ਅਫ਼ੀਮ ਦੀ ਖੇਤੀ : ਸੰਸਾਰ ਭਰ ਦੀ 80 ਫੀਸਦ ਪੈਦਾਵਾਰ ਕਰਨ ਵਾਲੇ ਅਫ਼ਗਾਨਿਸਤਾਨ ਵਿੱਚ ਕਿਉਂ ਕੀਤੀ ਜਾ ਰਹੀ ਫ਼ਸਲ ਤਬਾਹ

ਤਾਲਿਬਾਨ
ਤਸਵੀਰ ਕੈਪਸ਼ਨ, ਮਿੰਟਾਂ ਵਿੱਚ ਹੀ ਅਬਦੁਲ ਅਤੇ ਉਨ੍ਹਾਂ ਦੇ ਦਰਜਨਾਂ ਸਾਥੀ ਖੇਤਾਂ ਵਿੱਚ ਲੱਗੀ ਅਫ਼ੀਮ ਨੂੰ ਤਬਾਦ ਕਰ ਦਿੰਦੇ ਹਨ
    • ਲੇਖਕ, ਯੋਗਿਤਾ ਲਿਮਏ
    • ਰੋਲ, ਬੀਬੀਸੀ ਪੱਤਰਕਾਰ

ਅਬਦੁਲ ਦੇ ਖੱਬੇ ਮੋਢਿਆਂ ਉੱਤੇ ਏਕੇ-47 ਬੰਦੂਕ ਹੈ ਅਤੇ ਸੱਜੇ ਹੱਥ ਵਿੱਚ ਇੱਕ ਵੱਡੀ ਸੋਟੀ। ਇਸੇ ਸੋਟੀ ਨਾਲ ਖੇਤਾਂ ਵਿੱਚ ਅਫ਼ੀਮ ਦੇ ਉੱਪਰਲੇ ਹਿੱਸੇ ਨੂੰ ਅਬਦੁਲ ਜਿੰਨੀ ਜ਼ੋਰ ਨਾਲ ਹੋ ਸਕਦਾ ਹੈ ਮਾਰ ਰਹੇ ਹਨ। ਅਫ਼ੀਮ ਦੀਆਂ ਟਾਹਣੀਆਂ ਹਵਾ ਵਿੱਚ ਉੱਡਦੀਆਂ ਹਨ ਅਤੇ ਅਫ਼ੀਮ ਦੀ ਗੰਧ ਫੈਲਦੀ ਹੈ।

ਮਿੰਟਾਂ ਵਿੱਚ ਹੀ ਅਬਦੁਲ ਅਤੇ ਉਨ੍ਹਾਂ ਦੇ ਦਰਜਨਾਂ ਸਾਥੀ ਖੇਤਾਂ ਵਿੱਚ ਲੱਗੀ ਅਫ਼ੀਮ ਨੂੰ ਤਬਾਹ ਕਰ ਦਿੰਦੇ ਹਨ। ਇਸ ਤੋਂ ਬਾਅਦ ਕੁੜਤੇ-ਪਜ਼ਾਮੇ ਪਹਿਨੀ ਤੇ ਲੰਬੀਆਂ ਦਾੜੀਆਂ ਵਾਲੇ ਇਹ ਹਥਿਆਰਬੰਦ ਲੋਕ ਆਪਣੀ ਗੱਡੀ ਵਿੱਚ ਸਵਾਰ ਹੋ ਕੇ ਅਗਲੇ ਖ਼ੇਤ ਵੱਲ ਕੂਚ ਕਰਦੇ ਹਨ।

ਅਫ਼ਗਾਨਿਸਤਾਨ ਦੇ ਨੰਗਰਹਾਰ ਸੂਬੇ ਵਿੱਚ ਇਸ ਕੰਮ ਉੱਤੇ ਲੱਗੇ ਇਹ ਲੋਕ ਤਾਲਿਬਾਨ ਐਂਟੀ-ਨਾਰਕੋਟਿਕਸ ਯੂਨਿਟ ਨਾਲ ਤਾਅਲੁਕ ਰੱਖਦੇ ਹਨ। ਅਫ਼ੀਮ ਦੀ ਖੇਤੀ ਨੂੰ ਤਬਾਹ ਕਰਨ ਲਈ ਗਸ਼ਤ ਉੱਤੇ ਗਈ ਇਸ ਟੀਮ ਨੇ ਸਾਨੂੰ ਆਪਣੇ ਨਾਲ ਆਉਣ ਦੀ ਇਜਾਜ਼ਤ ਦਿੱਤੀ ਸੀ।

ਲਗਭਗ ਦੋ ਸਾਲ ਪਹਿਲਾਂ ਤਾਲਿਬਾਨ ਦੇ ਲੜਾਕਿਆਂ ਨੇ ਅਫ਼ਗਾਨਿਸਤਾਨ ਉੱਤੇ ਕਬਜ਼ਾ ਕੀਤਾ ਸੀ। ਹੁਣ ਕਿਉਂਕਿ ਉਹ ਜਿੱਤ ਚੁੱਕੇ ਹਨ ਤੇ ਸੱਤਾ ਵਿੱਚ ਹਨ, ਇਸ ਲਈ ਆਪਣੇ ਲੀਡਰ ਦੇ ਹੁਕਮਾਂ ਨੂੰ ਅਮਲੀ ਜਾਮਾ ਪਹਿਨਾ ਰਹੇ ਹਨ।

ਅਪ੍ਰੈਲ 2022 ਵਿੱਚ ਤਾਲਿਬਾਨ ਦੇ ਉੱਚ ਆਗੂ ਹੈਬਤੁੱਲਾਹ ਅਖੁੰਦਜ਼ਦਾ ਨੇ ਹੁਕਮ ਦਿੱਤਾ ਕਿ ਅਫ਼ੀਮ ਦੀ ਕਾਸ਼ਤ, ਜਿਸ ਤੋਂ ਡਰੱਗ ਹੈਰੋਇਨ ਲਈ ਮੁੱਖ ਸਮੱਗਰੀ ਕੱਢੀ ਜਾ ਸਕਦੀ ਹੈ, ਉਸ ਦੀ ਸਖ਼ਤੀ ਨਾਲ ਮਨਾਹੀ ਕਰ ਦਿੱਤੀ ਗਈ ਸੀ। ਪਾਬੰਦੀ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਦੇ ਖੇਤ ਨੂੰ ਤਬਾਹ ਕਰ ਦਿੱਤਾ ਜਾਵੇਗਾ ਅਤੇ ਸ਼ਰੀਆ ਕਾਨੂੰਨ ਅਨੁਸਾਰ ਜੁਰਮਾਨਾ ਕੀਤਾ ਜਾਵੇਗਾ।

