ਬੈਂਕ ਮੁਲਾਜ਼ਮਾਂ ਦੀ ਸਮਝਦਾਰੀ ਨੇ ਇੱਕ ਔਰਤ ਨੂੰ ਕਿਵੇਂ 1.5 ਕਰੋੜ ਰੁਪਏ ਦੀ ਠੱਗੀ ਤੋਂ ਬਚਾਇਆ

ਤਸਵੀਰ ਸਰੋਤ, Getty Images
- ਲੇਖਕ, ਸਈਅਦ ਇਮਾਮ ਮੋਜ਼ੀਜ਼
- ਰੋਲ, ਬੀਬੀਸੀ ਪੱਤਰਕਾਰ
ਲਖਨਊ ਵਿੱਚ ਇੱਕ 75 ਸਾਲਾ ਔਰਤ ਨੂੰ ਪੰਜ ਦਿਨਾਂ ਲਈ ਡਿਜੀਟਲ ਅਰੈਸਟ ਵਿੱਚ ਰੱਖਿਆ ਗਿਆ ਹੈ। ਬੈਂਕ ਮੁਲਾਜ਼ਮਾਂ ਅਤੇ ਪੁਲਿਸ ਦੀ ਚੌਕਸੀ ਕਾਰਨ ਇੱਕ ਔਰਤ 1.5 ਕਰੋੜ ਰੁਪਏ ਦੀ ਸਾਈਬਰ ਠੱਗੀ ਤੋਂ ਵਾਲ-ਵਾਲ ਬਚ ਗਈ।
ਲਖਨਊ ਦੇ ਵਿਕਾਸ ਨਗਰ ਇਲਾਕੇ ਦੀ ਰਹਿਣ ਵਾਲੀ 75 ਸਾਲਾ ਊਸ਼ਾ ਸ਼ੁਕਲਾ ਸਾਈਬਰ ਠੱਗੀ ਦਾ ਸ਼ਿਕਾਰ ਹੋਣ ਵਾਲੀ ਸੀ। ਪਰ ਜਦੋਂ ਉਹ ਪੈਸੇ ਟ੍ਰਾਂਸਫਰ ਕਰਨ ਲਈ ਬੈਂਕ ਪਹੁੰਚੀ ਤਾਂ ਕਰਮਚਾਰੀਆਂ ਨੂੰ ਸ਼ੱਕ ਕੁਝ ਹੋਇਆ। ਬੈਂਕ ਅਧਿਕਾਰੀਆਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।
ਪੁਲਿਸ ਮੁਤਾਬਕ ਔਰਤ 11 ਦਸੰਬਰ ਤੋਂ 15 ਦਸੰਬਰ ਤੱਕ ਡਿਜੀਟਲ ਅਰੈਸਟ ਵਿੱਚ ਰਹੀ।
ਡਿਜੀਟਲ ਅਰੈਸਟ ਇੱਕ ਤਰ੍ਹਾਂ ਦੀ ਸਾਈਬਰ ਠੱਗੀ ਹੈ, ਜਿਸ ਵਿੱਚ ਅਪਰਾਧੀ ਖ਼ੁਦ ਨੂੰ ਪੁਲਿਸ ਜਾਂ ਸਰਕਾਰੀ ਅਧਿਕਾਰੀ ਦੱਸ ਕੇ ਵੀਡੀਓ ਕਾਲ ਜਾਂ ਆਡੀਓ ਕਾਲ ਰਾਹੀਂ ਲੋਕਾਂ ਨੂੰ ਡਰਾਉਂਦੇ ਹਨ। ਉਹ ਨਕਲੀ ਵਾਰੰਟ ਅਤੇ ਕੇਸ ਦਿਖਾਉਂਦੇ ਹਨ।
ਠੱਗ ਇਹ ਕਹਿ ਕੇ ਪੈਸੇ ਠੱਗਦੇ ਹਨ ਕਿ ਵਿਅਕਤੀ ਦਾ ਬੈਂਕ ਖਾਤਾ ਜਾਂ ਕੁਰੀਅਰ ਕਿਸੇ ਗ਼ੈਰ-ਕਾਨੂੰਨੀ ਕੰਮ, ਜਿਵੇਂ ਮਨੀ ਲੌਂਡਰਿੰਗ ਜਾਂ ਡਰੱਗਜ਼ ਨਾਲ ਜੁੜਿਆ ਹੈ ਅਤੇ ਇਸ ਨੂੰ ਡਿਜੀਟਲ ਰੂਪ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ।
