ਚੀਨ ਦੇ ਰਾਸ਼ਟਰਪਤੀ ਖਿਲਾਫ਼ ਹੁਣ ਤੱਕ ਦਾ ਸਭ ਤੋਂ ਵੱਡਾ ਮੁਜ਼ਾਹਰਾ ਕਿਉਂ ਹੋ ਰਿਹਾ ਹੈ, ਤਾਜ਼ਾ ਹਾਲਾਤ ਕੀ ਹਨ

ਚੀਨ ਵਿੱਚ ਹੋ ਰਹੇ ਪ੍ਰਦਰਸ਼ਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਇਸ ਪ੍ਰਦਰਸ਼ਨ ਦੌਰਾਨ ਲੋਕ ਸਫੇਦ ਕਾਗਜ਼ ਦਿਖਾ ਕੇ ਵਿਰੋਧ ਜ਼ਾਹਿਰ ਕਰ ਰਹੇ ਹਨ ਅਤੇ ਇਸ ਨੂੰ 'ਵ੍ਹਾਈਟ ਪੇਪਰ ਰੈਵੋਲਿਊਸ਼ਨ' ਕਿਹਾ ਜਾ ਰਿਹਾ ਹੈ

ਕੋਰੋਨਾ ਦੀ ਰੋਕਥਾਮ ਲਈ ਸਖ਼ਤ ਪਾਬੰਦੀਆਂ ਦੇ ਖ਼ਿਲਾਫ਼ ਚੀਨ ਵਿੱਚ ਹੋ ਰਹੇ ਪ੍ਰਦਰਸ਼ਨਾਂ ਵਿਚਾਲੇ ਚੀਨ ਤੇ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਪ੍ਰਦਰਸ਼ਨ ਹੋ ਰਹੇ ਹਨ।

ਚੀਨ ਦੇ ਉਰੂਮਚੀ ਵਿੱਚ ਇੱਕ ਇਮਾਰਤ ਵਿੱਚ ਅੱਗ ਲੱਗਣ ਨਾਲ 10 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਆ ਰਹੀ ਹੈ। ਹਾਲਾਂਕਿ ਸਥਾਨਕ ਪ੍ਰਸ਼ਾਸਨ ਇਸ ਖ਼ਬਰ ਨੂੰ ਖਾਰਿਜ ਕਰ ਰਿਹਾ ਹੈ।

ਪਛੱਮੀ ਸ਼ਿਂਜਿਆਂਗ ਖੇਤਰ ਵਿੱਚ ਅਗਸਤ ਮਹੀਨੇ ਤੋਂ ਹੀ ਕੋਵਿਡ ਪਾਬੰਦੀਆਂ ਲਾਗੂ ਹਨ।

ਇਸੇ ਇਲਾਕੇ ਵਿੱਚ ਇਮਾਰਤ 'ਚ ਲੱਗੀ ਅੱਗ 'ਚ 10 ਲੋਕਾਂ ਦੀ ਮੌਤ ਦੀ ਖ਼ਬਰ ਹੈ।

ਹਾਲਾਂਕਿ ਸਰਕਾਰੀ ਮੀਡੀਆ ਦਾ ਕਹਿਣਾ ਹੈ ਕਿ ਜਿਨ੍ਹਾਂ ਫਲੈਟਾਂ ਵਿੱਚ ਅੱਗ ਲੱਗੀ ਸੀ, ਉੱਥੋਂ ਲੋਕ ਬਾਹਰ ਆ ਸਕਦੇ ਸਨ ਪਰ ਬਹੁਤ ਲੋਕਾਂ ਦਾ ਮੰਨਣਾ ਹੈ ਕਿ ਕੋਵਿਡ ਪਾਬੰਦੀਆਂ ਉਨ੍ਹਾਂ ਦੀ ਮੌਤ ਲਈ ਜ਼ਿੰਮੇਵਾਰ ਹਨ।

