ਸਾਬਕਾ ਆਈਜੀ ਅਮਰ ਚਾਹਲ ਕੇਸ ਬਾਰੇ ਪੁਲਿਸ ਨੇ ਕੀ ਦੱਸਿਆ, ਜਾਣੋ ਨਿਵੇਸ਼ ਕਰਨ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਖ਼ਿਆਲ ਰੱਖਣਾ ਚਾਹੀਦਾ

ਸਾਬਕਾ ਆਈਜੀ ਅਮਰ ਚਾਹਲ

ਤਸਵੀਰ ਸਰੋਤ, Gurminder grewal/bbc

    • ਲੇਖਕ, ਚਰਨਜੀਤ ਕੌਰ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਪੁਲਿਸ ਦੇ ਸਾਬਕਾ ਆਈਜੀ ਅਤੇ ਆਈਪੀਐੱਸ ਅਧਿਕਾਰੀ ਅਮਰ ਸਿੰਘ ਚਾਹਲ ਵੱਲੋਂ ਕਥਿਤ ਤੌਰ 'ਤੇ ਖੁਦਕੁਸ਼ੀ ਦੀ ਕੋਸ਼ਿਸ ਕਰਨ ਬਾਰੇ ਜਾਣਕਾਰੀ ਸੋਮਵਾਰ ਨੂੰ ਪਟਿਆਲਾ ਪੁਲਿਸ ਵੱਲੋਂ ਦਿੱਤੀ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਬੁੱਧਵਾਰ ਨੂੰ ਬੀਬੀਸੀ ਨਾਲ ਗੱਲ ਕਰਦਿਆਂ ਪਟਿਆਲਾ ਦੇ ਐੱਸਪੀ ਸਿਟੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਇਲਾਜ ਚੱਲ ਰਿਹਾ ਅਤੇ ਉਨ੍ਹਾਂ ਦੀ ਸਿਹਤ ਠੀਕ ਹੈ।

ਉਨ੍ਹਾਂ ਦੱਸਿਆ,"ਪੁਲਿਸ ਨੇ ਇਸ ਮਾਮਲੇ ਵਿੱਚ ਧੋਖਾਧੜੀ, ਜਾਲਸਾਜ਼ੀ ਅਤੇ ਆਈਟੀ ਐਕਟ ਤਹਿਤ ਐੱਫਆਈਆਰ ਦਰਜ ਕੀਤੀ ਹੈ। ਸਾਡਾ ਸਾਈਬਰ ਸੈੱਲ ਵੀ ਇਸ ਮਾਮਲੇ ਦੀ ਤਹਿਕੀਕਾਤ ਕਰ ਰਿਹਾ ਹੈ।"

ਕੀ ਹੈ ਮਾਮਲਾ

ਘਟਨਾ ਵਾਲੇ ਦਿਨ ਭਾਵ ਸੋਮਵਾਰ ਨੂੰ ਪਟਿਆਲਾ ਦੇ ਐੱਸਪੀ ਸਿਟੀ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਸੀ, "ਪੁਲਿਸ ਨੂੰ ਸਾਬਕਾ ਆਈਜੀ ਅਮਰ ਸਿੰਘ ਚਾਹਲ ਦੇ ਕੁਝ ਦੋਸਤਾਂ ਨੇ ਜਾਣਕਾਰੀ ਦਿੱਤੀ ਸੀ ਕਿ ਉਹ ਖੁਦਕੁਸ਼ੀ ਕਰ ਸਕਦੇ ਹਨ। ਇਸ ਲਈ ਪੁਲਿਸ ਤੁਰੰਤ ਉਨ੍ਹਾਂ ਦੇ ਘਰ ਪਹੁੰਚੀ ਜਿੱਥੇ ਅਸੀਂ ਉਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਦੇਖਿਆ।"

ਚੀਮਾ ਨੇ ਦੱਸਿਆ, "ਅਸੀਂ ਨਾਲ ਦੀ ਨਾਲ, ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ। ਅਸੀਂ ਘਰੋਂ ਸਾਰੇ ਦਸਤੇਵਾਜ਼ ਲੈ ਲਏ ਹਨ।"

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਪੁਲਿਸ ਨੇ ਦੱਸਿਆ ਕਿ "ਘਟਨਾ ਵਾਲੀ ਥਾਂ ਤੋਂ ਇੱਕ ਖੁਦਕੁਸ਼ੀ ਨੋਟ ਵੀ ਮਿਲਿਆ ਹੈ।"

