ਰੂਸ-ਯੁਕਰੇਨ ਜੰਗ: ਲੜਨ ਤੋਂ ਮਨ੍ਹਾਂ ਕਰਨ ਵਾਲੇ ਫੌਜੀਆਂ ਉੱਤੇ ਰੂਸੀ ਫੌਜ ਕਿਹੋ ਜਿਹੇ ਤਸ਼ੱਦਦ ਕਰਦੀ ਹੈ

ਰੂਸ
    • ਲੇਖਕ, ਸਟੀਵ ਰੋਸੇਨਬਰਗ
    • ਰੋਲ, ਰੂਸ ਸੰਪਾਦਕ

ਜਦੋਂ ਉਸ ਦੇ ਪੁੱਤ ਨੂੰ ਲੜਨ ਲਈ ਯੁਕਰੇਨ ਭੇਜਿਆ ਗਿਆ ਸੀ, ਸਰਗੇਈ ਨੇ ਤਰਲੇ ਪਾਏ ਸੀ ਕਿ ਉਹ ਨਾ ਜਾਵੇ।

“ਇੱਥੇ ਤੁਹਾਡੇ ਰਿਸ਼ਤੇਦਾਰ ਹਨ। ਇਨਕਾਰ ਕਰ ਦਿਓ।”

ਸਰਗੇਈ ਨੇ ਸਟਾਸ ਨੂੰ ਕਹੇ ਆਪਣੇ ਸ਼ਬਦ ਯਾਦ ਕਰਦਿਆਂ ਦੱਸਿਆ।

ਸਟਾਸ ਇੱਕ ਆਰਮੀ ਅਫ਼ਸਰ ਸੀ।

ਸਰਗੇਈ ਨੇ ਦੱਸਿਆ, “ਫ਼ਿਰ ਵੀ ਉਸ ਨੇ ਕਿਹਾ ਕਿ ਉਹ ਜਾ ਰਿਹਾ ਹੈ। ਉਹ ਮੰਨਦਾ ਸੀ ਕਿ ਇਹੀ ਸਹੀ ਹੈ। ਮੈਂ ਉਸ ਨੂੰ ਕਿਹਾ ਕਿ ਉਹ ਇੱਕ ਕਠਪੁਤਲੀ ਹੈ ਅਤੇ ਬਦਕਿਸਮਤੀ ਨਾਲ, ਜ਼ਿੰਦਗੀ ਇਹ ਸਾਬਿਤ ਕਰੇਗੀ।”

ਸਰਗੇਈ ਅਤੇ ਸਟਾਸ, ਇਨ੍ਹਾਂ ਪਿਓ-ਪੁੱਤਾਂ ਦੇ ਅਸਲੀ ਨਾਮ ਨਹੀਂ ਹਨ।

ਅਸੀਂ ਉਨ੍ਹਾਂ ਦੀ ਸੁਰੱਖਿਆ ਖਾਤਰ ਇਸ ਰਿਪੋਰਟ ਵਿਚ ਨਾਮ ਬਦਲੇ ਹਨ।

ਸਰਗੇਈ ਨੇ ਆਪਣੀ ਕਹਾਣੀ ਦੱਸਣ ਲਈ ਸਾਨੂੰ ਆਪਣੇ ਘਰ ਸੱਦਿਆ।

“ਤਾਂ ਉਹ ਯੁਕਰੇਨ ਚਲਾ ਗਿਆ। ਫਿਰ ਮੈਨੂੰ ਉਸ ਦੇ ਮੈਸੇਜ ਆਉਣੇ ਸ਼ੁਰੂ ਹੋ ਗਏ ਕਿ ਜੇ ਉਹ ਜੰਗ ਲੜਣੋਂ ਇਨਕਾਰ ਕਰਦਾ ਹੈ ਤਾਂ ਕੀ ਹੋਏਗਾ।”

