ਸ਼ੀ ਜਿਨਪਿੰਗ: ਇੱਕ ਇਨਕਲਾਬੀ ਆਗੂ ਦਾ ਪੁੱਤਰ ਕਿਵੇਂ ਚੀਨ ਦੀ ਸੱਤਾ ’ਚ ਹੋਇਆ ਇੰਨਾਂ ਮਜ਼ਬੂਤ

ਸ਼ੀ ਜਿਨਪਿੰਗ

ਤਸਵੀਰ ਸਰੋਤ, Getty Images

    • ਲੇਖਕ, ਗਰੇਸ ਸੋਈ ਅਤੇ ਸਾਈਲਵੀਆ ਚੈਂਗ
    • ਰੋਲ, ਬੀਬੀਸੀ ਪੱਤਰਕਾਰ

ਕਿਸੇ ਨੇ ਹੀ ਇਹ ਅਨੁਮਾਨ ਲਗਾਇਆ ਹੋਣਾ ਕਿ ਸ਼ੀ ਜਿਨਪਿੰਗ ਚੀਨ ਦੇ ਸਭ ਤੋਂ ਮਜ਼ਬੂਤ ਨੇਤਾ ਬਣ ਜਾਣਗੇ, ਉਹ ਹੁਣ ਇਤਿਹਾਸਕ ਤੀਜੀ ਵਾਰ ਅਗਲੇ ਪੰਜ ਸਾਲ ਲਈ ਸੱਤਾ ਸੰਭਾਲ਼ਣ ਜਾ ਰਹੇ ਹਨ ਹਨ।

ਸ਼ੀ ਜਿਨਪਿੰਗ

ਇੱਕ ਦਹਾਕਾ ਪਹਿਲਾਂ ਸ਼ੀ ਜਿਨਪਿੰਗ ਦੀ ਪਛਾਣ ਜ਼ਿਆਦਾ ਨਹੀਂ ਸੀ। ਸ਼ੀ ਜਿਨਪਿੰਗ ਨੂੰ ਇੱਕ 'ਰਾਜਕੁਮਾਰ' ਵਜੋਂ ਜਾਣਿਆ ਜਾਂਦਾ ਸੀ, ਜਿਨ੍ਹਾਂ ਦੇ ਪਿਤਾ ਚੀਨ ਦੇ ਇਨਕਲਾਬੀ ਆਗੂਆਂ ਵਿੱਚੋਂ ਇੱਕ ਸਨ।

ਆਪਣੇ ਵੰਸ਼ ਕਰਕੇ ਉਨ੍ਹਾਂ ਨੂੰ ਪਾਰਟੀ ਦੇ ਵੱਡੀ ਉਮਰ ਦੇ ਨੇਤਾਵਾਂ ਦਾ ਸਹਿਯੋਗ ਮਿਲਿਆ, ਜੋ ਕਿ ਚੀਨ ਦੀ ਕਮਿਊਨਿਸਟ ਪਾਰਟੀ ਅੰਦਰ ਤਾਕਤ ਹਾਸਲ ਕਰਨ ਲਈ ਅਹਿਮ ਸੀ ਕਿਉਂਕਿ ਰਿਟਾਇਰਮੈਂਟ ਤੋਂ ਬਾਅਦ ਵੀ ਇਨ੍ਹਾਂ ਨੇਤਾਵਾਂ ਦਾ ਪਾਰਟੀ ਵਿੱਚ ਤਕੜਾ ਪ੍ਰਭਾਵ ਸੀ।

ਬੌਸਟਨ ਯੁਨੀਵਰਸਿਟੀ ਵਿੱਚ ਚੀਨ ਦੀ ਸਿਆਸਤ ਦੇ ਮਾਹਿਰ ਜੋਸਫ਼ ਫਿਉਸਮਿਥ ਨੇ ਕਿਹਾ, "ਸ਼ੀ ਜਿਨਪਿੰਗ ਦੀ ਚੜ੍ਹਤ ਤੋਂ ਪਹਿਲਾਂ ਮੰਨਿਆ ਜਾਂਦਾ ਸੀ ਕਿ ਉਹ ਹਰ ਕਿਸੇ ਨਾਲ ਸਮਝੌਤਾ ਕਰ ਲੈਂਦੇ ਹਨ।"

ਪਰ 10 ਸਾਲਾਂ ਬਾਅਦ ਸ਼ੀ ਦੀ ਸ਼ਖ਼ਸੀਅਤ ਅਜਿਹੀ ਜਾਪਦੀ ਹੈ, ਜਿਸ 'ਤੇ ਕੋਈ ਸਵਾਲ ਨਹੀਂ ਚੁੱਕਿਆ ਜਾ ਸਕਦਾ, ਉਨ੍ਹਾਂ ਦੀ ਤਾਕਤ ਬੇਮਿਸਾਲ ਹੋ ਗਈ। ਇਹ ਸਭ ਕਿਵੇਂ ਹੋਇਆ?

