ਹਰ ਸਾਲ 10 ਲੱਖ ਜਾਨਾਂ ਲੈਣ ਵਾਲੇ ਮੱਛਰਾਂ ਨੂੰ ਖਤਮ ਕਰਨਾ ਨੁਕਸਾਨਦਾਇਕ ਕਿਉ?

ਮੱਛਰ

ਤਸਵੀਰ ਸਰੋਤ, Getty Images

    • ਲੇਖਕ, ਕਲੇਅਰ ਬੇਟਸ
    • ਰੋਲ, ਬੀਬੀਸੀ ਨਿਊਜ਼ ਮੈਗਜ਼ੀਨ

ਮੱਛਰ ਦੁਨੀਆਂ ਦਾ ਸਭ ਤੋਂ ਖ਼ਤਰਨਾਕ ਜੀਵ ਹੈ। ਇਹ ਅਜਿਹੀਆਂ ਬਿਮਾਰੀਆਂ ਫੈਲਾਉਂਦਾ ਹੈ, ਜਿਸਦੇ ਕਾਰਨ ਦੁਨੀਆਂ ਭਰ ਵਿੱਚ ਹਰ ਸਾਲ ਕਰੀਬ 10 ਲੱਖ ਲੋਕ ਮਰਦੇ ਹਨ। ਜਿਵੇਂ ਜ਼ੀਕਾ ਵਾਇਰਸ ਜਿਹੜਾ ਮੱਛਰਾਂ ਜ਼ਰੀਏ ਇੱਕ ਇਨਸਾਨ ਤੋਂ ਦੂਜੇ ਇਨਾਸਾਨਾਂ ਤੱਕ ਪਹੁੰਚਦਾ ਹੈ।

ਇਸ ਵਾਇਰਸ ਦੇ ਕਾਰਨ ਦੱਖਣ ਅਮਰੀਕੀ ਦੇਸਾਂ ਵਿੱਚ ਕਈ ਹਜ਼ਾਰ ਬੱਚੇ ਇਸ ਤਰ੍ਹਾਂ ਪੈਦਾ ਹੋਏ ਹਨ ਜਿਹੜੇ ਮਾਨਸਿਕ ਤੌਰ 'ਤੇ ਪੂਰੀ ਤਰ੍ਹਾਂ ਨਾਲ ਠੀਕ ਨਹੀਂ ਹਨ।

ਜੇਕਰ ਮੱਛਰ ਨਾ ਹੁੰਦੇ ਤਾਂ ਇਹ ਬਿਮਾਰੀ ਵੀ ਨਾ ਫੈਲਦੀ।

ਤਾਂ, ਕੀ ਦੁਨੀਆਂ ਵਿੱਚੋਂ ਮੱਛਰਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਣਾ ਚਾਹੀਦਾ ਹੈ?

ਪੂਰੀ ਦੁਨੀਆਂ 'ਚ ਮੱਛਰਾਂ ਦੀਆਂ ਕਰੀਬ 3500 ਪ੍ਰਜਾਤੀਆਂ ਹਨ। ਹਾਲਾਂਕਿ ਇਨ੍ਹਾਂ ਵਿੱਚ ਵਧੇਰੇ ਨਸਲਾਂ ਮਨੁੱਖਾਂ ਨੂੰ ਬਿਲਕੁਲ ਵੀ ਤੰਗ ਨਹੀਂ ਕਰਦੀਆਂ। ਇਹ ਮੱਛਰ ਪੌਦੇ ਅਤੇ ਫਲਾਂ ਦੇ ਰਸ 'ਤੇ ਜ਼ਿੰਦਾ ਰਹਿੰਦੇ ਹਨ।

ਮੱਛਰਾਂ ਦੀਆਂ ਸਿਰਫ਼ ਛੇ ਫ਼ੀਸਦ ਪ੍ਰਜਾਤੀਆਂ ਦੀਆਂ ਮਾਦਾਵਾਂ ਆਪਣੇ ਅੰਡਿਆਂ ਦੇ ਵਿਕਾਸ ਲਈ ਇਨਸਾਨਾਂ ਦਾ ਖ਼ੂਨ ਪੀਂਦੀਆਂ ਹਨ। ਇਨਸਾਨਾਂ ਦਾ ਖ਼ੂਨ ਪੀਣ ਵਾਲੇ ਇਨ੍ਹਾਂ ਮਾਦਾ ਮੱਛਰਾਂ ਵਿੱਚੋਂ ਅੱਧੇ ਆਪਣੇ ਅੰਦਰ ਬਿਮਾਰੀਆਂ ਦੇ ਵਾਇਰਸ ਲਈ ਫਿਰਦੇ ਹਨ।

