ਮੋਦੀ ਦੇ ਭਾਰਤ ਵਿੱਚ ਮੁਸਲਮਾਨਾਂ ਦੀ ਹੋਣੀ, 'ਸਾਰਿਆਂ ਨੇ ਭੱਜਣ ਲਈ ਕੋਈ ਨਾ ਕੋਈ ਦੇਸ਼ ਚੁਣਿਆ ਹੋਇਆ ਹੈ'

ਤਾਜ ਮਹੱਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਦੋਂ ਦੀ 2014 ਤੋਂ ਨਰਿੰਦਰ ਮੋਦੀ ਦੀ ਪਾਰਟੀ ਭਾਜਪਾ ਕੇਂਦਰ ਦੀ ਸੱਤਾ ਵਿੱਚ ਆਈ ਹੈ। ਉਦੋਂ ਤੋਂ ਹੀ ਭਾਰਤ ਦੀ 20 ਕਰੋੜ ਮੁਸਲਿਮ ਅਬਾਦੀ ਸਾਹਮਣੇ ਕਈ ਦਿੱਕਤਾਂ ਆਈਆਂ ਹਨ
    • ਲੇਖਕ, ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਦੀ 20 ਕਰੋੜ ਮੁਸਲਮਾਨ ਅਬਾਦੀ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਸਭ ਤੋਂ ਵੱਡੀ ਘੱਟ ਗਿਣਤੀ ਹੈ।

ਛੇ ਸਾਲ ਪਹਿਲਾਂ ਆਗਰਾ ਵਿੱਚ ਇੱਕ ਮੁਸਲਮਾਨ ਮੁੰਡਾ ਗੁੱਸੇ ਵਿੱਚ ਸਕੂਲੋਂ ਘਰ ਵਾਪਸ ਆਇਆ, ਉਸ ਦਾ ਮੂੰਹ ਗੁੱਸੇ ਵਿੱਚ ਲਾਲ ਸੀ।

9 ਸਾਲਾ ਬੱਚੇ ਨੇ ਘਰ ਆ ਕੇ ਆਪਣੀ ਮਾਂ ਨੂੰ ਦੱਸਿਆ, “ਮੇਰੇ ਜਮਾਤੀ ਮੈਨੂੰ ਪਾਕਿਸਤਾਨੀ ਦਹਿਸ਼ਤਗਰਦ” ਕਹਿੰਦੇ ਹਨ।

ਕਾਊਂਸਲਰ ਅਤੇ ਲੇਖਕ ਰੀਮਾ ਅਹਿਮਦ ਨੂੰ ਉਹ ਦਿਨ ਅਜੇ ਵੀ ਚੰਗੀ ਤਰ੍ਹਾਂ ਯਾਦ ਹੈ।

ਉਹ ਦੱਸਦੇ ਹਨ, “ਉਸ ਨੇ ਮੁੱਠੀਆਂ ਇੰਨੀਆਂ ਘੁੱਟ ਕੇ ਮੀਚ ਰੱਖੀਆਂ ਸਨ ਕਿ ਉਸ ਦੇ ਹੱਥਾਂ ਉੱਤੇ ਨਹੁੰਆਂ ਦੇ ਨਿਸ਼ਾਨ ਬਣ ਗਏ ਸਨ। ਉਹ ਬਹੁਤ ਗੁੱਸੇ ਵਿੱਚ ਸੀ।”

ਬੱਚੇ ਨੇ ਰੀਮਾ ਨੂੰ ਕਹਾਣੀ ਦੱਸਣੀ ਸ਼ੁਰੂ ਕੀਤੀ, “ਜਦੋਂ ਅਧਿਆਪਕ ਜਮਾਤ ਤੋਂ ਬਾਹਰ ਸੀ ਤਾਂ ਬੱਚੇ ਰੌਲਾ ਪਾ ਰਹੇ ਸਨ, ਇਸ ਦੌਰਾਨ ਕੁਝ ਬੱਚਿਆਂ ਨੇ ਉਸ ਵੱਲ ਇਸ਼ਾਰਾ ਕਰਦਿਆਂ ਕਿਹਾ ‘ਇਹ ਪਾਕਿਸਤਾਨੀ ਦਹਿਸ਼ਤਗਰਦ ਹੈ ਇਸ ਨੂੰ ਮਾਰੋ!’

ਉਸ ਨੇ ਦੱਸਿਆ ਕਿ ਕੁਝ ਜਮਾਤੀਆਂ ਨੇ ਉਸ ਨੂੰ “ਨਾਲੀ ਦਾ ਕੀੜਾ” ਵੀ ਕਿਹਾ ਸੀ। ਜਦੋਂ ਰੀਮਾ ਅਹਿਮਦ ਨੇ ਸ਼ਿਕਾਇਤ ਕੀਤੀ ਤਾਂ ਕਿਹਾ ਗਿਆ, “ਇਹ ਉਨ੍ਹਾਂ ਦੀ ਕਲਪਨਾ ਸੀ ਅਤੇ... ਅਜਿਹਾ ਨਹੀਂ ਵਾਪਰਿਆ।”

ਰੀਮਾ ਨੇ ਆਖ਼ਰ ਆਪਣੇ ਬੱਚੇ ਨੂੰ ਸਕੂਲ ਤੋਂ ਹਟਾ ਲਿਆ। ਹੁਣ ਉਹ ਮੁੰਡਾ 16 ਸਾਲ ਦਾ ਹੈ ਅਤੇ ਘਰੋਂ ਪੜ੍ਹਾਈ ਕਰ ਰਿਹਾ ਹੈ।

“ਮੈਂ ਭਾਈਚਾਰੇ ਦੀ ਮਾਨਸਿਕ ਸਥਿਤੀ ਆਪਣੇ ਬੱਚੇ ਦੇ ਤਜਰਬੇ ਵਿੱਚੋਂ ਮਹਿਸੂਸ ਕੀਤੀ। ਇਹ ਇੱਕ ਅਜਿਹੀ ਭਾਵਨਾ ਸੀ ਜੋ ਜਦੋਂ ਮੈਂ ਵੱਡੀ ਹੋ ਰਹੀ ਸੀ ਤਾਂ ਮੈਂ ਕਦੇ ਮਹਿਸੂਸ ਨਹੀਂ ਕੀਤੀ।”

“ਸਾਡੇ ਸਰਦੇ ਪੁੱਜਦੇ ਹੋਣ ਨੇ ਸ਼ਾਇਦ ਸਾਨੂੰ ਹਮੇਸ਼ਾ ਮੁਸਲਿਮ ਮਹਿਸੂਸ ਹੋਣ ਤੋਂ ਬਚਾਇਆ ਹੋਵੇ ਪਰ ਹੁਣ ਲਗਦਾ ਹੈ ਕਿ ਤੁਹਾਡਾ ਸਰਦੇ ਪੁੱਜਦੇ ਹੋਣਾ ਤੁਹਾਨੂੰ ਜ਼ਿਆਦਾ ਦਿਖਣ ਵਾਲਾ ਨਿਸ਼ਾਨਾ ਬਣਾਉਂਦਾ ਹੈ।”

ਲੋਕਸਭਾ ਚੋਣਾਂ ਦੀਆਂ ਖ਼ਾਸ ਰਿਪੋਰਟਾਂ ਇੱਥੇ ਪੜ੍ਹੋ

ਰੀਮਾ ਅਹਿਮਦ

ਤਸਵੀਰ ਸਰੋਤ, Bimal Thankachan

ਤਸਵੀਰ ਕੈਪਸ਼ਨ, ਆਗਰਾ ਦੇ ਰਹਿਣ ਵਾਲੇ ਰੀਮਾ ਅਹਿਮਦ ਲੇਖਕ ਅਤੇ ਕਾਊਂਸਲਰ ਹਨ

ਜਦੋਂ ਦੀ 2014 ਤੋਂ ਨਰਿੰਦਰ ਮੋਦੀ ਦੀ ਪਾਰਟੀ ਭਾਜਪਾ ਕੇਂਦਰ ਦੀ ਸੱਤਾ ਵਿੱਚ ਆਈ ਹੈ। ਉਦੋਂ ਤੋਂ ਹੀ ਭਾਰਤ ਦੀ 20 ਕਰੋੜ ਮੁਸਲਿਮ ਅਬਾਦੀ ਸਾਹਮਣੇ ਕਈ ਦਿੱਕਤਾਂ ਆਈਆਂ ਹਨ।

ਹਿੰਦੂ ਹਿੰਸਕ ਭੀੜਾਂ ਨੇ ਗਊ ਵਪਾਰੀ ਹੋਣ ਦੇ ਸ਼ੱਕ ਵਿੱਚ ਕਈ ਮੁਸਲਮਾਨਾਂ ਨਾਲ ਹਜੂਮੀ ਹਿੰਸਾ ਕੀਤੀ ਹੈ। ਛੋਟੇ ਮੁਸਲਮਾਨ ਵਪਾਰੀ ਨਿਸ਼ਾਨਾ ਬਣਾਏ ਗਏ ਹਨ। ਮਸੀਤਾਂ ਦੇ ਖਿਲਾਫ਼ ਮੁਕੱਦਮੇ ਦਰਜ ਕੀਤੇ ਗਏ ਹਨ।

