'ਜਣੇਪੇ ਦੀਆਂ ਦਰਦਾਂ ਨੂੰ ਦੂਰ ਕਰਨ ਲਈ ਵੀ ਨਸ਼ਾ ਕੀਤਾ' ਜ਼ਿੰਦਗੀ ਫੇਰ ਲੀਹ 'ਤੇ ਲਿਆਉਣ ਦੀ ਕੋਸ਼ਿਸ਼ ਕਰਦਾ ਗੁਰਦਾਸਪੁਰ ਦਾ ਜੋੜਾ

ਜੋੜਾ

ਤਸਵੀਰ ਸਰੋਤ, BBC/Gurpreet Chawla

ਤਸਵੀਰ ਕੈਪਸ਼ਨ, ਦੋਵਾਂ ਨੇ ਦੱਸਿਆ ਕਿ ਆਪਣੇ ਬੱਚਿਆਂ ਦੀ ਚੰਗੀ ਜ਼ਿੰਦਗੀ ਬਾਰੇ ਸੋਚਕੇ ਹੀ ਉਨ੍ਹਾਂ ਨੇ ਨਸ਼ਾ ਛੱਡਣ ਦਾ ਫ਼ੈਸਲਾ ਲਿਆ
    • ਲੇਖਕ, ਗੁਰਪ੍ਰੀਤ ਸਿੰਘ ਚਾਵਲਾ
    • ਰੋਲ, ਬੀਬੀਸੀ ਸਹਿਯੋਗੀ

ਗੁਰਦਾਸਪੁਰ ਵਿਚਲੇ ਰੈੱਡ ਕਰੌਸ ਨਸ਼ਾ ਛੁਡਾਓ ਕੇਂਦਰ ਵਿੱਚ 15 ਦਿਨ ਪਹਿਲਾਂ ਇੱਕ ਜੋੜਾ ਆਪਣੇ ਇਲਾਜ ਲਈ ਦਾਖ਼ਲ ਹੋਇਆ।

ਇਸ ਜੋੜੇ ਵੱਲੋਂ ਸੁਣਾਈ ਗਈ ਹੱਡਬੀਤੀ ਨਸ਼ੇ ਦੇ ਪੰਜਾਬ ਵਿਚਲੇ ਕਈ ਪਰਿਵਾਰਾਂ ਉੱਤੇ ਪਏ ਮਾੜੇ ਅਸਰ ਨੂੰ ਉਜਾਗਰ ਕਰਦੀ ਹੈ।

32 ਸਾਲਾ ਦਾ ਸੁਖਬੀਰ (ਬਦਲਿਆ ਨਾਮ) ਅਤੇ ਉਨ੍ਹਾਂ ਦੀ 28 ਸਾਲਾ ਪਤਨੀ ਮੋਨਿਕਾ (ਬਦਲਿਆ ਨਾਮ) ਦੇ ਦਾਅਵੇ ਮੁਤਾਬਕ ਉਹ ਦੋਵੇਂ ਚਿੱਟੇ (ਹੈਰੋਇਨ) ਦੀ ਆਦਤ ਨਾਲ ਪੀੜਤ ਹਨ।

ਮੋਨਿਕਾ ਅਤੇ ਸੁਖਬੀਰ ਦੀ ਲਵ ਮੈਰਿਜ ਹੋਈ ਸੀ।

ਹਾਲਾਂਕਿ ਨਸ਼ੇ ਕਾਰਨ ਇਸ ਜੋੜੇ ਦੇ ਪਰਿਵਾਰ ਅਤੇ ਇਨ੍ਹਾਂ ਦੇ ਦੋ ਬੱਚਿਆਂ ਦੀ ਜ਼ਿੰਦਗੀ 'ਤੇ ਅਮਿੱਟ ਅਸਰ ਪਿਆ ਹੈ, ਪਰ ਇਹ ਦੋਵੇਂ ਆਪਣੀ ਪੁਰਾਣੀ ਜ਼ਿੰਦਗੀ ਨੂੰ ਭੁਲਾ ਕੇ ਆਪਣੀ ਜ਼ਿੰਦਗੀ ਨੂੰ ਮੁੜ ਲੀਹਾਂ ਉੱਤੇ ਲਿਆਉਣਾ ਚਾਹੁੰਦੇ ਹਨ।