ਕੁੱਲ ਮਿਲਾ ਕੇ ਮੱਛਰਾਂ ਦੀਆਂ ਸਿਰਫ਼ 100 ਨਸਲਾਂ ਹੀ ਅਜਿਹੀਆਂ ਹਨ ਜਿਹੜੀਆਂ ਮਨੁੱਖ ਲਈ ਨੁਕਸਾਨਦਾਇਕ ਹਨ। ਇਨ੍ਹਾਂ ਦਾ ਇਨਸਾਨਾਂ 'ਤੇ ਬਹੁਤ ਹੀ ਭਿਆਨਕ ਅਸਰ ਪੈਂਦਾ ਹੈ।

ਮੱਛਰ

ਤਸਵੀਰ ਸਰੋਤ, Science Photo Library

ਬ੍ਰਿਟੇਨ ਦੀ ਗ੍ਰੀਨਿਚ ਯੂਨੀਵਰਸਟੀ ਦੇ ਨੈਚੁਰਲ ਰਿਸੋਰਸ ਇੰਸਟੀਚਿਊਟ ਦੇ ਫਰਾਂਸਿਸ ਹੌਕਸ ਕਹਿੰਦੇ ਹਨ ਕਿ ਦੁਨੀਆਂ ਦੀ ਅੱਧੀ ਆਬਾਦੀ 'ਤੇ ਮੱਛਰਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਖ਼ਤਰਾ ਰਹਿੰਦਾ ਹੈ। ਇਨਸਾਨ ਦੀਆਂ ਤਮਾਮ ਮੁਸ਼ਕਿਲਾਂ ਵਿੱਚੋਂ ਕਈਆਂ ਲਈ ਮੱਛਰ ਜ਼ਿੰਮੇਵਾਰ ਹਨ।

ਸਭ ਤੋਂ ਖ਼ਤਰਨਾਕ ਮੱਛਰ

ਏਡੀਸ ਅਜੈਪਟੀ-ਇਸ ਮੱਛਰ ਤੋਂ ਜ਼ੀਕਾ, ਯੈਲੋ ਫੀਵਰ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਫੈਲਦੀਆਂ ਹਨ। ਇਹ ਮੱਛਰ ਸਭ ਤੋਂ ਪਹਿਲਾਂ ਅਫ਼ਰੀਕਾ ਵਿੱਚ ਜੰਮਿਆ ਸੀ। ਮੱਛਰਾਂ ਦੀ ਇਹ ਪ੍ਰਜਾਤੀ ਅੱਜ ਦੁਨੀਆਂ ਦੇ ਤਮਾਮ ਗਰਮ ਦੇਸਾਂ ਵਿੱਚ ਪਾਈ ਜਾਂਦੀ ਹੈ।

ਏਡੀਸ-ਐਲਬੋਪਿਕਟਸ-ਇਸ ਮੱਛਰ ਨਾਲ ਵੀ ਯੈਲੋ ਫੀਵਰ, ਡੇਂਗੂ ਅਤੇ ਵੇਸਟ ਨੀਲ ਵਾਇਰਸ ਫੈਲਦੇ ਹਨ। ਇਹ ਮੱਛਰ ਪਹਿਲਾਂ ਦੱਖਣ-ਪੂਰਬੀ ਏਸ਼ੀਆ ਵਿੱਚ ਪੈਦਾ ਹੋਇਆ ਸੀ। ਪਰ ਹੁਣ ਇਹ ਦੁਨੀਆਂ ਦੇ ਤਮਾਮ ਗਰਮ ਦੇਸਾਂ ਵਿੱਚ ਪਾਇਆ ਜਾਂਦਾ ਹੈ।

