ਡਿਜੀਟਲ ਅਰੈਸਟ: ਚੰਡੀਗੜ੍ਹ ਦਾ ਇੱਕ ਵਿਅਕਤੀ 22 ਦਿਨਾਂ ਤੱਕ ਆਪਣੇ ਹੀ ਘਰ ਠੱਗਾਂ ਦੀ ਨਿਗਰਾਨੀ ਹੇਠ ਰਿਹਾ, ਗੁਆਏ 51 ਲੱਖ ਰੁਪਏ

ਹਰੀਨਾਥ
ਤਸਵੀਰ ਕੈਪਸ਼ਨ, ਹਰੀਨਾਥ ਮੁਤਾਬਕ ਹੁਣ ਤੱਕ ਡਿਜੀਟਲ ਅਰੈਸਟ ਤਹਿਤ ਉਨ੍ਹਾਂ ਨਾਲ 51 ਲੱਖ ਰੁਪਏ ਦੀ ਠੱਗੀ ਹੋਈ ਹੈ
    • ਲੇਖਕ, ਨਵਜੋਤ ਕੌਰ
    • ਰੋਲ, ਬੀਬੀਸੀ ਪੱਤਰਕਾਰ

"ਉਹ 22 ਦਿਨ ਹਰ ਸਮੇਂ ਮੇਰੇ ਨਾਲ ਵੀਡੀਓ ਕਾਲ ਉੱਤੇ ਰਹਿੰਦੇ ਸਨ। ਮੈਂਨੂੰ ਬਾਥਰੂਮ ਜਾਣ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਮੈਸੇਜ ਕਰਨਾ ਪੈਂਦਾ ਸੀ ਕਿ ਹੁਣ ਮੈਂ ਬਾਥਰੂਮ ਵਿੱਚ ਜਾ ਰਿਹਾ ਹਾਂ।”

ਇਹ ਆਪਬੀਤੀ ਹੈ ਚੰਡੀਗੜ੍ਹ ਵਿੱਚ ਰਹਿਣ ਵਾਲੇ ਹਰੀਨਾਥ ਦੀ। ਹਰੀਨਾਥ ਇੱਕ ਤਰੀਕੇ ਦੇ ਸਾਈਬਰ ਕਰਾਈਮ ‘ਡਿਜੀਟਲ ਅਰੈਸਟ’ ਦੇ ਸ਼ਿਕਾਰ ਹੋਏ ਹਨ।

ਆਪਣੇ ਹਾਲਾਤ ਬਾਰੇ ਹਰੀਨਾਥ ਕਹਿੰਦੇ ਹਨ, “ਮੈਂ ਇੱਕ-ਦੋ ਦਿਨ ਬਾਅਦ ਬੈਂਕ ਜਾਂਦਾ ਸੀ ਤੇ ਲੱਖਾਂ ਦੀ ਰਕਮ ਉਨ੍ਹਾਂ ਨੂੰ ਭੇਜ ਦਿੰਦਾ ਸੀ। ਹੁਣ ਤੱਕ ਮੇਰੇ ਤੋਂ 51 ਲੱਖ ਦੋ ਹਜ਼ਾਰ ਰੁਪਏ ਠੱਗੇ ਜਾ ਚੁੱਕੇ ਹਨ।"

ਉਹ 2 ਅਕਤੂਬਰ ਤੋਂ 24 ਅਕਤੂਬਰ ਤੱਕ ਕੁੱਲ 22 ਦਿਨ ਲਗਾਤਾਰ ਸਾਇਬਰ ਠੱਗਾਂ ਦੇ ਕਹਿਣ ਮੁਤਾਬਕ ਚੱਲਦੇ ਰਹੇ ਅਤੇ ਉਨ੍ਹਾਂ ਨੂੰ ਪੈਸੇ ਭੇਜਦੇ ਰਹੇ। ਉਹ ਘਰ ਵਿੱਚ ਜਾਂ ਬਾਹਰ ਜਾਣ ਵੇਲੇ ਹਰ ਕੰਮ ਸਾਈਬਰ ਠੱਗਾਂ ਨੂੰ ਦੱਸਕੇ ਕਰਦੇ ਸਨ।

ਜ਼ਿਕਰਯੋਗ ਹੈ ਕਿ ਭਾਰਤ ਵਿੱਚ ਡਿਜੀਟਲ ਅਰੈਸਟ ਦਾ ਮੁੱਦਾ ਇੰਨਾ ਗੰਭੀਰ ਹੈ ਕਿ 27 ਅਕਤੂਬਰ ਨੂੰ ਆਪਣੇ ਪ੍ਰੋਗਰਾਮ ‘ਮਨ ਕੀ ਬਾਤ’ ਦੌਰਾਨ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਦਾ ਜ਼ਿਕਰ ਕਰਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਸੀ।

ਉਨ੍ਹਾਂ ਨੇ ਕਿਹਾ ਸੀ, "ਡਿਜੀਟਲ ਅਰੈਸਟ' ਦੇ ਸ਼ਿਕਾਰ ਲੋਕਾਂ 'ਚ ਹਰ ਵਰਗ ਅਤੇ ਹਰ ਉਮਰ ਦੇ ਲੋਕ ਸ਼ਾਮਲ ਹਨ। ਡਰ ਕਾਰਨ ਉਹ ਮਿਹਨਤ ਨਾਲ ਕਮਾਏ ਲੱਖਾਂ ਰੁਪਏ ਗੁਆ ਦਿੰਦੇ ਹਨ।"