ਇਸ ਕਥਿਤ ਨੋਟ ਵਿੱਚ ਉਨ੍ਹਾਂ ਨੇ 8 ਕਰੋੜ ਰੁਪਏ ਦੇ ਆਨਲਾਈਨ ਫਰਾਡ ਦਾ ਜ਼ਿਕਰ ਕਰਦੇ ਹੋਏ ਇਸ ਮਾਮਲੇ ਦੀ ਜਾਂਚ ਐੱਸਆਈਟੀ ਜਾਂ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ ਹੈ।

ਕਥਿਤ ਨੋਟ ਮੁਤਾਬਕ ਉਹ ਸੋਸ਼ਲ ਮੀਡੀਆ ਐਪਜ਼ ਉੱਤੇ ਇੱਕ ਗਰੁੱਪ ਨਾਲ ਜੁੜੇ ਹੋਏ ਸਨ ਅਤੇ ਫਿਰ ਉਨ੍ਹਾਂ ਦਾ ਸੰਪਰਕ ਇੱਕ ਬੈਂਕ ਦੇ ਸੀਈਓ ਨਾਲ ਹੋਇਆ ਜੋ ਉਨ੍ਹਾਂ ਨੂੰ ਸ਼ੇਅਰ ਮਾਰਕਿਟ, ਆਈਪੀਓ ਅਤੇ ਟ੍ਰੇਡਿੰਗ ਬਾਰੇ ਟਿਪਸ ਦਿੰਦੇ ਸਨ ਅਤੇ ਫਿਰ ਹੌਲੀ-ਹੌਲੀ ਉਨ੍ਹਾਂ ਨੇ ਨਿਵੇਸ਼ ਸ਼ੁਰੂ ਕਰ ਦਿੱਤਾ।

ਕਥਿਤ ਨੋਟ ਵਿੱਚ ਕਿਹਾ ਗਿਆ ਹੈ ਕਿ ਕੰਪਨੀ ਵੱਲੋਂ ਰੈਗੂਲੇਟਰੀ ਪ੍ਰਵਾਨਗੀਆਂ ਅਤੇ ਮਸ਼ਹੂਰ ਵਿੱਤੀ ਸੰਸਥਾਵਾਂ ਨਾਲ ਸਬੰਧਾਂ ਦਾ ਝੂਠਾ ਦਾਅਵਾ ਕੀਤਾ।

ਕਥਿਤ ਨੋਟ ਵਿੱਚ ਜਿਸ ਕਰੋੜਾਂ ਦੀ ਠੱਗੀ ਦਾ ਇਲਜ਼ਾਮ ਲਾਇਆ ਗਿਆ ਹੈ ਉਸ ਬਾਰੇ ਐੱਸਪੀ ਸਿਟੀ ਨੇ ਕਿਹਾ ਕਿ ਇਸ ਬਾਰੇ ਵਧੇਰੇ ਜਾਣਕਾਰੀ ਸਾਈਬਰ ਜਾਂਚ ਤੋਂ ਬਾਅਦ ਮਿਲ ਸਕੇਗੀ।

ਮਹੱਤਵਪੂਰਨ ਸੂਚਨਾ

(ਖੁਦਕੁਸ਼ੀ ਇੱਕ ਗੰਭੀਰ ਮਨੋਵਿਗਿਆਨਕ ਅਤੇ ਸਮਾਜਿਕ ਸਮੱਸਿਆ ਹੈ। ਜੇਕਰ ਤੁਸੀਂ ਵੀ ਤਣਾਅ ਵਿੱਚੋਂ ਗੁਜ਼ਰ ਰਹੇ ਹੋ, ਤਾਂ ਤੁਸੀਂ ਭਾਰਤ ਸਰਕਾਰ ਦੀ ਜੀਵਨਸਾਥੀ ਹੈਲਪਲਾਈਨ 18002333330 ਤੋਂ ਮਦਦ ਲੈ ਸਕਦੇ ਹੋ। ਤੁਹਾਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ।)

ਠੱਗੀ ਦਾ ਇਹ ਕਿਹੜਾ ਤਰੀਕਾ ਹੈ ਅਤੇ ਇਹ ਕਿਵੇਂ ਹੁੰਦਾ ?

