ਪੰਜਾਬ:ਪਾਰਟੀ ਕਾਡਰ ਦੀ ਬਜਾਇ 'ਬਾਹਰਲਿਆਂ' ਉੱਤੇ ਦਾਅ ਖੇਡਣ ਨਾਲ ਕੀ ਪੂਰਾ ਹੋ ਸਕੇਗਾ ਭਾਜਪਾ ਦਾ 'ਮਿਸ਼ਨ ਪੰਜਾਬ'

ਤਸਵੀਰ ਸਰੋਤ, Getty Images
- ਲੇਖਕ, ਅਵਤਾਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਸਾਬਕਾ ਲੋਕ ਸਭਾ ਮੈਂਬਰ ਅਤੇ ਅਦਾਕਾਰ ਵਿਨੋਦ ਖੰਨਾ ਅਤੇ ਸਨੀ ਦਿਓਲ ’ਤੇ ਦਾਅ ਖੇਡਣ ਦੇ ਦਹਾਕਿਆਂ ਬਾਅਦ ਭਾਜਪਾ ਨੇ ਗੁਰਦਾਸਪੁਰ ਸੀਟ ਤੋਂ ਪਾਰਟੀ ਦੇ ਸਥਾਨਕ ਵਰਕਰ ਦਿਨੇਸ਼ ਸਿੰਘ ਬੱਬੂ ਨੂੰ ਲੋਕ ਸਭਾ ਦੀ ਟਿੱਕਟ ਦਿੱਤੀ ਹੈ।
ਹਾਲਾਂਕਿ,ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਉਪਰ ਭਾਜਪਾ ਦੇ ਜ਼ਿਆਦਾਤਰ ਉਮੀਦਵਾਰ ਕਾਂਗਰਸ, ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਪਿਛੋਕੜ ਵਾਲੇ ਹਨ।
ਪਾਰਟੀ 13 ਸੀਟਾਂ ਵਿੱਚੋਂ 9 ਲਈ ਉਮੀਦਵਾਰ ਐਲਾਨ ਚੁੱਕੀ ਹੈ, ਦਿਨੇਸ਼ ਬੱਬੂ ਅਤੇ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਛੱਡ ਕੇ ਬਾਕੀ 7 ਜਣੇ ਪੈਰਾਸ਼ੂਟ ਰਾਹੀਂ ਚੋਣ ਮੈਦਾਨ ਵਿੱਚ ਉਤਾਰੇ ਗਏ ਹਨ।
ਭਾਜਪਾ ਪੰਜਾਬ ਵਿੱਚ ਲਗਭਗ ਢਾਈ ਦਹਾਕਿਆਂ ਬਾਅਦ ਸ਼੍ਰੋਮਣੀ ਅਕਾਲੀ ਦਲ ਨਾਲ ਗਠਬੰਧਨ ਬਿਨਾਂ ਪਹਿਲੀ ਵਾਰ ਲੋਕ ਸਭਾ ਚੋਣਾਂ ਲੜ ਰਹੀ ਹੈ।
ਇਸ ਤੋਂ ਪਹਿਲਾਂ ਭਾਜਪਾ 13 ਵਿੱਚੋਂ ਤਿੰਨ ਲੋਕ ਸਭਾ ਸੀਟਾਂ ਗੁਰਦਾਸਪੁਰ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਤੋਂ ਚੋਣ ਲੜਦੀ ਰਹੀ ਹੈ, ਬਾਕੀ ਸੀਟਾਂ ਅਕਾਲੀ ਦਲ ਦੇ ਹਿੱਸੇ ਆਉਂਦੀਆਂ ਸਨ।
ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਦੋ-ਦੋ ਸੀਟਾਂ ਜਿੱਤੀਆਂ ਸਨ।