ਪਰ ਲੋਕਾਂ ਵਿੱਚ ਜ਼ੀਰੋ ਕੋਵਿਡ ਨੀਤੀ ਦੇ ਖ਼ਿਲਾਫ਼ ਇਹ ਗੁੱਸਾ ਇਸ ਘਟਨਾ ਤੋਂ ਵੀ ਪਹਿਲਾਂ ਦਾ ਹੈ।

ਅੱਗ ਹਾਦਸੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੰਦੇ ਲੋਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅੱਗ ਹਾਦਸੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੰਦੇ ਲੋਕ

ਲੋਕਾਂ ਦਾ ਕਹਿਣਾ ਹੈ ਕਿ ਇਸ ਨੀਤੀ ਕਾਰਨ ਲੋਕ ਮਰ ਰਹੇ ਹਨ ਅਤੇ ਬਹੁਤ ਕੁਝ ਝੱਲਣ ਨੂੰ ਮਜਬੂਰ ਹਨ।

ਇਨ੍ਹਾਂ ਮੌਤਾਂ ਤੋਂ ਬਾਅਦ ਅਤੇ ਕੋਰੋਨਾਵਾਇਰਸ ਕਾਰਨ ਲਗੀਆਂ ਪਾਬੰਦੀਆਂ ਕਾਰਨ ਲੋਕਾਂ ਵਿੱਚ ਕਾਫੀ ਗੁੱਸਾ ਹੈ ਜੋ ਸੜਕਾਂ ਉੱਤੇ ਨਜ਼ਰ ਆ ਰਿਹਾ ਹੈ।

ਲੋਕ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਖਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ।

ਹਾਲਾਂਕਿ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜ਼ਾਓ ਲਿਜੀਆਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ''ਗੁਪਤ ਇਰਾਦਿਆਂ ਵਾਲੀਆਂ ਤਾਕਤਾਂ ਹਨ ਜਿਹੜੀਆਂ ਸੋਸ਼ਲ ਮੀਡੀਆ 'ਤੇ ਅੱਗ ਦੀ ਘਟਨਾ ਨੂੰ ਕੋਵਿਡ-19 ਦੀ ਸਥਾਨਕ ਪ੍ਰਤੀਕਿਰਿਆ ਨਾਲ ਜੋੜ ਰਹੀਆਂ ਹਨ।''

ਲਾਈਨ
  • ਚੀਨ ਵਿੱਚ ਸਰਕਾਰ ਦੀ ਜ਼ੀਰੋ ਕੋਵਿਡ ਨੀਤੀ ਖ਼ਿਲਾਫ਼ ਲੋਕ ਸੜਕਾਂ 'ਤੇ ਉਤਰ ਆਏ ਹਨ ਤੇ ਮੁਜ਼ਾਹਰੇ ਕਰ ਰਹੇ ਹਨ
  • ਇਸ ਦੌਰਾਨ ਲੋਕ ਆਪਣੇ ਹੱਥਾਂ ਵਿੱਚ ਕੋਰੇ ਕਾਗਜ਼ ਚੁੱਕੀ ਦਿਖਾਈ ਦੇ ਰਹੇ ਹਨ, ਜਿਸ ਕਾਰਨ ਇਸ ਨੂੰ 'ਵ੍ਹਾਈਟ ਪੇਪਰ ਰੈਵੋਲਿਊਸ਼ਨ' ਵੀ ਕਿਹਾ ਜਾ ਰਿਹਾ ਹੈ
  • ਲੋਕ ਰਾਸ਼ਟਰਪਤੀ ਸ਼ੀ ਜਿਨਪਿੰਗ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ ਅਤੇ ਉਨ੍ਹਾਂ ਤੋਂ ਅਸਤੀਫ਼ੇ ਦੀ ਮੰਗ ਕਰ ਰਹੇ ਹਨ
  • ਸ਼ੰਘਾਈ ਵਿੱਚ ਇਸ ਪੁਲਿਸ ਨੇ ਕਈ ਮੁਜ਼ਾਹਰਾਕਾਰੀਆਂ ਨੂੰ ਹਿਰਾਸਤ ਵਿੱਚ ਵੀ ਲਿਆ
  • ਹਾਲਾਂਕਿ, ਜ਼ੀਰੋ ਕੋਵਿਡ ਨੀਤੀ ਦੇ ਬਾਵਜੂਦ ਚੀਨ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ
ਲਾਈਨ