ਸਟਾਸ ਨੇ ਆਪਣੇ ਪਿਤਾ ਕੋਲ ਇੱਕ ਲੜਾਈ ਦਾ ਜ਼ਿਕਰ ਕੀਤਾ।

“ਉਸ ਨੇ ਕਿਹਾ ਕਿ ਰੂਸੀ ਫ਼ੌਜੀਆਂ ਨੂੰ ਕੋਈ ਕਵਰ (ਸੁਰੱਖਿਆ) ਨਹੀਂ ਦਿੱਤਾ ਗਿਆ ਸੀ। ਕੋਈ ਇੰਟੈਲੀਜੈਂਸ ਰਿਪੋਰਟਾਂ ਨਹੀਂ ਸੀ, ਕੋਈ ਤਿਆਰੀ ਨਹੀਂ ਸੀ। ਉਨ੍ਹਾਂ ਨੂੰ ਅੱਗੇ ਵਧਣ ਦੇ ਹੁਕਮ ਦਿੱਤੇ ਗਏ ਸਨ ਪਰ ਅੱਗੇ ਕੀ ਹੈ ਇਸ ਬਾਰੇ ਕੁਝ ਪਤਾ ਨਹੀਂ ਸੀ।”

“ਪਰ ਜੰਗ ਲੜਨ ਤੋਂ ਇਨਕਾਰ ਕਰਨਾ ਉਸ ਲਈ ਇੱਕ ਔਖਾ ਫ਼ੈਸਲਾ ਸੀ। ਮੈਂ ਉਸ ਨੂੰ ਕਿਹਾ, ਬਿਹਤਰ ਹੈ ਫ਼ੈਸਲਾ ਲੈ ਲਵੋ, ਇਹ ਸਾਡੀ ਜੰਗ ਨਹੀਂ ਹੈ। ਇਹ ਅਜ਼ਾਦੀ ਦੀ ਜੰਗ ਨਹੀਂ ਹੈ। ਉਸ ਨੇ ਕਿਹਾ ਕਿ ਉਹ ਜੰਗ ਨਾ ਲੜਨ ਦਾ ਫ਼ੈਸਲਾ ਲਿਖਤੀ ਵਿੱਚ ਦੇਵੇਗਾ। ਉਹ ਅਤੇ ਕੁਝ ਹੋਰ ਜਿਨ੍ਹਾਂ ਨੇ ਜੰਗ ਲੜਨ ਤੋਂ ਇਨਕਾਰ ਕੀਤਾ ਸੀ, ਉਨ੍ਹਾਂ ਦੀਆਂ ਬੰਦੂਕਾਂ ਲੈ ਲਈਆਂ ਗਈਆਂ ਸੀ ਅਤੇ ਹਥਿਆਰਬੰਦ ਜਵਾਨਾਂ ਅਧੀਨ ਭੇਜ ਦਿੱਤੇ ਗਏ।”

ਰੂਸ

ਕੀ ਰੂਸੀ ਫੌਜ ਨਿਰਾਸ਼ ਹੈ ?

  • ਕਈ ਰੂਸੀ ਯੂਕਰੇਨ ਲੜਾਈ ’ਤੇ ਜਾਣ ਤੋਂ ਕਰ ਰਹੇ ਨੇ ਇਨਕਾਰ
  • ਇਨਕਾਰ ਕਰਨ ਉਪਰ ਸਰਕਾਰ ਦੀ ਨਰਾਜ਼ਗੀ ਦਾ ਕਰ ਰਹੇ ਨੇ ਸਾਹਮਣਾ।
  • ਬਿਨਾਂ ਟਰੇਨਿੰਗ ਤੋਂ ਹਜ਼ਾਰਾਂ ਰੂਸੀ ਨਾਗਰਿਕਾਂ ਨੂੰ ਹਥਿਆਰਬੰਦ ਫ਼ੌਜੀ ਬਣਾਇਆ ਗਿਆ।
  • ਰੂਸੀ ਅਧਿਕਾਰੀਆਂ ਨੇ ਫ਼ੌਜੀਆਂ ਦੇ ਨਿਰਾਸ਼ ਹੋਣ ਅਤੇ ਹਿਰਾਸਤ ਕੇਂਦਰਾਂ ਦੀਆਂ ਖਬਰਾਂ ਨੂੰ ਝੂਠਾ ਦੱਸਿਆ।
ਰੂਸ