ਹਰੀਨਾਥ ਮੂਲ ਰੂਪ ਵਿੱਚ ਭੋਪਾਲ ਦੇ ਰਹਿਣ ਵਾਲੇ ਹਨ। ਉਹ ਪਿਛਲੇ ਸੱਤ ਸਾਲ ਤੋਂ ਚੰਡੀਗੜ੍ਹ ਵਿੱਚ ਰਹਿ ਰਹੇ ਹਨ। ਉਨ੍ਹਾਂ ਨੇ ਆਪਣੀ ਆਪ-ਬੀਤੀ ਸਾਡੇ ਨਾਲ ਸਾਂਝੀ ਕੀਤੀ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਕਿਵੇਂ ਫ਼ਸੇ ਠੱਗਾਂ ਦੇ ਝਾਂਸੇ ’ਚ

ਹਰੀਨਾਥ ਆਪਣੇ ਬਾਰੇ ਦੱਸਦੇ ਹਨ ਕਿ, "ਮੈਂ ਪਹਿਲਾਂ ਇੱਕ ਅਖਬਾਰ ਵਿੱਚ ਫ਼ੋਟੋ ਐਡੀਟਿੰਗ ਦਾ ਕੰਮ ਕਰ ਰਿਹਾ ਸੀ। ਸਾਲ 2017 ਵਿੱਚ ਮੈਂ ਚੰਡੀਗੜ੍ਹ ਕੰਮ-ਕਾਰ ਦੇ ਸਿਲਸਿਲੇ ਵਿੱਚ ਆਇਆ ਸੀ।"

"ਕੋਰੋਨਾ ਕਾਲ ਤੋਂ ਬਾਅਦ ਮੇਰੀ ਨੌਕਰੀ ਚਲੀ ਗਈ। ਮੇਰੇ ਪਤਨੀ ਇੱਕ ਪ੍ਰਾਈਵੇਟ ਅਧਿਆਪਕਾ ਹਨ। ਉਹ ਸਕੂਲ ਤੋਂ ਇਲਾਵਾ ਘਰ ਵਿੱਚ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਦਾ ਕੰਮ ਕਰਦੇ ਹਨ। ਨੌਕਰੀ ਜਾਣ ਤੋਂ ਬਾਅਦ ਮੈਂ ਵੀ ਉਨ੍ਹਾਂ ਨਾਲ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ।”

ਧੋਖਾਧੜੀ ਦੀ ਸ਼ੁਰੂਆਤ ਬਾਰੇ ਹਰੀਨਾਥ ਕਹਿੰਦੇ ਹਨ, "2 ਅਕਤੂਬਰ ਨੂੰ 12 ਵਜੇ ਮੈਨੂੰ ਇੱਕ ਕੁੜੀ ਦਾ ਫੋਨ ਆਇਆ ਉਸਨੇ ਕਿਹਾ ਕਿ ਮੈਂ ਟੈਲੀਕਾਮ ਕੰਪਨੀ ਤੋਂ ਬੋਲ ਰਹੀ ਹਾਂ, ਦੋ ਘੰਟੇ ਬਾਅਦ ਤੁਹਾਡਾ ਫ਼ੋਨ ਬੰਦ ਹੋ ਜਾਵੇਗਾ।”

“ਪੁੱਛਣ ਉੱਤੇ ਕੁੜੀ ਨੇ ਦੱਸਿਆ ਕਿ ਮੁੰਬਈ ਵਿੱਚ ਤੁਹਾਡੇ ਅਧਾਰ ਕਾਰਡ ਉੱਤੇ 30 ਅਗਸਤ ਨੂੰ ਇੱਕ ਮੋਬਾਈਲ ਸਿਮ ਜਾਰੀ ਕੀਤਾ ਗਿਆ ਹੈ। ਇਸ ਸਿਮ ਉੱਤੇ ਸੱਤ ਧੋਖਾਧੜੀ ਦੀਆਂ ਸ਼ਿਕਾਇਤਾਂ ਅਤੇ ਇੱਕ ਐੱਫ਼ਆਈਆਰ ਦਰਜ ਹੋਈ ਹੈ।”

ਹਰੀਨਾਥ
ਤਸਵੀਰ ਕੈਪਸ਼ਨ, ਹਰੀਨਾਥ ਮੁਤਾਬਕ ਉਨ੍ਹਾਂ ਨੇ ਆਪਣੇ ਪਰਿਵਾਰ ਤੇ ਪੁਲਿਸ ਨਾਲ ਗੱਲ ਕਰਨ ਵਿੱਚ ਦੇਰੀ ਕੀਤੀ

“ਮੈਂ ਉਨ੍ਹਾਂ ਨੂੰ ਕਿਹਾ ਮੁੰਬਈ ਵਿੱਚ ਤਾਂ ਮੈਂ ਕਿਸੇ ਨੂੰ ਜਾਣਦਾ ਹੀ ਨਹੀਂ, ਮੈਂ ਤਾਂ ਚੰਡੀਗੜ੍ਹ ਵਿੱਚ ਰਹਿੰਦਾ ਹਾਂ। ਉਨ੍ਹਾਂ ਨੇ ਮੇਰੀ ਨਾਲ ਦੀ ਨਾਲ ਇੱਕ ਫਰਜ਼ੀ ਪੁਲਿਸ ਅਧਿਕਾਰੀ ਨਾਲ ਗੱਲ ਕਰਵਾਈ।”