ਵੀਡੀਓ ਕੈਪਸ਼ਨ, ਅਫੀਮ ਦੇ ਖੇਤ ਕਿਉਂ ਬਰਬਾਦ ਕਰ ਰਹੇ ਹੈ ਤਾਲਿਬਾਨ

ਤਾਲਿਬਾਨ ਦੇ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਇਹ ਪਾਬੰਦੀ ਅਫ਼ੀਮ ਦੇ ਮਾੜੇ ਪ੍ਰਭਾਵਾਂ ਅਤੇ ਇਸ ਦੇ ਉਨ੍ਹਾਂ ਦੀਆਂ ਧਾਰਮਿਕ ਮਾਨਤਾਵਾਂ ਦੇ ਖ਼ਿਲਾਫ਼ ਜਾਣ ਕਾਰਨ ਲਗਾਈ ਹੈ।

ਪੂਰੀ ਦੁਨੀਆਂ ਦੀ 80 ਫੀਸਦੀ ਅਫ਼ੀਮ ਅਫ਼ਗਾਨਿਸਤਾਨ ਤੋਂ ਆਉਂਦੀ ਸੀ। ਅਫ਼ਗਾਨਿਸਤਾਨ ਦੀ ਅਫ਼ੀਮ ਤੋਂ ਬਣੀ ਹੈਰੋਇਨ ਯੂਰਪ ਦੇ ਬਜ਼ਾਰ ਵਿੱਚ 95 ਫੀਸਦ ਤੱਕ ਹੁੰਦੀ ਹੈ।

ਬੀਬੀਸੀ ਟੀਮ ਨੇ ਹੁਣ ਅਫਗਾਨਿਸਤਾਨ ਦੀ ਯਾਤਰਾ ਕੀਤੀ ਅਤੇ ਅਫੀਮ ਭੁੱਕੀ ਦੀ ਖੇਤੀ 'ਤੇ ਸਿੱਧੀ ਕਾਰਵਾਈ ਦੇ ਪ੍ਰਭਾਵਾਂ ਦੀ ਜਾਂਚ ਕਰਨ ਲਈ ਸੈਟੇਲਾਈਟ ਵਿਸ਼ਲੇਸ਼ਣ ਦੀ ਵਰਤੋਂ ਕੀਤੀ ਹੈ।

ਤਾਲਿਬਾਨ ਲੀਡਰਾਂ ਨੇ ਕਦੇ ਵੀ ਕਿਸੇ ਹੋਰ ਪਦਾਰਥ ਦੇ ਮੁਕਾਬਲੇ ਅਫ਼ੀਮ ਦੀ ਖੇਤੀ 'ਤੇ ਜ਼ਿਆਦਾ ਸਫਲਤਾਪੂਰਵਕ ਕਾਰਵਾਈ ਕੀਤੀ ਜਾਪਦੀ ਹੈ।

ਸਾਨੂੰ ਅਫੀਮ ਦੀ ਖੇਤੀ ਕਰਨ ਵਾਲੇ ਵੱਡੇ ਸੂਬਿਆਂ ਵਿੱਚ ਭੁੱਕੀ ਦੇ ਵਾਧੇ ਵਿੱਚ ਵੱਡੀ ਗਿਰਾਵਟ ਦਾ ਪਤਾ ਲੱਗਾ ਹੈ, ਇੱਕ ਮਾਹਰ ਦਾ ਕਹਿਣਾ ਹੈ ਕਿ ਸਾਲਾਨਾ ਕਾਸ਼ਤ ਪਿਛਲੇ ਸਾਲ ਨਾਲੋਂ 80% ਘੱਟ ਸਕਦੀ ਹੈ।

ਘੱਟ ਮੁਨਾਫ਼ੇ ਵਾਲੀਆਂ ਕਣਕ ਦੀਆਂ ਫ਼ਸਲਾਂ ਦੇ ਮੁਕਾਬਲੇ ਖੇਤਾਂ ਵਿੱਚ ਭੁੱਕੀ ਬੀਜੀ ਜਾਂਦੀ ਹੈ ਅਤੇ ਬਹੁਤ ਸਾਰੇ ਕਿਸਾਨ ਕਹਿੰਦੇ ਹਨ ਕਿ ਉਹ ਆਰਥਿਕ ਤੌਰ 'ਤੇ ਤੰਗ ਹਨ।

ਅਸੀਂ ਨੰਗਰਹਾਰ, ਕੰਧਾਰ ਅਤੇ ਹੇਲਮੰਡ ਸੂਬਿਆਂ ਵਿੱਚ ਸਫ਼ਰ ਕੀਤਾ। ਇਹ ਸਫ਼ਰ ਖ਼ਰਾਬ ਸੜਕਾਂ, ਚਿੱਕੜ ਨਾਲ ਲਿੱਬੜੀਆਂ ਸੜਕਾਂ, ਦੂਰ ਦੁਰਾਡੇ ਦੇ ਖ਼ੇਤਰਾਂ ਵਿੱਚ ਕਈ ਮੀਲ ਪੈਦਲ ਤੁਰਨਾ, ਪਹਾੜੀ ਰਾਹ ਵਿੱਚੋਂ ਲੰਘਣ ਨਾਲ ਪੂਰਾ ਹੋਇਆ। ਇਸ ਦੌਰਾਨ ਅਸੀਂ ਕਈ ਖੇਤਾਂ ਵਿੱਚੋਂ ਲੰਘੇ ਤਾਂ ਜੋ ਜ਼ਮੀਨੀ ਹਕੀਕੀਤ ਜਾਣ ਸਕੀਏ।

ਲਾਇਨ
  • ਤਾਲਿਬਾਨ ਨੇ 15 ਅਗਸਤ 2021 ਨੂੰ ਅਫ਼ਗਾਨਿਸਤਨ ਦੀ ਰਾਜਧਾਨੀ ਕਾਬੁਲ ਉੱਤੇ ਕਬਜ਼ਾ ਕੀਤਾ ਸੀ
  • ਅਮਰੀਕਾ ਅਤੇ ਨਾਟੋ ਗਠਜੋੜ ਦੀਆਂ ਫੌਜਾਂ ਵਲੋਂ ਅਫ਼ਗਾਨਿਸਤਾਨ ਤੋਂ ਵਾਪਸੀ ਤੋਂ ਬਾਅਦ ਇਹ ਹੋਇਆ ਸੀ
  • ਤਾਲਿਬਾਨ ਨੇ ਸੱਤਾ ਸੰਭਾਲਿਆਂ ਦੀ ਔਰਤਾਂ ਦੇ ਘਰੋਂ ਬਾਹਰ ਕੰਮ ਕਰਨ ਤੇ ਉਚੇਰੀ ਸਿੱਖਿਆ ਉੱਤੇ ਪਾਬੰਦੀ ਲਾ ਦਿੱਤੀ ਸੀ
  • ਔਰਤਾਂ ਖ਼ਿਲਾਫ਼ ਪਾਬੰਦੀਆਂ ਕਾਰਨ ਕੌਮਾਂਤਰੀ ਏਜੰਸੀਆਂ ਨੇ ਅਫ਼ਗਾਨਿਸਤਾਨ ਦੀ ਫੰਡਿਗ ਰੋਕ ਦਿੱਤੀ ਸੀ
  • ਜੰਗ ਅਤੇ ਕੌਮਾਂਤਰੀ ਪਾਬੰਦੀਆਂ ਦੇ ਹਾਲਾਤ ਕਾਰਨ ਮੁਲਕ ਵਿੱਚ ਭਾਰੀ ਗੁਰਬਤ ਫੈਲੀ ਹੋਈ ਹੈ
  • ਸਾਲ 2001 ਵਿੱਚ ਅਮਰੀਕਾ ਦੀ ਅਗਵਾਈ ਵਾਲੀਆਂ ਫੌਜਾਂ ਨੇ ਤਾਲਿਬਾਨ ਨੂੰ ਸੱਤਾਹੀਣ ਕਰ ਦਿੱਤਾ ਸੀ
ਲਾਇਨ