ਮਿਲਟਰੀ ਤਾਕਤ

ਕਮਿਊਨਿਸਟ ਚੀਨ ਦੇ ਪਿਤਾਮਾ ਕਹੇ ਜਾਣ ਵਾਲੇ ਮਾਓ ਜ਼ੇਡੌਂਗ ਨੇ ਕਿਹਾ ਸੀ, "ਸਿਆਸੀ ਤਾਕਤ ਬੰਦੂਕ ਦੀ ਨਲੀ ਜ਼ਰੀਏ ਵਧਦੀ ਹੈ।"

ਸਾਲ 1949 ਵਿੱਚ ਪੀਪਲਜ਼ ਰਿਪਬਲਕ ਆਫ ਚਾਈਨਾ ਦੇ ਹੋਂਦ ਵਿੱਚ ਆਉਣ ਬਾਅਦ, ਮਾਓ ਨੇ ਯਕੀਨੀ ਬਣਾਇਆ ਕਿ ਪੀਪਲਜ਼ ਲਿਬਰਸ਼ੇਨ ਆਰਮੀ (PLA) ਦੀ ਕਮਾਨ ਸਟੇਟ ਨਹੀਂ, ਬਲਕਿ ਪਾਰਟੀ ਦੇ ਹੱਥ ਵਿੱਚ ਹੋਵੇ।

ਉਦੋਂ ਤੋਂ ਚੀਨੀ ਕਮਿਊਨਿਸਟ ਪਾਰਟੀ (CCP) ਦਾ ਆਗੂ ਚੀਨ ਦੇ ਕੇਂਦਰੀ ਮਿਲਟਰੀ ਕਮਿਸ਼ਨ (CMC) ਦਾ ਚੇਅਰਮੈਨ ਵੀ ਹੁੰਦਾ ਹੈ।

ਸ਼ੀ ਜਿਨਪਿੰਗ

ਤਸਵੀਰ ਸਰੋਤ, Getty Images

ਸ਼ੀ ਜਿਨਪਿੰਗ ਆਪਣੇ ਤੋਂ ਪਹਿਲਾਂ ਵਾਲੇ ਰਾਸ਼ਟਰਪਤੀ ਹੂ ਜਿੰਨਤਾਊ ਦੇ ਮੁਕਾਬਲੇ ਖ਼ੁਸ਼ਕਿਸਮਤ ਸਨ ਕਿਉਂਕਿ ਉਹ ਜਲਦੀ ਹੀ ਮਿਲਟਰੀ ਕਮਿਸ਼ਨ ਦੇ ਚੇਅਰਮੈਨ ਬਣ ਗਏ ਅਤੇ ਬਿਨ੍ਹਾਂ ਸਮਾਂ ਗਵਾਏ ਫ਼ੌਜ ਅੰਦਰੋਂ ਵਿਰੋਧੀਆਂ ਨੂੰ ਨਿਖੇੜ ਦਿੱਤਾ।

ਝਟਕਾ 2014 ਤੇ 2015 ਵਿੱਚ ਲੱਗਿਆ, ਜਦੋਂ ਸੈਂਟਰਲ ਮਿਲਟਰੀ ਕਮਿਸ਼ਨ ਦੇ ਸਾਬਕਾ ਵਾਈਸ-ਚੇਅਰਮੈਨ ਸ਼ੂ ਸਾਇਹੋਉ ਅਤੇ ਪੀਪਲਜ਼ ਲਿਬਰੇਸ਼ਨ ਆਰਮੀ ਦੇ ਸਾਬਕਾ ਜਨਰਲ ਗੂਓ ਬੋਸ਼ਿਓਂਗ 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ।

ਪੈਂਟਾਗਨ-ਫੰਡਿਡ ਨੈਸ਼ਨਲ ਡਿਫੈਂਸ ਯੁਨੀਵਰਸਿਟੀ ਤੋਂ ਜੋਇਲ ਵੂਥਨੋ ਨੇ ਕਿਹਾ, "ਜਦੋਂ ਗਾਜ ਡਿੱਗੀ ਤਾਂ ਇਹ ਦੋਹੇਂ ਸੇਵਾ-ਮੁਕਤ ਹੋ ਚੁੱਕੇ ਸਨ।"