ਇੰਟਰਨੈੱਟ ਉੱਤੇ ਮੁਸਲਮਾਨ ਔਰਤਾਂ ਦੀਆਂ ‘ਬੋਲੀਆਂ’ ਲਾਈਆਂ ਗਈਆਂ ਹਨ। ਸੱਜੇ ਪੱਖੀਆਂ ਅਤੇ ਮੁੱਖ ਧਾਰਾ ਦੇ ਮੀਡੀਆ ਨੇ ਆਮ ਲੋਕਾਂ ਵਿੱਚ ਮੁਸਲਮਾਨਾਂ ਪ੍ਰਤੀ ਖੌਫ਼ (ਇਸਲਾਮੋਫੋਬੀਆ) ਭਰਿਆ ਹੈ।

ਉਨ੍ਹਾਂ ਉੱਪਰ ਜਿਹਾਦ, “ਲਵ ਜਿਹਾਦ” ਵਰਗੇ ਦੂਸ਼ਣ ਲਾਏ ਹਨ। “ਲਵ ਜਿਹਾਦ” ਤਹਿਤ ਉਹ ਮੁਸਲਮਾਨ ਮਰਦਾਂ ਉੱਪਰ ਹਿੰਦੂ ਔਰਤਾਂ ਨੂੰ ਵਰਗਲਾ ਕੇ ਉਨ੍ਹਾਂ ਨਾਲ ਵਿਆਹ ਕਰਵਾਉਣ ਅਤੇ ਇਸਲਾਮ ਵਿੱਚ ਸ਼ਾਮਿਲ ਕਰਨ ਦੇ ਝੂਠੇ ਇਲਜ਼ਾਮ ਲਾਉਂਦੇ ਹਨ।

ਇਸ ਅਰਸੇ ਦੌਰਾਨ ਮੁਸਲਮਾਨਾਂ ਖਿਲਾਫ਼ ਨਫ਼ਰਤੀ ਭਾਸ਼ਣਾਂ ਵਿੱਚ ਵਾਧਾ ਹੋਇਆ ਹੈ। ਮੁਸਲਮਾਨਾਂ ਖਿਲਾਫ਼ ਦਰਜ ਹੋਏ ਨਫ਼ਰਤੀ ਹਿੰਸਾ ਦੇ ਮਾਮਲਿਆਂ ਵਿੱਚੋਂ ਇੱਕ ਤਿਹਾਈ ਭਾਜਪਾ ਦੀ ਸਰਕਾਰ ਵਾਲੇ ਸੂਬਿਆਂ ਵਿੱਚ ਦਰਜ ਕੀਤੇ ਗਏ ਹਨ।

‘ਬੀਇੰਗ ਮੁਸਲਿਮ ਇਨ ਹਿੰਦੂ ਇੰਡੀਆ’ ਦੇ ਲੇਖਕ ਜ਼ੀਆ ਉਸ ਸਲਾਮ ਦੱਸਦੇ ਹਨ, “ਮੁਸਲਮਾਨ ਦੂਜੇ ਦਰਜੇ ਦੇ ਸ਼ਹਿਰੀ ਬਣ ਗਏ ਹਨ। ਆਪਣੇ ਹੀ ਦੇਸ ਵਿੱਚ ਇੱਕ ਅਦਿੱਖ ਘੱਟ ਗਿਣਤੀ।”

ਮੋਦੀ ਅਤੇ ਉਨ੍ਹਾਂ ਦੀ ਪਾਰਟੀ ਇਸ ਗੱਲ ਤੋਂ ਇਨਕਾਰ ਕਰਦੇ ਹਨ ਕਿ ਭਾਰਤ ਵਿੱਚ ਮੁਸਲਮਾਨਾਂ ਨਾਲ ਮਾੜਾ ਸਲੂਕ ਹੋ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਨਿਊਜ਼ ਵੀਕ ਮੈਗਜ਼ੀਨ ਨੂੰ ਕਿਹਾ, “ਅਜਿਹੇ ਕੁਝ ਲੋਕ ਹਨ ਜੋ ਆਪਣੇ ਦਾਇਰੇ ਤੋਂ ਬਾਹਰ ਹੋਰ ਲੋਕਾਂ ਨੂੰ ਮਿਲਣਾ ਨਹੀਂ ਚਾਹੁੰਦੇ। ਭਾਰਤ ਦੇ ਘੱਟ ਗਿਣਤੀ ਭਾਈਚਾਰੇ ਦੇ ਲੋਕ ਵੀ ਹੁਣ ਇਸ ਵਿਚਾਰ ਨਾਲ ਸਹਿਮਤ ਨਹੀਂ ਹਨ।”

ਬੀਬੀਸੀ

ਰੀਮਾ ਨੂੰ ਕਿਉਂ ਛੱਡਣਾ ਪਿਆ ਵਟਸਐਪ ਗਰੁੱਪ

ਫਿਰ ਵੀ ਅਹਿਮਦ ਦਾ ਪਰਿਵਾਰ ਜੋ ਕਿ ਕਈ ਦਹਾਕਿਆਂ ਤੋਂ ਆਗਰਾ ਵਿੱਚ ਰਹਿ ਰਿਹਾ ਹੈ, ਬਦਲਾਅ ਮਹਿਸੂਸ ਕਰ ਰਿਹਾ ਹੈ। ਅਹਿਮਦ ਇੱਕ ਭੀੜ ਵਾਲੇ ਇਲਾਕੇ ਵਿੱਚ ਰਹਿੰਦੇ ਹਨ, ਉਨ੍ਹਾਂ ਦੇ ਕਈ ਹਿੰਦੂ ਦੋਸਤ ਹਨ ਜੋ ਇਸੇ ਇਲਾਕੇ ਵਿੱਚ ਰਹਿੰਦੇ ਹਨ।

ਸਾਲ 2019 ਵਿੱਚ ਰੀਨਾ ਅਹਿਮਦ ਨੂੰ ਇੱਕ ਵਟਸਐਪ ਗਰੁੱਪ ਛੱਡਣਾ ਪਿਆ ਸੀ। ਉਸ ਗਰੁੱਪ ਵਿੱਚ ਉਹ ਇੱਕੱਲੇ ਹੀ ਮੁਸਲਮਾਨ ਸਨ। ਉਨ੍ਹਾਂ ਨੇ ਅਜਿਹਾ ਭਾਰਤ ਵੱਲੋਂ ਪਾਕਿਸਤਾਨ ਵਿੱਚ ਕਥਿਤ ਅੱਤਵਾਦੀ ਟਿਕਾਣਿਆਂ ਉੱਤੇ ਕੀਤੇ ਗਏ ਹਵਾਈ ਹਮਲਿਆਂ ਤੋਂ ਬਾਅਦ ਆਏ ਸੁਨੇਹੇ ਤੋਂ ਬਾਅਦ ਕੀਤਾ।

ਬੀਬੀਸੀ

ਗਰੁੱਪ ਵਿੱਚ ਇੱਕ ਸੁਨੇਹੇ ਵਿੱਚ ਕਿਹਾ ਗਿਆ ਸੀ, “ਜੇ ਉਹ ਸਾਡੇ ਉੱਪਰ ਮਿਜ਼ਾਈਲਾਂ ਦਾਗਣਗੇ ਤਾਂ ਅਸੀਂ ਉਨ੍ਹਾਂ ਦੇ ਘਰ ਵਿੱਚ ਵੜ ਕੇ ਮਾਰਾਂਗੇ”। ਇਹ ਪ੍ਰਧਾਨ ਮੰਤਰੀ ਮੋਦੀ ਦੇ ਉਸ ਬਿਆਨ ਦੀ ਸੁਰ ਵਿੱਚ ਸੀ ਜੋ ਉਨ੍ਹਾਂ ਨੇ ਪਾਕਿਸਤਾਨ ਵਿੱਚ ਉਪਰੋਕਤ ਟਿਕਾਣਿਆਂ ਦੇ ਹਮਲੇ ਤੋਂ ਬਾਅਦ ਦਿੱਤਾ ਸੀ।

ਰੀਨਾ ਅਹਿਮਦ ਦੱਸਦੇ ਹਨ, “ਮੈਨੂੰ ਬੁਰਾ ਲੱਗਿਆ ਅਤੇ ਮੈਂ ਆਪਣੇ ਦੋਸਤਾਂ ਨੂੰ ਕਿਹਾ ਕਿ ਤੁਹਾਨੂੰ ਕੀ ਹੋ ਗਿਆ ਹੈ? ਕੀ ਤੁਸੀਂ ਨਾਗਰਿਕਾਂ ਅਤੇ ਬੱਚਿਆਂ ਨੂੰ ਮਾਰਨ ਦੀ ਹਮਾਇਤ ਕਰਦੇ ਹੋ?” ਰੀਨਾ ਸ਼ਾਂਤੀ ਦੀ ਵਕਾਲਤ ਕਰਨ ਵਿੱਚ ਯਕੀਨ ਰੱਖਦੇ ਹਨ।

