ਸ਼ੀ ਜਿਨਪਿੰਗ: ਇੱਕ ਕਿਸਾਨ ਕਿਵੇਂ ਪਹੁੰਚਿਆ ਚੀਨ ਦੀ ਸੱਤਾ ਦੇ ਸਿਖ਼ਰ 'ਤੇ

ਤਸਵੀਰ ਸਰੋਤ, Reuters
- ਲੇਖਕ, ਕੈਰੀ ਗ੍ਰੇਸੀ
- ਰੋਲ, ਬੀਬੀਸੀ ਲਈ
21ਵੀਂ ਸਦੀ ਵਿੱਚ ਅਜਿਹੇ ਬਹੁਤ ਘੱਟ ਆਗੂ ਹਨ ਜੋ ਗੁਫ਼ਾ ਵਿੱਚ ਰਹੇ ਹੋਣ। ਜਿਨ੍ਹਾਂ ਨੇ ਖੇਤਾਂ ਵਿੱਚ ਮਿਹਨਤ ਕੀਤੀ ਹੋਵੇ। ਫਿਰ ਉਹ ਸੱਤਾ ਦੇ ਸਿਖਰ 'ਤੇ ਪਹੁੰਚੇ ਹੋਣ।
ਪੰਜ ਦਹਾਕੇ ਪਹਿਲਾਂ ਜਦੋਂ ਚੀਨ ਵਿੱਚ ਸੱਭਿਆਚਾਰਕ ਕ੍ਰਾਂਤੀ ਦਾ ਤੂਫ਼ਾਨ ਆਇਆ ਹੋਇਆ ਸੀ, ਉਸ ਵੇਲੇ 15 ਸਾਲ ਦੇ ਮੁੰਡੇ ਸ਼ੀ ਜਿਨਪਿੰਗ ਨੇ ਪਿੰਡ ਵਿੱਚ ਮੁਸ਼ਕਿਲਾਂ ਭਰੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀ।
ਚੀਨ ਦੇ ਅੰਦਰੂਨੀ ਇਲਾਕੇ ਵਿੱਚ ਜਿੱਥੇ ਚਾਰੋਂ ਪਾਸੇ ਪੀਲੀਆਂ ਖਾਈਆਂ ਸਨ, ਉੱਚੇ ਪਹਾੜ ਸਨ ਉੱਥੋਂ ਜਿਨਪਿੰਗ ਦੀ ਜ਼ਿੰਦਗੀ ਦੀ ਜੰਗ ਸ਼ੁਰੂ ਹੋਈ ਸੀ।

ਜਿਸ ਇਲਾਕੇ ਵਿੱਚ ਜਿਨਪਿੰਗ ਨੇ ਖੇਤੀ-ਕਿਸਾਨੀ ਦੀ ਸ਼ੁਰੂਆਤ ਕੀਤੀ ਸੀ, ਉਹ ਗ੍ਰਹਿ ਜੰਗ ਦੇ ਦੌਰਾਨ ਚੀਨ ਦੇ ਕਮਿਊਨਿਸਟਾਂ ਦਾ ਗੜ੍ਹ ਸੀ।
ਯੇਨਾਨ ਦੇ ਲੋਕ ਆਪਣੇ ਇਲਾਕੇ ਨੂੰ ਚੀਨ ਦੀ ਲਾਲ ਕ੍ਰਾਂਤੀ ਦੀ ਪਵਿੱਤਰ ਜ਼ਮੀਨ ਕਹਿੰਦੇ ਸਨ।
ਜਿੱਥੇ ਚੀਨ ਦੇ ਅੰਦਰੂਨੀ ਇਲਾਕਿਆਂ ਦਾ ਤੇਜ਼ੀ ਨਾਲ ਸ਼ਹਿਰੀਕਰਨ ਹੋ ਰਿਹਾ ਹੈ, ਉੱਥੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਪਿੰਡ ਨੂੰ ਉਵੇਂ ਹੀ ਰੱਖਿਆ ਗਿਆ ਹੈ।

