ਕੈਨੇਡਾ 'ਚ ਗੁਰਦੁਆਰੇ ਤੇ ਮੰਦਿਰਾਂ 'ਚ ਰਹਿਣ ਨੂੰ ਮਜਬੂਰ ਵਿਦਿਆਰਥੀ ਕਹਿੰਦੇ, ‘ਕੈਨੇਡਾ ਸਵਰਗ ਨਹੀਂ ਜਾਲ ਹੈ’

ਕੈਨੇਡਾ ਵਿੱਚ ਪੰਜਾਬੀ ਵਿਦਿਆਰਥੀ

ਤਸਵੀਰ ਸਰੋਤ, 𝐌𝐨𝐧𝐭𝐫𝐞𝐚𝐥 𝐘𝐨𝐮𝐭𝐡 𝐒𝐭𝐮𝐝𝐞𝐧𝐭 𝐎𝐫𝐠/INSTAGRAM

    • ਲੇਖਕ, ਜੈ ਸ਼ੁਕਲਾ
    • ਰੋਲ, ਬੀਬੀਸੀ ਪੱਤਰਕਾਰ

ਕੈਨੇਡਾ ਦੇ ਟੋਰਾਂਟੋ ਤੋਂ ਕਰੀਬ 400 ਕਿਲੋਮੀਟਰ ਦੂਰ ਓਨਟਾਰੀਓ ਦੇ ਨੌਰਥ-2 ਸਥਿਤ ਕੈਨੇਡੋਰ ਕਾਲਜ ਵਿੱਚ ਦਾਖ਼ਲਾ ਲੈਣ ਵਾਲੇ ਭਾਰਤੀ ਵਿਦਿਆਰਥੀਆਂ ਨੇ ਵਿਲੱਖਣ ਪ੍ਰਦਰਸ਼ਨ ਕੀਤਾ। ਇਨ੍ਹਾਂ ਵਿਦਿਆਰਥੀਆਂ ਨੂੰ ਸਸਤੀਆਂ ਦਰਾਂ ’ਤੇ ਰਿਹਾਇਸ਼ ਨਾ ਦਿੱਤੇ ਜਾਣ ਦੇ ਰੋਸ ਵਿੱਚ ਉਹ ਕਾਲਜ ਦੇ ਸਾਹਮਣੇ ਟੈਂਟ ਲਾ ਕੇ ਧਰਨਾ ਦੇਣ ਲਈ ਬੈਠ ਗਏ।

ਇਨ੍ਹਾਂ 50 ਵਿਦਿਆਰਥੀਆਂ 'ਚੋਂ ਜ਼ਿਆਦਾਤਰ ਪੰਜਾਬ ਦੇ ਸਨ ਜੋ ਸੜਕ 'ਤੇ ਟੈਂਟ ਲਗਾ ਕੇ ਪ੍ਰਦਰਸ਼ਨ ਕਰ ਰਹੇ ਸਨ।

ਹਾਲਾਂਕਿ, ਅੰਤ ਵਿੱਚ ਕਾਲਜ ਦੇ ਅਧਿਕਾਰੀਆਂ ਨੂੰ ਉਨ੍ਹਾਂ ਦੀ ਲੜਾਈ ਅੱਗੇ ਝੁਕਣਾ ਪਿਆ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਸਤੀਆਂ ਦਰਾਂ 'ਤੇ ਕਮਰੇ ਜਾਂ ਰਿਹਾਇਸ਼ ਦੇਣ ਦਾ ਵਾਅਦਾ ਕੀਤਾ।

ਇਨ੍ਹਾਂ ਵਿਦਿਆਰਥੀਆਂ ਦੇ ਧਰਨੇ ਵਾਲੇ ਟੈਂਟ ਤਾਂ ਹੁਣ ਹਟ ਗਏ ਹਨ ਪਰ ਸਮੱਸਿਆ ਅਜੇ ਵੀ ਬਣੀ ਹੋਈ ਹੈ।

ਪੂਰੇ ਕੈਨੇਡਾ ਵਿੱਚ ਘਰ ਕਿਰਾਏ 'ਤੇ ਲੈਣਾ ਮਹਿੰਗਾ ਹੋ ਗਿਆ ਹੈ ਅਤੇ ਇਸ ਕਾਰਨ ਉੱਥੇ ਪੜ੍ਹਨ ਲਈ ਗਏ ਭਾਰਤੀ ਵਿਦਿਆਰਥੀਆਂ ਦਾ ਬਜਟ ਹਿੱਲ ਗਿਆ ਹੈ।

ਭਾਰਤ ਤੋਂ ਕੈਨੇਡਾ ਪੜ੍ਹਨ ਲਈ ਗਏ ਕੁਝ ਵਿਦਿਆਰਥੀਆਂ ਨੂੰ ਲੱਗਦਾ ਹੈ ਉਹ ਆਪਣੀ ਰਿਹਾਇਸ਼ ਅਤੇ ਭੋਜਨ ਲਈ ਉਮੀਦ ਨਾਲੋਂ ਲਗਭਗ ਦੁੱਗਣਾ ਖਰਚ ਕਰ ਰਹੇ ਹਨ, ਜਿਸ ਕਾਰਨ ਹੁਣ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਕਿਫਾਇਤੀ ਰਿਹਾਇਸ਼ ਦਾ ਸੰਕਟ ਹੈ, ਇਸ ਸਾਲ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਲਗਭਗ ਦੁੱਗਣੀ ਹੋ ਗਈ ਹੈ, ਜਿਸ ਨਾਲ ਕਿਰਾਇਆ ਮਹਿੰਗਾ ਹੋ ਗਿਆ ਹੈ ਅਤੇ ਬਹੁਤ ਸਾਰੇ ਲੋਕ ਕਈ ਵਾਰ ਗੁਰਦੁਆਰਿਆਂ ਜਾਂ ਮੰਦਰਾਂ ਦਾ ਸਹਾਰਾ ਲੈਂਦੇ ਹਨ।

ਕੈਨੇਡਾ

ਤਸਵੀਰ ਸਰੋਤ, MANPREET KAUR/INSTAGRAM

'ਰਿਹਾਇਸ਼ ਦੀ ਇੰਨੀ ਵੱਡੀ ਸਮੱਸਿਆ ਹੋਵੇਗੀ ਨਹੀਂ ਸੀ ਪਤਾ'

ਬਹੁਤ ਸਾਰੇ ਭਾਰਤੀ ਵਿਦਿਆਰਥੀਆਂ ਨੇ ਨੌਰਥ-2, ਓਨਟਾਰੀਓ, ਕੈਨੇਡਾ ਵਿੱਚ ਕੈਨੇਡੋਰ ਕਾਲਜ ਵਿੱਚ ਦਾਖ਼ਲਾ ਲਿਆ। ਉਹ ਉੱਥੇ ਪਹੁੰਚ ਗਏ ਪਰ ਉਨ੍ਹਾਂ ਦੇ ਠਹਿਰਨ ਲਈ ਕੋਈ ਥਾਂ ਨਹੀਂ ਸੀ।

ਨਾਰਥ-2 ਇੱਕ ਛੋਟਾ ਜਿਹਾ ਸ਼ਹਿਰ ਹੈ ਜਦਕਿ ਇੱਥੋਂ ਦੇ ਕਾਲਜ ਨੇ ਇਸ ਸਾਲ ਕਰੀਬ 3500 ਵਿਦਿਆਰਥੀਆਂ ਨੂੰ ਦਾਖ਼ਲਾ ਦਿੱਤਾ ਹੈ। ਮਕਾਨ ਮਾਲਕ ਭਾਰਤੀ ਵਿਦਿਆਰਥੀਆਂ ਤੋਂ ਇੱਥੇ ਰਹਿਣ ਲਈ ਉਮੀਦ ਤੋਂ ਵੱਧ ਕਿਰਾਇਆ ਮੰਗ ਰਹੇ ਹਨ।

