ਕੀ ਇੱਕ ਮੁਸਲਮਾਨ ਆਜ਼ਾਦੀ ਘੁਲਾਟੀਏ ਨੇ ਦਿੱਤਾ ਸੀ ‘ਭਾਰਤ ਮਾਤਾ ਦੀ ਜੈ’ ਦਾ ਨਾਅਰਾ

ਭਾਰਤ ਮਾਤਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਿੰਦੂਤਵਵਾਦੀ ਸੰਗਠਨ ਜਿਸ ‘ਭਾਰਤ ਮਾਤਾ ਦੀ ਜੈ’ ਨੂੰ ਸਿਆਸੀ ਅਤੇ ਦੇਸ਼ ਭਗਤੀ ਦੇ ਨਾਅਰੇ ਵੱਜੋਂ ਪ੍ਰਚਾਰਿਤ ਕਰਦੇ ਹਨ, ਉਸ ਦਾ ਵਰਣਨ 1866 ’ਚ ਸਭ ਤੋਂ ਪਹਿਲਾਂ ਮਿਲਦਾ ਹੈ
    • ਲੇਖਕ, ਅਮਿਤਾਭ ਭੱਟਾਸਾਲੀ
    • ਰੋਲ, ਬੀਬੀਸੀ ਨਿਊਜ਼ ਬੰਗਲਾ

ਦੇਸ਼ ਦੇ ਹਿੰਦੂਤਵੀ ਸਿਆਸਤਦਾਨ ਆਗੂ ਅਤੇ ਕਾਰਕੁਨ ਅਕਸਰ ਹੀ ‘ਭਾਰਤ ਮਾਤਾ ਦੀ ਜੈ’ ਦਾ ਨਾਅਰਾ ਲਗਾਉਂਦੇ ਹਨ।

ਪਰ ਇਤਿਹਾਸਕਾਰਾਂ ਦੇ ਇੱਕ ਸਮੂਹ ਦਾ ਮੰਨਣਾ ਹੈ ਕਿ 1857 ’ਚ ਦੇਸ਼ ’ਚ ਹੋਏ ਪਹਿਲੇ ਸੁਤੰਤਰਤਾ ਸੰਗਰਾਮ ਦੌਰਾਨ ਇੱਕ ਮੁਸਲਿਮ ਆਜ਼ਾਦੀ ਘੁਲਾਟੀਏ ਨੇ ਸਭ ਤੋਂ ਪਹਿਲਾਂ ਇਹ ਨਾਅਰਾ ਦਿੱਤਾ ਸੀ।

ਹਾਲ ਹੀ ’ਚ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ, ਜਿੱਥੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਸਵਾਲ ਕੀਤਾ ਜਾਂਦਾ ਹੈ ਕਿ ਉਹ ਭਾਰਤ ਮਾਤਾ ਦੀ ਜੈ ਦਾ ਨਾਅਰਾ ਲਗਾਉਣ ਲਈ ਤਿਆਰ ਕਿਉਂ ਨਹੀਂ ਹੁੰਦੇ ਹਨ।

ਪਿਛਲੇ ਕੁਝ ਸਾਲਾਂ ਦੌਰਾਨ ਕੁਝ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਦੋਂ ਮੁਸਲਮਾਨਾਂ ਦੇ ਨਾਲ ਕਿਸੇ ਭੀੜ ਨੇ ਬਦਸਲੂਕੀ ਦਾ ਵਤੀਰਾ ਕੀਤਾ ਹੋਵੇ ਅਤੇ ਉਨ੍ਹਾਂ ’ਚੋਂ ਕੁਝ ਮਾਮਲਿਆਂ ’ਚ ਤਾਂ ਹਿੰਦੂਵਾਦੀਆਂ ਵੱਲੋਂ ਤੰਗ ਪਰੇਸ਼ਾਨ ਕੀਤੇ ਜਾ ਰਹੇ ਮੁਸਲਿਮ ਲੋਕਾਂ ਤੋਂ ਜ਼ਬਰਦਸਤੀ ਭਾਰਤ ਮਾਤਾ ਦੀ ਜੈ ਦਾ ਨਾਅਰਾ ਲਗਵਾਉਣ ਦਾ ਯਤਨ ਕਰਦੇ ਵੀ ਵੇਖਿਆ ਗਿਆ ਹੈ।

ਇਤਿਹਾਸਕਾਰਾਂ ਦਾ ਇੱਕ ਸਮੂਹ ਭਾਵੇਂ ਇਹ ਮੰਨਦਾ ਹੈ ਕਿ ਇਹ ਨਾਅਰਾ ਇੱਕ ਮੁਸਲਿਮ ਆਜ਼ਾਦੀ ਘੁਲਾਟੀਏ ਵੱਲੋਂ ਦਿੱਤਾ ਗਿਆ ਸੀ, ਪਰ ਆਮ ਲੋਕਾਂ ਤੱਕ ਇਹ ਜਾਣਕਾਰੀ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੇ ਇੱਕ ਭਾਸ਼ਣ ਦੇ ਜ਼ਰੀਏ ਪਹੁੰਚੀ ਹੈ।

ਨਿਊਜ਼ ਏਜੰਸੀ ਪੀਟੀਆਈ ਨੇ ਮੁੱਖ ਮੰਤਰੀ ਵਿਜਯਨ ਵੱਲੋਂ ਸੋਮਵਾਰ ਨੂੰ ਦਿੱਤੇ ਉਸ ਭਾਸ਼ਣ ਦਾ ਹਵਾਲਾ ਦਿੰਦੇ ਹੋਏ ਇੱਕ ਰਿਪੋਰਟ ਜਾਰੀ ਕੀਤੀ ਹੈ।

