ਰੂਸ ਅਤੇ ਯੂਕਰੇਨ ਵੱਲੋਂ ਇੱਕ ਦੂਜੇ ਖਿਲਾਫ਼ ਵਰਤੇ ਜਾ ਰਹੇ ਡਰੋਨਾਂ ਵਿੱਚ ਕੀ ਹੈ ਖਾਸ

ਤਸਵੀਰ ਸਰੋਤ, Reuters
ਯੂਕਰੇਨ ਨੇ ਇਲਜ਼ਾਮ ਲਗਾਇਆ ਹੈ ਕਿ ਰੂਸ ਕੀਵ ਵਿੱਚ ਉਸਦੇ ਨਾਗਰਿਕਾਂ ਖਿਲਾਫ਼ "ਕੈਮਾਕਾਜ਼ੀ" ਡਰੋਨ ਵਰਤ ਰਿਹਾ ਹੈ।
ਇਹ ਡਰੋਨ ਵਿਸਫੋਟਕ ਲਿਜਾ ਸਕਦੇ ਹਨ ਜੋ ਨਿਸ਼ਾਨੇ 'ਤੇ ਪਹੁੰਚ ਕੇ ਫਟ ਜਾਂਦਾ ਹੈ। ਪ੍ਰਕਿਰਿਆ ਵਿੱਚ ਡਰੋਨ ਵੀ ਤਬਾਹ ਹੋ ਜਾਂਦਾ ਹੈ।
ਰੂਸ ਦਾ "ਕੈਮਾਕਾਜ਼ੀ" ਡਰੋਨ ਕੀ ਹੈ?
ਇਹ ਮੰਨਿਆ ਜਾਂਦਾ ਹੈ ਕਿ ਸਤੰਬਰ ਅੱਧ ਤੋਂ ਯੂਕਰੇਨ ਰੂਸ ਵਿੱਚ ਈਰਾਨ ਦੇ ਬਣੇ ਸ਼ਾਹਿਦ-136 ਡਰੋਨ ਵਰਤ ਰਿਹਾ ਹੈ।
ਰੂਸ ਵੱਲੋਂ ਇਸ ਨੂੰ ਜੈਰੇਨੀਅਮ-2 ਵੀ ਕਿਹਾ ਜਾਂਦਾ ਹੈ। ਇਸ ਦੇ ਨੱਕ 'ਤੇ ਇੱਕ ਵਾਰਹੈੱਡ ਵਿੱਚ ਵਿਸਫੋਟਕ ਹੁੰਦੇ ਹਨ।
ਇਹ ਨਿਸ਼ਾਨੇ 'ਤੇ ਉਸ ਸਮੇਂ ਤੱਕ ਮੰਡਰਾਉਂਦਾ ਰਹਿੰਦਾ ਹੈ ਜਦੋਂ ਤੱਕ ਹਮਲਾ ਕਰਨ ਦੀ ਹਦਾਇਤ ਨਹੀਂ ਦਿੱਤੀ ਜਾਂਦੀ।
ਸ਼ਾਹਿਦ-136 ਦੀ ਖੰਭ ਤੋਂ ਖੰਭ ਦੀ ਚੌੜਾਈ ਲਗਭਗ 2.5 ਮੀਟਰ (8.2 ਫੁੱਟ) ਹੈ।
ਇਸ ਦਾ ਰਡਾਰ 'ਤੇ ਪਤਾ ਲਗਾਉਣਾ ਮੁਸ਼ਕਲ ਹੁੰਦਾ ਹੈ।