ਡਿਜੀਟਲ ਫੋਟੋ

ਤਸਵੀਰ ਸਰੋਤ, Getty Images

ਸਾਈਬਰ ਸਿਕਿਓਰਿਟੀ ਮਾਹਰ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਡਾ. ਪਵਨ ਦੁੱਗਲ ਕਹਿੰਦੇ ਹਨ ਕਿ ਠੱਗੀ ਦੇ ਇਸ ਤਰ੍ਹਾਂ ਦੇ ਤਰੀਕਿਆਂ ਵਿੱਚ ਲੋਕਾਂ ਦੇ ਲਾਲਚ ਨੂੰ ਟਾਰਗੇਟ ਕੀਤਾ ਜਾਂਦਾ ਹੈ।

ਉਹ ਕਹਿੰਦੇ ਹਨ, "ਪਹਿਲਾਂ ਲੋਕਾਂ ਦਾ ਵਿਸ਼ਵਾਸ ਜਿੱਤਿਆ ਜਾਂਦਾ ਹੈ, ਉਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਨਿਵੇਸ਼ ਸਕੀਮਾਂ ਬਾਰੇ ਦੱਸਿਆ ਜਾਂਦਾ ਹੈ, ਜੋ ਬਹੁਤ ਹੀ ਅਵਿਸ਼ਵਾਸਯੋਗ ਰਿਟਰਨਜ਼ ਦੀ ਪੇਸ਼ਕਸ਼ ਕਰਦੀਆਂ ਹਨ। ਇੱਕ-ਦੋ ਵਾਰ ਤਾਂ ਵਾਪਿਸ ਪੇਮੈਂਟ ਵੀ ਕੀਤੀ ਜਾਂਦੀ ਹੈ, ਤਾਂ ਜੋ ਉਹ ਲੋਕਾਂ ਦਾ ਵਿਸ਼ਵਾਸ ਜਿੱਤ ਸਕਣ।"

ਉਹ ਅਗਾਂਹ ਕਹਿੰਦੇ ਹਨ, "ਜਦੋਂ ਵਿਅਕਤੀ ਵੱਡੀ ਰਕਮ ਲਗਾ ਦਿੰਦਾ ਹੈ ਤਾਂ ਉਹ ਲੋਕ ਵੱਡੀ ਰਕਮ ਲੈ ਕੇ ਭੱਜ ਜਾਂਦੇ ਹਨ ਅਤੇ ਇਸ ਕੇਸ ਵਿੱਚ ਵੀ ਅਜਿਹਾ ਹੀ ਹੋਇਆ ਜਾਪ ਰਿਹਾ ਹੈ, ਉਨ੍ਹਾਂ ਦੇ ਕਰੀਬ 8 ਕਰੋੜ ਰੁਪਏ ਚਲੇ ਗਏ, ਉਨ੍ਹਾਂ ਨੂੰ ਵੀ ਵੱਡੀ ਰਕਮ ਵਾਪਿਸ ਕਰਨ ਦਾ ਭਰੋਸਾ ਦਿੱਤਾ ਗਿਆ ਹੋਣਾ।"

ਉਹ ਕਹਿੰਦੇ ਹਨ,"ਸੋਸ਼ਲ ਮੀਡੀਆ ਐਪਸ ਜ਼ਰੀਏ ਹੋਣ ਵਾਲੇ ਅਪਰਾਧਾਂ ਵਿੱਚ ਕਾਫੀ ਇਜ਼ਾਫਾ ਹੋ ਰਿਹਾ ਹੈ। ਸਾਈਬਰ ਕ੍ਰਿਮੀਨਲਜ਼ ਨੂੰ ਲੱਗਦਾ ਹੈ ਕਿ ਇਹ ਚੰਗੀ ਥਾਂ ਹੈ, ਅਜਿਹੇ ਮਾਮਲਿਆਂ ਨੂੰ ਅੰਜਾਮ ਦੇਣ ਲਈ ਅਤੇ ਫੜੇ ਵੀ ਨਹੀਂ ਜਾਵਾਂਗੇ।"

ਇਸ ਤਰ੍ਹਾਂ ਦੀ ਧੋਖਾਧੜੀ ਤੋਂ ਕਿਵੇਂ ਬਚਿਆ ਜਾ ਸਕਦਾ ਹੈ

ਡਾ. ਪਵਨ ਦੁੱਗਲ ਸਲਾਹ ਦਿੰਦੇ ਹਨ ਕਿ ਲੋਕਾਂ ਨੂੰ ਕੋਈ ਵੀ ਇਨਵੈਸਟਮੈਂਟ ਕਰਨ ਤੋਂ ਪਹਿਲਾਂ ਆਪਣੇ ਦਿਮਾਗ ਵਿੱਚ ਸ਼ੱਕ ਦਾ ਭਾਵ ਰੱਖਣਾ ਚਾਹੀਦਾ ਹੈ।

