ਮਸੀਹੀ ਰਾਸ਼ਟਰਵਾਦ: 'ਸ਼ੁੱਧੀਕਰਨ' ਮੁਹਿੰਮ ਦੇ ਨਾਂ ਉੱਤੇ ਅਮਰੀਕਾ ਵਿਚ ਕੀ ਹਾਸਲ ਕਰਨਾ ਚਾਹੁੰਦੇ ਹਨ ਪਾਦਰੀ

ਤਸਵੀਰ ਸਰੋਤ, Getty Images
- ਲੇਖਕ, ਬਾਰਬਰਾ ਪਲੈਟ ਅਸ਼ਰ
- ਰੋਲ, ਬੀਬੀਸੀ ਟੈਨੇਸੀ
ਅਮਰੀਕਾ ਵਿੱਚ ਇੱਕ ਸੱਜੇ-ਪੱਖੀ ਇਸਾਈ ਮੁਹਿੰਮ ਵੱਲੋਂ ਨਵੀਂ ਜੰਗ ਵਿੱਢੀ ਜਾ ਰਹੀ ਹੈ।
ਇਸ ਮੁਹਿੰਮ ਨੂੰ ਚਲਾਉਣ ਵਾਲੇ ਖੁਦ ਨੂੰ ਬ੍ਰਹਮੀ ਮਿਸ਼ਨ ‘ਤੇ ਦੱਸਦੇ ਹਨ, ਜਿਸ ਜ਼ਰੀਏ ਸਿਆਸੀ ਤਾਕਤ ਦੀ ਵਰਤੋਂ ਕਰਕੇ ਆਪਣੇ ਵਿਸ਼ਵਾਸ ਨੂੰ ਦੂਜਿਆਂ ਤੱਕ ਪਹੁੰਚਾ ਸਕਣ।
ਇਹ ਇਸਾਈ ਰਾਸ਼ਟਰਵਾਦ ਕੀ ਹੈ ਅਤੇ ਹੁਣ ਕਿਉਂ ਵਧ-ਫੁੱਲ ਰਿਹਾ ਹੈ?
ਸਾਂਝੀ ਮੁਕਤੀ ਸੇਵਾ ਲਈ ਇੱਕ ਵੱਡੇ ਟੈਂਟ ਵਿੱਚ ਹਜ਼ਾਰਾਂ ਭੁੱਖੇ ਲੋਕ ਰੱਬ ਦਾ ਤਜ਼ਰਬਾ ਮਾਨਣ ਅਤੇ ਆਪਣੇ ਅੰਦਰੋਂ ਬੁਰੀਆਂ ਆਤਮਾਵਾਂ ਦੇ ਛੁਟਕਾਰੇ ਲਈ ਇਕੱਠੇ ਹੋਏ ਹਨ।
ਕੁਝ ਜ਼ਮੀਨ ’ਤੇ ਡਿਗ ਗਏ ਅਤੇ ਲੇਟ ਗਏ।
ਪਾਸਟਰ ਵੱਲੋਂ ਉਨ੍ਹਾਂ ਦੇ ਸਰੀਰਾਂ ਵਿੱਚੋਂ ਬੁਰੀਆਂ ਆਤਮਾਵਾਂ ਨੂੰ ਬਾਹਰ ਨਿੱਕਲਣ ਦੇ ਹੁਕਮ ਨਾਲ ਕਈ ਚੀਖਣ ਲੱਗ ਗਏ।
ਕਈਆਂ ਨੇ ਬੱਸ ਇੱਕ ਦੂਜੇ ਦਾ ਹੱਥ ਫੜਿਆ ਜਿਵੇਂ ਉਨ੍ਹਾਂ ਨੂੰ ਰਾਹਤ ਮਹਿਸੂਸ ਹੋ ਰਹੀ ਹੋਵੇ।
ਇਸ ਤੋਂ ਬਾਅਦ ਕਰੀਬ 20 ਲੋਕਾਂ ਨੂੰ ਇੱਕ ਪਾਣੀ ਵਾਲੀ ਖੁਰਲੀ ਅੰਦਰ ਬੈਪਟਾਈਜ਼ (‘ਸ਼ੁੱਧ’) ਕੀਤਾ ਗਿਆ।
ਇਹ ਅਮਰੀਕਾ ਦੇ ਟੇਨੇਸੀ ਵਿੱਚ ਨਾਸ਼ਵਿਲੇ ਨੇੜੇ ਗਲੋਬਲ ਵਿਜ਼ਨ ਚਰਚ ਦਾ ਦ੍ਰਿਸ਼ ਹੈ।
ਇੱਥੋਂ ਦੇ ਮੁਖੀ ਪਾਸਟਰ ਗ੍ਰੇਗ ਲੌਕ ਹਨ।
ਉਹ ਕ੍ਰਿਸ਼ਮਈ ਅਤੇ ਵਿਵਾਦਤ ਸ਼ਖਸੀਅਤ ਹਨ, ਜੋ ਕਿ ਅਮਰੀਕਾ ਵਿੱਚ ਲੰਬੇ ਸਮੇਂ ਦੀ ਰਵਾਇਤ ਪੇਨਟੇਕੋਸਟਲ(ਇੱਕ ਇਸਾਈ ਮੁਹਿੰਮ) ਦੇ ਪੁਨਰ-ਜੀਵ ਹੋਣ ਨਾਲ ਖੁਦ ਨੂੰ ਜੋੜਦੇ ਹਨ।
ਅਮਰੀਕੀ ਸਿਆਸਤ ਦੇ ਪ੍ਰਭਾਵਸ਼ਾਲੀ ਵਿਸ਼ੇ
ਅਮਰੀਕੀ ਸਿਆਸਤ ਵਿੱਚ ਪਰਮਾਤਮਾ ਅਤੇ ਦੇਸ਼ ਸਭ ਤੋਂ ਪੁਰਾਣੇ ਅਤੇ ਪ੍ਰਭਾਵਸ਼ਾਲੀ ਵਿਸ਼ੇ ਰਹੇ ਹਨ।
ਇਹ ਅਮਰੀਕਾ ਦੇ ਇਤਿਹਾਸ ਵਿੱਚ ਆਉਂਦੇ-ਜਾਂਦੇ ਰਹੇ ਹਨ।
ਇਹ ਹੁਣ ਫਿਰ ਉਛਾਲ ’ਤੇ ਹੈ ਕਿਉਂਕਿ ਕੰਜ਼ਰਵੇਟਿਵ ਇਸਾਈ ਮਹਿਸੂਸ ਕਰਦੇ ਹਨ। ਜਨਸੰਖਿਆ ਅਤੇ ਸੱਭਿਆਚਾਰਕ ਬਦਲਾਵਾਂ ਹੇਠ ਉਹ ਹਾਰ ਰਹੇ ਹਨ।