ਪੁੱਤਰ ਨੂੰ ਛੁਡਾਉਣ ਲਈ ਯਤਨ

ਸਰਗੇਈ ਨੇ ਆਪਣੇ ਬੇਟੇ ਨੂੰ ਛੁਡਾਉਣ ਲਈ ਫਰੰਟ ਲਾਈਨ ’ਤੇ ਕਈ ਗੇੜੇ ਮਾਰੇ।

ਉਨ੍ਹਾਂ ਨੇ ਮਿਲਟਰੀ ਅਫਸਰਾਂ, ਵਕੀਲਾਂ ਅਤੇ ਜਾਂਚ ਕਰਤਾਵਾਂ ਅੱਗੇ ਮਦਦ ਅਪੀਲਾਂ ਦੇ ਢੇਰ ਲਗਾ ਦਿੱਤੇ।

ਆਖਿਰ ਉਨ੍ਹਾਂ ਦੀਆਂ ਕੋਸ਼ਿਆਂ ਰੰਗ ਲਿਆਈਆਂ। ਸਟਾਸ ਨੂੰ ਵਾਪਸ ਰੂਸ ਭੇਜ ਦਿੱਤਾ ਗਿਆ।

ਉਸ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਹਿਰਾਸਤ ਦੌਰਾਨ ਉਸ ਨਾਲ ਕੀ ਕੁਝ ਵਾਪਰਿਆ ਅਤੇ ਕਿਵੇਂ ਰੂਸੀ ਫ਼ੌਜੀਆਂ ਦੇ ਇੱਕ ਗਰੁੱਪ ਨੇ ਉਸ ਤੋਂ ਜ਼ਬਰਦਸਤੀ ਲੜਨ ਲਈ ਹਾਂ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ।

“ਉਸ ਨੂੰ ਕੁੱਟਿਆ ਗਿਆ ਅਤੇ ਉਸ ਨੂੰ ਇੰਝ ਬਾਹਰ ਲਿਜਾਇਆ ਗਿਆ ਜਿਵੇਂ ਗੋਲੀ ਮਾਰਨ ਲਿਜਾ ਰਹੇ ਹੋਣ। ਉਸ ਨੂੰ ਜ਼ਮੀਨ ’ਤੇ ਲਿਟਾ ਕੇ ਦਸ ਤੱਕ ਗਿਣਤੀ ਗਿਣਨ ਨੂੰ ਕਿਹਾ ਗਿਆ। ਉਸ ਨੇ ਮਨ੍ਹਾ ਕਰ ਦਿੱਤਾ। ਫਿਰ ਉਸ ਨੂੰ ਪਿਸਤੌਲ ਨਾਲ ਸਿਰ ’ਤੇ ਸੱਟਾਂ ਮਾਰੀਆਂ ਗਈਆਂ। ਉਸ ਨੇ ਮੈਨੂੰ ਦੱਸਿਆ ਕਿ ਉਸ ਦਾ ਚਿਹਰਾ ਖੂਨ ਨਾਲ ਭਰ ਗਿਆ ਸੀ।”

“ਫਿਰ ਉਹ ਉਸ ਨੂੰ ਕਮਰੇ ਵਿੱਚ ਲੈ ਗਏ ਅਤੇ ਕਿਹਾ- ਤੂੰ ਸਾਡੇ ਨਾਲ ਆਵੇਂਗਾ, ਨਹੀਂ ਤਾਂ ਅਸੀਂ ਤੈਨੂੰ ਮਾਰ ਦੇਵਾਂਗੇ। ਪਰ ਫਿਰ ਕਿਸੇ ਨੇ ਕਿਹਾ ਕਿ ਉਹ ਸਟਾਸ ਨੂੰ ਸਟੋਰ ਰੂਮ ਵਿੱਚ ਕੰਮ ਕਰਨ ਲਈ ਲੈ ਜਾਣਗੇ।”