ਐਨਾਫੀਲੀਜ਼ ਗੈਂਬੀਆਈ-ਇਸ ਨੂੰ ਅਫ਼ਰੀਕੀ ਮਲੇਰੀਆ ਮੱਛਰ ਵੀ ਕਹਿੰਦੇ ਹਨ। ਇਹ ਮੱਛਰ ਬਿਮਾਰੀਆਂ ਫੈਲਾਉਣ ਵਿੱਚ ਸਭ ਦਾ ਪਿਓ ਕਿਹਾ ਜਾਂਦਾ ਹੈ।

ਮੱਛਰਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਮਲੇਰੀਆ, ਡੇਂਗੂ ਅਤੇ ਯੈਲੋ ਫੀਵਰ ਦੇ ਕਾਰਨ ਦੁਨੀਆਂ ਭਰ ਵਿੱਚ ਕਰੀਬ 10 ਲੱਖ ਲੋਕ ਮਾਰੇ ਜਾਂਦੇ ਹਨ। ਜ਼ਿਆਦਾਤਰ ਗ਼ਰੀਬ ਦੇਸਾਂ ਦੇ ਲੋਕ ਮੱਛਰਾਂ ਦੇ ਸ਼ਿਕਾਰ ਹੁੰਦੇ ਹਨ।

ਕੁਝ ਮੱਛਰਾਂ ਤੋਂ ਜ਼ੀਕਾ ਵਾਇਰਸ ਫੈਲਦਾ ਹੈ। ਪਹਿਲਾਂ ਮੰਨਿਆ ਜਾਂਦਾ ਸੀ ਕਿ ਜ਼ੀਕਾ ਵਾਇਰਸ ਤੋਂ ਹਲਕਾ ਬੁਖ਼ਾਰ ਅਤੇ ਸਰੀਰ 'ਤੇ ਛਾਲੇ ਪੈਂਦੇ ਹਨ। ਪਰ ਵਿਗਿਆਨਕ ਹੁਣ ਫਿਕਰਮੰਦ ਹਨ ਕਿਉਂਕਿ ਜ਼ੀਕਾ ਵਾਇਰਸ, ਗਰਭ ਵਿੱਚ ਪਲ ਰਹੇ ਬੱਚਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ।

ਇਸਦਾ ਸਬੰਧ ਮਾਈਕਰੋਸੇਫ਼ੇਲੀ ਨਾਂ ਦੀ ਬਿਮਾਰੀ ਵਿੱਚ ਵੀ ਪਾਇਆ ਗਿਆ ਹੈ। ਬ੍ਰਾਜ਼ੀਲ ਵਿੱਚ ਇਸਦੇ ਸ਼ਿਕਾਰ ਕਈ ਬੱਚੇ ਪੈਦਾ ਹੋਏ ਹਨ। ਮਾਈਕਰੋਸੇਫ਼ੇਲੀ ਦੇ ਕਾਰਨ ਬੱਚੇ ਛੋਟੇ ਸਿਰ ਵਾਲੇ ਪੈਦਾ ਹੁੰਦੇ ਹਨ।

ਦੁਨੀਆਂ ਦੇ ਤਮਾਮ ਦੇਸ ਲੋਕਾਂ ਨੂੰ ਮੱਛਰਾਂ ਦੇ ਖ਼ਤਰੇ ਤੋਂ ਜਾਣੂ ਕਰਨ ਲਈ ਸਾਲਾਂ ਤੋਂ ਮੁਹਿੰਮ ਚਲਾ ਰਹੇ ਹਨ। ਲੋਕਾਂ ਨੂੰ ਸਮਝਾਇਆ ਜਾਂਦਾ ਹੈ ਕਿ ਮੱਛਰਦਾਨੀ ਅਤੇ ਬਚਾਅ ਦੇ ਦੂਜੇ ਤਰੀਕੇ ਵਰਤਣ ਤਾਂ ਜੋ ਉਹ ਮੱਛਰਾਂ ਤੋਂ ਬਚ ਸਕਣ।

ਪਰ, ਹੁਣ ਜਦੋਂ ਵਿਗਿਆਨ ਨੇ ਐਨੀ ਤਰੱਕੀ ਕਰ ਲਈ ਹੈ, ਤਾਂ ਕੀ ਬਿਮਾਰੀ ਫੈਲਾਉਣ ਵਾਲੇ ਮੱਛਰਾਂ ਦਾ ਪੂਰੀ ਤਰ੍ਹਾਂ ਨਾਲ ਖ਼ਾਤਮਾ ਕਰਕੇ ਇਸ ਚੁਣੌਤੀ ਤੋਂ ਨਿਜਾਤ ਪਾਈ ਜਾ ਸਕਦੀ ਹੈ?