ਕੋਵਿਡ ਮਹਾਂਮਾਰੀ ਦੌਰਾਨ ਸਰਕਾਰ ਦੇ ਅਸਤੁੰਸ਼ਟ ਕੰਮ ਖ਼ਿਲਾਫ਼ ਪ੍ਰਤੀਕਿਰਿਆ ਨੇ ਇਸ ਨੂੰ ਹੋਰ ਵਧਾ ਦਿੱਤਾ।
ਅਖੌਤੀ ਦੇਸ-ਭਗਤ ਪਾਸਟਰ ਕੇਨ ਪੀਟਰਜ਼ ਨੇ ਕਿਹਾ, “ਸਾਡੀ ਖਵਾਹਿਸ਼ ਹੈ ਕਿ ਜੂਡੀਓ (ਯਹੂਦੀਆਂ ਤੇ ਈਸਾਈਆਂ ਦੀ ਇਤਿਹਾਸਕਾਰ ਸਾਂਝ) ਇਸਾਈ ਸਿਧਾਂਤਾਂ ਨਾਲ ਜੂਡੀਓ ਈਸਾਈ ਰਾਸ਼ਟਰ ਵਿੱਚ ਰਹੀਏ।”
ਕੇਨ ਪੀਟਰਜ਼ ਪ੍ਰਚਾਰ ਕਰਦੇ ਹਨ ਕਿ ਰੱਬ ਸਰਕਾਰ ਨਾਲ ਸਬੰਧਤ ਹੈ।
ਪਬਲਿਕ ਰਿਲੀਜਨ ਰਿਸਰਚ ਇੰਸਟਿਚਿਊਟ(PRRI) ਦੇ ਪ੍ਰਧਾਨ ਰੌਬਰਟ ਜੋਨਸ ਨੇ ਕਿਹਾ, “ਪਰ ਬਦਲਦੀਆਂ ਨੈਤਿਕ ਕੀਮਤਾਂ ਖ਼ਿਲਾਫ਼ ਲੜਾਈ ਨੂੰ ਬੁਰਾਈ ਖ਼ਿਲਾਫ਼ ਲੜਾਈ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਅਤੇ ਸਿਆਸੀ ਵਿਰੋਧੀਆਂ ਨੂੰ ਬੁਰਾਈ ਵਜੋਂ ਦੇਖਿਆ ਜਾ ਰਿਹਾ ਹੈ।”
ਸਮਝੌਤੇ ਦੀ ਕੋਈ ਸੰਭਾਵਨਾ ਨਾ ਦੇਖਦਿਆਂ, ਉਹ ਮੰਨਦੇ ਹਨ ਕਿ ਇਸ ਨਾਲ ਲੋਕਤੰਤਰ ਨੂੰ ਵੱਡਾ ਖਤਰਾ ਹੈ।

ਕੀ ਹੈ ਮਾਮਲਾ?
- ਅਮਰੀਕਾ ਵਿੱਚ ਇੱਕ ਸੱਜੇ-ਪੱਖੀ ਇਸਾਈ ਮੁਹਿੰਮ ਜੋਰ ਫੜ ਰਹੀ ਹੈ।
- ਪਿਛਲੇ ਸਾਲ ਹੋਏ ਦੰਗਿਆਂ ਨੇ ਧਾਰਮਿਕ ਅਤੇ ਸਿਆਸੀ ਤਾਕਤਾਂ ਦੇ ਰਲੇਵੇ ਤੋਂ ਪਰਦਾ ਚੁੱਕਿਆ ਸੀ।
- ਸੱਜੇ ਪੱਖੀਆਂ ਮੁਤਾਬਕ ਜੇ ਪਰਮਾਤਮਾ ਗਰਭਪਾਤ ਸਬੰਧੀ ਕਾਨੂੰਨ ਉਲਟਾ ਸਕਦਾ ਹੈ ਤਾਂ ਕੁਝ ਵੀ ਕਰ ਸਕਦਾ ਹੈ।
- ਸਰਕਾਰ ਤੋਂ ਸਮਲਿੰਗੀ ਵਿਆਹਾਂ ਉੱਤੇ ਰੋਕ ਦੀ ਮੰਗ ਕੀਤੀ ਜਾ ਰਹੀ ਹੈ।

ਅਮਰੀਕੀ ਕੈਪੀਟੋਲ ਦੰਗਿਆਂ ਵਿੱਚ ਈਸਾਈ ਝੰਡਿਆਂ ਦੀ ਸ਼ਮੂਲੀਅਤ
ਹੁਣ ਤੱਕ ਜ਼ਿਆਦਾਤਰ ਅਮਰੀਕੀਆਂ ਨੇ ‘ਮਸਕੁਲਰ’ ਯਾਨੀ ਜ਼ੋਰ ਭਰਪੂਰ ਇਸਾਈਅਤ ਦੀ ਪਹੁੰਚ ਅਤੇ ਤਾਕਤ ਨਹੀਂ ਦੇਖੀ ਸੀ।
ਪਰ ਪਿਛਲੇ ਸਾਲ ਕੈਪੀਟੋਲ ਇਮਾਰਤ ਦੀ ਘਟਨਾ ਨੇ ਇਸ ਤੋਂ ਪਰਦਾ ਚੁੱਕ ਦਿੱਤਾ।
ਦੰਗਾਈਆਂ ਦੇ ਹੱਥਾਂ ਵਿੱਚ ਈਸਾਈ ਝੰਡੇ ਅਤੇ ਕਰੌਸ ਦੇ ਨਿਸ਼ਾਨ, ਉਨ੍ਹਾਂ ਦੇ ਇਕੱਠੇ ਹੋ ਕੇ ਪ੍ਰਾਰਥਨਾ ਕਰਨ ਦੇ ਦ੍ਰਿਸ਼ਾਂ ਨੇ ਪਰਦਾ ਚੁੱਕਿਆ ਕਿ ਕਿਵੇਂ ਧਾਰਮਿਕ ਅਤੇ ਸਿਆਸੀ ਤਾਕਤਾਂ ਦਾ ਰਲੇਵਾਂ ਸ਼ੁਰੂ ਹੋ ਗਿਆ ਹੈ, ਇਨ੍ਹਾਂ ਦੋਹਾਂ ਤਾਕਤਾਂ ਦਾ ਯਕੀਨ ਹੈ ਕਿ 2020 ਦੀਆਂ ਚੋਣਾਂ ਡੋਨਲਡ ਟਰੰਪ ਤੋਂ ਚੁਰਾਈਆਂ ਗਈਆਂ ਹਨ।
