ਪਾਕਿਸਤਾਨੀ ਬੱਸ ਡਰਾਈਵਰ ਦਾ ਪੁੱਤਰ ਬਣਿਆ ਬ੍ਰਿਟੇਨ ਦਾ ਗ੍ਰਹਿ ਮੰਤਰੀ

ਤਸਵੀਰ ਸਰੋਤ, Getty Images
ਅੰਬਰ ਰੱਡ ਦੇ ਅਸਤੀਫ਼ੇ ਤੋਂ ਬਾਅਦ ਸਾਜਿਦ ਜਾਵੇਦ ਨੂੰ ਬਰਤਾਨੀਆਂ ਦੇ ਨਵੇਂ ਗ੍ਰਹਿ ਮੰਤਰੀ ਬਣਾਇਆ ਗਿਆ ਹੈ।
ਪਾਕਿਸਤਾਨੀ ਬੱਸ ਚਾਲਕ ਦੇ ਬੇਟੇ ਜਾਵੇਦ ਫਿਲਹਾਲ ਕਮਿਊਨਿਟੀਜ਼, ਲੋਕਲ ਗੌਰਮੈਂਟ ਐਂਡ ਹਾਊਸਿੰਗ ਮੰਤਰੀ ਹਨ।
ਜਾਵੇਦ ਦਾ ਪਰਿਵਾਰ 1960 ਦੇ ਦਹਾਕਿਆਂ ਵਿੱਚ ਬ੍ਰਿਟੇਨ ਆਇਆ ਸੀ। ਇਸ ਤੋਂ ਪਹਿਲਾਂ ਸਾਬਕਾ ਇਨਵੈਸਟਮੈਂਟ ਬੈਂਕਰ ਅਤੇ ਬ੍ਰੌਂਸਗ੍ਰੇਵ ਦੇ ਸੰਸਦ ਮੈਂਬਰ ਬਿਜ਼ਨੈਸ ਅਤੇ ਕਲਚਰ ਮੰਤਰੀ ਵੀ ਰਹੇ ਹਨ।

ਤਸਵੀਰ ਸਰੋਤ, Getty Images
ਸਾਜਿਦ ਜਾਵੇਦ ਸਾਲ 2010 ਤੋਂ ਬ੍ਰਿਟੇਨ ਵਿੱਚ ਸੰਸਦ ਮੈਂਬਰ ਹਨ ਅਤੇ ਇਸ ਤੋਂ ਪਹਿਲਾਂ ਤਿੰਨ ਸਾਲ ਵੱਖ-ਵੱਖ ਵਿਭਾਗਾਂ ਦੀ ਜ਼ਿੰਮੇਵਾਰੀ ਸੰਭਾਲ ਚੁੱਕੇ ਹਨ।
ਕਾਲੇ, ਏਸ਼ਿਆਈ ਅਤੇ ਘੱਟ ਗਿਣਤੀ (BAME) ਭਾਈਚਾਰੇ ਤੋਂ ਆਉਣ ਵਾਲੇ ਪਹਿਲੇ ਗ੍ਰਹਿ ਮੰਤਰੀ ਜਾਵੇਦ ਨੇ ਕੰਪ੍ਰੈਸਿਵ ਸਕੂਲ ਅਤੇ ਐਕਸਟਰ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਅਤੇ ਸਾਲ 2010 ਤੋਂ ਬਾਅਦ ਉਹ ਇਸ ਅਹੁਦੇ ਤੱਕ ਪਹੁੰਚਣ ਵਾਲੇ ਵਿਅਕਤੀ ਬਣੇ।
ਕਿਉਂ ਜਾਣਾ ਪਿਆ ਅੰਬਰ ਨੂੰ?
ਅੰਬਰ ਰੱਡ ਨੇ ਇਹ ਕਹਿ ਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ ਕਿ ਉਨ੍ਹਾਂ ਨੇ ਇਮੀਗ੍ਰੇਸ਼ਨ ਦੇ ਉਦੇਸ਼ਾਂ ਵਿੱਚ ਸੰਸਦ ਮੈਂਬਰਾਂ ਨੂੰ ਅਣਜਾਣਪੁਣੇ ਵਿੱਚ ਉਲਝਾਇਆ।