"ਪਰ ਸ਼ੀ ਜਿਨਪਿੰਗ ਵੱਲੋਂ ਉਨ੍ਹਾਂ ਨੂੰ ਨਿਸ਼ਾਨੇ 'ਤੇ ਲਏ ਜਾਣ ਕਾਰਨ ਸਾਬਕਾ ਚੀਨੀ ਨੇਤਾ ਜਿਆਂਗ ਜ਼ੇਮਿਨ ਦਾ ਪੀਐੱਲਏ ਵਿੱਚੋਂ ਪ੍ਰਭਾਵ ਘਟ ਗਿਆ।"

ਬੀਬੀਸੀ
  • ਸ਼ੀ ਜਿਨਪਿੰਗ ਹੁਣ ਇਤਿਹਾਸਕ ਤੀਜੀ ਵਾਰ ਅਗਲੇ ਪੰਜ ਸਾਲ ਲਈ ਸੱਤਾ ਸੰਭਾਲ਼ਣ ਲਈ ਤਿਆਰ ਹਨ।
  • ਇੱਕ ਦਹਾਕਾ ਪਹਿਲਾਂ ਸ਼ੀ ਜਿਨਪਿੰਗ ਦੀ ਪਛਾਣ ਜ਼ਿਆਦਾ ਨਹੀਂ ਸੀ।
  • ਆਪਣੇ ਵੰਸ਼ ਕਰਕੇ ਉਨ੍ਹਾਂ ਨੂੰ ਪਾਰਟੀ ਦੇ ਵੱਡੀ ਉਮਰ ਦੇ ਨੇਤਾਵਾਂ ਦਾ ਸਹਿਯੋਗ ਮਿਲਿਆ।
  • ਮਾਹਿਰ ਮੁਤਾਬਕ, ਸ਼ੀ ਜਿਨਪਿੰਗ ਦੀ ਚੜ੍ਹਤ ਤੋਂ ਪਹਿਲਾਂ ਮੰਨਿਆ ਜਾਂਦਾ ਸੀ ਕਿ ਉਹ ਹਰ ਕਿਸੇ ਨਾਲ ਸਮਝੌਤਾ ਕਰ ਲੈਂਦੇ ਹਨ।
  • 10 ਸਾਲਾਂ ਬਾਅਦ, ਸ਼ੀ ਦੀ ਸ਼ਖ਼ਸੀਅਤ ਅਜਿਹੀ ਜਾਪਦੀ ਹੈ, ਜਿਸ 'ਤੇ ਕੋਈ ਸਵਾਲ ਨਹੀਂ ਚੁੱਕਿਆ ਜਾ ਸਕਦਾ।
ਬੀਬੀਸੀ

ਉਨ੍ਹਾਂ ਕਿਹਾ, "ਇਸ ਨਾਲ ਸੇਵਾ ਨਿਭਾ ਰਹੇ ਫ਼ੌਜੀ ਅਫਸਰਾਂ ਵਿੱਚ ਸੰਦੇਸ਼ ਵੀ ਗਿਆ ਕਿ ਜੋ ਵੀ ਸ਼ੀ ਜਿਨਪਿੰਗ ਤੋਂ ਬਾਹਰ ਹੋ ਕੇ ਚੱਲੇਗਾ, ਨੁਕਸਾਨ ਤੋਂ ਬਚ ਨਹੀਂ ਸਕਦਾ।"

ਸਾਲ 2015 ਵਿੱਚ ਸ਼ੀ ਨੇ ਮਿਲਟਰੀ ਦਾ ਢਾਂਚਾ ਵੀ ਬਦਲ ਦਿੱਤਾ। ਉਨ੍ਹਾਂ ਨੇ ਮਿਲਟਰੀ ਦੇ ਚਾਰ ਹੈਡਕੁਆਟਰ- ਸਟਾਫ਼, ਸਿਆਸਤ, ਲੌਜਿਸਟਕਿਸ, ਹਥਿਆਰ , ਭੰਗ ਕਰਕੇ 15 ਛੋਟੇ ਭਾਗ ਹੋਂਦ ਵਿੱਚ ਲਿਆਂਦੇ।

ਵੂਥਨੋ ਨੇ ਦੱਸਿਆ ਕਿ ਨਵੇਂ ਢਾਂਚੇ ਵਿੱਚ CMC ਸਿੱਧੇ ਤੌਰ 'ਤੇ ਮਿਲਟਰੀ ਦੇ ਵੱਖ-ਵੱਖ ਵਿਭਾਗਾਂ ਨੂੰ ਹੁਕਮ ਜਾਰੀ ਕਰ ਸਕਦਾ ਸੀ।

