ਗੁਰੂ ਗੋਬਿੰਦ ਸਿੰਘ ਦਾ ਔਰੰਗਜ਼ੇਬ ਨੂੰ ਲਿਖਿਆ ਜਫ਼ਰਨਾਮਾ ਜਿਸ ਫ਼ਾਰਸੀ ਭਾਸ਼ਾ 'ਚ ਹੈ, ਉਸ ਭਾਸ਼ਾ ਨੇ ਪੰਜਾਬ 'ਤੇ ਕੀ ਛਾਪ ਛੱਡੀ

ਤਸਵੀਰ ਸਰੋਤ, Getty Images
- ਲੇਖਕ, ਅਵਤਾਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
''ਜੇ ਕਿਸੇ ਈਰਾਨੀ ਲਈ ਇਸਲਾਮ ਤੋਂ ਪਹਿਲਾਂ ਦੀ ਸੱਭਿਅਤਾ, ਜੋ ਡੇਢ ਹਜ਼ਾਰ ਸਾਲ ਪੁਰਾਣੀ ਹੈ, ਉਸ ਦੇ ਕੋਈ ਮਾਅਨੇ ਨਹੀਂ ਹਨ ਅਤੇ ਜੇ ਕੋਈ ਭਾਰਤੀ ਕਬੀਰ ਅਤੇ ਅਕਬਰ 'ਤੇ ਮਾਣ ਮਹਿਸੂਸ ਨਹੀਂ ਕਰ ਸਕਦਾ, ਤਾਂ ਇਸ ਵਿੱਚ ਬੀਤੇ ਸਮੇਂ ਦਾ ਕਸੂਰ ਨਹੀਂ, ਸਗੋਂ ਵਰਤਮਾਨ ਦਾ ਦੋਸ਼ ਹੈ।''
ਭਾਰਤੀ ਇਤਿਹਾਸਕਾਰ ਇਰਫ਼ਾਨ ਹਬੀਬ ਆਪਣੀ ਸੰਪਾਦਨ ਕੀਤੀ ਕਿਤਾਬ, 'ਅ ਸ਼ੇਅਰਡ ਹੈਰੀਟੇਜ: ਦਿ ਗਰੋਥ ਆਫ਼ ਸਿਵਲਾਈਜ਼ੇਸ਼ਨਜ਼ ਇੰਡੀਆ ਐਂਡ ਈਰਾਨ' ਵਿੱਚ ਇੱਕ ਈਰਾਨੀ ਇਤਿਹਾਸਕਾਰੀ ਦਾ ਹਵਾਲਾ ਦਿੰਦਿਆ ਇਹ ਸਤਰ੍ਹਾਂ ਲਿਖਦੇ ਹਨ।
ਕਰੀਬ ਅੱਠ ਸਦੀਆਂ ਦੇ ਇਸਲਾਮਿਕ ਰਾਜ ਹੇਠ ਰਹਿਣ ਨਾਲ ਪੰਜਾਬ ਅਤੇ ਹਿੰਦੋਸਤਾਨ ਦੀਆਂ ਭਾਸ਼ਾਵਾਂ, ਸੱਭਿਆਚਾਰ, ਇਮਾਰਤਸਾਜ਼ੀ ਉੱਪਰ ਫ਼ਾਰਸੀ (ਪਰਸ਼ੀਅਮ) ਭਾਸ਼ਾ ਤੇ ਸੱਭਿਅਤਾ ਦਾ ਡੂੰਘਾ ਪ੍ਰਭਾਵ ਪਿਆ ਜੋ ਅੱਜ ਵੀ ਦੇਖਿਆ ਜਾ ਸਕਦਾ ਹੈ।
ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦਾ ਨਾਂ ਵੀ ਫ਼ਾਰਸੀ ਭਾਸ਼ਾ ਦੀ ਦੇਣ ਹੈ। ਇਸ ਦੇ ਨਾਲ ਹੀ 'ਹਿੰਦੋਸਤਾਨ' ਸ਼ਬਦ ਫ਼ਾਰਸੀ ਦੇ "ਹਿੰਦੂ" ਤੋਂ ਆਇਆ ਹੈ, ਜੋ ਸਿੰਧੂ ਨਦੀ ਦੇ ਨਾਮ 'ਤੇ ਰੱਖਿਆ ਗਿਆ ਸੀ।
ਅਮਰੀਕੀ ਇਤਿਹਾਸਕਾਰ ਰਿਚਰਡ ਐੱਮ. ਈਟਨ ਆਪਣੀ ਕਿਤਾਬ 'ਇੰਡੀਆ ਇਨ ਪਰਸੀਅਨੇਟ ਏਜ' ਵਿੱਚ ਲਿਖਦੇ ਹਨ ਕਿ ਇਹ ਮੰਨਿਆ ਜਾਂਦਾ ਹੈ ਕਿ ਭਾਰਤੀ ਸੱਭਿਅਤਾ ਸਦੀਆਂ ਤੋਂ ਦੂਜੇ ਲੋਕਾਂ ਅਤੇ ਸੱਭਿਆਚਾਰਾਂ ਨਾਲ ਚੰਗੇ ਸਬੰਧਾਂ ਵਿੱਚੋਂ ਵਿਕਸਤ ਹੋਈ ਹੈ।
ਈਟਨ ਲਿਖਦੇ ਹਨ, ''ਗਿਆਰ੍ਹਵੀਂ ਸਦੀ ਤੋਂ ਫ਼ਾਰਸੀ ਦੀਆਂ ਲਿਖਤਾਂ ਅਤੇ ਫ਼ਾਰਸੀ ਬੋਲਣ ਵਾਲੇ ਲੋਕ ਪੱਛਮੀ, ਮੱਧ ਅਤੇ ਦੱਖਣੀ ਏਸ਼ੀਆ ਵਿੱਚ ਫੈਲਦੇ ਗਏ ਅਤੇ ਸੰਘਣਾ ਘੇਰਾ ਬਣਾਉਂਦੇ ਰਹੇ।''
ਫ਼ਾਰਸੀ ਭਾਰਤੀ ਉਪ- ਮਹਾਂਦੀਪ 'ਚ ਕਿਵੇਂ ਪਹੁੰਚੀ?