ਇਸ ਵਾਰ ਪੰਜਾਬ ਵਿੱਚ ਇੱਕ ਜੂਨ ਨੂੰ ਚੋਣਾਂ ਹੋਣੀਆਂ ਹਨ ਅਤੇ 4 ਜੂਨ ਨੂੰ ਨਤੀਜੇ ਆਉਣੇ ਹਨ।
ਭਾਜਪਾ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੇ ਸੰਘਰਸ਼ ਤੋਂ ਬਾਅਦ ਵੀ ਪਹਿਲੀ ਵਾਰ ਲੋਕ ਸਭਾ ਚੋਣਾਂ ਲਈ ਲੋਕਾਂ ਦੀਆਂ ਵੋਟਾਂ ਮੰਗਣ ਮੈਦਾਨ ਵਿੱਚ ਉੱਤਰ ਰਹੀ ਹੈ ਪਰ ਕਿਸਾਨਾਂ ਜਥੇਬੰਦੀਆਂ ਪਿੰਡਾਂ ਵਿੱਚ ਕਾਲੀਆਂ ਝੰਡੀਆਂ ਨਾਲ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰ ਰਹੀਆਂ ਹਨ।
ਸਿਆਸੀ ਪੰਡਿਤ ਕਹਿੰਦੇ ਹਨ ਕਿ ਇਹ ਉਮੀਦਵਾਰਾਂ ਦਾ ਵਿਰੋਧ ਨਹੀਂ ਸਗੋਂ ਭਾਜਪਾ ਦਾ ਖਿਲਾਫ਼ ਗੁੱਸਾ ਹੈ।

ਤਸਵੀਰ ਸਰੋਤ, Parampal Kaur Sidhu/FB
3 ਤੋਂ 13 ਸੀਟਾਂ ਤੱਕ ਦਾ ਸਫ਼ਰ ਲੜਾਈ ਪਰ ਕੀ ਹੈ ਦਾਅ?
ਪੰਜਾਬ ਵਿੱਚ ਭਾਜਪਾ ਦੀਆਂ ਹੁਣ ਤੱਕ ਵੰਡੀਆਂ ਟਿਕਟਾਂ ਵਿੱਚ ਪਟਿਆਲਾ ਤੋਂ ਸਾਬਕਾ ਕਾਂਗਰਸ ਐੱਮਪੀ ਪ੍ਰਨੀਤ ਕੌਰ, ਲੁਧਿਆਣਾ ਤੋਂ ਸਾਬਕਾ ਕਾਂਗਰਸ ਐੱਮਪੀ ਰਵਨੀਤ ਬਿੱਟੂ, ਜਲੰਧਰ ਤੋਂ ‘ਆਪ’ ਐੱਮਪੀ ਸੁਸ਼ੀਲ ਕੁਮਾਰ ਰਿੰਕੂ ਅਤੇ ਅਕਾਲੀ ਦਲ ਤੋਂ ਭਾਜਪਾ ਵਿੱਚ ਸ਼ਾਮਲ ਹੋਏ ਮਨਜੀਤ ਸਿੰਘ ਮੰਨਾ ਨੂੰ ਖੰਡੂਰ ਸਾਹਿਬ ਤੋਂ ਟਿੱਕਟ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਸਾਬਕਾ ਅੰਬੈਸਟਰ ਤਰਨਜੀਤ ਸੰਧੂ ਨੂੰ ਅੰਮ੍ਰਿਤਸਰ, ਸਾਬਕਾ ਆਈਏਐੱਸ ਅਤੇ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਨੂੰ ਬਠਿੰਡਾ ਅਤੇ ਉੱਤਰੀ-ਪੱਛਮੀ ਦਿੱਲੀ ਤੋਂ ਐੱਮਪੀ ਸੂਫ਼ੀ ਗਾਇਕ ਹੰਸ ਰਾਜ ਹੰਸ ਨੂੰ ਫ਼ਰੀਦਕੋਟ ਤੋਂ ਉਤਾਰਿਆ ਗਿਆ ਹੈ।