ਉਸ ’ਚ ਵਿਜਯਨ ਦਾ ਕਹਿਣਾ ਹੈ, “ਸੰਘ ਪਰਿਵਾਰ ਦੇ ਲੋਕ ਇੱਥੇ ਆ ਕੇ ਸਾਹਮਣੇ ਬੈਠੇ ਲੋਕਾਂ ਤੋਂ ਭਾਰਤ ਮਾਤਾ ਦੀ ਜੈ ਦਾ ਨਾਅਰਾ ਲਗਾਉਣ ਨੂੰ ਕਹਿੰਦੇ ਹਨ। ਕੀ ਉਨ੍ਹਾਂ ਨੂੰ ਪਤਾ ਹੈ ਕਿ ਇਹ ਨਾਅਰਾ ਕਿਸ ਨੇ ਦਿੱਤਾ ਸੀ। ਮੈਨੂੰ ਨਹੀਂ ਲੱਗਦਾ ਕਿ ਸੰਘ ਪਰਿਵਾਰ ਨੂੰ ਇਸ ਦੀ ਜਾਣਕਾਰੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਪਤਾ ਹੈ ਕਿ ਉਸ ਆਜ਼ਾਦੀ ਘੁਲਾਟੀਏ ਦਾ ਨਾਮ ਅਜ਼ੀਮੁੱਲਾ ਖਾਨ ਸੀ।”

ਇਤਿਹਾਸਕਾਰਾਂ ਦੇ ਮੁਤਾਬਕ ਅਜ਼ੀਮੁੱਲਾ ਖਾਨ ਸਾਲ 1857 ’ਚ ਹੋਣ ਵਾਲੇ ਪਹਿਲੇ ਸੁਤੰਤਰਤਾ ਸੰਗਰਾਮ, ਜਿਸ ਨੂੰ ਕਿ ਕਈ ਲੋਕ ਸਿਪਾਹੀ ਬਗਾਵਤ ਦੇ ਨਾਮ ਨਾਲ ਵੀ ਜਾਣਦੇ ਹਨ, ਦੇ ਸਭ ਤੋਂ ਅਹਿਮ ਪਾਤਰਾਂ ’ਚੋਂ ਇੱਕ ਸਨ।

ਇਤਿਹਾਸਕਾਰ ਅਤੇ ਲੇਖਕ ਸਈਅਦ ਉਬੈਦੁਰ ਰਹਿਮਾਨ ਬੀਬਸਿੀ ਬੰਗਲਾ ਨੂੰ ਦੱਸਦੇ ਹਨ, “ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਅਜ਼ੀਮੁੱਲਾ ਖਾਨ ਨੇ ਹੀ ‘ਮਾਦਰੇ ਵਤਨ ਹਿੰਦੁਸਤਾਨ ਜ਼ਿੰਦਾਬਾਦ’ ਦਾ ਨਾਅਰਾ ਦਿੱਤਾ ਸੀ।”

ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ‘ਭਾਰਤ ਮਾਤਾ ਦੀ ਜੈ’ ਅਜ਼ੀਮੁੱਲਾ ਖਾਨ ਦੇ ਉਸ ਨਾਅਰੇ ਦਾ ਹੀ ਹਿੰਦੀ ਅਨੁਵਾਦ ਹੈ।

ਪਰ ਇਸਲਾਮੀ ਧਰਮ ਸ਼ਾਸਤਰ ਮਾਹਰ ਮੁਹੰਮਦ ਕਮਰੁਜ਼ਮਾਂ ਦਾ ਕਹਿਣਾ ਹੈ, “ਮਾਦਰੇ ਵਤਨ ਹਿੰਦੁਸਤਾਨ ਜ਼ਿੰਦਾਬਾਦ ਦਾ ਸ਼ਾਬਦਿਕ ਅਨੁਵਾਦ ‘ਮਾਤ ਭੂਮੀ ਭਾਰਤਵਰਸ਼ ਜ਼ਿੰਦਾਬਾਦ ਹੈ।”

ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਡਿਪਲੋਮੈਟ ਆਬਦੀ ਹਸਨ ਸਾਫਰਾਨੀ ਨੇ ‘ਜੈ ਹਿੰਦ’ ਦਾ ਨਾਅਰਾ ਦਿੱਤਾ ਸੀ, ਉਸੇ ਤਰ੍ਹਾਂ ਹੀ ਮੁਹੰਮਦ ਇਕਬਾਲ ਨੇ ਮਸ਼ਹੂਰ ਦੇਸ਼ ਭਗਤੀ ਗੀਤ ‘ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ…’ ਕਲਮਬੱਧ ਕੀਤਾ ਸੀ।

ਕੌਣ ਸਨ ਅਜ਼ੀਮੁੱਲਾ ਖਾਨ?

ਅਜ਼ੀਮੁੱਲਾ ਖਾਨ

ਤਸਵੀਰ ਸਰੋਤ, Getty Images

ਸਈਅਦ ਉਬੈਦੁਰ ਰਹਿਮਾਨ ਵੱਲੋਂ ਸੰਕਲਿਤ ਭਾਰਤੀ ਮੁਸਲਿਮ ਸੁਤੰਤਰਤਾ ਸੈਨਾਨੀਆਂ ਦੇ ਜੀਵਨੀ ਗਿਆਨਕੋਸ਼ ’ਚ ਅਜ਼ੀਮੁੱਲਾ ਖਾਨ ਬਾਰੇ ਇੱਕ ਵੱਖਰਾ ਅਧਿਆਏ ਹੈ।

ਉਸ ’ਚ ਲਿਖਿਆ ਗਿਆ ਹੈ, "ਅਜ਼ੀਮੁੱਲਾ ਖਾਨ 1857 ਦੇ ਵਿਦਰੋਹ ਦੇ ਪ੍ਰਮੁੱਖ ਆਗੂਆਂ ’ਚੋਂ ਇੱਕ ਸਨ। ਉਹ ਅੰਗਰੇਜ਼ੀ ਅਤੇ ਫਰਾਂਸੀਸੀ ਸਮੇਤ ਹੋਰ ਕਈ ਵਿਦੇਸ਼ੀ ਭਾਸ਼ਾਵਾਂ ’ਚ ਮਾਹਰ ਸਨ।"

"ਬਾਕੀ ਸੁਤੰਤਰਤਾ ਸੈਨਾਨੀਆਂ ਨੂੰ ਵਿਦੇਸ਼ੀ ਭਾਸ਼ਾਵਾਂ ਦਾ ਕੋਈ ਜ਼ਿਆਦਾ ਗਿਆਨ ਨਹੀਂ ਸੀ।"