ਫੇਰ ਉਸ ਪੁਲਿਸ ਅਧਿਕਾਰੀ ਨੇ ਮੈਨੂੰ ਜਵਾਬ ਦਿੱਤਾ ਕਿ, "ਅਰੇ ਇਹ ਕੀ ਕਰ ਦਿੱਤਾ ਤੁਸੀਂ? ਤੁਸੀਂ ਤਾਂ ਬਹੁਤ ਵੱਡੀ ਧੋਖਾਧੜੀ ਕਰ ਰਹੇ ਹੋ। ਨਰੇਸ਼ ਗੋਇਲ ਨਾਮ ਦੇ ਵਿਅਕਤੀ ਨਾਲ ਕੋਈ ਬਹੁਤ ਵੱਡਾ ਧੋਖਾ ਹੋਇਆ ਹੈ। ਤੁਹਾਡੇ ਨਾਮ ਦਾ ਕੇਨਰਾ ਬੈਂਕ ਵਿੱਚ ਖਾਤਾ ਖੁੱਲ੍ਹਿਆ ਹੋਇਆ ਹੈ।”

“ਇਸ ਖਾਤੇ ਤੋਂ 6 ਕਰੋੜ 80 ਲੱਖ ਦਾ ਲੈਣ-ਦੇਣ ਹੋਇਆ ਹੈ। ਇਸ ਦੇ ਵਿੱਚੋਂ 10 ਫ਼ੀਸਦੀ ਤੁਹਾਡੇ ਨਾਮ ਉੱਤੇ ਆਇਆ ਹੈ। ਤੁਹਾਡੇ ਖ਼ਿਲਾਫ਼ ਗ੍ਰਿਫ਼ਤਾਰੀ ਵਰੰਟ ਜਾਰੀ ਹੋ ਚੁੱਕਿਆ ਹੈ। ਪੁਲਿਸ ਦੋ ਘੰਟੇ ਦੇ ਅੰਦਰ-ਅੰਦਰ ਤੁਹਾਨੂੰ ਗ੍ਰਿਫ਼ਤਾਰ ਕਰਨ ਲਈ ਆ ਰਹੀ ਹੈ।”

ਹਰੀਨਾਥ ਅੱਗੇ ਦੱਸਦੇ ਹਨ, "ਮੈਂ ਘਬਰਾ ਗਿਆ ਸੀ। ਮੈਂ ਕੁਝ ਵੀ ਜਾਂਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।”

“ਇਸ ਤੋਂ ਬਾਅਦ ਉਸ ਫਰਜ਼ੀ ਪੁਲਿਸ ਵਾਲੇ ਨੇ ਮੈਨੂੰ ਕਿਹਾ ਕਿ ਇਹ ਕੇਸ ਤਾਂ ਬਹੁਤ ਵੱਡਾ ਹੈ। ਇਸ ਕੇਸ ਦੀ ਜਾਂਚ ਆਰਬੀਆਈ, ਸੀਬੀਆਈ, ਸੁਪਰੀਮ ਕੋਰਟ ਕਰ ਰਹੀ ਹੈ। ਮੈਂ ਤੁਹਾਡੀ ਸੀਬੀਆਈ ਅਫਸਰ ਨਾਲ ਗੱਲਬਾਤ ਕਰਵਾ ਰਿਹਾ ਹੈ।”

“ਫ਼ਿਰ ਕਿਸੇ ਨੇ ਮੇਰੇ ਨਾਲ ਸੀਬੀਆਈ ਅਫ਼ਸਰ ਬਣ ਕੇ ਗੱਲ ਕੀਤੀ। ਉਨ੍ਹਾਂ ਨੇ ਮੈਨੂੰ ਕਿਹਾ ਕਿ ਤੁਸੀਂ ਜਲਦ ਤੋਂ ਜਲਦ ਮੁੰਬਈ ਆ ਜਾਓ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਮੁੰਬਈ ਨਹੀਂ ਆ ਸਕਦਾ।"

“ਮੈਂ ਕਿਹਾ ਕਿ ਇੰਨੀ ਜਲਦੀ ਮੈਂ ਮੁੰਬਈ ਕਿਵੇਂ ਪਹੁੰਚ ਸਕਦਾ ਹਾਂ। ਮੈਂ ਉਨ੍ਹਾਂ ਨੂੰ ਆਪਣੇ ਬੱਚਿਆਂ ਅਤੇ ਪਤਨੀ ਦਾ ਹਵਾਲਾ ਦਿੱਤਾ।”

“ਫ਼ਿਰ ਉਨ੍ਹਾਂ ਨੇ ਮੈਨੂੰ ਕਿਹਾ ਕਿ ਠੀਕ ਹੈ ਜੇਕਰ ਤੁਸੀਂ ਮੁੰਬਈ ਨਹੀਂ ਆ ਸਕਦੇ ਤਾਂ ਸਾਡੇ ਕੋਲ ਇੱਕ ਹੋਰ ਤਰੀਕਾ ਹੈ। ਤੁਸੀਂ ਘਰ ਵਿੱਚ ਰਹਿ ਕੇ ਹੀ ਜਾਂਚ ਵਿੱਚ ਸਹਿਯੋਗ ਦਿਓ।”

ਹਰੀਨਾਥ ਦੱਸਦੇ ਹਨ ਕਿ ਉਨ੍ਹਾਂ ਨੇ ਕਿਹਾ,“ਤੁਸੀਂ ਹਰ ਪਲ ਸਾਡੇ ਨਾਲ ਮੋਬਾਈਲ ਰਾਹੀਂ ਜੁੜੇ ਰਹੋਗੇ ਅਗਲੇ ਦਿਨ ਸਵੇਰੇ 10 ਵਜੇ ਅਸੀਂ ਤੁਹਾਡੇ ਨਾਲ ਮੀਟਿੰਗ ਕਰਾਂਗੇ।”