ਤਸਵੀਰ ਸਰੋਤ, Getty Images
ਭਾਰਤ ਵਿੱਚ ਅੰਗਰੇਜ਼ਾਂ ਦੇ ਆਉਣ ਤੋਂ ਸਦੀਆਂ ਪਹਿਲਾਂ, ਦਿੱਲੀ ਸਲਤਨਤ ਅਤੇ ਮੁਗਲ ਸਾਮਰਾਜ ਨੇ ਭਾਰਤੀ ਉੱਪ ਮਹਾਂਦੀਪ 'ਤੇ ਆਪਣੀ ਇੱਕ ਅਮਿੱਟ ਛਾਪ ਛੱਡੀ। ਇਹ ਛਾਪ ਸਿਰਫ਼ ਜੰਗਾਂ ਰਾਹੀਂ ਮਿਲੀਆਂ ਜਿੱਤਾਂ ਨਾਲ ਹੀ ਨਹੀਂ, ਸਗੋਂ ਕਵਿਤਾ, ਪ੍ਰੇਮ ਦੇ ਕਿੱਸੇ, ਆਰਕੀਟੈਕਚਰ ਅਤੇ ਖਾਣੇ ਰਾਹੀਂ ਵੀ ਛੱਡੀ ਗਈ।
ਦਿੱਲੀ ਸਲਤਨਤ (1206 ਤੋਂ 1526), ਮੁਗਲ ਕਾਲ (1526 ਤੋਂ 1857) ਅਤੇ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ (1799 ਤੋਂ1849) ਵਿੱਚ ਫ਼ਾਰਸੀ ਸਰਕਾਰੀ ਕੰਮਕਾਜ ਦੀ ਭਾਸ਼ਾ ਰਹੀ ਹੈ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਤਿਹਾਸ ਵਿਭਾਗ ਵਿੱਚੋਂ ਸੇਵਾ ਮੁਕਤ ਸਾਬਕਾ ਪ੍ਰੋਫੈਸਰ ਸੁਰਿੰਦਰ ਸਿੰਘ ਦੱਸਦੇ ਹਨ ਕਿ ਫ਼ਾਰਸੀ ਦਾ ਅਸਰ ਤੁਰਕ ਸਾਮਰਾਜ ਦੀ ਆਮਦ ਦੇ ਨਾਲ ਦਸਵੀਂ ਸਦੀ ਦੇ ਅੰਤ ਅਤੇ ਗਿਆਰਵੀਂ ਸਦੀ ਦੀ ਸ਼ੁਰੂਆਤ ਵਿੱਚ ਹੁੰਦਾ ਹੈ।
ਸੁਰਿੰਦਰ ਸਿੰਘ ਕਹਿੰਦੇ ਹਨ, ''ਫ਼ਾਰਸੀ ਦੇ ਪ੍ਰਸਾਰ ਦੇ ਕਾਲ ਦੀ ਜੇ ਗੱਲ ਕਰੀਏ ਤਾਂ ਇਹ ਗਿਆਰਵੀਂ ਸਦੀਂ ਤੋਂ 18ਵੀਂ ਸਦੀ ਦੇ ਅੱਧ ਤੱਕ ਤੁਰਕਾਂ ਅਤੇ ਮੁਗਲਾਂ ਦੇ ਰਾਜ ਤੱਕ ਦਾ ਬਣਦਾ ਹੈ।ਭਾਵੇਂ ਤੁਰਕ ਅਫਗਾਨ ਅਤੇ ਮੁਗਲ ਨਸਲੀ ਤੌਰ 'ਤੇ ਵੱਖ-ਵੱਖ ਹਨ ਪਰ ਸੱਭਿਆਚਾਰਕ ਤੌਰ 'ਤੇ ਇਹ ਸਭ ਫ਼ਾਰਸੀ (ਪਰਸੀਅਨ) ਲੋਕ ਹਨ।''
ਉਹ ਕਹਿੰਦੇ ਹਨ, ''ਇਹਨਾਂ ਸਮਿਆਂ ਵਿੱਚ ਇਕੱਲੇ ਧਾੜਵੀ ਨਹੀਂ ਆਏ ਸਗੋਂ ਉਹਨਾਂ ਨਾਲ ਕਵੀ, ਵਿਦਵਾਨ, ਸੂਫ਼ੀ, ਨੌਕਰੀਆਂ ਕਰਨ ਵਾਲੇ ਅਤੇ ਵਪਾਰੀ ਵੀ ਆਏ। ਇਹਨਾਂ ਦਾ ਵੱਡੇ ਪੱਧਰ ਉਪਰ ਪਰਵਾਸ ਹੋਇਆ। ਇਹ ਲੋਕ ਅਫ਼ਗਾਨੀਸਤਾਨ, ਮੱਧ ਏਸ਼ੀਆ ਅਤੇ ਪਰਸੀਆ ਤੋਂ ਆਉਂਦੇ ਰਹੇ। ਇਹਨਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਭਾਰਤ ਵਿੱਚ ਆਪਣਾ ਕਰੀਅਰ ਬਣਾਇਆ, ਇਹ ਸ਼ਾਂਤੀ ਪਸੰਦ ਤਬਕਾ ਸੀ।''