- ਬਚਪਨ ਤੋਂ ਜਵਾਨੀ ਵਿਚਾਲੇ ਸ਼ੀ ਜਿਨਪਿੰਗ ਦੋਹਾਂ ਤਰ੍ਹਾਂ ਦੀ ਜ਼ਿੰਦਗੀ ਦਾ ਤਜ਼ਰਬਾ ਕਰ ਚੁੱਕੇ ਸਨ।
- ਉਨ੍ਹਾਂ ਦੇ ਪਿਤਾ ਵੀ ਕਮਿਊਨਿਸਟ ਕ੍ਰਾਂਤੀ ਦੇ ਹੀਰੋ ਸਨ।
- ਕਮਿਊਨਿਸਟ ਕ੍ਰਾਂਤੀ ਦੌਰਾਨ ਜਦੋਂ ਉਹ ਕਿਸਾਨਾਂ ਵਿੱਚ ਰਹੇ ਤਾਂ ਉਸ ਤਜ਼ਰਬੇ ਨੇ ਵੀ ਉਨ੍ਹਾਂ ਦੀ ਜ਼ਿੰਦਗੀ 'ਤੇ ਡੂੰਘਾ ਅਸਰ ਪਾਇਆ ਸੀ।
- 13 ਸਾਲ ਦੀ ਉਮਰ ਵਿੱਚ ਹੀ ਸ਼ੀ ਜਿਨਪਿੰਗ ਦੀ ਪੜ੍ਹਾਈ ਬੰਦ ਹੋ ਗਈ ਸੀ ਕਿਉਂਕਿ ਬੀਜਿੰਗ ਦੇ ਸਾਰੇ ਸਕੂਲਾਂ ਨੂੰ ਬੰਦ ਕੀਤਾ ਗਿਆ ਸੀ।
- ਉਨ੍ਹਾਂ ਨੂੰ ਪੜ੍ਹਨ ਦਾ ਸ਼ੌਂਕ ਸੀ ਉਹ ਸਿਗਰਟ ਵੀ ਕਾਫ਼ੀ ਘੱਟ ਪੀਂਦੇ ਸਨ।
- 18 ਸਾਲ ਦੀ ਉਮਰ ਵਿੱਚ ਉਹ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਨ ਲਈ ਤਿਆਰ ਸਨ।
- 70 ਦੇ ਦਹਾਕੇ ਵਿੱਚ ਉਹ ਚੀਨ ਦੀ ਫੌਜ ਵਿੱਚ ਸ਼ਾਮਿਲ ਹੋ ਗਏ ਸਨ।
- 2012 ਵਿੱਚ ਸ਼ੀ ਜਿਨਪਿੰਗ ਚੀਨ ਦੇ ਕਮਿਊਨਿਸਟ ਪਾਰਟੀ ਦੇ ਆਗੂ ਬਣੇ।

ਮਿੱਟੀ ਨਾਲ ਮੁਹੱਬਤ
1968 ਵਿੱਚ ਚੇਅਰਮੈਨ ਨੇ ਫ਼ਰਮਾਨ ਜਾਰੀ ਕੀਤਾ ਸੀ ਕਿ ਲੱਖਾਂ ਨੌਜਵਾਨ ਸ਼ਹਿਰ ਛੱਡ ਕੇ ਪਿੰਡ ਵਿੱਚ ਜਾਣ।