ਕੋਵਿਡ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ

ਚੀਨ ਦੀ ਜ਼ੀਰੋ ਕੋਵਿਡ ਨੀਤੀ ਦੇ ਬਾਵਜੂਦ ਚੀਨ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ।

ਸੋਮਵਾਰ ਨੂੰ ਪ੍ਰਸ਼ਾਸਨ ਦੇ ਅਨੁਸਾਰ 40 ਹਜ਼ਾਰ ਤੋਂ ਵੱਧ ਕੋਵਿਡ ਕੇਸ ਚੀਨ ਵਿੱਚ ਦਰਜ ਹੋਏ ਹਨ।

ਐਤਵਾਰ ਨੂੰ ਕੇਸਾਂ ਦੀ ਗਿਣਤੀ 39 ਹਜ਼ਾਰ ਤੋਂ ਪਾਰ ਸੀ।

ਅਸਲ ਵਿੱਚ ਚੀਨ ਨੇ ਜ਼ੀਰੋ ਕੋਵਿਡ ਨੀਤੀ ਲਾਗੂ ਕੀਤੀ ਹੋਈ ਹੈ। ਇਸ ਨੀਤੀ ਤਹਿਤ ਕੋਰੋਨਾ ਦਾ ਕੋਈ ਵੀ ਕੇਸ ਆਉਣ ਉੱਤੇ ਵੱਡੇ ਪੱਧਰ ਉੱਤੇ ਟੈਸਟਿੰਗ ਕੀਤੀ ਜਾਂਦੀ ਹੈ, ਸਖਤ ਲੌਕਡਾਊਨ ਲਗਾਏ ਜਾਂਦੇ ਹਨ।

ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਮਦਦ ਕਰ ਰਹੇ ਪੁਲਿਸਕਰਮੀ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਮਦਦ ਕਰ ਰਹੇ ਪੁਲਿਸਕਰਮੀ

ਬੀਬੀਸੀ ਪੱਤਰਕਾਰ ਨਾਲ ਪੁਲਿਸ ਨੇ ਕੀਤਾ ਮਾੜਾ ਵਿਵਹਾਰ

ਚੀਨ ਵਿੱਚ ਕੋਵਿਡ ਪਾਬੰਦੀਆਂ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨਾਂ ਨੂੰ ਕਵਰ ਕਰਨ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਬੀਬੀਸੀ ਪੱਤਰਕਾਰ ਐਡ ਲੌਰੈਂਸ ਨੂੰ ਰਿਹਾਅ ਕਰ ਦਿੱਤਾ ਹੈ ਪਰ ਹਿਰਾਸਤ ਵਿੱਚ ਪੁਲਿਸ ਨੇ ਉਨ੍ਹਾਂ ਨਾਲ ਮਾੜਾ ਰਵੱਈਆ ਅਪਣਾਇਆ ਹੈ।

ਇਸ ਨੂੰ ਲੈ ਕੇ ਬੀਬੀਸੀ ਦੁਆਰਾ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, ''ਬੀਬੀਸੀ ਆਪਣੇ ਪੱਤਰਕਾਰ ਐਡ ਲੌਰੈਂਸ, ਜਿਨ੍ਹਾਂ ਨੂੰ ਸ਼ੰਘਾਈ ਵਿੱਚ ਹੋਰ ਰਹੇ ਪ੍ਰਦਰਸ਼ਨਾਂ ਨੂੰ ਕਵਰ ਕਰਨ ਦੌਰਾਨ ਹੱਥਕੜੀਆਂ ਪਾ ਕੇ ਗ੍ਰਿਫ਼ਤਾਰ ਕੀਤਾ ਗਿਆ, ਬਾਰੇ ਪੂਰੀ ਤਰ੍ਹਾਂ ਨਾਲ ਸੁਚੇਤ ਹੈ।''