ਦੂਜੇ ਪਾਸੇ ਕਾਲਜ ਵੱਲੋਂ ਮੁਹੱਈਆ ਕਰਵਾਏ ਗਏ ਕਮਰੇ ਵੀ ਫੁਲ ਹਨ।

ਕੈਨੇਡੋਰ ਕਾਲਜ ਵਿੱਚ ਪ੍ਰੋਜੈਕਟ ਮੈਨੇਜਮੈਂਟ ਆਈਟੀ ਦੇ ਪਹਿਲੇ ਸਾਲ ਵਿੱਚ ਦਾਖ਼ਲ ਮਨਪ੍ਰੀਤ ਕੌਰ ਭਾਰਤੀ ਪੰਜਾਬ ਤੋਂ ਹਨ।

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਸੰਕਟ ਬਾਰੇ ਬਣਾਈ ਇੱਕ ਰੀਲ ਵਿੱਚ ਕਿਹਾ, “ਕਾਲਜ 5 ਸਤੰਬਰ ਨੂੰ ਸ਼ੁਰੂ ਹੋਣ ਵਾਲਾ ਹੈ ਅਤੇ ਸਾਡੇ ਕੋਲ ਰਹਿਣ ਲਈ ਕੋਈ ਜਗ੍ਹਾ ਨਹੀਂ ਸੀ। ਇੱਥੇ ਹੋਟਲ ਦੀ ਰਿਹਾਇਸ਼ ਮਹਿੰਗੀ ਹੈ। ਇਸ ਲਈ ਅਸੀਂ ਕਾਲਜ ਦੇ ਬਿਲਕੁਲ ਸਾਹਮਣੇ ਇੱਕ ਟੈਂਟ ਵਿੱਚ ਰਹਿ ਕੇ ਵਿਰੋਧ ਕਰਨ ਦਾ ਫ਼ੈਸਲਾ ਲਿਆ।"

ਭਾਰਤ ਤੋਂ ਆਏ ਵਿਦਿਆਰਥੀਆਂ ਨੇ ਮੌਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜ਼ੇਸ਼ਨ ਗਰੁੱਪ (m.y.s.o_) ਬਣਾਇਆ ਗਿਆ ਹੈ। ਉਨ੍ਹਾਂ ਕਾਲਜ ਦੇ ਸਾਹਮਣੇ ਤਖ਼ਤੀਆਂ ਲੈ ਕੇ ਪ੍ਰਦਰਸ਼ਨ ਵੀ ਕੀਤਾ।

ਗਰੁੱਪ ਦੇ ਹਰਿੰਦਰ ਸਿੰਘ ਨੇ ਵੀ m.y.s.o_ ਦੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਵਿੱਚ ਕਿਹਾ, "ਇਹ ਸਿਰਫ਼ ਨੌਰਥ-ਬੇਅ ਵਿੱਚ ਹੀ ਨਹੀਂ ਬਲਕਿ ਪੂਰੇ ਓਨਟਾਰੀਓ ਵਿੱਚ ਇੱਕ ਸਮੱਸਿਆ ਹੈ।"

ਆਪਣਾ ਗੁੱਸਾ ਜ਼ਾਹਰ ਕਰਦਿਆਂ ਇਨ੍ਹਾਂ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਕੈਨੇਡਾ ਪਹੁੰਚ ਕੇ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।

ਹਾਲਾਂਕਿ, ਮਨਪ੍ਰੀਤ ਕੌਰ ਨੇ ਸਥਾਨਕ ਮੀਡੀਆ ਹਾਊਸ 'ਨੈਸ਼ਨਲ ਪੋਸਟ' ਨੂੰ ਦੱਸਿਆ ਹੈ ਕਿ ਫਿਲਹਾਲ ਸਮੱਸਿਆ ਨੂੰ ਲੋੜੀਂਦੇ ਤੌਰ 'ਤੇ ਹੱਲ ਕਰ ਲਿਆ ਹੈ।

ਉਨ੍ਹਾਂ ਨੇ ਕਿਹਾ, “ਕਾਲਜ ਨੇ ਦੋ ਦਿਨਾਂ ਲਈ ਹੋਟਲ ਦੀ ਰਿਹਾਇਸ਼ ਮੁਹੱਈਆ ਕਰਵਾਈ ਹੈ ਪਰ ਇਹ ਸਥਾਈ ਹੱਲ ਨਹੀਂ ਹੈ।"

ਬਾਅਦ ਵਿੱਚ ਕਾਲਜ ਨੇ ਉਨ੍ਹਾਂ ਨੂੰ ਬਰੈਂਪਟਨ ਕੈਂਪਸ ਵਿੱਚ ਰਿਹਾਇਸ਼ ਦਾ ਭਰੋਸਾ ਦੇ ਕੇ ਇਸ ਮਸਲੇ ਨੂੰ ਹੱਲ ਕਰਨ ਦੀ ਗੱਲ ਆਖੀ ਹੈ। ਇਸ ਦੇ ਲਈ ਉਨ੍ਹਾਂ ਨੇ ਉਨ੍ਹਾਂ ਵਿਦਿਆਰਥੀਆਂ ਦੀ ਸੂਚੀ ਤਲਬ ਕੀਤੀ ਹੈ, ਜਿਨ੍ਹਾਂ ਨੂੰ ਮਕਾਨ ਲੈਣ ਵਿੱਚ ਦਿੱਕਤ ਆ ਰਹੀ ਹੈ।

ਇਸ ਤਰ੍ਹਾਂ ਵਿਦਿਆਰਥੀਆਂ ਦਾ ਵਿਰੋਧ ਤਾਂ ਰੁਕ ਗਿਆ ਹੈ ਪਰ ਉਹ ਅਜੇ ਵੀ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਉਹ ਭਵਿੱਖ ਵਿੱਚ ਕੈਨੇਡਾ ਵਿੱਚ ਕਿਵੇਂ ਰਹਿਣਗੇ।

ਕੈਨੇਡਾ ਵਿੱਚ ਵਿਦਿਆਰਥੀ

ਤਸਵੀਰ ਸਰੋਤ, 𝐌𝐨𝐧𝐭𝐫𝐞𝐚𝐥 𝐘𝐨𝐮𝐭𝐡 𝐒𝐭𝐮𝐝𝐞𝐧𝐭 𝐎𝐫𝐠/INSTAGRAM

ਤਸਵੀਰ ਕੈਪਸ਼ਨ, ਕੈਨੇਡਾ ਵਿੱਚ ਰਿਹਾਇਸ਼ ਨਾ ਮਿਲਣ ਦਾ ਵਿਰੋਧ ਕਰ ਰਹੇ ਭਾਰਤੀ ਵਿਦਿਆਰਥੀ

9 ਲੱਖ ਵਿਦਿਆਰਥੀਆਂ ਨੂੰ ਵੀਜ਼ਾ

ਜਾਣਕਾਰਾਂ ਅਨੁਸਾਰ ਭਾਰਤੀ ਵਿਦਿਆਰਥੀਆਂ ਨੂੰ ਪੂਰੇ ਕੈਨੇਡਾ ਵਿੱਚ ਰਹਿਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਗੁਜਰਾਤ ਦੇ ਅਹਿਮਦਾਬਾਦ ਵਿੱਚ ਵੀਜ਼ਾ ਸਲਾਹਕਾਰ ਵਜੋਂ ਕੰਮ ਕਰਨ ਵਾਲੇ ਲਲਿਤ ਅਡਵਾਨੀ ਨੇ ਬੀਬੀਸੀ ਗੁਜਰਾਤੀ ਨਾਲ ਗੱਲ ਕਰਦਿਆਂ ਕਿਹਾ, "ਕੈਨੇਡਾ ਵਿੱਚ ਮਹਿੰਗਾਈ ਆਪਣੇ ਸਿਖ਼ਰ 'ਤੇ ਹੈ, ਜਿਸ ਕਾਰਨ ਉੱਥੇ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੇ ਖਰਚੇ ਵਧ ਗਏ ਹਨ।"