ਤਾਲਿਬਾਨ ਨੇ ਕਈ ਕਿਸਾਨਾਂ ਦੀ ਫਸਲ ਤਬਾਹ ਕੀਤੀ

ਤਾਲਿਬਾਨ ਦਾ ਫਰਮਾਨ 2022 ਦੀ ਅਫੀਮ ਦੀ ਵਾਢੀ 'ਤੇ ਲਾਗੂ ਨਹੀਂ ਕੀਤਾ ਗਿਆ ਸੀ, ਜੋ ਕਿ ਸੰਯੁਕਤ ਰਾਸ਼ਟਰ ਦੇ ਡਰੱਗਜ਼ ਅਤੇ ਅਪਰਾਧ ਦਫਤਰ ਅਨੁਸਾਰ 2021 ਦੇ ਮੁਕਾਬਲੇ ਇੱਕ ਤਿਹਾਈ ਵਧਿਆ ਹੈ।

ਅਫ਼ਗਾਨਿਸਤਾਨ ਦੇ ਡਰੱਗ ਕਾਰੋਬਾਰ ਬਾਰੇ ਮਾਹਰ ਡੇਵਿਡ ਮੈਨਸਫ਼ੀਲਡ ਯੂਕੇ ਦੀ ਇੱਕ ਕੰਪਨੀ ਵਿੱਚ ਐਲਕਿਸ ਨਾਲ ਕੰਮ ਕਰਦੇ ਹਨ। ਇਹ ਕੰਪਨੀ ਸੈਟੇਲਾਈਟ ਮੁਲਾਂਕਣ ਵਿੱਚ ਮੁਹਾਰਤ ਰੱਖਦੀ ਹੈ।

ਡੇਵਿਡ ਕਹਿੰਦੇ ਹਨ, ‘‘ਇਹ ਸੰਭਾਵਨਾ ਹੈ ਕਿ ਕਾਸ਼ਤ 2022 ਦੇ ਮੁਕਾਬਲੇ 20% ਤੋਂ ਘੱਟ ਹੋਵੇਗੀ। ਕਟੌਤੀ ਦਾ ਪੈਮਾਨਾ ਬੇਮਿਸਾਲ ਹੋਵੇਗਾ।’’

ਬਹੁਤ ਸਾਰੇ ਕਿਸਾਨਾਂ ਨੇ ਤਾਲਿਬਾਨ ਦੀ ਪਾਬੰਦੀ ਦੀ ਪਾਲਣਾ ਕੀਤੀ ਹੈ ਅਤੇ ਤਾਲਿਬਾਨ ਲੜਾਕਿਆਂ ਨੇ ਉਨ੍ਹਾਂ ਕਿਸਾਨਾਂ ਦੀ ਫਸਲ ਤਬਾਹ ਕੀਤੀ ਹੈ, ਜਿਨ੍ਹਾਂ ਨੇ ਉਨ੍ਹਾਂ ਦੀ ਗੱਲ ਨਹੀਂ ਮੰਨੀ।

ਅਸੀਂ ਨੰਗਰਹਾਰ ਸੂਬੇ ਵਿੱਚ ਤਲਿਬਾਨ ਪੈਟਰੋਲ ਯੂਨਿਟ ਦੇ ਕਮਾਂਡਰ ਤੂਰ ਖ਼ਾਨ ਨਾਲ ਸੀ। ਤੂਰ ਖ਼ਾਨ ਨੇ ਸਾਨੂੰ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਟੀਮ ਪਿਛਲੇ ਪੰਜ ਮਹੀਨਿਆਂ ਤੋਂ ਅਫ਼ੀਮ ਦੇ ਖੇਤ ਤਬਾਹ ਕਰ ਰਹੀ ਹੈ ਅਤੇ ਹੁਣ ਤੱਕ ਹਜ਼ਾਰਾਂ ਏਕੜ ਫ਼ਸਲ ਤਬਾਹ ਕਰ ਚੁੱਕੇ ਹਨ।

ਇਸ ਦੌਰਾਨ ਇੱਕ ਔਰਤ ਆਪਣੇ ਖ਼ੇਤ ਤਬਾਹ ਹੁੰਦੇ ਦੇਖ ਉਨ੍ਹਾਂ ਦੀ ਟੀਮ ਉੱਤੇ ਗੁੱਸੇ ਵਿੱਚ ਚੀਕਦੀ ਹੈ, ‘‘ਤੁਸੀਂ ਮੇਰੇ ਖ਼ੇਤ ਤਬਾਹ ਘਰ ਰਹੇ ਹੋ, ਰੱਬ ਤੁਹਾਡੇ ਘਰ ਤਬਾਹ ਕਰੇ।’’

ਤੂਰ ਖ਼ਾਨ ਉਸ ਔਰਤ ਨੂੰ ਜਵਾਬ ਦਿੰਦੇ ਹਨ, ‘‘ਮੈਂ ਤੁਹਾਨੂੰ ਸਵੇਰੇ ਆਖਿਆ ਸੀ ਕਿ ਖ਼ੁਦ ਹੀ ਫਸਲ ਤਬਾਹ ਕਰ ਲਓ। ਤੁਸੀਂ ਨਹੀਂ ਕੀਤੀ ਤੇ ਇਸ ਲਈ ਹੁਣ ਮੈਨੂੰ ਕਰਨੀ ਪਈ।’’