ਉਸ ਦਿਨ ਕੈਪੀਟੋਲ ਵਿੱਚ ਕੁਝ ਪਾਸਟਰਜ਼ ਵੀ ਸੀ ਅਤੇ ਕੁਝ ਇਸੇ ਸੰਦੇਸ਼ ਦਾ ਪ੍ਰਚਾਰ ਵੀ ਕਰ ਰਹੇ ਸੀ।
ਕੇਨ ਪੀਟਰਜ਼ ਵੀ ਉਨ੍ਹਾਂ ਵਿੱਚੋਂ ਇੱਕ ਹੈ। ਉਸ ਨੇ ਹਿੰਸਾ ਦੀ ਨਿੰਦਾ ਕੀਤੀ ਪਰ ਦੇਸ਼ਭਗਤੀ ਵਾਲਾ ਦੱਸ ਕੇ ਮਿਸ਼ਨ ਦਾ ਬਚਾਅ ਕਰਦਾ ਹੈ।

ਉਹ ਕਹਿੰਦੇ ਹਨ ਕਿ ਪਰਮਾਤਮਾ ਕੋਲ ‘ਇਸ ਦੇਸ਼ ਲਈ ਖਾਸ ਯੋਜਨਾ’ ਹੈ।
ਜੋ ਕਿ ਟਰੰਪ ਦੇ ਚੋਣਾਂ ਹਾਰਨ ਕਾਰਨ ਖਤਰੇ ਵਿੱਚ ਆਈ ਹੈ।
ਟੇਨੇਸੀ ਦੇ ਨੌਕਸਵਿਲੇ ਵਿੱਚ ਪੀਟਰਜ਼ ਦੀ ਚਰਚ ਦੀ ਇਮਾਰਤ ਦੇ ਸਾਹਮਣੇ ਵਾਲੇ ਵਿਹੜੇ ਵਿੱਚ ਕਰੌਸ ਦਾ ਨਿਸ਼ਾਨ ਹੈ ਅਤੇ ਛੱਤ ’ਤੇ ਯੂਐਸ-ਸਟਾਈਲ ਝੰਡਾ ਪੇਂਟ ਕੀਤਾ ਗਿਆ ਹੈ।
ਇਹ ਅਜਿਹੇ ਗੈਰ-ਸੰਪਰਦਾਇਕ ਇੱਕ ਚਰਚ ਵਿੱਚ ਜਾਣ ਵਾਲਾ ਸਮੂਹ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਪਰਮਾਤਮਾ ਖਾਤਰ ਦੇਸ਼ ਵਾਪਸ ਲੈਣਾ ਚਾਹੁੰਦੇ ਹਨ।
ਉਹ ਪਰਵਾਸ ਤੋਂ ਖਤਰਾ ਮਹਿਸੂਸ ਕਰਦੇ ਹਨ ਅਤੇ ਵੱਖੋ-ਵੱਖਰੇ ਲਿੰਗ ਦੇ ਲੋਕਾਂ ਅਤੇ ਉਨ੍ਹਾਂ ਦੀਆਂ ਜਿਨਸੀ ਪਸੰਦਾਂ ਨੂੰ ‘ਬਾਈਬਲ ਦੇ ਖ਼ਿਲਾਫ਼’ ਮੰਨਦਿਆਂ ਇਸ ਤੋਂ ਚਿੰਤਤ ਹਨ।
ਚਰਚ ਅਤੇ ਸਟੇਟ ਵਿਚਾਲੜੀ ਲਾਈਨ ਮਿਟਾਉਂਦਿਆਂ ਪੀਟਰਜ਼ ਪੁਲਪਿਟ ਤੋਂ ਉਮੀਦਵਾਰ ਦਾ ਸਮਰਥਨ ਕਰਦੇ ਹਨ।
ਜੇ ਪਰਮਾਤਮਾ ਰੋ ਬਨਾਮ ਵੇਡ(ਅਮਰੀਕਾ ਵਿੱਚ ਗਰਭਪਾਤ ਸਬੰਧੀ ਕਾਨੂੰਨ) ਨੂੰ ਉਲਟਾ ਸਕਦਾ ਹੈ, ਤਾਂ ਉਹ ਕੁਝ ਵੀ ਕਰ ਸਕਦਾ ਹੈ।
ਉਸ ਨੇ ਹਾਲ ਹੀ ਵਿੱਚ ਆਪਣੇ ਭਾਸ਼ਣ ਵਿੱਚ ਸਮਰਥਕਾਂ ਦੀ ਮੰਡਲੀ ਨੂੰ ਉਦੋਂ ਕਿਹਾ ਜਦੋਂ ਉਹ ਰੱਬ ਦਾ ਕੀਤਾ ਦੱਸਦਿਆਂ ਫੈਡਰਲ ਗਰਭਪਾਤ ਹੱਕਾਂ ਦੇ ਖਾਤਮੇ ਦਾ ਜਸ਼ਨ ਮਨਾ ਰਹੇ ਸੀ।
ਉਹ ਚਾਹੁੰਦਾ ਹੈ ਕਿ ਸਰਕਾਰ ਸਮਲਿੰਗੀ ਵਿਆਹਾਂ ਉੱਤੇ ਰੋਕ ਲੱਗਾ ਦੇਵੇ ਕਿਉਂਕਿ ਬਾਈਬਲ ਮੁਤਾਬਕ ਇੱਕ ਆਦਮੀ ਤੇ ਔਰਤ ਦੇ ਵਿਆਹ ਨੂੰ ਹੀ ਮੰਨਿਆ ਗਿਆ ਹੈ।
ਉਹ ਕਹਿੰਦਾ ਹੈ, “ਇਸਾਈ ਭੜਕਣ ਜਾ ਰਹੇ ਹਨ ਕਿਉਂਕਿ ਖੱਬੇ-ਪੱਖੀ ਜਿੱਤ ਰਹੇ ਹਨ। ਮੈਂ ਦੇਸ਼ ਨੂੰ ਈਸਾਈ ਕਦਰਾਂ ਕੀਮਤਾਂ ਵਾਲਾ ਰੱਖਣ ਲਈ ਆਪਣੀ ਆਖ਼ਰੀ ਕੋਸ਼ਿਸ਼ ਕਰ ਰਿਹਾ ਹਾਂ।”


ਕਿਵੇਂ ਬਦਲਾਅ ਦੇ ਡਰ ਨੇ ਇੱਕ ਮੁਹਿੰਮ ਨੂੰ ਜਨਮ ਦਿੱਤਾ