ਮੱਛਰ

ਤਸਵੀਰ ਸਰੋਤ, Joe Raedle/Getty Images

ਬ੍ਰਿਟਿਸ਼ ਜੀਵ ਵਿਗਿਆਨਕ ਓਲੀਵੀਆ ਜਡਸਨ ਇਸ ਖਿਆਲ ਦੀ ਸਮਰਥਕ ਹੈ। ਉਹ ਕਹਿੰਦੀ ਹੈ ਕਿ 30 ਤਰ੍ਹਾਂ ਦੇ ਮੱਛਰਾਂ ਦਾ ਖ਼ਾਤਮਾ ਕਰਕੇ ਅਸੀਂ ਦਸ ਲੱਖ ਵਿਅਕਤੀਆਂ ਦੀ ਜਾਨ ਬਚਾ ਸਕਦੇ ਹਾਂ। ਇਸ ਨਾਲ ਮੱਛਰਾਂ ਦੀ ਸਿਰਫ਼ ਇੱਕ ਫ਼ੀਸਦ ਨਸਲ ਖ਼ਤਮ ਹੋਵੇਗੀ। ਪਰ ਇਨਸਾਨਾਂ ਦਾ ਬਹੁਤ ਭਲਾ ਹੋਵੇਗਾ।

ਨਵੀਂ ਨਸਲ

ਬ੍ਰਿਟੇਨ ਵਿੱਚ ਔਕਸਫੋਰਡ ਯੂਨੀਵਰਸਟੀ ਅਤੇ ਬਾਇਓਟੈਕ ਕੰਪਨੀ ਔਕਸੀਟੈੱਕ ਦੇ ਵਿਗਿਆਨਕਾਂ ਨੇ ਏਡੀਸ ਅਜਿਪਟੀ ਮੱਛਰਾਂ ਦੇ ਜੀਨ ਵਿੱਚ ਬਦਲਾਅ ਕਰਕੇ ਨਰ ਮੱਛਰਾਂ ਦੀ ਨਵੀਂ ਨਸਲ ਤਿਆਰ ਕੀਤੀ ਹੈ।

ਇਸ ਮੱਛਰ ਜ਼ਰੀਏ ਡੇਂਗੂ ਅਤੇ ਜ਼ੀਕਾ ਦੇ ਵਾਇਰਸ ਫੈਲਦੇ ਹਨ। ਇਨ੍ਹਾਂ ਜਨੈਟੀਕਲੀ ਮੌਡੀਫਾਈਡ ਮੱਛਰਾਂ ਵਿੱਚ ਅਜਿਹਾ ਜੀਨ ਹੈ,ਜਿਹੜਾ ਮੱਛਰਾਂ ਦੀ ਪੀੜ੍ਹੀ ਨੂੰ ਪੂਰੀ ਤਰ੍ਹਾਂ ਵਿਕਿਸਤ ਨਹੀਂ ਹੋਣ ਦਿੰਦਾ।

ਇਸ ਕਾਰਨ ਮੱਛਰਾਂ ਦੀ ਨਵੀਂ ਪੀੜ੍ਹੀ ਬੱਚੇ ਪੈਦਾ ਕਰਨ ਤੋਂ ਪਹਿਲਾਂ ਹੀ ਮਰ ਜਾਂਦੀ ਹੈ। ਹੁਣ ਮੱਛਰਾਂ ਦੀ ਪੀੜ੍ਹੀ ਦਰ ਪੀੜ੍ਹੀ ਇਸ ਤਰ੍ਹਾਂ ਖ਼ਤਮ ਕੀਤੀ ਜਾਵੇ ਤਾਂ ਇੱਕ ਦਿਨ ਉਹ ਨਸਲ ਹੀ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ। ਫਿਰ ਉਨ੍ਹਾਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੇ ਫੈਲਣ ਦਾ ਸਿਲਸਿਲਾ ਵੀ ਰੁਕੇਗਾ।