ਇਸ ਔਰਤ ਦੇ ਪੁੱਤਰ ਨੂੰ ਤਾਲਿਬਾਨ ਨੇ ਹਿਰਾਸਤ ਵਿੱਚ ਲਿਆ, ਪਰ ਕੁਝ ਘੰਟਿਆਂ ਬਾਅਦ ਚੇਤਾਵਨੀ ਦਿੰਦਿਆਂ ਛੱਡ ਦਿੱਤਾ।

ਤਾਲਿਬਾਨ
ਤਸਵੀਰ ਕੈਪਸ਼ਨ, ਨੰਗਰਹਾਰ ਸੂਬੇ ਵਿੱਚ ਤਲਿਬਾਨ ਪੈਟਰੋਲ ਯੂਨਿਟ ਦੇ ਕਮਾਂਡਰ ਤੂਰ ਖ਼ਾਨ (ਸੱਜੇ)

ਤਾਲਿਬਾਨ ਦੇ ਲੋਕ ਹਥਿਆਰਬੰਦ ਹੋ ਕੇ ਵੱਡੀ ਗਿਣਤੀ ਵਿੱਚ ਜਾਂਦੇ ਹਨ, ਇਹ ਸਭ ਇਸ ਲਈ ਕਿਉਂਕਿ ਅਜਿਹੇ ਕਈ ਮੌਕੇ ਆਏ ਹਨ ਕਿ ਸਥਾਨਕ ਲੋਕ ਗੁੱਸੇ ਵਿੱਚ ਉਨ੍ਹਾਂ ਉੱਤੇ ਭੜਕਦੇ ਹਨ। ਤਾਲਿਬਾਨ ਤੇ ਸਥਾਨਕ ਲੋਕਾਂ ਦੀ ਝੜਪ ਵਿੱਚ ਇੱਕ ਨਾਗਰਿਕ ਦੇ ਮਾਰੇ ਜਾਣ ਅਤੇ ਹੋਰ ਕਈ ਹਿੰਸਕ ਝੜਪਾਂ ਦੀਆਂ ਰਿਪੋਰਟਾਂ ਹਨ।

ਕਿਸਾਨ ਅਲੀ ਮੁਹੰਮਦ ਮੀਆਂ ਆਪਣੇ ਤਬਾਹ ਹੁੰਦੇ ਖ਼ੇਤਾਂ ਨੂੰ ਦੇਖਦੇ ਹਨ ਅਤੇ ਉਨ੍ਹਾਂ ਦੇ ਹਾਵ-ਭਾਵ ਉਨ੍ਹਾਂ ਦੇ ਜਜ਼ਬਾਤ ਬਿਆਨ ਕਰਦੇ ਹਨ। ਅਸੀਂ ਉਨ੍ਹਾਂ ਨੂੰ ਪੁੱਛਿਆ ਕਿ ਆਖ਼ਿਰ ਪਾਬੰਦੀ ਦੇ ਬਾਵਜੂਦ ਵੀ ਉਨ੍ਹਾਂ ਅਫ਼ੀਮ ਦੀ ਖ਼ੇਤੀ ਕਿਉਂ ਕੀਤੀ?

ਉਹ ਕਹਿੰਦੇ ਹਨ, ‘‘ਜੇ ਤੁਹਾਡੇ ਕੋਲ ਘਰ ਵਿੱਚ ਖਾਣ ਨੂੰ ਨਾ ਹੋਵੇ ਅਤੇ ਤੁਹਾਡੇ ਬੱਚੇ ਭੁੱਖੇ ਹੋਣ ਤਾਂ ਤੁਸੀਂ ਹੋਰ ਕੀ ਕਰੋਗੋ। ਸਾਡੇ ਕੋਲ ਕੋਈ ਵੱਡੀਆਂ ਜ਼ਮੀਨਾਂ ਨਹੀਂ ਹਨ, ਜੇ ਅਸੀਂ ਕਣਕ ਉਗਾਉਂਦੇ ਹਾਂ ਤਾਂ ਗੁਜ਼ਾਰੇ ਲਈ ਨਹੀਂ ਕਮਾ ਪਾਉਂਦੇ।’’

ਤਾਲਿਬਾਨ
ਤਸਵੀਰ ਕੈਪਸ਼ਨ, ਕਿਸਾਨ ਅਲੀ ਮੁਹੰਮਦ ਮੀਆਂ

ਤਾਲਿਬਾਨ ਦੇ ਅਫ਼ੀਮ ਨੂੰ ਤਬਾਹ ਕਰਨ ਬਾਬਤ ਜਿਹੜੀ ਗੱਲ ਵੱਖਰੀ ਹੈ, ਉਹ ਹੈ ਰਫ਼ਤਾਰ ਨਾਲ ਆਪਣਾ ਕੰਮ ਸੋਟੀਆਂ ਨਾਲ ਕਰਨਾ। ਅੱਧੇ ਘੰਟੇ ਵਿੱਚ 200-300 ਸੁਕੇਅਰ ਮੀਟਰ ਦੇ ਛੇ ਖੇਤਾਂ ਦਾ ਸਫ਼ਾਇਆ ਕਰ ਦਿੱਤਾ ਗਿਆ।

ਅਸੀਂ ਤੂਰ ਖ਼ਾਨ ਨੂੰ ਪੁੱਛਿਆ ਕਿ ਉਹ ਆਪਣੇ ਹੀ ਲੋਕਾਂ ਦੇ ਕਮਾਈ ਦੇ ਜ਼ਰੀਏ ਨੂੰ ਤਬਾਹ ਕਿਉਂ ਕਰ ਰਹੇ ਹਨ।

ਤੂਰ ਖ਼ਾਨ ਜਵਾਬ ਦਿੰਦੇ ਹਨ, ‘‘ਇਹ ਸਾਡੇ ਲੀਡਰ ਦਾ ਹੁਕਮ ਹੈ। ਸਾਡੀ ਵਚਨਬੱਧਤਾ ਉਨ੍ਹਾਂ ਪ੍ਰਤੀ ਅਜਿਹੀ ਹੈ ਕਿ ਜੇ ਉਹ ਮੇਰੇ ਦੋਸਤ ਨੂੰ ਮੈਨੂੰ ਫਾਂਸੀ ਦੇਣ ਨੂੰ ਕਹਿਣ ਤਾਂ ਮੈਂ ਇਸ ਗੱਲ ਨੂੰ ਮੰਨ ਲਵਾਗਾਂ ਅਤੇ ਦੋਸਤ ਅੱਗੇ ਸਰੰਡਰ ਕਰ ਦਿਆਂਗਾ।’’