ਜੋਨਸ ਨੇ ਕਿਹਾ ਕਿ ਸੱਭਿਆਚਾਰਕ ਕਬਜ਼ੇ ਦਾ ਡਰ ਈਸਾਈ ਰਾਸ਼ਟਰਵਾਦ ਦੀ ਬੁਨਿਆਦ ਉੱਤੇ ਪੈਦਾ ਹੋਇਆ ਹੈ। ਇਹ ਉਹ ਵਿਸ਼ਵਾਸ ਹੈ ਜਿਸ ਮੁਤਾਬਕ ਅਮਰੀਕਾ ਇੱਕ ਈਸਾਈ ਰਾਸ਼ਟਰ ਵਜੋਂ ਹੋਂਦ ਵਿੱਚ ਆਇਆ ਸੀ ਅਤੇ ਸਰਕਾਰ ਨੂੰ ਉਸੇ ਤਰ੍ਹਾਂ ਰੱਖਣਾ ਚਾਹੀਦਾ ਹੈ।
ਉਸ ਮੁਤਾਬਕ ਇੱਕ ਤਿਹਾਈ ਅਮਰੀਕੀ ਅਤੇ ਅੱਧੇ ਰਿਪਬਲਿਕਨ ਕਹਿੰਦੇ ਹਨ ਕਿ ਅਮਰੀਕਾ ਨੂੰ ਰੱਬ ਨੇ ਯੂਰਪੀ ਈਸਾਈਆਂ ਲਈ ਚੰਗੀ ਜਗ੍ਹਾ ਵਜੋਂ ਬਣਾਇਆ ਸੀ।
ਉਸ ਨੇ ਕਿਹਾ, “ਮੈਂ ਜਦੋਂ ਅਮਰੀਕਾ ਵਿੱਚ ਈਸਾਈ ਰਾਸ਼ਟਰਵਾਦ ਦੀ ਗੱਲ ਕਰਦਾ ਹਾਂ ਉਦੋਂ ‘ਵਾਈਟ’ ਈਸਾਈ ਰਾਸ਼ਟਰਵਾਦ ਦੀ ਗੱਲ ਕਰ ਰਿਹਾ ਹੁੰਦਾ ਹਾਂ।”
ਗਰਭਪਾਤ ਨੂੰ ਅਹਿਮ ਮਸਲਾ ਮੰਨਦਿਆਂ, ਈਵੈਂਜਲੀਕਲਜ਼(ਧਾਰਮਿਕ ਕਰਮਕਾਂਡ ਦੀ ਬਜਾਏ ਯੀਸੂ ਅਤੇ ਬਾਈਬਲ ’ਤੇ ਵਧੇਰੇ ਵਿਸ਼ਵਾਸ ਕਰਨ ਵਾਲੇ) ਨੇ ਲਗਾਤਾਰ ਰਿਪਬਲਿਕਨ ਪ੍ਰੈਜ਼ੀਡੈਂਟ ਚੁਨਣ ਵਿੱਚ ਮਦਦ ਕੀਤੀ ਹੈ।
ਇੱਥੋਂ ਤੱਕ ਕਿ ਨੈਤਿਕ ਕਿਰਦਾਰ ਦੀ ਚੌਤਰਫਾ ਨਿੰਦਾ ਦੇ ਬਾਵਜੂਦ 2016 ਵਿੱਚ ਟਰੰਪ ਨੂੰ ਚੁਨਣ ਵਿੱਚ ਵੀ ਭੂਮਿਕਾ ਨਿਭਾਈ।

ਹੁਣ ਇਸਾਈ ਸਿਆਸੀ ਐਕਟਿਵਿਜ਼ਮ ਵੱਖਰਾ ਹੈ ਕਿਉਂਕਿ ਦੇਸ਼ ਵਿੱਚ ਹੁਣ ਬਹੁਗਿਣਤੀ ਵਾਈਟ ਤੇ ਈਸਾਈ ਨਹੀਂ ਹਨ।
ਜੋਨਸ ਕਹਿੰਦੇ ਹਨ ਕਿ ਜਦੋਂ ਇੱਥੇ ਪਹਿਲੇ ਅਫ਼ਰੀਕਨ-ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਚੁਣੇ ਗਏ ਉਦੋਂ ਇਹ ਉਹ ਘਟ ਗਿਣਤੀ ਵੱਲ ਆ ਰਹੇ ਸੀ।
ਉਸੇ ਸਮੇਂ ਦੌਰਾਨ, ਸਮਲਿੰਗੀ ਵਿਆਹਾਂ ਪ੍ਰਤੀ ਨਜ਼ਰੀਆ ਤੇਜ਼ੀ ਨਾਲ ਬਦਲਿਆ।
ਸਾਲ 2008 ਵਿੱਚ ਬਹੁਗਿਣਤੀ ਇਸ ਦੇ ਖ਼ਿਲਾਫ਼ ਸੀ ਪਰ ਅੱਜ ਉਸ ਦੇ ਹੱਕ ਵਿੱਚ ਹੈ।
ਜੋਨਸ ਕਹਿੰਦੇ ਹਨ, “ਮੈਨੂੰ ਲਗਦਾ ਹੈ ਕਿ ਵਾਈਟ ਈਸਾਈਆਂ ਨੂੰ ਇਹ ਪਤਾ ਨਾ ਹੋਣਾ ਕਿ ਉਨ੍ਹਾਂ ਨੂੰ ਜਨਸੰਖਿਆ, ਸੱਭਿਆਚਰਕ ਅਤੇ ਸਿਆਸੀ ਤੌਰ ’ਤੇ ਕੰਟਰੋਲ ਕੀਤਾ ਜਾ ਰਿਹਾ ਹੈ, ਮੌਜੂਦਾ ਸੰਦਰਭ ਵਿੱਚ ਸਾਹਮਣੇ ਆ ਰਿਹਾ ਹੈ।”
ਕਈ ਲੋਕ ਈਸਾਈ ਰਾਸ਼ਟਰਵਾਦੀ ਲੇਬਲ ਨੂੰ ਖੱਬੇ-ਪੱਖੀ ਧੱਬੇ ਵਜੋਂ ਨਕਾਰਦੇ ਹਨ।
ਪਰ ਕਈ ਸੱਜੇ ਪੱਖੀ ਸਿਆਸਤਦਾਨਾਂ ਨੇ ਧਾਰਮਿਕ ਬਿਆਨਬਾਜ਼ੀ ਨੂੰ ਅਪਣਾਇਆ ਹੈ ਜਿਵੇਂ ਕਿ ਦੋ ਕੱਟੜ ਰਿਪਬਲਿਕਨਜ਼ ਅਤੇ ਟਰੰਪ ਦੇ ਸਾਥੀ ਮੇਜਰ ਟੇਲਰ ਗਰੀਨ ਅਤੇ ਲੌਰਿਨ ਬੌਬਰਟ।