“ਤੁਸੀਂ ਆਪਣੀ ਸਾਰੀ ਸੰਪਤੀ ਬਾਰੇ ਜਾਣਕਾਰੀ ਸਾਡੇ ਨਾਲ ਸਾਂਝੀ ਕਰੋਗੇ। ਆਰਬੀਆਈ ਤੁਹਾਡੇ ਖਾਤਿਆਂ, ਜਮਾਂ-ਪੂੰਜੀ ਦੀ ਜਾਂਚ ਕਰੇਗੀ ਜੇਕਰ ਤੁਸੀਂ ਬੇਕਸੂਰ ਸਾਬਤ ਹੋਏ ਤਾਂ ਤੁਹਾਨੂੰ ਛੱਡ ਦਿੱਤਾ ਜਾਵੇਗਾ।"

ਚੈਟ
ਤਸਵੀਰ ਕੈਪਸ਼ਨ, ਸਾਈਬਰ ਠੱਗ ਹਰੀਨਾਥ ਨਾਲ ਲਗਾਤਾਰ ਸੰਪਰਕ ਵਿੱਚ ਰਹਿੰਦੇ ਸਨ

ਹਰੀਨਾਥ ਨੇ ਅੱਗੇ ਦੱਸਿਆ,"ਅਗਲੇ ਦਿਨ 3 ਅਕਤੂਬਰ ਨੂੰ ਸਵੇਰੇ 10 ਵਜੇ ਮੋਬਾਈਲ ਰਾਹੀਂ ਸਾਡੀ ਮੀਟਿੰਗ ਹੋਈ। ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਤੁਹਾਡੇ ਕੋਲ ਕਿੰਨੇ ਪੈਸੇ ਹਨ, ਕਿੰਨੀ ਜਾਇਦਾਦ ਹੈ। ਮੈਂ ਸਭ ਕੁਝ ਸਪੱਸ਼ਟ ਦੱਸ ਦਿੱਤਾ ਕਿ ਮੇਰੇ ਕੋਲ 9 ਲੱਖ ਰੁਪਏ ਦੀ ਐੱਫਡੀ ਹੈ।”

“ਉਨ੍ਹਾਂ ਨੇ ਮੈਨੂੰ ਤੁਰੰਤ ਬੈਂਕ ਜਾ ਕੇ ਪੈਸੇ ਉਨ੍ਹਾਂ ਨੂੰ ਭੇਜਣ ਲਈ ਕਿਹਾ। ਮੈਂ 3 ਤਰੀਕ ਸ਼ਾਮ ਨੂੰ ਆਨਲਾਈਨ ਆਪਣੀ ਐੱਫਡੀ ਤੁੜਵਾ ਦਿੱਤੀ। ਅਗਲੇ ਦਿਨ 4 ਤਰੀਕ ਨੂੰ ਮੁੜ ਸਾਡੀ ਮੀਟਿੰਗ ਹੋਈ।”

“ਮੀਟਿੰਗ ਵਿੱਚ ਉਨ੍ਹਾਂ ਨੇ ਮੈਨੂੰ ਕਿਹਾ ਕਿ ਤੁਸੀਂ ਬੈਂਕ ਜਾਵੋਗੇ ਤਾਂ ਤੁਹਾਡੇ ਫੋਨ ਉੱਤੇ ਵੀਡੀਓ ਕਾਲ ਚਲਦੀ ਰਹੇਗੀ ਤੁਸੀਂ ਕਿਸੇ ਨੂੰ ਵੀ ਨਹੀਂ ਦੱਸੋਗੇ ਕਿ ਤੁਸੀਂ ਪੈਸੇ ਕਿਉਂ ਭੇਜ ਰਹੇ ਹੋ ਤੇ ਕਿਸਨੂੰ ਭੇਜ ਰਹੇ ਹੋ। ਤੁਸੀਂ ਬੈਂਕ ਵਿੱਚ ਵੀ ਕਿਸੇ ਨਾਲ ਗੱਲ ਨਹੀਂ ਕਰੋਗੇ।"

ਹਰੀਨਾਥ ਕਹਿੰਦੇ ਹਨ, "ਮੇਰੇ ਤੋਂ ਇਹ ਬਹੁਤ ਵੱਡੀ ਗ਼ਲਤੀ ਹੋਈ ਕਿ ਮੈਂ ਜਾਂਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਹ ਕੌਣ ਹਨ ਤੇ ਆਰਬੀਆਈ, ਸੀਬੀਆਈ ਮੈਨੂੰ ਵ੍ਹਟਸਐਪ ਰਾਹੀਂ ਸੰਪਰਕ ਕਿਉਂ ਕਰ ਰਹੇ ਹਨ। ਮੈਂ ਬਸ ਡਰ ਗਿਆ ਸੀ ਅਤੇ ਜੋ ਜੋ ਉਹ ਕਹਿੰਦੇ ਗਏ ਮੈਂ ਕਰਦਾ ਗਿਆ।"

ਦਿਨ ਵੇਲੇ ਮੈਂ ਬੱਚਿਆਂ ਨੂੰ ਪੜ੍ਹਾਉਣਾ ਹੁੰਦਾ ਤਾਂ ਵੀ ਮੈਨੂੰ ਉਨ੍ਹਾਂ ਨੂੰ ਦੱਸਣਾ ਪੈਂਦਾ ਸੀ, ਸਬਜ਼ੀ ਬਣਾਉਣ, ਮੰਦਰ ਵਿੱਚ ਦੀਵਾ ਲਗਾਉਣ ਤੋਂ ਪਹਿਲਾਂ ਵੀ ਮੈਂ ਉਨ੍ਹਾਂ ਨੂੰ ਸੰਦੇਸ਼ ਭੇਜ ਕੇ ਦੱਸ ਦਿੰਦਾ ਸੀ।"

