ਇਸ ਦੇਸ 'ਚ ਮੱਛਰਾਂ ਦੇ ਟਾਕਰੇ ਲਈ ਮੱਛਰ ਹੀ ਕਿਉਂ ਛੱਡੇ ਜਾ ਰਹੇ

ਤਸਵੀਰ ਸਰੋਤ, Getty Images
ਅਮਰੀਕਾ ਦੇ ਫਲੋਰਿਡਾ ਸੂਬੇ ਵਿੱਚ ਸਥਾਨਕ ਮੱਛਰਾਂ ਦੀ ਅਬਾਦੀ ਘਟਾਉਣ ਲਈ ਸਥਾਨਕ ਪ੍ਰਸ਼ਾਸ਼ਨ ਨੇ ਲਗਭਘ 750 ਮਿਲੀਅਨ ਜੈਨਿਟੀਕਲੀ ਮੋਡੀਫਾਈਡ ਮੱਛਰ ਛੱਡਣ ਨੂੰ ਮਨਜ਼ੂਰੀ ਦਿੱਤੀ ਹੈ।
ਮਕਸਦ ਇਹ ਹੈ ਕਿ ਇਸ ਨਾਲ ਮੱਛਰਾਂ ਤੋਂ ਫੈਲਣ ਵਾਲੀਆਂ ਡੇਂਗੂ ਅਤੇ ਜ਼ੀਕਾ ਵਾਇਰਸ ਵਰਗੀਆਂ ਬੀਮਾਰੀਆਂ ਨੂੰ ਰੋਕਿਆ ਜਾ ਸਕੇਗਾ।
ਇੱਕ ਦਹਾਕੇ ਤੋਂ ਲਟਕ ਰਹੇ ਇਸ ਪ੍ਰੋਜੈਕਟ ਨੂੰ ਹਰੀ ਝੰਡੀ ਮਿਲਦਿਆਂ ਹੀ ਵਾਤਾਵਰਣ ਪ੍ਰੇਮੀਆਂ ਵੱਲੋਂ ਇਸ ਦਾ ਵਿਰੋਧ ਸ਼ੁਰੂ ਹੋ ਗਿਆ ਹੈ।
ਇੱਕ ਗਰੁੱਪ ਨੇ ਯੋਜਨਾ ਨੂੰ "ਜੁਰਾਸਿਕ ਪਾਰਕ ਅਕਸਪੈਰੀਮੈਂਟ" ਕਹਿ ਕੇ ਇਸ ਦੀ ਨਿੰਦਾ ਕੀਤੀ ਹੈ।
ਇਹ ਵੀ ਪੜ੍ਹੋ:
ਕਾਰਕੁਨਾਂ ਦਾ ਕਹਿਣਾ ਹੈ ਕਿ ਇਸ ਨਾਲ ਈਕੋਸਿਸਟਮਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਅਤੇ ਮੱਛਰਾਂ ਦੀ ਇੱਕ ਹਾਈਬਰੀਡ ਨਸਲ ਪੈਦਾ ਹੋ ਸਕਦੀ ਹੈ ਜਿਸ ਉੱਪਰ ਕੀਟਨਾਸ਼ਕ ਬੇਅਸਰ ਹੋ ਜਾਣਗੇ।
ਜਦਕਿ ਕੰਪਨੀ ਦਾ ਕਹਿਣਾ ਹੈ ਕਿ ਇਸ ਨਾਲ ਮਨੁੱਖਾਂ ਅਤੇ ਵਾਤਾਵਰਣ ਉੱਪਰ ਕੋਈ ਮਾੜਾ ਅਸਰ ਨਹੀਂ ਪਵੇਗਾ।
ਇਹ ਮੱਛਰ ਫੋਲਿਰੀਡਾ ਕੀਜ਼ ਨਾਂਅ ਦੇ ਦੀਪ ਸਮੂਹ ਉੱਪਰ ਅਗਲੇ ਸਾਲ ਛੱਡੇ ਜਾਣੇ ਹਨ।

ਤਸਵੀਰ ਸਰੋਤ, Getty Images
ਮਈ ਵਿੱਚ ਅਮਰੀਕਾ ਦੀ ਵਾਤਾਵਰਣ ਏਜੰਸੀ ਨੇ ਅਮਰੀਕਾ ਵਿੱਚ ਕੰਮ ਕਰ ਰਹੀ ਬ੍ਰਿਟਿਸ਼ ਕੰਪਨੀ ਔਗ਼ਜ਼ੌਟਿਕ ਨੂੰ ਜਨੈਟਿਕ ਰੱਦੋਬਦਲ ਕਰ ਕੇ ਬਣਾਏ ਨਰ ਏਡੀਜ਼ ਏਜਿਪਟੀ ਮੱਛਰਾਂ ਦੇ ਉਤਪਾਦਨ ਦੀ ਆਗਿਆ ਦਿੱਤੀ ਜਿਨਾਂ ਨੂੰ OX5034 ਵੀ ਕਿਹਾ ਜਾਂਦਾ ਹੈ।