- ਅੰਦਾਜ਼ੇ ਮੁਤਾਬਕ ਰੂਸ ਯੂਕਰੇਨ ਵਿੱਚ ਸਤੰਬਰ ਮਹੀਨੇ ਤੋਂ ਡਰੋਨ ਭੇਜ ਰਿਹਾ ਹੈ।
- ਡਰੋਨ ਰਵਾਇਤੀ ਹਮਲੇ ਦੇ ਮੁਕਾਬਲੇ ਸਸਤੇ ਪੈਂਦੇ ਹਨ।
- ਇਹ ਯੂਕਰੇਨ ਦੀ ਆਪਣੇ ਸੀਮਤ ਫ਼ੌਜੀ ਸਾਧਨਾਂ ਦੀ ਕੁਸ਼ਲ ਵਰਤੋਂ ਕਰਨ ਵਿੱਚ ਮਦਦ ਕਰ ਰਹੇ ਹਨ।
- ਅਮਰੀਕੀ ਦਾਅਵੇ ਮੁਤਾਬਕ ਰੂਸ ਈਰਾਨ ਦੇ ਬਣੇ ਡਰੋਨ ਵਰਤ ਰਿਹਾ ਹੈ ਤਾਂ ਉਹ ਖ਼ੁਦ ਯੂਕਰੇਨ ਨੂੰ ਡਰੋਨ ਸਪਲਾਈ ਕਰਨ ਦੀ ਗੱਲ ਕਰ ਰਿਹਾ ਹੈ।
- ਯੂਕਰੇਨ ਮਿਲਟਰੀ ਡਰੋਨਾਂ ਦੇ ਮੁਕਾਬਲੇ ਕਾਰੋਬਾਰੀ ਡਰੋਨ ਵੀ ਵਰਤ ਰਿਹਾ ਹੈ ਜੋ ਮੁਕਾਬਲਤਨ ਵਧੇਰੇ ਸਸਤੇ ਪੈਂਦੇ ਹਨ ਪਰ ਸਮਰੱਥਾ ਵਿੱਚ ਵੀ ਊਣੇ ਹੁੰਦੇ ਹਨ।
- ਰੂਸ ਯੂਕਰੇਨ ਦੇ ਡਰੋਨਾਂ ਦਾ ਮੁਕਾਬਲਾ ਕਰਨ ਲਈ ਬਿਜਲ-ਚੁੰਭਕੀ ਉਪਕਰਣਾਂ ਦੀ ਵਰਤੋਂ ਕਰ ਰਿਹਾ ਹੈ।

ਰੂਸ ਕੋਲ ਅਜਿਹੇ ਕਿੰਨੇ ਡਰੋਨ ਹਨ, ਇਹ ਹਾਲੇ ਸਪੱਸ਼ਟ ਨਹੀਂ ਹੈ।
ਪਰ ਅਮਰੀਕਾ ਨੇ ਕਿਹਾ ਹੈ ਕਿ ਈਰਾਨ ਨੇ ਰੂਸ ਨੂੰ ਸੈਂਕੜਿਆਂ ਦੀ ਗਿਣਤੀ ਵਿੱਚ ਭੇਜਣ ਦੀ ਯੋਜਨਾ ਬਣਾਈ ਹੈ। ਈਰਾਨ ਨੇ ਅਮਰੀਕਾ ਦੇ ਇਸ ਦਾਅਵੇ ਤੋਂ ਇਨਕਾਰ ਕੀਤਾ ਹੈ।
ਕੈਮਾਕਾਜ਼ੀ ਡਰੋਨਾਂ ਨੇ ਯੂਕਰੇਨ ਵਿੱਚ ਕੀ ਨੁਕਸਾਨ ਕੀਤਾ ਹੈ?