ਹੁਸ਼ਿਆਰਪੁਰ ਤੋਂ ਪਾਰਟੀ ਦੇ ਲੋਕ ਸਭਾ ਮੈਂਬਰ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਟਿਕਟ ਦਿੱਤੇ ਜਾਣ ਤੋਂ ਬਾਅਦ ਪਾਰਟੀ ਦੇ ਸੀਨੀਅਰ ਦਲਿਤ ਆਗੂ ਵਿਜੇ ਸਾਂਪਲਾ ਨਰਾਜ਼ ਚੱਲ ਰਹੇ ਹਨ।
ਭਾਜਪਾ ਨੇ ਹਾਲੇ ਅਨੰਦਪੁਰ ਸਾਹਿਬ, ਫ਼ਤਿਹਗੜ੍ਹ ਸਾਹਿਬ, ਫ਼ਿਰੋਜ਼ਪੁਰ ਅਤੇ ਸੰਗਰੂਰ ਤੋਂ ਉਮੀਦਵਾਰਾਂ ਦਾ ਐਲਾਨ ਕਰਨਾ ਹੈ।

ਤਸਵੀਰ ਸਰੋਤ, Parneet Kaur/FB
ਹਰਜੀਤ ਸਿੰਘ ਗਰੇਵਾਲ ਮੁਤਾਬਕ, “ਇਸ ਵਾਰ ਦੂਜੀਆਂ ਪਾਰਟੀਆਂ ਵਿੱਚੋਂ ਲੋਕਾਂ ਨੂੰ ਲੈਣਾ ਜਰੂਰੀ ਸੀ। ਹਾਲਾਂਕਿ, ਅਸੀਂ ਸਥਾਨਕ ਵਰਕਰਾਂ ਜਿਵੇਂ ਦਿਨੇਸ਼ ਬੱਬੂ ਨੂੰ ਵੀ ਟਿੱਕਟ ਦਿੱਤੀ ਹੈ।”
ਸੀਨੀਅਰ ਪੱਤਰਕਾਰ ਹਮੀਰ ਸਿੰਘ ਕਹਿੰਦੇ ਹਨ ਕਿ ਭਾਜਪਾ ਪਹਿਲਾਂ ਵੀ ਬਾਹਰੋਂ ਹੀ ਉਮੀਦਵਾਰ ਲੈ ਕੇ ਆਉਂਦੀ ਰਹੀ ਹੈ।
ਹਮੀਰ ਸਿੰਘ ਮੁਤਾਬਕ, “ਪੰਜਾਬ ਵਿੱਚ ਪਹਿਲੀ ਵਾਰ ਸਾਰੀਆਂ ਲੋਕ ਸਭਾ ਸੀਟਾਂ ਉਪਰ ਚੋਣਾਂ ਲੜ ਰਹੀ ਭਾਜਪਾ ਲੰਮੇ ਸਮੇਂ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ, ਕਈ ਵਾਰ ਚੋਣ ਲੜ ਰਹੇ ਉਮੀਦਵਾਰ ਦਾ ਆਪਣਾ ਵੀ ਇੱਕ ਅਧਾਰ ਹੁੰਦਾ ਹੈ ਜਿਸ ਉਸ ਨੂੰ ਫਾਇਦਾ ਹੋ ਸਕਦਾ ਹੈ।”
ਸੀਨੀਅਰ ਪੱਤਰਕਾਰ ਜਸਪਾਲ ਸਿੱਧੂ ਕਹਿੰਦੇ ਹਨ, “ਭਾਜਪਾ ਦੀ ਕੋਈ ਵੱਡੀ ਮੁਹਿੰਮ ਦਿਖਾਈ ਨਹੀਂ ਦੇ ਰਹੀ ਅਤੇ ਬਹੁਤ ਸਾਰੇ ਉਮੀਦਵਾਰ ਦੂਜੀਆਂ ਪਾਰਟੀਆਂ ਤੋਂ ਲਏ ਹੋਏ ਹਨ। ਜਿੰਨਾਂ 3 ਸੀਟਾਂ ਉਪਰ ਭਾਜਪਾ ਪਿਛਲੇ ਸਮੇਂ ਲੜਦੀ ਰਹੀ ਹੈ, ਉਹ ਅਕਾਲੀ ਦਲ ਨੇ 1996 ਤੋਂ ਛੱਡੀਆਂ ਹੋਈ ਸਨ।”
