ਪੰਜਾਬ ਪੁਲਿਸ ਦਾ ਗੈਂਗਸਟਰਾਂ ਖ਼ਿਲਾਫ਼ ‘ਅਪਰੇਸ਼ਨ ਪ੍ਰਹਾਰ’ ਕੀ ਹੈ, ਕੀ ਅਜਿਹੀ ਮੁਹਿੰਮ ਨਾਲ ਗੈਂਗਸਟਰਵਾਦ ਦੀ ਸਮੱਸਿਆ ਹੱਲ ਹੋ ਸਕਦੀ ਹੈ

ਤਸਵੀਰ ਸਰੋਤ, Getty Images
ਪੰਜਾਬ ਪੁਲਿਸ ਨੇ ਗੈਂਗਸਟਰਾਂ ਖ਼ਿਲਾਫ਼ "ਗੈਂਗਸਟਰਾਂ 'ਤੇ ਵਾਰ" (ਅਪਰੇਸ਼ਨ ਪ੍ਰਹਾਰ) ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਦਾ ਮਕਸਦ ਸੂਬੇ ਨੂੰ ਗੈਂਗਸਟਰ ਮੁਕਤ ਕਰਨਾ ਹੈ।
ਮੁਹਿੰਮ ਤਹਿਤ ਗੈਂਗਸਟਰਾਂ ਦੇ ਟਿਕਾਣਿਆਂ ਦੀ ਛਾਪੇਮਾਰ ਕਰਨੀ, ਗ੍ਰਿਫਤਾਰੀਆਂ, ਹਥਿਆਰਾਂ ਦੀ ਸਪਲਾਈ ਚੇਨ, ਫਾਈਨੈਂਸਿੰਗ, ਲੌਜਿਸਟਿਕਸ ਅਤੇ ਕਮਿਊਨੀਕੇਸ਼ਨ ਨੈੱਟਵਰਕ ਨੂੰ ਤਬਾਹ ਕਰਨਾ ਹੈ।
ਯਾਦ ਰਹੇ ਕਿ ਗੈਂਗਸਟਰਵਾਦ ਅਤੇ ਫਿਰੌਤੀਆਂ ਪੰਜਾਬ ਵਿੱਚ ਇੱਕ ਵੱਡਾ ਮਸਲਾ ਹੈ, ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸਮੇਂ ਸਮੇਂ ਉੱਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਸਵਾਲ ਉੱਠਦੇ ਰਹੇ ਹਨ।
ਕਾਨੂੰਨ ਵਿਵਸਥਾ ਦੇ ਮੁੱਦੇ ਉੱਤੇ ਪਿਛਲੇ ਦਿਨੀਂ ਪੰਜਾਬ ਭਾਜਪਾ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦਾ ਘਿਰਾਓ ਕੀਤਾ ਸੀ।
ਕੀ ਹੈ ਪੰਜਾਬ ਪੁਲਿਸ ਦਾ ‘ਅਪਰੇਸ਼ਨ ਪ੍ਰਹਾਰ’

ਤਸਵੀਰ ਸਰੋਤ, FB/Punjab Police India
ਪੰਜਾਬ ਪੁਲਿਸ ਮੁਤਾਬਕ ਮੁਹਿੰਮ ਦਾ ਮਕਸਦ ਸੂਬੇ ਵਿਚੋਂ ਪੂਰੀ ਤਰਾਂ ਨਾਲ ਗੈਂਗਸਟਰਾਂ ਦਾ ਸਫ਼ਾਇਆ ਅਤੇ ਉਨ੍ਹਾਂ ਦੇ ਨੈੱਟਵਰਕ ਨੂੰ ਖ਼ਤਮ ਕਰਨਾ ਹੈ।
ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਮੁਤਾਬਕ ਪਹਿਲੀ ਵਾਰ ਪੰਜਾਬ ਵਿੱਚ ਵਿਆਪਕ ਪੱਧਰ ਉੱਤੇ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ,ਜਿਸ ਵਿੱਚ ਗੈਂਗਸਟਰਾਂ ਦੇ ਟਿਕਾਣਿਆਂ ਉੱਤੇ ਛਾਪੇਮਾਰੀ ਕਰਨੀ ਅਤੇ ਉਨ੍ਹਾਂ ਦੇ ਸਾਥੀਆਂ ਦੀ ਪਛਾਣ ਕਰਨੀ ਸ਼ਾਮਲ ਹੈ।