"ਉਹ ਹਮੇਸ਼ਾ ਅੰਗਰੇਜ਼ੀ ਅਧਿਕਾਰੀਆਂ ਨਾਲ ਬਹੁਤ ਹੀ ਆਤਮ ਵਿਸ਼ਵਾਸ ਨਾਲ ਗੱਲਬਾਤ ਕਰਦੇ ਸਨ। ਉਸ ਸਮੇਂ ਜਦੋਂ ਭਾਰਤ ਦੇ ਜ਼ਿਆਦਾਤਰ ਲੋਕਾਂ ਦਾ ਮੰਨਣਾ ਸੀ ਕਿ ਬ੍ਰਿਟਿਸ਼ ਫੌਜ ਅਜਿੱਤ ਹੈ, ਉਨ੍ਹਾਂ ਨੇ ਤੁਰਕੀ, ਕ੍ਰੀਮੀਆ ਅਤੇ ਯੂਰਪ ਦਾ ਦੌਰਾ ਕੀਤਾ ਅਤੇ ਵੇਖਿਆ ਕਿ ਉੱਥੇ ਬ੍ਰਿਟਿਸ਼ ਫੌਜ ਨੂੰ ਹਾਰ ਦਾ ਮੂੰਹ ਵੇਖਣਾ ਪੈ ਰਿਹਾ ਹੈ।”

ਰਹਿਮਾਨ ਅੱਗੇ ਲਿਖਦੇ ਹਨ ਕਿ ਅਜ਼ੀਮੁੱਲਾ ਮਰਹੂਮ ਪੇਸ਼ਵਾ ਦੂਜੇ ਬਾਜੀਰਾਓ ਦੇ ਗੋਦ ਲਏ ਪੁੱਤਰ ਨਾਨਾ ਸਾਹਿਬ ਦੇ ਦੀਵਾਨ ਸਨ। ਬਾਅਦ ’ਚ ਉਹ ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣੇ। ਪੇਸ਼ਵਾ ਮਰਾਠਾ ਸਾਮਰਾਜ ਦੇ ਰਾਜਾ ਸਨ।

ਵਿਨਾਇਕ ਦਾਮੋਦਰ ਸਾਵਰਕਰ

ਤਸਵੀਰ ਸਰੋਤ, Getty Images

ਹਿੰਦੂ ਰਾਸ਼ਟਰਵਾਦ ਦੇ ਪਿਤਾਮਾ ਕਹੇ ਜਾਣ ਵਾਲੇ ਵਿਨਾਇਕ ਦਾਮੋਦਰ ਸਾਵਰਕਰ ਨੇ ਆਪਣੀ ਕਿਤਾਬ ‘ਦ ਇੰਡੀਅਨ ਵਾਰ ਆਫ਼ ਇੰਡੀਪੈਂਡੈਂਸ ਆਫ਼ 1857’ ’ਚ ਲਿਖਿਆ ਹੈ, “ਅਜ਼ੀਮੁੱਲਾ ਖਾਨ 1857 ਦੇ ਵਿਦਰੋਹ ਦੇ ਸਭ ਤੋਂ ਯਾਦਗਾਰ ਕਿਰਦਾਰਾਂ ’ਚੋਂ ਇੱਕ ਸਨ। ਅਜ਼ੀਮੁੱਲਾ ਨੂੰ ਉਨ੍ਹਾਂ ਲੋਕਾਂ ’ਚ ਵਿਸ਼ੇਸ਼ ਥਾਂ ਦਿੱਤੀ ਜਾਣੀ ਚਾਹੀਦੀ ਹੈ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਆਜ਼ਾਦੀ ਦੀ ਲੜਾਈ ਦੇ ਬਾਰੇ ਸੋਚਿਆ ਸੀ।”

ਪੇਸ਼ਵਾ ਦੂਜੇ ਬਾਜੀਰਾਓ ਦਾ ਗੋਦ ਲਿਆ ਪੁੱਤਰ ਹਣ ਦੇ ਕਾਰਨ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਬਾਜੀਰਾਓ ਦੇ ਦੇਹਾਂਤ ਤੋਂ ਬਾਅਦ ਨਾਨਾ ਸਾਹਿਬ ਦੀ ਪੈਨਸ਼ਨ ਬੰਦ ਕਰ ਦਿੱਤੀ ਸੀ।

ਸਾਵਰਕਰ ਤੋਂ ਇਲਾਵਾ ਹੋਰ ਕਈ ਇਤਿਹਾਸਕਾਰਾਂ ਨੇ ਵੀ ਲਿਖਿਆ ਹੈ ਕਿ ਉੱਤਰਾਧਿਕਾਰੀ ਦੇ ਵਿਵਾਦ ਨੂੰ ਸੁਲਝਾਉਣ ਦੇ ਲਈ ਨਾਨਾ ਸਾਹਿਬ ਨੇ ਅਜ਼ੀਮੁੱਲਾ ਖਾਨ ਨੂੰ ਇੰਗਲੈਂਡ ਭੇਜਿਆ ਸੀ। ਅਜ਼ੀਮੁੱਲਾ ਲਗਭਗ ਦੋ ਸਾਲ ਤੱਕ ਇੰਗਲੈਂਡ ’ਚ ਸਨ।

ਉਹ ਸਾਲ 1855 ’ਚ ਭਾਰਤ ਪਰਤੇ।

ਅੰਗਰੇਜ਼ੀ ਅਤੇ ਫ੍ਰੈਂਚ ਸਮੇਤ ਹੋਰ ਕਈ ਭਾਸ਼ਾਵਾਂ ’ਚ ਮਾਹਰ ਹੋਣ ਦੇ ਬਾਵਜੂਦ ਅਜ਼ੀਮੁੱਲਾ ਖਾਨ ਬਚਪਨ ਬਹੁਤ ਹੀ ਗਰੀਬੀ ’ਚ ਬਤੀਤ ਹੋਇਆ ਸੀ।

ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਮਾਂ ਨੂੰ ਸਾਲ 1837-38 ਦੇ ਅਕਾਲ ਦੌਰਾਨ ਬਚਾਇਆ ਗਿਆ ਸੀ। ਉਨ੍ਹਾਂ ਨੂੰ ਕਾਨਪੁਰ ਦੇ ਇੱਕ ਈਸਾਈ ਮਿਸ਼ਨ ’ਚ ਸ਼ਰਨ ਮਿਲੀ ਸੀ।

ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਕੋਈ ਸਮਾਂ ਸੀ ਜਦੋਂ ਉਨ੍ਹਾਂ ਨੇ ਬ੍ਰਿਟਿਸ਼ ਅਧਿਕਾਰੀਆਂ ਦੇ ਘਰਾਂ ’ਚ ਕਦੇ ਵੇਟਰ ਅਤੇ ਕਦੇ ਰਸੋਈਏ ਵੱਜੋਂ ਕੰਮ ਕੀਤਾ ਸੀ। ਉਸੇ ਦੌਰਾਨ ਉਨ੍ਹਾਂ ਨੇ ਅੰਗਰੇਜ਼ੀ ਅਤੇ ਫ੍ਰੈਂਚ ਭਾਸ਼ਾਵਾਂ ਸਿੱਖੀਆਂ ਸਨ।

ਇੰਗਲੈਂਡ ਅਤੇ ਯੂਰਪ ਦੇ ਦੌਰੇ ਤੋਂ ਪਰਤਣ ਤੋਂ ਬਾਅਦ ਅਜ਼ੀਮੁੱਲਾ ਖਾਨ ਤੁਰਕੀ ਅਤੇ ਕ੍ਰੀਮੀਆ ਲਈ ਰਵਾਨਾ ਹੋਏ। ਭਾਰਤ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਨਾਨਾ ਸਾਹਿਬ ਨੂੰ ਵਿਦਰੋਹ ਕਰਨ ਦੀ ਸਲਾਹ ਦਿੱਤੀ।

ਇਹ ਵੀ ਪੜ੍ਹੋ-

ਅਖ਼ਬਾਰ ਦੇ ਜ਼ਰੀਏ ਆਜ਼ਾਦੀ ਦੀ ਅਪੀਲ

ਆਜ਼ਾਦੀ ਦੀ ਅਪੀਲ

ਤਸਵੀਰ ਸਰੋਤ, Getty Images

ਅਜ਼ੀਮੁੱਲਾ ਖਾਨ ਨੇ ਯੂਰਪ ਤੋਂ ਪਰਤਣ ਤੋਂ ਬਾਅਦ ‘ਪਯਾਮੇ ਆਜ਼ਾਦੀ’ ਨਾਮ ਦਾ ਇੱਕ ਅਖ਼ਬਾਰ ਸ਼ੁਰੂ ਕੀਤਾ। ਇਹ ਉਰਦੂ, ਮਰਾਠੀ ਅਤੇ ਹਿੰਦੀ ’ਚ ਪ੍ਰਕਾਸ਼ਿਤ ਹੁੰਦਾ ਸੀ। ਉਹ ਯੂਰਪ ਤੋਂ ਇੱਕ ਛਿਪਾਈ ਮਸ਼ੀਨ ਲੈ ਕੇ ਆਏ ਸਨ ਅਤੇ ਉਨ੍ਹਾਂ ਦਾ ਅਖ਼ਬਾਰ ਉਸੇ ਮਸ਼ੀਨ ’ਤੇ ਛਪਦਾ ਸੀ।

ਉਰਦੂ ਪੱਤਰਕਾਰੀ ਦੇ ਇਤਿਹਾਸ ਅਤੇ ਸੁਤੰਤਰਤਾ ਸੰਗਰਾਮ ਦੇ ਖੋਜਕਾਰ ਫੈਸਲ ਫਾਰੂਕੀ ਦੱਸਦੇ ਹਨ ਕਿ ਅਜ਼ੀਮੁੱਲਾ ਖਾਨ ਨੇ ਆਪਣੀ ਉਸੇ ਅਖ਼ਬਾਰ ਦੇ ਰਾਹੀਂ ਬਗ਼ਾਵਤ ਅਤੇ ਆਜ਼ਾਦੀ ਦੀਆਂ ਗੱਲਾਂ, ਵਿਚਾਰਾਂ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਸੀ।

ਉਨ੍ਹਾਂ ਦਾ ਕਹਿਣਾ ਹੈ, “ਉਹ ਆਪਣੇ ਅਖ਼ਬਾਰ ਦੇ ਜ਼ਰੀਏ ਇੱਕੋ ਸਮੇਂ ਮੁਸਲਿਮ, ਹਿੰਦੂ, ਸਿੱਖ ਭਾਵ ਸਾਰੇ ਹੀ ਭਾਈਚਾਰੇ ਦੇ ਲੋਕਾਂ ਨੂੰ ਲਗਾਤਾਰ ਪ੍ਰੇਰਿਤ ਕਰਦੇ ਰਹੇ। ਜਿਸ ਗੰਗਾ-ਯਮੁਨੀ ਸੰਸਕ੍ਰਿਤੀ ਦੀ ਗੱਲ ਕੀਤੀ ਜਾਂਦੀ ਹੈ, ਉਸ ਦੀ ਝਲਕ ਹਮੇਸ਼ਾਂ ਹੀ ਉਨ੍ਹਾਂ ਦੀਆਂ ਲਿਖਤਾਂ ’ਚ ਆਮ ਝਲਕਦੀ ਸੀ। ਪਹਿਲੇ ਆਜ਼ਾਦੀ ਸੰਗਰਾਮ ਜਾਂ ਸਿਪਾਹੀ ਵਿਦਰੋਹ ਦਾ ਮਾਰਚਿੰਗ ਗੀਤ ਵੀ ਉਨ੍ਹਾਂ ਨੇ ਹੀ ਕਲਮਬੱਧ ਕੀਤਾ ਸੀ।”