ਈਟਨ ਲਿਖਦੇ ਹਨ, ''ਕਾਰੀਗਰ, ਭਾੜੇ ਦੇ ਸੈਨਿਕ, ਸੂਫ਼ੀ ਸ਼ੇਖ, ਗੁਲਾਮ, ਕਵੀ, ਵਿਦਵਾਨ, ਡਿਪਲੋਮੈਟ, ਪ੍ਰਵਾਸੀ, ਤੀਰਥ ਯਾਤਰੀ ਅਤੇ ਵਪਾਰੀ ਸਾਰੇ ਸਮੁੰਦਰੀ ਅਤੇ ਜ਼ਮੀਨੀ ਰਸਤਿਆਂ ਰਾਹੀਂ ਯਾਤਰਾ ਕਰਦੇ ਸਨ। ਇਹਨਾਂ ਨੇ ਫ਼ਾਰਸੀ ਸੰਸਾਰ ਦਾ ਘੇਰਾ ਵਧਾਇਆ।''
ਇਤਿਹਾਸਕਾਰ ਪ੍ਰੋਫੈਸਰ ਸੁਮੇਲ ਸਿੱਧੂ ਕਹਿੰਦੇ ਹਨ ਕਿ ਭਾਰਤ ਵਿੱਚ ਧਾੜਵੀਆਂ ਦੇ ਆਉਣ ਤੋਂ ਲੰਮਾਂ ਸਮਾਂ ਪਹਿਲਾਂ ਵਪਾਰੀਆਂ ਦਾ ਆਉਣਾ ਜਾਣਾ ਵੀ ਸੀ ਜੋ ਭਾਸ਼ਾ ਅਤੇ ਸੱਭਿਆਚਾਰ ਦੇ ਅਦਾਨ -ਪ੍ਰਧਾਨ ਦਾ ਇੱਕ ਵੱਡਾ ਸਾਧਨ ਸੀ।
ਪਰਸੀਅਨੇਟ ਸੰਸਾਰ ਕੀ ਸੀ ?

ਤਸਵੀਰ ਸਰੋਤ, Getty Images
ਪਰਸੀਅਨੇਟ ਸੰਸਾਰ ਵਿੱਚ ਈਰਾਨ (ਪਰਸੀਆ- ਜਿੱਥੇ ਪਰਸੀਆ ਸੱਭਿਆਚਾਰ ਦਾ ਜਨਮ ਹੋਇਆ), ਮੱਧ ਏਸ਼ੀਆ ( ਮੌਜੂਦਾ ਉਜ਼ਬੇਕਿਸਤਾਨ, ਤਜਾਕਿਸਤਾਨ ਅਤੇ ਅਫ਼ਗਾਨੀਸਤਾਨ), ਭਾਰਤ, ਪਾਕਿਤਸਾਨ ਅਤੇ ਓਟੋਮੈਨ ਸਾਮਰਾਜ ਆਦਿ ਸ਼ਾਮਲ ਹੈ।
ਇਤਿਹਾਸਿਕ ਤੌਰ 'ਤੇ ਇਸ ਦਾ ਅਰਥ ਹੈ ਕਿ ਜੋ ਇਲਾਕੇ ਫ਼ਾਰਸੀ ਭਾਸ਼ਾ, ਸੱਭਿਆਚਾਰ, ਕਲਾ ਅਤੇ ਪ੍ਰਸ਼ਾਸਨ ਦੇ ਪ੍ਰਭਾਵ ਹੇਠ ਸਨ।
ਈਟਨ ਲਿਖਦੇ ਹਨ ਕਿ ਭਾਰਤ ਵਿੱਚ ਵੱਡਾ ਬਦਲਾਅ ਉਸ ਸਮੇਂ ਆਇਆ ਜਦੋਂ 1582 ਵਿੱਚ ਅਕਬਰ ਨੇ ਇੱਕ ਰਾਜਨੀਤਿਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਸਪੱਸ਼ਟ ਉਦੇਸ਼ ਨਾਲ ਧਾਰਮਿਕ ਅਤੇ ਸੱਭਿਆਚਾਰਕ ਭਾਈਚਾਰਿਆਂ ਉੱਤੇ ਪ੍ਰਭਾਵ ਪਾਉਣ ਲਈ ਫਾਰਸੀ ਨੂੰ ਸਰਕਾਰੀ ਭਾਸ਼ਾ ਵਜੋਂ ਸਥਾਪਿਤ ਕੀਤਾ।