ਇਹ ਕੋਈ ਅਸਲ ਵਿੱਚ ਗ੍ਰਿਫ਼ਤਾਰੀ ਨਹੀਂ ਹੁੰਦੀ, ਬਲਕਿ ਡਰ ਪੈਦਾ ਕਰ ਕੇ ਪੈਸੇ ਵਸੂਲਣ ਦਾ ਇੱਕ ਤਰੀਕਾ ਹੈ।
ਸਾਈਬਰ ਠੱਗਾਂ ਦੇ ਦਬਾਅ ਹੇਠ ਊਸ਼ਾ ਸ਼ੁਕਲਾ ਉਨ੍ਹਾਂ ਦੇ ਦੱਸੇ ਗਏ ਇੱਕ ਖਾਤੇ ਵਿੱਚੋਂ ਡੇਢ ਕਰੋੜ ਰੁਪਏ ਟਰਾਂਸਫਰ ਕਰਨ ਲਈ ਜਦੋਂ ਪੰਜਾਬ ਨੈਸ਼ਨਲ ਬੈਂਕ ਪਹੁੰਚੀ ਸੀ।
ਉਸ ਵੇਲੇ ਬੈਂਕ ਕਰਮਚਾਰੀਆਂ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਦੇ ਅਨੁਸਾਰ, ਔਰਤ ਨੂੰ ਭਰੋਸੇ ਵਿੱਚ ਲੈ ਕੇ ਗੱਲਬਾਤ ਕੀਤੀ ਗਈ, ਤਾਂ ਧੋਖਾਧੜੀ ਦਾ ਪਤਾ ਲੱਗਿਆ।
ਸਾਈਬਰ ਠੱਗਾਂ ਦਾ ਜਾਲ

ਤਸਵੀਰ ਸਰੋਤ, Getty Images
ਊਸ਼ਾ ਸ਼ੁਕਲਾ ਨੇ ਮੀਡੀਆ ਦੇ ਸਾਹਮਣੇ ਆਉਣ ਤੋਂ ਇਨਕਾਰ ਕੀਤਾ ਹੈ ਇਸ ਲਈ ਇਸ ਘਟਨਾ ਬਾਰੇ ਜਾਣਕਾਰੀ ਪੁਲਿਸ ਅਤੇ ਬੈਂਕ ਕਰਮਚਾਰੀਆਂ ਦੇ ਹਵਾਲੇ ਨਾਲ ਹੀ ਸਾਹਮਣੇ ਆਈ ਹੈ।
ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ 11 ਦਸੰਬਰ ਤੋਂ 15 ਦਸੰਬਰ ਤੱਕ ਡਿਜੀਟਲ ਅਰੈਸਟ ਵਿੱਚ ਰੱਖਿਆ ਗਿਆ ਸੀ।
ਪੁਲਿਸ ਮੁਤਾਬਕ, ਸ਼ੁਰੂਆਤ ਵਿੱਚ ਊਸ਼ਾ ਸ਼ੁਕਲਾ ਕੁਝ ਵੀ ਦੱਸਣ ਤੋਂ ਇਨਕਾਰ ਕਰ ਰਹੀ ਸੀ।
ਵਿਕਾਸ ਨਗਰ ਦੇ ਐੱਸਐੱਚਓ ਆਲੋਕ ਸਿੰਘ ਨੇ ਕਿਹਾ, "ਔਰਤ ਨੂੰ ਠੱਗਾਂ ਨੇ ਧਮਕੀ ਦਿੱਤੀ ਸੀ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਉਨ੍ਹਾਂ ਦੇ ਬੇਟੇ ਦਾ ਕਤਲ ਕਰ ਦਿੱਤਾ ਜਾਵੇਗਾ, ਇਸ ਲਈ ਉਹ ਡਰੀ ਹੋਈ ਸੀ।"
ਊਸ਼ਾ ਸ਼ੁਕਲਾ ਦਾ ਬੇਟਾ ਲਖਨਊ ਤੋਂ ਬਾਹਰ ਕੰਮ ਕਰਦਾ ਹੈ।