ਗਰੀਨ ਕਹਿੰਦੇ ਹਨ, “ਸਾਨੂੰ ਰਾਸ਼ਟਰਵਾਦ ਦੀ ਪਾਰਟੀ ਬਣਨ ਦੀ ਲੋੜ ਹੈ, ਸਾਨੂੰ ਈਸਾਈ ਰਾਸ਼ਟਰਵਾਦੀ ਬਣਨਾ ਚਾਹੀਦਾ ਹੈ।”
ਵੱਖਵਾਦੀ ਇਸ ਮੁਹਿੰਮ ਨੂੰ ਆਨਲਾਈਨ ਹੋਰ ਹੀ ਪੱਧਰ ‘ਤੇ ਲੈ ਗਏ।
“ਅਸੀਂ ਇਸਾਈ ਤਾਲੀਬਾਨ ਹਾਂ”, ਰੋ ਬਨਾਮ ਵੇਡ ਦੇ ਗਰਭਪਾਤ ਬਾਰੇ ਕੇਸ ਵਿੱਚ ਸੁਪਰੀਮ ਕੋਰਟ ਦੇ ਫ਼ੈਸਲੇ ਬਾਅਦ ਵਾਈਟ ਰਾਸ਼ਟਰਵਾਦੀ ਵਿਨਸੇਂਟ ਜੇਮਜ਼ ਫੌਕਸ ਨੇ ਆਪਣੀ ਵੈਬਸਾਈਟ ’ਤੇ ਲਿਖਿਆ ਸੀ।
ਜਦੋਂ ਤੱਕ ‘ਹੈਂਡਮੇਡ ਦੀ ਗਾਥਾ’ (ਅਮਰੀਕੀ ਨਾਵਲ ਜਿਸ ਵਿੱਚ ਔਰਤਾਂ ਨੂੰ ਹੱਕਾਂ ਅਤੇ ਅਜ਼ਾਦੀ ਤੋਂ ਬਾਂਝੇ ਕੀਤਾ ਦਿਖਾਇਆ ਗਿਆ)ਸਚਾਈ ਵਿੱਚ ਨਹੀਂ ਬਦਲੇਗੀ, ਅਸੀਂ ਨਹੀਂ ਰੁਕਾਂਗੇ।
ਬੁਰਾਈਆਂ ਨਾਲ ਜੰਗ
ਕੇਨ ਪੀਟਰਜ਼ ਵੱਲੋਂ ਈਸਾਈਆਂ ਨੂੰ ਹਮਲਾਵਰ ਸਿਆਸੀ ਰੁਖ ਅਖਤਿਆਰ ਕਰਨ ਦਾ ਸੱਦਾ, ਦੇਸ਼ ਭਗਤ ਚਰਚਾਂ ਦੇ ਕਈ ਥਾਂਵਾਂ ‘ਤੇ ਫੈਲਾਅ ਨਾਲ ਜੁੜਿਆ ਲਗਦਾ ਹੈ।
ਉਸ ਦਾ ਦੋਸਤ ਗ੍ਰੇਗ ਲੌਕ, ਕੋਵਿਡ ਲੌਕਡਾਊਨ ਖ਼ਿਲਾਫ਼ ਵਿਰੋਧ ਤੋਂ ਪ੍ਰੇਰਿਤ ਹੋਇਆ ਸੀ।
ਸਰਕਾਰ ਵੱਲੋਂ ਜ਼ਬਰਦਸਤੀ ਚਰਚਾਂ ਬੰਦ ਕਰਾਉਣ ਨੇ ਉਸ ਨੂੰ ਹੋਰ ਮਜ਼ਬੂਤੀ ਦੇ ਦਿੱਤੀ।
ਹੁਣ ਉਸ ਦਾ ਆਪਣਾ ਸਟੂਡੀਓ ਹੈ ਜਿੱਥੇ ਉਹ ਵਿਸ਼ਵਾਸ, ਪਰਿਵਾਰ ਅਤੇ ਸਿਆਸਤ (ਫੇਦ, ਫੈਮਿਲੀ ਆਂਡ ਪਾਲਿਟਿਕਸ) ਨਾਮੀ ਵੈਬਕਾਸਟ ਬਣਾਉਂਦਾ ਹੈ।
ਹਾਲ ਹੀ ਵਿੱਚ ਉਸ ਨੇ ਇੱਕ ਮੀਡੀਆ ਕੰਪਨੀ ਵੀ ਸ਼ੁਰੂ ਕੀਤੀ ਹੈ।
ਬਰੈਂਡ ਵਿੱਚ ਆਪਣੀ ਪਰਦੇ ‘ਤੇ ਪੇਸ਼ਕਾਰੀ ਨਾਲ ਉਹ ਵਿਵਾਦ ਖੜ੍ਹੇ ਕਰਦਾ ਹੈ।
ਹੈਲੋਵੀਨ ਦੀ ਰਾਤ, ਗ੍ਰੇਗ ਲੌਕ ਨੇ ਧੂਣੀ ਬਾਲ ਕੇ ਜਾਦੂ ਟੂਣੇ ਨਾਲ ਸਬੰਧਤ ਸਮਾਨ ਉਸ ਵਿੱਚ ਸਾੜ ਦਿੱਤਾ।
ਇਸ ਵਿੱਚ ਕੈਥੋਲਿਕ ਗੁਲਾਬ ਅਤੇ ਹੈਰੀ ਪੌਟਰ ਦੀਆਂ ਕਿਤਾਬਾਂ ਵੀ ਸ਼ਾਮਲ ਸੀ।
ਉਸ ਦੇ ਇੱਕ ਵਾਇਰਲ ਉਪਦੇਸ਼ ਵਿੱਚ ਉਸ ਨੇ ਆਪਣੇ ਸੂਮਹ ਦੇ ਮੈਂਬਰਾਂ ਨੂੰ ਕਿਹਾ ਕਿ ਉਹ ਈਸਾਈ ਨਹੀਂ ਹੋ ਸਕਦੇ ਜੇ ਡੈਮਕਰੇਟਾਂ ਨੂੰ ਵੋਟ ਪਾਉਂਦੇ ਹਨ।
ਉਸ ਨੇ ਡੈਮੋਕ੍ਰੇਟਾਂ ਨੂੰ ਪਰਮਾਤਮਾ ਨੂੰ ਨਾ ਮੰਨਣ ਵਾਲੇ ਰਾਖਸ਼ਸ ਦੱਸਿਆ।