ਇੱਥੋਂ ਤੱਕ ਕਿ ਵਿੱਤੀ ਲੇਖਾ-ਜੋਖਾਕਾਰ ਨੂੰ ਵੀ ਹੁਣ ਸਿੱਧੇ ਸੈਂਟਰਲ ਮਿਲਟਰੀ ਕਮਿਸ਼ਨ ਨੂੰ ਰਿਪੋਰਟ ਕਰਨਾ ਪਵੇਗਾ।

ਇਸ ਸਭ ਤੋਂ ਵੀ ਵਧ ਜ਼ੋਰ ਦਿੱਤਾ ਗਿਆ ਸ਼ੀ ਜਿਨਪਿੰਗ ਪ੍ਰਤੀ ਪੂਰੀ ਵਫ਼ਾਦਾਰੀ 'ਤੇ, ਜੋ ਕਿ ਹਾਲੇ ਤੱਕ ਵੀ ਦੁਹਰਾਇਆ ਜਾ ਰਿਹਾ ਹੈ।

ਪਿਛਲੇ ਮਹੀਨੇ, ਚੀਨ ਦੇ ਮਿਲਟਰੀ ਅਖਬਾਰ 'ਪੀਪਲਜ਼ ਲਿਬਰਸ਼ੇਨ ਆਰਮੀ ਡੇਲੀ' ਵਿੱਚ ਆਰਟੀਕਲ ਛਪਿਆ ਸੀ ਜਿਸ ਵਿੱਚ ਸੈਂਟਰਲ ਮਿਲਟਰੀ ਕਮਿਸ਼ਨ ਕੋਲ ਪੂਰਾ ਕੰਟਰੋਲ ਹੋਣ ਬਾਰੇ ਜ਼ੋਰ ਦਿੱਤਾ ਗਿਆ ਸੀ।

ਸ਼ੀ ਜਿਨਪਿੰਗ

ਯੂਐੱਸ ਥਿੰਕ ਟੈਂਕ ਆਰਓਐੱਨਡੀ (RAND) ਕਾਰਪੋਰੇਸ਼ਨ ਵਿੱਚ ਸੀਨੀਅਰ ਕੌਮਾਂਤਰੀ ਡਿਫੈਂਸ ਖੋਜਾਰਥੀ ਟਿਮੋਥੀ ਹੀਥ ਨੇ ਕਿਹਾ, "ਇਸ ਸੰਦੇਸ਼ ਨਾਲ ਮਿਲਟਰੀ ਅੰਦਰ 'ਪੀਪਲਜ਼ ਲਿਬਰੇਸ਼ਨ ਆਰਮੀ' ਦੇ ਸੀਨੀਅਰ ਨੇਤਾਵਾਂ (ਜੋ ਭਵਿੱਖ ਵਿੱਚ ਸ਼ੀ ਜਿਨਪਿੰਗ ਦਾ ਵਿਰੋਧ ਕਰ ਸਕਦੇ ਹਨ) ਪ੍ਰਤੀ ਮਿਲਟਰੀ ਅੰਦਰ ਵਫਾਦਾਰੀ ਪੈਦਾ ਹੋਣ ਦੀ ਸੰਭਾਵਨਾ ਨੂੰ ਜਵਾਬ ਦੇਣ ਵਿੱਚ ਵੀ ਮਦਦ ਹੁੰਦੀ ਹੈ।"

ਪਾਰਟੀ ਪ੍ਰਤੀ ਵਫ਼ਾਦਾਰੀ ਦਾ ਮਤਲਬ ਹੈ ਕਿ 'ਪੀਪਲਜ਼ ਲਿਬਰੇਸ਼ਨ ਆਰਮੀ' ਪਾਰਟੀ ਅਤੇ ਸ਼ੀ ਜਿਨਪਿੰਗ ਦੀ ਤਾਕਤ ਬਣਾਏ ਰੱਖਣ ਲਈ ਕੋਈ ਵੀ ਹੁਕਮ ਕਰ ਸਕਦੀ ਹੈ।

ਵਫ਼ਾਦਾਰੀ ਸਭ ਤੋਂ ਅਹਿਮ

ਫ਼ੌਜ ਵਿੱਚ ਪਕੜ ਬਣਾਉਣ ਤੋਂ ਬਾਅਦ ਅੰਦਰੂਨੀ ਸੁਰੱਖਿਆ ਢਾਂਚੇ ਨੂੰ ਆਪਣੇ ਕਾਬੂ ਵਿੱਚ ਕਰਨਾ ਜ਼ਰੂਰੀ ਹੈ।