ਪੰਜਾਬ ਪੁਲਿਸ ਦੇ 12,000 ਪੁਲਿਸ ਕਰਮੀਆਂ ਦੀਆਂ 2000 ਤੋਂ ਵੱਧ ਟੀਮਾਂ ਪੰਜਾਬ ਵਿੱਚ ਇਸ ਅਪਰੇਸ਼ਨ ਤਹਿਤ ਕੰਮ ਕਰ ਰਹੀਆਂ ਹਨ।
ਬੁੱਧਵਾਰ ਨੂੰ ਮੁਹਿੰਮ ਦੇ ਦੂਜੇ ਦਿਨ ਦੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਵਿਸ਼ੇਸ਼ ਡੀਜੀਪੀ ਕਾਨੂੰਨ ਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਕਿਹਾ ਕਿ ਰਾਜ ਭਰ ਵਿੱਚ ਵਿਦੇਸ਼-ਆਧਾਰਤ ਗੈਂਗਸਟਰਾਂ ਦੇ 1186 ਸਹਿਯੋਗੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਯਾਦ ਰਹੇ ਮੰਗਲਵਾਰ ਨੂੰ ਵੀ 1314 ਗੈਂਗਸਟਰਾਂ ਦੇ ਸਹਿਯੋਗੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਸੀ।
ਇਸ ਤੋਂ ਇਲਾਵਾ ਪੰਜਾਬ ਪੁਲਿਸ ਨੇ ਗੈਂਗਸਟਰ ਵਾਦ ਅਪਰਾਧ ਵਿੱਚ ਸ਼ਾਮਲ ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਪਰਤਣ ਦਾ ਮੌਕਾ ਵੀ ਇਸ ਮੁਹਿੰਮ ਤਹਿਤ ਦੇ ਰਹੀ ਹੈ।
ਪੰਜਾਬ ਪੁਲਿਸ ਦੇ ਡੀਜੀਪੀ ਦਾ ਕਹਿਣਾ ਹੈ ਕਿ ਅਜਿਹੇ ਨੌਜਵਾਨਾਂ ਦੇ ਕੇਸਾਂ ਨੂੰ ਹਮਦਰਦੀ ਨਾਲ ਵਿਚਾਰਿਆ ਜਾਵੇਗਾ।
ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਕਰਨ ਵਾਲੇ ਪੁਲਿਸ ਕਰਮੀਆਂ ਅਤੇ ਮੁਹਿੰਮ ਵਿੱਚ ਸਹਿਯੋਗ ਦੇਣ ਵਾਲੇ ਆਮ ਲੋਕਾਂ ਨੂੰ ਪੁਲਿਸ ਨੇ ਨਕਦ ਪੁਰਸਕਾਰ ਦੇਣ ਦਾ ਵੀ ਐਲਾਨ ਕੀਤਾ ਹੈ ਜਿਸ ਦੇ ਲਈ ਦਸ ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।
ਆਮ ਲੋਕਾਂ ਨੂੰ ਵੀ ਪੁਲਿਸ ਦੀ ਮਦਦ ਕਰਨ ਦੀ ਅਪੀਲ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਜਿਸ ਦੇ ਤਹਿਤਨਾਗਰਿਕ ਗੁਪਤ ਰੂਪ ਵਿੱਚ ਲੋੜੀਂਦੇ ਅਪਰਾਧੀਆਂ/ਗੈਂਗਸਟਰਾਂ ਬਾਰੇ ਐਂਟੀ-ਗੈਂਗਸਟਰ ਹੈਲਪ ਲਾਈਨ ਨੰਬਰ—93946-93946 ਰਾਹੀਂ ਰਿਪੋਰਟ ਕਰ ਸਕਦੇ ਹਨ।