ਮੱਛਰਦਾਨੀ

ਤਸਵੀਰ ਸਰੋਤ, ABDUL MAJEED/AFP/Getty Images

ਅਜਿਹੇ ਕਰੀਬ 30 ਲੱਖ ਮੱਛਰਾਂ ਨੂੰ ਕੇਮਨ ਟੈਪੂਆਂ 'ਤੇ 2009 ਤੋਂ 2010 ਵਿਚਕਾਰ ਛੱਡਿਆ ਗਿਆ ਸੀ। ਔਕਸੀਟੈੱਕ ਦੀ ਰਿਪੋਰਟ ਦੇ ਮੁਤਾਬਕ ਇਸ ਪ੍ਰੋਯਗ ਦੇ ਆਲੇ-ਦੁਆਲੇ ਦੇ ਇਲਾਕਿਆਂ ਦੇ ਮੁਕਾਬਲੇ ਕੇਮਨ ਟਾਪੂਆਂ 'ਤੇ ਮੱਛਰਾਂ ਦੀ ਆਬਾਦੀ 96 ਫ਼ੀਸਦ ਤੱਕ ਘੱਟ ਗਈ ਸੀ।

ਬ੍ਰਾਜ਼ੀਲ ਵਿੱਚ ਚੱਲ ਰਹੇ ਇਸੇ ਤਰ੍ਹਾਂ ਦੇ ਤਜ਼ਰਬੇ ਨਾਲ 92 ਫ਼ੀਸਦ ਤੱਕ ਮੱਛਰ ਖ਼ਤਮ ਹੋ ਗਏ।

ਮੱਛਰਾਂ ਦੇ ਖ਼ਾਤਮੇ ਦਾ ਸੰਭਾਵਿਤ ਅਸਰ

ਸਵਾਲ ਇਹ ਹੈ ਕਿ ਮੱਛਰਾਂ ਨੂੰ ਇਸ ਤਰ੍ਹਾਂ ਖ਼ਤਮ ਕਰਨ ਦੇ ਨੁਕਸਾਨ ਵੀ ਹਨ? ਫਲੋਰੀਡਾ ਦੇ ਕੀਟ ਵਿਗਿਆਨੀ ਫਿਲ ਲੋਨੀਬਸ ਕਹਿੰਦੇ ਹਨ ਕਿ ਮੱਛਰਾਂ ਦਾ ਇਸ ਤਰੀਕੇ ਨਾਲ ਖ਼ਾਤਮਾ ਕਰਨ ਦੇ ਅਜਿਹੇ ਕਈ ਸਾਈਡ ਇਫੈਕਟ ਹਨ, ਜਿਹੜੇ ਅਸੀਂ ਨਹੀਂ ਚਾਹਾਂਗੇ।ਲੋਨੀਬਸ ਕਹਿੰਦੇ ਹਨ ਕਿ ਮੱਛਰ ਪੌਦਿਆਂ ਦਾ ਰਸ ਪੀ ਕੇ ਰਹਿੰਦੇ ਹਨ। ਇਨ੍ਹਾਂ ਜ਼ਰੀਏ ਪੌਦਿਆਂ ਦੇ ਪਰਾਗ ਫੈਲਦੇ ਹਨ।

ਜਿਸ ਕਾਰਨ ਫੁੱਲਾਂ ਦਾ ਫਲ ਦੇ ਤੌਰ 'ਤੇ ਵਿਕਾਸ ਹੁੰਦਾ ਹੈ। ਮੱਛਰਾਂ ਨੂੰ ਕਈ ਪਰਿੰਦੇ ਤੇ ਚਮਗਾਦੜ ਖਾਂਦੇ ਹਨ। ਉੱਥੇ ਹੀ ਇਨ੍ਹਾਂ ਦੇ ਲਾਰਵਾ ਤੋਂ ਮੱਛੀਆਂ ਅਤੇ ਡੱਡੂਆਂ ਨੂੰ ਖਾਣਾ ਮਿਲਦਾ ਹੈ। ਅਜਿਹੇ ਵਿੱਚ ਮੱਛਰਾਂ ਦੇ ਖਾਤਮੇ ਨਾਲ ਕੁਦਰਤੀ ਫੂਡ ਚੇਨ 'ਤੇ ਵੀ ਅਸਰ ਪੈ ਸਕਦਾ ਹੈ।