ਫਾਰੂਕੀ ਉਸ ਗੀਤ ਨੂੰ ਪੜ੍ਹ ਕੇ ਸੁਣਾ ਰਹੇ ਸਨ। ਉਸ ਗੀਤ ਦੀਆਂ ਆਖ਼ਰੀ ਦੋ ਪੰਕਤੀਆਂ ਤੋਂ ਪਤਾ ਲੱਗਦਾ ਹੈ ਕਿ ਉਹ ਕਿਸ ਤਰ੍ਹਾਂ ਨਾਲ ਸਾਰੇ ਹੀ ਧਰਮਾਂ ਦੇ ਲੋਕਾਂ ਨੂੰ ਆਜ਼ਾਦੀ ਦੇ ਸੰਘਰਸ਼ ਲਈ ਪ੍ਰੇਰਿਤ ਕਰਦੇ ਸਨ:- ਹਿੰਦੂ, ਮੁਸਲਮਾਨ, ਸਿੱਖ ਹਮਾਰਾ ਭਾਈ-ਭਾਈ ਪਿਆਰਾ, ਯੇ ਹੈ ਆਜ਼ਾਦੀ ਕਾ ਝੰਡਾ, ਇਸੇ ਸਲਾਮ ਹਮਾਰਾ…’। ਭਾਵ ਹਿੰਦੂ, ਮੁਸਲਮਾਨ ਅਤੇ ਸਿੱਖ ਸਾਰੇ ਲੋਕ ਭਰਾ-ਭਰਾ ਹਨ, ਇਹ ਆਜ਼ਾਦੀ ਦਾ ਝੰਡਾ ਹੈ, ਜਿਸ ਨੂੰ ਸਾਡਾ ਸਾਰਿਆਂ ਦਾ ਸਲਾਮ ਹੈ।”

ਇਤਿਹਾਸਕਾਰ ਅਤੇ ਲੇਖਕ ਸਈਅਦ ਉਬੈਦੁਰ ਰਹਿਮਾਨ ਦੱਸਦੇ ਹਨ ਕਿ ਉਸੇ ਦੌਰ ’ਚ ਉਨ੍ਹਾਂ ਨੇ ਆਪਣੀ ਅਖ਼ਬਾਰ ’ਚ ਮਾਦਰੇ ਵਤਨ ਨਾਅਰਾ ਲਿਖਿਆ ਸੀ।

ਉਨ੍ਹਾਂ ਦਾ ਕਹਿਣਾ ਹੈ, “ਇਸ ਗੱਲ ’ਚ ਕੋਈ ਸ਼ੱਕ ਨਹੀਂ ਹੈ ਕਿ ਇਹ ਨਾਅਰਾ ਉਨ੍ਹਾਂ ਦੀ ਹੀ ਦੇਣ ਹੈ। ਪਰ ਇਸ ਨਾਅਰੇ ਨੂੰ ਵੱਖਰਾ ਕਰਕੇ ਨਹੀਂ ਵੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦਾ ਅਖ਼ਬਾਰ ਨਿਯਮਿਤ ਤੌਰ ’ਤੇ ਆਜ਼ਾਦੀ ਦੀ ਲੜਾਈ ਨੂੰ ਅੱਗੇ ਵਧਾਉਣ ਲਈ ਅੰਗਰੇਜ਼ਾਂ ਖਿਲਾਫ ਬਗ਼ਾਵਤ ਕਰਨ ਦਾ ਸੱਦਾ ਦਿੰਦਾ ਸੀ। ਅਜ਼ੀਮੁੱਲਾ ਇਸੇ ਤਰ੍ਹਾਂ ਦੇ ਨਾਅਰੇ ਲਿਖਦੇ ਸਨ।”

ਹਾਲਾਂਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਖਾਨ ਨੇ ਹੀ ਸਭ ਤੋਂ ਪਹਿਲਾਂ ਮਾਦਰੇ ਵਤਨ ਹਿੰਦੁਸਤਾਨ ਦਾ ਨਾਅਰਾ ਦਿੱਤਾ ਸੀ।

ਰਹਿਮਾਨ ਇਹ ਵੀ ਕਹਿੰਦੇ ਹਨ ਕਿ ਅਜ਼ੀਮੁੱਲਾ ਖਾਨ 1857 ਦੇ ਪ੍ਰਮੁੱਖ ਯੋਜਨਾਕਾਰਾਂ ’ਚੋਂ ਇੱਕ ਸਨ।

ਬਗਾਵਤ ਨੂੰ ਠੱਲ੍ਹਣ ਬਾਅਦ ਅਜ਼ੀਮੁੱਲਾ ਖਾਨ ਜ਼ਿਆਦਾ ਸਮੇਂ ਤੱਕ ਜ਼ਿੰਦਾ ਨਾ ਰਹਿ ਸਕੇ।

1859 ’ਚ ਨੇਪਾਲ ਦੇ ਤਰਾਈ ਇਲਾਕੇ ’ਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਬ੍ਰਿਟਿਸ਼ ਸੈਨਿਕਾਂ ਦੇ ਹੱਥੋਂ ਬੱਚ ਕੇ ਭੱਜਦਿਆਂ ਹੋਏ ਉਹ ਬੀਮਾਰ ਹੋ ਗਏ ਸਨ। ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਲਗਾਤਾਰ ਇੱਕ ਤੋਂ ਦੂਜੀ ਥਾਂ ਜਾਣ ਦੇ ਕਾਰਨ ਹੀ ਸ਼ਾਇਦ ਉਨ੍ਹਾਂ ਦਾ ਇਲਾਜ ਸਹੀ ਢੰਗ ਨਾਲ ਨਹੀਂ ਹੋ ਸਕਿਆ ਸੀ।

ਮਾਦਰੇ ਵਤਨ ਤੋਂ ਇਲਾਵਾ ਵੀ…

ਮਾਦਰੇ ਵਤਨ

ਤਸਵੀਰ ਸਰੋਤ, Getty Images

ਇਤਿਹਾਸਕਾਰ ਅਤੇ ਲੇਖਕ ਸਈਅਦ ਉਬੈਦੁਰ ਰਹਿਮਾਨ ਦਾ ਕਹਿਣਾ ਹੈ ਕਿ “ਮਾਦਰੇ ਵਤਨ” ਤੋਂ ਇਲਾਵਾ ਕਈ ਹੋਰ ਬਗਾਵਤੀ ਨਾਅਰੇ ਵੀ ਮੁਸਲਿਮ ਆਗੂਆਂ ਵੱਲੋਂ ਹੀ ਦਿੱਤੇ ਗਏ ਹਨ।

ਉਨ੍ਹਾਂ ਦਾ ਕਹਿਣਾ ਸੀ, “ਕਮਿਊਨਿਸਟ ਪਾਰਟੀ ਦੇ ਸੰਸਥਾਪਕਾਂ ’ਚੋਂ ਇੱਕ ਅਤੇ ਆਜ਼ਾਦੀ ਘੁਲਾਟੀਏ ਮੌਲਾਨਾ ਹਸਰਤ ਮੋਹਾਨੀ ਨੇ ‘ਇਨਕਲਾਬ ਜ਼ਿੰਦਾਬਾਦ’ ਦਾ ਨਾਅਰਾ ਦਿੱਤਾ ਸੀ।