ਉੱਥੇ ਉਹ ਜ਼ਿੰਦਗੀ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਕੇ ਅੱਗੇ ਵਧਣ ਦਾ ਸਬਕ ਕਿਸਾਨਾਂ ਅਤੇ ਮਜ਼ਦੂਰਾਂ ਤੋਂ ਸਿੱਖਣ। ਸ਼ੀ ਜਿਨਪਿੰਗ ਕਹਿੰਦੇ ਹਨ ਕਿ ਉਸ ਤਜ਼ਰਬੇ ਤੋਂ ਉਨ੍ਹਾਂ ਨੇ ਵੀ ਕਾਫ਼ੀ ਕੁਝ ਸਿੱਖਿਆ।

ਉਨ੍ਹਾਂ ਕਿਹਾ ਅੱਜ ਉਹ ਜੋ ਵੀ ਹਨ ਉਸੇ ਗੁਫ਼ਾ ਵਾਲੇ ਕਿਰਦਾਰ ਦੀ ਵਜ੍ਹਾ ਕਰਕੇ ਹਨ।
ਜਿਨਪਿੰਗ ਅਕਸਰ ਕਹਿੰਦੇ ਹਨ, "ਮੈਂ ਪੀਲੀ ਮਿੱਟੀ ਦਾ ਪੁੱਤਰ ਹਾਂ। ਮੈਂ ਆਪਣਾ ਦਿਲ ਲਿਆਂਗਜਿਆਹੇ ਵਿੱਚ ਛੱਡ ਦਿੱਤਾ ਸੀ। ਉਸੇ ਥਾਂ ਨੇ ਮੈਨੂੰ ਬਣਾਇਆ।"
ਜਿਨਪਿੰਗ ਕਹਿੰਦੇ ਹਨ, "ਜਦੋਂ ਮੈਂ ਲਿਆਂਗਜਿਆਹੇ ਪਹੁੰਚਿਆ ਤਾਂ 15 ਸਾਲ ਦਾ ਸੀ। ਮੈਂ ਫਿਕਰਮੰਦ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। 22 ਸਾਲ ਦਾ ਹੁੰਦੇ-ਹੁੰਦੇ ਮੇਰੇ ਸਾਰੇ ਖਦਸ਼ੇ ਦੂਰ ਹੋ ਗਏ ਸਨ। ਮੈਂ ਆਤਮ-ਵਿਸ਼ਵਾਸ ਨਾਲ ਲਬਰੇਜ਼ ਸੀ। ਮੇਰੀ ਜ਼ਿੰਦਗੀ ਦਾ ਮਕਸਦ ਪੂਰੀ ਤਰ੍ਹਾਂ ਸਪਸ਼ਟ ਹੋ ਚੁੱਕਿਆ ਸੀ।"

ਉਹ ਅਕਸਰ ਵਿਦਿਆਰਥੀਆਂ ਨੂੰ ਦੱਸਦੇ ਹਨ ਕਿ ਜ਼ਿੰਦਗੀ ਇੱਕ ਬਟਨ ਵਾਲੀ ਕਮੀਜ਼ ਹੈ, ਜਿਸ ਦੇ ਸ਼ੁਰੂ ਦੇ ਬਟਨ ਸਹੀ ਤਰੀਕੇ ਨਾਲ ਲਾਉਣੇ ਚਾਹੀਦੇ ਹਨ, ਨਹੀਂ ਤਾਂ ਸਾਰੇ ਬਟਨ ਗਲਤ ਬੰਦ ਹੁੰਦੇ ਹਨ।
ਉਹ ਕਈ ਵਾਰੀ ਲੰਚ ਲਈ ਲਾਈਨ ਵਿੱਚ ਖੜ੍ਹੇ ਹੋਏ ਹਨ। ਉਹ ਆਪਣੇ ਖਾਣੇ ਦਾ ਬਿੱਲ ਖੁਦ ਭਰਦੇ ਹਨ।

ਇਹ ਵੀ ਪੜ੍ਹੋ-