ਰੂਸ ਵੱਲੋਂ ਪਹਿਲੀ ਵਾਰ 13 ਸਤੰਬਰ ਨੂੰ ਇੱਕ ਸ਼ਾਹਿਦ-136 ਡਰੋਨ ਦੀ ਵਰਤੋਂ ਕਰਨ ਦਾ ਪਤਾ ਚੱਲਦਾ ਹੈ। ਇਸ ਨੇ ਪੂਰਬ ਵਿੱਚ ਖਾਰਕੀਵ ਖੇਤਰ ਦੇ ਇੱਕ ਸ਼ਹਿਰ ਕੁਪਿਆਨਸਕ ਦੇ ਨੇੜੇ ਹਮਲਾ ਕੀਤਾ ਸੀ।
ਅਗਲੇ ਮਹੀਨੇ ਇਸਦੀ ਵਰਤੋਂ ਦੱਖਣ ਵਿੱਚ ਹਮਲਿਆਂ ਲਈ ਕੀਤੀ ਗਈ ਸੀ।

ਤਸਵੀਰ ਸਰੋਤ, Getty Images
ਇਸੇ ਤਰ੍ਹਾਂ ਇੱਕ ਡਰੋਨ ਦਾ ਮਲਬਾ ਓਡੇਸਾ ਅਤੇ ਮਾਈਕੋਲਾਈਵ ਵਿੱਚ ਮਿਲਿਆ ਸੀ।
ਅਕਤੂਬਰ ਮਹੀਨੇ ਸ਼ਾਹਿਦ-136 ਡਰੋਨ ਕੀਵ ਦੇ ਦੱਖਣ ਵਿੱਚ ਬਿਲਾ ਤਸਰਕਵਾ ਸ਼ਹਿਰ ਵਿੱਚ ਨਾਗਰਿਕ ਖੇਤਰ ਵਿੱਚ ਉੱਤਰੇ ਸਨ।
ਰੂਸ ਕਰੂਜ਼ ਮਿਜ਼ਾਈਲਾਂ ਦੀ ਬਜਾਏ ਇਹਨਾਂ ਡਰੋਨਾਂ ਦੀ ਵਰਤੋਂ ਕਰ ਸਕਦਾ ਹੈ ਕਿਉਂਕਿ ਇਹ ਮੁਕਾਬਲਤਨ ਸਸਤੇ ਹਨ। ਇੱਕ ਡਰੋਨ ਦੀ ਕੀਮਤ ਲਗਭਗ 20,000 ਡਾਲਰ ਹੈ।
ਯੂਕਰੇਨ ਕਿਵੇਂ ਮੁਕਾਬਲਾ ਕਰ ਰਿਹਾ ਹੈ?
ਯੂਕਰੇਨ ਇਨ੍ਹਾਂ ਡਰੋਨਾਂ ਨੂੰ ਨਾਕਾਮ ਕਰਨ ਲਈ ਐਂਟੀ-ਏਅਰ ਮਿਜ਼ਾਈਲਾਂ ਅਤੇ ਇਲੈਕਟ੍ਰਾਨਿਕ ਜੈਮਿੰਗ ਉਪਕਰਣਾਂ ਦੀ ਵਰਤੋਂ ਕਰ ਰਿਹਾ ਹੈ। ਅਕਤੂਬਰ ਦੇ ਸ਼ੁਰੂ ਵਿੱਚ ਯੂਕਰੇਨ ਦੇ ਹਥਿਆਰਬੰਦ ਦਸਤਿਆਂ ਨੇ ਕਿਹਾ ਕਿ ਉਹ ਆਉਣ ਵਾਲੇ ਸਾਰੇ ਸ਼ਾਹਿਦ-136 ਡਰੋਨਾਂ ਵਿੱਚੋਂ 60% ਨੂੰ ਰੋਕ ਰਹੇ ਹਨ।
ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਸਾਰੇ ਡਰੋਨਾਂ ਨੂੰ ਮਾਰ ਗਿਰਾਉਣਾ ਮੁਸ਼ਕਲ ਹੈ।

ਇਹ ਵੀ ਪੜ੍ਹੋ-

ਫੌਜੀ ਮਾਮਲਿਆਂ ਦੇ ਮਾਹਰ ਜਸਟਿਨ ਕਰੰਪ ਨੇ ਬੀਬੀਸੀ ਨੂੰ ਦੱਸਿਆ, "ਉਹ ਨੀਵੇਂ ਉੱਡਦੇ ਹਨ। ਤੁਸੀਂ ਉਨ੍ਹਾਂ ਨੂੰ ਲਹਿਰਾਂ ਵਿੱਚ ਭੇਜ ਸਕਦੇ ਹੋ। ਡਰੋਨਾਂ ਦੇ ਇਹਨਾਂ ਝੁੰਡਾਂ ਦਾ ਹਵਾਈ ਰੱਖਿਆ ਰਾਹੀਂ ਮੁਕਾਬਲਾ ਕਰਨਾ ਬਹੁਤ ਮੁਸ਼ਕਲ ਹੈ।"
ਕੀ ਯੂਕਰੇਨ ਨੇ "ਕੈਮਾਕਾਜ਼ੀ" ਡਰੋਨ ਦੀ ਵਰਤੋਂ ਕੀਤੀ ਹੈ?