ਦੱਖਣ-ਪੱਛਮ ਵੱਲ ਹੇਲਮੰਡ ਸੂਬਾ ਅਫ਼ਗਾਨਿਸਤਾਨ ਵਿੱਚ ਅਫ਼ੀਮ ਦਾ ਗੜ੍ਹ ਹੁੰਦਾ ਸੀ, ਇਹ ਸੂਬਾ ਮੁਲਕ ਦੀ ਅੱਧੇ ਤੋਂ ਵੱਧ ਅਫ਼ੀਮ ਪੈਦਾ ਕਰਦਾ ਹੈ। ਅਸੀਂ ਇਸ ਸੂਬੇ ਦਾ ਰੁਖ਼ ਕੀਤਾ ਤਾਂ ਜੋ ਦੇਖ ਸਕੀਏ ਕਿ ਹੁਣ ਇਹ ਕਿਸ ਤਰ੍ਹਾਂ ਦਾ ਲੱਗਦਾ ਹੈ।

ਪਿਛਲੇ ਸਾਲ ਜਦੋਂ ਅਸੀਂ ਇਸ ਸੂਬੇ ਵਿੱਚ ਸੀ ਤਾਂ ਅਫ਼ੀਮ ਦੇ ਖ਼ੇਤ ਹੀ ਖ਼ੇਤ ਸਨ। ਪਰ ਇਸ ਵਾਰ ਅਜਿਹਾ ਕੋਈ ਖ਼ੇਤ ਨਹੀਂ ਦਿਖਿਆ।

ਲਾਈਨ

ਇਹ ਵੀ ਪੜ੍ਹੋ:

ਲਾਈਨ

ਐਲਸਿਸ ਦਾ ਵਿਸ਼ਲੇਸ਼ਣ ਦੱਸਦਾ ਹੈ ਕਿ ਹੇਲਮੰਡ ਸੂਬੇ ਵਿੱਚ ਅਫ਼ੀਮ ਦੀ ਕਾਸ਼ਤ 99 ਫੀਸਦੀ ਤੋਂ ਵੱਧ ਘੱਟ ਗਈ ਹੈ।

ਡੇਵਿਡ ਕਹਿੰਦੇ ਹਨ, ‘‘ਹੇਲਮੰਡ ਸੂਬੇ ਦੀਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਅਫ਼ੀਮ ਦੀ ਕਾਸ਼ਤ ਹੁਣ 1000 ਹੈਕਟੇਅਰ ਤੋਂ ਘੱਟ ਗਈ ਹੈ, ਜੋ ਕਿ ਪਿਛਲੇ ਸਾਲ 129,000 ਹੈਕਟੇਅਰ ਸੀ।’’

ਹੇਲਮੰਡ ਸੂਬੇ ਦੀ ਰਾਜਧਾਨੀ ਲਸ਼ਕਰ ਗਾਹ ਦੇ ਦੱਖਣ ਵੱਲ ਮਰਜਾਹ ਜ਼ਿਲ੍ਹੇ ਵਿੱਚ ਸਾਡੀ ਮੁਲਾਕਾਤ ਕਿਸਾਨ ਨਿਆਮਾਤੁੱਲਾਹ ਦਿਲਸੋਜ਼ ਨਾਲ ਉਸ ਵੇਲੇ ਹੋਈ ਜਦੋਂ ਉਹ ਕਣਕ ਦੀ ਵਾਢੀ ਕਰ ਰਹੇ ਸਨ। ਪਿਛਲੇ ਸਾਲ ਉਨ੍ਹਾਂ ਨੇ ਇਨ੍ਹਾਂ ਖ਼ੇਤਾਂ ਵਿੱਚ ਹੀ ਅਫ਼ੀਮ ਦੀ ਖ਼ੇਤੀ ਕੀਤੀ ਸੀ। ਉਨ੍ਹਾਂ ਸਾਨੂੰ ਦੱਸਿਆ ਕਿ ਤਾਲਿਬਾਨ ਦੇ ਕਬਜ਼ੇ ਵਾਲੇ ਹੇਲਮੰਡ ਸੂਬੇ ਵਿੱਚ ਕਿਸਾਨ ਤਾਲਿਬਾਨ ਦੀ ਪਾਬੰਦੀ ਮੰਨ ਰਹੇ ਹਨ।

ਨਿਆਮਾਤੁੱਲਾਹ ਕਹਿੰਦੇ ਹਨ, ‘‘ਕੁਝ ਕਿਸਾਨਾਂ ਨੇ ਕੰਧਾਂ ਦੇ ਪਿੱਛੇ ਆਪਣੇ ਬਾਗਾਂ ਵਿੱਚ ਅਫ਼ੀਮ ਦੀ ਖ਼ੇਤੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਤਾਲਿਬਾਨ ਨੂੰ ਇਸ ਬਾਰੇ ਪਤਾ ਲੱਗਿਆ ਅਤੇ ਉਨ੍ਹਾਂ ਨੇ ਇਸ ਨੂੰ ਤਬਾਹ ਕਰ ਦਿੱਤਾ।’’

ਕਣਕ ਦੀ ਨਾੜ ਵੱਢਣ ਦੀ ਆਵਾਜ਼ ਅਤੇ ਪੰਛੀਆਂ ਦੀਆਂ ਆਵਾਜ਼ਾਂ ਨੂੰ ਛੱਡ ਕੇ ਖੇਤ ਵਿੱਚ ਸ਼ਾਂਤੀ ਹੈ। ਜੰਗ ਦੇ ਦੌਰਾਨ, ਇਹ ਖ਼ੇਤ ਇੱਕ ਫਰੰਟ ਲਾਈਨ ਸਨ।

ਹੇਲਮੰਡ ਉਹ ਸੂਬਾ ਸੀ ਜਿੱਥੇ ਯੂਕੇ ਦੀਆਂ ਫ਼ੌਜਾਂ ਦਾ ਟਿਕਾਣਾ ਸੀ ਅਤੇ ਜਿੱਥੇ ਉਨ੍ਹਾਂ ਨੇ ਆਪਣੀਆਂ ਕੁਝ ਭਿਆਨਕ ਲੜਾਈਆਂ ਲੜੀਆਂ ਸਨ।

ਤਾਲਿਬਾਨ
ਤਸਵੀਰ ਕੈਪਸ਼ਨ, ਹੇਲਮੰਡ ਸੂਬੇ ਦੇ ਮਰਜਾਹ ਜ਼ਿਲ੍ਹੇ ਵਿੱਚ ਕਿਸਾਨ ਨਿਆਮਾਤੁੱਲਾਹ ਦਿਲਸੋਜ਼

ਨਿਆਮਾਤੁੱਲਾਹ ਦੀ ਉਮਰ 20 ਸਾਲ ਦੇ ਕਰੀਬ ਹੈ। ਇਹ ਉਨ੍ਹਾਂ ਦੀ ਜ਼ਿੰਦਗੀ ਵਿੱਚ ਪਹਿਲੀ ਵਾਰ ਹੈ ਕਿ ਉਨ੍ਹਾਂ ਨੂੰ ਬਾਹਰ ਨਿਕਲਣ ਵੇਲੇ ਇਸ ਗੱਲ ਦਾ ਡਰ ਨਹੀਂ ਹੈ ਕਿ ਉਨ੍ਹਾਂ ਉੱਤੇ ਬੰਬ ਡਿੱਗੇਗਾ।