ਇਸੇ ਤਰ੍ਹਾਂ ਯੁਸੂਫ ਮੇਹਰ ਅਲੀ ਨੇ ‘ਕਵਿਟ ਇੰਡੀਆ’ ਜਾਂ ‘ਭਾਰਤ ਛੱਡੋ’ ਦਾ ਨਾਅਰਾ ਦਿੱਤਾ ਸੀ।

‘ਸਾਈਮਨ ਗੋ ਬੈਕ’ ਦਾ ਨਾਅਰਾ ਵੀ ਉਨ੍ਹਾਂ ਨੇ ਹੀ ਦਿੱਤਾ ਸੀ। ਇਨ੍ਹਾਂ ਲੋਕਾਂ ਦਾ ਤਾਂ ਕੋਈ ਨਾਮ ਹੀ ਨਹੀਂ ਲੈਂਦਾ ਹੈ।”

ਰਹਿਮਾਨ ਦੇ ਮੁਤਾਬਕ ਸਾਲ 1857 ਦਾ ਪਹਿਲਾ ਸੁਤੰਤਰਤਾ ਸੰਗਰਾਮ ਹੋਵੇ ਜਾਂ ਫਿਰ ਸਾਲ 1910 ਤੋਂ 1947 ਤੱਕ ਦਾ ਦੌਰ, ਇਸ ਪੂਰੇ ਸਮੇਂ ਦੌਰਾਨ ਹਿੰਦੂ, ਮੁਸਲਮਾਨ ਅਤੇ ਸਿੱਖ ਸਾਰਿਆਂ ਨੇ ਹੀ ਮੋਢੇ ਨਾਲ ਮੋਢਾ ਜੋੜ ਕੇ ਆਜ਼ਾਦੀ ਦੀ ਲੜਾਈ ’ਚ ਸ਼ਮੂਲੀਅਤ ਕੀਤੀ ਸੀ।

ਉਨ੍ਹਾਂ ਦਾ ਕਹਿਣਾ ਸੀ ਕਿ ਕੀ ਕੋਈ ਜਾਣਦਾ ਹੈ ਕਿ ਕਿੰਨੇ ਮੁਸਲਮਾਨ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ’ਤੇ ਬਿਰਾਜਮਾਨ ਹੋਏ ਹਨ?

ਅਬੁਲ ਕਲਾਮ ਆਜ਼ਾਦ ਦਾ ਨਾਮ ਤਾਂ ਹਰ ਕੋਈ ਜਾਣਦਾ ਹੈ, ਪਰ ਇਹ ਗੱਲ ਕਿੰਨੇ ਲੋਕ ਜਾਣਦੇ ਹਨ ਕਿ ਕੁੱਲ 8 ਮੁਸਲਮਾਨ ਕਾਂਗਰਸ ਦੇ ਪ੍ਰਧਾਨ ਰਹੇ ਸਨ।

‘ਭਾਰਤ ਮਾਤਾ’ ਦਾ ਨਾਅਰਾ ਕਿੱਥੋਂ ਆਇਆ?

‘ਭਾਰਤ ਮਾਤਾ’

ਤਸਵੀਰ ਸਰੋਤ, Getty Images

ਹਿੰਦੂਤਵਵਾਦੀ ਸੰਗਠਨ ਜਿਸ ‘ਭਾਰਤ ਮਾਤਾ ਦੀ ਜੈ’ ਨੂੰ ਸਿਆਸੀ ਅਤੇ ਦੇਸ਼ ਭਗਤੀ ਦੇ ਨਾਅਰੇ ਵੱਜੋਂ ਪ੍ਰਚਾਰਿਤ ਕਰਦੇ ਹਨ, ਉਸ ਦਾ ਵਰਣਨ 1866 ’ਚ ਸਭ ਤੋਂ ਪਹਿਲਾਂ ਮਿਲਦਾ ਹੈ।

ਹਿੰਦੂਤਵ ਰਾਜਨੀਤੀ ’ਤੇ ਖੋਜ ਕਰਨ ਵਾਲੇ ਸਨਿਗਧੇਂਦੂ ਭੱਟਾਚਾਰੀਆ ਦਾ ਕਹਿਣਾ ਹੈ, “ਬੰਗਾਲ ’ਚ ਸਾਲ 1866 ’ਚ ਕ੍ਰਿਸ਼ਣ ਦਵੈਪਾਯਨ ਵਿਆਸ ਦੇ ਨਾਮ ਨਾਲ ਲਿਖੀ ਸੰਭਾਵਤ ਭੂਦੇਵ ਮੁਖੋਪਾਧਿਆਏ ਦੀ ਕਿਤਾਬ ਉਨੀਸਵਾਂ ਪੁਰਾਣ ’ਚ ਭਾਰਤ ਮਾਤਾ ਦਾ ਜ਼ਿਕਰ ਕੀਤਾ ਗਿਆ ਸੀ।

"ਅਗਲੇ ਸਾਲ ਹੀ ਹਿੰਦੀ ਮੇਲੇ ਦੇ ਉਦਘਾਟਨ ਮੌਕੇ ਦਵਿਜੇਂਦਰ ਨਾਥ ਠਾਕੁਰ ਨੇ ਆਪਣਾ ਕਲਮਬੱਧ ਗੀਤ ‘ਮਲਿਨ ਮੁਖਚੰਦਰ, ਮਾਂ ਭਾਰਤ ਤੋਮਾਰਿ’ ਸੁਣਾਇਆ ਸੀ। ਵਿਪਿਨ ਚੰਦਰ ਪਾਲ ਦੇ ਇੱਕ ਲੇਖ ’ਚ ਵੀ ਇਸ ਦਾ ਜ਼ਿਕਰ ਮਿਲਦਾ ਹੈ। ਇਸ ਗੀਤ ਦੀ ਵਰਤੋਂ 1873 ’ਚ ਕਿਰਨ ਚੰਦਰ ਬੰਦਦੋਪਾਧਿਆਏ ਵੱਲੋਂ ਲਿਖੇ ਨਾਟਕ ਭਾਰਤ ਮਾਤਾ ’ਚ ਕੀਤੀ ਗਈ ਸੀ।”