ਔਰਤ ਨੇ ਪੁਲਿਸ ਨੂੰ ਦੱਸਿਆ ਕਿ 11 ਦਸੰਬਰ ਦੀ ਸ਼ਾਮ ਇੱਕ ਅਣਜਾਣ ਨੰਬਰ ਤੋਂ ਵ੍ਹਟਸਐਪ ਵੀਡੀਓ ਕਾਲ ਆਈ। ਇਸ ਤੋਂ ਬਾਅਦ ਉਨ੍ਹਾਂ ਦੇ ਨਾਲ ਠੱਗੀ ਦੀ ਕੋਸ਼ਿਸ਼ ਸ਼ੁਰੂ ਹੋਈ।
ਕਾਲ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਦੇ ਮੋਬਾਇਲ ਨੰਬਰ ਅਤੇ ਆਧਾਰ ਕਾਰਡ ਦੀ ਵਰਤੋਂ ਮਨੀ ਲੌਂਡਰਿੰਗ ਵਿੱਚ ਕੀਤੀ ਗਈ ਹੈ। ਔਰਤ ਦੇ ਪਤੀ ਸਰਕਾਰੀ ਕਰਮਚਾਰੀ ਸਨ।
ਔਰਤ ਨੇ ਪੀਐੱਨਬੀ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਉਨ੍ਹਾਂ ਦੇ ਪਤੀ ਦਾ ਦੇਹਾਂਤ ਕਈ ਸਾਲ ਪਹਿਲਾਂ ਹੋ ਗਿਆ ਹੈ, ਪਰ ਉਹ ਹੁਣ ਵੀ ਉਨ੍ਹਾਂ ਦੇ ਫੋਨ ਦੀ ਵਰਤੋਂ ਕਰ ਰਹੇ ਸਨ। ਕਾਲ ਉਸੇ ਨੰਬਰ 'ਤੇ ਆਇਆ ਸੀ।

ਔਰਤ ਨੇ ਪੁਲਿਸ ਅਧਿਕਾਰੀਆਂ ਨੂੰ ਦੱਸਿਆ, "ਉਨ੍ਹਾਂ ਲੋਕਾਂ ਨੇ ਕਿਹਾ ਕਿ 50 ਕਰੋੜ ਰੁਪਏ ਦੀ ਮਨੀ ਲੌਂਡਰਿੰਗ ਨਾਲ ਅੱਤਵਾਦੀ ਫੰਡਿੰਗ ਕੀਤੀ ਗਈ ਹੈ। ਇਸ ਰਕਮ ਦੀ ਵਰਤੋਂ ਕਸ਼ਮੀਰ ਅਤੇ ਦਿੱਲੀ ਵਿੱਚ ਅੱਤਵਾਦੀ ਘਟਨਾਵਾਂ ਵਿੱਚ ਕੀਤੀ ਗਿਆ ਹੈ।"
ਇਸ ਤੋਂ ਬਾਅਦ ਜਾਲਸਾਜ਼ਾਂ ਨੇ ਖ਼ੁਦ ਨੂੰ ਪੁਣੇ ਸਥਿਤ ਸੀਬੀਆਈ ਦਫ਼ਤਰ ਦਾ ਅਧਿਕਾਰੀ ਦੱਸ ਕੇ ਔਰਤ ਨੂੰ ਧਮਕਾਉਣਾ ਸ਼ੁਰੂ ਕੀਤਾ। ਉਨ੍ਹਾਂ ਨੇ ਔਰਤ ਨੂੰ ਦੇਸ਼ਧ੍ਰੋਹ ਦੇ ਮਾਮਲੇ ਵਿੱਚ ਜੇਲ੍ਹ ਭੇਜਣ ਅਤੇ ਪੂਰੇ ਪਰਿਵਾਰ ਦਾ ਐਨਕਾਊਂਟਰ ਕਰਵਾਉਣ ਦੀ ਧਮਕੀ ਦਿੱਤੀ।
ਪੁਲਿਸ ਅਧਿਕਾਰੀਆਂ ਨੇ ਦੱਸਿਆ, "ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਕੇਸ ਤੋਂ ਬਚਣ ਲਈ ਆਪਣੇ ਸਾਰੇ ਬੈਂਕ ਖ਼ਾਤਿਆਂ ਅਤੇ ਐੱਫਡੀ ਦੀ ਪੂਰੀ ਰਕਮ ਦੱਸੇ ਗਏ ਬੈਂਕ ਅਕਾਊਂਟ ਵਿੱਚ ਟ੍ਰਾਂਸਫਰ ਕਰ ਦੇਣ। ਇਹ ਵੀ ਕਿਹਾ ਗਿਆ ਜਾਂਚ ਪੂਰੀ ਹੋਣ ਤੋਂ ਬਾਅਦ ਰਕਮ ਵਾਪਸ ਕਰ ਦਿੱਤੀ ਜਾਵੇਗੀ।"