ਪਰ ਇੱਕ ਲੰਬੀ ਜੰਗ ਤੋਂ ਪਹਿਲਾਂ ਹੀ ਪ੍ਰਭਾਵਿਤ ਹੋਏ ਲੋਕਾਂ ਲਈ ਅਫੀਮ ਦੀ ਪਾਬੰਦੀ ਨੇ ਇੱਕ ਬਹੁਤ ਵੱਡਾ ਝਟਕਾ ਮਾਰਿਆ ਹੈ। ਇਸ ਪਾਬੰਦੀ ਨੇ ਅਫਗਾਨਿਸਤਾਨ ਵਿੱਚ ਵਿਆਪਕ ਗਰੀਬੀ ਦਾ ਕਾਰਨ ਬਣਾਇਆ ਹੈ। ਆਬਾਦੀ ਦਾ ਦੋ ਤਿਹਾਈ ਹਿੱਸਾ ਨਹੀਂ ਜਾਣਦਾ ਕਿ ਉਨ੍ਹਾਂ ਦਾ ਅਗਲਾ ਭੋਜਨ ਕਿੱਥੋਂ ਆਵੇਗਾ।

ਨਿਆਮਾਤੁੱਲਾਹ ਅੱਗੇ ਕਹਿੰਦੇ ਹਨ, ‘‘ਅਸੀਂ ਬਹੁਤ ਨਿਰਾਸ਼ ਹਾਂ। ਕਣਕ ਨਾਲ ਸਾਨੂੰ ਅਫ਼ੀਮ ਦੇ ਮੁਕਾਬਲੇ ਘੱਟ ਕਮਾਈ ਹੁੰਦੀ ਹੈ। ਮੇਰੇ ਘਰ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ। ਮੈਨੂੰ ਕਰਜ਼ਾ ਲੈਣਾ ਪਿਆ। ਭੁੱਖਮਰੀ ਵੱਧ ਗਈ ਹੈ ਅਤੇ ਸਾਨੂੰ ਸਰਕਾਰ ਤੋਂ ਕੋਈ ਮਦਦ ਨਹੀਂ ਮਿਲੀ।’’

ਤਾਲਿਬਾਨ ਸਰਕਾਰ ਲੋਕਾਂ ਦੀ ਮਦਦ ਲਈ ਕੀ ਕਰ ਰਹੀ

ਅਸੀਂ ਤਾਲਿਬਾਨ ਸਰਕਾਰ ਦੇ ਮੁੱਖ ਬੁਲਾਰੇ ਜ਼ਬੀਉੱਲਾਹ ਮੁਜਾਹਿਦ ਨੂੰ ਪੁੱਛਿਆ ਕਿ ਲੋਕਾਂ ਦੀ ਮਦਦ ਲਈ ਉਨ੍ਹਾਂ ਦੀ ਸਰਕਾਰ ਕੀ ਕਰ ਰਹੀ ਹੈ?

ਉਹ ਜਵਾਬ ਦਿੰਦੇ ਹਨ, ‘‘ਸਾਨੂੰ ਪਤਾ ਹੈ ਕਿ ਲੋਕ ਬਹੁਤ ਗ਼ਰੀਬ ਅਤੇ ਪਰੇਸ਼ਾਨ ਹਨ। ਪਰ ਅਫ਼ੀਮ ਨੁਕਸਾਨ ਇਸ ਦੇ ਫਾਇਦਿਆਂ ਨਾਲੋਂ ਕਿਤੇ ਵੱਧ ਹੈ। ਸਾਡੀ ਤਿੰਨ ਕਰੋੜ 70 ਲੱਖ ਦੀ ਆਬਾਦੀ ਵਿੱਚੋਂ 40 ਲੱਖ ਲੋਕ ਨਸ਼ੇ ਦੀ ਲਤ ਤੋਂ ਪੀੜਤ ਸਨ। ਇਹ ਇੱਕ ਵੱਡੀ ਗਿਣਤੀ ਹੈ।"

"ਜਿੱਥੋਂ ਤੱਕ ਰੋਜ਼ੀ-ਰੋਟੀ ਦੇ ਵਿਕਲਪਕ ਸਰੋਤਾਂ ਦੀ ਗੱਲ ਹੈ, ਅਸੀਂ ਚਾਹੁੰਦੇ ਹਾਂ ਕਿ ਅੰਤਰਰਾਸ਼ਟਰੀ ਭਾਈਚਾਰਾ ਉਨ੍ਹਾਂ ਅਫ਼ਗਾਨ ਲੋਕਾਂ ਦੀ ਮਦਦ ਕਰੇ ਜੋ ਨੁਕਸਾਨ ਦਾ ਸਾਹਮਣਾ ਕਰ ਰਹੇ ਹਨ।"

ਉਹ ਸੰਯੁਕਤ ਰਾਸ਼ਟਰ, ਅਮਰੀਕਾ ਅਤੇ ਹੋਰ ਸਰਕਾਰਾਂ ਦੇ ਦਾਅਵਿਆਂ ਨੂੰ ਰੱਦ ਕਰਦੇ ਹਨ ਕਿ ਅਫੀਮ ਤਾਲਿਬਾਨ ਲਈ ਆਮਦਨ ਦਾ ਇੱਕ ਵੱਡਾ ਸਰੋਤ ਸੀ ਜਦੋਂ ਉਹ ਪੱਛਮੀ ਫੌਜਾਂ ਅਤੇ ਪਿਛਲੀ ਅਫਗਾਨ ਸਰਕਾਰ ਵਿਰੁੱਧ ਲੜ ਰਹੇ ਸਨ।

ਅਸੀਂ ਤਾਲਿਬਾਨ ਦੇ ਬੁਲਾਰੇ ਨੂੰ ਪੁੱਛਿਆ ਕਿ ਉਹ ਕੌਮਾਂਤਰੀ ਸੰਸਥਾਵਾਂ ਤੋਂ ਮਦਦ ਦੀ ਉਮੀਦ ਕਿਵੇਂ ਕਰ ਸਕਦੇ ਹਨ, ਜਦੋਂ ਤਾਲਿਬਾਨ ਸਰਕਾਰ ਨੇ ਸਾਰੀਆਂ ਗੈਰ-ਸਰਕਾਰੀ ਸੰਸਥਾਵਾਂ ਲਈ ਔਰਤਾਂ ਦੇ ਕੰਮ ਕਰਨ 'ਤੇ ਪਾਬੰਦੀ ਲਗਾ ਕੇ ਉਨ੍ਹਾਂ ਦੇ ਸੰਚਾਲਨ ਅਤੇ ਫੰਡਿੰਗ ਨੂੰ ਖਤਰੇ ਵਿੱਚ ਪਾ ਦਿੱਤਾ ਹੈ।