ਉਨ੍ਹਾਂ ਨੂੰ ਤੁਰੰਤ ਪ੍ਰਤੀਕਿਰਿਆਵਾਂ ਮਿਲਣ ਲੱਗ ਪਈਆਂ।

ਉਨ੍ਹਾਂ ਦੱਸਿਆ, “ਕਿਸੇ ਨੇ ਪੁੱਛਿਆ ਕਿ ਤੁਸੀਂ ਮੁਸਲਮਾਨ ਹੋਣ ਕਾਰਨ ਪਾਕਿਸਤਾਨ ਦਾ ਪੱਖ ਲੈ ਰਹੇ ਹੋ। ਉਨ੍ਹਾਂ ਨੇ ਮੈਨੂੰ ਰਾਸ਼ਟਰ ਵਿਰੋਧੀ ਕਹਿਣਾ ਸ਼ੁਰੂ ਕਰ ਦਿੱਤਾ।”

ਉਨ੍ਹਾਂ ਅੱਗੇ ਦੱਸਿਆ, “ਅਚਾਨਕ ਅਹਿੰਸਾ ਦੀ ਗੱਲ ਕਰਨ ਨੂੰ ਰਾਸ਼ਟਰ ਵਿਰੋਧੀ ਹੋਣ ਦੇ ਤੁਲ ਬਣਾ ਦਿੱਤਾ ਗਿਆ। ਮੈਂ ਉਨ੍ਹਾਂ ਨੂੰ ਕਿਹਾ ਕਿ ਕਿਸੇ ਦੇਸ ਦੀ ਹਮਾਇਤ ਕਰਨ ਲਈ ਮੈਨੂੰ ਹਿੰਸਕ ਹੋਣ ਦੀ ਲੋੜ ਨਹੀਂ ਹੈ। ਮੈਂ ਗਰੁੱਪ ਛੱਡ ਦਿੱਤਾ।”

ਜ਼ਿੰਦਗੀ ਵਿੱਚ ਕੀ ਬਦਲਾਅ ਆਇਆ

ਮਾਹੌਲ ਵਿੱਚ ਆਇਆ ਬਦਲਾਅ ਹੋਰ ਵੀ ਤਰੀਕਿਆਂ ਨਾਲ ਮਹਿਸੂਸ ਕੀਤਾ ਜਾ ਰਿਹਾ ਹੈ। ਲੰਬੇ ਸਮੇਂ ਤੋਂ ਰੀਮਾ ਅਹਿਮਦ ਦਾ ਘਰ ਉਨ੍ਹਾਂ ਦੇ ਪੁੱਤਰ ਦੇ ਦੋਸਤਾਂ ਦੇ ਮੌਜ ਮਸਤੀ ਦਾ ਟਿਕਾਣਾ ਰਿਹਾ ਹੈ। ਉਨ੍ਹਾਂ ਪੁੱਤਰ ਦੇ ਸਾਰੇ ਕੁੜੀਆਂ-ਮੁੰਡੇ ਦੋਸਤ ਬਿਨਾਂ ਕਿਸੇ ਵਿਤਕਰੇ ਦੇ ਉੱਥੇ ਇਕੱਠੇ ਹੁੰਦੇ ਰਹੇ ਹਨ।

ਪਰ ਹੁਣ “ਲਵ ਜਿਹਾਦ” ਦੀ ਬਿਆਨ ਬਾਜ਼ੀ ਤੋਂ ਬਾਅਦ ਉਹ ਹਿੰਦੂ ਕੁੜੀਆਂ ਨੂੰ ਇੱਕ ਤੈਅ ਸਮੇਂ ਤੋਂ ਬਾਅਦ ਵਾਪਸ ਜਾਣ ਅਤੇ ਨਾ ਰੁਕਣ ਲਈ ਕਹਿ ਦਿੰਦੇ ਹਨ।

ਉਹ ਦੱਸਦੇ ਹਨ, “ਮੈਂ ਅਤੇ ਮੇਰੇ ਪਿਤਾ ਨੇ ਮੇਰੇ ਪੁੱਤਰ ਨੂੰ ਬਿਠਾਇਆ ਅਤੇ ਉਸ ਨੂੰ ਦੱਸਿਆ ਕਿ ਮਾਹੌਲ ਠੀਕ ਨਹੀਂ ਹੈ। ਤੁਹਾਨੂੰ ਆਪਣੀਆਂ ਦੋਸਤੀਆਂ ਸੀਮਤ ਕਰਨੀਆਂ ਪੈਣਗੀਆਂ। ਸਾਵਧਾਨ ਰਹੋ, ਜ਼ਿਆਦਾ ਦੇਰ ਘਰੋਂ ਬਾਹਰ ਨਾ ਰਹੋ। ਤੁਹਾਨੂੰ ਨਹੀਂ ਪਤਾ ਚੀਜ਼ਾਂ ਨੂੰ ਕਿਸੇ ਵੀ ਸਮੇਂ ‘ਲਵ ਜਿਹਾਦ’ ਦਾ ਨਾਮ ਦਿੱਤਾ ਜਾ ਸਕਦਾ ਹੈ।

ਇਰੁਮ

ਤਸਵੀਰ ਸਰੋਤ, Bimal Thankachan

ਤਸਵੀਰ ਕੈਪਸ਼ਨ, ਇਰੁਮ ਮੁਤਾਬਕ ਬੱਚਿਆਂ ਦੀ ਆਪਸੀ ਗੱਲਬਾਤ ਮੁਸਲਮਾਨਾਂ ਪ੍ਰਤੀ ਇੱਕ “ਅੰਦਰੂਨੀ ਭੈਅ” ਨੂੰ ਦਰਸਾਉਂਦੀ ਹੈ

ਵਾਤਾਵਰਣ ਕਾਰਕੁਨ ਇਰੁਮ ਆਗਰਾ ਦੇ ਪੰਜਵੀਂ ਪੀੜ੍ਹੀ ਦੇ ਵਸਨੀਕ ਹਨ। ਉਹ ਸਥਾਨਕ ਸਕੂਲ ਵਿੱਚ ਕੰਮ ਕਰਦੇ ਹਨ ਅਤੇ ਉਨ੍ਹਾਂ ਨੇ ਸ਼ਹਿਰ ਦੇ ਬੱਚਿਆਂ ਦੇ ਵਿਹਾਰ ਵਿੱਚ ਬਦਲਾਅ ਮਹਿਸੂਸ ਕੀਤਾ ਹੈ।

ਇਰੁਮ ਨੇ ਸੁਣਿਆ ਕਿ ਕੋਈ ਸਹਿਪਾਠੀ ਆਪਣੇ ਮੁਸਲਮਾਨ ਸਹਿਪਾਠੀ ਨੂੰ ਕਹਿ ਰਿਹਾ ਸੀ, “ਮੇਰੇ ਨਾਲ ਗੱਲ ਨਾ ਕਰੋ ਮੇਰੀ ਮਾਂ ਨੇ ਮਨ੍ਹਾ ਕੀਤਾ ਹੈ।”

ਇਰੁਮ ਮੁਤਾਬਕ ਬੱਚਿਆਂ ਦੀ ਆਪਸੀ ਗੱਲਬਾਤ ਮੁਸਲਮਾਨਾਂ ਪ੍ਰਤੀ ਇੱਕ “ਅੰਦਰੂਨੀ ਭੈਅ” ਨੂੰ ਦਰਸਾਉਂਦੀ ਹੈ।

ਉਹ ਦੱਸਦੇ ਹਨ, “ਮੈਂ ਸੋਚ ਰਹੀ ਹਾਂ ਕੀ ਸੱਚੀਂ? ਇਹ ਭੈਅ ਕੁਝ ਅਜਿਹੇ ਵਿੱਚ ਬਦਲ ਜਾਵੇਗਾ ਜੋ ਜਲਦੀ ਠੀਕ ਨਹੀਂ ਹੋਵੇਗਾ।”

ਹਾਲਾਂਕਿ ਆਪਣੇ ਲਈ, ਉਨ੍ਹਾਂ ਦੇ ਬਹੁਤ ਸਾਰੇ ਹਿੰਦੂ ਦੋਸਤ ਹਨ, ਅਤੇ ਉਹ ਇੱਕ ਮੁਸਲਮਾਨ ਔਰਤ ਵਜੋਂ ਡਰਿਆ ਹੋਇਆ ਮਹਿਸੂਸ ਨਹੀਂ ਕਰਦੇ ਹਨ।