ਪੰਜਾਬ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਪੰਜਾਬ ਇੱਕ ਸਰਹੱਦੀ ਇਲਾਕਾ ਹੈ ਜਿੱਥੇ ਪਾਰਟੀ ਸਿਰਫ਼ 117 ਵਿੱਚੋਂ 23 ਵਿਧਾਨ ਸਭਾ ਦੀਆਂ ਸੀਟਾਂ ਅਤੇ 3 ਲੋਕ ਸਭਾ ਸੀਟਾਂ ਉਪਰ ਲੜਦੀ ਰਹੀ ਹੈ, ਜਿਸ ਕਾਰਨ ਉਹ ਪੂਰੇ ਸੂਬੇ ਵਿੱਚ ਕਈ ਸਾਲਾਂ ਤੋਂ ਜਾ ਹੀ ਨਹੀਂ ਸਕੇ।

ਤਸਵੀਰ ਸਰੋਤ, Jaspal Singh
ਧਰਮ ਦੀ ਸਿਆਸਤ ਵਾਲੀਆਂ ਪਾਰਟੀਆਂ ਦਾ ਅਲੱਗ-ਅਲੱਗ ਹੋਣਾ
ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੋਵੇਂ ਹੀ ਧਰਮ ਦੀ ਸਿਆਸਤ ਕਰਦੀਆਂ ਹਨ ਅਤੇ ਲੰਮੇਂ ਸਮੇਂ ਤੋਂ ਇਕੱਠੀਆਂ ਚੋਣਾਂ ਲੜ ਰਹੀਆਂ ਸਨ ਪਰ ਅਕਾਲੀ ਦਲ ਨੇ ਤਿੰਨ ਖੇਤੀ ਕਾਨੂੰਨਾਂ ਸਮੇਂ ਭਾਜਪਾ ਨਾਲੋਂ ਗਠਜੋੜ ਤੋੜ ਲਿਆ ਸੀ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਰਾਜਨੀਤੀ ਵਿਭਾਗ ਦੇ ਸਾਬਕਾ ਪ੍ਰੋਫੈਸਰ ਜਗਰੂਪ ਕੌਰ ਕਹਿੰਦੇ ਹਨ, “ਦੋਵਾਂ ਪਾਰਟੀਆਂ ਨੂੰ ਵੱਖਰੇ-ਵੱਖਰੇ ਲੜਨ ਨਾਲ ਨੁਕਸਾਨ ਹੋਵੇਗਾ। ਪਹਿਲਾਂ ਇੱਕ ਪਾਰਟੀ ਜੋ ਹਿੰਦੂਆਂ ਉਪਰ ਕੇਂਦਰਿਤ ਸਿਆਸਤ ਕਰਦੀ ਸੀ ਅਤੇ ਦੂਜੀ ਜੋ ਸਿੱਖ ਰਾਜਨੀਤੀ ਕਰਦੀ ਸੀ, ਉਹਨਾਂ ਨੂੰ ਦੋਵਾਂ ਦੀਆਂ ਵੋਟਾਂ ਮਿਲ ਜਾਂਦੀਆਂ ਸਨ। ਹੁਣ ਉਹਨਾਂ ਦੀਆਂ ਵੋਟਾਂ ਵੰਡੀਆਂ ਜਾਣਗੀਆਂ।”
ਸੀਨੀਅਰ ਪੱਤਰਕਾਰ ਜਸਪਾਲ ਸਿੰਘ ਕਹਿੰਦੇ ਹਨ, “ਭਾਜਪਾ ਅਤੇ ਅਕਾਲੀ ਦਲ ਦੀ ਮੌਜੂਦਾ ਹਾਲਤ ਦੇ ਹਿਸਾਬ ਨਾਲ ਦੋਵਾਂ ਪਾਰਟੀਆਂ ਨੂੰ ਵੱਖ-ਵੱਖ ਚੱਲਣ ਦਾ ਨੁਕਸਾਨ ਹੋ ਸਕਦਾ ਹੈ। ਕਿਉਂਕਿ ਦੋਵਾਂ ਹੀ ਪਾਰਟੀਆਂ ਦੀ ਸਥਿਤੀ ਅਲੱਗ-ਅਲੱਗ ਦੇਖਣ ’ਤੇ ਮਜ਼ਬੂਤ ਦਿਖਾਈ ਨਹੀਂ ਦੇ ਰਹੀ।”

ਤਸਵੀਰ ਸਰੋਤ, BKU (Ekta-Ugharan)
ਪੰਜਾਬ ਦੇ ਪਿੰਡਾਂ ’ਚ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਿਉਂ ?