ਗੁਫ਼ਾ ਵਿੱਚ ਮੁੱਢਲਾ ਜੀਵਨ
ਇੱਕ ਮਿੱਥ ਦੇ ਤੌਰ 'ਤੇ ਸ਼ੀ ਜਿਨਪਿੰਗ ਦੀ ਕਹਾਣੀ ਦਾ ਕੇਂਦਰ ਹੈ,ਉਨ੍ਹਾਂ ਦੀ ਗੁਫ਼ਾ ਵਿੱਚ ਬੀਤੀ ਮੁੱਢਲੀ ਜ਼ਿੰਦਗੀ ਜਿੱਥੇ ਉਹ ਸਿਆਸਤ ਵਿੱਚੋਂ ਵੱਖ ਕਰ ਦਿੱਤੇ ਗਏ ਸਨ।
ਜਿਨਪਿੰਗ ਕਹਿੰਦੇ ਹਨ, "ਜਿਨ੍ਹਾਂ ਨੂੰ ਸੱਤਾ ਦਾ ਤਜ਼ਰਬਾ ਘੱਟ ਹੈ, ਉਹ ਇਸ ਨੂੰ ਨਵਾਂ ਅਤੇ ਰਾਜ਼ਦਾਰਾਨਾ ਤਜ਼ਰਬਾ ਸਮਝਦੇ ਹਨ ਪਰ ਮੈਂ ਇਨ੍ਹਾਂ ਨੂੰ ਪਰਦਿਆਂ ਤੋਂ ਪਾਰ ਬੜੀ ਡੂੰਘਾਈ ਨਾਲ ਸਿਆਸਤ ਦੇਖਦਾ ਹਾਂ।"

ਬਚਪਨ ਤੋਂ ਜਵਾਨੀ ਵਿਚਾਲੇ ਸ਼ੀ ਜਿਨਪਿੰਗ ਦੋਹਾਂ ਤਰ੍ਹਾਂ ਦੀ ਜ਼ਿੰਦਗੀ ਦਾ ਤਜ਼ਰਬਾ ਕਰ ਚੁੱਕੇ ਸਨ। ਉਨ੍ਹਾਂ ਦੇ ਪਿਤਾ ਵੀ ਕਮਿਊਨਿਸਟ ਕ੍ਰਾਂਤੀ ਦੇ ਹੀਰੋ ਸਨ।
ਅਜਿਹੇ ਵਿੱਚ ਸ਼ੀ ਨੇ ਇੱਕ ਰਾਜਕੁਮਾਰ ਵਾਲੀ ਜ਼ਿੰਦਗੀ ਦਾ ਤਜ਼ੁਰਬਾ ਵੀ ਲਿਆ ਸੀ।
ਸਾਲ 2009 ਦੀ ਇੱਕ ਖੁਫ਼ੀਆ ਅਮਰੀਕੀ ਕੇਬਲ ਮੁਤਾਬਕ ਸ਼ੀ ਦੇ ਇੱਕ ਕਰੀਬੀ ਦੋਸਤ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਸ਼ੁਰੂਆਤੀ ਦਸ ਸਾਲਾਂ ਨੇ ਉਨ੍ਹਾਂ ਦੇ ਕਿਰਦਾਰ ਦੀ ਬੁਨਿਆਦ ਰੱਖੀ ਸੀ।
ਇਸ ਤੋਂ ਬਾਅਦ ਕਮਿਊਨਿਸਟ ਕ੍ਰਾਂਤੀ ਦੌਰਾਨ ਜਦੋਂ ਉਹ ਕਿਸਾਨਾਂ ਵਿੱਚ ਰਹੇ ਤਾਂ ਉਸ ਤਜ਼ਰਬੇ ਨੇ ਵੀ ਉਨ੍ਹਾਂ ਦੀ ਜ਼ਿੰਦਗੀ 'ਤੇ ਡੂੰਘਾ ਅਸਰ ਪਾਇਆ ਸੀ।
ਜਾਨ ਦਾ ਖ਼ਤਰਾ
