ਆਸਟ੍ਰੇਲੀਆ ਵਿੱਚੋਂ ਭਾਰਤੀ ਜਸੂਸ ਕੱਢੇ ਜਾਣ ਦੀਆਂ ਮੀਡੀਆ ਰਿਪੋਰਟਾਂ ਦਾ ਭਾਰਤ ਨੇ ਦਿੱਤਾ ਜਵਾਬ

ਤਸਵੀਰ ਸਰੋਤ, AAP/Reuters
ਆਸਟ੍ਰੇਲੀਆ ਵਿੱਚੋਂ ਦੋ ਭਾਰਤੀ ਜਸੂਸਾਂ ਨੂੰ 2020 ਦੌਰਾਨ ਬਾਹਰ ਕੱਢੇ ਜਾਣ ਦੀਆਂ ਮੀਡੀਆ ਰਿਪੋਰਟਾਂ ਉੱਤੇ ਭਾਰਤ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਵੀਰਵਾਰ ਨੂੰ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੀਆਂ ਕਿਹਾ, ''ਅਜਿਹੀਆਂ ਮੀਡੀਆ ਰਿਪੋਰਟਾਂ ਅਟਕਲਾਂ ਉੱਤੇ ਅਧਾਰਿਤ ਹੁੰਦੀਆਂ ਹਨ, ਇਨ੍ਹਾਂ ਉੱਤੇ ਕੀ ਟਿੱਪਣੀ ਕੀਤੀ ਜਾ ਸਕਦੀ ਹੈ, ਅਸੀਂ ਇਸ ਉੱਤੇ ਕੁਝ ਨਹੀਂ ਕਹਿਣਾ ਚਾਹਾਂਗੇ।''
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਆਸਟ੍ਰੇਲੀਆ ਸਰਕਾਰ ਨੇ ਸਾਲ 2020 ਦੌਰਾਨ ਦੋ ਭਾਰਤੀ ਜਸੂਸਾਂ ਨੂੰ ਆਪਣੇ ਮੁਲਕ ਵਿੱਚੋਂ ਕੱਢੇ ਜਾਣ ਦੀਆਂ ਰਿਪੋਰਟਾਂ ਦਰਮਿਆਨ ਭਾਰਤ ਨਾਲ ਆਪਣੇ ਨਜ਼ਦੀਕੀ ਰਿਸ਼ਤੇ ਹੋਣ ਦੀ ਗੱਲ ਕੀਤੀ ਸੀ।
ਸਾਲ 2021 ਵਿੱਚ ਆਸਟ੍ਰੇਲੀਆ ਦੀ ਸੂਹੀਆ ਏਜੰਸੀ ਦੇ ਮੁਖੀ ਨੇ ਕਿਹਾ ਸੀ ਕਿ ਪਿਛਲੇ ਸਾਲ ਵਿਦੇਸ਼ੀ ਏਜੰਟ ਦੇਸ ਵਿੱਚ ਸਰਗਰਮ ਸਨ— ਪਰ ਉਨ੍ਹਾਂ ਨੇ ਏਜੰਟਾਂ ਦੀ ਕੌਮੀਅਤ ਦਾ ਜ਼ਿਕਰ ਨਹੀਂ ਕੀਤਾ ਸੀ।
ਕੁਝ ਮੀਡੀਆ ਅਦਾਰਿਆਂ ਨੇ ਇਸ ਹਫ਼ਤੇ ਰਿਪੋਰਟ ਕੀਤਾ ਹੈ ਕਿ ਉਹ ਏਜੰਟ ਭਾਰਤੀ ਸਨ।
ਆਸਟ੍ਰੇਲੀਆ ਨੇ ਨਾ ਹੀ ਇਨ੍ਹਾਂ ਰਿਪੋਰਟਾਂ ਨੂੰ ਸਵੀਕਾਰ ਕੀਤਾ ਹੈ ਅਤੇ ਨਾ ਹੀ ਰੱਦ ਕੀਤਾ ਹੈ। ਸਗੋਂ ਕਿਹਾ ਹੈ ਕਿ ਉਹ ਵਿਦੇਸ਼ੀ ਦਖ਼ਲ ਦਾ ਮੁਕਾਬਲਾ ਕਰਨ ਲਈ ਉਤਸੁਕ ਹੈ।
ਆਸਟ੍ਰੇਲੀਆ ਦੇ ਖਜ਼ਾਨਾ ਮੰਤਰੀ ਜਿੰਮ ਸ਼ੈਲਮਰ ਨੇ ਏਬੀਸੀ ਨੂੰ ਬੁੱਧਵਾਰ ਨੂੰ ਕਿਹਾ, “ਮੈਂ ਇਨ੍ਹਾਂ ਕਹਾਣੀਆਂ ਵਿੱਚ ਨਹੀਂ ਜਾਣਾ ਚਾਹੁੰਦਾ।”