ਜਦੋਂ ਮੈਂ ਉਸ ਨੂੰ ਵਾਰ ਵਾਰ ਕਿਹਾ ਕਿ ਦੂਜੇ ਅਮਰੀਕੀਆਂ ਨੂੰ ਬੁਰਾਈਆਂ ਦੇ ਪ੍ਰਤੀਕ ਦੱਸਣ ਨਾਲ ਹਿੰਸਾ ਭੜਕ ਸਕਦੀ ਹੈ ਤਾਂ ਉਸ ਨੇ ਕਿਹਾ ਕਿ ਉਸ ਲਈ ਉਹ ਜ਼ਿੰਮੇਵਾਰ ਨਹੀਂ ਹੋਏਗਾ।
“ਮੈਂ ਹਿੰਸਾ ਨਹੀਂ ਭੜਕਾ ਰਿਹਾ, ਮੈਂ ਬਾਈਬਲ ਦਾ ਪ੍ਰਚਾਰ ਕਰ ਰਿਹਾ ਹਾਂ।”

ਸੱਭਿਆਚਾਰ ਅਤੇ ਘਰੇਲੂ ਜੰਗਾਂ
ਪਰ ਬਾਈਬਲ ਬੈਲਟ ਦੇ ਇੱਕ ਹੋਰ ਪਾਸਟਰ ਕੇਵਿਨ ਰਿਗਜ਼ ਚਰਚ ਦੀਆਂ ਹਦਾਇਤਾਂ ਨੂੰ ਚੌਕਸੀ ਨਾਲ ਵੇਖਦੇ ਰਹੇ ਹਨ।
ਉਹ ਕੰਜ਼ਰਵੇਟਿਵ ਈਵੈਂਜਲੀਕਲਜ਼ ਵਜੋਂ ਵੱਡੇ ਹੋਏ ਹਨ ਅਤੇ ਉਨ੍ਹਾਂ ਦਾ ਸੁਫਨਾ ਸੀ ਕਿ ਵੱਡੀ ਚਰਚ ਦੇ ਪਾਸਟਰ ਬਣਨ।
ਫਿਰ ਕੌਮਾਂਤਰੀ ਅਤੇ ਸ਼ਹਿਰ ਦੇ ਵਿਦਿਆਰਥੀਆਂ ਨਾਲ ਸੰਪਰਕ ਬਾਅਦ ਉਸ ਨੂੰ ਬਾਈਬਲ ਵਿੱਚ ਸਮਾਜਿਕ ਨਿਆਂ ਬਾਰੇ ਪਰਮਾਤਮਾ ਦਾ ਫਿਕਰ ਸਪਸ਼ਟਤਾ ਨਾਲ ਦਿਸਣ ਲੱਗਿਆ।
ਹੁਣ ਉਹ ਨੈਸ਼ਵਿਲੇ ਦੇ ਦੱਖਣ ਵਿੱਚ ਫਰੈਂਕਲਿਨ ਦੇ ਪੱਛੜੇ ਇਲਾਕੇ ਵਿੱਚ ਹੋਰ ਲੋਕਾਂ ਨਾਲ ਕੰਮ ਕਰਦੇ ਹਨ।
ਰਿਗਜ਼ ਕਹਿੰਦੇ ਹਨ ਕਿ ਉਨ੍ਹਾਂ ਦੇ ਕੁਝ ਦੋਸਤਾਂ ਨੂੰ ਸਾਬਕਾ ਰਾਸ਼ਟਰਪਤੀ ਟਰੰਪ ਜਾਂ ਧਾਰਮਿਕ ਸੱਜੇ ਪੱਖੀ ਖ਼ਿਲਾਫ਼ ਬੋਲਣ ਕਾਰਨ ਚਰਚ ਤੋਂ ਕੱਢ ਦਿੱਤਾ ਗਿਆ ਸੀ।
ਉਹ ਕਹਿੰਦੇ ਹਨ, “ਚਰਚ ਵਿੱਚ ਇਸ ਤਰ੍ਹਾਂ ਦੀ ਵੰਡ ਮੈਂ ਕਦੇ ਨਹੀਂ ਦੇਖੀ ਸੀ।”
ਉਹਨਾਂ ਕਿਹਾ, “ਈਵੈਂਜਲੀਕਲਜ਼ ਦਰਮਿਆਨ ਅਕਸਰ ਸੁਨਣ ਨੂੰ ਮਿਲਦਾ ਹੈ ਕਿ ਅਸੀਂ ਸੱਭਿਆਚਾਰ ਲੜਾਈ ਲੜ ਰਹੇ ਹਾਂ। ਮੈਨੂੰ ਲਗਦਾ ਹੈ ਕਿ ਸੱਭਿਆਚਾਰ ਸ਼ਬਦ ਨੂੰ ਬਹੁਤ ਅਸਾਨੀ ਨਾਲ ਸਿਵਲ(ਘਰੇਲੂ) ਵਿਚ ਬਦਲਿਆ ਜਾ ਸਕਦਾ ਹੈ। ਇਹ ਵਿਚਾਰਧਾਰਾ ਬਾਰੇ ਠੰਡਾ ਗ੍ਰਹਿ ਯੁੱਧ ਹੈ। ਪਰ ਇਹ ਬਹੁਤ ਜਲਦੀ ਹਿੰਸਾ ਵਿੱਚ ਵੀ ਬਦਲਿਆ ਜਾ ਸਕਦਾ ਹੈ। ਸੱਜੇ-ਪੱਖੀਆਂ ਵਿੱਚ ਹਥਿਆਰ ਚੁੱਕ ਕੇ ਆਪਣੇ ਹੱਕਾਂ ਦੀ ਰਾਖੀ ਕਰਨ ਦਾ ਰੁਝਾਨ ਹੋਏਗਾ।”

ਸਾਨੂੰ ਸ਼ੈਤਾਨ ਚਲਾ ਰਹੇ ਹਨ
ਹੁਣ ਤੱਕ ਲੜਾਈ ਸਿਆਸੀ ਰਹੀ ਹੈ।
ਜ਼ਮੀਨੀ ਪੱਧਰ ਤੋਂ ਸ਼ੁਰੂ ਹੋ ਕੇ, ਕੰਜ਼ਰਵੇਟਿਵ ਈਸਾਈ ਐਕਟਿਵਸਟਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਏ ਜਾਣ ਦੇ ਵਿਸ਼ਿਆਂ ਕਾਮੁਕਤਾ, ਜਿਨਸੀ ਪਛਾਣ ਅਤੇ ਨਸਲਵਾਦ ਦੇ ਇਤਿਹਾਸ ਬਾਰੇ ਸਕੂਲ ਬੋਰਡ ਝਗੜਿਆਂ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਵਿਦਿਆਰਥੀਆਂ ਨੂੰ ਕੀ ਪੜ੍ਹਾਇਆ ਜਾਣਾ ਚਾਹੀਦਾ ਹੈ ਅਤੇ ਕੀ ਨਹੀਂ, ਇਸ ਬਾਰੇ ਝਗੜਿਆਂ ਵਿੱਚ ਉਨ੍ਹਾਂ ਦੀ ਭੂਮਿਕਾ ਰਹੀ ਹੈ।