ਤਸਵੀਰ ਸਰੋਤ, Getty Images
ਇਸ ਅਸਤੀਫ਼ੇ ਤੋਂ ਪਹਿਲਾਂ ਵਿੰਡਰਸ਼ ਪਰਿਵਾਰਾਂ ਦੇ ਨਾਲ ਹੋਏ ਮਾੜੇ ਵਿਹਾਰ ਨੂੰ ਲੈ ਕੇ ਖ਼ਬਰਾਂ ਆਉਂਦੀਆਂ ਰਹੀਆਂ ਸਨ, ਜੋ ਜੰਗ ਤੋਂ ਬਾਅਦ ਬ੍ਰਿਟੇਨ ਵਿੱਚ ਕਾਨੂੰਨੀ ਢੰਗ ਨਾਲ ਵਸੇ ਪਰ ਉਨ੍ਹਾਂ ਦੇ ਇੱਥੇ ਰਹਿਣ ਦੇ ਅਧਿਕਾਰ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ ਅਤੇ ਸਰਕਾਰ ਦੀ ਇਮੀਗ੍ਰੇਸ਼ਨ ਪਾਲਸੀ 'ਤੇ ਵੀ ਸਵਾਲ ਚੁੱਕੇ ਗਏ।
ਜਾਵੇਦ ਦੇ ਪ੍ਰਮੋਸ਼ਨ ਦੇ ਨਾਲ ਇਹ ਐਲਾਨ ਵੀ ਕੀਤਾ ਗਿਆ ਕਿ ਸਾਬਕਾ ਨੌਰਦਰਨ ਆਇਰਲੈਂਡ ਸਕੱਤਰ ਜੇਮਸ ਬ੍ਰੋਕਨਸ਼ਿਅਰ ਹਾਊਸਿੰਗ, ਕਮਿਊਨਿਟੀਜ਼ ਐਂਡ ਲੋਕਲ ਗੌਰਮੈਂਟ ਸੈਕਟਰੀ ਵਜੋਂ ਕੈਬਨਿਟ ਵਿੱਚ ਵਾਪਸ ਆਉਣਗੇ।
48 ਸਾਲਾਂ ਦੇ ਜਾਵੇਦ ਨੇ ਯੂਰਪੀ ਸੰਘ ਦਾ ਹਿੱਸਾ ਬਣੇ ਰਹਿਣ ਦਾ ਸਮਰਥਨ ਕੀਤਾ ਸੀ ਅਤੇ ਪਿਛਲੇ ਸਾਲ ਲੰਡਨ ਦੀ ਗ੍ਰੇਰਫੇਲ ਇਮਾਰਤ ਵਿੱਚ ਲੱਗੀ ਅੱਗ ਤੋਂ ਬਾਅਦ ਉਹ ਸਰਕਾਰ ਵੱਲੋਂ ਪ੍ਰਤੀਕਿਰਿਆਵਾਂ ਦੇ ਰਹੇ ਸਨ।
ਹਫਤੇ ਦੇ ਅਖ਼ੀਰ ਵਿੱਚ ਹੀ ਉਨ੍ਹਾਂ ਨੇ ਸੰਡੇ ਟੈਲੀਗ੍ਰਾਫ ਨੂੰ ਕਿਹਾ ਸੀ ਕਿ ਵਿੰਡਰਸ਼ ਸਕੈਂਡਲ ਨਾਲ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਦੁੱਖ ਹੋਇਆ ਹੈ ਕਿਉਂਕਿ ਉਹ ਇਮੀਗ੍ਰੈਂਟ ਪਰਿਵਾਰ ਨਾਲ ਸਬੰਧਤ ਰੱਖਦੇ ਹਨ ਅਤੇ ਪੀੜਤਾਂ ਵਿਚੋਂ ਉਹ ਉਨ੍ਹਾਂ ਦੀ ਮਾਂ ਜਾਂ ਪਿਤਾ ਵੀ ਹੋ ਸਕਦੇ ਸਨ।