ਵਿਦੇਸ਼ਾਂ ਬੈਠੇ ਗੈਂਗਸਟਰਾਂ ਨਾਲ ਪੰਜਾਬ ਪੁਲਿਸ ਕਿਵੇਂ ਨਜਿੱਠੇਗੀ
ਇਸ ਮੁਹਿੰਮ ਦਾ ਘੇਰਾ ਵਿਦੇਸ਼ ਵਿੱਚ ਬੈਠੇ ਗੈਂਗਸਟਰ ਵੀ ਹਨ। ਇਸ ਦੇ ਲਈ ਪੰਜਾਬ ਪੁਲਿਸ ਨੇ ਇੱਕ ਵੱਖਰਾ ਸੈੱਲ ਸ਼ੁਰੂ ਕੀਤਾ ਹੈ, ਜਿਸ ਦਾ ਮਕਸਦ ਗੈਂਗਸਟਰਾਂ ਨੂੰ ਵਾਪਸ ਦੇਸ਼ ਲਿਆਉਣ ਹੈ ਅਤੇ ਉਨ੍ਹਾਂ ਨੂੰ ਕਾਨੂੰਨ ਮੁਤਾਬਕ ਸਜ਼ਾ
ਦੇਣੀ ਹੈ।
ਇਸ ਸੈੱਲ ਨੂੰ ਆਫ਼ ਟੈੱਕ ਨਾਮ ਦਿੱਤਾ ਗਿਆ ਹੈ ਇਸ ਦਾ ਇੰਚਾਰਜ ਆਈ ਜੀ ਕਾਊਟਰ ਇੰਟੈਲੀਜੈਂਸ ਅਸ਼ੀਸ ਚੌਧਰੀ ਬਣਾਇਆ ਗਿਆ ਹੈ। ਆਈ ਜੀ ਅਸ਼ੀਸ਼ ਚੌਧਰੀ ਸੱਤ ਸਾਲ ਤੱਕ ਐਨਆਈਏ ਵਿੱਚ ਡੈਪੂਟੇਸ਼ਨ ਉੱਤੇ ਸੇਵਾਵਾਂ ਦੇ ਚੁੱਕੇ ਹਨ ਅਤੇ ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਪੰਜਾਬ ਪੁਲਿਸ ਵਿੱਚ ਵਾਪਸੀ ਕੀਤੀ ਹੈ।
ਇਸ ਤੋਂ ਇਲਾਵਾ ਇਸ ਸੈੱਲ ਵਿੱਚ ਡੀ ਆਈ ਜੀ ਗੁਰਮੀਤ ਚੌਹਾਨ, ਡੀ ਆਈ ਜੀ ਅਖਿਲ ਚੌਧਰੀ, ਏ ਆਈ ਜੀ ਕੰਵਲਦੀਪ ਸਿੰਘ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਸੈੱਲ ਦਾ ਮੁੱਖ ਕੰਮ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਦਾ ਪਤਾ ਲਗਾਉਣਾ, ਉਨ੍ਹਾਂ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਦੀ ਪ੍ਰਕਿਆ ਕਰਨੀ, ਹਵਾਲਗੀ ਦੀ ਪ੍ਰਕਿਰਿਆ ਲਈ ਕਾਗ਼ਜ਼ੀ ਕਾਰਵਾਈ ਕਰਨਾ, ਲੀਗਲ ਨੋਟਿਸ ਅਤੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਨਾ ਹੋਵੇਗਾ।
ਸੈੱਲ ਨੂੰ ਤਿੰਨ ਮਹੀਨੇ ਵਿੱਚ ਵਿਦੇਸ਼ ਬੈਠੇ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਕਰਨ ਦਾ ਸਮਾਂ ਦਿੱਤਾ ਗਿਆ ਹੈ।