ਸ਼ੀ ਜਿਨਪਿੰਗ ਦੇ ਸੱਤਾ ਵਿੱਚ ਆਉਣ ਦੇ ਦੋ ਸਾਲ ਬਾਅਦ, ਅਧਿਕਾਰੀਆਂ ਨੇ ਸਾਬਕਾ ਘਰੇਲੂ ਸੁਰੱਖਿਆ ਮੁਖੀ ਜ਼ਹੋਊ ਯੋਂਗਕਾਂਗ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ ਕੀਤੀ। ਯੋਂਗਕਾਂਗ, ਸ਼ੀ ਜਿਨਪਿੰਗ ਦੇ ਵਿਰੋਧੀ ਬੋ ਸ਼ੀਲਾਈ ਦਾ ਨਜ਼ਦੀਕੀ ਸੀ।

ਜਾਂਚ ਨੇ ਸਿਆਸੀ ਹਲਚਲ ਮਚਾ ਦਿੱਤੀ ਕਿਉਂਕਿ ਇਸ ਨਾਲ ਅਣਕਿਹਾ ਨਿਯਮ ਚਕਨਾਚੂਰ ਹੋ ਗਿਆ, ਜਿਸ ਮੁਤਾਬਕ ਪੋਲਿਟ ਬਿਉਰੋ ਸਟੈਂਡਿਗ ਕਮੇਟੀ ਦੇ ਮੈਂਬਰਾਂ ਨੂੰ ਕਿਸੇ ਜੁਰਮ ਦੀ ਸਜ਼ਾ ਨਹੀਂ ਮਿਲਦੀ ਸੀ।

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

ਯੁਰੇਸ਼ੀਆ ਗਰੁੱਪ ਦੇ ਸੀਨੀਅਰ ਚੀਨੀ ਵਿਸ਼ਲੇਸ਼ਕ ਨੀਲ ਥੋਮਸ ਨੇ ਕਿਹਾ, "ਸ਼ੀ ਜਿਨਪਿੰਗ ਹੁਸ਼ਿਆਰ ਨੇਤਾ ਵਜੋਂ ਉੱਭਰੇ, ਜੋ ਕਿ ਸਬਰ ਨਾਲ ਪੌੜੀ ਦਰ ਪੌੜੀ ਚੜ੍ਹੇ।"

"ਜਿਸ ਤੇਜ਼ੀ ਨਾਲ ਅਤੇ ਜਿੰਨੀ ਵੱਡੀ ਸਿਆਸੀ ਤਾਕਤ ਸ਼ੀ ਨੇ ਹਾਸਿਲ ਕੀਤੀ, ਉਹ ਦੇਖ ਕੇ ਸ਼ੀ ਨੂੰ ਸਹਿਯੋਗ ਦੇਣ ਵਾਲੇ ਕਮਿਊਨਿਸਟ ਪਾਰਟੀ ਦੇ ਵੱਡੇ ਨੇਤਾ ਵੀ ਹੈਰਾਨ ਸੀ।"

ਨਿਗਰਾਨ ਕਹਿੰਦੇ ਹਨ ਕਿ ਸ਼ੀ-ਜਿਨਪਿੰਗ ਦੀ ਮਸ਼ਹੂਰ ਭ੍ਰਿਸ਼ਟਾਚਾਰ-ਵਿਰੋਧੀ ਮੁਹਿੰਮ ਵੀ ਉਨ੍ਹਾਂ ਦੇ ਸਿਆਸੀ ਵਿਰੋਧੀਆਂ ਅਤੇ ਪਾਰਟੀ ਅੰਦਰਲੇ ਵਿਰੋਧ ਨੂੰ ਖਤਮ ਕਰਨ ਲਈ ਵਰਤੀ ਜਾਂਦੀ ਹੈ।

ਪਿਛਲੇ ਦਹਾਕੇ ਵਿੱਚ, 4.7 ਮਿਲੀਅਨ ਤੋਂ ਜ਼ਿਆਦਾ ਲੋਕਾਂ ਦੀ ਭ੍ਰਿਸ਼ਟਾਚਾਰ ਵਿਰੋਧੀ ਏਜੰਸੀਆਂ ਵੱਲੋਂ ਜਾਂਚ ਹੋ ਚੁੱਕੀ ਹੈ।