ਓਵਰਸੀਜ਼ ਫਰੈਂਡਜ਼ ਆਫ ਕੈਨੇਡਾ ਦੇ ਚੇਅਰਮੈਨ ਹੇਮੰਤ ਸ਼ਾਹ ਨੇ ਬੀਬੀਸੀ ਗੁਜਰਾਤੀ ਨਾਲ ਗੱਲਬਾਤ ਕਰਦਿਆਂ ਕਿਹਾ, “ਇਹ ਮਨ ਨੂੰ ਹੈਰਾਨ ਕਰਨ ਵਾਲੀ ਗੱਲ ਹੈ ਕਿ ਭਾਰਤੀ ਵਿਦਿਆਰਥੀਆਂ ਨੇ ਕੈਨੇਡਾ ਆਉਣ ਲਈ ਬਹੁਤ ਮਿਹਨਤ ਕੀਤੀ ਹੈ।"

"ਉਹ ਕੈਨੇਡਾ ਦੀ ਵਿੱਤੀ ਰਾਜਧਾਨੀ ਟੋਰਾਂਟੋ ਵਿੱਚ ਜਾਂ ਇਸ ਦੇ ਆਲੇ-ਦੁਆਲੇ ਵਸਣ ਦਾ ਇਰਾਦਾ ਰੱਖਦੇ ਹਨ। ਟੋਰਾਂਟੋ ਇੱਕ ਵੱਡਾ ਸ਼ਹਿਰ ਹੈ, ਮੌਸਮ ਉਨ੍ਹਾਂ ਦੇ ਅਨੁਕੂਲ ਹੈ ਇਸ ਲਈ ਉਹ ਇੱਥੇ ਰਹਿਣਾ ਪਸੰਦ ਕਰਦੇ ਹਨ ਪਰ ਇੱਥੇ ਰਹਿਣਾ ਅਤੇ ਖਾਣਾ ਮਹਿੰਗਾ ਹੈ।"

ਰੈਗੂਲੇਟਿਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟਸ ਯਾਨਿ ਆਰਸੀਆਈਸੀ ਦੇ ਮੈਂਬਰ ਅਤੇ ਪੈਸੀਫਿਕ ਗਲੋਬਲ ਇਮੀਗ੍ਰੇਸ਼ਨ ਦੇ ਡਾਇਰੈਕਟਰ ਉਪਿੰਦਰ ਬੇਦੀ ਨੇ ਬੀਬੀਸੀ ਨੂੰ ਦੱਸਿਆ ਕਿ ਕੈਨੇਡਾ ਵਿੱਚ ਉਸਾਰੀ ਦੇ ਕਾਰੋਬਾਰ ਵਿੱਚ ਮੰਦੀ ਕਾਰਨ ਰਿਹਾਇਸ਼ੀ ਸੰਕਟ ਪੈਦਾ ਹੋ ਗਿਆ ਹੈ।

ਬੀਬੀਸੀ

ਉਪਿੰਦਰ ਬੇਦੀ ਕੈਨੇਡਾ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਲੋਕਾਂ ਨੂੰ ਜਾਣਕਾਰੀ ਪ੍ਰਦਾਨ ਕਰਨ ਦਾ ਕੰਮ ਕਰਦੇ ਹਨ ਜੋ ਇੱਥੇ ਸੈਟਲ ਹੋਣਾ ਚਾਹੁੰਦੇ ਹਨ ਜਾਂ ਵਰਕ ਸਟੂਡੈਂਟ ਵੀਜ਼ੇ 'ਤੇ ਆਉਣਾ ਚਾਹੁੰਦੇ ਹਨ।

ਉਪਿੰਦਰ ਬੇਦੀ ਦਾ ਕਹਿਣਾ ਹੈ, "ਆਮ ਤੌਰ 'ਤੇ ਦੁਨੀਆ ਭਰ ਤੋਂ ਚਾਰ ਤੋਂ ਪੰਜ ਲੱਖ ਵਿਦਿਆਰਥੀ ਕੈਨੇਡਾ 'ਚ ਪੜ੍ਹਨ ਲਈ ਆਉਂਦੇ ਹਨ, ਪਰ ਇਸ ਸਾਲ ਲਗਭਗ 9 ਲੱਖ ਵਿਦਿਆਰਥੀਆਂ ਲਈ ਵੀਜ਼ੇ ਜਾਰੀ ਕੀਤੇ ਗਏ ਹਨ।"

"ਰਿਹਾਇਸ਼ ਦੀਆਂ ਸਮੱਸਿਆਵਾਂ ਪਹਿਲਾਂ ਤੋਂ ਹੀ ਸੀ, ਖ਼ਾਸ ਤੌਰ 'ਤੇ ਛੋਟੇ ਕਸਬਿਆਂ ਜਾਂ ਸ਼ਹਿਰਾਂ ਵਿੱਚ ਸਥਿਤ ਯੂਨੀਵਰਸਿਟੀਆਂ ਜਾਂ ਕਾਲਜਾਂ ਵਿੱਚ ਅਤੇ ਵਿਦਿਆਰਥੀਆਂ ਦੀ ਆਮਦ ਵਧਣ ਕਾਰਨ ਹੋਰ ਵੀ ਵਧ ਗਈ ਹੈ।"

ਉਹ ਅੱਗੇ ਕਹਿੰਦੇ ਹਨ ਕਿ ਕੈਨੇਡਾ ਵਿੱਚ ਭਾਰਤੀਆਂ ਦੀ ਆਮਦ ਵਧੀ ਹੈ ਕਿਉਂਕਿ ਯੂਕੇ ਵਿੱਚ ਵਰਕ ਪਰਮਿਟ ਨਿਯਮ ਸਖ਼ਤ ਅਤੇ ਨਿਯੰਤ੍ਰਿਤ ਹਨ।

ਉਨ੍ਹਾਂ ਨੇ ਕਿਰਾਏ ਵਿੱਚ ਵਾਧੇ ਦਾ ਵੇਰਵਾ ਦਿੰਦੇ ਹੋਏ ਕਿਹਾ, "ਰਿਹਾਇਸ਼ ਇੱਕ ਸਾਲ ਪਹਿਲਾਂ 500-600 ਡਾਲਰ ਵਿੱਚ ਮਿਲ ਜਾਂਦਾ ਸੀ ਪਰ ਅੱਜ ਉਸੇ ਰਿਹਾਇਸ਼ ਦਾ ਕਿਰਾਇਆ 800 ਡਾਲਰ ਹੋ ਗਿਆ ਹੈ।"

ਵਿਦਿਆਰਥੀਆਂ ਦਾ ਇਹ ਵੀ ਮੰਨਣਾ ਹੈ ਕਿ ਜੇਕਰ ਉਹ ਇੱਥੇ ਪੜ੍ਹਨ ਲਈ, ਦਾਖ਼ਲਾ ਲੈਣ ਲਈ 15-20 ਲੱਖ ਰੁਪਏ ਅਦਾ ਕਰਦੇ ਹਨ ਅਤੇ ਫਿਰ ਇੰਨੇ ਰੁਪਏ ਖਰਚਣ ਦੇ ਬਾਵਜੂਦ ਅਜਿਹੀ ਸਮੱਸਿਆ ਦਾ ਸਾਹਮਣਾ ਕਰਦੇ ਹਨ ਤਾਂ ਇਹ ਸਹੀ ਨਹੀਂ ਹੈ।