ਪੰਜਾਬ ਪੁਲਿਸ ਨੇ ਦਾਅਵਾ ਕੀਤਾ ਕਿ ਵਿਦੇਸ਼ ਬੈਠੇ 60 ਗੈਂਗਸਟਰਾਂ ਵਿੱਚ 27 ਦੇ ਖ਼ਿਲਾਫ਼ ਕਾਰਵਾਈ ਦੇ ਪਹਿਲਾਂ ਹੀ ਕਾਨੂੰਨੀ ਪ੍ਰਕਿਰਿਆ ਪੁਲਿਸ ਵੱਲੋਂ ਆਰੰਭੀ ਜਾ ਚੁੱਕੀ ਹੈ ਅਤੇ ਬਾਕੀ 37 ਦੇ ਖਿਲਾਫ ਰੈੱਡ ਕਾਰਨਰ ਨੋਟਿਸ ਅਤੇ ਹੋਰ ਕਾਨੂੰਨੀ ਪ੍ਰਕਿਰਿਆ ਆਰੰਭਣ ਦਾ ਸਮਾਂ ਇਸ ਸੈੱਲ ਨੂੰ ਦਿੱਤਾ ਗਿਆ ਹੈ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਫੇਕ ਪਾਸਪੋਰਟ ਉੱਤੇ ਮਿਡਲ ਈਸਟ ਵਿੱਚ ਬੈਠੇ ਗੈਂਗਸਟਰਾਂ ਖ਼ਿਲਾਫ਼ ਵੀ ਕਾਰਵਾਈ ਤੇਜ਼ ਕਰਨ ਦੇ ਲਈ ਆਦੇਸ਼ ਦਿੱਤੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤੀ ਪਾਸਪੋਰਟ ਉੱਤੇ ਮਿਡਲ ਈਸਟ ਵਿੱਚ ਬੈਠੇ ਗੈਂਗਸਟਰਾਂ ਨੂੰ ਬਹੁਤ ਛੇਤੀ ਡੀਪੋਰਟ ਕਰਵਾਇਆ ਜਾਵੇਗਾ।

ਤਸਵੀਰ ਸਰੋਤ, FB/Punjab Police India
ਪੰਜਾਬ ਵਿੱਚ ਕਿੰਨੇ ਗੈਂਗਸਟਰ ਸਰਗਰਮ

ਤਸਵੀਰ ਸਰੋਤ, FB/Punjab Police India
ਪੰਜਾਬ ਵਿੱਚ ਗੈਂਗਸਟਰਾਂ ਦਾ ਇੱਕ ਵੱਡਾ ਨੈੱਟਵਰਕ ਹੈ ਜੋ ਕਤਲ, ਫਿਰੌਤੀ ਅਤੇ ਧਮਕਾਉਣ ਵਰਗੇ ਅਪਰਾਧ ਵਿੱਚ ਸ਼ਾਮਲ ਹਨ। ਫਿਰੌਤੀ ਲਈ ਇਹਨਾਂ ਗੈਂਗਸਟਰਾਂ ਦੇ ਨਿਸ਼ਾਨੇ ਉੱਤੇ ਗਾਇਕ, ਫ਼ਿਲਮ ਐਕਟਰ, ਕਾਰੋਬਾਰੀ ਪਿਛਲੇ ਸਮੇਂ ਦੌਰਾਨ ਰਹੇ ਹਨ।
ਪੰਜਾਬ ਪੁਲਿਸ ਨੇ ਗੈਂਗਸਟਰਾਂ ਨਾਲ ਜੁੜੇ 1200 ਲੋਕਾਂ ਦੀ ਪਛਾਣ ਕੀਤੀ ਹੈ ਜਿੰਨਾ ਨੂੰ ਵਿਦੇਸ਼ਾਂ ਵਿੱਚ ਬੈਠੇ 60 ਗੈਂਗਸਟਰ ਅਪਰੇਟ ਕਰਦੇ ਹਨ। ਇਸ ਤੋਂ ਇਲਾਵਾ ਗੈਂਗਸਟਰਾਂ ਦੇ 600 ਦੇ ਕਰੀਬ ਅਜਿਹੇ ਸਕੇ ਸਬੰਧੀ ਹਨ ਜੋ ਅਪਰਾਧਕ ਗਤੀਵਿਧੀਆਂ ਵਿੱਚ ਸ਼ਾਮਲ ਹਨ।
ਪੰਜਾਬ ਪੁਲਿਸ ਨੇ ਗੈਂਗਸਟਰ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਦੀ ਕਾਨੂੰਨ ਮੁਤਾਬਕ ਸੰਪਤੀ ਜ਼ਬਤ ਕਰਨ ਦਾ ਵੀ ਐਲਾਨ ਕੀਤਾ ਹੈ, ਇਹ ਕਾਰਵਾਈ ਬੀਐਨਐਸ ਦੀ ਧਾਰਾ 107 ਬੀ ਤਹਿਤ ਕਰਨ ਦੀ ਗੱਲ ਪੰਜਾਬ ਪੁਲਿਸ ਆਖ ਰਹੀ ਹੈ।