''ਉਨ੍ਹਾਂ ਨੂੰ ਰਿਹਾਅ ਕਰਨ ਤੋਂ ਪਹਿਲਾਂ ਕਈ ਘੰਟਿਆਂ ਤੱਕ ਹਿਰਾਸਤ ਵਿੱਚ ਰੱਖਿਆ ਗਿਆ, ਜਿਸ ਦੌਰਾਨ ਪੁਲਿਸ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਲੱਤਾਂ ਮਾਰੀਆਂ।''

''ਇਹ ਸਭ ਹੋਇਆ, ਜਦਕਿ ਉਹ ਇੱਕ ਮਾਨਤਾ ਪ੍ਰਾਪਤ ਪੱਤਰਕਾਰ ਵਜੋਂ ਆਪਣਾ ਕੰਮ ਕਰ ਰਹੇ ਸਨ।''

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

End of X post

ਲਾਈਨ
ਲਾਈਨ

''ਇਹ ਬਹੁਤ ਦੁਖਦਾਈ ਹੈ ਕਿ ਸਾਡੇ ਇੱਕ ਪੱਤਰਕਾਰ 'ਤੇ ਇਸ ਤਰ੍ਹਾਂ ਨਾਲ ਹਮਲਾ ਕੀਤਾ ਗਿਆ, ਉਹ ਵੀ ਉਸ ਵੇਲੇ ਜਦੋਂ ਉਹ ਆਪਣੀ ਡਿਊਟੀ ਨਿਭਾ ਰਹੇ ਸਨ।''

''ਜਿਨ੍ਹਾਂ ਅਧਿਕਾਰੀਆਂ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਬਾਅਦ ਵਿੱਚ ਰਿਹਾਅ ਕਰ ਦਿੱਤਾ, ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਉਨ੍ਹਾਂ (ਪੱਤਰਕਾਰ) ਦੇ ਭਲੇ ਲਈ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਤਾਂ ਜੋ ਕਿਤੇ ਉਨ੍ਹਾਂ ਨੂੰ ਭੀੜ ਤੋਂ ਕੋਰੋਨਾ ਨਾ ਹੋ ਜਾਵੇ।''

''ਇਸ ਦਾਅਵੇ ਤੋਂ ਇਲਾਵਾ ਚੀਨ ਵੱਲੋਂ ਅਧਿਕਾਰਿਤ ਤੌਰ 'ਤੇ ਮਾਫ਼ੀ ਨਹੀਂ ਮੰਗੀ ਗਈ ਹੈ ਜਾਂ ਇਸ ਬਾਰੇ ਸਾਨੂੰ ਕੋਈ ਵੀ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਹੈ।''

''ਅਸੀਂ ਅਧਿਕਾਰੀਆਂ ਦੇ ਇਸ ਸਪਸ਼ਟੀਕਰਨ ਨੂੰ ਨਾਕਾਫ਼ੀ ਮੰਨਦੇ ਹਾਂ।''

ਵੀਡੀਓ ਕੈਪਸ਼ਨ, ਚੀਨ ਦੇ ਕਈ ਲੋਕ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ

ਪੁਲਿਸ ਮੁਜ਼ਾਹਰਾਕਾਰੀਆਂ ਨੂੰ ਹਿਰਾਸਤ ਵਿੱਚ ਲੈ ਰਹੀ ਹੈ

ਇਹ ਮੁਜ਼ਾਹਰੇ ਬੀਜਿੰਗ, ਸ਼ੰਘਾਈ ਵਰਗੇ ਪ੍ਰਮੁੱਖ ਸ਼ਹਿਰਾਂ ਦੇ ਨਾਲ-ਨਾਲ ਨਾਨਜਿੰਗ, ਚੇਂਗਦੂ, ਵੁਹਾਨ ਅਤੇ ਹੋਰ ਥਾਵਾਂ 'ਤੇ ਸਥਿਤ ਯੂਨੀਵਰਸਿਟੀਆਂ ਵਿੱਚ ਹੋ ਰਹੇ ਹਨ।