ਉਹ ਲਿਖਦੇ ਹਨ, '' ਕਈ ਪੀੜ੍ਹੀਆਂ ਦੇ ਅੰਦਰ ਹੀ ਭਾਰਤ ਫ਼ਾਰਸੀ ਬੋਲਣ ਜਾਂ ਪੜ੍ਹਨ ਵਾਲੇ ਲੋਕਾਂ ਦਾ ਇੱਕ ਪ੍ਰਮੁੱਖ ਕੇਂਦਰ ਬਣ ਗਿਆ ਸੀ।''
ਈਟਨ ਆਪਣੀ ਕਿਤਾਬ ਵਿੱਚ ਲਿਖਦੇ ਹਨ, ''ਸਾਲ 1700 ਤੱਕ ਭਾਰਤ ਸ਼ਾਇਦ ਫ਼ਾਰਸੀ ਸਾਹਿਤ ਅਤੇ ਵਿਦਵਤਾ ਦੀ ਸਰਪ੍ਰਸਤੀ ਲਈ ਦੁਨੀਆ ਦਾ ਮੋਹਰੀ ਕੇਂਦਰ ਸੀ। ਇੱਥੇ ਈਰਾਨ ਨਾਲੋਂ ਅੰਦਾਜ਼ਨ ਸੱਤ ਗੁਣਾ ਜ਼ਿਆਦਾ ਲੋਕ ਫ਼ਾਰਸੀ ਬੋਲਦੇ ਸਨ।''
ਸਾਹਿਤ ਅਤੇ ਭਾਸ਼ਾਵਾਂ 'ਤੇ ਅਸਰ

ਤਸਵੀਰ ਸਰੋਤ, Punit Barnala/BBC
ਫ਼ਾਰਸੀ ਦਾ ਪੰਜਾਬੀ ਅਤੇ ਭਾਰਤੀ ਸਾਹਿਤ 'ਤੇ ਡੂੰਘਾ ਪ੍ਰਭਾਵ ਪਿਆ ਜੋ ਮੁੱਖ ਤੌਰ 'ਤੇ ਮੱਧਕਾਲ ਸਮੇਂ, ਖਾਸ ਕਰਕੇ ਮੁਗ਼ਲ ਸਾਮਰਾਜ ਦੌਰਾਨ ਸਪੱਸ਼ਟ ਦਿਖਾਈ ਦਿੰਦਾ ਹੈ। ਮੌਜੂਦਾ ਸਮੇਂ ਵਿੱਚ ਆਮ ਬੋਲੇ ਜਾਂਦੇ ਗਵਾਹ, ਦਲੀਲ, ਇਨਸਾਫ਼ ਅਤੇ ਖ਼ਸਰਾ ਆਦਿ ਸ਼ਬਦ ਫ਼ਾਰਸੀ ਦੇ ਭਾਰਤ ਵਿੱਚ ਪ੍ਰਭਾਵ ਨੂੰ ਦਰਸਾਉਂਦੇ ਹਨ।
ਈਰਾਨ ਖਿੱਤੇ ਦੀ ਇਸ ਭਾਸ਼ਾ ਰਾਹੀਂ ਇਸ਼ਕ ਦੇ ਕਿੱਸੇ ਭਾਰਤੀ ਉੱਪ ਮਹਾਂਦੀਪ ਵਿੱਚ ਪਹੁੰਚੇ। ਇਹਨਾਂ ਵਿੱਚ ਸ਼ੀਰੀ ਫ਼ਰਹਾਦ, ਲੈਲਾ-ਮਜਨੂੰ ਅਤੇ ਯੂਸਫ਼-ਜੁਲੈਖ਼ਾਂ ਦੇ ਇਸ਼ਕ ਦੀਆਂ ਕਹਾਣੀਆਂ ਨੂੰ ਭਾਰਤੀ ਲੋਕਾਂ ਨੇ ਪੜ੍ਹਨਾ ਸ਼ੁਰੂ ਕੀਤਾ।
ਇਸੇ ਦੌਰਾਨ ਭਾਰਤੀ ਸੂਫ਼ੀ ਸ਼ਾਇਰਾਂ 'ਤੇ ਵੀ ਫ਼ਾਰਸੀ ਦੇ ਵਿਦਵਾਨਾਂ ਅਤੇ ਕਵੀਆਂ ਦਾ ਪ੍ਰਭਾਵ ਪਿਆ ਦੱਸਿਆ ਜਾਂਦਾ ਹੈ।
ਪੰਜਾਬੀ ਭਾਸ਼ਾ ਦੇ ਸਾਬਕਾ ਪ੍ਰੋਫੈਸਰ ਸੁਖਦੇਵ ਸਿੰਘ ਸਿਰਸਾ ਕਹਿੰਦੇ ਹਨ, ''ਜਦੋਂ ਕੋਈ ਕੌਮ ਕਿਸੇ ਦੂਜੀ ਕੌਮ ਉਪਰ ਰਾਜ ਕਰਦੀ ਹੈ ਤਾਂ ਉਹ ਸਿਰਫ਼ ਰਾਜਨੀਤਿਕ ਤੌਰ ਉਪਰ ਹੀ ਪ੍ਰਭਾਵ ਨਹੀਂ ਪਾਉਂਦੀ ਸਗੋਂ ਸੱਭਿਆਚਾਰ ਅਤੇ ਰਹਿਣ ਸਹਿਣ ਨੂੰ ਵੀ ਆਪਣੇ ਪ੍ਰਭਾਵ ਹੇਠ ਲੈਂਦੀ ਹੈ। ਫ਼ਾਰਸੀ ਲੰਮੇ ਸਮੇਂ ਤੱਕ ਸਾਡੇ ਖਿੱਤੇ ਦੀ ਰਾਜ ਭਾਸ਼ਾ ਰਹੀ ਹੈ, ਇਸੇ ਕਾਰਨ ਕੁਦਰਤੀ ਸੀ ਕਿ ਸਾਡੇ ਉਪਰ ਫ਼ਾਰਸੀ ਸਾਹਿਤ ਦਾ ਅਸਰ ਪੈਣਾ ਸੀ।''