"ਜੋ ਵੀ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਹਨ ਉਨ੍ਹਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖੋ, ਜਦੋਂ ਤੱਕ ਤੁਸੀਂ ਉਸ ਦੀ ਪੁਸ਼ਟੀ ਨਾ ਕਰ ਸਕੋ ਕਿ ਇਹ ਸਹੀ ਹੈ। ਜੇਕਰ ਤੁਸੀਂ ਆਨਲਾਈਨ ਮਿਲਣ ਵਾਲੀਆਂ ਜਾਣਕਾਰੀਆਂ ਉੱਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰੋਗੇ ਤਾਂ ਇਹ ਗਲਤ ਹੈ। ਜੇਕਰ ਇਸ ਤਰ੍ਹਾਂ ਦਾ ਰਵੱਈਆ ਅਪਣਾਇਆ ਜਾਏਗਾ ਤਾਂ ਕਾਫੀ ਹੱਦ ਤੱਕ ਅਜਿਹੇ ਮਾਮਲਿਆਂ ਨਾਲ ਨਜਿੱਠਿਆ ਜਾ ਸਕਦਾ ਹੈ।"

ਅਜਿਹੇ ਮਾਮਲਿਆਂ ਨਾਲ ਨਜਿੱਠਣ ਵਾਲੇ ਕਾਨੂੰਨਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, "ਅਜਿਹੇ ਮਾਮਲਿਆਂ ਨਾਲ ਨਜਿੱਠਣ ਲਈ ਅਤੇ ਸਾਇਬਰ ਕ੍ਰਾਈਮ ਨੂੰ ਲੈ ਕੇ ਸਾਡੇ ਕੋਲ ਕੋਈ ਸਮਰਪਿਤ ਕਾਨੂੰਨ ਨਹੀਂ ਹੈ, ਇਸ ਲਈ ਇਹੋ ਤਰੀਕਾ ਬੱਚਦਾ ਹੈ ਕਿ ਲੋਕ ਜਾਗਰੂਕ ਹੋਣ ਅਤੇ ਅਜਿਹੀਆਂ ਚੀਜ਼ਾਂ ਵਿੱਚ ਨਾ ਫਸਣ।"

"ਆਪਣੇ ਵਿਵੇਕ ਦੀ ਵਰਤੋਂ ਕਰਕੇ ਸਾਵਧਾਨੀ ਵਰਤਣਾ ਹੀ ਅਜਿਹੇ ਕੇਸਾਂ ਵਿੱਚ ਸਮਝਦਾਰੀ ਹੈ।"

ਸਾਈਬਰ ਸਿਕਿਉਰਿਟੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਈਬਰ ਸਿਕਿਓਰਿਟੀ ਮਾਹਰ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਡਾ. ਪਵਨ ਦੁੱਗਲ ਮੁਤਾਬਕ ਸੋਸ਼ਲ ਮੀਡੀਆ ਐਪਸ ਜ਼ਰੀਏ ਹੋਣ ਵਾਲੇ ਅਪਰਾਧਾਂ ਵਿੱਚ ਕਾਫੀ ਇਜ਼ਾਫਾ ਹੋ ਰਿਹਾ ਹੈ

ਕਿਵੇਂ ਕੀਤੀ ਜਾ ਸਕਦੀ ਹੈ ਸ਼ਿਕਾਇਤ ?

ਜੇਕਰ ਕਦੇ ਕਿਸੇ ਨੂੰ ਇਹ ਸ਼ੱਕ ਹੋਵੇ ਕਿ ਉਹ ਕਿਸੇ ਇਸ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਹਨ ਤਾਂ ਉਸ ਦੀ ਸ਼ਿਕਾਇਤ ਕਿਵੇਂ ਕੀਤੀ ਜਾ ਸਕਦੀ ਹੈ ਤਾਂ ਇਸ ਬਾਰੇ ਮਾਹਰ ਕਹਿੰਦੇ ਹਨ ਕਿ ਸ਼ਿਕਾਇਤ ਕਰਨ ਦੇ ਦੋ ਤਰੀਕੇ ਹਨ, ਪਹਿਲਾ 1930 ਉੱਤੇ ਕਾਲ ਕੀਤੀ ਜਾ ਸਕਦੀ ਹੈ, ਇਹ ਰਾਸ਼ਟਰੀ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ ਹੈ।