ਪੰਜਾਬ ਅਤੇ ਹਰਿਆਣਾ ਦੇ ਕਿਸਾਨ ਐੱਮਐੱਸਪੀ ਦੀ ਗਰੰਟੀ ਦਾ ਕਾਨੂੰਨ ਬਣਾਉਣ ਲਈ ਕੇਂਦਰ ਸਰਕਾਰ ਖ਼ਿਲਾਫ਼ ਲੜਾਈ ਲੜ ਰਹੇ ਹਨ। ਇਸੇ ਧਰਨੇ ਦੌਰਾਨ ਇਸ ਸਾਲ 21 ਫਰਵਰੀ ਨੂੰ ਖਨੌਰੀ ਸਰਹੱਦ ਉਪਰ 22 ਸਾਲਾ ਕਿਸਾਨ ਸ਼ੁਭਕਰਨ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ।
ਪੰਜਾਬ ਹਰਿਆਣਾ ਸਰਹੱਦ ਉੱਤੇ ਹਾਲੇ ਵੀ ਸ਼ੰਭੂ ਵਿੱਚ ਕਿਸਾਨਾਂ ਨੇ ਧਰਨਾ ਲਗਾਇਆ ਹੋਇਆ ਹੈ ਅਤੇ ਕਿਸਾਨ ਰੇਲਵੇ ਟਰੈਕ ਉਪਰ ਬੈਠੇ ਹਨ।
ਅਜਿਹੇ ਵਿੱਚ ਜਦੋਂ ਸੂਬੇ ਅੰਦਰ ਲੋਕ ਸਭਾ ਚੋਣਾਂ ਦਾ ਪ੍ਰਚਾਰ ਸਿਖ਼ਰ ਉਪਰ ਚੱਲ ਰਿਹਾ ਹੈ ਤਾਂ ਕਿਸਾਨ ਜਥੇਬੰਦੀਆਂ ਭਾਜਪਾ ਦੇ ਉਮੀਦਵਾਰਾਂ ਨੂੰ ਪਿੰਡਾਂ ਵਿੱਚ ਘੇਰ ਰਹੀਆਂ ਹਨ ਅਤੇ ਕਿਸਾਨ ਉਹਨਾਂ ਨੂੰ ਸਵਾਲ ਕਰ ਰਹੇ ਹਨ।
ਕਿਸਾਨਾਂ ਦੇ ਵਿਰੋਧ ਦਾ ਪੰਜਾਬ ਦੇ ਮਾਲਵਾ ਅਤੇ ਮਾਝਾ ਇਲਾਕਿਆਂ ਵਿੱਚ ਕਾਫ਼ੀ ਅਸਰ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਕਿਸਾਨ ਹੰਸ ਰਾਜ ਹੰਸ, ਪ੍ਰਨੀਤ ਕੌਰ ਸਮੇਤ ਭਾਜਪਾ ਉਮੀਦਵਾਰਾਂ ਦਾ ਲਗਾਤਾਰ ਵਿਰੋਧ ਕਰ ਰਹੇ ਹਨ।
ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲ੍ਹਾਂ ਦਾ ਕਹਿਣਾ ਹੈ ਕਿ ਭਾਜਪਾ ਕਾਰਪੋਰੇਟ ਪੱਖੀ ਨੀਤੀਆਂ ਨੂੰ ਦੇਸ਼ ਵਿੱਚ ਤੇਜੀ ਨਾਲ ਲਾਗੂ ਕਰ ਰਹੀ ਹੈ, ਜਿਸ ਕਾਰਨ ਕਿਸਾਨ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਹਨ।