60 ਦੇ ਦਹਾਕੇ ਵਿੱਚ ਚੇਅਰਮੈਨ ਮਾਓ ਨੇ ਆਪਣੀ ਹੀ ਪਾਰਟੀ ਦੇ ਆਗੂਆਂ 'ਤੇ ਜੋ ਜ਼ੁਲਮ ਢਾਏ ਉਸ ਦਾ ਭਾਰ ਵੀ ਸ਼ੀ ਜਿਨਪਿੰਗ ਨੂੰ ਹੀ ਚੁੱਕਣਾ ਪਿਆ ਸੀ।
ਪਹਿਲਾਂ ਤਾਂ ਸ਼ੀ ਦੇ ਪਿਤਾ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ। ਫਿਰ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਸ਼ੀ ਦੇ ਪਰਿਵਾਰ ਨੂੰ ਬਹੁਤ ਸ਼ਰਮਿੰਦਗੀ ਝੱਲਣੀ ਪਈ ਸੀ। ਉਸ ਦੀ ਇੱਕ ਭੈਣ ਦੀ ਮੌਤ ਹੋ ਗਈ।

ਸ਼ਾਇਦ ਉਨ੍ਹਾਂ ਨੇ ਖੁਦਕੁਸ਼ੀ ਕਰ ਲਈ ਸੀ। 13 ਸਾਲ ਦੀ ਉਮਰ ਵਿੱਚ ਹੀ ਸ਼ੀ ਜਿਨਪਿੰਗ ਦੀ ਪੜ੍ਹਾਈ ਬੰਦ ਹੋ ਗਈ ਸੀ ਕਿਉਂਕਿ ਬੀਜਿੰਗ ਦੇ ਸਾਰੇ ਸਕੂਲਾਂ ਨੂੰ ਬੰਦ ਕੀਤਾ ਗਿਆ ਸੀ।
ਅਜਿਹਾ ਇਸ ਲਈ ਕੀਤਾ ਗਿਆ ਸੀ ਤਾਂ ਕਿ ਵਿਦਿਆਰਥੀ ਆਪਣੇ ਅਧਿਆਪਕਾਂ ਦੀ ਨਿੰਦਾ ਕਰ ਸਕਣ। ਉਨ੍ਹਾਂ ਨਾਲ ਕੁੱਟਮਾਰ ਕਰ ਸਕਣ ਜਾਂ ਫਿਰ ਉਨ੍ਹਾਂ ਨੂੰ ਜਾਨ ਤੋਂ ਮਾਰ ਸਕਣ।
ਪਰਿਵਾਰ ਅਤੇ ਦੋਸਤਾਂ ਦੇ ਬਿਨਾਂ ਸ਼ੀ ਜਿਨਪਿੰਗ ਕਾਫ਼ੀ ਦਿਨਾਂ ਤੱਕ ਮਾਓ ਦੇ ਬਦਨਾਮ ਰੈੱਡ ਗਾਰਡਜ਼ ਤੋਂ ਬੱਚਦੇ-ਲੁਕਦੇ ਰਹੇ।
ਇੱਕ ਵਾਰੀ ਇੱਕ ਪੱਤਰਕਾਰ ਨੂੰ ਉਨ੍ਹਾਂ ਨੇ ਦੱਸਿਆ ਸੀ, "ਮੈਂ ਸਿਰਫ਼ 14 ਸਾਲ ਦਾ ਸੀ। ਰੈੱਡ ਗਾਰਡਜ਼ ਨੇ ਮੇਰੇ ਤੋਂ ਪੁੱਛਿਆ ਕਿ ਤੁਸੀਂ ਆਪਣੇ ਗੁਨਾਹ ਨੂੰ ਕਿੰਨਾ ਗੰਭੀਰ ਮੰਨਦੇ ਹੋ?"