ਜ਼ਬੀਉੱਲਾਹ ਜਵਾਬ ਦਿੰਦੇ ਹਨ, ‘‘ਕੌਮਾਂਤਰੀ ਸੰਸਥਾਵਾਂ ਨੂੰ ਮਨੁੱਖੀ ਮਸਲਿਆਂ ਨੂੰ ਸਿਆਸੀ ਮਸਲਿਆਂ ਨਾਲ ਨਹੀਂ ਜੋੜਨਾ ਚਾਹੀਦਾ। ਅਫ਼ੀਮ ਸਿਰਫ਼ ਅਫ਼ਗਾਨਿਸਤਾਨ ਨੂੰ ਹੀ ਨੁਕਸਾਨ ਨਹੀਂ ਪਹੁੰਚਾ ਰਹੀ ਸਗੋਂ ਇਹ ਪੂਰੀ ਦੁਨੀਆਂ ਨੂੰ ਪ੍ਰਭਾਵਿਤ ਕਰ ਰਹੀ ਹੈ। ਜੇ ਦੁਨੀਆ ਇਸ ਵੱਡੀ ਬੁਰਾਈ ਤੋਂ ਬਚ ਜਾਂਦੀ ਹੈ ਤਾਂ ਬਦਲੇ ਵਿੱਚ ਅਫਗਾਨ ਲੋਕਾਂ ਨੂੰ ਮਦਦ ਮਿਲਣਾ ਹੀ ਉਚਿਤ ਹੈ।’’

ਅਫੀਮ ਦੀਆਂ ਕੀਮਤਾਂ 'ਤੇ ਪਾਬੰਦੀ ਦਾ ਪ੍ਰਭਾਵ ਪਹਿਲਾਂ ਹੀ ਸਪੱਸ਼ਟ ਹੈ। ਕੰਧਾਰ, ਤਾਲਿਬਾਨ ਦਾ ਅਧਿਆਤਮਿਕ ਘਰ ਅਤੇ ਰਵਾਇਤੀ ਤੌਰ 'ਤੇ ਇੱਕ ਹੋਰ ਪ੍ਰਮੁੱਖ ਅਫ਼ੀਮ ਦੀ ਖ਼ੇਤੀ ਵਾਲਾ ਖ਼ੇਤਰ ਹੈ।

ਇੱਥੇ ਅਸੀਂ ਇੱਕ ਕਿਸਾਨ ਨੂੰ ਮਿਲੇ ਜੋ ਪਿਛਲੇ ਸਾਲ ਤੋਂ ਆਪਣੀ ਫ਼ਸਲ ਦਾ ਇੱਕ ਛੋਟਾ ਜਿਹਾ ਹਿੱਸਾ ਸੰਭਾਲ ਰਿਹਾ ਹੈ, ਭਰੇ ਹੋਏ ਦੋ ਲਿਫ਼ਾਫਿਆਂ ਵਿੱਚ ਅਫ਼ੀਮ ਹੈ। ਅਸੀਂ ਇਸ ਕਿਸਾਨ ਦੀ ਰੱਖਿਆ ਲਈ ਪਛਾਣ ਛੁਪਾ ਰਹੇ ਹਾਂ।

ਕੰਧਾਰ ਦੇ ਇਸ ਕਿਸਾਨ ਨੇ ਸਾਨੂੰ ਦੱਸਿਆ, ‘‘ਪਿਛਲੇ ਸਾਲ ਪਾਬੰਦੀ ਤੋਂ ਐਨ ਪਹਿਲਾਂ, ਮੈਂ ਇਸ ਤਰ੍ਹਾਂ ਦਾ ਲਿਫ਼ਾਫ਼ਾ ਪੰਜ ਗੁਣਾ ਵੱਧ ਕੀਮਤ ਉੱਤੇ ਵੇਚਿਆ। ਮੈਂ ਮੁੜ ਕੀਮਤਾਂ ਵਧਣ ਦਾ ਇੰਤਜ਼ਾਰ ਕਰ ਰਿਹਾ ਹਾਂ ਤਾਂ ਜੋ ਮੈਂ ਲੰਬੇ ਸਮੇਂ ਲਈ ਆਪਣਾ ਪਰਿਵਾਰ ਦਾ ਗੁਜ਼ਾਰਾ ਕਰ ਸਕਾਂ। ਸਾਡੀ ਹਾਲਤ ਬਹੁਤ ਖ਼ਰਾਬ ਹੈ। ਮੈਂ ਪਹਿਲਾਂ ਹੀ ਖਾਣੇ ਅਤੇ ਕੱਪੜੇ ਲਈ ਕਰਜ਼ਾ ਚੁੱਕਿਆ ਹੈ। ਮੈਨੂੰ ਪਤਾ ਹੈ ਕਿ ਅਫ਼ੀਮ ਨੁਕਸਾਨਦੇਹ ਹੈ, ਪਰ ਹੋਰ ਵਿਕਲਪ ਕੀ ਹੈ?’’

ਤਾਲਿਬਾਨ
ਤਸਵੀਰ ਕੈਪਸ਼ਨ, ਕੰਧਾਰ ਵਿੱਚ ਅਸੀਂ ਇੱਕ ਕਿਸਾਨ ਨੂੰ ਮਿਲੇ ਜੋ ਪਿਛਲੇ ਸਾਲ ਤੋਂ ਆਪਣੀ ਫ਼ਸਲ (ਅਫ਼ੀਮ) ਦਾ ਇੱਕ ਛੋਟਾ ਜਿਹਾ ਹਿੱਸਾ ਸੰਭਾਲ ਰਿਹਾ ਹੈ

ਡੇਵਿਡ ਮੈਨਸਫੀਲਡ ਕਹਿੰਦੇ ਹਨ, ‘‘ਅਫੀਮ ਅਤੇ ਹੈਰੋਇਨ ਦੀਆਂ ਕੀਮਤਾਂ 20 ਸਾਲਾਂ ਦੇ ਉੱਚੇ ਪੱਧਰ 'ਤੇ ਰਹਿੰਦੀਆਂ ਹਨ, ਇਸ ਸਾਲ ਅਫ਼ੀਮ ਦੀ ਕਾਸ਼ਤ ਦੇ ਇੰਨੇ ਘੱਟ ਪੱਧਰ ਦੇ ਬਾਵਜੂਦ, ਪਿਛਲੇ ਛੇ ਮਹੀਨਿਆਂ ਤੋਂ ਕੀਮਤਾਂ ਡਿੱਗ ਰਹੀਆਂ ਹਨ।"