ਸੁਖਦੇਵ ਸਿੰਘ ਕੋਕਰੀ ਕਲ੍ਹਾਂ ਮੁਤਾਬਕ, “ਭਾਜਪਾ ਦੇ ਰਾਜ ਵਿੱਚ ਕਿਸਾਨਾਂ ਦੀ ਲੁੱਟ ਤਿੱਖੀ ਹੋਈ ਹੈ। ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜੇ ਮੁਆਫ਼ ਨਹੀਂ ਹੋਏ ਜਿਸ ਕਾਰਨ ਬਹੁਤ ਸਾਰੇ ਕਿਸਾਨ-ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਪਰ ਕਾਰਪੋਰੇਟਾਂ ਦਾ ਕਰਜਾ ਮੁਆਫ ਕੀਤਾ ਗਿਆ।”
ਕੋਕਰੀ ਕਲ੍ਹਾਂ ਕਹਿੰਦੇ ਹਨ, “ ਅਸੀਂ ਕੋਈ ਮਾਹੌਲ ਖਰਾਬ ਨਹੀਂ ਕਰ ਰਹੇ ਸਗੋਂ ਕਈ ਵਾਰ ਭਾਜਪਾ ਆਗੂ ਸਥਿਤੀ ਨੂੰ ਹਿੰਸਕ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਕਿਸਾਨ ਸਿਰਫ਼ ਵਿਰੋਧ ਜਤਾਉਂਦੇ ਹਨ ਅਤੇ ਉਮੀਦਵਾਰਾਂ ਨੂੰ ਸਵਾਲ ਕਰਦੇ ਹਨ।”

ਤਸਵੀਰ ਸਰੋਤ, BBC/KULVEER NAMOL
ਕਿਸਾਨਾਂ ਦੇ ਵਿਰੋਧ ਦੀ ਕਿੰਨਾਂ ਅਸਰ
ਪੰਜਾਬ ਅਤੇ ਹਰਿਆਣਾ ਵਿੱਚ ਕਿਸਾਨ ਲਗਾਤਾਰ ਭਾਜਪਾ ਖਿਲਾਫ਼ ਸੰਘਰਸ਼ ਤਿੱਖਾ ਕਰ ਰਹੇ ਹਨ ਅਤੇ ਉਮੀਦਵਾਰਾਂ ਦੀਆਂ ਚਿੰਤਾਵਾਂ ਵਧਾ ਰਹੇ ਹਨ।
ਸਾਬਕਾ ਪ੍ਰੋਫੈਸਰ ਜਗਰੂਪ ਕੌਰ ਕਹਿੰਦੇ ਹਨ, “ਪੰਜਾਬ ਅਤੇ ਹਰਿਆਣੇ ਵਿੱਚ ਕਿਸਾਨਾਂ ਨੂੰ ਅਣ-ਦੇਖਿਆ ਨਹੀਂ ਕੀਤਾ ਜਾ ਸਕਦਾ। ਮੌਜੂਦਾ ਸਮੇਂ ਵਿੱਚ ਕਿਸਾਨ ਇੱਕ ਵੱਡਾ ਦਬਾਅ ਸਮੂਹ ਬਣ ਗਏ ਹਨ। ਕਿਸਾਨਾਂ ਨੇ ਪਹਿਲਾਂ ਵੀ ਕੇਂਦਰ ਸਰਕਾਰ ਖ਼ਿਲਾਫ਼ ਇੱਕ ਵੱਡਾ ਸੰਘਰਸ਼ ਲੜਿਆ ਅਤੇ ਅੱਜ ਵੀ ਕਿਸਾਨ ਪੰਜਾਬ ਦੀਆਂ ਸਰਹੱਦਾਂ ਉਪਰ ਧਰਨੇ ਲਗਾਏ ਹੋਏ ਹਨ।”