ਅਜਿਹਾ ਮਹਿਜ਼ ਬੱਚਿਆਂ ਵਿੱਚ ਨਹੀਂ ਹੈ।

ਆਗਰਾ ਵਿੱਚ ਹੀ ਸਿਰਾਜ ਕੁਰੈਸ਼ੀ, ਇੱਕ ਪੱਤਰਕਾਰ ਹਨ ਅਤੇ ਧਰਮਾਂ ਦੇ ਮੁੱਦੇ ’ਤੇ ਕੰਮ ਕਰਦੇ ਹਨ ਉਹ ਮੁਸਲਮਾਨਾਂ ਅਤੇ ਹਿੰਦੂਆਂ ਵਿੱਚੋਂ ਭਾਈਚਾਰਾ ਖ਼ਤਮ ਹੁੰਦੇ ਜਾਣ ਤੋਂ ਪਰੇਸ਼ਾਨ ਹਨ।

ਉਹ ਇੱਕ ਤਾਜ਼ਾ ਮਿਸਾਲ ਯਾਦ ਕਰਦੇ ਹਨ, ਜਦੋਂ ਸ਼ਹਿਰ ਵਿੱਚ ਮਟਨ ਡਲਿਵਰ ਕਰ ਰਹੇ ਇੱਕ ਵਿਅਕਤੀ ਨੂੰ ਕੁਝ ਸੱਜੇ ਪੱਖੀ ਹਿੰਦੂਆਂ ਨੇ ਰੋਕ ਲਿਆ ਅਤੇ ਪੁਲਿਸ ਨੂੰ ਫੜਾ ਕੇ ਜੇਲ੍ਹ ਭਿਜਵਾ ਦਿੱਤਾ।

ਕੁਰੈਸ਼ੀ ਦੱਸਦੇ ਹਨ, “ਉਸ ਨੂੰ ਲਾਇਸੈਂਸ ਹੋਣ ਦੇ ਬਾਵਜੂਦ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਉਸ ਨੂੰ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ।”

ਕਈਆਂ ਨੇ ਰੇਲ ਗੱਡੀਆਂ ਵਿੱਚ ਸਫ਼ਰ ਕਰ ਰਹੇ ਮੁਸਲਮਾਨਾਂ ਪ੍ਰਤੀ ਬਦਲੇ ਵਿਹਾਰ ਨੂੰ ਨੋਟ ਕੀਤਾ ਹੈ। ਕਈ ਮੌਕਿਆਂ ਉੱਪਰ ਮੁਸਲਮਾਨ ਯਾਤਰੀਆਂ ਨੂੰ ਬੀਫ਼ ਲਿਜਾਣ ਦੇ ਸ਼ੱਕ ਵਿੱਚ ਨਿਸ਼ਾਨਾ ਬਣਾਇਆ ਗਿਆ।

ਰੀਮਾ ਅਹਿਮਦ ਕਹਿੰਦੇ ਹਨ, “ਹੁਣ ਅਸੀਂ ਸਾਰੇ ਸਾਵਧਾਨ ਰਹਿੰਦੇ ਹਾਂ, ਆਵਾਜਾਈ ਦੇ ਜਨਤਕ ਸਾਧਨਾਂ ਵਿੱਚ ਮਾਸਾਹਾਰੀ ਖਾਣੇ ਤੋਂ ਪਰਹੇਜ਼ ਕਰਦੇ ਹਾਂ, ਹੋ ਸਕੇ ਤਾਂ ਜਨਤਕ ਸਾਧਨਾਂ ਤੋਂ ਹੀ ਪਰਹੇਜ਼ ਕਰਦੇ ਹਾਂ।”

ਕਲੀਮ ਅਹਿਮਦ ਕੁਰੈਸ਼ੀ

ਤਸਵੀਰ ਸਰੋਤ, Bimal Thankachan

ਤਸਵੀਰ ਕੈਪਸ਼ਨ, ਕਲੀਮ ਅਹਿਮਦ ਕੁਰੈਸ਼ੀ ਇੱਕ ਸਾਫਟਵੇਅਰ ਇੰਜੀਨੀਅਰ ਸਨ ਜੋ ਕਿ ਬਾਅਦ ਵਿੱਚ ਗਹਿਣਿਆਂ ਦੇ ਡਿਜ਼ਾਈਨਰ ਅਤੇ ਸੰਗੀਤਕਾਰ ਬਣ ਗਏ

ਕਲੀਮ ਅਹਿਮਦ ਕੁਰੈਸ਼ੀ ਇੱਕ ਸਾਫਟਵੇਅਰ ਇੰਜੀਨੀਅਰ ਸਨ ਜੋ ਕਿ ਬਾਅਦ ਵਿੱਚ ਗਹਿਣਿਆਂ ਦੇ ਡਿਜ਼ਾਈਨਰ ਅਤੇ ਸੰਗੀਤਕਾਰ ਬਣ ਗਏ। ਉਹ ਸ਼ਹਿਰ ਦੇ ਸੱਤਵੀਂ ਪੀੜ੍ਹੀ ਦੇ ਬਾਸ਼ਿੰਦੇ ਹਨ। ਉਹ ਸ਼ਹਿਰ ਵਿੱਚ ‘ਹੈਰੀਟੇਜ ਵਾਕ’ ਦੀ ਵੀ ਅਗਵਾਈ ਕਰਦੇ ਹਨ।

ਕੁਰੈਸ਼ੀ ਆਪਣੀ ਰਬਾਬ ਲੈ ਕੇ ਜਾ ਰਹੇ ਸਨ। ਉਨ੍ਹਾਂ ਨੇ ਇੱਕ ਹਿੰਦੂ ਸਵਾਰੀ ਨਾਲ ਦਿੱਲੀ ਤੋਂ ਆਗਰਾ ਲਈ ਇੱਕ ਸਾਂਝੀ ਟੈਕਸੀ ਬੁੱਕ ਕੀਤੀ।

ਕੁਰੈਸ਼ੀ ਨੇ ਦੱਸਿਆ, “ਜਦੋਂ ਉਸਨੇ ਕੇਸ ਦੇਖਿਆ ਤਾਂ ਉਸ ਨੇ ਮੈਨੂੰ ਖੋਲ੍ਹ ਕੇ ਦਿਖਾਉਣ ਲਈ ਕਿਹਾ, ਉਸ ਨੂੰ ਡਰ ਸੀ ਕਿ ਇਹ ਬੰਦੂਕ ਹੈ। ਮੈਨੂੰ ਲੱਗਿਆ ਉਸ ਦੀ ਅਜਿਹੀ ਪ੍ਰਤੀਕਿਰਿਆ ਦਾ ਕਾਰਨ ਮੇਰਾ ਨਾਮ ਸੀ।”

‘ਇਹ ਤਣਾਅ ਹੈ ਜਿਸ ਨਾਲ ਅਸੀਂ ਜਿਉਂਦੇ ਹਾਂ। ਹੁਣ ਮੈਨੂੰ ਸਫ਼ਰ ਦੌਰਾਨ ਧਿਆਨ ਰੱਖਣਾ ਪੈਂਦਾ ਹੈ ਕਿ ਮੈਂ ਕਿੱਥੇ ਹਾਂ, ਕੀ ਕਹਿ ਰਿਹਾ ਹਾਂ। ਰੇਲ ਵਿੱਚ ਟਿੱਕਟ ਦੇਖਣ ਵਾਲੇ ਨੂੰ ਆਪਣਾ ਨਾਮ ਦੱਸਣ ਤੋਂ ਵੀ ਡਰ ਲਗਦਾ ਹੈ।”

ਕੁਰੈਸ਼ੀ ਇਸ ਦਾ ਮੂਲ ਕਾਰਨ ਦੇਖ ਸਕਦੇ ਹਨ। ਉਹ ਕਹਿੰਦੇ ਹਨ, “ਸਿਆਸਤ ਨੇ ਭਾਈਚਾਰਿਆਂ ਦੇ ਰਿਸ਼ਤਿਆਂ ਵਿੱਚ ਜ਼ਹਿਰ ਘੋਲ ਦਿੱਤਾ ਹੈ।”

'ਮੁਸਲਮਾਨਾਂ ਦੇ ਫ਼ਿਕਰ ਦਾ ਕੋਈ ਕਾਰਨ ਨਹੀਂ'

ਭਾਜਪਾ ਦੇ ਕੌਮੀ ਬੁਲਾਰੇ ਸਈਅਦ ਜ਼ਫਰ ਇਸਲਾਮ ਇਸ ਤੋਂ ਇਨਕਾਰ ਕਰਦੇ ਹਨ। ਉਹ ਕਹਿੰਦੇ ਹਨ, “ਅਜਿਹਾ ਕੁਝ ਵੀ ਨਹੀਂ ਹੈ ਜਿਸ ਕਾਰਨ ਮੁਸਲਮਾਨਾਂ ਨੂੰ ਫਿਕਰ ਕਰਨ ਦੀ ਲੋੜ ਹੋਵੇ।”