ਭਾਰਤ-ਪਾਕਿਸਤਾਨ ਵੰਡ ਤੋਂ ਪਹਿਲਾਂ ਪੰਜਾਬੀ ਵਿੱਚ ਸੁਲਤਾਨ ਬਾਹੂ, ਵਾਰਿਸ ਸ਼ਾਹ, ਬੁੱਲੇਸ਼ਾਹ ਅਤੇ ਬਾਬਾ ਫ਼ਰੀਦ ਸਮੇਤ ਬਹੁਤ ਸਾਰੇ ਸੂਫ਼ੀ ਕਵੀ ਹੋਏ ਹਨ ਜਿੰਨ੍ਹਾਂ ਨੇ ਮਰਦ-ਔਰਤ ਦੇ ਇਸ਼ਕ, ਇਨਸਾਨ ਅਤੇ ਰੱਬ ਦੇ ਪ੍ਰੇਮ ਬਾਰੇ ਲਿਖਿਆ।

ਤਸਵੀਰ ਸਰੋਤ, Punit Barnala/BBC
ਵਾਰਿਸ ਸ਼ਾਹ ਵੱਲੋਂ ਹੀਰ-ਰਾਂਝੇ ਦੀ ਪ੍ਰੇਮ ਕਥਾ ਦਾ ਕਿੱਸਾ ਪੰਜਾਬੀ ਦੀ ਇੱਕ ਸ਼ਾਹਕਾਰ ਰਚਨਾ ਮੰਨੀ ਜਾਂਦੀ ਹੈ। ਬੁੱਲ੍ਹੇ ਸ਼ਾਹ ਦੀਆਂ ਕਾਫੀਆਂ ਅਤੇ ਸੁਲਤਾਨ ਬਾਹੂ ਦੀਆਂ ਸਿਹਰਫੀਆਂ ਵਿੱਚ ਫ਼ਾਰਸੀ ਸੂਫ਼ੀ ਸ਼ਬਦਾਵਲੀ ਅਤੇ ਰੂਹਾਨੀ ਵਿਚਾਰ ਸਪੱਸ਼ਟ ਦਿਖਦੇ ਹਨ।
ਸੁਮੇਲ ਸਿੱਧੂ ਕਹਿੰਦੇ ਹਨ, ''ਪੰਜਾਬੀ ਦੇ ਕਿੱਸੇ ਫ਼ਾਰਸੀ ਦੇ ਕਿੱਸਿਆਂ ਦੇ ਢਾਂਚੇ ਉਪਰ ਅਧਾਰਿਤ ਹਨ। ਅਸਲ ਵਿੱਚ ਫ਼ਾਰਸੀ ਦੇ ਕਵੀ ਫਿਰਦੌਸੀ ਦਾ ਸ਼ਾਹਨਾਮਾ, ਰੂਮੀ ਅਤੇ ਸ਼ੇਖ਼ ਸਆਦੀ ਦੀਆਂ ਕਵਿਤਾਵਾਂ ਨੂੰ ਪੜ੍ਹਨਾ ਸ਼ਾਇਰ ਬਣਨ ਲਈ ਇੱਕ ਤਰ੍ਹਾਂ ਦੇ ਸਿਲੇਬਸ ਸਨ।''
ਸੁਰਿੰਦਰ ਸਿੰਘ ਕਹਿੰਦੇ ਹਨ, ''ਸਿੰਧੂ ਤੋਂ ਲੈ ਕੇ ਬ੍ਰਹਮਪੁੱਤਰਾ ਤੱਕ ਦੇ ਇਲਾਕਿਆਂ ਵਿੱਚ ਫ਼ਾਰਸੀ ਦਾ ਸਥਾਨਕ ਭਾਸ਼ਾਵਾਂ ਨਾਲ ਲੈਣ-ਦੇਣ ਚੱਲਦਾ ਹੈ। ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਭਾਸ਼ਾਵਾਂ ਵਿੱਚ ਬਾਣੀ ਹੈ ਜਿਸ ਵਿੱਚ ਬਹੁਤ ਸਾਰੇ ਫ਼ਾਰਸੀ ਦੇ ਸ਼ਬਦ ਦਰਜ ਹਨ।''