ਯੂਨੀਵਰਸਿਟੀ ਆਫ ਕੈਲੀਫੋਰਨੀਆ ਵਿੱਚ ਸਿਆਸੀ ਮਾਹਿਰ ਵਿਕਟਰ ਸ਼ੀਹ ਨੇ ਕਿਹਾ, "ਪਿਛਲੇ ਦੋ ਸਾਲ ਅੰਦਰ, ਸ਼ੀ ਜਿਨਪਿੰਗ ਉਨ੍ਹਾਂ ਸੁਰੱਖਿਆ ਅਧਿਕਾਰੀਆਂ ਦਾ ਕਰੀਅਰ ਵੀ ਸਾਫ਼ ਕਰ ਚੁੱਕੇ ਹਨ ਜਿਨ੍ਹਾਂ ਨੇ ਸ਼ੁਰੂਆਤ ਵਿੱਚ ਸ਼ੀ ਦੇ ਸੱਤਾ ਵਿੱਚ ਆਉਣ ਲਈ ਸਹਿਯੋਗ ਦਿੱਤਾ ਸੀ।"

ਹੁਣ ਸੁਰੱਖਿਆ ਏਜੰਸੀਆਂ ਨੂੰ ਉਹ ਲੋਕ ਹੀ ਚਲਾਉਂਦੇ ਹਨ ਜਿਨ੍ਹਾਂ ਦਾ ਸ਼ੀ ਨਾਲ ਪੁਰਾਣਾ ਨਾਤਾ ਰਿਹਾ ਹੈ ਅਤੇ ਜਿਨ੍ਹਾਂ ਉੱਤੇ ਸ਼ੀ ਨੂੰ ਪੂਰਾ ਭਰੋਸਾ ਹੋਵੇ।

ਸ਼ੀ ਜਿਨਪਿੰਗ

ਸ਼ੀ ਜਿਨਪਿੰਗ ਨੇ ਅਹਿਮ ਖੇਤਰੀ ਪੋਸਟਾਂ ਜਿਵੇਂ ਕਿ ਬੀਜਿੰਗ, ਸ਼ੰਗਾਈ ਤੇ ਚੌਂਗਕਿੰਗ ਜਿਹੇ ਮੁੱਖ ਸ਼ਹਿਰਾਂ ਵਿੱਚ ਪਾਰਟੀ ਸਕੱਤਰ ਵੀ ਆਪਣੇ ਭਰੋਸੇ ਵਾਲਿਆਂ ਨੂੰ ਹੀ ਲਾਇਆ ਹੈ।

ਥੋਮਸ ਨੇ ਕਿਹਾ, "ਕੇਂਦਰੀ ਨਿਰਦੇਸ਼ਾਂ ਨੂੰ ਸਥਾਨਕ ਲੋਕਾਂ ਤੱਕ ਪਹੁੰਚਾਉਣ ਅਤੇ ਲਾਗੂ ਕਰਾਉਣ ਲਈ ਜ਼ਿੰਮੇਵਾਰ ਹੋਣ ਕਰ ਕੇ ਇਹ ਪੋਸਟਾਂ ਅਹਿਮ ਹਨ।"

ਥੋਮਸ ਨੇ ਦੱਸਿਆ ਕਿ ਸੂਬਾ ਪੱਧਰ ਦੇ 31 ਵਿੱਚੋਂ ਘੱਟੋ-ਘੱਟ 24 ਪਾਰਟੀ ਸਕੱਤਰ, ਸ਼ੀ ਜਿਨਪਿੰਗ ਨਾਲ ਸਬੰਧਤ ਹਨ, ਕੋਈ ਉਨ੍ਹਾਂ ਦੇ ਪਰਿਵਾਰ ਦਾ ਜਾਣਕਾਰ, ਕੋਈ ਉਨ੍ਹਾਂ ਨਾਲ ਪੜ੍ਹਿਆ ਹੋਇਆ, ਉਨ੍ਹਾਂ ਅਧੀਨ ਕੰਮ ਕਰਨ ਵਾਲਾ ਜਾਂ ਉਨ੍ਹਾਂ ਦੇ ਨਜ਼ਦੀਕੀਆਂ ਨਾਲ ਕੰਮ ਕਰ ਚੁੱਕਿਆ।

ਕੈਨੇਡਾ ਦੀ ਯੁਨੀਵਰਸਿਟੀ ਆਫ ਵਿਕਟੋਰੀਆ ਵਿੱਚ ਰਾਜਨੀਤੀ ਦੇ ਪ੍ਰੋਫੈਸਰ ਵੂ ਗੁਓਗੁਆਂਗ ਮੁਤਾਬਕ ਸੂਬਿਆਂ ਦੀਆਂ ਸਟੈਡਿੰਗ ਕਮੇਟੀਆਂ ਦੇ ਕਰੀਬ ਸਾਰੇ 281 ਮੈਂਬਰਾਂ ਨੂੰ ਸ਼ੀ ਜਿਨਪਿੰਗ ਨੇ ਪ੍ਰਮੋਟ ਕੀਤਾ।