ਹੇਮੰਤ ਸ਼ਾਹ ਦਾ ਕਹਿਣਾ ਹੈ, “ਜੇਕਰ ਯੂਨੀਵਰਸਿਟੀਆਂ ਅਤੇ ਕਾਲਜ ਮੋਟੀਆਂ ਫੀਸਾਂ ਵਸੂਲ ਰਹੇ ਹਨ, ਤਾਂ ਉਨ੍ਹਾਂ ਨੂੰ ਸੇਵਾਵਾਂ ਵੀ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ। ਇਨ੍ਹਾਂ ਵਿਦਿਆਰਥੀਆਂ ਨੂੰ ਕਿਫਾਇਤੀ ਰਿਹਾਇਸ਼ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ।”

ਕੈਨੇਡਾ

ਤਸਵੀਰ ਸਰੋਤ, ERIC TASCHNER/X

'ਵਿਦਿਆਰਥੀਆਂ ਦਾ ਬਜਟ ਵਿਗੜਿਆ'

ਉਪਿੰਦਰ ਬੇਦੀ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਮਕਾਨਾਂ ਦੇ ਸੰਕਟ ਨਾਲ ਮਹਿੰਗਾਈ 15 ਫੀਸਦੀ ਦੇ ਕਰੀਬ ਹੈ।

ਉਹ ਕਹਿੰਦੇ ਹਨ, "ਕੈਨੇਡਾ ਵਿੱਚ ਰਹਿਣ ਦੀ ਕੀਮਤ ਇੱਕ ਸਾਲ ਪਹਿਲਾਂ ਨਾਲੋਂ ਕਿਤੇ ਵੱਧ ਹੈ।"

ਇੱਥੇ ਆਉਣ ਵਾਲੇ ਆਮ ਘਰਾਂ ਦੇ ਵਿਦਿਆਰਥੀਆਂ ਨੂੰ ਇਸ ਮਹਿੰਗਾਈ ਕਾਰਨ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਉਨ੍ਹਾਂ ਨੂੰ ਘਰੋਂ ਆਰਥਿਕ ਸਹਾਇਤਾ ਨਹੀਂ ਮਿਲਦੀ।

ਜਾਣਕਾਰਾਂ ਦਾ ਇਹ ਵੀ ਕਹਿਣਾ ਹੈ ਕਿ ਬਹੁਤ ਸਾਰੇ ਵਿਦਿਆਰਥੀ ਵਿਦੇਸ਼ ਪੜ੍ਹਨ ਲਈ ਵਿਦਿਆਰਥੀ ਕਰਜ਼ਾ ਲੈਂਦੇ ਹਨ। ਉਨ੍ਹਾਂ ਦੇ ਮਾਪਿਆਂ ਕੋਲ ਇੰਨੇ ਵਾਧੂ ਖਰਚੇ ਪੂਰੇ ਕਰਨ ਲਈ ਪੈਸੇ ਨਹੀਂ ਹੁੰਦੇ ਹਨ।

ਉਪਿੰਦਰ ਬੇਦੀ ਕਹਿੰਦਾ ਹੈ, “ਭਾਰਤ ਦੇ ਵਿਦਿਆਰਥੀਆਂ ਕੋਲ ਇੱਕ ਬਜਟ ਹੁੰਦਾ ਹੈ। ਬਹੁਤ ਸਾਰੇ ਵਿਦਿਆਰਥੀ ਲੋਨ ਲੈ ਕੇ ਪੜ੍ਹਨ ਆਉਂਦੇ ਹਨ। ਉਨ੍ਹਾਂ ਦੇ ਮਾਪੇ ਵਾਧੂ ਖਰਚੇ ਚੁੱਕਣ ਦੀ ਸਥਿਤੀ ਵਿੱਚ ਨਹੀਂ ਹੁੰਦੇ ਹਨ। ਅਜਿਹੀ ਸਥਿਤੀ ਵਿੱਚ ਵਿਦਿਆਰਥੀ ਨੂੰ ਇੱਥੇ ਹੀ ਸਮਝੌਤਾ ਕਰਨਾ ਪੈਂਦਾ ਹੈ।"

ਗੁਜਰਾਤ ਦੇ ਡਿਸ਼ਾ ਵਿੱਚ ਪੈਦਾ ਹੋਈ ਅਤੇ ਕੱਛ ਵਿੱਚ ਵੱਡੇ ਹੋਏ ਭਾਵਿਆ ਲਾਲਾਨੀ ਨੇ ਬੀਬੀਸੀ ਨੂੰ ਦੱਸਿਆ ਕਿ ਇੱਥੇ ਆਵਾਜਾਈ, ਖਾਣਾ ਅਤੇ ਘਰ ਮਹਿੰਗਾ ਹੈ।

ਭਾਵਿਆ ਆਖਦੇ ਹਨ, "ਵਿਦਿਆਰਥੀਆਂ ਨੂੰ ਹਫ਼ਤੇ ਵਿੱਚ 20 ਘੰਟੇ ਕੰਮ ਕਰਨ ਦੀ ਇਜਾਜ਼ਤ ਦਿੰਦੇ ਹਨ, ਜਿਸਦਾ ਮਤਲਬ ਹੈ ਇੱਕ ਮਹੀਨੇ ਵਿੱਚ 80 ਘੰਟੇ। ਇੱਥੇ ਦਰ ਦੇ ਅਨੁਸਾਰ, ਇੱਕ ਘੰਟੇ ਦੀ ਤਨਖਾਹ 15.5 ਡਾਲਰ ਹੈ ਇਸ ਲਈ ਆਮਦਨ ਟੈਕਸ ਕੱਟਣ ਤੋਂ ਬਾਅਦ ਮਹੀਨਾਵਾਰ ਆਮਦਨ ਲਗਭਗ 1200 ਡਾਲਰ ਹੈ। ਜੇ ਤੁਸੀਂ ਕਿਰਾਏ ਲਈ 700 ਡਾਲਰ, ਖਾਣ-ਪੀਣ ਲਈ 300 ਡਾਲਰ ਅਤੇ ਛੋਟੀਆਂ ਅਤੇ ਵੱਡੀਆਂ ਜ਼ਰੂਰਤਾਂ ਲਈ 100 ਡਾਲਰ ਸ਼ਾਮਲ ਕਰਦੇ ਹੋ, ਤਾਂ ਤੁਹਾਡੀ ਤਨਖਾਹ ਉੱਥੇ ਹੀ ਖ਼ਤਮ ਹੋ ਜਾਂਦੀ ਹੈ।"

ਗੁਜਰਾਤੀ ਵਿਦਿਆਰਥੀ

ਤਸਵੀਰ ਸਰੋਤ, POOJA PATEL

ਤਸਵੀਰ ਕੈਪਸ਼ਨ, ਗੁਜਰਾਤ ਤੋਂ ਕੈਨੇਡਾ 'ਚ ਸੈਟਲ ਹੋਈ ਪੂਜਾ ਪਟੇਲ ਦਾ ਗਰੁੱਪ ਤਿਉਹਾਰ ਮਨਾਉਂਦਾ ਨਜ਼ਰ ਆ ਰਿਹਾ ਹੈ

ਮੂਲ ਰੂਪ ਵਿੱਚ ਗੁਜਰਾਤ ਦੇ ਪਾਟਨ ਦੀ ਰਹਿਣ ਵਾਲੀ ਪੂਜਾ ਪਟੇਲ 2016 ਵਿੱਚ ਕੈਨੇਡਾ ਗਈ ਸੀ ਅਤੇ ਹੁਣ ਉਹ ਉੱਥੇ ਹੀ ਸੈਟਲ ਹੋ ਗਈ ਹੈ। ਉਹ ਹੁਣ ਕੈਨੇਡਾ ਗਏ ਭਾਰਤੀ ਵਿਦਿਆਰਥੀਆਂ ਦੀ ਮਦਦ ਅਤੇ ਮਾਰਗਦਰਸ਼ਨ ਕਰਨ ਵਾਲੇ ਸਮਾਜ ਸੇਵਕ ਵਜੋਂ ਕੰਮ ਕਰਦੀ ਹੈ। ਉਹ ਇਸ ਵੇਲੇ ਵੈਨਕੂਵਰ ਵਿੱਚ ਰਹਿ ਰਹੀ ਹੈ।