"ਇਹ ਵਰਤਾਰਾ ਸੁਝਾਅ ਦਿੰਦਾ ਹੈ ਕਿ ਸਿਸਟਮ ਵਿੱਚ ਮਹੱਤਵਪੂਰਨ ਜਮਾਂਖੋਰੀ ਹੈ ਅਤੇ ਹੈਰੋਇਨ ਦਾ ਉਤਪਾਦਨ ਤੇ ਵਪਾਰ ਜਾਰੀ ਹੈ। ਗੁਆਂਢੀ ਸੂਬਿਆਂ ਅਤੇ ਇਸ ਤੋਂ ਬਾਹਰ ਵੀ ਇਹ ਦਰਸਾਉਂਦਾ ਹੈ ਕਿ ਹੈਰੋਇਨ ਦੀ ਕਮੀ ਨਹੀਂ ਹੈ।"

ਮਾਈਕ ਟਰੇਸ, ਯੂਕੇ ਸਰਕਾਰ ਦੀ ਡਰੱਗ ਨੀਤੀ ਦੇ ਸੀਨੀਅਰ ਸਲਾਹਕਾਰ ਸਨ।

ਉਹ ਕਹਿੰਦੇ ਹਨ, ‘‘ਇਸ ਦਾ ਪੱਛਮੀ ਕੀਮਤਾਂ ਅਤੇ ਬਾਜ਼ਾਰਾਂ 'ਤੇ ਬਹੁਤ ਵੱਡਾ ਅਤੇ ਤੁਰੰਤ ਪ੍ਰਭਾਵ ਨਹੀਂ ਪਿਆ, ਕਿਉਂਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਰਸਤੇ 'ਤੇ ਤਸਕਰਾਂ ਵੱਲੋਂ ਬਹੁਤ ਜ਼ਿਆਦਾ ਭੰਡਾਰ ਹੈ। ਇਹ ਮਾਰਕੀਟ ਦਾ ਸੁਭਾਅ ਹੈ ਅਤੇ ਇਹ ਪਿਛਲੇ 20 ਸਾਲਾਂ ਤੋਂ ਬੁਨਿਆਦੀ ਤੌਰ 'ਤੇ ਨਹੀਂ ਬਦਲਿਆ ਹੈ।"

ਤਾਲਿਬਾਨ

ਅਫਗਾਨਿਸਤਾਨ ਵਿੱਚ ਅਫੀਮ ਦੇ ਉਤਪਾਦਨ ਤੇ ਤਸਕਰੀ ਨੂੰ ਖਤਮ ਕਰਨ, ਤਾਲਿਬਾਨ ਦੇ ਫੰਡਿੰਗ ਦੇ ਸਰੋਤ ਨੂੰ ਘਟਾਉਣ ਦੀ ਉਮੀਦ ਵਿੱਚ ਅਮਰੀਕਾ ਵੱਲੋਂ ਅਰਬਾਂ ਡਾਲਰ ਖਰਚ ਕੀਤੇ ਗਏ ਸਨ।

ਉਨ੍ਹਾਂ ਨੇ ਤਾਲਿਬਾਨ ਦੇ ਕੰਟਰੋਲ ਵਾਲੇ ਖੇਤਰ ਵਿੱਚ ਅਫ਼ੀਮ ਦੇ ਖੇਤਾਂ 'ਤੇ ਹਵਾਈ ਹਮਲੇ ਕੀਤੇ, ਅਫੀਮ ਦੇ ਭੰਡਾਰਾਂ ਨੂੰ ਸਾੜ ਦਿੱਤਾ ਅਤੇ ਡਰੱਗ ਲੈਬਾਰਟਰੀਆਂ 'ਤੇ ਛਾਪੇ ਮਾਰੇ।

ਪਰ ਅਫੀਮ ਵੀ ਅਮਰੀਕਾ-ਸਮਰਥਿਤ ਸਾਬਕਾ ਅਫਗਾਨ ਸ਼ਾਸਨ ਵੱਲੋਂ ਕੰਟਰੋਲ ਕੀਤੇ ਜਾਂਦੇ ਖੇਤਰਾਂ ਵਿੱਚ ਖੁੱਲ੍ਹ ਕੇ ਉਗਾਈ ਜਾਂਦੀ ਸੀ, ਜਿਸ ਨੂੰ ਬੀਬੀਸੀ ਨੇ 2021 ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਪਹਿਲਾਂ ਦੇਖਿਆ ਸੀ।

ਫਿਲਹਾਲ, ਤਾਲਿਬਾਨ ਨੇ ਅਫਗਾਨਿਸਤਾਨ ਵਿੱਚ ਉਹ ਕੰਮ ਕੀਤਾ ਜਾਪਦਾ ਹੈ ਜੋ ਪੱਛਮ ਨਹੀਂ ਕਰ ਸਕਿਆ। ਪਰ ਇਸ ਬਾਰੇ ਸਵਾਲ ਹਨ ਕਿ ਉਹ ਇਸ ਨੂੰ ਕਿੰਨਾ ਚਿਰ ਕਾਇਮ ਰੱਖ ਸਕਦੇ ਹਨ।

ਜਿੱਥੋਂ ਤੱਕ ਯੂਕੇ ਅਤੇ ਬਾਕੀ ਯੂਰਪ ਵਿੱਚ ਹੈਰੋਇਨ ਦੀ ਲਤ ਦੀ ਗੱਲ ਹੈ, ਮਾਈਕ ਟਰੇਸ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਵਿੱਚ ਅਫੀਮ ਦੀ ਖੇਤੀ ਵਿੱਚ ਨਾਟਕੀ ਕਮੀ ਨਾਲ ਖਪਤ ਕੀਤੇ ਜਾਣ ਵਾਲੇ ਨਸ਼ੀਲੇ ਪਦਾਰਥਾਂ ਦੀ ਕਿਸਮ ਨੂੰ ਬਦਲਣ ਦੀ ਸੰਭਾਵਨਾ ਹੈ।

ਉਹ ਕਹਿੰਦੇ ਹਨ, "ਲੋਕਾਂ ਦੇ ਸਿੰਥੈਟਿਕ ਨਸ਼ੀਲੇ ਪਦਾਰਥਾਂ ਵੱਲ ਮੁੜਨ ਦੀ ਸੰਭਾਵਨਾ ਹੈ, ਜੋ ਅਫੀਮ ਨਾਲੋਂ ਕਿਤੇ ਵੱਧ ਘਾਤਕ ਹੋ ਸਕਦੀ ਹੈ।"

(ਇਮੋਗਨ ਐਂਡਰਸਨ ਅਤੇ ਰਸ਼ੇਲ ਰਾਈਟ ਦੀ ਇੰਨਪੁਟ ਨਾਲ ਰਿਪੋਰਟਿੰਗ )

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)