ਖ਼ੁਦ ਨੂੰ ਬਰਾਂਡ ਵਿੱਚ ਬਦਲਣਾ

ਸਾਲ 2018 ਵਿੱਚ ਨਵੇਂ ਜ਼ਮਾਨੇ ਲਈ ਸ਼ੀ ਜਿਨਪਿੰਗ ਦੇ ਚੀਨੀ ਵਿਸ਼ੇਸ਼ਤਾਵਾਂ ਵਾਲੇ ਸੋਸ਼ਲਿਜ਼ਮ ਬਾਰੇ ਵਿਚਾਰ ਨੂੰ ਚੀਨ ਦੇ ਸੰਵਿਧਾਨ ਵਿੱਚ ਜੋੜਿਆ ਗਿਆ।

ਸ਼ੀ ਜਿਨਪਿੰਗ ਦੇ ਨਾਮ ਨਾਲ ਵਿਚਾਰਧਾਰਾ ਜੁੜਨ ਕਾਰਨ ਉਨ੍ਹਾਂ ਦਾ ਕੱਦ ਹੋਰ ਵੱਡਾ ਹੋਇਆ। ਸ਼ੀ ਤੋਂ ਪਹਿਲਾਂ ਚੇਅਰਮੈਨ ਮਾਓ ਨੇ ਇਹ ਮੁਕਾਮ ਹਾਸਿਲ ਕੀਤਾ ਸੀ।

ਇੱਥੋਂ ਤੱਕ ਕਿ ਚੀਨ ਦੇ ਅਧੁਨਿਕੀਕਰਨ ਦੇ ਯੋਜਨਾਕਾਰ ਵਜੋਂ ਜਾਣੇ ਜਾਂਦੇ ਡਿਓਂਗ ਸ਼ੀਆਓਪਿੰਗ ਦੇ ਨਾਮ ਅਧੀਨ ਵੀ 'ਥਿਓਰੋ' ਹੀ ਸੀ, ਜਦਕਿ ਸ਼ੀ ਤੋਂ ਪਹਿਲਾਂ ਵਾਲੇ ਰਾਸ਼ਟਰਪਤੀਆਂ ਜਿਆਂਗ ਜ਼ੇਮਿਨ ਅਤੇ ਹੂ ਜਿਨਤਾਓ, ਦੇ ਨਾਮਾਂ ਨਾਲ ਕੋਈ ਥਿਓਰੀ, ਜਾਂ ਵਿਚਾਰਧਾਰਾ ਨਹੀਂ ਜੁੜੀ।

ਸ਼ੀ ਜਿਨਪਿੰਗ ਦਾ 'ਵਿਚਾਰ' ਆਖ਼ਿਰ ਕੀ ਕਹਿੰਦਾ ਹੈ, ਇਹ ਬਹਿਸ ਦਾ ਮੁੱਦਾ ਜ਼ਰੂਰ ਹੈ। ਪਰ ਵਿਸ਼ਲੇਸ਼ਕ ਕਹਿੰਦੇ ਹਨ ਅਹਿਮ ਇਹ ਹੈ ਕਿ ਇਹ ਤਾਕਤ ਦਰਸਾਉਣ ਵਾਲਾ ਕਦਮ ਹੈ।

ਸ਼ੀ ਜਿਨਪਿੰਗ ਮਤੇ ਦੇ ਪਾਸ ਹੋਣ ਵੇਲੇ ਖੁਸ਼ੀ ਜ਼ਾਹਿਰ ਕਰਦੇ ਹੋਏ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਸ਼ੀ ਜਿਨਪਿੰਗ ਮਤੇ ਦੇ ਪਾਸ ਹੋਣ ਵੇਲੇ ਖੁਸ਼ੀ ਜ਼ਾਹਿਰ ਕਰਦੇ ਹੋਏ

ਹੌਂਗਕੌਂਗ ਬੈਪਿਸਟ ਯੂਨੀਵਰਸਿਟੀ ਵਿੱਚ ਰਾਜਨੀਤੀ ਵਿਗਿਆਨ ਦੇ ਪ੍ਰੋਫੈਸਰ ਜੇਨ ਪੀਅਰ ਕੈਬੇਸਤਾਨ ਕਹਿੰਦੇ ਹਨ, "ਸ਼ੀ ਦਾ ਵਿਚਾਰ ਮੁੱਖ ਰੂਪ ਵਿੱਚ ਉਨ੍ਹਾਂ ਦਾ ਆਪਣੀ ਹੋਂਦ ਮਜ਼ਬੂਤ ਕਰਨ, ਉਨ੍ਹਾਂ ਨੂੰ ਪਾਰਟੀ ਅਤੇ ਦੇਸ਼ ਵਿੱਚ ਸਭ ਤੋਂ ਵੱਧ ਤਾਕਤਵਰ ਬਣਾਉਣ ਲਈ ਕੇਂਦਰਿਤ ਹੈ।"