ਇਸ ਵਿੱਚ ਗੁਰਦਾਸਪੁਰ ਵਿਚਲੀ ਸੰਸਥਾ ਇਨ੍ਹਾਂ ਦੀ ਮਦਦ ਕਰ ਰਹੀ ਹੈ। ਉਨ੍ਹਾਂ ਨੂੰ ਇਹ ਯਕੀਨ ਹੈ ਕਿ ਉਹ ਕਾਮਯਾਬ ਹੋਣਗੇ।

ਮੋਨਿਕਾ ਅਤੇ ਸੁਖਬੀਰ ਦੇ ਦੋ ਬੱਚੇ ਹਨ। ਮੋਨਿਕਾ ਨੂੰ ਨਸ਼ੇ ਦੀ ਆਦਤ ਸਾਲ 2017 ਵਿੱਚ ਪਈ ਸੀ।

ਸੁਖਬੀਰ ਕਰੀਬ ਇੱਕ ਦਹਾਕੇ ਤੋਂ ਨਸ਼ੇ ਦੀ ਆਦਤ ਨਾਲ ਪੀੜਤ ਸਨ।

ਮੋਨਿਕਾ ਨੇ ਦੱਸਿਆ ਕਿ ਨਸ਼ੇ ਦੀ ਆਦਤ ਕਾਰਨ ਉਨ੍ਹਾਂ ਦੇ ਸਕੇ ਸਬੰਧੀਆਂ ਨੇ ਵੀ ਉਨ੍ਹਾਂ ਦਾ ਸਾਥ ਛੱਡ ਦਿੱਤਾ।

ਦੋਵਾਂ ਨੇ ਦੱਸਿਆ ਕਿ ਆਪਣੇ ਬੱਚਿਆਂ ਦੀ ਚੰਗੀ ਜ਼ਿੰਦਗੀ ਬਾਰੇ ਸੋਚਕੇ ਹੀ ਉਨ੍ਹਾਂ ਨੇ ਨਸ਼ਾ ਛੱਡਣ ਦਾ ਫ਼ੈਸਲਾ ਲਿਆ।

ਵੀਡੀਓ ਕੈਪਸ਼ਨ, ਜ਼ਿੰਦਗੀ ਫੇਰ ਲੀਹ 'ਤੇ ਲਿਆਉਣ ਦੀ ਕੋਸ਼ਿਸ਼ ਕਰਦਾ ਗੁਰਦਾਸਪੁਰ ਦਾ ਜੋੜਾ

ਕਸਰਤ ਦਾ ਸ਼ੋਂਕ ਸੀ

ਸੁਖਬੀਰ ਨੇ ਦੱਸਿਆ ਕਿ ਉਹ ਰੂਟੀਨ ਵਿੱਚ ਕਸਰਤ ਕਰਦੇ ਸਨ ਅਤੇ ਜਿੰਮ ਵੀ ਜਾਂਦੇ ਸਨ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਚੰਗੀ ਨੌਕਰੀ ਕਰਦੇ ਸਨ ਅਤੇ ਘਰ ਵਿੱਚ ਖੁਸ਼ਹਾਲੀ ਸੀ ਅਤੇ ਪੈਸਿਆਂ ਦੀ ਕੋਈ ਕਮੀ ਨਹੀਂ ਸੀ।