ਇੱਥੇ ਤੁਰੰਤ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਦੂਜਾ ਤਰੀਕਾ ਇਹ ਹੈ ਕਿ ਰਾਸ਼ਟਰੀ ਸਾਈਬਰ ਅਪਰਾਧ ਰਿਪੋਟਿੰਗ ਪੋਰਟਲ ਉੱਤੇ ਜਾ ਕੇ (cybercrime.gov.in) ਸ਼ਿਕਾਇਤ ਦਰਜ ਕਰਵਾ ਸਕਦੇ ਹੋ।

ਡਾ. ਪਵਨ ਦੁੱਗਲ ਇਹ ਵੀ ਦੱਸਦੇ ਹਨ ਕਿ ਇਹ ਦੋਵੇਂ ਹੀ ਥਾਵਾਂ ਰਿਪੋਰਟਿੰਗ ਪੋਰਟਲ ਹਨ, ਇਹ ਐੱਫਆਈਆਰ ਦਰਜ ਕਰਵਾਉਣ ਵਾਲੀਆਂ ਥਾਵਾਂ ਨਹੀਂ ਹਨ। ਐੱਫਆਈਆਰ ਤਾਂ ਸਥਾਨਕ ਥਾਣਾ ਹੀ ਦਰਜ ਕਰੇਗਾ।

ਇਸ ਤਰ੍ਹਾਂ ਗਵਾਈ ਰਕਮ ਦੇ ਵਾਪਿਸ ਹਾਸਲ ਹੋਣ ਬਾਰੇ ਡਾ. ਦੁੱਗਲ ਕਹਿੰਦੇ ਹਨ, "ਬਹੁਤੀ ਉਮੀਦ ਤਾਂ ਅਜਿਹੇ ਮਾਮਲਿਆਂ ਵਿੱਚ ਨਹੀਂ ਹੁੰਦੀ ਹੈ ਪਰ ਜੇਕਰ ਪੈਸੇ ਬੈਂਕਿੰਗ ਚੈਨਲ ਵਿੱਚ ਰਹਿ ਗਏ ਤਾਂ ਕਿਸੇ ਹੱਦ ਤੱਕ ਉਹ ਪੈਸੇ ਵਾਪਿਸ ਲਿਆਂਦੇ ਜਾ ਸਕਦੇ ਹਨ। ਜੇਕਰ ਪੈਸੇ ਬੈਂਕਿੰਗ ਚੈਨਲ ਤੋਂ ਬਾਹਰ ਚਲੇ ਗਏ ਤਾਂ ਵਾਪਿਸ ਨਹੀਂ ਲਿਆਂਦੇ ਜਾ ਸਕਦੇ।"

ਇਹ ਵੀ ਪੜ੍ਹੋ-

ਸੇਵਿੰਗ ਕਰਨ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ

ਨਿਵੇਸ਼ ਮਾਮਲਿਆਂ ਦੀ ਜਾਣਕਾਰੀ ਰੱਖਣ ਵਾਲੇ ਚਾਰਟਡ ਅਕਾਊਂਟੈਂਟ ਦੀਪਾ ਬੰਸਲ ਸਲਾਹ ਦਿੰਦੇ ਹਨ ਕਿ ਨਿਵੇਸ਼ ਕਰਦੇ ਵੇਲੇ ਸੇਬੀ (SEBI) ਨਾਲ ਰਜਿਸਟਰਡ ਮਾਰਕਿਟ ਵਿਚੋਲਿਆਂ ਨਾਲ ਹੀ ਰਾਬਤਾ ਕਰੋ। ਰੈਗੂਲੇਟਰ ਦੀ ਵੈੱਬਸਾਈਟ ਰਜਿਸਟਰਡ ਸੰਸਥਾਵਾਂ ਦੇ ਵੇਰਵੇ ਰੱਖਦੀ ਹੈ।