ਪੱਤਰਕਾਰ ਜਸਪਾਲ ਸਿੱਧੂ ਕਹਿੰਦੇ ਹਨ ਕਿ ਭਾਜਪਾ ਦਾ ਪਿੰਡਾਂ ਵਿੱਚ ਵੱਡਾ ਵਿਰੋਧ ਹੈ ਅਤੇ ਇਹ ਪਾਰਟੀ ਲਈ ਨੁਕਸਾਦੇਹ ਹੋਵੇਗਾ।
ਉਹਨਾਂ ਮੁਤਾਬਕ, “ਪਹਿਲਾਂ ਕਦੇ ਕਿਸੇ ਪਾਰਟੀ ਦਾ ਅਜਿਹਾ ਵਿਰੋਧ ਨਹੀਂ ਹੋਇਆ। ਕਿਸਾਨਾਂ ਅੰਦਰ ਸੱਤਾਧਾਰੀ ਪਾਰਟੀ ਖਿਲਾਫ਼ ਭਾਰੀ ਗੁੱਸਾ ਹੈ।”

ਤਸਵੀਰ ਸਰੋਤ, BBC/BHARAT BHUSHAN
ਪੱਤਰਕਾਰ ਹਮੀਰ ਸਿੰਘ ਕਹਿੰਦੇ ਹਨ, “ਸ਼ਹਿਰੀ ਖੇਤਰ ਵਿੱਚ ਭਾਜਪਾ ਨੂੰ ਮੋਦੀ ਦੇ ਨਾਮ ’ਤੇ ਵੋਟ ਪੈ ਸਕਦੀ ਹੈ ਪਰ ਪਿੰਡਾਂ ਵਿੱਚ ਕਿਸਾਨਾਂ ਦੇ ਵਿਰੋਧ ਕਾਰਨ ਵੋਟਾਂ ’ਤੇ ਕਾਫ਼ੀ ਅਸਰ ਹੋਵੇਗਾ।”
ਹਾਲਾਕਿ, ਭਾਜਪਾ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਇਸ ਕਾਰਵਾਈ ਨਾਲ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ ਕਿਉਂਕਿ ਇਸ ਨਾਲ ਪਾਰਟੀ ਨੂੰ ਲੋਕਾਂ ਦੀ ਹਮਦਰਦੀ ਮਿਲ ਰਹੀ ਹੈ।
ਭਾਜਪਾ ਆਗੂ ਹਰਜੀਤ ਗਰੇਵਾਲ ਦਾਅਵਾ ਕਰਦੇ ਹਨ, “ ਸਾਡੀ ਸਥਿਤੀ ਬਹੁਤ ਚੰਗੀ ਹੈ ਅਤੇ ਲੋਕਾਂ ਦਾ ਸਾਥ ਮਿਲ ਰਿਹਾ ਹੈ। ਜੇਕਰ ਪੰਜਾਬ ਵਿੱਚ ਅਮਨ ਸ਼ਾਂਤੀ ਅਤੇ ਵਿਕਾਸ ਲਿਆਉਣਾ ਹੈ ਤਾਂ ਭਾਜਪਾ ਦਾ ਆਉਣਾ ਜਰੂਰੀ ਹੈ। ਜਦੋਂ ਭਾਜਪਾ ਦੀ ਸਰਕਾਰ ਆਵੇਗੀ ਤਾਂ ਇੱਥੇ ਵੀ ਉੱਤਰ ਪ੍ਰਦੇਸ਼ ਦੀ ਤਰ੍ਹਾਂ ਗੈਂਗਸਟਰਾਂ ਨੂੰ ਨੱਥ ਪਾਈ ਜਾਵੇਗੀ।”
ਉਹ ਕਹਿੰਦੇ ਹਨ, “ਕਿਸਾਨ ਜਥੇਬੰਦੀਆਂ ਸਿਆਸੀ ਧਿਰਾਂ ਨਾਲ ਜੁੜੀਆਂ ਹੋਈਆਂ ਹਨ। ਇਹਨਾਂ ਵਿੱਚੋਂ ਕਈਆਂ ਦਾ ਤਾਂ ਲੋਕਤੰਤਰ ਵਿੱਚ ਵਿਸ਼ਵਾਸ਼ ਹੀ ਨਹੀਂ ਹੈ।”