Digital Arrest

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਿਜੀਟਲ ਅਰੈਸਟ ਦੇ ਮਾਮਲੇ ਕਾਫ਼ੀ ਵਾਪਰ ਰਹੇ ਹਨ ਪਰ ਲੋਕ ਸ਼ਰਮਿੰਦਗੀ ਦੇ ਮਾਰੇ ਜਨਤਕ ਨਹੀਂ ਕਰਦੇ

ਪਰਿਵਾਰ ਨਾਲ ਗੱਲ ਨਾ ਕਰਨਾ

ਹਰੀਨਾਥ ਕਹਿੰਦੇ ਹਨ,"ਪਹਿਲਾਂ ਮੈਨੂੰ ਇਹੀ ਲੱਗਦਾ ਰਿਹਾ ਕਿ ਇਹ ਸੱਚਮੁੱਚ ਹੀ ਆਰਬੀਆਈ ਜਾਂ ਸੀਬੀਆਈ ਹੈ। ਮੈਨੂੰ ਬਿਲਕੁਲ ਵੀ ਸ਼ੱਕ ਨਹੀਂ ਹੋਇਆ।”

“ਵੀਡੀਓ ਕਾਲ ਉੱਤੇ ਮੈਨੂੰ ਹਰ ਪਲ ਦੇਖ ਰਹੇ ਸਨ, ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਉਨ੍ਹਾਂ ਨੇ ਮੈਨੂੰ ਕਿਸੇ ਨੂੰ ਵੀ ਕੁਝ ਦੱਸਣ ਤੋਂ ਮਨ੍ਹਾ ਕੀਤਾ ਸੀ। ਮੈਂ ਡਰ ਗਿਆ ਸੀ। ਪਤਨੀ ਦੇ ਵਾਰ-ਵਾਰ ਪੁੱਛਣ ਉੱਤੇ ਵੀ ਮੈਂ ਉਸ ਨੂੰ ਨਹੀਂ ਦੱਸਿਆ ਕਿ ਮੈਂ ਫ਼ਸ ਗਿਆ ਹਾਂ।"

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਿਸੇ ਨਾਲ ਵੀ ਆਪਣੇ ਨਿੱਜੀ ਡਿਜੀਟਲ ਖਾਤਿਆਂ ਦੇ ਪਾਸਵਰਡ ਵਗੈਰਾ ਦੀ ਜਾਣਕਾਰੀ ਸਾਂਝੀ ਨਾ ਕਰੋ। (ਸੰਕੇਤਕ ਤਸਵੀਰ)

ਸਾਈਬਰ ਠੱਗਾਂ ਨੂੰ ਪੈਸੇ ਭੇਜਣਾ

ਹਰੀਨਾਥ ਦੱਸਦੇ ਹਨ,"ਉਨ੍ਹਾਂ ਨੇ ਮੈਨੂੰ ਕਿਹਾ ਸੀ ਕਿ ਪੈਸੇ ਬੈਂਕ ਰਾਹੀਂ ਭੇਜ ਦਿਓ। ਮੈਂ ਪਹਿਲੀ ਵਾਰ 4 ਅਕਤੂਬਰ ਨੂੰ ਆਰਟੀਜੀਐੱਸ ਰਾਹੀਂ 9 ਲੱਖ 80 ਹਜ਼ਾਰ ਰੁਪਏ ਭੇਜੇ।”

“ਦੂਜੀ ਵਾਰ ਮੈਂ 5 ਅਕਤੂਬਰ ਨੂੰ 20 ਲੱਖ ਰੁਪਏ ਭੇਜੇ। ਫ਼ਿਰ 7 ਅਕਤੂਬਰ ਨੂੰ ਪਹਿਲਾਂ 9 ਲੱਖ 80 ਹਜ਼ਾਰ ਰੁਪਏ ਭੇਜੇ ਅਤੇ ਬਾਅਦ ਵਿੱਚ 50 ਹਜ਼ਾਰ ਰੁਪਏ ਭੇਜੇ ਗਏ। ਇਸੇ ਤਰ੍ਹਾਂ 9 ਅਕਤੂਬਰ ਨੂੰ 5 ਲੱਖ ਰੁਪਏ ਭੇਜੇ ਗਏ।”

“ਇਹ ਸਿਲਸਿਲਾ ਜਾਰੀ ਰਿਹਾ 13 ਅਕਤੂਬਰ ਨੂੰ 99 ਹਜ਼ਾਰ 999 ਰੁਪਏ ਭੇਜੇ ਅਤੇ 14 ਅਕਤੂਬਰ ਨੂੰ 2 ਲੱਖ 80 ਹਜ਼ਾਰ ਰੁਪਏ ਭੇਜੇ ਗਏ।”

“ਫ਼ਿਰ ਉਨ੍ਹਾਂ ਨੇ ਮੈਨੂੰ ਕਿਹਾ ਕਿ ਤੁਸੀਂ ਜੇਕਰ ਆਪਣੀ ਐੱਫ਼ਆਈਆਰ ਰੱਦ ਕਰਵਾਉਣੀ ਹੈ ਤਾਂ 2 ਲੱਖ ਰੁਪਏ ਦੇ ਦਿਓ ਤਾਂ ਮੈਂ 16 ਅਕਤੂਬਰ ਨੂੰ 88 ਹਜ਼ਾਰ ਰੁਪਏ ਦਿੱਤੇ।”