ਉਹ ਘੱਟ ਗਿਣਤੀ ਵਿੱਚ ਹਨ ਪਰ ਉਨ੍ਹਾਂ ਦਾ ਏਜੰਡਾ ਰਿਪਬਲਿਕਨ ਪਾਰਟੀ ਦੇ ਏਜੰਡਾ ਨਾਲ ਓਵਰਲੈਪ ਕਰਦਾ ਹੈ ਜੋ ਕਿ ਉਨ੍ਹਾਂ ਨੂੰ ਅਣ-ਅਨੁਪਾਤਕ ਸਿਆਸੀ ਪ੍ਰਭਾਵ ਦੇ ਸਕਦਾ ਹੈ।
ਇਸ ਦੀ ਪਰਖ ਉਦੋਂ ਹੋਈ ਜਦੋਂ ਪਿਛਲੀਆਂ ਮਿਡਟਰਮ ਚੋਣਾਂ ਵਿੱਚ ਸੱਜੇ ਪੱਖੀ ਈਸਾਈਆਂ ਦੀਆਂ ਚਿੰਤਾਵਾਂ ਚੋਣਾਂ ਰੱਦ ਕਰਨ ਦੇ ਵੱਡੇ ਬਿਰਤਾਂਤ, ਕੋਵਿਡ ਨੂੰ ਸਾਜ਼ਿਸ਼ ਦੱਸਣ ਦੀ ਥਿਊਰੀ ਅਤੇ ਟਰੰਪਵਾਦ ਨਾਲ ਮਿਲੀਆਂ।
ਇਹੀ ਹੈ ਜੋ ‘ਰੀ-ਅਵੇਕਨ’ ਅਮਰੀਕਾ ਟੂਰ ਨਾਮੀ ਈਵੈਂਟ ਨੂੰ ਹੋਰ ਵਧਾਵਾ ਦੇ ਰਿਹਾ ਹੈ ਜੋ ਕਿ ਹਜ਼ਾਰਾਂ ਲੋਕਾਂ ਨੂੰ ਆਕਰਸ਼ਤ ਕਰਦਾ ਹੈ।
ਗ੍ਰੇਗ ਲੌਕ ਇਸ ਦੇ ਮੁਖ ਬੁਲਾਰਿਆਂ ਵਿੱਚੋਂ ਹੈ।
ਉਹ ਟਰੰਪ ਦੇ ਕਈ ਵਫਾਦਾਰਾਂ,ਅਖੌਤੀ ਪੈਗ਼ੰਬਰਾਂ ਅਤੇ ਚਮਤਕਾਰੀ ਜੰਗਾਂ ਦੀ ਗੱਲ ਕਰਨ ਵਾਲੇ ਕਈਆਂ ਨਾਲ ਸਟੇਜ ਸਾਂਝੀ ਕਰਦੇ ਹਨ।
ਮੈਂ ਗ੍ਰੇਗ ਲੌਕ ਦੇ ਕੁਝ ਪ੍ਰਸੰਸਕਾਂ ਨੂੰ ਮਿਲੀ ਜਦੋਂ ਉਨ੍ਹਾਂ ਦਾ ਰੋਡ ਸੋਅ ਪੈਨਸਿਲਵਾਨਿਆ ਵਿਚ ਰੁਕਿਆ।
ਕ੍ਰਿਸ ਅਤੇ ਬੌਬੀ ਫੋਲੇ ਨੇ ਕਿਹਾ ਕਿ ਉਨ੍ਹਾਂ ਨੇ ਗ੍ਰੇਗ ਦੀ ਮੁਕਤੀ ਸੇਵਾਵਾਂ ਦੌਰਾਨ ਅਲੌਕਿਕ ਤਜਰਬਾ ਮਹਿਸੂਸ ਕੀਤਾ ਹੈ ਅਤੇ ਉਹ ਅਮਰੀਕੀ ਕੰਜ਼ਰਵੇਟਿਵ ਸਿਆਸਤ ਨੂੰ ਅਧਿਆਤਮਕ ਜੰਗ ਵਜੋਂ ਸਮਝਣ ਲੱਗੇ ਹਨ।
“ਉਹ ਬਾਈਬਲ ਲੈ ਗਏ। ਉਹ ਯੀਸੂ ਨੂੰ ਲੈ ਗਏ ਅਤੇ ਹੋਰ ਸਭ ਕੁਝ ਲੈ ਗਏ। ਹੁਣ ਸਾਨੂੰ ਬੁਰਾਈਆਂ ਕਾਬੂ ਕਰ ਰਹੀਆਂ ਹਨ। ਸਾਨੂੰ ਸ਼ੈਤਾਨ ਚਲਾ ਰਹੇ ਹਨ ਕਿਉਂਕਿ ਇਹ ਇੱਕ ਅਧਿਆਤਮਕ ਜੰਗ ਹੈ।”
ਪਰ ਜਿਸ ਸਿਆਸੀ ਬਦਲਾਅ ਦੀ ਉਹ ਅਰਦਾਸ ਕਰਦੇ ਹਨ, ਉਸ ਦਾ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਈਸਾਈ ਸੱਜੇ ਪੱਖੀਆਂ ਦੇ ਸਮਰਥਨ ਵਾਲੇ ਕਈ ਉਮੀਦਵਾਰ ਮਿਡਟਰਮ ਚੋਣਾਂ ਵਿੱਚ ਹਾਰ ਗਏ। ਵੋਟਰਾਂ ਨੇ ਸਾਲ 2020 ਚੋਣਾਂ ਵਿੱਚ ਟੰਰਪ ਦੀ ਹਾਰ ਨੂੰ ਨਕਾਰਨ ਵਾਲੇ ਦਾਅਵੇ ਨੂੰ ਸਵੀਕਾਰ ਨਹੀਂ ਕੀਤਾ।
ਕੀ ਡੀਸੈਂਟਿਸ ਮਸ਼ਾਲ ਚੁੱਕਣ ਵਾਲੇ ਬਣਨਗੇ ?