ਮੱਛਰ

ਤਸਵੀਰ ਸਰੋਤ, Reuters

ਉੱਥੇ ਹੀ ਓਲੀਵੀਆ ਜਡਸਨ ਇਸ ਖਦਸ਼ੇ ਨੂੰ ਖਾਰਜ ਕਰਦੀ ਹੈ। ਉਨ੍ਹਾਂ ਮੁਤਾਬਕ ਮੱਛਰਾਂ ਦੇ ਖ਼ਾਤਮੇ 'ਤੇ ਦੂਜੇ ਜੀਵ ਇਸ ਫੂਡ ਚੇਨ ਦੀ ਵੱਡੀ ਕੜੀ ਬਣ ਜਾਣਗੇ। ਜਡਸਨ ਕਹਿੰਦੀ ਹੈ ਕਿ ਧਰਤੀ ਦੇ ਵਿਕਾਸ ਦੌਰਾਨ ਬਹੁਤ ਸਾਰੀਆਂ ਨਸਲਾਂ ਖ਼ਤਮ ਹੋ ਗਈਆਂ।

ਇਨ੍ਹਾਂ ਪ੍ਰਜਾਤੀਆਂ ਦੇ ਖ਼ਾਤਮੇ ਨਾਲ ਅਜਿਹਾ ਨਹੀਂ ਹੋਇਆ ਕਿ ਤਬਾਹੀ ਆ ਗਈ। ਉਨ੍ਹਾਂ ਦੀ ਥਾਂ ਨਵੀਂ ਪ੍ਰਜਾਤੀਆਂ ਨੇ ਲੈ ਲਈ।

ਫਿਲ ਲੋਨੀਬਸ ਇਸਦੇ ਜਵਾਬ ਵਿੱਚ ਕਹਿੰਦੇ ਹਨ ਕਿ ਜੇਕਰ ਮੱਛਰਾਂ ਦੀ ਥਾਂ ਨਵੇਂ ਜੀਵਾਂ ਨੇ ਲੈ ਲਈ, ਤਾਂ ਵੀ ਸਮੱਸਿਆ ਹੀ ਹੈ। ਉਹ ਚੇਤਾਵਨੀ ਦਿੰਦੇ ਹਨ ਕਿ ਮੱਛਰਾਂ ਦੀ ਥਾਂ ਲੈਣ ਵਾਲਾ ਨਵਾਂ ਜੀਵ ਉਸੇ ਤਰ੍ਹਾਂ ਦਾ ਹੀ ਜਾਂ ਉਸ ਤੋਂ ਵੱਧ ਖ਼ਤਰਨਾਕ ਹੋ ਸਕਦਾ ਹੈ।

ਇਸਦਾ ਇਨਸਾਨ ਦੀ ਸਿਹਤ 'ਤੇ ਹੋਰ ਵੀ ਮਾੜਾ ਅਸਰ ਹੋ ਸਕਦਾ ਹੈ। ਅਜਿਹਾ ਵੀ ਹੋ ਸਕਦਾ ਹੈ ਕਿ ਇਸ ਨਵੇਂ ਜੀਵ ਨਾਲ ਬਿਮਾਰੀਆਂ ਹੋਰ ਤੇਜ਼ੀ ਨਾਲ ਅਤੇ ਦੂਰ ਤੱਕ ਫੈਲਣ।

ਸੀਮਤ ਤੌਰ 'ਤੇ ਘਾਤਕ ਅਸਰ

ਵਿਗਿਆਨ ਲੇਖਕ ਡੇਵਿਡ ਕਵਾਮੇਨ ਕਹਿੰਦੇ ਹਨ ਕਿ ਮੱਛਰਾਂ ਦਾ ਇਨਸਾਨੀਅਤ 'ਤੇ ਬਹੁਤ ਸੀਮਤ ਤੌਰ 'ਤੇ ਹੀ ਘਾਤਕ ਅਸਰ ਹੁੰਦਾ ਹੈ। ਉਹ ਗਰਮ ਇਲਾਕਿਆਂ ਵਾਲੇ ਜੰਗਲਾਂ ਵਿੱਚ ਮਨੁੱਖਾਂ ਦੇ ਵਸਣ ਨੂੰ ਲਗਭਗ ਨਾਮੁਮਕਿਨ ਕਰ ਦਿੰਦੇ ਹਨ।