ਪੂਜਾ ਪਟੇਲ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ, “ਰਿਹਾਇਸ਼ ਉਪਲਬਧ ਨਹੀਂ ਹੈ ਅਤੇ ਜੇ ਉਪਲਬਧ ਹੈ ਤਾਂ ਇਹ ਬਹੁਤ ਮਹਿੰਗੀ ਹੈ ਜੋ ਕਿ ਇੱਕ ਆਮ ਵਿਦਿਆਰਥੀ ਲਈ ਕਿਫਾਇਤੀ ਨਹੀਂ ਹੈ। ਕਈ ਵਾਰ ਯੂਨੀਵਰਸਿਟੀ ਜਾਂ ਕਾਲਜ ਵਿਚ ਦਾਖ਼ਲਾ ਲੈਣ ਵਾਲਾ ਸ਼ਹਿਰਾਂ ਤੋਂ ਦੂਰ ਹੁੰਦਾ ਹੈ, ਉਥੇ ਨਹੀਂ ਰਹਿ ਸਕਦਾ, ਇਸ ਲਈ ਕਾਲਜ ਤੋਂ ਦੂਰ ਰਹਿਣਾ ਪੈਂਦਾ ਹੈ। ਆਵਾਜਾਈ ਦੇ ਖਰਚੇ ਵੀ ਵਧਦੇ ਹਨ।

ਵਿਦਿਆਰਥੀਆਂ ਦਾ ਕਹਿਣਾ ਹੈ ਕਿ ਅਕਸਰ ਏਜੰਟ ਉਨ੍ਹਾਂ ਨੂੰ ਗੁੰਮਰਾਹ ਕਰਦੇ ਹਨ, ਯੂਨੀਵਰਸਿਟੀ ਕਿੱਥੇ ਹੈ, ਕਿੰਨੀ ਦੂਰ ਹੈ, ਰਿਹਾਇਸ਼ ਅਤੇ ਖਾਣੇ ਦਾ ਪ੍ਰਬੰਧ ਕਿਵੇਂ ਹੈ, ਇਸ ਬਾਰੇ ਸਹੀ ਜਾਣਕਾਰੀ ਨਹੀਂ ਦਿੰਦੇ।

ਜਾਣਕਾਰਾਂ ਦਾ ਕਹਿਣਾ ਹੈ ਕਿ ਇੱਕ ਸਾਧਾਰਨ ਵਿਦਿਆਰਥੀ ਆਪਣਾ ਬਜਟ ਬਣਾ ਕੇ ਕੈਨੇਡਾ ਜਾਂਦਾ ਹੈ ਪਰ ਉੱਥੇ ਮਹਿੰਗਾਈ ਜ਼ਿਆਦਾ ਹੋਣ ਕਾਰਨ ਉਸ ਦਾ ਬਜਟ ਵਿਗੜ ਜਾਂਦਾ ਹੈ।

ਸੰਜਨਾ

ਤਸਵੀਰ ਸਰੋਤ, SANJANA

ਤਸਵੀਰ ਕੈਪਸ਼ਨ, ਸੰਜਨਾ ਨੇ 525 ਡਾਲਰ ਪ੍ਰਤੀ ਮਹੀਨੇ ਲਈ ਇੱਕ ਕਮਰਾ ਕਿਰਾਏ 'ਤੇ ਲਿਆ

'ਕੈਨੇਡਾ ਸਵਰਗ ਨਹੀਂ ਸਗੋਂ ਜਾਲ ਹੈ'

ਇੱਕ ਸਾਲ ਪਹਿਲਾਂ ਐੱਮਬੀਏ ਦੀ ਪੜ੍ਹਾਈ ਕਰਨ ਲਈ ਮੁੰਬਈ ਤੋਂ ਕੈਨੇਡਾ ਦੇ ਵੈਨਕੂਵਰ ਵਿੱਚ ਗਏ ਭੌਤਿਕ ਪਟੇਲ ਦੱਸਦੇ ਹਨ, "ਜਦੋਂ ਮੈਂ ਇੱਥੇ ਆਇਆ, ਤਾਂ ਮੇਰੇ ਨਾਲ ਮਕਾਨ ਮਾਲਕ ਨੇ ਧੋਖਾ ਕੀਤਾ,1400 ਡਾਲਰ ਲੈਣ ਅਤੇ ਪੱਟੇ 'ਤੇ ਦਸਤਖ਼ਤ ਨਾ ਕਰਨ ਤੋਂ ਬਾਅਦ, ਮੈਂ ਆਪਣੇ ਦੋਸਤ ਨੂੰ ਇੱਥੇ ਰਹਿਣ ਲਈ ਕਿਹਾ।"

ਉਨ੍ਹਾਂ ਨੇ ਅੱਗੇ ਕਿਹਾ, "ਬਹੁਤ ਸਾਰੇ ਲੋਕਾਂ ਨੇ ਸਾਨੂੰ ਕਿਹਾ ਕਿ ਕੈਨੇਡਾ ਇੱਕ ਸਵਰਗ ਹੈ ਪਰ ਮੈਂ ਕਹਿੰਦਾ ਹਾਂ ਕਿ ਇਹ ਇੱਕ ਸਵਰਗ ਨਹੀਂ ਹੈ, ਪਰ ਕੁਝ ਲੋਕਾਂ ਲਈ ਇੱਕ ਜਾਲ ਹੈ।"

ਸੰਜਨਾ 2021 ਵਿੱਚ ਪੱਛਮੀ ਬੰਗਾਲ ਤੋਂ ਕੈਨੇਡਾ ਦੇ ਵੈਨਕੂਵਰ ਚਲੀ ਗਈ ਸੀ। ਹਾਲਾਂਕਿ ਉਹ ਇਸ ਸਮੇਂ ਭਾਰਤ ਵਿੱਚ ਹੈ ਅਤੇ ਦੁਬਾਰਾ ਉੱਥੇ ਜਾਣ ਵਾਲੀ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, “ਏਜੰਟਾਂ ਨੇ ਸਾਨੂੰ ਦੱਸਿਆ ਕਿ ਰਹਿਣ ਦਾ ਖਰਚਾ ਲਗਭਗ 400 ਡਾਲਰ ਪ੍ਰਤੀ ਮਹੀਨਾ ਹੋਵੇਗਾ ਅਤੇ ਕਰਿਆਨੇ ਦਾ ਸਮਾਨ 100 ਡਾਲਰ ਹੋਵੇਗਾ, ਜਦੋਂ ਕਿ ਮੇਰੇ ਰਹਿਣ ਦਾ ਖਰਚਾ 525 ਡਾਲਰ ਹੈ ਅਤੇ ਰਾਸ਼ਨ ਲਾਗਤ 250 ਡਾਲਰ ਸੀ। ਇਨ੍ਹਾਂ ਵਿੱਚੋਂ ਇੱਕ ਕਮਰੇ ਵਿੱਚ ਪ੍ਰਾਈਵੇਟ ਵਾਸ਼ਰੂਮ ਵੀ ਨਹੀਂ ਸੀ ਅਤੇ ਹਵਾਦਾਰੀ ਲਈ ਕੋਈ ਖਿੜਕੀ ਨਹੀਂ ਸੀ।”

ਕੁਝ ਵਿਦਿਆਰਥੀਆਂ ਦਾ ਇਹ ਵੀ ਕਹਿਣਾ ਹੈ ਕਿ ਪ੍ਰਾਈਵੇਟ ਕਮਰੇ ਮਹਿੰਗੇ ਹਨ ਪਰ ਸ਼ੇਅਰਿੰਗ ਰੂਮ ਵੀ ਸਸਤੇ ਨਹੀਂ ਹਨ। ਵਿਦਿਆਰਥੀਆਂ ਨੂੰ ਸਥਾਨਕ ਨਿਯਮਾਂ ਕਾਰਨ ਸਸਤੀ ਰਿਹਾਇਸ਼ ਨਹੀਂ ਮਿਲਦੀ ਹੈ ਕਿ ਰਿਹਾਇਸ਼ ਜ਼ਿਆਦਾ ਭੀੜ-ਭਾੜ ਵੀ ਨਹੀਂ ਹੋਣੀ ਚਾਹੀਦੀ।