15 ਦਸੰਬਰ ਨੂੰ ਔਰਤ ਘਬਰਾ ਕੇ ਆਪਣੇ ਸਾਰੇ ਫਿਕਸ ਡਿਪੌਜ਼ਿਟ ਦੇ ਕਾਗਜ਼ਾਤ ਲੈ ਕੇ ਪੀਐੱਨਬੀ ਦੀ ਮਾਮਾ ਚੌਰਾਹਾ ਸ਼ਾਖਾ ਪਹੁੰਚੀ। ਔਰਤ ਦੇ ਖਾਤੇ ਵਿੱਚ ਕੁਲ ਮਿਲਾ ਕੇ ਕਰੀਬ ਇੱਕ ਕਰੋੜ 14 ਲੱਖ ਰੁਪਏ ਸਨ।
ਕਾਊਂਟਰ 'ਤੇ ਬੈਂਕ ਅਧਿਕਾਰੀ ਇੰਦਰਾਣੀ ਨੇ ਇੰਨੀ ਵੱਡੀ ਰਕਮ ਕੱਢਣ ਦਾ ਕਾਰਨ ਪੁੱਛਿਆ, ਪਰ ਔਰਤ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।
ਬੈਂਕ ਮੈਨੇਜਰ ਸ਼ਰਵਣ ਕੁਮਾਰ ਨੇ ਕਿਹਾ, "ਪਹਿਲਾਂ ਔਰਤ ਨੇ ਕਿਹਾ ਕਿ ਉਨ੍ਹਾਂ ਨੂੰ ਬੇਟੇ ਨੂੰ ਪੈਸਾ ਭੇਜਣਾ ਹੈ। ਪਰ ਜਦੋਂ ਬੈਂਕ ਨੇ ਬੇਟੇ ਦਾ ਨੰਬਰ ਮੰਗਿਆ ਤਾਂ ਉਨ੍ਹਾਂ ਨੇ ਦੇਣ ਤੋਂ ਇਨਕਾਰ ਕਰ ਦਿੱਤਾ।"

ਬਾਕੀ ਖਾਤੇ ਵੀ ਫ੍ਰੀਜ਼ ਕੀਤੇ ਗਏ
ਬ੍ਰਾਂਚ ਮੈਨੇਜਰ ਨੇ ਦੱਸਿਆ ਕਿ ਉਸ ਦੇ ਬੇਟੇ ਦਾ ਨੰਬਰ ਬੈਂਕ ਰਿਕਾਰਡ ਤੋਂ ਲਿਆ ਗਿਆ। ਬੇਟੇ ਨਾਲ ਗੱਲ ਹੋਈ ਪਰ ਉਹ ਘਬਰਾਹਟ ਕਰ ਕੇ ਸਪੱਸ਼ਟ ਦੱਸ ਨਹੀਂ ਸਕਿਆ।
ਬੈਂਕ ਕਰਮਚਾਰੀਆਂ ਦੇ ਅਨੁਸਾਰ, ਔਰਤ ਦੇ ਵਿਹਾਰ 'ਤੇ ਸ਼ੱਕ ਹੋਣ 'ਤੇ ਬੈਂਕ ਅਧਿਕਾਰੀਆਂ ਨੇ ਐੱਫਡੀ ਤੋੜਨ ਦੇ ਕਾਰਨ ਬਾਰੇ ਪੁੱਛਗਿੱਛ ਕੀਤੀ, ਪਰ ਉਹ ਕੋਈ ਠੋਸ ਸਪੱਸ਼ਟੀਕਰਨ ਨਹੀਂ ਦੇ ਸਕੀ। ਇਸ ਕਰਕੇ ਬੈਂਕ ਕਰਮਚਾਰੀਆਂ ਦੇ ਸ਼ੱਕ ਹੋਰ ਵਧ ਗਏ।
ਪੀਐੱਨਬੀ ਦੇ ਮੰਡਲ ਮੁਖੀ ਆਰ ਕੇ ਸਿੰਘ ਨੇ ਮੀਡੀਆ ਨੂੰ ਕਿਹਾ, "ਸ਼ਾਖਾ ਪ੍ਰਬੰਧਕ ਸ਼ਰਵਣ ਕੁਮਾਰ ਰਾਠੌਰ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਔਰਤ ਨੂੰ ਆਪਣੇ ਕੇਬਿਨ ਵਿੱਚ ਬੁਲਾ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬੇਹੱਦ ਡਰੀ ਹੋਈ ਸੀ ਅਤੇ ਕੁਝ ਨਹੀਂ ਦੱਸ ਰਹੀ ਸੀ।"

