱਲ ਵੀ ਧਿਆਨ ਦਵਾਉਂਦੇ ਹਨ ਕਿ ਲੋਕਾਂ ਲਈ ਕਿਫ਼ਾਇਤੀ ਮੁੱਲ ’ਤੇ ਘਰ ਮੁਹੱਈਆ ਕਰਵਾਉਣ ਵੱਲ ਧਿਆਨ ਨਹੀਂ ਦਿੱਤਾ ਗਿਆ। ਪਹਿਲੀ ਵਾਰੀ ਘਰ ਲੈਣ ਵਾਲੇ ਲੋਕਾਂ ਲਈ ਗ੍ਰਾਂਟਾਂ ਜਾਰੀ ਰੱਖਣਾ ਵੀ ਅਸਰ ਨਹੀਂ ਦਿਖਾ ਸਕਿਆ ਕਿਉਂਕਿ ਇਸ ਨਾਲ ਘਰਾਂ ਦੇ ਮੁੱਲ ਹੋਰ ਵੱਧ ਜਾਂਦੇ ਹਨ।

ਕੁਝ ਲੋਕ ਕਹਿੰਦੇ ਹਨ ਕਿ ਯੋਜਨਾ ਅਤੇ ਵਿਰਾਸਤ ਬਾਰੇ ਬਣੇ ਕਾਨੂੰਨਾਂ ਨੂੰ ਵਿਕਾਸ ਰੋਕਣ ਲਈ ਅਸਾਨੀ ਨਾਲ ਵਰਤਿਆ ਗਿਆ ਹੈ। ਅਜਿਹਾ ਸਥਾਨਕ ਨਿਵਾਸੀ ਆਪਣੇ ਇਲਾਕਿਆਂ ਵਿੱਚ ਕਿਸੇ ਕਿਸਮ ਦੇ ਬਦਲਾਅ ਅਤੇ ਨਿਵੇਸ਼ ਦੇ ਵਿਰੋਧ ਵਿੱਚ ਕਰਦੇ ਹਨ।

ਇਸ ਦੇ ਨਾਲ ਹੀ ਇਸ ਗੱਲ ਦਾ ਵੀ ਡਰ ਹੈ ਕਿ ਜਾਇਦਾਦ ਵਿੱਚ ਨਿਵੇਸ਼ ਕਰਨ ਵਾਲਿਆਂ ਨੂੰ ਮਿਲਦੀ ਟੈਕਸ ਵਿੱਚ ਰਿਆਇਤ ਸਬੰਧੀ ਨੀਤੀ ਬਦਲੀ ਜਾਵੇਗੀ। ਇਸ ਵਿੱਚ ਸੁਧਾਰ ਕਰਨ ਦਾ ਹਾਲ ਹੀ ਵਿੱਚ ਕੀਤੇ ਗਏ ਵਾਅਦੇ ਨੂੰ 2019 ਵਿੱਚ ਇੱਕ ਚੋਣ ਵਿੱਚ ਰੱਦ ਕਰ ਦਿੱਤਾ ਗਿਆ ਸੀ ਅਤੇ ਹੁਣ ਇਸ ਬਾਰੇ ਚਰਚਾ ਨਹੀਂ ਹੁੰਦੀ।

ਡੋਵਸਵੈੱਲ ਕਹਿੰਦੇ ਹਨ ਕਿ ਘਰ ਨੂੰ ਇੱਕ ਜ਼ਰੂਰੀ ਲੋੜ ਵਜੋਂ ਸਮਝਿਆ ਜਾਣਾ ਚਾਹੀਦਾ ਹੈ ਅਤੇ ਫਿਰ ਇੱਕ ਨਿਵੇਸ਼। ਉਹ ਕਹਿੰਦੇ ਹਨ, “ਇਹ ਇੱਕ ਨੈਤਿਕ ਜ਼ਿੰਮੇਵਾਰੀ ਹੈ ਪਰ ਸਵਾਰਥ ਹਮੇਸ਼ਾ ਰਾਹ ਵਿੱਚ ਆ ਜਾਵੇਗਾ।”