“ਸਾਡੇ ਭਾਰਤ ਨਾਲ ਵਧੀਆ ਰਿਸ਼ਤੇ ਹਨ... ਇਹ ਇੱਕ ਮਹੱਤਵਪੂਰਨ ਆਰਥਿਕ ਰਿਸ਼ਤਾ ਹੈ। ਦੁਵੱਲੀਆਂ ਕੋਸ਼ਿਸ਼ਾਂ ਦੇ ਸਦਕਾ ਪਿਛਲੇ ਸਾਲਾਂ ਦੇ ਦੌਰਾਨ ਇਹ ਹੋਰ ਨਜ਼ੀਦੀਕੀ ਬਣ ਗਿਆ ਹੈ।”
ਆਪਣੇ ਭਾਸ਼ਣ ਵਿੱਚ ਤਿੰਨ ਸਾਲ ਪਹਿਲਾਂ ਆਸਟ੍ਰੇਲੀਆਈ ਸੁਰੱਖਿਆ ਖੁਫ਼ੀਆ ਅਦਾਰੇ ( ਏਐੱਸਆਈਓ) ਦੇ ਮੁਖ਼ੀ ਮਾਇਕ ਬੁਰਗਸ ਨੇ ਕਿਹਾ, 2020 ਦੌਰਾਨ ‘‘ਜਸੂਸਾ ਦਾ ਆਲ੍ਹਣਾ’’ ਬਣ ਗਿਆ ਸੀ, ਜਿਸ ਨੇ ਮੌਜੂਦਾ ਤੇ ਸਾਬਕਾ ਸਿਆਸਤਦਾਨਾਂ, ਵਿਦੇਸ਼ੀ ਦੂਤਾਵਾਸ ਅਤੇ ਸੂਬਾਈ ਪੁਲਿਸ ਸੇਵਾ ਨਾਲ ਨਜ਼ਦੀਕੀਆਂ ਬਣਾ ਕੇ ਨਿਸ਼ਾਨਾਂ ਬਣਾਇਆ ਸੀ।
ਬੁਰਗਸ ਨੇ ਕਿਹਾ ਸੀ, “ਉਹ ਆਪਣੇ ਦੇਸ ਦੀ ਡਾਇਸਪੋਰਾ ਕਮਿਊਨਿਟੀ ਉੱਪਰ ਨਿਗ੍ਹਾ ਰੱਖ ਰਹੇ ਸਨ” ਉਨ੍ਹਾਂ ਨੇ “ਇੱਕ ਸਰਕਾਰੀ ਮੁਲਾਜ਼ਮ ਤੋਂ ਇੱਕ ਵੱਡੇ ਹਵਾਈ ਅੱਡੇ ਉੱਤੇ ਸੁਰੱਖਿਆ ਪ੍ਰੋਟੋਕਾਲ ਬਾਰੇ ਪੁੱਛਿਆ” ਅਤੇ “ਆਸਟ੍ਰੇਲੀਆ ਦੇ ਕਾਰਬਾਰੀ ਰਿਸ਼ਤਿਆਂ ਬਾਰੇ ਗੁਪਤ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ।”
ਬਰiਸ ਨੇ ਦੱਸਿਆ ਸੀ ਕਿ ਏਸੀਓ ਵੱਲੋਂ ਉਨ੍ਹਾਂ ਦਾ ਭਾਂਡਾ ਭੰਨੇ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਆਸਟ੍ਰੇਲੀਆ ਸਰਕਾਰ ਵੱਲੋਂ ਕਲੀਅਰੈਂਸ ਹਾਸਲ ਵਿਅਕਤੀ ਜਿਸ ਨੂੰ ਸੰਵੇਦਨਾਸ਼ੀਲ ਰੱਖਿਆ ਤਕਨੀਕ ਦੀ ਜਾਣਕਾਰੀ ਸੀ, ਆਪਣੇ ਨਾਲ ਮਿਲਾਇਆ ਸੀ।

ਤਸਵੀਰ ਸਰੋਤ, Getty Images
ਭਾਰਤੀ ਏਜੰਟਾਂ ਬਾਰੇ ਮੀਡੀਆ ਵਿੱਚ ਕੀ ਆਇਆ
ਵਾਸ਼ਿੰਗਟਨ ਪੋਸਟ ਦੀ ਸੋਮਵਾਰ ਦੀ ਖ਼ਬਰ ਮੁਤਾਬਕ ਸਾਲ 2020 ਦੌਰਾਨ ਆਸਟ੍ਰੇਲੀਆ ਵੱਲੋਂ ਦੋ ਭਾਰਤੀ ਆਪਰੇਟਿਵਾਂ ਨੂੰ ਜਸੂਸੀ ਵਿਰੋਧੀ ਯਤਨਾਂ ਦੌਰਾਨ ਕੱਢਿਆ ਗਿਆ ਸੀ।