ਉਹ ਅਗਾਂਹ ਕਹਿੰਦੇ ਹਨ, "ਪੈਸਾ ਨਿਵੇਸ਼ ਕਰਨ ਤੋਂ ਪਹਿਲਾਂ ਸਕੀਮ ਦੀਆਂ ਵਿਸ਼ੇਸ਼ਤਾਵਾਂ ਅਤੇ ਸਬੰਧਿਤ ਜੋਖ਼ਮਾਂ ਨੂੰ ਸਮਝਣ ਲਈ ਸਬੰਧਿਤ ਪ੍ਰਸ਼ਨ ਪੁੱਛੋ।"

ਉਹ ਕਹਿੰਦੇ ਹਨ, "ਮਨਿਸਟਰੀ ਆਫ ਕਾਰਪੋਰੇਟ ਅਫੇਅਰ ਦੀ ਵੈਬਸਾਈਟ ਉੱਤੇ ਜਾ ਕਿ ਕੰਪਨੀ ਦੀ ਬੈਲੇਂਸ ਸ਼ੀਟ ਵੀ ਡਾਊਨਲੋਡ ਕੀਤੀ ਜਾ ਸਕਦੀ ਹੈ ਤਾਂ ਜੋ ਕੰਪਨੀ ਬਾਰੇ ਜਾਣਕਾਰੀਆਂ ਹਾਸਲ ਕੀਤੀਆਂ ਜਾ ਸਕਣ।"

"ਜੇਕਰ ਆਈਪੀਓ ਖਰੀਦ ਰਹੇ ਹੋ ਤਾਂ ਉਸ ਕੰਪਨੀ ਦੀ ਵੈਬਸਾਈਟ ਉੱਤੇ ਜਾ ਕਿ ਉਸ ਬਾਰੇ ਜਾਣਕਾਰੀ ਇਕੱਠੀ ਕਰੋ।"

"ਸ਼ੇਅਰ ਮਾਰਕਿਟ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਲੰਘੇ ਇੱਕ ਸਾਲ ਅੰਦਰ ਉਸ ਕੰਪਨੀ ਦੇ ਸ਼ੇਅਰਾਂ ਦੀ ਕੀਮਤ ਵਿੱਚ ਹੋਏ ਉਤਰਾਅ-ਚੜਾਅ ਦੀ ਜਾਣਕਾਰੀ ਲਵੋ।"

ਨਿਵੇਸ਼ ਕਰਨ ਵੇਲੇ ਜੇਕਰ ਇਹ ਗੱਲਾਂ ਪਤਾ ਲੱਗਣ ਤਾਂ ਚੌਕਸ ਹੋ ਜਾਓ

ਦੀਪਾ ਬੰਸਲ ਕਹਿੰਦੇ ਹਨ, "ਜੇਕਰ ਨਿਵੇਸ਼ ਦਾ ਰਿਟਰਨ ਬਹੁਤ ਜ਼ਿਆਦਾ ਦੱਸਿਆ ਜਾ ਰਿਹਾ ਹੈ, ਤਾਂ ਨਿਵੇਸ਼ ਵਿੱਚ ਜੋਖ਼ਮ ਵੀ ਬਹੁਤ ਹੋਣ ਦੀ ਸੰਭਾਵਨਾ ਰਹਿੰਦੀ ਹੈ। ਜੇਕਰ ਕੋਈ ਬਿਨਾਂ ਕਿਸੇ ਜੋਖ਼ਮ ਦੇ ਜ਼ਿਆਦਾ ਰਿਟਰਨ ਦੇ ਅਜਿਹੇ ਵਾਅਦਿਆਂ ਤੋਂ ਦੂਰ ਰਹੋ, ਕਿਉਂਕਿ ਅਜਿਹੀਆਂ ਸਕੀਮਾਂ ਹੁੰਦੀਆਂ ਹੀ ਨਹੀਂ ਹਨ।"

"ਜੇਕਰ ਕੋਈ ਬਿਨਾਂ ਕਿਸੇ ਜੋਖ਼ਮ ਦੇ ਵੱਧ ਰਿਟਰਨ ਦਾ ਵਾਅਦਾ ਕਰਦਾ ਹੈ ਤਾਂ ਇਹ ਚੌਕੰਨਾ ਕਰਨ ਵਾਲੀ ਗੱਲ ਹੈ। ਕਿਉਂਕਿ ਸਾਰੇ ਨਿਵੇਸ਼ਾਂ ਵਿੱਚ ਕੁਝ ਨਾ ਕੁਝ ਜੋਖ਼ਮ ਜ਼ਰੂਰ ਹੁੰਦਾ ਹੈ। ਜਿੰਨੇ ਜ਼ਿਆਦਾ ਰਿਟਰਨ ਦੀ ਉਮੀਦ, ਉਨ੍ਹਾਂ ਜ਼ਿਆਦਾ ਰਿਸਕ ਵੀ ਹੁੰਦੀ ਹੈ।"