ਗੈਂਗਸਟਰਾਂ ਤੋਂ ਇਲਾਵਾ ਇਸ ਮੁਹਿੰਮ ਤਹਿਤ ਅਜਿਹੇ ਟਰੈਵਲ ਏਜੰਟਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਰਹੀ ਹੈ ਜਿੰਨਾ ਨੇ ਗ਼ਲਤ ਦਸਤਾਵੇਜ਼ਾਂ ਦੇ ਆਧਾਰ ਉੱਤੇ ਅਪਰਾਧਿਕ ਸ਼ਾਮਲ ਲੋਕਾਂ ਨੂੰ ਵਿਦੇਸ਼ ਭੇਜਣ ਵਿੱਚ ਮਦਦ ਕੀਤੀ।
ਪੰਜਾਬ ਵਿੱਚ ਹੋਏ ਪ੍ਰਮੁੱਖ ਪੁਲਿਸ ਮੁਕਾਬਲੇ

ਤਸਵੀਰ ਸਰੋਤ, FB/Punjab Police India
ਇੱਕ ਪਾਸੇ ਪੰਜਾਬ ਪੁਲਿਸ ਨੇ ਗ੍ਰਿਫਤਾਰੀ ਦਾ ਦੌਰਾ ਸ਼ੁਰੂ ਕੀਤਾ ਹੋਇਆ ਹੈ ਅਤੇ ਦੂਜੇ ਪਾਸੇ ਪੁਲਿਸ ਮੁਕਾਬਲੇ ਵੀ ਦੇਖਣ ਨੂੰ ਮਿਲ ਰਹੇ ਹਨ। ਬੁੱਧਵਾਰ ਨੂੰ ਪਟਿਆਲਾ ਪੁਲਿਸ ਨੇ ਗੈਂਗਸਟਰ ਹਰਜਿੰਦਰ ਲਾਡੀ ਨੂੰ ਪੁਲਿਸ ਮੁਕਾਬਲੇ ਤੋਂ ਬਾਅਦ ਜ਼ਖਮੀ ਹਾਲਤ ਵਿੱਚ ਕਾਬੂ ਕਰਨਾ ਦਾ ਦਾਅਵਾ ਕੀਤਾ।
ਪਟਿਆਲਾ ਪੁਲਿਸ ਮੁਤਾਬਕ ਲਾਡੀ ਜੈਪਾਲ ਭੁੱਲਰ ਗੈਂਗ ਨਾਲ ਜੁੜਿਆ ਹੋਇਆ ਹੈ ਅਤੇ ਉਸ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ।
ਇਸ ਤੋਂ ਪਹਿਲਾਂ 17 ਜਨਵਰੀ 2026 ਨੂੰ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਵਿੱਚ ਪੰਜਾਬ ਪੁਲਿਸ ਨੇ ਇੱਕ ਨੌਜਵਾਨ ਕਰਨ ਪਾਠਕ ਉਰਫ਼ ਡਿਫਾਲਟਰ ਨੂੰ ਮਾਰਨ ਦਾ ਦਾਅਵਾ ਕੀਤਾ।
ਇਸ ਮੁਕਾਬਲੇ ਵਿੱਚ ਇੱਕ ਪੁਲਿਸ ਕਰਮੀ ਵੀ ਜ਼ਖਮੀ ਹੋਇਆ ਹੈ। ਕਰਨ ਉੱਤੇ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਨੂੰ ਮਾਰਨ ਦਾ ਇਲਜ਼ਾਮ ਸੀ।
ਪੁਲਿਸ ਮੁਤਾਬਕ ਕਰਨ ਪਾਠਕ ਪੁਲਿਸ ਦੀ ਹਿਰਾਸਤ ਵਿੱਚ ਸੀ ਅਤੇ ਜਦੋਂ ਉਸ ਨੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਹ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ।