ਭਾਵੇਂ ਕਿ ਇਹ ਸਪੱਸ਼ਟ ਨਹੀਂ ਹੈ ਕਿ ਯੂਕਰੇਨ ਨੇ ਵੀ ਇਹਨਾਂ ਦੀ ਵਰਤੋਂ ਕੀਤੀ ਹੈ ਪਰ ਮਾਹਰਾਂ ਦਾ ਮੰਨਣਾ ਹੈ ਕਿ ਉਹ ਪੱਛਮੀ ਕ੍ਰੀਮੀਆ ਵਿੱਚ ਇੱਕ ਰੂਸੀ ਫੌਜੀ ਅੱਡੇ ਸੇਵਾਸਤੋਪੋਲ ਨੇੜੇ ਇੱਕ ਏਅਰਬੇਸ ਅਤੇ ਸੇਵਾਸਤੋਪੋਲ ਬੰਦਰਗਾਹ ਵਿੱਚ ਸਮੁੰਦਰੀ ਜਹਾਜ਼ਾਂ 'ਤੇ ਹਾਲ ਹੀ ਦੇ ਹਮਲਿਆਂ ਵਿੱਚ ਤਾਇਨਾਤੀ ਕੀਤੀ ਹੋ ਸਕਦੀ ਹੈ।
ਕਿੰਗਜ਼ ਕਾਲਜ ਲੰਡਨ ਵਿੱਚ ਡਿਫੈਂਸ ਸਟੱਡੀਜ਼ ਵਿੱਚ ਖੋਜਕਰਤਾ ਡਾ. ਮਰੀਨਾ ਮਿਰੋਨ ਦਾ ਕਹਿਣਾ ਹੈ, "ਜੇ ਤੁਸੀਂ ਹਮਲਿਆਂ ਵਿੱਚ ਵਿਸਫੋਟਾਂ ਨੂੰ ਦੇਖਦੇ ਹੋ ਤਾਂ ਇਹ ਬਹੁਤ ਛੋਟੇ ਹਨ। ਮੈਨੂੰ ਸ਼ੱਕ ਹੈ ਕਿ ਇਹ ਘਰੇਲੂ ਡਰੋਨ ਹਨ। ਇਹਨਾਂ ਵਿੱਚ ਵਿਸਫੋਟਕਾਂ ਨੂੰ ਬੰਨ੍ਹਿਆ ਹੋਇਆ ਹੈ।"
ਰੂਸ ਤੇ ਯੂਕਰੇਨ ਕੋਲ ਹੋਰ ਕਿਹੜੇ ਡਰੋਨ ਹਨ?
ਯੂਕਰੇਨ ਦਾ ਮੁੱਖ ਫੌਜੀ ਡਰੋਨ ਤੁਰਕੀ ਦਾ ਬਣਿਆ ਬਾਇਰਕਤਾਰ ਟੀਬੀ-2 ਹੈ।

ਤਸਵੀਰ ਸਰੋਤ, Getty Images
ਇਹ ਇੱਕ ਛੋਟੇ ਜਹਾਜ਼ ਦੇ ਆਕਾਰ ਦਾ ਹੈ। ਇਹ ਬੋਰਡ 'ਤੇ ਕੈਮਰੇ ਅਤੇ ਲੇਜ਼ਰ-ਗਾਈਡਡ ਬੰਬਾਂ ਨਾਲ ਲੈਸ ਹੋ ਸਕਦੇ ਹਨ।
ਰਾਇਲ ਯੂਨਾਈਟਿਡ ਸਰਵਿਸਿਜ਼ ਇੰਸਟੀਚਿਊਟ (ਰੂਸੀ) ਥਿੰਕ-ਟੈਂਕ ਦੇ ਡਾਕਟਰ ਜੈਕ ਵਾਟਲਿੰਗ ਦਾ ਕਹਿਣਾ ਹੈ ਕਿ ਯੁੱਧ ਦੇ ਸ਼ੁਰੂ ਵਿੱਚ ਯੂਕਰੇਨ ਕੋਲ ਇਹ ਡਰੋਨ "50 ਤੋਂ ਘੱਟ" ਸੀ।
ਅਮਰੀਕਾ ਨੇ ਕਿਹਾ ਕਿ ਉਹ ਯੂਕਰੇਨ ਨੂੰ 700 ਸਵਿਚਬਲੇਡ ਡਰੋਨ ਭੇਜ ਰਿਹਾ ਹੈ। ਇਹ ਕੈਮਾਕਾਜ਼ੀ ਡਰੋਨ ਵੀ ਹਨ।
ਰੂਸ "ਛੋਟੇ ਅਤੇ ਬੁਨਿਆਦੀ" Orlan-10 ਦੀ ਵੀ ਵਰਤੋਂ ਕਰਦਾ ਹੈ। ਇਸ ਵਿੱਚ ਕੈਮਰੇ ਹੁੰਦੇ ਹਨ ਅਤੇ ਛੋਟੇ ਬੰਬ ਲੈ ਜਾ ਸਕਦੇ ਹਨ।
ਮਿਲਟਰੀ ਡਰੋਨ ਕਿਵੇਂ ਵਰਤੇ ਜਾਂਦੇ ਹਨ?