"ਜੇਕਰ ਨਿਵੇਸ਼ ਕਰਵਾਉਣ ਵਾਲੀ ਕੰਪਨੀ ਜਾਂ ਸਬੰਧਿਤ ਸ਼ਖ਼ਸ ਜੋਖ਼ਮਾਂ ਬਾਰੇ ਜਾਣਕਾਰੀ ਨਾਲ ਦੇ ਕੇ ਸਿਰਫ਼ ਫਾਇਦੇ ਦੀ ਹੀ ਗੱਲ ਕਰਦੇ ਹਨ ਤਾਂ ਇਹ ਸਵਾਲ ਲਾਜ਼ਮੀ ਕਰਨਾ ਚਾਹੀਦਾ ਹੈ।"

ਮਾਹਰ ਦਾ ਬਿਆਨ

ਕਿਸੇ ਦਬਾਅ ਜਾਂ ਕਾਹਲੀ ਵਿੱਚ ਨਿਵੇਸ਼ ਨਾ ਕਰੋ

ਮਾਹਰ ਕਦੇ ਵੀ ਦਬਾਅ ਜਾਂ ਕਾਹਲੀ ਵਿੱਚ ਨਿਵੇਸ਼ ਨਾ ਕਰਨ ਦੀ ਸਲਾਹ ਦਿੰਦੇ ਹਨ। ਦੀਪਾ ਕਹਿੰਦੇ ਹਨ,"ਕੁਝ ਮਾਮਲਿਆਂ ਵਿੱਚ ਸਕੀਮ ਵੇਚਣ ਲਈ ਦਬਾਅ ਪਾਇਆ ਜਾਂਦਾ ਹੈ ਕਿ ਕੁਝ ਦਿਨ ਬਚੇ ਹਨ, ਛੇਤੀ ਕਰੋ। ਅਜਿਹਾ ਕੁਝ ਹੋਵੇ ਤਾਂ ਚੌਕਸ ਹੋ ਜਾਓ। ਜੇਕਰ ਤੁਹਾਨੂੰ ਗੱਲ ਸਮਝ ਨਹੀਂ ਆਈ ਅਤੇ ਤੁਸੀਂ ਪੂਰੀ ਤਰ੍ਹਾਂ ਸੰਤੁਸ਼ਟ ਨਾ ਹੋਵੋ ਤਾਂ ਨਿਵੇਸ਼ ਨਾ ਕਰੋ।"

"ਆਨਲਾਈਨ ਰਾਬਤਿਆਂ ਦੌਰਾਨ ਆਪਣੀਆਂ ਵਿੱਤੀ ਜਾਣਕਾਰੀਆਂ ਕਿਸੇ ਨਾਲ ਸਾਂਝੀਆਂ ਨਾ ਕਰੋ। ਉਨ੍ਹਾਂ ਲੋਕਾਂ ਨੂੰ ਪੈਸੇ ਭੇਜਣ ਤੋਂ ਗੁਰੇਜ਼ ਕਰੋ, ਜਿਨ੍ਹਾਂ ਨੂੰ ਤੁਸੀਂ ਕਦੇ ਮਿਲੇ ਹੀ ਨਾ ਹੋਵੋ, ਹਮੇਸ਼ਾ ਨਿਵੇਸ਼ ਕਰਨ ਤੋਂ ਪਹਿਲਾਂ ਪੜਤਾਲ ਕਰੋ।"

"ਜੇਕਰ ਕੋਈ ਕਹੇ ਕਿ ਇਹ ਐਕਸਕਲੁਸਿਵ ਆਫਰ ਹੈ ਅਤੇ ਹੋਰਾਂ ਤੋਂ ਲਕੋ ਕੇ ਰੱਖਣਾ ਚਾਹੀਦਾ ਤਾਂ ਇਹ ਵੀ ਅਲਰਟ ਕਰਨ ਵਾਲੀ ਗੱਲ ਹੈ।"