ਰੂਸ

ਇਹ ਵੀ ਪੜ੍ਹੋ:

ਰੂਸ

ਹਜ਼ਾਰਾਂ ਰੂਸੀ ਨਾਗਰਿਕਾਂ ਨੂੰ ਹਥਿਆਰਬੰਦ ਫ਼ੌਜੀ ਬਣਾਇਆ

ਜਦੋਂ ਫ਼ਰਵਰੀ ਵਿੱਚ ਰੂਸ ਨੇ ਯੁਕਰੇਨ ਅੰਦਰ ਦਾਖਲੇ ਦਾ ਬਿਗੁਲ ਵਜਾਇਆ, ਸਟਾਸ ਇੱਕ ਸਰਵਿੰਗ ਅਫਸਰ ਸੀ।

ਰਾਸ਼ਟਰਪਤੀ ਵਲਾਦਮੀਰ ਪੁਤਿਨ ਨੇ ਵਾਅਦਾ ਕੀਤਾ ਸੀ ਕਿ ਸਿਰਫ਼ ਪੇਸ਼ੇਵਾਰ ਫ਼ੌਜੀ ਹੀ ਇਸ ‘ਖਾਸ ਮਿਲਟਰੀ ਆਪਰੇਸ਼ਨ’ ਵਿੱਚ ਹਿੱਸਾ ਲੈਣਗੇ।

ਪਰ ਸਤੰਬਰ ਤੱਕ ਸਭ ਬਦਲ ਗਿਆ ਸੀ।

ਰੂਸ

ਤਸਵੀਰ ਸਰੋਤ, THE INSIDER

ਰਾਸ਼ਟਰਪਤੀ ਨੇ ‘ਅੰਸ਼ਿਕ ਲਾਮਬੰਦੀ’ ਦਾ ਐਲਾਨ ਕੀਤਾ, ਜਿਸ ਤਹਿਤ ਹਜ਼ਾਰਾਂ ਰੂਸੀ ਨਾਗਰਿਕਾਂ ਨੂੰ ਹਥਿਆਰਬੰਦ ਫ਼ੌਜ ਬਣਾ ਦਿੱਤਾ ਗਿਆ।

ਨਵੇਂ ਲਾਮਬੰਦ ਫ਼ੌਜੀਆਂ ਵਿੱਚੋਂ ਕਈਆਂ ਨੇ ਜਲਦੀ ਸ਼ਿਕਾਇਤ ਕਰ ਦਿੱਤੀ ਸੀ ਕਿ ਉਨ੍ਹਾਂ ਨੂੰ ਬਿਨ੍ਹਾਂ ਪੁਖ਼ਤਾ ਟਰੇਨਿੰਗ ਅਤੇ ਬਿਨ੍ਹਾਂ ਲੋੜੀਂਦੇ ਸਮਾਨ ਤੋਂ ਹੀ ਜੰਗ ਵਿੱਚ ਭੇਜਿਆ ਜਾ ਰਿਹਾ ਹੈ।

ਯੁਕਰੇਨ ਤੋਂ ਕਈ ਰਿਪੋਰਟਾਂ ਆ ਰਹੀਆਂ ਸੀ ਕਿ ਲਾਮਬੰਦ ਰੂਸੀ ਫ਼ੌਜੀਆਂ ਨੂੰ ਹਿਰਾਸਤ ਵਿਚ ਲਿਆ ਜਾ ਰਿਹਾ ਹੈ।

ਕਈ ਕੇਸਾਂ ਵਿੱਚ, ਫਰੰਟਲਾਈਨ ’ਤੇ ਜਾਣ ਤੋਂ ਇਨਕਾਰ ਕਰਨ ’ਤੇ ਸ਼ੈਲਰਾਂ ਤੇ ਬੇਸਬੈਂਟਾਂ ਵਿੱਚ ਕੈਦ ਕੀਤਾ ਜਾ ਰਿਹਾ ਹੈ।