ਪਿਛਲੇ ਦਿਨੀਂ ਬਠਿੰਡਾ ਪੁਲਿਸ ਨੇ ਫਿਰੌਤੀ ਮਾਮਲੇ ਵਿੱਚ ਇੱਕ ਐਨਕਾਊਂਟਰ ਕੀਤਾ ਜਿਸ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ।
20 ਜਨਵਰੀ 2026: ਗੈਂਗਸਟਰ ਮਨੀ ਪ੍ਰਿੰਸ ਉਰਫ਼ ਨੂੰ ਪੰਜਾਬ ਪੁਲਿਸ ਨੇ ਪੁਲਿਸ ਮੁਕਾਬਲੇ ਵਿੱਚ ਮਾਰਨ ਦਾ ਦਾਅਵਾ ਕੀਤਾ। ਪੰਜਾਬ ਪੁਲਿਸ ਮੁਤਾਬਕ ਪਹਿਲਾਂ ਤੋਂ ਪੁਲਿਸ ਮੁਕਾਬਲੇ ਵਿੱਚ ਜ਼ਖਮੀ ਹੋ ਗਿਆ ਸੀ ਅਤੇ ਉਹ ਹਸਪਤਾਲ ਵਿੱਚ ਇਲਾਜ ਅਧੀਨ ਸੀ ਅਤੇ ਉਸ ਨੇ ਹਸਪਤਾਲ ਤੋਂ ਜਦੋਂ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਹ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ।
'ਸਮਾਜਿਕ ਮੁਸ਼ਕਲਾਂ ਦੇ ਰੂਟ ਲੱਭਣੇ ਪੈਣਗੇ'
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਦੇ ਮੁਤਾਬਿਕ ਪੰਜਾਬ ਪੁਲਿਸ ਨੇ ਜਿਹੜੀ ''ਵਾਰ ਅਗੇਂਸਟ ਗੈਂਗਸਟਰ'' ਮੁਹਿੰਮ ਸ਼ੁਰੂ ਕੀਤੀ ਹੈ , ਇਹ ਪੁਲਿਸ ਕਾਰਵਾਈ ਤਾਂ ਹੈ ਪਰ ਇਸ ਦੇ ਨਾਲ- ਨਾਲ ਪੰਜਾਬ 'ਚ ਸਮਾਜਿਕ ਮੁਸ਼ਕਲਾਂ ਵੀ ਹਨ ਉਨ੍ਹਾਂ ਦੇ ਰੂਟ ਲੱਭਣੇ ਪੈਣਗੇ ਕਿ ਕਿਉਂ ਇਹ ਸਮੱਸਿਆ ਪੰਜਾਬ ਵਿੱਚ ਉਭਰੀ ਹੈ।
ਜਗਰੂਪ ਸਿੰਘ ਸੇਖੋਂ ਨੇ ਅੱਗੇ ਕਿਹਾ,''ਪਹਿਲਾਂ ਹੀ ਨਸ਼ਾ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਹੈ ਖਾਸ ਤੌਰ ’ਤੇ ਸਰਹੱਦੀ ਖੇਤਰਾਂ ਵਿੱਚ ਤੇ ਪੁਲਿਸ ਜਦੋਂ ਵੀ ਕਿਸੇ ਤਸਕਰ ਨੂੰ ਫੜਦੀ ਹੈ ਤਾਂ ਪੁਲਿਸ ਇਹ ਕਹਿੰਦੀ ਹੈ ਕਿ ਅਸੀਂ ਇਸ ਦੇ ਆਕਾਵਾਂ ਤੱਕ ਪਹੁੰਚਣਾ ਹੈ, ਇਸ ਦੀ ਅਸੀਂ ਜਾਂਚ ਕਰ ਰਹੇ ਹਾਂ ਪਰ ਹਾਲੇ ਤੱਕ ਵੱਡੇ ਡਰੱਗ ਤਸਕਰਾਂ ਖਿਲਾਫ ਕਾਰਵਾਈ ਨਹੀਂ ਹੋ ਸਕੀ, ਜੇਕਰ ਹੋਈ ਹੈ ਤਾਂ ਬਹੁਤ ਘੱਟ ਹੋਈ ਹੈ।”