"ਜੇਕਰ ਨਿਵੇਸ਼ ਦੀ ਰਕਮ ਵਿਦੇਸ਼ ਭੇਜੇ ਜਾਣ ਦੀ ਗੱਲ ਹੋ ਰਹੀ ਜਾਂ ਫਿਰ ਬਹੁਤੇ ਟੈਕਸ ਫ੍ਰੀ ਨਿਵੇਸ਼ ਦਾ ਵਾਅਦਾ ਕੀਤਾ ਜਾ ਰਿਹਾ ਤਾਂ ਕਈ ਕੇਸਾਂ ਵਿੱਚ ਇਹ ਵੀ ਸਾਵਧਾਨ ਰਹਿਣਾ ਚਾਹੀਦਾ ਹੈ।"

ਸਾਬਕਾ ਆਈਜੀ ਅਮਰ ਸਿੰਘ ਚਾਹਲ ਕੌਣ ਹਨ?

ਅਮਰ ਸਿੰਘ ਚਾਹਲ

ਤਸਵੀਰ ਸਰੋਤ, Gurminder Grewal/BBC

ਤਸਵੀਰ ਕੈਪਸ਼ਨ, ਅਮਰ ਸਿੰਘ ਚਾਹਲ

ਅਮਰ ਸਿੰਘ ਚਾਹਲ ਪੰਜਾਬ ਕੈਡਰ ਦੇ ਆਈਪੀਐੱਸ ਅਧਿਕਾਰੀ ਹਨ ਜਿਨ੍ਹਾਂ ਨੇ ਪੰਜਾਬ ਪੁਲਿਸ ਦੇ ਕਈ ਅਹਿਮ ਅਹੁਦਿਆਂ ਉੱਪਰ ਕੰਮ ਕੀਤਾ ਹੈ।

ਚਾਹਲ ਦੇ ਪਰਿਵਾਰ ਦੇ ਇੱਕ ਜਾਣਕਾਰ ਮੁਤਾਬਕ ਉਹ ਮਾਨਸਾ ਜ਼ਿਲ੍ਹੇ ਦੇ ਪਿੰਡ ਮੱਤੀ ਨਾਲ ਸਬੰਧ ਰੱਖਦੇ ਹਨ। ਉਹਨਾਂ ਨੇ ਪਹਿਲਾਂ ਥੋੜ੍ਹੇ ਸਮੇਂ ਲਈ ਨੇਵੀ ਵਿੱਚ ਵੀ ਸੇਵਾਵਾਂ ਨਿਭਾਈਆਂ ਸਨ। ਉਹ ਪੰਜਾਬ ਪੁਲਿਸ ਵਿੱਚ ਡੀਐੱਸਪੀ ਭਰਤੀ ਹੋਏ ਸਨ।

ਉਹ ਫਿਰੋਜ਼ਪੁਰ, ਬਠਿੰਡਾ ਅਤੇ ਪਟਿਆਲਾ ਰੇਂਜਾਂ ਦੇ ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ.) ਵਜੋਂ ਸੇਵਾ ਨਿਭਾ ਚੁੱਕੇ ਹਨ।

ਚਾਹਲ ਸਾਲ 2016 ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵੀ ਰਹਿ ਚੁੱਕੇ ਹਨ।

ਉਨ੍ਹਾਂ ਦਾ ਨਾਂ 2015 ਵਿੱਚ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਵਿੱਚ ਬਹਿਬਲ ਕਲਾਂ ਅਤੇ ਕੋਟਕਪੂਰਾ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਮੁਲਜ਼ਮ ਵਜੋਂ ਸ਼ਾਮਲ ਸੀ।

ਇਹ ਘਟਨਾਵਾਂ ਗੁਰੂ ਗ੍ਰੰਥ ਸਾਹਿਬ ਦੀ ਕਥਿਤ ਬੇਅਦਬੀ ਦੇ ਵਿਰੋਧ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਵਾਪਰੀਆਂ, ਜਿਸ ਦੇ ਨਤੀਜੇ ਵਜੋਂ ਕਈ ਮੌਤਾਂ ਹੋਈਆਂ।

ਇੱਕ ਵਿਸ਼ੇਸ਼ ਜਾਂਚ ਟੀਮ (SIT) ਨੇ ਫਰਵਰੀ 2023 ਵਿੱਚ ਇੱਕ ਚਾਰਜਸ਼ੀਟ ਦਾਇਰ ਕੀਤੀ ਸੀ ਜਿਸ ਅਮਰ ਸਿੰਘ ਚਾਹਲ, ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਣੇ ਕਈ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)