ਸਨਿਗਧੇਂਦੂ ਦਾ ਕਹਿਣਾ ਸੀ, “ ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਭਾਰਤ ਮਾਤਾ ਦੀ ਜੈ ਦਾ ਨਾਅਰਾ ਉਸ ਸਮੇਂ ਬੰਗਾਲ ’ਚ ਪ੍ਰਸਿੱਧ ਹੋਇਆ ਸੀ ਜਾਂ ਫਿਰ ਨਹੀਂ। ਇਸ ਦਾ ਕਾਰਨ ਇਹ ਹੈ ਕਿ ਉਸ ਸਮੇਂ ਤੱਕ ਬੰਕਿਮਚੰਦਰ ਵੱਲੋਂ ਲਿਖਿਆ ਗੀਤ ‘ਵੰਦੇ ਮਾਤਰਮ’ ਬਹੁਤ ਹੀ ਪ੍ਰਸਿੱਧ ਹੋ ਗਿਆ ਸੀ।”

ਉਹ ਦੱਸਦੇ ਹਨ ਕਿ ਬੰਗਾਲ ਜਾਂ ਭਾਰਤ ’ਚ ਸਾਲ 1860 ਤੋਂ ਪਹਿਲਾਂ ਭਾਰਤ ਮਾਤਾ ਦੀ ਜੈ ਦਾ ਕੋਈ ਜ਼ਿਕਰ ਜਾਂ ਵਰਤੋਂ ਨਹੀਂ ਮਿਲਦੀ ਹੈ। ਅਜਿਹੀ ਸਥਿਤੀ ’ਚ ਅਜ਼ੀਮੁੱਲਾ ਖਾਨ ਨੇ ਮਾਦਰੇ ਵਤਨ ਹਿੰਦੁਸਤਾਨ ਜ਼ਿੰਦਾਬਾਦ ਦਾ ਨਾਅਰਾ ਦਿੱਤਾ ਸੀ, ਇਸ ਲਈ ਉਨ੍ਹਾਂ ਨੂੰ ਹੀ ਇਸ ਮਹਾਦੀਪ ’ਤੇ ਮਤਾ ਭੂਮੀ ਸ਼ਬਦ ਦਾ ਪਿਤਾਮਾ ਕਿਹਾ ਜਾ ਸਕਦਾ ਹੈ।

ਅਬੁਲ ਕਲਾਮ ਅਜ਼ਾਦ ਅਤੇ ਮਹਾਤਮਾ ਗਾਂਧੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਬੁਲ ਕਲਾਮ ਅਜ਼ਾਦ ਅਤੇ ਮਹਾਤਮਾ ਗਾਂਧੀ

ਅਵਨੀਂਦਰਨਾਥ ਠਾਕੁਰ ਨੇ ਸਾਲ 1905 ’ਚ ਭਾਰਤ ਮਾਤਾ ਦੀ ਪਹਿਲੀ ਤਸਵੀਰ ਬਣਾਈ ਸੀ।

ਸਨਿਗਧੇਂਦੂ ਇਸ ਦੀ ਵਿਆਖਿਆ ਕਰਦੇ ਹੋਏ ਦੱਸਦੇ ਹਨ, “ਦਰਅਸਲ ਭਾਰਤ ਮਾਤਾ ਦੀ ਜੈ ਅਤੇ ਮਾਦਰੇ ਵਤਨ ਹਿੰਦੁਸਤਾਨ ਇੱਕ ਹੋਣ ਦੇ ਬਾਵਜੂਦ ਹਿੰਦੂਤਵਵਾਦੀ ਲੋਕਾਂ ਦੀਆਂ ਨਜ਼ਰਾਂ ’ਚ ਵੱਖੋ-ਵੱਖ ਹਨ। ਭਾਰਤੀ ਰਾਸ਼ਟਰਵਾਦ, ਹਿੰਦੂ ਰਾਸ਼ਟਰਵਾਦ ਅਤੇ ਬੰਗਾਲੀ ਰਾਸ਼ਟਰਵਾਦ, ਤਿੰਨਾਂ ਦਾ ਜਨਮ 19ਵੀਂ ਸਦੀ ਦੇ ਦੂਜੇ ਅੱਧ ’ਚ ਇਸੇ ਬੰਗਾਲ ’ਚ ਹੋਇਆ ਸੀ। ਇਸ ਤੋਂ ਕੁਝ ਸਮਾਂ ਬਾਅਦ ਹੀ ਹੋਰ ਖੇਤਰਾਂ ’ਚ ਭਾਰਤੀ ਰਾਸ਼ਟਰਵਾਦ, ਹਿੰਦੂ ਰਾਸ਼ਟਰਵਾਦ ਅਤੇ ਖੇਤਰੀ ਰਾਸ਼ਟਰਵਾਦ ਦਾ ਉਭਾਰ ਹੋਇਆ ਅਤੇ ਉਹ ਫੈਲੇ।”

ਉਨ੍ਹਾਂ ਦਾ ਕਹਿਣਾ ਸੀ ਕਿ ਜਿਸ ਤਰ੍ਹਾਂ ਅਵਨੀਂਦਰਨਾਥ ਠਾਕੁਰ ਵੱਲੋਂ ਤਿਆਰ ਕੀਤੇ ਗਏ ਭਾਰਤ ਮਾਤਾ ਦੀ ਤਸਵੀਰਦਾ ਨਾਮ ਪਹਿਲਾਂ ਬੰਗਮਾਤਾ ਸੀ, ਉਸੇ ਤਰ੍ਹਾਂ ਬੰਕਿਮਚੰਦਰ ਚੈਟਰਜੀ ਦਾ ਰਚਿਆ ਵੰਦੇ ਮਾਤਰਮ ਵੀ ਬੰਗਮਾਤਾ ਦੀ ਹੀ ਵੰਦਨਾ ਹੈ।