ਉਨ੍ਹਾਂ ਨੇ ਕਿਹਾ, "ਬ੍ਰਾਂਚ ਮੈਨੇਜਰ ਨੇ ਕਿਹਾ ਹੈ ਕਿ ਜਿਸ ਖਾਤੇ ਵਿੱਚ ਰਕਮ ਜਾਣੀ ਹੈ ਉਹ ਸਹੀ ਨਹੀਂ ਹੈ ਅਤੇ ਔਰਤ ਕੋਲੋਂ ਸਹੀ ਖਾਤਾ ਨੰਬਰ ਦੁਬਾਰਾ ਮੰਗਣ ਲਈ ਕਿਹਾ ਹੈ। ਔਰਤ ਫੋਨ 'ਤੇ ਗੱਲ ਕਰਨ ਲਈ ਬੈਂਕ ਤੋਂ ਬਾਹਰ ਗਈ ਤਾਂ ਇੱਕ ਕਰਮਚਾਰੀ ਨੂੰ ਉਨ੍ਹਾਂ ਦੇ ਪਿੱਛੇ ਭੇਜਿਆ ਗਿਆ। ਗੱਲਬਾਤ ਸੁਣਦੇ ਹੀ ਪੂਰਾ ਮਾਮਲਾ ਸਪੱਸ਼ਟ ਹੋ ਗਿਆ।"
ਸ਼ਰਵਣ ਕੁਮਾਰ ਨੇ ਕਿਹਾ, "ਔਰਤ ਨੇ ਦੁਬਾਰਾ ਆ ਕੇ ਕਿਹਾ ਕਿ ਖਾਤਾ ਨੰਬਰ ਸਹੀ ਹੈ। ਪਰ ਗੱਲਾਂ ਵਿੱਚ ਉਲਝਾ ਕੇ ਉਨ੍ਹਾਂ ਕੋਲੋਂ ਫੋਨ ਨੰਬਰ ਲੈ ਲਿਆ, ਤਾਂ ਜਾ ਕੇ ਉਸ ਮਾਮਲੇ ਦੀ ਪੂਰੀ ਜਾਣਕਾਰੀ ਮਿਲ ਸਕੀ।"
ਇਸ ਤੋਂ ਬਾਅਦ ਪੂਰੀ ਜਾਣਕਾਰੀ ਲੈ ਕੇ ਤੁਰੰਤ ਪੁਲਿਸ ਅਤੇ ਬੈਂਕ ਦੇ ਸੀਨੀਅਰ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਗਈ।
ਇਸ ਤੋਂ ਬਾਅਦ ਔਰਤ ਦੇ ਆਈਸੀਆਈਸੀਆਈ ਬੈਂਕ, ਸੈਂਟ੍ਰਲ ਬੈਂਕ ਆਫ ਇੰਡੀਆ ਅਤੇ ਹੋਰ ਬੈਂਕਾਂ ਵਿੱਚ ਮੌਜੂਦ ਖਾਤਿਆਂ ਨੂੰ ਵੀ ਫ੍ਰੀਜ਼ ਕਰਵਾਇਆ ਗਿਆ। ਪੁਲਿਸ ਦੇ ਨਾਲ ਮਿਲ ਕੇ ਐੱਫਡੀ ਦਾ ਭੁਗਤਾਨ ਰੁਕਵਾਇਆ ਗਿਆ ਅਤੇ ਸਾਰੇ ਖ਼ਾਤਿਆਂ ਨੂੰ ਸੁਰੱਖਿਅਤ ਕਰ ਲਿਆ ਗਿਆ।
ਵਿਕਾਸ ਨਗਰ ਦੇ ਐੱਸਐੱਚਓ ਆਲੋਕ ਸਿੰਘ ਨੇ ਦੱਸਿਆ ਕਿ ਠੱਗੀ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਨੇ ਔਰਤ ਤੋਂ ਕਈ ਦਸਤਾਵੇਜ਼ ਲਏ ਸਨ ਅਤੇ ਹੋਰ ਬੈਂਕ ਖਾਤਿਆਂ ਦੀ ਜਾਣਕਾਰੀ ਵੀ ਉਨ੍ਹਾਂ ਕੋਲ ਪਹੁੰਚ ਗਈ ਸੀ। ਇਨ੍ਹਾਂ ਵਿੱਚ ਕਰੀਬ 30 ਲੱਖ ਰੁਪਏ ਜਮਾਂ ਸਨ।