ਏਬੀਸੀ ਨੇ ਫਿਰ ਖ਼ਬਰ ਦਿੱਤੀ ਸੀ ਕਿ ਭਾਰਤੀ ਏਜੰਟਾਂ ਦੇ ਇੱਕ ਸਮੂਹ ਨੇ ਆਸਟ੍ਰੇਲੀਆ ਦੇ ਕਾਰੋਬਾਰ, ਸੁਰੱਖਿਆ ਅਤੇ ਰੱਖਿਆ ਪ੍ਰੋਜੈਕਟਾਂ ਬਾਰੇ ਗੁਪਤ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਸੀ।
ਏਸੀਓ ਦੇ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ ਕਿ ਏਜੰਸੀ ਸੂਹੀਆ ਮਸਲਿਆਂ ਉੱਪਰ ਟਿੱਪਣੀ ਨਹੀਂ ਕਰੇਗੀ। ਕੈਨਬਰਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਪ੍ਰਤੀਕਿਰਿਆ ਲਈ ਬੇਨਤੀ ਦਾ ਜਵਾਬ ਨਹੀਂ ਦਿੱਤਾ।
ਤਾਜ਼ਾ ਦਾਅਵੇ ਪੱਛਮੀ ਮੁਲਕਾਂ ਵੱਲੋਂ ਵਿਦੇਸ਼ੀ ਧਰਤੀ ਉੱਪਰ ਭਾਰਤ ਦੀਆਂ ਗੁਪਤ ਸਰਗਰਮੀਆਂ ਬਾਰੇ ਚਿੰਤਾ ਜਤਾਏ ਜਾਣ ਦੌਰਾਨ ਹੀ ਉੱਠੇ ਹਨ।
ਇਸ ਤੋਂ ਪਹਿਲਾਂ ਪਿਛਲੇ ਸਾਲ ਜੂਨ ਵਿੱਚ ਭਾਰਤ ਉੱਤੇ ਕੈਨੇਡਾ ਵਿੱਚ ਵੱਖਵਾਦੀ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਸਾਜਿਸ਼ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਲੱਗੇ ਸਨ। ਭਾਰਤ ਨੇ ਇਸ ਇਲਜ਼ਾਮ ਦਾ ਪੁਰਜ਼ੋਰ ਖੰਡਨ ਕੀਤਾ ਹੈ।
ਪਿਛਲੇ ਸਾਲਾਂ ਦੌਰਾਨ ਭਾਰਤ ਅਤੇ ਆਸਟ੍ਰੇਲੀਆ ਨੇ ਕਈ ਕਾਰੋਬਾਰ, ਊਰਜਾ ਅਤੇ ਪਰਵਾਸ ਦੇ ਖੇਤਰਾਂ ਵਿੱਚ ਸਮਝੌਤਿਆਂ ਰਾਹੀਂ ਆਪਣੇ ਦੁਵੱਲੇ ਰਿਸ਼ਤਿਆਂ ਨੂੰ ਪੁਖਤਾ ਕਰਨ ਦੀ ਕੋਸ਼ਿਸ਼ ਕੀਤੀ ਹੈ।
ਅਮਰੀਕਾ ਅਤੇ ਜਪਾਨ ਜੋ ਕਿ ਇੰਡੋ-ਪੈਸਿਫਿਕ ਖੇਤਰ ਵਿੱਚ ਚੀਨ ਦੇ ਵੱਧ ਰਹੇ ਪ੍ਰਭਾਵ ਦੇ ਮੱਦੇ ਸੁਰੱਖਿਆ ਵਧਾਉਣ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ ਕੁਆਡ ਸਮੂਹ ਦੇ ਮੈਂਬਰ ਹਨ।
ਭਾਰਤ ਆਸਟ੍ਰੇਲੀਆ ਦਾ ਛੇਵਾਂ ਸਭ ਤੋਂ ਵੱਡਾ ਕਾਰੋਬਾਰੀ ਭਾਈਵਾਲ ਹੈ, ਜਦਕਿ ਇੱਥੇ ਲਗਭਗ ਸਾਢੇ ਸੱਤ ਲੱਖ ਆਪਣੀਆਂ ਜੜ੍ਹਾਂ ਭਾਰਤ ਵਿੱਚ ਹੋਣ ਦਾ ਦਾਅਵਾ ਕਰਦੇ ਹਨ।