ਸਰਕਾਰ ਕੀ ਕਹਿ ਰਹੀ

ਜੂਲੀ ਕੋਲਿਨਸ

ਤਸਵੀਰ ਸਰੋਤ, X/ Julie Collins

ਤਸਵੀਰ ਕੈਪਸ਼ਨ, ਆਸਟ੍ਰੇਲੀਆ ਦੀ ਨੈਸ਼ਨਲ ਹਾਊਸਿੰਗ ਮੰਤਰੀ ਜੂਲੀ ਕੋਲਿਨਸ

ਆਸਟ੍ਰੇਲੀਆ ਦੀ ਨੈਸ਼ਨਲ ਹਾਊਸਿੰਗ ਮੰਤਰੀ ਜੂਲੀ ਕੋਲਿਨਸ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਸਾਹਮਣੇ ਕਈ “ਚੁਣੌਤੀਆਂ ਹਨ” ਪਰ ਉਨ੍ਹਾਂ ਦੀ ਸਰਕਾਰ ਜੋ ਕਿ 18 ਮਹੀਨੇ ਪਹਿਲਾਂ ਚੁਣੀ ਗਈ ਹੈ ਇਸ ਬਾਰੇ “ਵੱਡਾ ਬਦਲਾਅ ਲਿਆ ਰਹੀ ਹੈ।”

ਉਨ੍ਹਾਂ ਦੱਸਿਆ ਕਿ ਸਰਕਾਰ ਨੇ ਨਵੀਆਂ ਸਕੀਮਾਂ ਬਣਾਉਣ ਦੇ ਨਾਲ ਸਕੀਮਾਂ ਦਾ ਦਾਇਰਾਂ ਵੀ ਵਧਾਇਆ ਹੈ ਤਾਂ ਜੋ ਜਿਹੜੇ ਲੋਕ ਘਰ ਖਰੀਦਣਾ ਚਾਹੁੰਦੇ ਹਨ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ।

ਭਾਵੇਂ ਕਿ ਥਾਂ ਦੀ ਕਮੀ ਹੈ ਅਤੇ ਸਖ਼ਤ ਸ਼ਰਤਾਂ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਨੇ ਇਹ ਵੀ ਵਾਅਦਾ ਕੀਤਾ ਹੈ ਕਿ ਉਹ ਹਜ਼ਾਰਾਂ ਨਵੇਂ ਕਿਫਾਇਤੀ ਘਰ ਬਣਾਉਣਗੇ ਅਤੇ ਅਜਿਹੀਆਂ ਯੋਜਨਾਵਾਂ ਲਈ ਇੱਕ ਫੰਡ ਸਥਾਪਤ ਕਰਨਗੇ।

ਸੂਬਾ ਸਰਕਾਰਾਂ ਦੇ ਨਾਲ ਰਲ ਕੇ ਉਹ ਨੈਸ਼ਨਲ ਹਾਊਸਿੰਗ ਅਤੇ ਹੋਮਲੈਸਨੈੱਸ ਪਲੈਨ ਬਣਾਉਣਗੇ ਅਤੇ ਕਿਰਾਏਦਾਰਾਂ ਲਈ ਸੁਰੱਖਿਆ ਵਧਾਈ ਜਾਵੇੀ।

ਸਰਕਾਰ ਹੋਰ ਵੀ ਕਦਮ ਚੁੱਕ ਰਹੀ ਹੈ। ਸਰਕਾਰ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਇਹ ਐਲਾਨ ਕੀਤਾ ਕਿ ਉਹ ਆਸਟ੍ਰੇਲੀਆ ਵਿੱਚ ਪ੍ਰਵਾਸ ਅੱਧਾ ਕਰ ਦੇਣਗੇ ਅਤੇ ਵਿਦੇਸ਼ੀਆਂ ਲਈ ਘਰ ਖਰੀਦਣ ਦੀ ਫੀਸ ਤਿੰਨ ਗੁਣਾ ਵਧਾ ਦੇਣਗੇ।