“ਇਸਤੋਂ ਬਾਅਦ ਉਨ੍ਹਾਂ ਨੇ ਕਿਹਾ ਆਰਬੀਆਈ ਨੇ ਜੋ ਜਾਂਚ ਕੀਤੀ ਹੈ ਉਸ ਜਾਂਚ ਦੀ ਫੀਸ ਡੇਢ ਲੱਖ ਰੁਪਏ ਹੈ। ਇਸ ਤੋਂ ਬਾਅਦ ਮੈਨੂੰ ਲੱਗਿਆ ਕਿ ਜੇਕਰ ਮੈਂ ਪੈਸੇ ਕਢਾਵਾਉਣੇ ਹਨ ਤਾਂ ਮੈਨੂੰ ਪੈਸੇ ਦੇਣੇ ਹੀ ਪੈਣਗੇ। ਇਸ ਲਈ ਮੈਂ 22 ਅਕਤੂਬਰ ਨੂੰ 1 ਲੱਖ 50 ਹਜ਼ਾਰ ਰੁਪਏ ਹੋਰ ਉਨ੍ਹਾਂ ਦੇ ਖਾਤੇ ਵਿੱਚ ਪਾ ਦਿੱਤੇ।"

"ਇਹ ਸਭ ਹੋਣ ਤੋਂ ਬਾਅਦ ਮੈਨੂੰ ਲੱਗਿਆ ਕਿ ਮੇਰੇ ਨਾਲ ਕੋਈ ਧੋਖਾ ਹੋਇਆ ਹੈ। ਉਸ ਤੋਂ ਬਾਅਦ ਮੈਂ ਪਰਿਵਾਰ ਨਾਲ ਗੱਲ ਕੀਤੀ। ਮੈਂ ਮਲੋਆ ਥਾਣੇ ਗਿਆ, ਉਨ੍ਹਾਂ ਨੇ ਮੈਨੂੰ ਸਾਈਬਰ ਸੈੱਲ ਜਾਣ ਲਈ ਕਿਹਾ। ਮੈਂ 17 ਸੈਕਟਰ ਸਾਈਬਰ ਥਾਣੇ ਵਿੱਚ ਜਾ ਕੇ ਸ਼ਿਕਾਇਤ ਦਰਜ ਕਰਵਾਈ।”

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰਾਂ ਮੁਤਾਬਕ ਕਿਸੇ ਅਣਜਾਣ ਵਿਅਕਤੀ ਨਾਲ ਆਪਣੇ ਬੈਂਕ ਖਾਤਿਆਂ ਦੀ ਡੀਟੇਲ ਸਾਂਝੀ ਨਾ ਕਰੋ। (ਸੰਕੇਤਕ ਤਸਵੀਰ)

51 ਲੱਖ ਰੁਪਏ ਕਿਵੇਂ ਇਕੱਠੇ ਕੀਤੇ?

ਹਰੀਨਾਥ ਦੱਸਦੇ ਹਨ ਕਿ ਉਹ ਚੰਡੀਗੜ੍ਹ ਵਿੱਚ ਕਿਰਾਏ ਦੇ ਮਕਾਨ ’ਚ ਰਹਿੰਦੇ ਹਨ ਅਤੇ ਪਾਣੀਪਤ ਵਿੱਚ ਉਨ੍ਹਾਂ ਕੋਲ ਦੋ ਫਲੈਟ ਸਨ।

ਉਹ ਕਹਿੰਦੇ ਹਨ,“ ਉਹ ਦੋਵੇਂ ਮਕਾਨ ਮੈਂ ਦੋ ਸਾਲ ਪਹਿਲਾਂ ਵੇਚ ਚੁੱਕਿਆ ਸੀ ਉੱਥੋਂ ਮਿਲਿਆ ਪੈਸਾ ਮੈਂ ਸ਼ੇਅਰ ਬਜ਼ਾਰ ਵਿੱਚ ਲਗਾ ਦਿੱਤਾ ਸੀ।”

“ਨੌਕਰੀ ਜਾਣ ਤੋਂ ਬਾਅਦ ਮੇਰਾ ਜੋ ਪੀਐੱਫ ਸੀ 4-5 ਲੱਖ ਰੁਪਏ ਉਹ ਵੀ ਮੇਰੇ ਕੋਲ ਪਿਆ ਸੀ। ਮੇਰੇ ਕੋਲ ਇੱਕ ਪੁਰਾਣੀ ਗੱਡੀ ਵੀ ਸੀ ਉਹ ਮੈਂ 1 ਲੱਖ 71 ਹਜ਼ਾਰ ਰੁਪਏ ਦੇ ਕਰੀਬ ਵੇਚ ਦਿੱਤੀ ਸੀ।”

“ਨੌਕਰੀ ਜਾਣ ਵੇਲੇ ਵੀ ਮੇਰੇ ਕੋਲ 12-13 ਲੱਖ ਰੁਪਏ ਸੀ ਉਹ ਪੈਸਾ ਵੀ ਮੈਂ ਸ਼ੇਅਰ ਬਜ਼ਾਰ ਵਿੱਚ ਲਗਾ ਦਿੱਤਾ ਸੀ। ਇੱਕ ਟੀਡੀਆਈ ਵਾਲਾ ਫਲੈਟ ਵੀ ਮੈਂ ਵੇਚਿਆ ਸੀ ਉਹ ਪੈਸਾ ਵੀ ਮੈਂ ਸ਼ੇਅਰ ਬਜ਼ਾਰ ਵਿੱਚ ਲਗਾਇਆ ਸੀ। ਇਸ ਤਰ੍ਹਾਂ ਮੇਰੇ ਕੋਲ ਪੈਸੇ ਸੀ।"

“ਹੁਣ ਤੱਕ ਮੇਰੇ ਤੋਂ 51 ਲੱਖ ਦੋ ਹਜ਼ਾਰ ਠੱਗੇ ਜਾ ਚੁੱਕੇ ਹਨ।"

ਮੈਸਜ ਜਾਂ ਫ਼ੋਨ ਆਉਣੇ ਕਿਵੇਂ ਬੰਦ ਹੋਏ?