ਭਾਵਿਆ ਕਹਿੰਦੇ ਹਨ, “ਪੱਟਾ ਪ੍ਰਬੰਧਨ ਅਧਿਕਾਰੀ ਚੰਗੇ ਹਨ ਪਰ ਮਕਾਨ ਮਾਲਕ ਨਹੀਂ। ਜੋ ਕਮਰਾ ਮੈਂ ਕਿਰਾਏ 'ਤੇ ਲਿਆ ਸੀ, ਉਹ ਕਾਕਰੋਚਾਂ ਨਾਲ ਭਰਿਆ ਹੋਇਆ ਸੀ। ਜਦੋਂ ਮੈਂ ਮਕਾਨ ਮਾਲਕ ਨੂੰ ਸਮੱਸਿਆ ਦੱਸੀ ਤਾਂ ਉਸ ਨੇ ਹੱਲ ਨਹੀਂ ਕੀਤਾ। ਮੈਨੂੰ ਕਮਰਾ ਛੱਡਣਾ ਪਿਆ। ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਕਮਰਾ ਬੱਗ (ਕੀਟਾਣੂ) ਮੁਕਤ ਹੈ। ਉਸ ਨੇ ਮੈਨੂੰ ਧੋਖਾ ਦਿੱਤਾ ਹੈ।"

ਭਾਵਿਆ

ਤਸਵੀਰ ਸਰੋਤ, BHAVYA

ਤਸਵੀਰ ਕੈਪਸ਼ਨ, ਭਾਰਤੀ ਵਿਦਿਆਰਥੀ ਦਾ ਮੰਨਣਾ ਹੈ ਕਿ ਕੈਨੇਡਾ ਵਿਚ ਰਿਹਾਇਸ਼ ਲੈਣ ਲਈ ਇਸ ਤਰ੍ਹਾਂ ਦੀ ਕਤਾਰ ਲੱਗਣਾ ਆਮ ਗੱਲ ਹੈ

ਭੌਤਿਕ ਪਟੇਲ ਕਹਿੰਦੇ ਹਨ, "ਮੈਨੂੰ ਖਟਮਲਾਂ ਨਾਲ ਨਜਿੱਠਣਾ ਪਿਆ। ਇਹ ਕੀੜੇ ਬਹੁਤ ਨੁਕਸਾਨਦੇਹ ਹਨ। ਅਜਿਹੀਆਂ ਸਮੱਸਿਆਵਾਂ ਨੂੰ ਮਕਾਨ ਮਾਲਕ ਲੁਕੋ ਕੇ ਰੱਖਦੇ ਹਨ। ਪੱਟੇ ਤੋਂ ਬਾਅਦ ਵਿਦਿਆਰਥੀ ਕੀ ਕਰਦੇ ਹਨ? ਜੇਕਰ ਅਸੀਂ ਪੁਲਿਸ ਕੋਲ ਜਾਂਦੇ ਹਾਂ ਤਾਂ ਉਹ ਕਹਿੰਦੇ ਹਨ ਕਿ ਇਹ ਨਾਗਰਿਕ ਮਾਮਲਾ ਹੈ, ਸਾਨੂੰ ਕੀ ਕਰਨਾ ਚਾਹੀਦਾ ਹੈ?"

ਪੂਜਾ ਪਟੇਲ ਦਾ ਕਹਿਣਾ ਹੈ ਕਿ ਭਾਰਤੀ ਵਿਦਿਆਰਥੀ ਅਕਸਰ ਮੁਸੀਬਤ ਵਿਚ ਆਉਣ 'ਤੇ ਗੁਰਦੁਆਰਿਆਂ ਜਾਂ ਮੰਦਰਾਂ ਦਾ ਰੁਖ ਕਰਦੇ ਹਨ।

ਸੰਜਨਾ ਕਹਿੰਦੀ ਹੈ, "ਸ਼ੁਰੂਆਤ ਵਿੱਚ, ਮੈਨੂੰ ਇੱਕ ਗੁਰਦੁਆਰੇ ਵਿੱਚ ਸ਼ਰਨ ਲੈਣੀ ਪਈ ਕਿਉਂਕਿ ਮੈਨੂੰ ਕੋਈ ਘਰ ਨਹੀਂ ਮਿਲਿਆ," ਸੰਜਨਾ ਕਹਿੰਦੀ ਹੈ।

ਪੂਜਾ ਪਟੇਲ ਦਾ ਕਹਿਣਾ ਹੈ ਕਿ ਭਾਰਤੀ ਵਿਦਿਆਰਥੀ ਅਕਸਰ ਮੁਸੀਬਤ ਵਿੱਚ ਆਉਣ 'ਤੇ ਗੁਰਦੁਆਰਿਆਂ ਜਾਂ ਮੰਦਰਾਂ ਦਾ ਰੁਖ਼ ਕਰਦੇ ਹਨ।

ਸੰਜਨਾ ਕਹਿੰਦੀ ਹੈ, "ਸ਼ੁਰੂਆਤ ਵਿੱਚ, ਮੈਨੂੰ ਇੱਕ ਗੁਰਦੁਆਰੇ ਵਿੱਚ ਸ਼ਰਨ ਲੈਣੀ ਪਈ ਕਿਉਂਕਿ ਮੈਨੂੰ ਕੋਈ ਘਰ ਨਹੀਂ ਮਿਲਿਆ।"

ਭੌਤਿਕ ਪਟੇਲ

ਤਸਵੀਰ ਸਰੋਤ, BHAUTIK PATEL

ਤਸਵੀਰ ਕੈਪਸ਼ਨ, ਭੌਤਿਕ ਪਟੇਲ

ਨੌਕਰੀ ਦੀ ਸਮੱਸਿਆ ਵੀ

ਕੈਨੇਡਾ ਵਿੱਚ ਇੱਕ ਸੁਪਰਮਾਰਕੀਟ ਵਿੱਚ ਨੌਕਰੀ ਹਾਸਿਲ ਕਰਨ ਲਈ ਲਾਈਨ ਵਿੱਚ ਖੜ੍ਹੇ ਭਾਰਤੀ ਨੌਕਰੀ ਭਾਲਣ ਵਾਲਿਆਂ ਦੀ ਇੱਕ ਫੋਟੋ ਵਾਇਰਲ ਹੋਈ ਹੈ।

ਅਗਸਤ ਵਿੱਚ, ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਇੱਕ ਸੁਪਰਮਾਰਕੀਟ ਵਿੱਚ ਨੌਕਰੀਆਂ ਲਈ ਲਾਈਨ ਵਿੱਚ ਖੜ੍ਹੇ ਦਿਖਾਇਆ ਗਿਆ ਸੀ।

ਕੁਝ ਭਾਰਤੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨੌਕਰੀਆਂ ਲੈਣ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਬੀਬੀਸੀ ਨਾਲ ਗੱਲ ਕਰਦੇ ਹੋਏ ਭਾਵਿਆ ਕਹਿੰਦੇ ਹਨ, "ਮੇਰੇ ਕਾਲਜ 'ਚ ਕੈਂਪਸ ਇੰਟਰਵਿਊ ਲਈ ਪੰਜ ਕੰਪਨੀਆਂ ਆਈਆਂ। ਤਿੰਨ ਹਜ਼ਾਰ ਵਿਦਿਆਰਥੀ ਲਾਈਨ ਵਿੱਚ ਸਨ। ਪੰਜ ਕੰਪਨੀਆਂ ਵਿੱਚ ਕੁੱਲ 50 ਨੌਕਰੀਆਂ ਨਹੀਂ ਹੋਣੀਆਂ। ਜ਼ਿਆਦਾਤਰ ਸਮਾਂ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਨਲਾਈਨ ਅਪਲਾਈ ਕਰਨ ਲਈ ਕਿਹਾ।"

ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਆਮ ਤੌਰ 'ਤੇ ਕੈਨੇਡਾ ਵਿੱਚ ਚੰਗੀ ਨੌਕਰੀ ਚਾਹੁੰਦੇ ਹੋ ਤਾਂ ਕੈਨੇਡੀਅਨ ਕੰਮ ਦਾ ਤਜਰਬਾ ਜ਼ਰੂਰੀ ਹੈ। ਹੁਣ ਇਨ੍ਹਾਂ ਵਿਦਿਆਰਥੀਆਂ ਦੀ ਸਮੱਸਿਆ ਇਹ ਹੈ ਕਿ ਉਨ੍ਹਾਂ ਕੋਲ ਉਸ ਤਰ੍ਹਾਂ ਦਾ ਤਜਰਬਾ ਨਹੀਂ ਹੈ ਇਸ ਲਈ ਉਨ੍ਹਾਂ ਨੂੰ ਕੁਝ ਆਮ ਕੰਮ ਕਰਨਾ ਪੈਂਦਾ ਹੈ।

ਲਲਿਤ ਅਡਵਾਨੀ ਕਹਿੰਦੇ ਹਨ, “ਇੱਕ ਜੋੜਾ ਸਾਡੇ ਕੋਲ ਆਇਆ। ਪਤੀ ਪੀਐੱਚਡੀ ਅਤੇ ਉਨ੍ਹਾਂ ਦੀ ਪਤਨੀ ਕੋਲ ਵੀ ਮਾਸਟਰ ਡਿਗਰੀ ਸੀ। ਹਾਲਾਂਕਿ, ਉਨ੍ਹਾਂ ਨੂੰ ਕੈਨੇਡਾ ਵਿੱਚ ਵਰਕ ਪਰਮਿਟ ਨਹੀਂ ਮਿਲਿਆ ਕਿਉਂਕਿ ਉਨ੍ਹਾਂ ਨੂੰ ਕੈਨੇਡਾ ਵਿੱਚ ਕੰਮ ਕਰਨ ਦਾ ਕੋਈ ਤਜਰਬਾ ਨਹੀਂ ਸੀ।"

ਕੈਨੇਡਾ ਵਿੱਚ ਵਿਦਿਆਰਥੀ
ਤਸਵੀਰ ਕੈਪਸ਼ਨ, ਕੈਨੇਡਾ ਵਿੱਚ ਇੱਕ ਸੁਪਰਮਾਰਕੀਟ ਵਿੱਚ ਨੌਕਰੀ ਪ੍ਰਾਪਤ ਕਰਨ ਲਈ ਲਾਈਨ ਵਿੱਚ ਖੜ੍ਹੇ ਭਾਰਤੀ ਨੌਕਰੀ ਭਾਲਣ ਵਾਲਿਆਂ ਦੀ ਇੱਕ ਤਸਵੀਰ ਵਾਇਰਲ ਹੋ ਗਈ ਹੈ

ਇਸ ਦੇ ਉਲਟ ਹੇਮੰਤ ਸ਼ਾਹ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਨੌਕਰੀਆਂ ਦੀ ਕੋਈ ਕਮੀ ਨਹੀਂ ਹੈ। ਕੈਨੇਡਾ ਵਿੱਚ ਵਰਕਫੋਰਸ ਦੀ ਲੋੜ ਹੈ।

"ਉਨ੍ਹਾਂ ਨੂੰ ਟੋਰਾਂਟੋ ਵਿੱਚ ਚੰਗੀਆਂ ਨੌਕਰੀਆਂ ਨਹੀਂ ਮਿਲਦੀਆਂ ਪਰ ਕਿਉਂਕਿ ਮੌਸਮ ਚੰਗਾ ਹੁੰਦਾ ਹੈ ਅਤੇ ਉਹ ਇੱਥੇ ਰਹਿਣ 'ਤੇ ਜ਼ੋਰ ਦਿੰਦੇ ਹਨ, ਦੂਜਾ ਉਹ ਇੱਥੇ ਹੀ ਰਹਿਣ ਦੀ ਜ਼ਿੱਦ ਕਰਦੇ ਹਨ ਕਿਉਂਕਿ ਉਨ੍ਹਾਂ ਦੇ ਰਿਸ਼ਤੇਦਾਰ ਇੱਥੇ ਰਹਿੰਦੇ ਹਨ।"

ਹੇਮੰਤ ਸ਼ਾਹ ਅੱਗੇ ਕਹਿੰਦੇ ਹਨ ਕਿ ਸਾਡੇ ਗੁਜਰਾਤੀ ਵਿਦਿਆਰਥੀਆਂ ਨੂੰ ਆਪਣੇ ਸੰਚਾਰ ਹੁਨਰ ਨੂੰ ਸੁਧਾਰਨਾ ਹੋਵੇਗਾ ਅਤੇ ਅੰਗਰੇਜ਼ੀ 'ਤੇ ਬਹੁਤ ਕੰਮ ਕਰਨਾ ਹੋਵੇਗਾ।

ਕੁਝ ਵਿਦਿਆਰਥੀਆਂ ਦਾ ਇਲਜ਼ਾਮ ਹੈ ਕਿ ਕੰਮ ਵਾਲੀ ਥਾਂ 'ਤੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ।

ਭਾਵਿਆ ਦਾ ਕਹਿਣਾ ਹੈ, "ਕੁਝ ਕੰਪਨੀਆਂ ਉਨ੍ਹਾਂ ਨੂੰ ਨਿਰਧਾਰਿਤ ਘੰਟਿਆਂ ਤੋਂ ਵੱਧ ਕੰਮ ਕਰਵਾਉਂਦੀਆਂ ਹਨ ਅਤੇ ਓਵਰਟਾਈਮ ਵੀ ਨਹੀਂ ਦਿੰਦੀਆਂ, ਕਈ ਵਾਰ ਕੁਝ ਵਿਦਿਆਰਥੀ ਇਹ ਵੀ ਸ਼ਿਕਾਇਤ ਕਰਦੇ ਹਨ ਕਿ ਕੰਮ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਤਨਖ਼ਾਹ ਨਹੀਂ ਮਿਲਦੀ।"

ਹੇਮੰਤ ਸ਼ਾਹ

ਤਸਵੀਰ ਸਰੋਤ, HEMANT SHAH

ਤਸਵੀਰ ਕੈਪਸ਼ਨ, ਹੇਮੰਤ ਸ਼ਾਹ, ਓਵਰਸੀਜ਼ ਫਰੈਂਡਜ਼ ਆਫ ਕੈਨੇਡਾ ਦੇ ਚੇਅਰਮੈਨ

ਜਦੋਂ ਵਿਦਿਆਰਥੀਆਂ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪਿਆ ਸੀ

ਇਕ ਸਮੇਂ ਕੈਨੇਡਾ ਜਾਣ ਵਾਲੇ ਸੈਂਕੜੇ ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਨਿਕਾਲੇ ਦੇ ਖ਼ਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਕੈਨੇਡਾ ਵਿੱਚ ਉਸ ਸਮੇਂ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਜਦੋਂ ਸੈਂਕੜੇ ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਨਿਕਾਲੇ ਦੀ ਧਮਕੀ ਦਿੱਤੀ ਗਈ।