ਸਰਕਾਰ ਦਾ ਕਹਿਣਾ ਹੈ ਕਿ ਇਹ ਮੌਜੂਦਾ ਸੰਕਟ ਨੂੰ ਘਟਾਉਣ ਵਿੱਚ ਸਹਾਈ ਹੋਵੇਗਾ।

ਕਾਰਕੁਨ ਇਨ੍ਹਾਂ ਤਬਦੀਲੀਆਂ ਦੀ ਹਮਾਇਤ ਕਰਦੇ ਹਨ, ਪਰ ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਘਾਟਾਂ ਨੂੰ ਠੀਕ ਕਰਨ ਲਈ ਭਾਰੀ ਵਿਵਸਥਾ (ਸਿਸਟਮ) ਵਿੱਚ ਭਾਰੀ ਤਬਦੀਲੀ ਦੀ ਲੋੜ ਹੈ।

ਬੀਬੀਸੀ ਨੇ ਜਿਨ੍ਹਾਂ ਨਾਲ ਗੱਲ ਕੀਤੀ ਉਨ੍ਹਾਂ ਨੇ ਦੱਸਿਆ ਕਿ ਆਸਟ੍ਰੇਲੀਆਈ ਸੁਪਨਾ ਤਹਿਸ ਨਹਿਸ ਹੋ ਗਿਆ ਹੈ ਅਤੇ ਇਹ ਇਸ ਦੇਸ ਦੀਆਂ ਨੀਹਾਂ ਨੂੰ ਕਮਜ਼ੋਰ ਕਰ ਰਿਹਾ ਹੈ।

ਆਸਟ੍ਰੇਲੀਆ ਨੇ ਆਪਣੇ ਆਪ ਨੂੰ ਅਜਿਹਾ ਦੇਸ ਸਮਝਿਆ ਹੈ ਜਿੱਥੇ ਲੋਕਾਂ ਨੂੰ ਮਿਹਨਤ ਕਰਕੇ ਸਫਲ ਹੋਣ ਦਾ ਮੌਕਾ ਮਿਲਦਾ ਹੈ।

ਕੋਹਲਰ ਕਹਿੰਦੇ ਹਨ, “ਪਰ ਪੜ੍ਹਾਈ ਅਤੇ ਮਿਹਨਤ ਹੁਣ ਇਹ ਫ਼ੈਸਲਾ ਨਹੀਂ ਕਰਦੇ ਕਿ ਤੁਸੀਂ ਕਿੰਨੇ ਅਮੀਰ ਹੋ, ਤੁਹਾਨੂੰ ਅਮੀਰ ਇਹ ਦੇਖ ਕੇ ਸਮਝਿਆ ਜਾਂਦੇ ਕਿ ਤੁਸੀਂ ਕਿੱਥੇ ਰਹਿੰਦੇ ਹੋ ਅਤੇ ਤੁਹਾਨੂੰ ਤੁਹਾਡੇ ਮਾਪਿਆਂ ਕੋਲੋਂ ਕਿਹੋ ਜਿਹਾ ਗਰ ਮਿਲਦਾ ਹੈ।“

ਉਹ ਕਹਿੰਦੇ ਹਨ, “ਇਸਦਾ ਮਤਲਬ ਹੈ ਕਿ ਆਸਟ੍ਰੇਲੀਆ ਹੁਣ ਪੂਰੀ ਤਰ੍ਹਾਂ ਇਗੈਲੀਟੇਰੀਅਨ ਮੈਰੀਟੋਕ੍ਰੈਸੀ ਨਹੀਂ ਰਿਹਾ।”

ਇਸ ਤੋਂ ਭਾਵ ਹੈ ਉਹ ਥਾਂ ਜਿੱਥੇ ਮਿਹਨਤੀ ਲੋਕਾਂ ਦੀ ਮੁਨਾਫ਼ੇ ਅਤੇ ਤਰੱਕੀ ਵਿੱਚ ਬਰਾਬਰ ਹਿੱਸੇਦਾਰੀ ਹੋਵੇ।”

ਹਿੱਕਮੈਨ ਕਹਿੰਦੇ ਹਨ, “ਇਹ ਸਭ ਧਾਂਦਲੀ ਹੈ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)