"ਇਹ ਸ਼ੀ ਜਿਨਪਿੰਗ ਨੂੰ ਸਿਰਫ਼ ਮਾਓ ਨਾਲ ਹੀ ਨਹੀਂ, ਬਲਕਿ ਪੁਰਾਣੇ ਸਮੇਂ ਦੇ ਸਭ ਤੋਂ ਸ਼ਾਨਦਾਰ ਤੇ ਕਾਮਯਾਬ ਚੀਨੀ ਬਾਦਸ਼ਾਹਾਂ ਨਾਲ ਜੋੜਦਾ ਹੈ।"

ਹੌਂਗਕੌਂਗ ਦੇ ਅਖ਼ਬਾਰ ਮਿੰਗ ਪਾਓ ਮੁਤਾਬਕ, ਦਰਜਨਾਂ ਯੁਨੀਵਰਸਿਟੀਆਂ ਤੇ ਸੰਸਥਾਵਾਂ ਜਿਨ੍ਹਾਂ ਵਿੱਚ ਮੰਨੀ ਪ੍ਰਮੰਨੀ ਪੇਕਿੰਗ ਯੁਨੀਵਰਸਿਟੀ ਤੇ ਸਿੰਗੁਆ ਯੁਨੀਵਰਸਿਟੀ ਵੀ ਸ਼ਾਮਿਲ ਹਨ, ਨੇ ਸ਼ੀ ਜਿਨਪਿੰਗ ਦੇ ਨਾਮ ਉੱਤੇ ਖੋਜ ਕੇਂਦਰ ਸਥਾਪਿਤ ਕੀਤੇ ਹਨ।

ਅਗਸਤ ਮਹੀਨੇ ਵਿੱਚ, ਸਿੱਖਿਆ ਵਿਭਾਗ ਨੇ ਕੌਮੀ ਪਾਠਕ੍ਰਮ ਵਿੱਚ ਸ਼ੀ ਜਿਨਪਿੰਗ ਦਾ ਵਿਚਾਰ ਪ੍ਰਫੁੱਲਿਤ ਕਰਨ ਲਈ ਯੋਜਨਾ ਦੱਸੀ।

ਸਾਲ 2019 ਵਿੱਚ, ਜ਼ੁਏਸ਼ੀ ਕਾਇਨਗੂਓ ਨਾਮੀ ਇੱਕ ਮੋਬਾਈਲ ਐਪਲੀਕੇਸ਼ਨ ਜਿਸ ਦਾ ਮਤਲਬ 'ਸ਼ੀ ਤੋਂ ਸਿੱਖੋ, ਦੇਸ਼ ਮਜ਼ਬੂਤ ਕਰੋ', ਜਿਸ ਵਿਚ ਸ਼ੀ ਜਿਨਪਿੰਗ ਦੇ 'ਵਿਚਾਰ' ਸਬੰਧੀ ਸਵਾਲ-ਜਵਾਬ ਹਨ, ਜਾਰੀ ਕੀਤੀ ਗਈ।

ਕੋਲੰਬੀਆ ਯੁਨੀਵਰਸਿਟੀ ਵਿੱਚ ਰਾਜਨੀਤੀ ਵਿਗਿਆਨ ਦੀ ਪ੍ਰੋਫੈਸਰ ਐਂਡ੍ਰਿਊ ਨਾਥਨ ਕਹਿੰਦੇ ਹਨ ਕਿ ਸ਼ੀ ਮੰਨਦੇ ਹਨ, "ਉਨ੍ਹਾਂ ਕੋਲ ਸਹੀ ਵਿਚਾਰਧਾਰਾ ਹੈ ਅਤੇ ਸਭ ਨੂੰ ਇਹ ਸਵੀਕਾਰਨੀ ਚਾਹੀਦੀ ਹੈ।"

ਜਦੋਂ ਵੀ ਮਾਓ ਨੇ ਕੋਈ ਅਹਿਮ ਫ਼ੈਸਲਾ ਲਿਆ, ਬਾਕੀ ਹਰ ਕਿਸੇ ਨੂੰ ਮੰਨਣਾ ਪੈਂਦਾ ਸੀ ਅਤੇ ਸ਼ੀ ਬਾਰੇ ਵੀ ਇਹੀ ਸੱਚ ਹੈ।

ਬੀਬੀਸੀ

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)