"ਮੈਂ ਕਿਹਾ ਕਿ ਤੁਸੀਂ ਖੁਦ ਅੰਦਾਜ਼ਾ ਲਾ ਲਓ ਕਿ ਕੀ ਇਹ ਮੈਨੂੰ ਮਾਰਨ ਲਈ ਕਾਫ਼ੀ ਹੈ? ਰੈੱਡ ਗਾਰਡਜ਼ ਨੇ ਕਿਹਾ ਕਿ ਅਸੀਂ ਤੁਹਾਨੂੰ ਸੈਂਕੜੇ ਵਾਰੀ ਮਾਰ ਸਕਦੇ ਹਾਂ। ਮੇਰੇ ਹਿਸਾਬ ਨਾਲ ਇੱਕ ਵਾਰੀ ਮਰਨ ਜਾਂ ਵਾਰੀ-ਵਾਰੀ ਮਾਰੇ ਜਾਣ ਵਿੱਚ ਕੋਈ ਫ਼ਰਕ ਨਹੀਂ।"
ਪੜ੍ਹਾਈ ਦਾ ਸ਼ੌਂਕ
ਸੱਠ ਦੇ ਦਹਾਕੇ ਵਿੱਚ ਚੀਨ ਦੇ ਪਿੰਡਾਂ ਦੀ ਜ਼ਿੰਦਗੀ ਔਖੀ ਹੁੰਦੀ ਸੀ। ਪਿੰਡਾਂ ਤੱਕ ਜਾਣ ਦਾ ਰਾਹ ਵੀ ਪੱਕਾ ਨਹੀਂ ਹੁੰਦਾ ਸੀ।
ਖੇਤੀ ਲਈ ਮਸ਼ੀਨਾਂ ਵੀ ਨਹੀਂ ਸਨ। ਉਸ ਦੌਰ ਵਿੱਚ ਸ਼ੀ ਨੇ ਖਾਦ ਢੋਣ, ਬੰਨ੍ਹ ਬਣਾਉਣ ਅਤੇ ਸੜਕਾਂ ਦੀ ਮੁਰੰਮਤ ਦਾ ਕੰਮ ਸਿੱਖਿਆ ਸੀ।

ਤਸਵੀਰ ਸਰੋਤ, Getty Images
ਉਨ੍ਹਾਂ ਦੇ ਇੱਕ ਕਿਸਾਨ ਸਾਥੀ ਲੂ ਹੋਓਸ਼ੇਂਗ ਨੇ ਦੱਸਿਆ ਸੀ ਕਿ ਭੁੱਖ ਲੱਗਣ 'ਤੇ ਉਹ ਇਹ ਨਹੀਂ ਦੇਖਦੇ ਸਨ ਕਿ ਖਾਣੇ ਵਿੱਚ ਕੀ ਮਿਲ ਰਿਹਾ ਹੈ।
ਰਾਤ ਨੂੰ ਸ਼ੀ ਜਿਨਪਿੰਗ ਆਪਣੀ ਗੁਫ਼ਾ ਵਿੱਚ ਢਿਬਰੀ ਦੀ ਰੌਸ਼ਨੀ ਵਿੱਚ ਪੜ੍ਹਿਆ ਕਰਦੇ ਸੀ। ਉਨ੍ਹਾਂ ਨੂੰ ਪੜ੍ਹਨ ਦਾ ਸ਼ੌਂਕ ਸੀ ਉਹ ਸਿਗਰਟ ਵੀ ਕਾਫ਼ੀ ਘੱਟ ਪੀਂਦੇ ਸਨ।
ਸਿਆਸੀ ਸਫ਼ਰ ਦੀ ਸ਼ੁਰੂਆਤ
ਸ਼ੀ ਦੇ ਦੋਸਤ ਲੂ ਨੇ ਦੱਸਿਆ ਕਿ ਸ਼ੀ ਕਾਫ਼ੀ ਸੰਜੀਦਾ ਕਿਸਮ ਦੇ ਸ਼ਖ਼ਸ ਸਨ। ਹਾਸਾ-ਮਜ਼ਾਕ ਉਨ੍ਹਾਂ ਨੂੰ ਪਸੰਦ ਨਹੀਂ ਸੀ। ਉਹ ਨਾ ਤਾਂ ਦੋਸਤਾਂ ਨਾਲ ਖੇਡਦੇ ਸਨ ਅਤੇ ਨਾ ਹੀ ਉਨ੍ਹਾਂ ਦੀ ਦਿਲਚਸਪੀ ਸਹੇਲੀ ਬਣਾਉਣ ਦੀ ਸੀ।