ਉਨ੍ਹਾਂ ਨੇ ਮੇਰੇ ਨਾਲ ਗੱਲਬਾਤ ਦੌਰਾਨ ਇਸਲਾਮੋਫੋਬੀਆ ਦਾ ਇਲਜ਼ਾਮ “ਗੈਰ-ਜ਼ਿੰਮੇਵਾਰ ਮੀਡੀਆ ਘਰਾਣਿਆਂ” ਉੱਪਰ ਲਾਇਆ।

ਉਨ੍ਹਾਂ ਨੇ ਕਿਹਾ, “ਕਿਤੇ ਕੋਈ ਘਟਨਾ ਹੋ ਜਾਂਦੀ ਹੈ ਅਤੇ ਮੀਡੀਆ ਇਸ ਨੂੰ ਇਸ ਤਰ੍ਹਾਂ ਵਧਾ-ਚੜ੍ਹਾ ਦਿੰਦਾ ਹੈ ਜਿਵੇਂ ਪਹਿਲਾਂ ਕਦੇ ਅਜਿਹਾ ਵਾਪਰਿਆ ਹੀ ਨਾ ਹੋਵੇ। 1.4 ਬਿਲੀਅਨ ਲੋਕਾਂ ਦੇ ਦੇਸ ਵਿੱਚ, ਭਾਈਚਾਰਿਆਂ ਦੇ ਅੰਦਰ ਅਤੇ ਆਪਸ ਵਿੱਚ ਐਸਾ ਕੁਝ ਹੁੰਦਾ ਰਹਿੰਦਾ ਹੈ।”

“ਤੁਸੀਂ ਇੱਕ ਜਾਂ ਦੋ ਘਟਨਾਵਾਂ ਨੂੰ ਸਮੁੱਚੇ ਬਿਰਤਾਂਤ ਵਜੋਂ ਪੇਸ਼ ਨਹੀਂ ਕਰ ਸਕਦੇ ਅਤੇ (ਇਹ ਨਹੀਂ ਕਹਿ ਸਕਦੇ ਕਿ ਸੱਤਾਧਾਰੀ ਪਾਰਟੀ ਮੁਸਲਿਮ-ਵਿਰੋਧੀ ਹੈ।) ਜੇ ਕੋਈ ਇਸ ਤਰ੍ਹਾਂ ਦਿਖਾ ਰਿਹਾ ਹੈ ਤਾਂ ਉਹ ਗ਼ਲਤ ਹਨ।”

ਜ਼ਫਰ ਇੱਕ ਸਾਬਕਾ ਬੈਂਕਰ ਹਨ। ਉਨ੍ਹਾਂ ਦੇ ਦੋ ਬੱਚੇ ਹਨ ਜਿਨ੍ਹਾਂ ਵਿੱਚੋਂ ਇੱਕ ਸਕੂਲ ਵਿਦਿਆਰਥੀ ਹੈ। ਜ਼ਫਰ ਸਾਲ 2014 ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਕੀ ਕਹੋਗੇ ਜੇ ਕੋਈ ਬੱਚਾ ਸਕੂਲ ਤੋਂ ਘਰ ਆ ਕੇ ਕਹੇ ਕਿ ਉਸਦੇ ਸਹਿਪਾਠੀ, ਪਰਿਵਾਰ ਦੇ ਧਰਮ ਕਾਰਨ ਉਸ ਨੂੰ ਇੱਕ “ਪਾਕਿਸਤਾਨੀ ਦਹਿਸ਼ਤਗਰਦ” ਕਹਿ ਰਹੇ ਹਨ।

ਉਨ੍ਹਾਂ ਨੇ ਕਿਹਾ, “ਕਿਸੇ ਵੀ ਹੋਰ ਮਾਂ ਬਾਪ ਵਾਂਗ ਮੈਨੂੰ ਬੁਰਾ ਲੱਗੇਗਾ। ਅਜਿਹੀਆਂ ਚੀਜ਼ਾਂ ਨਾ ਹੋਣ, ਇਹ ਯਕੀਨੀ ਬਣਾਉਣਾ ਸਕੂਲ ਦੀ ਜ਼ਿੰਮੇਵਾਰੀ ਹੈ।”

ਭਾਜਪਾ ਵੱਲੋਂ ਭਾਰਤ, ਵਿੱਚ ਜਿੱਥੇ 79% ਅਬਾਦੀ ਹਿੰਦੂ ਹੈ ਹਿੰਦੂ ਰਾਸ਼ਟਰ ਬਣਾਉਣ ਦੀਆਂ ਗੱਲਾਂ ਬਾਰੇ ਕੀ ਕਹੋਗੇ?

ਉਹ ਕਹਿੰਦੇ ਹਨ, “ਲੋਕ ਜਾਣਦੇ ਹਨ ਕਿ ਇਹ ਇੱਕ ਬਿਆਨਬਾਜ਼ੀ ਹੈ। ਕੀ ਸਾਡੀ ਸਰਕਾਰ ਜਾਂ ਪਾਰਟੀ ਨੇ ਇਹ ਗੱਲਾਂ ਕਹੀਆਂ ਹਨ? ਮੀਡੀਆ ਅਜਿਹੀਆਂ ਗੱਲਾਂ ਕਰਨ ਵਾਲਿਆਂ ਨੂੰ ਇੰਨੀ ਥਾਂ ਅਤੇ ਸਮਾਂ ਕਿਉਂ ਦਿੰਦਾ ਹੈ? ਸਾਨੂੰ ਬੁਰਾ ਲਗਦਾ ਹੈ ਜਦੋਂ ਮੀਡੀਆ ਅਜਿਹੇ ਲੋਕਾਂ ਨੂੰ ਥਾਂ ਦਿੰਦਾ ਹੈ।”

ਫਿਰ ਮੁਸਲਮਾਨਾਂ ਦੀ ਨੁਮਾਇੰਦਗੀ ਦੀ ਕਮੀ ਬਾਰੇ ਕੀ? ਭਾਜਪਾ ਦੇ ਕੋਈ ਮੁਸਲਮਾਨ ਮੰਤਰੀ ਨਹੀਂ ਹਨ, ਦੋਵਾਂ ਸਦਨਾਂ ਵਿੱਚ ਕੋਈ ਮੈਂਬਰ ਨਹੀਂ ਹੈ ਅਤੇ ਦੇਸ ਭਰ ਵਿੱਚ 1000 ਤੋਂ ਜ਼ਿਆਦਾ ਵਿਧਾਨ ਸਭਾ ਹਲਕਿਆਂ ਵਿੱਚ ਸਿਰਫ ਇੱਕ ਵਿਧਾਇਕ ਹੈ।

ਜ਼ਫਰ ਆਲਮ ਨੇ ਕਿਹਾ ਕਿ ਅਜਿਹਾ ਜਾਣਬੁੱਝ ਕੇ ਨਹੀਂ ਕੀਤਾ ਗਿਆ।

ਉਹ ਕਹਿੰਦੇ ਹਨ, “ਮੁਸਲਮਾਨਾਂ ਨੂੰ ਕਾਂਗਰਸ ਅਤੇ ਹੋਰ ਪਾਰਟੀਆਂ ਆਪਣਾ ਏਜੰਡਾ ਚਲਾਉਣ ਅਤੇ ਭਾਜਪਾ ਨੂੰ ਹਰਾਉਣ ਲਈ ਵਰਤ ਰਹੀਆਂ ਹਨ। ਜੇ ਕਿਸੇ ਪਾਰਟੀ ਵੱਲੋਂ ਕਿਸੇ ਮੁਸਲਮਾਨ ਨੂੰ ਖੜ੍ਹਾ ਕੀਤਾ ਜਾਂਦਾ ਹੈ ਅਤੇ ਲੋਕ ਉਸ ਨੂੰ ਵੋਟ ਨਾ ਪਾਉਣ ਤਾਂ ਕਿਹੜੀ ਪਾਰਟੀ ਉਸ ਨੂੰ ਟਿੱਕਟ ਦੇਵੇਗੀ?”