ਸ਼ੰਘਾਈ ਵਿੱਚ ਮੁੱਖ ਮੁਜ਼ਾਹਰੇ ਵਾਲੀ ਥਾਂ ਉੱਤੇ ਪੁਲਿਸ ਨੂੰ ਜੇ ਕੋਈ ਵਿਅਕਤੀ ਪੈਦਲਾ ਚੱਲਦਾ ਹੋਇਆ ਤੇ ਤਸਵੀਰਾਂ ਲੈਂਦਾ ਹੋਇਆ ਨਜ਼ਰ ਆਉਂਦਾ ਹੈ ਤਾਂ ਪੁਲਿਸ ਉਸ ਨੂੰ ਹਿਰਾਸਤ ਵਿੱਚ ਲੈ ਰਹੀ ਹੈ।

ਇੱਕ ਮਹਿਲਾ ਦੇ ਫ਼ੋਨ 'ਚੋਂ ਤਸਵੀਰਾਂ ਨੂੰ ਡਿਲੀਟ ਕਰਦਾ ਪੁਲਿਸਕਰਮੀ
ਤਸਵੀਰ ਕੈਪਸ਼ਨ, ਇੱਕ ਮਹਿਲਾ ਦੇ ਫ਼ੋਨ 'ਚੋਂ ਤਸਵੀਰਾਂ ਨੂੰ ਡਿਲੀਟ ਕਰਦਾ ਪੁਲਿਸਕਰਮੀ

ਸਰਕਾਰੀ ਮੀਡੀਆ ਨੇ ਧਾਰੀ ਚੁੱਪ

ਇਨ੍ਹਾਂ ਸਾਰਿਆਂ ਮੁਜ਼ਾਹਰਿਆਂ ਬਾਰੇ ਦੇਸ਼ ਦੇ ਸਰਕਾਰੀ ਮੀਡੀਆ ਨੇ ਚੁੱਪ ਧਾਰੀ ਹੋਈ ਹੈ।

ਚੀਨ ਦੀ ਅੰਗਰੇਜ਼ੀ ਅਖਬਾਰ ਗਲੋਬਲ ਟਾਈਮਜ਼ ਨੇ ਪੱਛਮੀ ਦੇਸ਼ਾਂ ਉੱਤੇ ਜ਼ੀਰੋ ਕੋਵਿਡ ਨੀਤੀ ਖ਼ਿਲਾਫ਼ ਰੋਸ ਨੂੰ ਹਵਾ ਦੇਣ ਦਾ ਇਲਜ਼ਾਮ ਲਗਾਇਆ ਹੈ।

ਚੀਨ ਤੋਂ ਬਾਹਰ ਵੀ ਹੋ ਰਹੇ ਮੁਜ਼ਾਹਰੇ

ਚੀਨ ਤੋਂ ਇਲਾਵਾ ਹੁਣ ਲੋਕਾਂ ਦਾ ਇਹ ਰੋਸ ਦੂਜੇ ਦੇਸ਼ਾਂ ਵਿੱਚ ਵੀ ਨਜ਼ਰ ਆ ਰਿਹਾ ਹੈ।

ਲੰਦਨ, ਪੈਰਿਸ, ਐਮਸਟਰਡੈਮ, ਡਬਲਿਨ, ਟੋਰਾਂਟੋ ਅਤੇ ਕੁਝ ਹੋਰ ਥਾਵਾਂ 'ਤੇ ਵੀ ਅਜਿਹੇ ਪ੍ਰਦਰਸ਼ਨ ਦੇਖਣ ਨੂੰ ਮਿਲੇ ਹਨ।

ਚੀਨ ਦੀ ਇਸ ਜ਼ੀਰੋ ਕੋਵਿਡ ਨੀਤੀ ਦੇ ਖ਼ਿਲਾਫ਼ ਆਪਣਾ ਰੋਸ ਜ਼ਾਹਿਰ ਕਰਨ ਲਈ ਲੰਦਨ ਵਿੱਚ ਲੋਕ ਚੀਨ ਦੇ ਦੂਤਘਰ ਬਾਹਰ ਇਕੱਠਾ ਹੋਏ।

ਇਸ ਦੌਰਾਨ ਕੁਝ ਲੋਕਾਂ ਨੇ ਅੱਗ ਹਾਦਸੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ।

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)