- 18 ਸਾਲ ਦੀ ਉਮਰ ਵਿੱਚ ਉਹ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਨ ਲਈ ਤਿਆਰ ਸਨ। ਉਹ ਕਮਿਊਨਿਸਟ ਯੂਥ ਲੀਗ ਵਿੱਚ ਸ਼ਾਮਿਲ ਹੋ ਗਏ।
- 21 ਸਾਲ ਦੀ ਉਮਰ ਵਿੱਚ ਵਾਰੀ-ਵਾਰੀ ਠੁਕਰਾਏ ਜਾਣ ਦੇ ਬਾਵਜੂਦ ਕਮਿਊਨਿਸਟ ਪਾਰਟੀ ਦੇ ਮੈਂਬਰ ਬਣ ਗਏ।
- ਜਦੋਂ ਉਨ੍ਹਾਂ ਦੇ ਦੋਸਤ ਖੇਡਣ ਵਿੱਚ ਮਸ਼ਰੂਫ਼ ਰਹਿੰਦੇ ਸਨ ਤਾਂ ਉਹ ਕੰਮ ਵਿੱਚ ਲੱਗੇ ਰਹਿੰਦੇ ਸਨ।
- ਕਮਿਊਨਿਸਟ ਕ੍ਰਾਂਤੀ ਤੋਂ ਬਾਅਦ ਉਹ ਕੱਟੜ ਕਮਿਊਨਿਸਟ ਬਣ ਗਏ ਸਨ। ਜਦੋਂ ਸ਼ੀ 25 ਸਾਲ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਦੀ ਪਾਰਟੀ ਵਿੱਚ ਦੁਬਾਰਾ ਵਾਪਸੀ ਹੋ ਗਈ ਸੀ।
- ਉਨ੍ਹਾਂ ਨੂੰ ਗੁਆਂਗਡੌਂਗ ਸੂਬੇ ਵਿੱਚ ਕੰਮ ਕਰਨ ਲਈ ਭੇਜਿਆ ਗਿਆ ਸੀ। ਚੀਨ ਦਾ ਇਹ ਵੱਡਾ ਸੂਬਾ ਹਾਂਗਕਾਂਗ ਦੇ ਬੇਹੱਦ ਨੇੜੇ ਸੀ। ਇਹ ਚੀਨ ਦੀ ਵਿੱਤੀ ਤਰੱਕੀ ਦਾ ਪਾਵਰਹਾਊਸ ਬਣ ਗਿਆ।
- ਪਿਤਾ ਦੀ ਮਦਦ ਨਾਲ ਸ਼ੀ ਜਿਨਪਿੰਗ ਨੇ ਆਪਣਾ ਕਰੀਅਰ ਤੇਜ਼ੀ ਨਾਲ ਅੱਗੇ ਵਧਾਇਆ।
- 70 ਦੇ ਦਹਾਕੇ ਵਿੱਚ ਉਹ ਚੀਨ ਦੀ ਫੌਜ ਵਿੱਚ ਸ਼ਾਮਿਲ ਹੋ ਗਏ ਸਨ।
ਉਨ੍ਹਾਂ ਨੇ ਕਮਿਊਨਿਸਟ ਪਾਰਟੀ ਦੇ ਟੌਪ ਦੇ ਆਗੂਆਂ ਵਿੱਚ ਪਹੁੰਚਣ ਦਾ ਪੱਕਾ ਇਰਾਦਾ ਕਰ ਲਿਆ ਸੀ।
ਜਿਨਪਿੰਗ ਦੀ ਸ਼ਖ਼ਸੀਅਤ
ਸ਼ੀ ਉਸ ਵੇਲੇ ਸੁਰਖੀਆਂ ਵਿੱਚ ਆਏ ਜਦੋਂ ਉਨ੍ਹਾਂ ਪੇਂਗ ਲਿਉਆਨ ਨਾਲ ਵਿਆਹ ਕਰਵਾਇਆ। ਪੇਂਗ ਇੱਕ ਮਸ਼ਹੂਰ ਗਾਇਕਾ ਸੀ।

ਸ਼ੀ ਜਿਨਪਿੰਗ ਨੂੰ ਸ਼ੁਰੂਆਤੀ ਦੌਰ ਵਿੱਚ ਕਵਰ ਕਰਨ ਵਾਲੇ ਇੱਕ ਸਰਕਾਰੀ ਪੱਤਰਕਾਰ ਨੇ ਦੱਸਿਆ ਸੀ ਕਿ ਉਹ ਬੇਹੱਦ ਬੋਰਿੰਗ ਇਨਸਾਨ ਸਨ।