ਤਸਵੀਰ ਸਰੋਤ, EPA
ਰੂਸ ਅਤੇ ਯੂਕਰੇਨ ਲਈ ਡਰੋਨ ਦੁਸ਼ਮਣ ਦੇ ਟੀਚਿਆਂ ਦਾ ਪਤਾ ਲਗਾਉਣ ਅਤੇ ਤੋਪਖਾਨੇ ਦੇ ਮਾਰਗਦਰਸ਼ਨ ਵਿੱਚ ਸਹਾਈ ਸਿੱਧ ਹੋਏ ਹਨ।
ਡਾਕਟਰ ਵਾਟਲਿੰਗ ਦਾ ਕਹਿਣਾ ਹੈ, "ਰੂਸੀ ਫ਼ੌਜਾਂ ਓਰਲੈਨ-10 ਡਰੋਨ ਦੇ ਨਿਸ਼ਾਨੇ 'ਤੇ ਪਹੁੰਚਣ ਦੇ ਸਿਰਫ਼ ਤਿੰਨ ਤੋਂ ਪੰਜ ਮਿੰਟਾਂ ਦੇ ਅੰਦਰ ਦੁਸ਼ਮਣ 'ਤੇ ਆਪਣੀਆਂ ਬੰਦੂਕਾਂ ਦਾਗ ਸਕਦੇ ਹਨ।"
ਜਦਕਿ ਰਵਾਇਤੀ ਹਮਲਾ ਕਰਨ ਵਿੱਚ ਆਮ ਤੌਰ 'ਤੇ 20-30 ਮਿੰਟ ਲੱਗ ਸਕਦੇ ਹਨ।
ਡਾ. ਮਰੀਨਾ ਮੀਰੋਨ ਦਾ ਕਹਿਣਾ ਹੈ ਕਿ ਡਰੋਨਾਂ ਨੇ ਯੂਕਰੇਨ ਨੂੰ ਆਪਣੀ ਸੀਮਤ ਫੌਜੀ ਸ਼ਕਤੀ ਨੂੰ ਵਧਾਉਣ ਦੀ ਖੁੱਲ੍ਹ ਦਿੱਤੀ ਹੈ।
ਉਹਨਾਂ ਦਾ ਕਹਿਣਾ ਹੈ, "ਜੇ ਤੁਸੀਂ ਪਿਛਲੇ ਸਮੇਂ ਵਿੱਚ ਦੁਸ਼ਮਣ ਦੀਆਂ ਸਥਿਤੀਆਂ ਨੂੰ ਲੱਭਣਾ ਚਾਹੁੰਦੇ ਹੋ ਤਾਂ ਤੁਹਾਨੂੰ ਵਿਸ਼ੇਸ਼ ਬਲਾਂ ਦੀਆਂ ਇਕਾਈਆਂ ਭੇਜਣੀਆਂ ਪੈਣਗੀਆਂ.. ਅਤੇ ਤੁਸੀਂ ਕੁਝ ਸੈਨਿਕਾਂ ਨੂੰ ਗੁਆ ਸਕਦੇ ਹੋ ਪਰ ਹੁਣ ਤੁਸੀਂ ਜੋ ਖਤਰੇ ਵਿੱਚ ਪਾ ਰਹੇ ਹੋ ਉਹ ਇੱਕ ਡਰੋਨ ਹੈ।"

ਇਸ ਲੜਾਈ ਦੇ ਪਹਿਲੇ ਕੁਝ ਹਫ਼ਤਿਆਂ ਵਿੱਚ ਯੂਕਰੇਨ ਦੇ ਬੇਰਕਟਰ ਡਰੋਨਾਂ ਦੀ ਵਿਆਪਕ ਪ੍ਰਸ਼ੰਸਾ ਕੀਤੀ ਗਈ ਸੀ।