ਹੁਣ ਇਹ ਮਾਮਲਾ ਸਾਈਬਰ ਸੈੱਲ ਨੂੰ ਸੌਂਪ ਦਿੱਤਾ ਗਿਆ ਹੈ। ਆਲੋਕ ਸਿੰਘ ਨੇ ਕਿਹਾ, "ਇਹ ਲੋਕ ਐਪ ਰਾਹੀਂ ਫੋਨ ਕਰਦੇ ਹਨ ਅਤੇ ਸਿਮ ਦੀ ਵਰਤੋਂ ਨਹੀਂ ਕਰਦੇ। ਇਸ ਲਈ ਉਨ੍ਹਾਂ ਨੂੰ ਟ੍ਰੈਕ ਕਰਨਾ ਮੁਸ਼ਕਲ ਹੋ ਰਿਹਾ ਹੈ।"
ਭਾਰਤ ਵਿੱਚ ਸਾਈਬਰ ਠੱਗੀ

ਸੰਚਾਰ ਅਤੇ ਪੇਂਡੂ ਵਿਕਾਸ ਰਾਜ ਮੰਤਰੀ ਪੇਮਾਸਾਨੀ ਚੰਦਰਸ਼ੇਖਰ ਨੇ 24 ਜੁਲਾਈ, 2025 ਨੂੰ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦੱਸਿਆ ਸੀ, "2024 ਵਿੱਚ ਰਾਸ਼ਟਰੀ ਸਾਈਬਰ ਅਪਰਾਧ ਰਿਪੋਰਟਿੰਗ ਪੋਰਟਲ 'ਤੇ ਸ਼ਿਕਾਇਤਾਂ ਦੀ ਗਿਣਤੀ 19.18 ਲੱਖ ਰਹੀ ਅਤੇ ਗਵਾਈ ਗਈ ਰਕਮ 22,811.95 ਕਰੋੜ ਰੁਪਏ ਸੀ।"
ਕੇਂਦਰ ਸਰਕਾਰ ਨੇ ਸੰਸਦ ਨੂੰ ਸੂਚਿਤ ਦੱਸਿਆ ਕਿ ਗ੍ਰਹਿ ਮੰਤਰਾਲੇ ਨੇ ਸਾਈਬਰ ਅਪਰਾਧਾਂ ਨਾਲ ਨਜਿੱਠਣ ਲਈ ਭਾਰਤੀ ਸਾਈਬਰ ਅਪਰਾਧ ਤਾਲਮੇਲ ਕੇਂਦਰ ਦੀ ਸਥਾਪਨਾ ਕੀਤੀ ਗਈ ਹੈ।
ਸਰਕਾਰ ਦੇ ਅਨੁਸਾਰ, ਭਾਰਤ ਵਿੱਚ 86 ਫੀਸਦ ਤੋਂ ਵੱਧ ਘਰ ਹੁਣ ਇੰਟਰਨੈੱਟ ਨਾਲ ਜੁੜੇ ਹੋਏ ਹਨ। ਦੇਸ਼ ਵਿੱਚ ਸਾਈਬਰ ਸੁਰੱਖਿਆ ਘਟਨਾਵਾਂ ਸਾਲ 2022 ਵਿੱਚ 10.29 ਲੱਖ ਤੋਂ ਵੱਧ ਕੇ 2024 ਵਿੱਚ 22.68 ਲੱਖ ਹੋ ਗਈ ਹੈ।
ਕੇਂਦਰੀ ਬਜਟ 2025-26 ਵਿੱਚ ਸਾਈਬਰ ਸੁਰੱਖਿਆ ਲਈ 782 ਕਰੋੜ ਰੁਪਏ ਅਲਾਟ ਕੀਤੇ ਗਏ ਹਨ।
ਸਰਕਾਰ ਨੇ ਦੱਸਿਆ ਹੈ ਕਿ ਸਾਈਬਰ ਧੋਖਾਧੜੀ ਨਾਲ ਸਬੰਧਤ 9.42 ਲੱਖ ਤੋਂ ਵੱਧ ਸਿਮ ਕਾਰਡ ਬਲੌਕ ਕੀਤੇ ਗਏ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