ਕਮਿਊਨਿਸਟ ਪਾਰਟੀ ਦੇ ਆਗੂ
2012 ਵਿੱਚ ਸੀ ਜਿਨਪਿੰਗ ਚੀਨ ਦੇ ਕਮਿਊਨਿਸਟ ਪਾਰਟੀ ਦੇ ਆਗੂ ਬਣੇ। ਉਹ ਕਮਿਊਨਿਸਟ ਪਾਰਟੀ ਦੇ ਸਾਰੇ ਵਰਗਾਂ ਵਿੱਚ ਆਮ ਸਹਿਮਤੀ ਨਾਲ ਚੁਣੇ ਗਏ ਸਨ।
ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਅਗਲੇ ਪੰਜ ਸਾਲਾਂ ਵਿੱਚ ਉਹ ਕਿਵੇਂ ਆਗੂ ਬਣ ਕੇ ਉਭਰਨ ਵਾਲੇ ਹਨ।
ਸ਼ਾਹੀ ਖਰਚ 'ਤੇ ਰੋਕ
ਸ਼ਾਹੀ ਖਰਚਾ ਰੋਕਣ ਲਈ ਸ਼ੀ ਜਿਨਪਿੰਗ ਨੇ ਵੱਡੇ-ਵੱਡੇ ਭੋਜ ਪ੍ਰਬੰਧ ਕਰਨ 'ਤੇ ਰੋਕ ਲਾ ਦਿੱਤੀ।
ਸ਼ੀ ਜਿਨਪਿੰਗ ਨੇ ਸੱਤਾ ਵਿੱਚ ਆਉਂਦਿਆਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਜੋ ਲੋਕ ਪੈਸਾ ਕਮਾਉਣਾ ਚਾਹੁੰਦੇ ਹਨ ਉਹ ਕਮਿਊਨਿਸਟ ਪਾਰਟੀ ਵਿੱਚ ਨਾ ਆਉਣ।
ਪਾਰਟੀ ਦੇ ਤਕਰੀਬਨ 9 ਕਰੋੜ ਵਰਕਰਾਂ ਦਾ ਮਕਸਦ ਤਾਂ ਪੈਸਾ ਬਣਾਉਣਾ ਹੀ ਸੀ।
ਇਸ ਸਿਸਟਮ ਨੂੰ ਸਾਫ਼ ਕਰਨ ਲਈ ਜਿਨਪਿੰਗ ਨੇ ਕਈ ਨਿਰਦੇਸ਼ ਜਾਰੀ ਕੀਤੇ।
ਪਾਰਟੀ ਦੇ ਹਰ ਆਗੂ ਦੇ ਦਫ਼ਤਰ ਦੇ ਸਾਈਜ਼ ਤੋਂ ਲੈ ਕੇ ਆਗੂਆਂ ਦੇ ਲੰਚ ਜਾਂ ਡਿਨਰ ਵਿੱਚ ਇਸਤੇਮਾਲ ਹੋਣ ਵਾਲੇ ਭਾਂਡਿਆਂ ਦੀ ਗਿਣਤੀ ਨੂੰ ਲੈ ਕੇ ਵੀ ਸ਼ੀ ਨੇ ਨਿਯਮ ਬਣਾ ਦਿੱਤੇ।
ਉਹ ਅਕਸਰ ਪਿੰਡ ਦੇ ਲੋਕਾਂ ਨੂੰ ਮਿਲਣ ਜਾਂਦੇ ਰਹੇ ਹਨ। ਉਹ ਖੁਦ ਨੂੰ ਕਮਿਊਨਿਸਟ ਪਾਰਟੀ ਦੇ ਅਮੀਰ ਅਤੇ ਭ੍ਰਿਸ਼ਟ ਆਗੂਆਂ ਤੋਂ ਵੱਖ ਰੱਖ ਕੇ ਪੇਸ਼ ਕਰਦੇ ਰਹੇ ਹਨ।

ਇਹ ਵੀ ਪੜ੍ਹੋ-