ਫ਼ਾਰਸੀ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵੀ ਸਰਕਾਰੀ ਭਾਸ਼ਾ ਦਾ ਦਰਜਾ ਸੀ। ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੋ ਫ਼ਾਰਸੀ ਦੇ ਖੁਦ ਵੀ ਕਵੀ ਅਤੇ ਵਿਦਵਾਨ ਸਨ, ਉਹਨਾਂ ਨੇ ਮੁਗਲਾਂ ਖਿਲਾਫ਼ ਲੜਾਈਆਂ ਲੜੀਆਂ ਅਤੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਜੋ ਚਿੱਠੀ 1705 ਵਿੱਚ ਲਿਖੀ ਸੀ ਜਿਸ ਨੂੰ 'ਜ਼ਫਰਨਾਮਾ' ਕਿਹਾ ਗਿਆ ਉਹ ਵੀ ਫ਼ਾਰਸੀ ਵਿੱਚ ਲਿਖੀ ਸੀ।
ਕਿਹੜੇ ਹਿੰਦੂ ਮੂਲ ਦੇ ਲੇਖਕ ਫ਼ਾਰਸੀ ’ਚ ਲਿਖਣ ਲੱਗੇ
ਭਾਵੇਂ ਇਸ ਸਮੇਂ ਦੌਰਾਨ ਭਾਰਤ ਵਿੱਚ ਫ਼ਾਰਸੀ ਦੇ ਵੱਡੇ ਕਵੀ ਅਮੀਰ ਖੁਸਰੋ (1253-1325) ਅਤੇ ਅਬੁਲ ਫਜ਼ਲ (1551-1602) ਦਾ ਬੋਲਬਾਲਾ ਸੀ ਪਰ ਇਸ ਦੌਰਾਨ ਬਹੁਤ ਸਾਰੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਵੀ ਫ਼ਾਰਸੀ ਵਿੱਚ ਮੁਹਾਰਤ ਹਾਸਿਲ ਕਰ ਲਈ ਸੀ ਅਤੇ ਉਹਨਾਂ ਨੇ ਵੀ ਲਿਖਣਾ ਸ਼ੁਰੂ ਕਰ ਦਿੱਤਾ ਸੀ।
ਇਹਨਾਂ ਵਿੱਚ ਭਾਈ ਨੰਦ ਲਾਲ, ਚੰਦਰਭਾਨ ਬ੍ਰਾਹਮਣ, ਸੁਜਾਨ ਰਾਏ ਭੰਡਾਰੀ ਅਤੇ ਅਨੰਦਰਾਮ ਮੁਖਲਿਸ ਦੇ ਨਾਮ ਮੁੱਖ ਹਨ।
ਪ੍ਰੋਫੈਸਰ ਸੁਰਿੰਦਰ ਸਿੰਘ ਕਹਿੰਦੇ ਹਨ, ''ਜੋ ਹਿੰਦੂ ਮੁਗਲ ਦਰਬਾਰ ਵਿੱਚ ਨੌਕਰੀਆਂ ਕਰਦੇ ਸਨ, ਉਹਨਾਂ ਨੇ ਫ਼ਾਰਸੀ ਵਿੱਚ ਗ੍ਰੰਥ ਲਿਖੇ ਅਤੇ ਸ਼ਾਇਰੀ ਵੀ ਕੀਤੀ।''
ਭਾਰਤੀ ਇਮਾਰਤਸਾਜ਼ੀ 'ਤੇ ਪ੍ਰਭਾਵ

ਤਸਵੀਰ ਸਰੋਤ, Getty Images
ਫ਼ਾਰਸੀ ਇਮਾਰਤਸਾਜ਼ੀ ਨੇ ਭਾਰਤੀ ਉੱਪ ਮਹਾਂਦੀਪ ਵਿੱਚ ਆਪਣੀ ਅਮਿੱਟ ਛਾਪ ਛੱਡੀ ਹੈ ਜਿਸ ਵਿੱਚ ਇਹਨਾਂ ਦਾ ਡਿਜ਼ਾਈਨ, ਬਣਤਰ ਅਤੇ ਅਲੰਕਾਰ ਸ਼ਾਮਿਲ ਹਨ।
ਫ਼ਾਰਸੀ ਦੀ ਕਲਾਕਾਰੀ ਵਿੱਚ ਵੱਡੇ ਗੁੰਬਦ ਅਤੇ ਪਤਲੀਆਂ ਮੀਨਾਰਾਂ, ਭਾਰਤੀ ਇਮਾਰਤਾਂ ਵਿੱਚ ਪ੍ਰਚਲਿਤ ਹੋਈਆਂ। ਹੁਮਾਯੂੰ ਦਾ ਮਕਬਰਾ, ਤਾਜ ਮਹਿਲ ਅਤੇ ਕਸ਼ਮੀਰ ਦਾ ਸ਼ਾਲੀਮਾਰ ਬਾਗ ਇਸ ਦੀਆਂ ਖਾਸ ਉਦਾਰਹਣਾਂ ਹਨ।