ਬਾਅਦ ’ਚ ਕਾਂਗਰਸ ਨੇ ਹੋਰ ਸਾਰੀਆਂ ਰਾਸ਼ਟਰਵਾਦੀ ਪ੍ਰਵਿਰਤੀਆਂ ਨੂੰ ਭਾਰਤੀ ਰਾਸ਼ਟਰਵਾਦ ’ਚ ਮਿਲਾਉਣ ਦਾ ਯਤਨ ਕੀਤਾ।

ਸਨਿਗਧੇਂਦੂ ਦੱਸਦੇ ਹਨ, ‘ਭਾਰਤੀ ਰਾਸ਼ਟਰਵਾਦੀ ਭਾਰਤ ਅਤੇ ਹਿੰਦੁਸਤਾਨ ਦੋਵਾਂ ਦੀ ਵਰਤੋਂ ਕਰਦੇ ਹਨ, ਕਿਉਂਕਿ ਇਹ ਸਾਰੀਆਂ ਜਾਤੀਆਂ, ਧਰਮਾਂ , ਭਾਸ਼ਵਾਂ ਅਤੇ ਸੱਭਿਆਚਾਰਾਂ ਦੀ ਧਰਤੀ ਹੈ। ਪਰ ਹਿੰਦੂ ਰਾਸ਼ਟਰਵਾਦੀ ‘ਹਿੰਦੁਸਤਾਨ’ ਸ਼ਬਦ ਦੀ ਸਹੀ ਢੰਗ ਨਾਲ ਵਰਤੋਂ ਨਹੀਂ ਕਰਦੇ ਹਨ। ਉਨ੍ਹਾਂ ਦੀ ਗੱਲਬਾਤ ’ਚ ਉਰਦੂ ਜਾਂ ਫਾਰਸੀ ਦੇ ਲਈ ਕੋਈ ਥਾਂ ਨਹੀਂ ਹੈ।

"ਇਸੇ ਕਰਕੇ ਉਨ੍ਹਾਂ ਦੇ ਲਈ ਮਾਦਰੇ ਵਤਨ ਹਿੰਦੁਸਤਾਨ ਅਤੇ ਭਾਰਤ ਮਾਤਾ ਇੱਕ ਸਮਾਨ ਨਹੀਂ ਹਨ। ਹਾਲਾਂਕਿ ਮਾਦਰੇ ਵਤਨ ਹਿੰਦੁਸਤਾਨ ਦੇ ਸ਼ਬਦ ਹਿੰਦੂਵਾਦੀਆਂ ਦੇ ਇਸ ਇਲਜ਼ਾਮ ਦਾ ਖੰਡਨ ਕਰਦੇ ਹਨ ਕਿ ਮੁਸਲਮਾਨ ਭਾਰਤ ਨੂੰ ਆਪਣੀ ਮਾਂ ਨਹੀਂ ਕਹਿਣਾ ਚਾਹੁੰਦੇ।"

ਇਸਲਾਮਿਕ ਵਿਦਵਾਨ ਮੁਹੰਮਦ ਕਮਰੂਜ਼ਮਾਂ ਦਾ ਕਹਿਣਾ ਹੈ ਕਿ ਹਦੀਸ ’ਚ ਦੇਸ਼ ਨੂੰ ਮਾਤ ਭੂਮੀ ਵੱਜੋਂ ਤਿਆਰ ਕਰਨ ਦੀ ਗੱਲ ਕਹੀ ਗਈ ਹੈ। ਉਨ੍ਹਾਂ ਦੀ ਇੱਕ ਸਿਆਸੀ ਪਛਾਣ ਵੀ ਹੈ। ਉਹ ਅਖਿਲ ਬੰਗਾਲ ਘੱਟ ਗਿਣਤੀ ਨੌਜਵਾਨ ਫੈਡਰੇਸ਼ਨ ਦੇ ਮੁਖੀ ਹਨ। ਪਰ ਉਨ੍ਹਾਂ ਦੀ ਪੜ੍ਹਾਈ ਕੋਲਕਾਤਾ ਦੇ ਸਾਬਕਾ ਆਲੀਆ ਮਦਰੱਸੇ (ਹੁਣ ਆਲੀਆ ਯੂਨੀਵਰਸਿਟੀ) ’ਚ ਮੁਕੰਮਲ ਹੋਈ ਹੈ।

ਉਨ੍ਹਾਂ ਦਾ ਕਹਿਣਾ ਹੈ, “ਹਦੀਸ ’ਚ ਹੁਬਬੁਲ ਵਤਨ ਦਾ ਜ਼ਿਕਰ ਤਾਂ ਕੀਤਾ ਗਿਆ ਹੈ। ਪੂਰੀ ਆਇਤ ਹੁਬਬੁਲ ਵਤਨੀ ਮਿਨਲ ਈਮਾਨ ਹੈ। ਵਤਨ ਦਾ ਅਰਥ ਹੈ ਮਾਤ ਭੂਮੀ ਅਤੇ ਹੁਬਬੁਲ ਦਾ ਅਰਥ ਹੈ ਪਿਆਰ। ਭਾਵ ਮਾਤ ਭੂਮੀ ਦੇ ਪ੍ਰਤੀ ਪਿਆਰ, ਇਹ ਧਰਮ ਦਾ ਹੀ ਇੱਕ ਹਿੱਸਾ ਹੈ।”

ਪਰ ਉਨ੍ਹਾਂ ਦਾ ਸਪੱਸ਼ਟ ਤੌਰ ’ਤੇ ਕਹਿਣਾ ਹੈ ਕਿ ਭਾਰਤ ਮਾਤਾ ਦੀ ਜੈ ਨਾਅਰੇ ਦੀ ਹੁਣ ਸਿਆਸੀ ਤੌਰ ’ਤੇ ਵਰਤੋਂ ਕੀਤੀ ਜਾ ਰਹੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਮੁਸਲਾਮਨਾਂ ਨੂੰ ਇਸ ਨਾਅਰੇ ’ਤੇ ਇਸ ਲਈ ਇਤਰਾਜ਼ ਹੈ ਕਿਉਂਕਿ ਹਿੰਦੂਵਾਦੀ ਇਸ ਨਾਅਰੇ ਦੀ ਵਰਤੋਂ ਸਿਆਸੀ ਤੌਰ ’ਤੇ ਕਰ ਰਹੇ ਹਨ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK,INSTAGRAM, TWITTER ਅਤੇ YouTube 'ਤੇ ਜੁੜੋ।)