ਉਨ੍ਹਾਂ ਦੱਸਿਆ, “ਮੈਂ ਆਪਣਾ ਮੋਟਰਸਾਈਕਲ, ਐਕਟਿਵਾ, ਘਰ ਵਿੱਚ ਪਏ ਸੋਨੇ ਦੇ ਗਹਿਣੇ ਅਤੇ ਪਿਤਾ ਦੇ ਦੇਹਾਂਤ ਤੋਂ ਬਾਅਦ ਮਿਲੀ ਰਕਮ ਵੀ ਨਸ਼ੇ ਵਿੱਚ ਲਗਾ ਦਿੱਤੀ।”

ਸੁਖਬੀਰ ਦੱਸਦੇ ਹਨ ਉਨ੍ਹਾਂ ਨੂੰ ਨਸ਼ੇ ਦੀ ਆਦਤ ਉਨ੍ਹਾਂ ਦੇ ਦੋਸਤਾਂ ਤੋਂ ਲੱਗੀ ਸੀ।

ਮੋਨਿਕਾ ਦੱਸਦੇ ਹਨ ਕਿ ਉਨ੍ਹਾਂ ਨੇੇ ਵਿਆਹ ਤੋਂ ਪਹਿਲਾ ਕਦੇ ਇਸ ਨਸ਼ੇ ਬਾਰੇ ਸੁਣਿਆ ਵੀ ਨਹੀਂ ਸੀ।

ਨਸ਼ਾ

ਤਸਵੀਰ ਸਰੋਤ, BBC/Gurpreet Chawla

ਤਸਵੀਰ ਕੈਪਸ਼ਨ, ਸੁਖਬੀਰ ਨੇ ਦੱਸਿਆ ਕਿ ਉਹ ਰੂਟੀਨ ਵਿੱਚ ਕਸਰਤ ਕਰਦੇ ਸਨ ਅਤੇ ਜਿੰਮ ਵੀ ਜਾਂਦੇ ਸਨ

'ਗਰਭ ਦੌਰਾਨ ਨਸ਼ੇ ਦੀ ਆਦਤ ਪਈ'

ਨਸ਼ੇ ਦੀ ਆਦਤ ਦੀ ਸ਼ੁਰੂਆਤ ਬਾਰੇ ਮੋਨਿਕਾ ਨੇ ਦੱਸਿਆ ਕਿ ਉਹ ਉਸ ਵੇਲੇ ਗਰਭਵਤੀ ਸਨ ਜਦੋਂ ਉਨ੍ਹਾਂ ਨੂੰ ਨਸ਼ੇ ਦੀ ਆਦਤ ਪਈ।

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਪਹਿਲਾਂ ਹੀ ਚਿੱਟੇ ਦਾ ਨਸ਼ਾ ਕਰਦੇ ਸਨ।

“ਇਸ ਦੌਰਾਨ ਮੈਨੂੰ ਸਰਵਾਈਕਲ ਦਾ ਦਰਦ ਹੋਣਾ ਸ਼ੁਰੂ ਹੋ ਗਿਆ ਅਤੇ ਮੈਂ ਪਤੀ ਨੂੰ ਕਿਹਾ ਕਿ ਦਵਾਈ ਲਿਆ ਕੇ ਦੇਣ।”

ਉਨ੍ਹਾਂ ਦੱਸਿਆ ਕਿ ਦਵਾਈ ਦੀ ਥਾਂ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਨੂੰ ਚਿੱਟਾ ਦੇ ਦਿੱਤਾ ਅਤੇ ਉਹ ਚਿੱਟੇ ਦੇ ਆਦੀ ਹੋ ਗਏ।

ਉਨ੍ਹਾਂ ਦੱਸਿਆ ਕਿ ਆਪਣੇ ਦੂਜੇ ਬੱਚੇ ਦੇ ਜਨਮ ਦੌਰਾਨ ਹਸਪਤਾਲ ਜਾਂਦਿਆਂ ਹੋਈਆਂ ਜਣੇਪੇ ਦੀਆਂ ਦਰਦਾਂ ਨੂੰ ਦੂਰ ਕਰਨ ਲਈ ਵੀ ਉਨ੍ਹਾਂ ਨੇ ਨਸ਼ਾ ਕੀਤਾ।