ਆਪਣੀ ਪੜ੍ਹਾਈ ਪੂਰੀ ਕਰ ਚੁੱਕੇ ਸੈਂਕੜੇ ਭਾਰਤੀ ਵਿਦਿਆਰਥੀਆਂ 'ਤੇ ਕੈਨੇਡਾ ਆਉਣ ਲਈ ਫਰਜ਼ੀ ਦਸਤਾਵੇਜ਼ਾਂ ਦੀ ਵਰਤੋਂ ਕਰਨ ਦੇ ਇਲਜ਼ਾਮ ਲਗਾਏ ਗਏ ਸਨ। ਜਿਸ ਵਿਦਿਆਰਥੀ 'ਤੇ ਅਜਿਹਾ ਇਲਜ਼ਾਮ ਸੀ, ਉਨ੍ਹਾਂ ਨੂੰ ਕੈਨੇਡਾ ਵਿੱਚ ਸਥਾਈ ਨਿਵਾਸ ਯਾਨਿ ਪੀਆਰ (ਪਰਮਾਨੈਂਟ ਰੈਜ਼ੀਡੈਂਸੀ) ਨਹੀਂ ਦਿੱਤੀ ਗਈ ਸੀ।

ਇਨ੍ਹਾਂ ਵਿਦਿਆਰਥੀਆਂ ਨੂੰ ਕੈਨੇਡਾ ਤੋਂ ਡਿਪੋਰਟ ਕੀਤੇ ਜਾਣ ਦਾ ਖ਼ਤਰਾ ਸੀ।

ਇਹ ਵਿਦਿਆਰਥੀ ਕੈਨੇਡੀਅਨ ਏਜੰਟਾਂ ਦੀ ਧੋਖਾਧੜੀ ਅਤੇ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਸਨ।

ਇਸ ਮਾਮਲੇ ਵਿੱਚ ਕੈਨੇਡੀਅਨ ਸਿਆਸੀ ਪਾਰਟੀ ਐੱਨਡੀਪੀ ਦੇ ਆਗੂ ਜਗਮੀਤ ਸਿੰਘ ਨੇ ਪੁੱਛਿਆ, 'ਕੀ ਪ੍ਰਧਾਨ ਮੰਤਰੀ ਇਸ ਧੋਖਾਧੜੀ ਦਾ ਸ਼ਿਕਾਰ ਹੋਏ ਭਾਰਤੀ ਵਿਦਿਆਰਥੀਆਂ ਨੂੰ ਸਥਾਈ ਨਾਗਰਿਕਤਾ ਦੇਣ ਬਾਰੇ ਵਿਚਾਰ ਕਰਨਗੇ?'

ਇਸ ਸਵਾਲ ਦੇ ਜਵਾਬ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ, "ਸਾਡਾ ਉਦੇਸ਼ ਦੋਸ਼ੀਆਂ ਦੀ ਪਛਾਣ ਕਰਨਾ ਹੈ, ਪੀੜਤਾਂ ਨੂੰ ਸਜ਼ਾ ਦੇਣਾ ਨਹੀਂ।"

ਟਰੂਡੋ ਦੇ ਜਵਾਬ ਤੋਂ ਬਾਅਦ ਇਲਜ਼ਾਮ ਲੱਗੇ ਵਿਦਿਆਰਥੀਆਂ ਲਈ ਰਾਹਤ ਦੀ ਖ਼ਬਰ ਆਈ।

ਇਸ ਮਾਮਲੇ ਨੂੰ ਲੈ ਕੇ ਭਾਰਤ ਵਿੱਚ ਵੀ ਹਲਚਲ ਮਚ ਗਈ ਸੀ। ਪੰਜਾਬ ਸਰਕਾਰ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਵਿਦੇਸ਼ ਮੰਤਰੀ ਜੈਸ਼ੰਕਰ ਤੋਂ ਵੀ ਮਦਦ ਮੰਗੀ ਗਈ ਸੀ।

ਉਨ੍ਹਾਂ ਕਿਹਾ, "ਇਹ 700 ਵਿਦਿਆਰਥੀ, ਜਿਨ੍ਹਾਂ 'ਤੇ ਇਲਜ਼ਾਮ ਲੱਗੇ ਹਨ, ਉਹ ਬੇਕਸੂਰ ਹਨ। ਕੁਝ ਏਜੰਟਾਂ ਨੇ ਉਨ੍ਹਾਂ ਨਾਲ ਠੱਗੀ ਕੀਤੀ ਹੈ।"

ਭਾਰਤੀ ਵਿਦਿਆਰਥੀ

ਤਸਵੀਰ ਸਰੋਤ, @JASLYNAUJLA ·

ਤਸਵੀਰ ਕੈਪਸ਼ਨ, ਕੈਨੇਡਾ ਵਿੱਚ ਉਸ ਸਮੇਂ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਜਦੋਂ ਸੈਂਕੜੇ ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਨਿਕਾਲੇ ਦੀ ਧਮਕੀ ਦਿੱਤੀ ਗਈ

ਜੈਸ਼ੰਕਰ ਨੇ ਇਸ ਮਾਮਲੇ 'ਚ ਕੈਨੇਡਾ ਦੇ ਵਿਦੇਸ਼ ਮੰਤਰਾਲੇ ਨਾਲ ਵੀ ਗੱਲ ਕੀਤੀ ਹੈ। ਕੈਨੇਡਾ ਵਿੱਚ ਭਾਰਤੀ ਦੂਤਾਵਾਸ ਨੇ ਵੀ ਇਸ ਮਾਮਲੇ ਵਿੱਚ ਜ਼ੋਰਦਾਰ ਯਤਨ ਕੀਤੇ ਸਨ।

ਉਨ੍ਹਾਂ ਅਜਿਹੇ ਘਪਲਿਆਂ ਤੋਂ ਬਚਣ ਲਈ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਵਾਲੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਤੋਂ ਪਹਿਲਾਂ ਕਾਲਜ ਦੇ ਵੇਰਵੇ ਅਤੇ ਟਰੈਵਲ ਏਜੰਟ ਦਾ ਰਿਕਾਰਡ ਜ਼ਰੂਰ ਜਾਣਨ।

ਹਾਲਾਂਕਿ, ਐੱਨਡੀਟੀਵੀ ਦੀ ਰਿਪੋਰਟ ਮੁਤਾਬਕ, ਕੈਨੇਡੀਅਨ ਸਰਕਾਰ ਨੇ ਅਜਿਹੇ ਇਲਜ਼ਾਮ ਲਗਾਉਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਅਸਥਾਈ ਤੌਰ 'ਤੇ ਦੇਸ਼ ਨਿਕਾਲਾ ਦੇਣਾ ਬੰਦ ਕਰ ਦਿੱਤਾ ਹੈ।"

ਕੈਨੇਡੀਅਨ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਲਈ ਇੱਕ ਟਾਸਕ ਫੋਰਸ ਬਣਾਈ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਐਲਾਨ ਕੀਤਾ ਹੈ ਕਿ ਬਿਨਾਂ ਕਿਸੇ ਕਸੂਰ ਦੇ ਵੀਜ਼ਾ ਪ੍ਰਕਿਰਿਆ ਵਿੱਚ ਧੋਖਾਧੜੀ ਦੇ ਸ਼ਿਕਾਰ ਵਿਦਿਆਰਥੀਆਂ ਨਾਲ ਇਨਸਾਨੀ ਵਿਵਹਾਰ ਕੀਤਾ ਜਾਵੇਗਾ।

ਕੈਨੇਡਾ ਦੇ ਵਿਦੇਸ਼ ਮੰਤਰਾਲੇ ਨੇ ਭਰੋਸਾ ਦਿਵਾਇਆ ਹੈ ਕਿ ਟਾਸਕ ਫੋਰਸ ਦੀ ਜਾਂਚ ਵਿੱਚ ਪੀੜਤ ਪਾਏ ਗਏ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਹੀ ਰਹਿਣ ਦਿੱਤਾ ਜਾਵੇਗਾ ਅਤੇ ਜੋ ਵੀ ਦੋਸ਼ੀ ਪਾਇਆ ਗਿਆ, ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)