ਡਾ. ਮੀਰੋਨ ਮੁਤਾਬਕ, "ਉਨ੍ਹਾਂ ਨੂੰ ਗੋਲਾ ਬਾਰੂਦ ਦੇ ਡੰਪਾਂ ਵਰਗੇ ਟੀਚਿਆਂ 'ਤੇ ਹਮਲਾ ਕਰਦੇ ਦਿਖਾਇਆ ਗਿਆ ਸੀ। ਇਹਨਾਂ ਨੇ ਮੋਸਕਵਾ ਦੇ ਡੁੱਬਣ ਵਿੱਚ ਭੂਮਿਕਾ ਨਿਭਾਈ ਸੀ।"
ਹਾਲਾਂਕਿ ਬਾਇਰਕਟਰ ਇੱਕ ਵੱਡਾ ਅਤੇ ਹੌਲੀ ਚੱਲਦਾ ਡਰੋਨ ਹੈ। ਰੂਸ ਆਪਣੇ ਹਵਾਈ ਰੱਖਿਆ ਪ੍ਰਣਾਲੀਆਂ ਨਾਲ ਇਸਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਵਿੱਚ ਸਮਰੱਥ ਹੈ।
ਗੈਰ-ਫੌਜੀ ਡਰੋਨ ਕਿਵੇਂ ਵਰਤੇ ਜਾ ਰਹੇ ਹਨ?
ਮਿਲਟਰੀ ਡਰੋਨ ਮਹਿੰਗੇ ਪੈਂਦੇ ਹਨ। ਇੱਕ ਬਾਇਰਕਤਾਰ ਟੀਬੀ-2 ਦੀ ਕੀਮਤ ਲਗਭਗ 2 ਮਿਲੀਅਨ ਡਾਲਰ ਹੈ।
ਦੋਵੇਂ ਪਾਸੇ ਡਰੋਨਾਂ ਦੇ ਛੋਟੇ, ਵਪਾਰਕ ਮਾਡਲਾਂ ਦੀ ਵਰਤੋਂ ਵੀ ਕਰਦੇ ਹਨ। ਖਾਸ ਤੌਰ 'ਤੇ ਯੂਕਰੇਨ।
ਇਸ ਦੀ ਉਦਾਹਰਨ ਡੀਜੇਆਈ ਮਾਲਵਿਕ-3 ਹੈ, ਜਿਸਦੀ ਕੀਮਤ ਲਗਭਗ 1,700 ਪੌਂਡ ਹੈ।

ਤਸਵੀਰ ਸਰੋਤ, Getty Images
ਇਨ੍ਹਾਂ ਵਪਾਰਕ ਡਰੋਨਾਂ ਨੂੰ ਛੋਟੇ ਬੰਬਾਂ ਨਾਲ ਲੈਸ ਕੀਤਾ ਜਾ ਸਕਦਾ ਹੈ।
ਹਾਲਾਂਕਿ, ਇਹ ਮੁੱਖ ਤੌਰ 'ਤੇ ਦੁਸ਼ਮਣ ਫੌਜਾਂ ਨੂੰ ਲੱਭਣ ਅਤੇ ਸਿੱਧੇ ਹਮਲਿਆਂ ਲਈ ਵਰਤੇ ਜਾਂਦੇ ਹਨ।
ਡਾ ਮੀਰੋਨ ਅਨੁਸਾਰ, "ਯੂਕਰੇਨ ਕੋਲ ਰੂਸ ਜਿੰਨਾ ਗੋਲਾ-ਬਾਰੂਦ ਨਹੀਂ ਹੈ।"
"ਤੋਪਖਾਨੇ ਉਪਰ ਸਿੱਧੀ ਗੋਲੀਬਾਰੀ ਕਰਨ ਲਈ 'ਅਕਾਸ਼ ਵਿੱਚ ਅੱਖਾਂ' ਹੋਣ ਦਾ ਮਤਲਬ ਹੈ ਕਿ ਉਹ ਆਪਣੇ ਕੋਲ ਜੋ ਹੈ ਉਸ ਦੀ ਬਿਹਤਰ ਵਰਤੋਂ ਕਰ ਸਕਦੇ ਹਨ।"