ਪਤੀ ਦੀ ਆਦਤ ਦਾ ਵਿਰੋਧ ਕੀਤਾ ਸੀ

 ਗੁਰਦਾਸਪੁਰ

ਤਸਵੀਰ ਸਰੋਤ, BBC/Gurpreet Chawla

ਤਸਵੀਰ ਕੈਪਸ਼ਨ, ਫ਼ਿਲਹਾਲ ਦੋਵਾਂ ਦਾ ਇਲਾਜ ਗੁਰਦਾਸਪੁਰ ਦੇ ਨਸ਼ਾ ਛੁਡਾਓ ਕੇਂਦਰ ਵਿੱਚ ਚੱਲ ਰਿਹਾ ਹੈ

ਮੋਨਿਕਾ ਨੇ ਦੱਸਿਆ, “ਜਦੋਂ ਮੈਨੂੰ ਪਤਾ ਲੱਗਾ ਕਿ ਮੇਰੇ ਪਤੀ ਨਸ਼ੇ ਦੇ ਆਦੀ ਹਨ ਤਾਂ ਉਨ੍ਹਾਂ ਨੇ ਵਿਰੋਧ ਕੀਤਾ ਅਤੇ ਸਹੁਰਾ ਘਰ ਛੱਡ ਕੇ ਪੇਕੇ ਆ ਗਈ।”

ਉਹ ਦੱਸਦੇ ਹਨ ਕਿ ਉਨ੍ਹਾਂ ਦੇ ਪੇਕੇ ਪਰਿਵਾਰ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ। ਉਹ ਦੱਸਦੇ ਹਨ ਕਿ ਪਰਿਵਾਰ ਨੇ ਇਸ ਦਾ ਫ਼ੈਸਲਾ ਦੋਵਾਂ (ਪਤੀ ਪਤਨੀ) ਉੱਤੇ ਛੱਡ ਦਿੱਤਾ।

ਉਹ ਦੱਸਦੇ ਹਨ, “ਪਤੀ ਨੂੰ ਛੁਡਵਾਉਣ ਦੀ ਥਾਂ ਮੈਂ ਆਪ ਹੀ ਨਸ਼ੇ ਦੇ ਦਲਦਲ ਵਿੱਚ ਫੱਸ ਗਈ।”

ਦੋਵਾਂ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਿੰਦਗੀ ਦੇ ਕਰੀਬ 12 ਸਾਲ ਨਸ਼ੇ ਦੀ ਆਦਤ ਕਾਰਨ ਖ਼ਰਾਬ ਹੋਏ। ਇਸੇ ਕਰਕੇ ਉਨ੍ਹਾਂ ਦੀ ਜਮ੍ਹਾਂ ਪੂੰਜੀ ਵੀ ਗਈ, ਕਈ ਕੀਮਤੀ ਚੀਜ਼ਾਂ ਵੇਚਣੀਆਂ ਪਈਆਂ ਅਤੇ ਰਿਸ਼ਤੇਦਾਰਾਂ ਅਤੇ ਦੋਸਤਾਂ ਕੋਲੋਂ ਉਧਾਰ ਵੀ ਲਿਆ।

ਉਹ ਦੱਸਦੇ ਹਨ ਕਿ ਜੇਕਰ ਉਹ ਨਸ਼ਾ ਛੁਡਾਓ ਕੇਂਦਰ ਵਿੱਚ ਨਾ ਆਉਂਦੇ ਤਾਂ ਉਨ੍ਹਾਂ ਦਾ ਬਚਣਾ ਮੁਸ਼ਕਲ ਸੀ।

ਮੋਨਿਕਾ ਦੱਸਦੇ ਹਨ ਕਿ ਉਹ ਸਿਹਤਯਾਬ ਹੋ ਕੇ ਆਪਣੀ ਜ਼ਿੰਦਗੀ ਦੀ ਦੁਬਾਰਾ ਸ਼ੁਰੂਆਤ ਕਰਨੀ ਚਾਹੁੰਦੇ ਹਨ।