ਮੁਸਲਮਾਨ ਕਾਰਕੁਨ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਇਹ ਸੱਚ ਹੈ ਕਿ ਭਾਰਤ ਦੇ ਸਿਰਫ਼ 8% ਮੁਸਲਮਾਨਾਂ ਨੇ 2019 ਵਿੱਚ ਭਾਜਪਾ ਨੂੰ ਵੋਟ ਦਿੱਤੀ ਅਤੇ ਮੋਦੀ ਦੀ ਪਾਰਟੀ ਦੇ ਵਿਰੋਧੀ ਧੜੇ ਲਈ ਵੱਧ ਕੇ ਵੋਟਾਂ ਪਾਈਆਂ। ਸਾਲ 2020 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ 77% ਨੇ ਭਾਜਪਾ ਵਿਰੋਧੀ ਗੱਠਜੋੜ ਦੀ ਹਮਾਇਤ ਕੀਤੀ।

ਪੱਛਮੀ ਬੰਗਾਲ ਵਿੱਚ 75% ਨੇ ਖੇਤਰੀ ਪਾਰਟੀ ਤ੍ਰਿਣਮੂਲ ਕਾਂਗਰਸ ਦਾ ਪੱਖ ਲਿਆ, ਅਤੇ 2021 ਵਿੱਚ 77% ਨੇ ਭਾਜਪਾ ਵਿਰੋਧੀ ਗੱਠਜੋੜ ਦਾ ਸਾਥ ਦਿੱਤਾ ਅਤੇ 2022 ਵਿੱਚ 79% ਨੇ ਉੱਤਰ ਪ੍ਰਦੇਸ਼ ਵਿੱਚ ਵਿਰੋਧੀ ਸਮਾਜਵਾਦੀ ਪਾਰਟੀ ਨੂੰ ਸਮਰਥਨ ਦਿੱਤਾ।

ਹਾਲਾਂਕਿ ਜ਼ਫਰ ਨੂੰ ਲਗਦਾ ਹੈ ਕਿ, “ਕਾਂਗਰਸ ਦੀ ਅਗਵਾਈ ਵਿੱਚ ਵਿਰੋਧੀ ਪਾਰਟੀਆਂ ਨੇ ਮੁਸਲਮਾਨਾਂ ਵਿੱਚ ਡਰ ਅਤੇ ਤਣਾਅ ਭਰਿਆ ਹੈ ਤਾਂ ਜੋ ਭਾਈਚਾਰਾ ਉਨ੍ਹਾਂ ਦਾ ਹੀ ਵਫ਼ਾਦਾਰ ਰਹੇ।” ਜਦਕਿ ਮੋਦੀ ਸਰਕਾਰ ਭਾਈਚਾਰਿਆਂ ਵਿੱਚ “ਕੋਈ ਫ਼ਰਕ ਨਹੀਂ ਕਰਦੀ।”

ਭਲਾਈ ਸਕੀਮਾਂ ਸਾਰਿਆਂ ਤੱਕ ਪਹੁੰਚ ਰਹੀਆਂ ਹਨ। ਮੁਸਲਮਾਨ ਇਨ੍ਹਾਂ ਵਿੱਚੋਂ ਕੁਝ ਸਕੀਮਾਂ ਦੇ ਸਭ ਤੋਂ ਵੱਡੇ ਲਾਭ ਪਾਤਰੀ ਹਨ। ਪਿਛਲੇ 10 ਸਾਲਾਂ ਦੌਰਾਨ ਕੋਈ ਵੱਡੇ ਦੰਗੇ ਨਹੀਂ ਹੋਏ।

ਹਾਲਾਂਕਿ ਵਿਵਾਦਿਤ ਨਾਗਰਿਕਤਾ ਸੋਧ ਕਾਨੂੰਨ ਕਾਰਨ ਭੜਕੇ ਦੰਗਿਆਂ ਕਾਰਨ 2020 ਵਿੱਚ 50 ਜਣਿਆਂ ਦੀ ਮੌਤ ਹੋਈ ਸੀ। ਉਨ੍ਹਾਂ ਵਿੱਚੋਂ ਜ਼ਿਆਦਾਤਰ ਮੁਸਲਮਾਨ ਸਨ। ਭਾਰਤ ਨੇ ਅਜ਼ਾਦੀ ਤੋਂ ਬਾਅਦ ਇਸ ਤੋਂ ਭਿਆਨਕ ਹਿੰਸਾ ਵੀ ਦੇਖੀ ਹੈ।

ਆਲਮ ਮੁਸਲਿਮ ਭਾਈਚਾਰੇ ਉੱਤੇ ਮੁੱਖ ਧਾਰਾ ਤੋਂ ਅਲੱਗ ਰਹਿਣ ਦਾ ਇਲਜ਼ਾਮ ਲਾਉਂਦੇ ਹਨ।

ਉਹ ਕਹਿੰਦੇ ਹਨ, “ਮੁਸਲਮਾਨਾਂ ਨੂੰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ। ਉਨ੍ਹਾਂ ਨੂੰ ਖ਼ੁਦ ਨੂੰ ਮਹਿਜ਼ ਵੋਟ ਬੈਂਕ ਵਜੋਂ ਵਰਤਣ ਨਹੀਂ ਦੇਣਾ ਚਾਹੀਦਾ ਅਤੇ ਧਾਰਮਿਕ ਆਗੂਆਂ ਦੇ ਪ੍ਰਭਾਵ ਵਿੱਚ ਨਹੀਂ ਆਉਣਾ ਚਾਹੀਦਾ।”

“ਮੋਦੀ ਜੀ ਭਾਈਚਾਰਿਆਂ ਨੂੰ ਨੇੜੇ ਲਿਆਉਣ ਲਈ ਬਹੁਤ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਲੋਕ ਖੁਸ਼ੀ-ਖੁਸ਼ੀ ਇਕੱਠੇ ਰਹਿ ਸਕਣ ਅਤੇ ਗੁੰਮਰਾਹ ਨਾ ਹੋਣ।”

ਮੈਂ ਉਨ੍ਹਾਂ ਨੂੰ ਪੁੱਛਿਆ ਕਿ ਮੋਦੀ ਦੀ ਅਗਵਾਈ ਵਾਲੇ ਭਾਰਤ ਵਿੱਚ ਉਹ ਮੁਸਲਮਾਨਾਂ ਦਾ ਕੀ ਭਵਿੱਖ ਦੇਖਦੇ ਹਨ?

“ਇਹ ਬਹੁਤ ਵਧੀਆ ਹੈ... ਹੋਲੀ- ਹੌਲੀ ਮਾਨਸਿਕਤਾ ਬਦਲ ਰਹੀ ਹੈ। ਜ਼ਿਆਦਾ ਮੁਸਲਮਾਨ ਭਾਜਪਾ ਨਾਲ ਜੁੜਨਗੇ। ਹਾਲਾਤ ਸੁਧਰ ਰਹੇ ਹਨ।”

ਹਾਲਾਂਕਿ ਹਾਲਾਤ ਬਦਲ ਰਹੇ ਹਨ ਜਾਂ ਨਹੀਂ, ਇਹ ਕਹਿਣਾ ਮੁਸ਼ਕਲ ਹੈ ।

ਬਹੁਤ ਸਾਰੇ ਮੁਸਲਮਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਭਾਈਚਾਰਾ ਸੁਧਾਰ ਦੀ ਇੱਕ ਪ੍ਰਕਿਰਿਆ ਵਿੱਚੋਂ ਲੰਘ ਰਿਹਾ ਹੈ।

ਜ਼ੀਆ ਉਸ ਸਲਾਮ ਦੱਸਦੇ ਹਨ, “ਮੁਸਲਮਾਨ ਆਪਣੇ ਅੰਦਰ ਦੇਖ ਰਹੇ ਹਨ ਅਤੇ ਸਿੱਖਿਅਤ ਹੋ ਰਹੇ ਹਨ। ਭਾਈਚਾਰੇ ਦੇ ਸਿੱਖਿਆ ਸ਼ਾਸਤਰੀਆਂ ਅਤੇ ਬੌਧਿਕ ਵਰਗ ਵੱਲੋਂ ਹੋਣਹਾਰ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਸਿਖਿਅਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਪਣੇ ਭਾਈਚਾਰੇ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਸ਼ਲਾਘਾ ਯੋਗ ਹੈ ਪਰ ਸਰਕਾਰ ਵਿੱਚ ਬੇਭਰੋਸਗੀ ਨੂੰ ਵੀ ਜ਼ਾਹਰ ਕਰਦੀ ਹੈ।”

ਪੜ੍ਹ ਲਿਖ ਕੇ ਡਾਕਟਰ ਬਣਨਾ ਚਾਹੁੰਦੀ ਆਰਜ਼ੂ ਦੀ ਕਹਾਣੀ

ਆਰਜ਼ੂ ਪਰਵੀਨ

ਤਸਵੀਰ ਸਰੋਤ, Anshul Verma

ਤਸਵੀਰ ਕੈਪਸ਼ਨ, ਆਰਜ਼ੂ ਪਰਵੀਨ ਬਿਹਾਰ ਦੇ ਉਨ੍ਹਾਂ ਵਿਦਿਆਰਥੀਆਂ ਵਿੱਚੋਂ ਹਨ ਜੋ ਸਿੱਖਿਆ ਰਾਹੀਂ ਗ਼ਰੀਬੀ ਵਿੱਚੋਂ ਬਾਹਰ ਨਿਕਲਣ ਦਾ ਰਾਹ ਤਲਾਸ਼ ਰਹੇ ਹਨ

ਆਰਜ਼ੂ ਪਰਵੀਨ ਬਿਹਾਰ ਦੇ ਉਨ੍ਹਾਂ ਵਿਦਿਆਰਥੀਆਂ ਵਿੱਚੋਂ ਹਨ ਜੋ ਸਿੱਖਿਆ ਰਾਹੀਂ ਗ਼ਰੀਬੀ ਵਿੱਚੋਂ ਬਾਹਰ ਨਿਕਲਣ ਦਾ ਰਾਹ ਤਲਾਸ਼ ਰਹੇ ਹਨ।