ਹਰੀਨਾਥ ਦੱਸਦੇ ਹਨ,"24 ਅਕਤੂਬਰ ਨੂੰ ਜਦੋਂ ਮੈਂ ਪੁਲਿਸ ਥਾਣੇ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਮੈਨੂੰ ਪਹਿਲੀ ਸਲਾਹ ਹੀ ਇਹ ਦਿੱਤੀ ਕਿ ਤੁਸੀਂ ਆਪਣਾ ਫੋਨ ਬੰਦ ਕਰ ਦਿਓ। ਮੈਂ ਉਹ ਨੰਬਰ ਚਲਾਇਆ ਹੀ ਨਹੀਂ।"

ਇਹ ਵੀ ਪੜ੍ਹੋ-

ਪੁਲਿਸ ਕੀ ਕਰ ਰਹੀ ਕਾਰਵਾਈ?

ਚੰਡੀਗੜ੍ਹ ਦੇ ਸਾਇਬਰ ਥਾਣੇ ਦੇ ਐੱਸਪੀ ਕੇਤਲ ਬੰਸਲ ਨੇ ਦੱਸਿਆ, “ਪੁਲਿਸ ਵੱਲੋਂ ਜਾਂਚ ਚੱਲ ਰਹੀ ਹੈ। NCRP ਉੱਤੇ ਸ਼ਿਕਾਇਤ ਦਰਜ ਹੋ ਚੁੱਕੀ ਹੈ । ਜੋ ਵੀ ਜਾਂਚ ਦਾ ਹਿੱਸਾ ਹੁੰਦਾ ਹੈ ਅਸੀਂ ਉਹ ਸਭ ਕਰ ਰਹੇ ਹਾਂ । ਇਸ ਵਿੱਚ ਬਹੁਤ ਅਹਿਮ ਹੁੰਦਾ ਹੈ ਲੋਕਾਂ ਨੂੰ ਜਾਗਰੂਕ ਕਰਨਾ। FIR ਵੀ ਹੋ ਜਾਵੇਗੀ।”

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਠੱਗ ਵੀਡੀਓ ਕਾਲ ਰਾਹੀਂ ਪੁਲਿਸ ਅਫ਼ਸਰ, ਸਰਕਾਰੀ ਅਧਿਕਾਰੀ ਬਣ ਕੇ ਤੁਹਾਨੂੰ ਡਰਾਉਂਦੇ ਹਨ। (ਸੰਕੇਤਕ ਤਸਵੀਰ)

ਡਿਜੀਟਲ ਅਰੈਸਟ ਕੀ ਹੈ?

ਆਨਲਾਈਨ ਠੱਗੀ ਦਾ ਇੱਕ ਨਵਾਂ ਰੂਪ ਡਿਜੀਟਲ ਅਰੈਸਟ ਹੈ।

ਠੱਗ ਵੀਡੀਓ ਕਾਲ ਰਾਹੀਂ ਪੁਲਿਸ ਅਫ਼ਸਰ, ਸਰਕਾਰੀ ਅਧਿਕਾਰੀ ਬਣ ਕੇ ਤੁਹਾਨੂੰ ਡਰਾਉਂਦੇ ਹਨ।

ਵੀਡੀਓ ਕਾਲ ਰਾਹੀਂ ਤੁਹਾਡੀ ਹਰ ਪਲ਼ ਦੀ ਜਾਣਕਾਰੀ ਲੈਂਦੇ ਹਨ, ਤੁਸੀਂ ਕਿੱਥੇ ਜਾ ਰਹੇ ਹੋ, ਕੀ ਕਰ ਰਹੇ ਹੋ। ਤੁਹਾਨੂੰ ਗ੍ਰਿਫ਼ਤਾਰੀ ਦਾ ਡਰ ਦੇ ਖ਼ੋਫ਼ਜ਼ਦਾ ਕੀਤਾ ਜਾਂਦਾ ਹੈ।

ਡਰਾ ਧਮਕਾ ਕੇ ਤੁਹਾਡੇ ਕੋਲੋਂ ਨਿੱਜੀ ਬੈਂਕ ਖਾਤਿਆਂ ਵਿੱਚ ਪੈਸੇ ਮੰਗਵਾਉਂਦੇ ਹਨ। ਦਿਨ ਤੋਂ ਲੈ ਕੇ ਰਾਤ ਤੱਕ ਤੁਹਾਨੂੰ ਹਰ ਪਲ਼ ਉਨ੍ਹਾਂ ਦੀ ਨਿਗਰਾਨੀ ਵਿੱਚ ਰਹਿਣਾ ਪੈਂਦਾ ਹੈ।

ਹਰੀਨਾਥ ਦੀ ਆਮ ਲੋਕਾਂ ਨੂੰ ਸਲਾਹ

ਡਿਜੀਟਲ ਅਰੈਸਟ ਦਾ ਸ਼ਿਕਾਰ ਹੋਏ ਹਰੀਨਾਥ ਆਮ ਲੋਕਾਂ ਨੂੰ ਸਲਾਹ ਦਿੰਦੇ ਹਨ ਕਿ ਪੈਸੇ ਦੇ ਮਾਮਲੇ ਵਿੱਚ ਕਿਸੇ ਵੀ ਵਿਅਕਤੀ ਉੱਤੇ ਭਰੋਸਾ ਨਾ ਕਰੋ।