ਮੱਛਰ

ਤਸਵੀਰ ਸਰੋਤ, EPA

ਅਜਿਹੇ ਮੀਂਹ ਵਾਲੇ ਜੰਗਲਾਂ ਵਿੱਚ ਦੁਨੀਆਂ ਭਰ ਦੇ ਕੁੱਲ ਪੇੜ-ਪੌਦਿਆਂ ਅਤੇ ਦੂਜੇ ਜੀਵਾਂ ਦੀ ਵੱਡੀ ਤਦਾਦ ਰਹਿੰਦੀ ਹੈ। ਮੱਛਰਾਂ ਦੇ ਕਾਰਨ ਇਨਸਾਨ ਇਨ੍ਹਾਂ ਜੰਗਲਾਂ ਵਿੱਚ ਵਧੇਰੇ ਦਖ਼ਲ ਨਹੀਂ ਦੇ ਪਾ ਰਿਹਾ।

ਮੱਛਰ ਖ਼ਤਮ ਹੋਏ, ਤਾਂ ਇਨ੍ਹਾਂ ਜੰਗਲਾਂ 'ਤੇ ਬਹੁਤ ਵੱਡਾ ਇਨਸਾਨੀ ਤਬਾਹੀ ਦਾ ਖ਼ਤਰਾ ਮੰਡਰਾਉਣ ਲੱਗ ਜਾਵੇਗਾ। ਕਵਾਮੇਨ ਕਹਿੰਦੇ ਹਨ ਕਿ ਮੱਛਰਾਂ ਨੇ ਅਜਿਹੀ ਤਬਾਹੀ ਨੂੰ ਪਿਛਲੇ ਦਸ ਹਜ਼ਾਰ ਸਾਲਾਂ ਤੋਂ ਰੋਕਿਆ ਹੋਇਆ ਹੈ।

ਕਿਸੀ ਵੀ ਪ੍ਰਜਾਤੀ ਦਾ ਖ਼ਾਤਮਾ ਸਿਰਫ਼ ਵਿਗਿਆਨਕ ਨਜ਼ਰੀਏ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ। ਇਸ ਨੂੰ ਦਾਰਸ਼ਨਿਕ ਨਜ਼ਰੀਏ ਨਾਲ ਵੀ ਦੇਖਣਾ ਹੋਵੇਗਾ।

ਮੱਛਰ

ਤਸਵੀਰ ਸਰੋਤ, Getty Images

ਕੁਝ ਲੋਕ ਅਜਿਹੇ ਹੋਣਗੇ, ਜਿਹੜੇ ਕਿਸੇ ਨਸਲ ਦੇ ਅਜਿਹੇ ਖ਼ਾਤਮੇ ਦੇ ਸਖ਼ਤ ਖ਼ਿਲਾਫ਼ ਹੋਣਗੇ ਉਨ੍ਹਾਂ ਦਾ ਤਰਕ ਹੋਵੇਗਾ ਕਿ ਮਨੁੱਖਾਂ ਲਈ ਖ਼ਤਰਨਾਕ ਮੱਛਰਾਂ ਦਾ ਜਿਸ ਤਰਕ ਨਾਲ ਖ਼ਾਤਮਾ ਕੀਤਾ ਜਾ ਰਿਹਾ ਹੈ। ਉਸ ਤਰਕ ਨਾਲ ਤਾਂ ਮਨੁੱਖ ਵੀ ਪੂਰੀ ਕੁਦਰਤ ਲਈ ਖ਼ਤਰਾ ਹੈ, ਤਾਂ ਕੀ ਉਸਦਾ ਵੀ ਖ਼ਾਤਮਾ ਕੀਤਾ ਜਾਵੇ?

ਖ਼ਾਤਮਾ ਮੁਮਕਿਨ ਨਹੀਂ

ਔਕਸਫੋਰਡ ਯੂਨੀਵਰਸਟੀ ਦੇ ਜੋਨਾਥਨ ਪਘ ਕਹਿੰਦੇ ਹਨ ਕਿ ਕਿਸੇ ਨਸਲ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਣਾ, ਨੈਤਿਕ ਰੂਪ ਨਾਲ ਠੀਕ ਨਹੀਂ। ਉਂਝ ਇਸ ਤਰਕ ਨੂੰ ਅਸੀਂ ਹਰ ਵਾਰ ਲਾਗੂ ਨਹੀਂ ਕਰ ਸਕਦੇ।