'ਇਸ ਲਈ ਪੁਲਿਸ ਕਾਰਵਾਈ ਲੋਕਾਂ ਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਕਰਨੀ ਚਾਹੀਦੀ ਹੈ। ਸਮੱਸਿਆ ਦੇ ਹੱਲ ਸਮਾਜਿਕ ਤੌਰ ’ਤੇ ਲੱਭਣੇ ਪੈਣਗੇ ਕਿਉਂਕਿ ਇਹ ਸਿਰਫ ਪੰਜਾਬ ਦੀ ਮੁਸ਼ਕਿਲ ਨਹੀਂ ਹੈ ਵਿਦੇਸ਼ਾਂ ਦੀ ਗੱਲ ਕਰੀਏ ਤਾਂ ਕੈਨੇਡਾ ਵਿੱਚ ਵੀ ਇਹ ਮੁਸ਼ਕਿਲ ਬਹੁਤ ਵਧੀ ਹੋਈ ਹੈ ਤੇ ਇਸ ਗਿਰੋਹ ਵਿੱਚ ਯੂਥ ਵੱਡੀ ਗਿਣਤੀ ਵਿੱਚ ਸ਼ਾਮਿਲ ਹੈ।'
'ਕੇਂਦਰੀ ਏਜੰਸੀਆਂ ਦਾ ਸਹਿਯੋਗ ਜ਼ਰੂਰੀ'

'ਕੇਂਦਰੀ ਏਜੰਸੀਆਂ ਦਾ ਸਹਿਯੋਗ ਜ਼ਰੂਰੀ'
ਪੰਜਾਬ ਦੇ ਸਾਬਕਾ ਡੀਜੀਪੀ ਐਸਕੇ ਸ਼ਰਮਾ ਨੇ ਕਿਹਾ, ''ਕਾਨੂੰਨ ਵਿਵਸਥਾ ਨੂੰ ਕਾਬੂ ਵਿੱਚ ਰੱਖਣ ਦੇ ਹਿਸਾਬ ਨਾਲ ਪੰਜਾਬ ਪੁਲਿਸ ਦੀ ਇਹ ਮੁਹਿੰਮ ਬਹੁਤ ਮਹੱਤਵਪੂਰਨ ਹੈ। ਇਹ ਇੱਕ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ, ਇਸ ਵਿੱਚ ਯੂਥ ਵੱਡੀ ਗਿਣਤੀ ਵਿੱਚ ਸ਼ਾਮਿਲ ਹੈ, ਹਾਲਾਂਕਿ ਨੌਜਵਾਨ ਇਸ ਰਾਹ ਵੱਲ ਕਿਉਂ ਤੁਰ ਰਹੇ ਹਨ ਇਹ ਵੀ ਪਤਾ ਕਰਨਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਜਿਹੜੀਆਂ ਚੀਜ਼ਾਂ ਗੈਂਗਸਟਰਵਾਦ ਨੂੰ ਪ੍ਰਮੋਟ ਕਰਦੀਆਂ ਹਨ ਖਾਸ ਤੌਰ ’ਤੇ ਸੋਸ਼ਲ ਮੀਡੀਆ ਉਨ੍ਹਾਂ 'ਤੇ ਵੀ ਲਗਾਮ ਲਗਾਉਣੀ ਜ਼ਰੂਰੀ ਹੈ। ਗੈਂਗਸਟਰਵਾਦ ਨੂੰ ਖ਼ਤਮ ਕਰਨ ਲਈ ਸਿਰਫ ਪੁਲਿਸ ਹੀ ਨਹੀਂ ਸਗੋਂ ਸੁਸਾਇਟੀ ਨੂੰ ਵੀ ਅੱਗੇ ਆਉਣਾ ਪਵੇਗਾ ਅਤੇ ਪੁਲਿਸ ਦਾ ਸਾਥ ਦੇਣਾ ਪਵੇਗਾ।
ਸਾਬਕਾ ਡੀਜੀਪੀ ਐਸਕੇ ਸ਼ਰਮਾ ਨੇ ਕਿਹਾ,''ਗੈਂਗਸਟਰ ਸਿਰਫ ਪੰਜਾਬ 'ਚ ਹੀ ਨਹੀਂ ਸਰਗਰਮ, ਇਹ ਇੱਕ ਪੂਰਾ ਨੈਕਸਸ ਬਣਿਆ ਹੋਇਆ ਹੈ। ਇਸ ਕਰਕੇ ਇਨ੍ਹਾਂ ਖਿਲਾਫ ਕਾਰਵਾਈ ਕਰਨ ਲਈ ਪੰਜਾਬ ਪੁਲਿਸ ਦੇ ਨਾਲ ਨਾਲ ਕੇਂਦਰੀ ਏਜੰਸੀਆਂ ਨੂੰ ਸ਼ਾਮਿਲ ਕਰਨਾ ਪਵੇਗਾ, ਤਾਂ ਹੀ ਗੈਂਗਸਟਰਵਾਦ ’ਤੇ ਕਾਬੂ ਪਾਇਆ ਜਾ ਸਕਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