'ਵੱਡਾ ਬਦਲਾਅ ਆਇਆ'

ਨਸ਼ਾ ਮੁਕਤੀ ਕੇਂਦਰ

ਤਸਵੀਰ ਸਰੋਤ, BBC/Gurpreet Chawla

ਰੈੱਡ ਕਰੋਸ ਨਸ਼ਾ ਮੁਕਤੀ ਕੇਂਦਰ ਦੇ ਪ੍ਰੋਜੈਕਟ ਡਾਇਰੈਕਟਰ ਰੋਮੇਸ਼ ਮਹਾਜਨ ਦੱਸਦੇ ਹਨ ਕਿ ਜਦੋਂ 15 ਦਿਨ ਪਹਿਲਾ ਉਨ੍ਹਾਂ ਕੋਲ ਇਸ ਪਤੀ ਪਤਨੀ ਨੇ ਆ ਕੇ ਆਪਣੀ ਕਹਾਣੀ ਸੁਣਾਈ ਤਾਂ ਉਨ੍ਹਾਂ ਦੋਵਾਂ ਦੇ ਕੇਸ ਨੂੰ ਇੱਕ ਵੱਡੀ ਚੁਣੌਤੀ ਲੈ ਕੇ ਇਨ੍ਹਾਂ ਨੂੰ ਇੱਥੇ ਦਾਖ਼ਲ ਕੀਤਾ ਸੀ।

ਉਹ ਦੱਸਦੇ ਹਨ, “ਲੋੜੀਂਦੀਆਂ ਦਵਾਈਆਂ ਦੇ ਨਾਲ-ਨਾਲ ਦੋਵਾਂ ਦੀ ਕਾਊਂਸਲਿੰਗ ਵੀ ਕੀਤੀ ਜਾ ਰਹੀ ਹੈ।”

ਰੋਮੇਸ਼ ਮਹਾਜਨ

ਤਸਵੀਰ ਸਰੋਤ, BBC/Gurpreet Chawla

ਤਸਵੀਰ ਕੈਪਸ਼ਨ, ਰੈੱਡ ਕਰੋਸ ਨਸ਼ਾ ਮੁਕਤੀ ਕੇਂਦਰ ਦੇ ਪ੍ਰੋਜੈਕਟ ਡਾਇਰੈਕਟਰ ਰੋਮੇਸ਼ ਮਹਾਜਨ

ਉਨ੍ਹਾਂ ਦੱਸਿਆ, “ਸ਼ੁਰੂਆਤੀ ਦਿਨਾਂ 'ਚ ਤਾਂ ਇਹ ਦੋਵੇਂ ਘਰ ਜਾਣਾ ਚਾਹੁੰਦੇ ਸਨ ਪਰ ਇਨ੍ਹਾਂ ਨੂੰ ਪ੍ਰੇਰਿਤ ਕਰਕੇ ਇਲਾਜ ਜਾਰੀ ਰੱਖਿਆ ਗਿਆ ਅਤੇ ਹੁਣ 15 ਦਿਨ ਹੋ ਚੁੱਕੇ ਹਨ ਅਤੇ ਇਨ੍ਹਾਂ ਵਿੱਚ ਵੱਡਾ ਬਦਲਾਅ ਆਇਆ ਹੈ।"

ਉਨ੍ਹਾਂ ਨੇ ਦੱਸਿਆ ਕਿ ਸੈਂਟਰ 'ਚ ਆਉਣ ਵਾਲੇ ਹਰ ਕਿਸੇ ਨਸ਼ਾ ਪੀੜਤ ਨੂੰ ਉਹ ਇੱਕ ਮਰੀਜ਼ ਵਾਂਗ ਵੇਖਦੇ ਹਨ।