ਰਸ਼ੀਆਜ਼ ਮੂਵਮੈਂਟ ਆਫ ਕੌਨਸ਼ੀਐਂਟੀਅਸ ਔਬਡੈਕਟਰਜ਼ ਤੋਂ ਏਲੇਨਾ ਪੋਪੋਵਾ ਨੇ ਕਿਹਾ, “ਇਹ ਲੋਕਾਂ ਨੂੰ ਖੂਨ ਖ਼ਰਾਬੇ ਵਿੱਚ ਵਾਪਸ ਭੇਜਣ ਦਾ ਤਰੀਕਾ ਹੈ। ਕਮਾਂਡਰ ਦਾ ਟੀਚਾ ਫ਼ੌਜੀਆਂ ਨੂੰ ਉੱਥੇ ਰੱਖਣ ਦਾ ਹੁੰਦਾ ਹੈ। ਕਮਾਂਡਰ ਸਿਰਫ਼ ਹਿੰਸਾ ਅਤੇ ਧਮਕਾਉਣਾ ਜਾਣਦੇ ਹੈ। ਪਰ ਤੁਸੀਂ ਲੋਕਾਂ ਨੂੰ ਲੜਨ ਲਈ ਮਜਬੂਰ ਨਹੀਂ ਕਰ ਸਕਦੇ।”

ਇਨਕਾਰ ਦੀ ਇੱਕ ਹੋਰ ਵਿਆਖਿਆ

ਕਈ ਰੂਸੀਆਂ ਲਈ, ਫ਼ਰੰਟ ਲਾਈਨ ’ਤੇ ਜਾਣੋਂ ਇਨਕਾਰ ਕਰਨਾ ਇੱਕ ਨੈਤਿਕ ਪੱਖ ਹੋ ਸਕਦਾ ਹੈ। ਪਰ ਇਸ ਦੀ ਹੋਰ ਵੀ ਵਿਆਖਿਆ ਹੈ।

ਏਲੇਨਾ ਪੋਪੋਵਾ ਨੇ ਕਿਹਾ, “ਜੋ ਲੜਨ ਤੋਂ ਇਨਕਾਰ ਕਰ ਰਹੇ ਹਨ ਉਨ੍ਹਾਂ ਨੇ ਫਰੰਟ ਲਾਈਨ ’ਤੇ ਆਪਣੇ ਹਿੱਸੇ ਤੋਂ ਵੱਧ ਕੀਤਾ ਹੈ। ਦੂਜਾ ਕਾਰਨ ਉਨ੍ਹਾਂ ਨਾਲ ਹੋਣ ਵਾਲਾ ਬੁਰਾ ਵਤੀਰਾ ਹੈ। ਉਨ੍ਹਾਂ ਨੇ ਠੰਡ ਵਿੱਚ ਭੁੱਖੇ ਰਹਿੰਦਿਆਂ ਖਾਈਆਂ ਵਿੱਚ ਸਮਾਂ ਬਿਤਾਇਆ ਹੈ, ਪਰ ਜਦੋਂ ਉਹ ਵਾਪਸ ਆਏ ਤਾਂ ਉਨ੍ਹਾਂ ’ਤੇ ਚੀਖਿਆ ਗਿਆ ਅਤੇ ਕਮਾਂਡਰਾਂ ਨੇ ਗਾਲ੍ਹਾਂ ਕੱਢੀਆਂ।”

ਰੂਸੀ ਅਧਿਕਾਰੀਆਂ ਨੇ ਫ਼ੌਜੀਆਂ ਦੇ ਨਿਰਾਸ਼ ਹੋਣ ਅਤੇ ਹਿਰਾਸਤ ਕੇਂਦਰਾਂ ਦੀਆਂ ਖਬਰਾਂ ਨੂੰ ਝੂਠਾ ਠਹਿਰਾਇਆ ਹੈ।