ਰੀਮਾ ਅਹਿਮਦ ਦੇ ਬੱਚਿਆਂ ਤੋਂ ਉਲਟ ਉਨ੍ਹਾਂ ਦੇ ਰਾਹ ਦੀ ਰੁਕਾਵਟ ਧਰਮ ਨਹੀਂ ਸਗੋਂ ਉਨ੍ਹਾਂ ਦੇ ਆਪਣੇ ਪਿਤਾ ਸਨ ਜੋ ਸੋਚਦੇ ਸਨ ਕਿ ਹੋਰ ਲੋਕ ਕੀ ਸੋਚਣਗੇ।

ਆਰਜ਼ੂ ਨੂੰ ਦੱਸਿਆ, “ਉਨ੍ਹਾਂ ਨੇ ਕਿਹਾ ਕਿ ਸਾਡੇ ਘਰ ਵਿੱਚ ਪੈਸੇ ਦੀ ਤੰਗੀ ਹੈ। ਤੂੰ ਇੱਕ ਜਵਾਨ ਕੁੜੀ ਹੈਂ, ਪਿੰਡ ਵਾਲੇ ਇਸ ਬਾਰੇ ਗੱਲਾਂ ਕਰਨਗੇ। ਮੈਂ ਉਨ੍ਹਾਂ ਨੂੰ ਕਿਹਾ ਅਸੀਂ ਇਸ ਤਰ੍ਹਾਂ ਜਾਰੀ ਨਹੀਂ ਰੱਖ ਸਕਦੇ। ਔਰਤਾਂ ਅੱਗੇ ਵੱਧ ਰਹੀਆਂ ਹਨ, ਅਸੀਂ ਆਪਣੇ ਭਵਿੱਖ ਪਾਸੇ ਉੱਤੇ ਨਹੀਂ ਰੱਖ ਸਕਦੇ।”

ਆਰਜ਼ੂ ਡਾਕਟਰ ਬਣਨਾ ਚਾਹੁੰਦੇ ਹਨ। ਇਸ ਦੀ ਪ੍ਰੇਰਨਾ ਉਨ੍ਹਾਂ ਨੂੰ ਸਥਾਨਕ ਹਸਪਤਾਲ ਵਿੱਚ ਇਲਾਜ ਦੀ ਦੇਰੀ ਕਾਰਨ ਹੋਈ ਆਪਣੀ ਮਾਂ ਦੀ ਮੌਤ ਤੋਂ ਮਿਲੀ। ਹਾਲਾਂਕਿ ਪਿੰਡ ਦੇ ਸਕੂਲ ਅਧਿਆਪਕ ਦੀਆਂ ਗੱਲਾਂ ਨੇ ਉਨ੍ਹਾਂ ਨੂੰ ਯਕੀਨ ਕਰਵਾਇਆ ਕਿ ਇਹ ਸੰਭਵ ਹੈ।

ਉਸ ਨੇ ਪੁੱਛਿਆ "ਮੈਂ ਕਿਉਂ ਨਹੀਂ?" ਅਤੇ ਇੱਕ ਸਾਲ ਦੇ ਅੰਦਰ ਹੀ ਉਹ ਉਚੇਰੀ ਸਿੱਖਿਆ ਵਿੱਚ ਦਾਖ਼ਲਾ ਲੈਣ ਵਾਲੀ ਆਪਣੇ ਪਰਿਵਾਰ ਦੀ ਪਹਿਲੀ ਕੁੜੀ ਬਣ ਗਈ।

ਪਿੰਡ ਤੋਂ ਬਾਹਰ ਨਿਕਲਣ ਦਾ ਉਨ੍ਹਾਂ ਦਾ ਰਸਤਾ ਕਿਸੇ ਸਰਕਾਰੀ ਸਕੂਲ ਵਿੱਚੋਂ ਨਾ ਹੋ ਕੇ ਗ਼ਰੀਬ ਮੁਸਲਿਮ ਵਿਦਿਆਰਥੀਆਂ ਨੂੰ ਮੁਫ਼ਤ ਕੋਚਿੰਗ ਦੇਣ ਵਾਲੇ ਸਕੂਲ ਰਹਿਮਾਨੀ-30 ਵਿੱਚੋਂ ਲੰਘਿਆ।

ਰਹਿਮਾਨੀ-30 ਦਾ ਮੁੱਢ ਸਾਬਕਾ ਸਿਆਸਤਦਾਨ ਅਤੇ ਸਿੱਖਿਅਕ ਮੌਲਾਨਾ ਵਲੀ ਰਹਿਮਾਨੀ ਨੇ ਸਾਲ 2008 ਵਿੱਚ ਬੰਨ੍ਹਿਆ ਸੀ।

ਰਹਿਮਾਨੀ-30 ਵਿੱਚ ਹੁਣ 850 ਵਿਦਿਆਰਥੀ-ਵਿਦਿਆਰਥਣਾਂ ਪੜ੍ਹਦੇ ਹਨ। ਇਸ ਦੀਆਂ ਪਟਨਾ ਸਮੇਤ ਤਿੰਨ ਸ਼ਹਿਰਾਂ ਵਿੱਚ ਸ਼ਾਖਾਵਾਂ ਹਨ।

ਚੁਣੇ ਗਏ ਬੱਚੇ ਸਕੂਲ ਵੱਲੋਂ ਕਿਰਾਏ ਉੱਤੇ ਲਈਆਂ ਇਮਾਰਤਾਂ ਵਿੱਚ ਰਹਿੰਦੇ ਹਨ। ਇੱਥੇ ਰਹਿ ਕੇ ਉਹ ਇੰਜਿਨੀਅਰ, ਡਾਕਟਰ ਅਤੇ ਚਾਰਟਡ ਅਕਾਊਂਟੈਂਟ ਦੀ ਪੜ੍ਹਾਈ ਲਈ ਕੌਮੀ ਪੱਧਰ ਦੀਆਂ ਦਾਖਲਾ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਹਨ।

ਇਨ੍ਹਾਂ ਵਿੱਚੋਂ ਕਈ ਪਹਿਲੀ ਪੀੜ੍ਹੀ ਦੇ ਵਿਦਿਆਰਥੀ ਹਨ— ਫਲ ਵੇਚਣ ਵਾਲਿਆਂ, ਖੇਤੀ ਮਜ਼ਦੂਰਾਂ ਅਤੇ ਉਸਾਰੀ ਕਾਮਿਆਂ ਦੇ ਬੱਚੇ।

ਸੰਸਥਾ ਦੇ ਕੋਈ 600 ਸਾਬਕਾ ਵਿਦਿਆਰਥੀ ਸਾਫਟਵੇਅਰ ਇੰਜੀਨੀਅਰ, ਚਾਰਟਡ ਅਕਾਊਂਟੈਂਟ ਅਤੇ ਹੋਰ ਪੇਸ਼ਿਆਂ ਵਿੱਚ ਕੰਮ ਕਰ ਰਹੇ ਹਨ। ਛੇ ਜਣੇ ਡਾਕਟਰ ਹਨ।

ਆਰਜ਼ੂ ਅਗਲੇ ਸਾਲ ਘੱਟੋ-ਘੱਟ 20 ਲੱਖ ਵਿਦਿਆਰਥੀਆਂ ਨਾਲ ਦੇਸ ਦੇ 707 ਮੈਡੀਕਲ ਕਾਲਜਾਂ ਦੀਆਂ ਕਰੀਬ 1,00,000 ਸੀਟਾਂ ਲਈ ਮੁਕਾਬਲਾ ਕਰਨਗੇ।

“ਮੈਂ ਚੁਣੌਤੀ ਲਈ ਤਿਆਰ ਹਾਂ। ਮੈਂ ਇੱਕ ਇਸਤਰੀ ਰੋਗ ਡਾਕਟਰ ਬਣਨਾ ਚਾਹੁੰਦੀ ਹਾਂ।”

ਬੀਬੀਸੀ

ਮੁਹੰਮਦ ਸ਼ਕੀਰ ਰਹਿਮਾਨੀ-30 ਦੀ ਸਿੱਖਿਆ ਨੂੰ ਬਿਹਤਰ ਜ਼ਿੰਦਗੀ ਦੀ ਕੁੰਜੀ ਵਜੋਂ ਦੇਖਦੇ ਹਨ। ਜਿਸ ਨਾਲ ਉਹ ਆਪਣੇ ਸੰਘਰਸ਼ੀ ਪਰਿਵਾਰ ਦੀ ਸੰਭਾਲ ਕਰ ਸਕਣਗੇ।