ਪ੍ਰੋਫੈਸਰ ਸੁਖਦੇਵ ਸਿੰਘ ਸਿਰਸਾ ਕਹਿੰਦੇ ਹਨ, ''ਤਾਜ ਮਹਿਲ ਸਮੇਤ ਪੰਜਾਬ ਵਿੱਚ ਗੁਰਦੁਆਰਿਆਂ ਅਤੇ ਮਸੀਤਾਂ ਵਿੱਚ ਜੋਂ ਗੁੰਬਦ ਦੇਖਦੇ ਹਾਂ ਉਹ ਸਾਰਾ ਫ਼ਾਰਸੀ ਇਮਾਰਤਸਾਜ਼ੀ ਹੈ। ਮਸਜਿਦਾਂ ਉਪਰ ਹਰੇ ਰੰਗ ਦੇ ਝੰਡੇ ਵੀ ਇਸੇ ਸੱਭਿਅਤਾ ਦੀ ਦੇਣ ਹਨ।''
ਸੁਰਿੰਦਰ ਸਿੰਘ ਦੱਸਦੇ ਹਨ, ''ਤਾਜ ਮਹਿਲ ਅਤੇ ਦਿੱਲੀ ਦੀ ਜਾਮਾ ਮਸਜਿਦ ਤਾਂ ਰਾਜ ਕਰ ਰਹੇ ਲੋਕਾਂ ਨੇ ਬਣਾਈਆਂ ਪਰ ਬਹੁਤ ਸਾਰੀਆਂ ਸਰਾਵਾਂ ਸੜਕਾਂ ਨੇੜੇ ਵੀ ਬਣੀਆਂ ਜਿਸ ਵਿੱਚ ਪੰਜਾਬ ਦੇ ਨੂਰ ਮਹਿਲ ਅਤੇ ਦੁਰਾਹੇ ਦੀ ਸਰਾਂ ਵੀ ਸ਼ਾਮਿਲ ਹੈ। ਇਸ ਦੇ ਨਾਲ ਹੀ ਕਈ ਤਰ੍ਹਾਂ ਦੀ ਪੇਂਟਿੰਗ, ਪੇਂਟਰ ਅਤੇ ਇੰਜੀਨੀਅਰ ਵੀ ਲਿਆਂਦੇ ਗਏ ਸਨ।''
ਫ਼ਾਰਸੀ ਦਾ ਭਾਰਤੀ ਖਾਣੇ 'ਤੇ ਪ੍ਰਭਾਵ

ਤਸਵੀਰ ਸਰੋਤ, Getty Images
ਫ਼ਾਰਸੀ ਸੱਭਿਆਚਾਰ ਨੇ ਭਾਰਤੀ ਰਸੋਈ, ਖਾਸ ਕਰਕੇ ਮੁਗ਼ਲਈ ਖਾਣੇ, 'ਤੇ ਡੂੰਘਾ ਪ੍ਰਭਾਵ ਛੱਡਿਆ। ਮੁਗ਼ਲ ਸਮਰਾਟਾਂ ਨੇ ਫ਼ਾਰਸੀ ਪਕਵਾਨਾਂ ਅਤੇ ਰਸੋਈ ਤਕਨੀਕਾਂ ਨੂੰ ਭਾਰਤ ਵਿੱਚ ਪ੍ਰਚਲਿਤ ਕੀਤਾ, ਜੋ ਸਥਾਨਕ ਸੁਆਦਾਂ ਨਾਲ ਮਿਲ ਕੇ ਮੁਗ਼ਲਈ ਰਸੋਈ ਦੀ ਸਿਰਜਣਾ ਕਰਦੀਆਂ ਸਨ।
ਇਸ ਵਿੱਚ ਬਿਰਆਨੀ, ਪੁਲਾਓ, ਕਬਾਬ, ਸੁੱਕੇ ਮੇਵੇ ਅਤੇ ਮਸਾਲੇ ਸ਼ਾਮਿਲ ਹਨ। ਹਲਾਂਕਿ ਦੋਵਾਂ ਸੱਭਿਆਤਾਵਾਂ ਵਿੱਚ ਬਹੁਤ ਸਾਰੇ ਰਸਮਾਂ-ਰਿਵਾਜ਼ ਇੱਕੋ ਜਿਹੇ ਹਨ।
ਈਰਾਨ ਦੇ ਤਹਿਰਾਨ ਯੂਨੀਵਰਸਿਟੀ ਤੋਂ ਫ਼ਾਰਸੀ ਵਿੱਚ ਪੀਐੱਚਡੀ ਕਰਨ ਵਾਲੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਫ਼ਾਰਸੀ ਦੇ ਪ੍ਰੋਫੈਸਰ ਜ਼ੁਲਫੀਕਾਰ ਅਲੀ ਕਹਿੰਦੇ ਹਨ, ''ਇਤਿਹਾਸਿਕ ਤੌਰ ਉਪਰ ਅਸੀਂ ਸਾਰੇ ਆਰੀਅਨ ਭਾਈਚਾਰੇ ਨਾਲ ਸਬੰਧ ਰੱਖਦੇ ਹਾਂ ਜਿਸ ਕਾਰਨ ਭਾਰਤੀਆਂ ਅਤੇ ਈਰਾਨੀਆਂ ਦਾ ਸੱਭਿਆਚਾਰ ਅਤੇ ਜ਼ੁਬਾਨ ਇੱਕ ਸੀ।''