 “ਸਾਡੇ ਕੋਲ ਕੋਈ ਕੈਂਪ ਜਾਂ ਰੂਸੀ ਫ਼ੌਜੀਆਂ ਲਈ ਕੈਦ ਖ਼ਾਨੇ ਨਹੀਂ ਹਨ। ਇਹ ਸਭ ਬਕਵਾਸ ਹੈ ਅਤੇ ਝੂਠੇ ਦਾਅਵੇ ਹਨ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ।” ਰਾਸ਼ਟਰਪਤੀ ਪੁਤਿਨ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਦਾਅਵਾ ਕੀਤਾ ਸੀ।

ਕਰੈਮਲਿਨ ਲੀਡਰ ਨੇ ਕਿਹਾ, “ਲੜਾਈ ਛੱਡ ਕੇ ਜਾਣ ਵਾਲੇ ਫ਼ੌਜੀਆਂ ਤੋਂ ਸਾਨੂੰ ਕੋਈ ਸਮੱਸਿਆ ਨਹੀਂ। ਬੰਬ ਅਤੇ ਸੈੱਲ ਡਿਗਣ ਦੇ ਹਾਲਾਤ ਵਿੱਚ ਆਮ ਲੋਕ ਪ੍ਰਤਿਕਰਮ ਦਿੰਦੇ ਹੀ ਹਨ। ਪਰ ਕੁਝ ਸਮੇਂ ਬਾਅਦ, ਸਾਡੇ ਆਦਮੀ ਬਹੁਤ ਵਧੀਆ ਲੜੇ।”

ਰੂਸੀ ਲੈਫਟੀਨੈਂਟ ਅੰਡਰੇਈ ਨੇ ਲੜਣਾ ਬੰਦ ਕਰ ਦਿੱਤਾ। ਜੁਲਾਈ ਮਹੀਨੇ ਯੁਕਰੇਨ ਵਿੱਚ ਤੈਨਾਤ, ਅੰਡਰੇਈ ਨੂੰ ਹੁਕਮ ਮੰਨਣੋਂ ਇਨਕਾਰ ਕਰਨ ’ਤੇ ਕੈਦ ਵਿੱਚ ਰੱਖਿਆ ਗਿਆ। ਉਸ ਨੇ ਕਿਸੇ ਤਰ੍ਹਾਂ ਆਪਣੀ ਮਾਂ ਓਕਸੇਨ ਨਾਲ ਰਾਬਤਾ ਬਣਾਇਆ ਇਹ ਦੱਸਣ ਲਈ ਕਿ ਕੀ ਹੋ ਰਿਹਾ ਹੈ। ਇੱਥੇ ਵੀ ਅਸੀਂ ਮਾਂ-ਪੁੱਤ ਦਾ ਨਾਮ ਬਦਲਿਆ ਹੈ।

“ਉਸ ਨੇ ਮੈਨੂੰ ਦੱਸਿਆ ਕਿ ਆਪਣੇ ਆਦਮੀਆਂ ਨੂੰ ਨਿਸ਼ਚਿਤ ਮੌਤ ਵੱਲ ਲਿਜਾਣ ਤੋਂ ਉਸ ਨੇ ਇਨਕਾਰ ਕਰ ਦਿੱਤਾ ਹੈ। ਇੱਕ ਅਫ਼ਸਰ ਹੋਣ ਕਰਕੇ ਉਹ ਜਾਣਦਾ ਸੀ ਕਿ ਅੱਗੇ ਵਧੇ, ਤਾਂ ਜਿਉਂਦੇ ਨਹੀਂ ਬਚਣਗੇ। ਇਸ ਲਈ ਉਨ੍ਹਾਂ ਨੇ ਮੇਰੇ ਪੁੱਤ ਨੂੰ ਨਜ਼ਰਬੰਦੀ ਵਿੱਚ ਭੇਜ ਦਿੱਤਾ। ਫਿਰ ਮੈਨੂੰ ਮੈਸੇਜ ਮਿਲਿਆ ਕਿ ਉਹ ਅਤੇ ਚਾਰ ਹੋਰ ਅਫਸਰਾਂ ਨੂੰ ਬੇਸਮੈਂਟ ਵਿੱਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੂੰ ਪੰਜ ਮਹੀਨੇ ਤੋਂ ਦੇਖਿਆ ਨਹੀਂ ਗਿਆ।”