ਬ੍ਰਾਜ਼ੀਲ ਵਿੱਚ ਕੀਤੇ ਗਏ ਟਰਾਇਲ
ਏਡੀਜ਼ ਏਜਿਪਟੀ ਮੱਛਰਾਂ ਨੂੰ ਮਨੁੱਖਾਂ ਵਿੱਚ ਜਾਨਲੇਵਾ ਬੀਮਾਰੀਆਂ ਡੇਂਗੂ, ਜ਼ੀਕਾ, ਚਿਕਨਗੁਨੀਆ ਅਤੇ ਯੈਲੂ ਫੀਵਰ ਫੈਲਾਉਣ ਲਈ ਜਾਣਿਆ ਜਾਂਦਾ ਹੈ।
ਇਸ ਪ੍ਰਜਾਤੀ ਦੀਆਂ ਕੇਵਲ ਮਾਦਾ ਮੱਛਰ ਹੀ ਮਨੁੱਖੀ ਖੂਨ ਪੀਂਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਆਂਡੇ ਤਿਆਰ ਕਰਨ ਲਈ ਖੂਨ ਦੀ ਲੋੜ ਹੁੰਦੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਜਨੈਟਿਕ ਰੱਦੋਬਦਲ ਨਾਲ ਤਿਆਰ ਕੀਤੇ ਨਰ ਮੱਛਰ ਇਨ੍ਹਾਂ ਮਦੀਨਾਂ ਨਾਲ ਜੋੜੇ ਬਣਾਉਣਗੇ।
ਇਨ੍ਹਾਂ ਨਰ ਮੱਛਰਾਂ ਵਿੱਚ ਇੱਕ ਅਜਿਹਾ ਪ੍ਰੋਟੀਨ ਹੈ ਜੋ ਕਿ ਮਾਦਾ ਦੇ ਅੰਡਿਆਂ ਨੂੰ ਡੰਗ ਮਾਰਨ ਦੇ ਪੜਾਅ ’ਤੇ ਪਹੁੰਚਣ ਤੋਂ ਪਹਿਲਾਂ ਹੀ ਮਾਰ ਦੇਵੇਗਾ। ਜ਼ਿਕਰਯੋਗ ਹੈ ਕਿ ਨਰ ਜੋ ਕਿ ਸਿਰਫ਼ ਰਸ ਉੱਪਰ ਹੀ ਜਿਊਂਦੇ ਹਨ ਇਸੇ ਤਰ੍ਹਾਂ ਆਪਣੇ ਜੀਨ ਅੱਗੇ ਤੋਰਦੇ ਰਹਿਣਗੇ।
ਇਸ ਤਰ੍ਹਾਂ ਸਮਾਂ ਪਾ ਕੇ ਮੱਛਰਾਂ ਦੀ ਅਬਾਦੀ ਵਿੱਚ ਕਮੀ ਆ ਜਾਵੇਗੀ ਅਤੇ ਜਾਨਲੇਵਾ ਬੀਮਾਰੀਆਂ ਦੇ ਫੈਲਾਅ ਨੂੰ ਠੱਲ੍ਹ ਪਾਉਣ ਵਿੱਚ ਮਦਦ ਮਿਲੇਗੀ।
ਮੰਗਲਵਾਰ ਨੂੰ ਫਲੋਰਿਡਾ ਕੀਜ਼ ਦੇ ਮੱਛਰ ਕੰਟਰੋਲ ਵਿਭਾਗ ਨੇ ਅਗਾਮੀ ਦੋ ਸਾਲਾਂ ਦੌਰਾਨ ਇਨ੍ਹਾਂ 750 ਮਿਲੀਅਨ ਮੱਛਰਾਂ ਨੂੰ ਛੱਡੇ ਜਾਣ ਨੂੰ ਹਰੀ ਝੰਡੀ ਦਿੱਤੀ।
ਇਸ ਯੋਜਨਾ ਦੇ ਵਿਰੋਧ ਵਿੱਚ ਲਗਭਗ 240,000 ਲੋਕਾਂ ਨੇ ਚੇਂਜ.ਔਆਰਜੀ ਉੱਪਰ ਅਮਰੀਕੀ ਸੂਬਿਆਂ ਨੂੰ ਆਪਣੇ ਇਨ੍ਹਾਂ ਮੱਛਰਾਂ ਦੀ ਜਾਂਚ ਲਈ ਪ੍ਰਯੋਗਸ਼ਾਲਾ ਵਜੋਂ ਵਰਤਣ ਦਾ ਇਲਜ਼ਾਮ ਲਾਉਂਦੀ ਇੱਕ ਪਟੀਸ਼ਨ ਉੱਪਸ ਦਸਤਖ਼ਤ ਕੀਤੇ ਹਨ।