ਹਾਲਾਂਕਿ ਵਪਾਰਕ ਡਰੋਨ ਫੌਜੀ ਡਰੋਨ ਨਾਲੋਂ ਬਹੁਤ ਘੱਟ ਸਮਰੱਥ ਹਨ।
ਉਦਾਹਰਨ ਵਜੋਂ ਡੀਜੇਆਈ ਮਾਲਵਿਕ-3 ਵੱਧ ਤੋਂ ਵੱਧ ਸਿਰਫ਼ 30 ਕਿਲੋਮੀਟਰ ਹੀ ਦੂਰ ਜਾ ਸਕਦਾ ਹੈ ਅਤੇ ਵੱਧੋ-ਵੱਧ 46 ਮਿੰਟ ਤੱਕ ਹੀ ਉਡਾਣ ਭਰ ਸਕਦਾ ਹੈ।
ਡਾਕਟਰ ਮੀਰੋਨ ਦਾ ਕਹਿਣਾ ਹੈ ਕਿ ਰੂਸ ਉਨ੍ਹਾਂ ਦਾ ਮੁਕਾਬਲਾ ਕਰਨ ਲਈ ਬਿਜਲੀ ਉਪਕਰਣਾਂ ਦੀ ਵਰਤੋਂ ਕਰ ਰਿਹਾ ਹੈ।
ਉਹ ਕਹਿੰਦੇ ਹਨ, "ਰੂਸੀ ਫੌਜਾਂ ਕੋਲ ਸਟੂਪਰ ਰਾਈਫਲ ਹੈ ਜੋ ਬਿਜਲੀ-ਚੁੰਭਕੀ (ਇਲੈਕਟ੍ਰੋਮੈਗਨੈਟਿਕ) ਤਰੰਗਾਂ ਦਾਗਦੀ ਹੈ।" ਜਿਨ੍ਹਾਂ ਕਾਰਨ ਡਰੋਨ ਭੰਭਲਭੂਸੇ ਵਿੱਚ ਪੈ ਕੇ ਧਰਾਸ਼ਾਈ ਹੋ ਜਾਂਦਾ ਹੈ।
"ਇਹ ਵਪਾਰਕ ਡਰੋਨਾਂ ਨੂੰ ਜੀਪੀਐੱਸ ਦੀ ਵਰਤੋਂ ਕਰਕੇ ਨੈਵੀਗੇਟ ਕਰਨ ਦੇ ਯੋਗ ਹੋਣ ਤੋਂ ਰੋਕਦਾ ਹੈ।"
ਰੂਸੀ ਬਲਾਂ ਨੇ ਵਪਾਰਕ ਡਰੋਨਾਂ ਅਤੇ ਉਨ੍ਹਾਂ ਦੇ ਚਾਲਕਾਂ ਵਿਚਕਾਰ ਸੰਚਾਰ ਨੂੰ ਖੋਜਣ ਅਤੇ ਵਿਘਨ ਪਾਉਣ ਲਈ ਔਨਲਾਈਨ ਪ੍ਰਣਾਲੀਆਂ ਦੀ ਵਰਤੋਂ ਵੀ ਕੀਤੀ ਹੈ।
ਇਹ ਪ੍ਰਣਾਲੀਆਂ ਡਰੋਨ ਨੂੰ ਖ਼ਤਮ ਕਰਨ ਜਾਂ ਬੇਸ 'ਤੇ ਵਾਪਸ ਜਾਣ ਦਾ ਕਾਰਨ ਬਣ ਸਕਦੀਆਂ ਹਨ। ਇਹ ਡਰੋਨ ਨੂੰ ਕੋਈ ਜਾਣਕਾਰੀ ਪਿੱਛੇ ਆਪਣੇ ਟਿਕਾਣੇ ਉੱਪਰ ਭੇਜਣ ਤੋਂ ਵੀ ਰੋਕ ਸਕਦੀਆਂ ਹਨ।

ਇਹ ਵੀ ਪੜ੍ਹੋ:-