ਇੱਕ ਸ਼ਖ਼ਸ ਜੋ ਈਸਾਈ ਰਾਸ਼ਟਰਵਾਦੀ ਸੁਨੇਹੇ ਨੂੰ ਵਿਆਪਕ ਅਪੀਲ ਵਿੱਚ ਬਦਲ ਸਕਦਾ ਹੈ ਉਹ ਹੈ ਫਲੋਰੀਡਾ ਦਾ ਸੱਜੇ ਪੱਖੀ ਗਵਰਨਰ ਰੌਨ ਡੀਸੈਂਟਿਸ।
ਜਾਪ ਰਿਹਾ ਹੈ ਕਿ ਡੀਸੈਂਟਿਸ ਰਾਸ਼ਟਰਪਤੀ ਚੋਣ ਵਿੱਚ ਇਸ ਤਰੀਕੇ ਨੂੰ ਅਪਣਾਉਣਗੇ।
ਉਨ੍ਹਾਂ ਦੇ ਸਿਆਸੀ ਭਾਸ਼ਣਾਂ ਵਿੱਚ ਬਾਈਬਲ ਦੀਆਂ ਤੁਕਾਂ ਸ਼ਾਮਲ ਹੁੰਦੀਆਂ ਹਨ ਅਤੇ ਟਰੰਪ ਨੂੰ ਧਮਾਕੇਦਾਰ ਦਿਖਾਉਂਦਿਆਂ ਇੱਕ ਵੀਡੀਓ ਜਾਰੀ ਕੀਤੀ ਕਿ ਕਿਵੇਂ ‘ਰੱਬ ਨੇ ਇੱਕ ਯੋਧਾ ਤਿਆਰ ਕੀਤਾ’।
ਫਲੋਰਿਡਾ ਵਿੱਚ ਉਸ ਦਾ ਸੱਭਿਆਚਾਰਕ ਜੰਗ ਦਾ ਰਿਕਾਰਡ ਰਿਹਾ ਹੈ।
ਜੇ ਉਹ ਰਾਸ਼ਟਰਪਤੀ ਚੋਣ ਲੜਣ ਬਾਰੇ ਸੋਚਦੇ ਹਨ ਤਾਂ ਇਸੇ ਤਰ੍ਹਾਂ ਦੀ ਸਿਆਸਤ ਕੌਮੀ ਪੱਧਰ ‘ਤੇ ਜਾਰੀ ਰੱਖ ਸਕਦੇ ਹਨ।
ਜੋਨਸ ਕਹਿੰਦੇ ਹਨ ਕਿ ਜੇ ਅਜਿਹਾ ਹੁੰਦਾ ਹੈ ਤਾਂ ਉਹ ਟਰੰਪ ਤੋਂ ਵਧੇਰੇ ਪ੍ਰਭਾਵ ਰੱਖਣਗੇ ਕਿਉਂਕਿ ਉਹ ਅਜਿਹੇ ਸਿਆਸਤਦਾਨ ਹਨ ਜੋ ਸਮਝਦੇ ਹਨ ਕਿ ਸਰਕਾਰ ਅਤੇ ਅਫਸਰਸ਼ਾਹੀ ਕਿਵੇਂ ਕੰਮ ਕਰਦੀ ਹੈ।
ਈਸਾਈ ਰਾਸ਼ਟਰਵਾਦੀ ਦੇਸ਼ ਦੀ ਦਿਸ਼ਾ ਤੋਂ ਵੱਖਰੇ ਕਦਮ ਰੱਖਦੇ ਹਨ ਅਤੇ ਬਦਲਦੀਆਂ ਕਦਰਾਂ ਕੀਮਤਾਂ ਖ਼ਿਲਾਫ਼ ਸਿਆਸਤ ਲਿਜਾਣ ਲਈ ਦ੍ਰਿੜ੍ਹ ਹਨ।
ਪਰ ਇਹ ਸਮਾਂ ਉਨ੍ਹਾਂ ਲਈ ਅਨਿਸ਼ਚਿਤਾਵਾਂ ਵਾਲਾ ਹੈ, ਉਸੇ ਤਰ੍ਹਾਂ ਜਿਵੇਂ ਰਿਪਬਲਿਕਨਜ਼ ਲਈ ਹੈ।
ਮਿਡਟਰਮ ਵਿੱਚ ਪਾਰਟੀ ਨੂੰ ਮਿਲੀ ਨਿਰਾਸ਼ਾ ਦੇ ਮੱਦੇਨਜ਼ਰ, ਟਰੰਪ ਦਾ ਸਮਰਥਨ ਕਰਨ ਵਾਲੇ ਕੁਝ ਈਵੈਂਜਲੀਕਲਜ਼ ਨੇਤਾਵਾਂ ਨੇ ਟਰੰਪ ਤੋਂ ਦੂਰੀ ਬਣਾਉਣਾ ਸ਼ੁਰੂ ਕਰ ਦਿੱਤਾ ਹੈ।
ਕਾਫ਼ੀ ਕੁਝ ਟਰੰਪ ਵੱਲੋਂ ਜਾਰੀ ਰਾਸ਼ਟਰਪਤੀ ਬਿਡ ‘ਤੇ ਨਿਰਭਰ ਕਰੇਗਾ।
ਕੌਮੀ ਪੱਧਰ ‘ਤੇ ਈਸਾਈ ਸੱਜੇ ਪੱਖ ਚੈਂਪੀਅਨ ਬਣੇ ਜਾਂ ਨਾਂ, ਪਰ ਇਹ ਏਕਤਾ ਵਿੱਚ ਤਰੇੜਾਂ ਪਾਉਣ ਵਾਲੀ ਤਾਕਤ ਜ਼ਰੂਰ ਬਣੇਗੀ।
“ਮੈਂ ਉਮੀਦ ਕਰਦਾਂ ਹਾਂ ਕਿ ਇਹ ਘਰੇਲੂ ਯੁੱਧ ਤੱਕ ਨਾ ਪਹੁੰਚੇ।”
ਕੇਨ ਪੀਟਰਜ਼ ਨੇ ਕਿਹਾ ਜਿਨ੍ਹਾਂ ਦੀ ਚਰਚ ਨੇ ਕਈ ਲਿਬਰਲ ਸੂਬਿਆਂ ਵਿੱਚੋਂ ਪਰਵਾਸੀਆਂ ਨੂੰ ਆਕਰਸ਼ਤ ਕੀਤਾ ਹੈ।
ਉਨ੍ਹਾਂ ਕਿਹਾ, “ਮੈਂ ਉਮੀਦ ਕਰਦਾ ਹਾਂ ਕਿ ਦੇਸ਼ ਵਿੱਚ ਸਾਡੇ ਆਪਣੇ ਖੇਤਰ ਹੋਣ ਅਤੇ ਅਸੀਂ ਇਕੱਠੇ ਸ਼ਾਂਤਮਈ ਢੰਗ ਨਾਲ ਰਹੀਏ।”