''ਖਾਣੇ ਅਤੇ ਵਿਆਹ ਦੀਆਂ ਰਸਮਾਂ ਵੀ ਇੱਕੋ ਜਿਹੀਆਂ ਹਨ। ਉੱਥੇ ਵੀ ਗੀਤ ਗਾਏ ਜਾਂਦੇ ਹਨ, ਇੱਥੇ ਵੀ। ਕਿਸੇ ਸਮੇਂ ਦੋਵੇਂ ਪਾਸੇ ਵਿਆਹ ਸਮੇਂ ਮਹਿੰਦੀ ਲੱਗਦੀ ਸੀ ਪਰ ਅੱਜ-ਕੱਲ਼੍ਹ ਈਰਾਨ ਵਿੱਚ ਵਿਆਹ ਸਮੇਂ ਔਰਤਾਂ ਮਹਿੰਦੀ ਨਹੀਂ ਲਗਾਉਂਦੀਆਂ।''
ਕੀ ਈਰਾਨੀ ਲੋਕਾਂ ਨੇ ਵੀ ਭਾਰਤ ਤੋਂ ਸਿੱਖਿਆ?

ਤਸਵੀਰ ਸਰੋਤ, Getty Images
ਭਾਰਤੀ ਭਾਸ਼ਾਵਾਂ ਤੇ ਸੱਭਿਆਚਾਰ ਦਾ ਅਸਰ ਵੀ ਈਰਾਨ ਸਣੇ ਮੱਧ ਏਸ਼ੀਆ ਦੀਆਂ ਹੋਰ ਸਭਿਅਤਾਵਾਂ ਉੱਤੇ ਪਿਆ। ਸੰਸਕ੍ਰਿਤ ਨਾਲ ਵੀ ਫ਼ਾਰਸੀ ਦੀ ਸਾਂਝ ਬਣੀ।
ਈਟਨ ਲਿਖਦੇ ਹਨ ਕਿ ਸੰਸਕ੍ਰਿਤ ਇਕੱਲੀ ਭਾਸ਼ਾ ਨਹੀਂ ਹੈ ਜੋ ਯਾਤਰਾ ਕਰਦੀ ਹੈ। ਉਹ ਲਿਖਦੇ ਹਨ, ''ਸੰਸਕ੍ਰਿਤ ਦੀਆਂ ਲਿਖਤਾਂ ਦੇ ਪ੍ਰਸਾਰ ਅਤੇ ਉਹਨਾਂ ਨੂੰ ਲਿਜਾਣ ਵਾਲੇ ਲੋਕਾਂ ਨੇ ਸਾਂਝੇ ਮੁਹਾਵਰਿਆਂ ਅਤੇ ਸ਼ੈਲੀਆਂ ਦਾ ਇੱਕ ਨੈੱਟਵਰਕ ਬਣਾਇਆ। ਇਹ ਸੁਹਜ, ਰਾਜਨੀਤੀ, ਸ਼ਾਹੀ ਗੁਣ, ਸਿੱਖਿਆ ਅਤੇ ਪ੍ਰਭੂਸੱਤਾ ਦੀ ਸਰਵਵਿਆਪਕਤਾ ਬਾਰੇ ਇੱਕੋ ਜਿਹੇ ਦਾਅਵੇ ਕਰਦੇ ਸਨ।''
ਪ੍ਰੋਫੈਸਰ ਜ਼ੁਲਫੀਕਾਰ ਕਹਿੰਦੇ ਹਨ, ''ਇੱਕ ਜ਼ਮਾਨੇ ਵਿੱਚ ਸੰਸਕ੍ਰਿਤ ਨੇ ਭਾਰਤ ਅਤੇ ਈਰਾਨ ਵਿੱਚ ਪੁਲ ਦਾ ਕੰਮ ਕੀਤਾ ਹੈ। ਸੰਸਕ੍ਰਿਤ ਦੀਆਂ ਬਹੁਤ ਸਾਰੀਆਂ ਚੀਜ਼ਾਂ ਫ਼ਾਰਸੀ ਵਿੱਚ ਅਨੁਵਾਦ ਹੋਈਆਂ ਹਨ ਜੋ ਫ਼ਾਰਸੀ ਸਾਹਿਤ ਵਿੱਚ ਸਿਲੇਬਸ ਦੇ ਤੌਰ 'ਤੇ ਪੜ੍ਹਾਈਆਂ ਜਾਂਦੀਆਂ ਹਨ।''
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