ਕੰਪਨੀ ਦੀ ਵੈਬਸਾਈਟ ਮੁਤਾਬਕ ਇਨ੍ਹਾਂ ਮੱਛਰਾਂ ਉੱਪਰ ਬ੍ਰਾਜ਼ੀਲ ਵਿੱਚ ਕੀਤੇ ਗਏ ਟਰਾਇਲਜ਼ ਦੇ ਵਧੀਆ ਨਤੀਜੇ ਮਿਲੇ ਹਨ।
ਕੰਪਨੀ ਦੀ ਯੋਜਨਾ ਇਨ੍ਹਾਂ ਮੱਛਰਾਂ ਨੂੰ ਸਾਲ 2021 ਵਿੱਚ ਟੈਕਸਾਸ ਸੂਬੇ ਵਿੱਚ ਵੀ ਛੱਡਣ ਦੀ ਹੈ। ਖ਼ਬਰਾਂ ਮੁਤਾਬਕ ਇਸ ਕੰਮ ਲਈ ਕੰਪਨੀ ਨੂੰ ਹਾਲਾਂਕਿ ਫੈਡਰਲ ਸਰਕਾਰ ਦੀ ਪ੍ਰਵਾਨਗੀ ਤਾਂ ਮਿਲ ਗਈ ਹੈ ਪਰ ਸੂਬਿਆਂ ਅਤੇ ਸਥਾਨਕ ਪ੍ਰਸ਼ਾਸਨ ਦੀ ਹਰੀ ਝੰਡੀ ਮਿਲਣੀ ਬਾਕੀ ਹੈ।
ਫਰੈਂਡਸ ਆਫ਼ ਦਿ ਅਰਥ ਨਾਮਕ ਵਾਤਾਵਰਣ ਪੱਖੀ ਗਰੁੱਪ ਨੇ ਆਪਣੇ ਬਿਆਨ ਵਿੱਚ ਕਿਹਾ ਹੈ,"ਇਹ ਮੱਛਰ ਛੱਡਣ ਨਾਲ ਫਲੋਰਿਡਾ ਵਾਸੀ, ਵਾਤਾਵਰਣ ਅਤੇ ਖ਼ਤਰੇ ਵਿੱਚ ਪਈਆਂ ਪ੍ਰਜਾਤੀਆਂ ਇਸ ਮਹਾਮਾਰੀ ਦੇ ਦੌਰ ਵਿੱਚ ਇੱਕ ਬੇਲੋੜੇ ਖ਼ਤਰੇ ਵਿੱਚ ਪੈ ਜਾਣਗੀਆਂ।"
ਹਾਲਾਂਕਿ ਕੰਪਨੀ ਦੇ ਇੱਕ ਸਾਇੰਸਦਾਨ ਨੇ ਖ਼ਬਰ ਏਜੰਸੀ ਏਪੀ ਨੂੰ ਦੱਸਿਆ,"ਪਿਛਲੇ ਸਾਲਾਂ ਦੌਰਾਨ ਅਸੀਂ ਖਰਬਾਂ ਮੱਛਰ ਛੱਡੇ ਹਨ। ਵਾਤਾਵਰਣ ਜਾਂ ਮਨੁੱਖਾਂ ਨੂੰ ਕਿਸੇ ਖ਼ਤਰੇ ਦੀ ਕੋਈ ਸੰਭਾਵਨਾ ਨਹੀਂ ਹੈ।"
ਫਲੋਰਿਡਾ ਵਿੱਚ ਏਡੀਜ਼ ਏਜਿਪਟੀ ਦੱਖਣੀ ਫਲੋਰਿਡਾ ਦੇ ਸ਼ਹਿਰੀ ਖੇਤਰਾਂ ਵਿੱਚ ਭਰਭੂਰ ਪਾਏ ਜਾਂਦੇ ਹਨ। ਉੱਥੇ ਇਹ ਜ਼ਿਆਦਾਤਰ ਤੈਰਾਕੀ-ਤਲਾਬਾਂ ਦੇ ਖੜ੍ਹੇ ਪਾਣੀ ਵਿੱਚ ਵਧਦੇ-ਫੁਲਦੇ ਹਨ। ਕਈ ਖੇਤਰ ਜਿਵੇਂ ਕਿ ਫੋਲੋਰਿਡਾ ਕੀਜ਼ ਵਿੱਚ ਇਨ੍ਹਾਂ ਮੱਛਰਾਂ ਉੱਪਰ ਕੀਟਨਾਸ਼ਕਾਂ ਦਾ ਅਸਰ ਵੀ ਹੋਣੋ ਹਟ ਗਿਆ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