ਉਹ ਦੱਸਦੇ ਹਨ ਕਿ ਉਹ ਮਰੀਜ਼ਾਂ ਦੇ ਪਰਿਵਾਰਾਂ ਨੂੰ ਵੀ ਇਹ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਨਸ਼ਾ ਇੱਕ ਬਿਮਾਰੀ ਹੈ ਅਤੇ ਜਿਥੇ ਉਨ੍ਹਾਂ ਵਲੋਂ ਮੈਡੀਕਲ ਟਰੀਟਮੈਂਟ ਕੀਤਾ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਪੀੜਤਾਂ ਨੂੰ ਵੱਖ-ਵੱਖ ਢੰਗ ਨਾਲ ਕਾਊਂਸਲਿੰਗ ਕਰ ਉਹਨਾਂ ਦੀ ਪਿਛਲੀ ਬੀਤੀ ਜ਼ਿੰਦਗੀ 'ਚੋਂ ਬਾਹਰ ਕੱਢ ਕੇ ਅੱਗੇ ਬਿਹਤਰ ਜ਼ਿੰਦਗੀ ਲਈ ਪ੍ਰੇਰਿਆ ਜਾ ਰਿਹਾ ਹੈ।

ਗੁਰਦਾਸਪੁਰ ਦੇ ਸੀਨੀਅਰ ਸੁਪਰੀਟੈਂਡੈਂਟ ਆਫ ਪੁਲਿਸ ਹਰੀਸ਼ ਦਾਯਮਾ ਕਹਿੰਦੇ ਹਨ, "ਅਸੀਂ ਮਰੀਜ਼ਾਂ ਦਾ ਸਾਥ ਦੇਣਾ ਚਾਹੁੰਦੇ ਹਾਂ ਜੋ ਇੱਕ ਨਵੀਂ ਸ਼ੁਰੂਆਤ ਕਰਨੀ ਚਾਹੁੰਦੇ ਹਨ, ਅਸੀਂ ਇਨ੍ਹਾਂ ਦੇ ਪਰਿਵਾਰਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਇਨ੍ਹਾਂ ਨੂੰ ਅਪਣਾਉਣ।"

ਅੰਕੜੇ ਕੀ ਕਹਿੰਦੇ ਹਨ

ਸਾਲ 2023 ਦੌਰਾਨ ਪੰਜਾਬ ਵਿਧਾਨ ਸਭਾ ਵਿੱਚ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਬਾਰੇ ਹੋਈ ਬਹਿਸ ਦੌਰਾਨ ਸਿਹਤ ਮੰਤਰੀ ਨੇ ਮੰਨਿਆ ਸੀ ਕਿ ਸੂਬੇ ਵਿੱਚ 10 ਲੱਖ ਲੋਕ ਨਸ਼ੇ ਤੋਂ ਪੀੜਤ ਹਨ।

ਸਿਹਤ ਮੰਤਰੀ ਨੇ ਇਸ ਗੱਲ ਉੱਤੇ ਚਿੰਤਾ ਪ੍ਰਗਟਾਈ ਸੀ ਕਿ ਸਰਕਾਰੀ ਨਸ਼ਾ ਛੁਡਾਓ ਕੇਂਦਰਾਂ ਵਿੱਚ ਸਿਰਫ਼ 1.5 ਫ਼ੀਸਦੀ ਅਤੇ ਪ੍ਰਾਈਵੇਟ ਸੈਂਟਰਾਂ ਵਿੱਚ 0.04 ਫ਼ੀਸਦੀ ਨਸ਼ੇੜੀ ਹੀ ਠੀਕ ਹੋਏ ਹਨ।

ਪੰਜਾਬ ਸਰਕਾਰ ਨੇ ਦਾਅਵਾ ਕੀਤਾ ਸੀ ਕਿ 102 ਕਰੋੜ ਰੁਪਏ ਹਰ ਸਾਲ ਨਸ਼ੇ ਦੀ ਰੋਕਥਾਮ ਉੱਤੇ ਖ਼ਰਚ ਹੁੰਦੇ ਹਨ, ਪਰ ਨਾਲ ਹੀ ਨਸ਼ੇ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)