ਪਿਛਲੀ ਅਪ੍ਰੈਲ ਨੂੰ 15 ਸਾਲਾ ਸ਼ਕੀਰ ਅਤੇ ਉਨ੍ਹਾਂ ਦੇ ਦੋਸਤ ਨੇ ਪਿੰਡ ਤੋਂ ਪਟਨਾ ਲਈ ਛੇ ਘੰਟੇ ਦਾ ਸਫ਼ਰ ਕੀਤਾ। ਇਸ ਦੌਰਾਨ ਉਹ ਇੱਕ ਹਿੰਦੂ ਧਾਰਮਿਕ ਜਲੂਸ ਦੌਰਾਨ ਭੜਕੀ ਹਿੰਸਾ ਵਾਲੇ ਜ਼ਿਲ੍ਹੇ ਵਿੱਚੋਂ ਵੀ ਲੰਘੇ।

ਉਨ੍ਹਾਂ ਨੇ ਇਹ ਸਫ਼ਰ ਪਾਣੀ ਦੀ ਬੋਤਲ ਅਤੇ ਕੁਝ ਖਜੂਰਾਂ ਦੇ ਸਹਾਰੇ ਪੂਰਾ ਕੀਤਾ। ਉਹ ਇੱਕ ਰਾਤ ਮਸੀਤ ਵਿੱਚ ਰੁਕੇ। ਰਹਿਮਾਨੀ ਦੀ ਦਾਖਲਾ ਪ੍ਰੀਖਿਆ ਵਿੱਚ ਬੈਠੇ ਅਤੇ ਪਾਸ ਕੀਤੀ।

ਉਹ ਦੱਸਦੇ ਹਨ,“ਮੇਰੇ ਮਾਪੇ ਬਹੁਤ ਡਰੇ ਹੋਏ ਸਨ। ਉਨ੍ਹਾਂ ਨੇ ਕਿਹਾ ਨਾ ਜਾ। ਮੈਂ ਉਨ੍ਹਾਂ ਨੂੰ ਕਿਹਾ ਹੁਣ ਹੀ ਸਮਾਂ ਹੈ, ਜੇ ਮੈਂ ਹੁਣ ਨਾ ਗਿਆ, ਮੈਨੂੰ ਨਹੀਂ ਪਤਾ ਮੇਰਾ ਭਵਿੱਖ ਕੀ ਹੋਵੇਗਾ।”

ਇਸ ਅੱਲ੍ਹੜ ਮੁੰਡੇ ਲਈ, ਧਾਰਮਿਕ ਤਣਾਅ ਦੇ ਡਰਾਂ ਦੇ ਉੱਪਰ ਇੱਕ ਕੰਪਿਊਟਰ ਵਿਗਿਆਨੀ ਬਣਨ ਦੇ ਸੁਫ਼ਨੇ ਜ਼ਿਆਦਾ ਭਾਰੂ ਪਏ।

“ਮੈਂ ਆਪਣੀ ਮਾਂ ਨੂੰ ਦੱਸ ਦਿੱਤਾ ਸੀ ਕਿ ਮੈਂ ਪ੍ਰੀਖਿਆ ਵਿੱਚੋਂ ਪਾਸ ਹੋ ਕੇ ਹੀ ਮੁੜਾਂਗਾ। ਰਸਤੇ ਵਿੱਚ ਮੈਨੂੰ ਕੁਝ ਨਹੀਂ ਹੋਵੇਗਾ। ਆਖਰਕਾਰ, ਕੁਝ ਗਲਤ ਕਿਉਂ ਹੋਵੇਗਾ? ਮੇਰੇ ਪਿੰਡ ਵਿੱਚ ਹਿੰਦੂ ਅਤੇ ਮੁਸਲਮਾਨ ਸਾਰੇ ਹੀ ਭਾਈਚਾਰੇ ਨਾਲ ਰਹਿੰਦੇ ਹਨ।”

ਮੁਸਲਿਮ ਵੋਟਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

'ਸਾਰਿਆਂ ਨੇ ਭੱਜਣ ਲਈ ਕੋਈ ਨਾ ਕੋਈ ਦੇਸ਼ ਚੁਣਿਆ ਹੋਇਆ ਹੈ'

ਭਾਰਤੀ ਮੁਸਲਮਾਨਾਂ ਦੇ ਭਵਿੱਖ ਦਾ ਕੀ? ਜੋ ਖ਼ੁਦ ਵੀ ਵਰਗ, ਜਾਤ ਅਤੇ ਖੇਤਰ ਵਾਦ ਵਿੱਚ ਵੰਡੇ ਹੋਏ ਹਨ।

ਸਲਾਮ ਇੱਕ “ਪਸਰੇ ਹੋਏ ਡਰ” ਦੀ ਗੱਲ ਕਰਦੇ ਹਨ।

“ਲੋਕ ਮੁਸਲਿਮ ਸਮਾਜ ਪ੍ਰਤੀ ਵੱਧਦੀ ਮਹਿੰਗਾਈ ਅਤੇ ਨੌਕਰੀਆਂ ਦੀ ਕਮੀ ਬਾਰੇ ਜ਼ਿਕਰ ਕਰਦੇ ਹਨ। ਇਹ ਸਿਰਫ ਮਹਿੰਗਾਈ ਜਾਂ ਰੁਜ਼ਗਾਰ ਬਾਰੇ ਨਹੀਂ ਹੈ ਸਗੋਂ ਇਹ ਜ਼ਿੰਦਗੀ ਦੇ ਹੱਕ ਬਾਰੇ ਹੈ।”

ਹੋਰ ਨੌਜਵਾਨ ਮੁਸਲਮਾਨਾਂ ਦੀਆਂ ਯਾਦਾਂ ਵਿੱਚ ਵੀ ਅਜਿਹੇ ਹੀ ਡਰ ਹਨ।

ਲੇਖਕ ਜ਼ਿਆਦ ਮਸਰੂਰ ਖਾਨ ਆਪਣੀ ਤਾਜ਼ੀ ਕਿਤਾਬ ‘ਸਿਟੀ ਆਨ ਫਾਇਰ: ਬੁਆਏਹੁੱਡ ਇਨ ਅਲੀਗੜ੍ਹ’ ਵਿੱਚ ਲਿਖਦੇ ਹਨ, “ਲਗਭਗ ਸਾਰਿਆਂ ਨੇ ਕੋਈ ਨਾ ਕੋਈ ਦੇਸ਼ ਚੁਣਿਆ ਹੋਇਆ ਹੈ, ਜਿੱਥੇ ਉਹ ਲੋੜ ਪੈਣ ਉੱਤੇ ਜਾ ਸਕਣ। ਕੁਝ ਨੇ ਕਿਹਾ ਜੇ ਉਨ੍ਹਾਂ ਨੂੰ ਕਦੇ ਸ਼ਰਨ ਦੀ ਲੋੜ ਪਵੇ ਤਾਂ ਉਨ੍ਹਾਂ ਨੇ ਕੈਨੇਡਾ, ਅਮਰੀਕਾ, ਤੁਰਕੀ ਜਾਂ ਬ੍ਰਿਟੇਨ ਵਿੱਚ ਆਪਣੇ ਅੰਕਲਾਂ ਨਾਲ ਗੱਲ ਕਰ ਲਈ ਹੈ।”

ਉਹ ਅੱਗੇ ਲਿਖਦੇ ਹਨ,“ਮੇਰੇ ਸਮੇਤ ਹਰ ਕੋਈ ਜੋ ਫਿਰਕੂ ਹਿੰਸਾ ਦੌਰਾਨ ਵੀ ਸੁਰੱਖਿਅਤ ਮਹਿਸੂਸ ਕਰਦਾ ਸੀ, ਹੁਣ ਆਪਣੇ ਹੀ ਦੇਸ ਵਿੱਚ ਆਪਣੇ ਪਰਿਵਾਰ ਦੇ ਭਵਿੱਖ ਪ੍ਰਤੀ ਚਿੰਤਤ ਹੈ।”

ਆਗਰਾ ਵਿੱਚ ਰੀਮਾ ਅਹਿਮਦ ਵੀ ਭਵਿੱਖ ਬਾਰੇ ਅਨਿਸ਼ਚਿਤਤਾ ਦਾ ਭਾਰ ਮਹਿਸੂਸ ਕਰਦੇ ਹਨ।

ਉਹ ਕਹਿੰਦੇ ਹਨ, “ਸ਼ੁਰੂ ਵਿੱਚ ਮੈਂ ਸੋਚਿਆ, ਇਹ ਬੀਤ ਜਾਵੇਗਾ। ਇਹ ਦਸ ਸਾਲ ਪਹਿਲਾਂ ਦੀ ਗੱਲ ਸੀ। ਹੁਣ ਮੈਨੂੰ ਲਗਦਾ ਹੈ ਕਿ ਬਹੁਤ ਕੁਝ ਹਮੇਸ਼ਾ ਲਈ ਨੁਕਸਾਨਿਆ ਅਤੇ ਗੁਆਇਆ ਜਾ ਚੁੱਕਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)