“ਬਾਅਦ ਵਿੱਚ ਮੈਨੂੰ ਦੱਸਿਆ ਗਿਆ ਕਿ ਉਸ ਇਮਾਰਤ ਵਿੱਚ ਬੰਬ ਸੁੱਟੇ ਗਏ ਸੀ ਅਤੇ ਪੰਜੋ ਆਦਮੀ ਲਾਪਤਾ ਹਨ। ਉਨ੍ਹਾਂ ਕਿਹਾ ਕਿ ਕੋਈ ਅਵਸ਼ੇਸ਼ ਨਹੀਂ ਮਿਲੇ ਹਨ। ਉਨ੍ਹਾਂ ਨੂੰ ਲਾਪਤਾ ਦੱਸਿਆ ਜਾ ਰਿਹਾ ਹੈ। ਇਸ ਦਾ ਕਈ ਮਤਲਬ ਨਹੀਂ ਬਣਦਾ। ਬਹੁਤ ਅਜੀਬ ਹੈ। ਜਿਸ ਤਰ੍ਹਾਂ ਮੇਰੇ ਪੁੱਤ ਨਾਲ ਵਤੀਰਾ ਹੋਇਆ ਉਹ ਸਿਰਫ਼ ਗੈਰ-ਕਾਨੂੰਨੀ ਹੀ ਨਹੀਂ, ਗੈਰ-ਮਨੱਖੀ ਵੀ ਹੈ।”

ਉਧਰ ਆਪਣੇ ਲਿਵਿੰਗ ਰੂਮ ਵਿੱਚ ਬੈਠਾ ਸਰਗੇਈ ਮੈਨੂੰ ਦੱਸ ਰਿਹਾ ਹੈ ਕਿ ਯੁਕਰੇਨ ਵਿੱਚ ਜੋ ਸਟਾਸ ਨਾਲ ਹੋਇਆ, ਉਸ ਤੋਂ ਬਾਅਦ ਪਿਓ-ਪੁੱਤ ਵਿੱਚ ਨੇੜਤਾ ਹੋ ਗਈ ਹੈ।

ਸਰਗੇਈ ਨੇ ਦੱਸਿਆ, “ਹੁਣ ਸਾਡੇ ਵਿੱਚੋਂ ਗ਼ਲਤ-ਫ਼ਹਿਮੀਆਂ ਜਾ ਚੁੱਕੀਆਂ ਹਨ। ਉਸ ਦੀ ਬਹਾਦਰੀ ਚਲੀ ਗਈ। ਮੇਰੇ ਪੁੱਤ ਨੇ ਮੈਨੂੰ ਕਿਹਾ ਕਿ ਉਸ ਨੇ ਕਦੇ ਨਹੀਂ ਸੋਚਿਆ ਸੀ ਕਿ ਉਸ ਦਾ ਦੇਸ਼ ਉਸ ਨਾਲ ਇਹ ਵਤੀਰਾ ਕਰੇਗਾ। ਉਹ ਪੂਰੀ ਤਰ੍ਹਾਂ ਬਦਲ ਗਿਆ ਹੈ। ਹੁਣ ਉਸ ਨੂੰ ਸਮਝ ਆ ਗਈ ਹੈ।”

“ਇੱਥੇ ਲੋਕ ਨਹੀਂ ਸਮਝ ਰਹੇ ਕਿ ਅਸੀਂ ਕਿੰਨੇ ਵੱਡੇ ਖਤਰੇ ਵਿੱਚ ਹਾਂ। ਵਿਰੋਧੀ ਵਾਲੇ ਪਾਸਿਓਂ ਨਹੀਂ, ਬਲਕਿ ਆਪਣੇ ਪਾਸਿਓਂ।”

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)