ਜਿਵੇਂ ਕਿ ਜਦੋਂ ਅਸੀਂ ਚੇਚਕ ਦੇ ਵਾਇਰਸ ਵੈਰੀਓਲਾ ਦਾ ਪੂਰੀ ਤਰ੍ਹਾਂ ਨਾਲ ਸਫ਼ਾਇਆ ਕੀਤਾ ਤਾਂ ਦੁਨੀਆਂ ਨੇ ਇਸ 'ਤੇ ਜਸ਼ਨ ਮਨਾਇਆ ਸੀ।

ਜੋਨਾਥਨ ਪਘ ਕਹਿੰਦੇ ਹਨ ਕਿ ਸਾਨੂੰ ਖ਼ੁਦ ਤੋਂ ਪੁੱਛਣਾ ਚਾਹੀਦਾ ਹੈ ਕਿ ਮੱਛਰਾਂ 'ਚ ਕੋਈ ਬਹੁਤ ਵੱਡੀ ਕੰਮ ਆਉਣ ਵਾਲੀ ਖ਼ੂਬੀ ਹੈ? ਜਿਵੇਂ ਕਿ ਇਸ ਵਿੱਚ ਦਰਦ ਸਹਿਣ ਦੀ ਹਿੰਮਤ ਹੈ? ਵਿਗਿਆਨਕ ਕਹਿੰਦੇ ਹਨ ਕਿ ਮੱਛਰਾਂ ਵਿੱਚ ਦਰਦ ਪ੍ਰਤੀ ਕੋਈ ਜਜ਼ਬਾਤ ਨਹੀਂ ਹੁੰਦੇ।

ਮੱਛਰ

ਤਸਵੀਰ ਸਰੋਤ, Getty Images

ਸਵਾਲ ਇਹ ਵੀ ਪੁੱਛਿਆ ਜਾਣਾ ਚਾਹੀਦਾ ਹੈ ਕਿ ਆਖ਼ਰ ਅਸੀਂ ਕਿਸ ਲਈ ਇੱਕ ਜਾਤੀ ਨੂੰ ਖ਼ਤਮ ਕਰਨਾ ਚਾਹੁੰਦੇ ਹਾਂ? ਇਸਦਾ ਜਵਾਬ ਹੈ ਕਿ ਉਹ ਬਿਮਾਰੀਆਂ ਫੈਲਾਉਂਦੇ ਹਨ, ਇਸ ਲਈ ਇਹ ਠੋਸ ਕਾਰਨ ਬਣਦਾ ਹੈ, ਮੱਛਰਾਂ ਦੀ ਬਿਮਾਰੀ ਫੈਲਉਣ ਵਾਲੀ ਪ੍ਰਜਾਤੀ ਨੂੰ ਖ਼ਤਮ ਕਰਨ ਦੀ।

ਉਂਝ ਮੱਛਰਾਂ ਦੇ ਪੂਰੀ ਤਰ੍ਹਾਂ ਖ਼ਾਤਮੇ ਦਾ ਇਹ ਸਵਾਲ ਅਜੇ ਲੰਬੇ ਸਮੇਂ ਤੱਕ ਸਵਾਲ ਹੀ ਬਣਿਆ ਰਹਿਣ ਵਾਲਾ ਹੈ। ਭਾਵੇਂ ਹੀ ਇਸ ਨਾਲ ਡੇਂਗੂ, ਮਲੇਰੀਆ ਅਤੇ ਜ਼ੀਕਾ ਵਰਗੀਆਂ ਬਿਮਾਰੀਆਂ ਫੈਲਦੀਆਂ ਰਹਿਣ। ਸਾਨੂੰ ਮੱਛਰਾਂ ਦੀ ਆਬਾਦੀ ਕੁਝ ਖ਼ਾਸ ਇਲਾਕਿਆਂ 'ਚ ਘਟਾਉਣ ਵਿੱਚ ਭਾਵੇਂ ਹੀ ਕਾਮਯਾਬੀ ਮਿਲ ਗਈ ਹੋਵੇ। ਵਿਗਿਆਨੀ ਕਹਿੰਦੇ ਹਨ ਕਿਸੇ ਪ੍ਰਜਾਤੀ ਦਾ ਖ਼ਾਤਮਾ ਨਾਮੁਮਕਿਨ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)