ਉਹ ਕਹਿੰਦੇ ਹਨ ਕਿ ਜੇਕਰ ਤੁਸੀਂ ਅਜਿਹੇ ਕਿਸੇ ਮਾਮਲੇ ਵਿੱਚ ਫ਼ਸ ਜਾਂਦੇ ਹੋ ਤਾਂ ਆਪਣੇ ਪਰਿਵਾਰ ਨਾਲ ਆਪਣੀ ਮੁਸ਼ਕਿਲ ਸਾਂਝੀ ਜ਼ਰੂਰ ਕਰੋ।

ਮਨ ਕੀ ਬਾਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮਨ ਕੀ ਬਾਤ ਪ੍ਰੋਗਰਾਮ ਵਿੱਚ ਆਮ ਲੋਕਾਂ ਨੂੰ ਸਾਈਬਰ ਕ੍ਰਾਈਮ ਤੋਂ ਬਚ ਕੇ ਰਹਿਣ ਦੀ ਅਪੀਲ ਕੀਤੀ ਸੀ

ਪ੍ਰਧਾਨ ਮੰਤਰੀ ਮੋਦੀ ਨੇ ਡਿਜੀਟਲ ਅਰੈਸਟ ਬਾਰੇ ਕੀ ਕਿਹਾ?

27 ਅਕਤੂਬਰ ਨੂੰ ਆਪਣੇ ਪ੍ਰੋਗਰਾਮ ਮਨ ਕੀ ਬਾਤ ਦੌਰਾਨ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, "'ਡਿਜੀਟਲ ਅਰੈਸਟ' ਦੇ ਸ਼ਿਕਾਰ ਲੋਕਾਂ 'ਚ ਹਰ ਵਰਗ ਅਤੇ ਹਰ ਉਮਰ ਦੇ ਲੋਕ ਸ਼ਾਮਲ ਹਨ। ਡਰ ਕਾਰਨ ਉਹ ਮਿਹਨਤ ਨਾਲ ਕਮਾਏ ਲੱਖਾਂ ਰੁਪਏ ਗੁਆ ਦਿੰਦੇ ਹਨ।"

ਅੱਗੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ,“ਜੇਕਰ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਕਾਲ ਆਉਂਦੀ ਹੈ ਤਾਂ ਤੁਸੀਂ ਡਰਨਾ ਨਹੀਂ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੋਈ ਵੀ ਜਾਂਚ ਏਜੰਸੀ ਕਦੇ ਵੀ ਫ਼ੋਨ ਕਾਲ ਜਾਂ ਵੀਡੀਓ ਕਾਲ 'ਤੇ ਇਸ ਤਰ੍ਹਾਂ ਦੀ ਪੁੱਛ-ਗਿੱਛ ਨਹੀਂ ਕਰਦੀ।''

ਡਿਜੀਟਲ ਅਰੈਸਟ ਤੋਂ ਬਚਣ ਲਈ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ, "ਕੋਈ ਵੀ ਕਾਲ ਆਉਣ ਉੱਤੇ ਪਹਿਲਾਂ ਰੁਕੋ ਫੇਰ ਸੋਚੋ ਅਤੇ ਐਕਸ਼ਨ ਲਵੋ, ਕਿਸੇ ਨੂੰ ਆਪਣੀ ਨਿੱਜੀ ਜਾਣਕਾਰੀ ਨਾ ਦਿਓ। ਸੰਭਵ ਹੋਵੇ ਤਾਂ ਸਕ੍ਰੀਨਸ਼ਾਟ ਲਵੋ ਅਤੇ ਰਿਕਾਰਡਿੰਗ ਜ਼ਰੂਰ ਕਰੋ।''

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਜਿਹੇ ਮਾਮਲਿਆਂ 'ਚ ਰਾਸ਼ਟਰੀ ਸਾਈਬਰ ਹੈਲਪਲਾਈਨ 1930 'ਤੇ ਡਾਇਲ ਕਰਨ ਅਤੇ ਸਾਈਬਰ ਕ੍ਰਾਈਮ ਡਾਟ ਜੀਓਵੀ ਡਾਟ ਇਨ 'ਤੇ ਰਿਪੋਰਟ ਕਰਨ ਤੋਂ ਇਲਾਵਾ ਪਰਿਵਾਰ ਅਤੇ ਪੁਲਿਸ ਨੂੰ ਸੂਚਨਾ ਦੇਣ ਦੀ ਅਪੀਲ ਵੀ ਕੀਤੀ।

ਪ੍ਰਧਾਨ ਮੰਤਰੀ ਮੋਦੀ ਵੱਲੋ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਭਾਰਤ ਵਿੱਚ ਡਿਜੀਟਲ ਅਰੈਸਟ ਰਾਹੀਂ 2024 ਅਪ੍ਰੈਲ ਤੱਕ ਕੁੱਲ 120.30 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਨੇ ਇਸ ਸਾਲ 1 ਜਨਵਰੀ ਤੋਂ 30 ਅਪ੍ਰੈਲ ਤੱਕ 0.74 ਮਿਲੀਅਨ ਸ਼ਿਕਾਇਤਾਂ ਦਰਜ ਕੀਤੀਆਂ ਜਦਕਿ 2023 ਵਿੱਚ 1.5 ਮਿਲੀਅਨ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਸਨ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)