ਦਿਲਜੀਤ ਦੁਸਾਂਝ ਤੇ ਪੰਜਾਬੀਆਂ ’ਤੇ ਟਿੱਪਣੀ : ʻਜਿਹੜੇ ਪੰਜਾਬੀ ਤੇ ਪੇਂਡੂ ਹੋਣ ਨੂੰ ਸ਼ਰਮ ਸਮਝਦੇ ਸਨ, ਉਨ੍ਹਾਂ ਦੀ ਸ਼ਰਮ ਦਿਲਜੀਤ ਨੇ ਲੁਹਾ ਛੱਡੀ ਹੈʼ

ਦਿਲਜੀਤ ਦੁਸਾਂਝ

ਤਸਵੀਰ ਸਰੋਤ, Getty Images

    • ਲੇਖਕ, ਮੁਹੰਮਦ ਹਨੀਫ਼
    • ਰੋਲ, ਸੀਨੀਅਰ ਪੱਤਰਕਾਰ

ਪਾਕਿਸਤਾਨ ’ਚ ਪਿਛਲੇ ਸਾਲ ਮਰਦਮਸ਼ੁਮਾਰੀ ਹੋਈ ਤਾਂ ਪਤਾ ਲੱਗਿਆ ਕਿ ਪੰਜਾਬ ’ਚ ਕੁਝ 25-30 ਲੱਖਾ ਬੰਦਾ ਜਿਹੜਾ ਕਿ ਪਹਿਲਾਂ ਪੰਜਾਬੀ ਬੋਲਦਾ ਹੁੰਦਾ ਸੀ, ਉਸ ਨੇ ਆਪਣੇ ਆਪ ਨੂੰ ਉਰਦੂ ਸਪੀਕਿੰਗ ਲਿਖਵਾਇਆ ਹੈ।

ਪੰਜਾਬੀ ਪਿਆਰੇ ਪਰੇਸ਼ਾਨ ਹੋਏ, ਉਨ੍ਹਾਂ ਕਿਹਾ ਕਿ ਵੇਖੋ ਇਨ੍ਹਾਂ ਲੋਕਾਂ ਨੇ ਆਪਣੀ ਮਾਂ ਬੋਲੀ ਆਪਣੇ ਘਰੋਂ ਕੱਢ ਛੱਡੀ ਹੈ।

ਜਿਹੜੇ ਸਿਆਣੇ ਸਨ ਕੁਝ ਉਨ੍ਹਾਂ ਕਿਹਾ ਕਿ ਪੰਜਾਬ ਦੇ ਜ਼ਿਲ੍ਹਿਆਂ ’ਚ ਜਿੱਥੇ-ਜਿੱਥੇ ਤਲੀਮ ਪਹੁੰਚੀ ਹੈ, ਉੱਥੇ-ਉੱਥੇ ਉਰਦੂ ਦਾ ਵਾਧਾ ਹੋਇਆ ਹੈ।

ਪਹਿਲਾਂ ਲੋਕ ਆਪਣੇ ਬੱਚਿਆਂ ਨਾਲ ਉਰਦੂ ਬੋਲਦੇ ਸਨ ਅਤੇ ਹੁਣ ਕਹਿਣ ਲੱਗ ਪਏ ਹਨ ਕਿ ਸਾਡੀ ਮਾਂ ਵੀ ਉਰਦੂ ਸਪੀਕਿੰਗ (ਬੋਲਦੀ ਹੁੰਦੀ) ਸੀ। ਵੈਸੇ ਵੀ ਪੰਜਾਬ ’ਚ ਬੱਚੇ ਨੂੰ ਸਕੂਲੇ ਪੜ੍ਹਨ ਪਾਉਣ ਦਾ ਮਕਸਦ ਇੱਕ ਇਹ ਵੀ ਹੁੰਦਾ ਹੈ ਕਿ ਉਸ ਦੀ ਪੰਜਾਬੀ ਤੋਂ ਜਾਨ ਛੁਡਾਈ ਜਾਵੇ।

ਹੁਣ ਇੱਕ ਪਾਸੇ ਪੰਜਾਬੀ ਆਪਣੇ-ਆਪ ਨੂੰ ਉਰਦੂ ਸਪੀਕਿੰਗ ਕਹਾ ਕੇ ਇੱਜ਼ਤ ਕਮਾ ਰਹੇ ਹਨ ਤੇ ਦੂਜੇ ਪਾਸੇ ਜਲੰਧਰ ਦਾ ਇੱਕ ਮੁੰਡਾ ਦਿਲਜੀਤ ਦੁਸਾਂਝ ਯੂਰਪ, ਅਮਰੀਕਾ ਦੇ ਵੱਡੇ-ਵੱਡੇ ਕੌਨਸਰਟ ਹਾਲਾਂ ਅਤੇ ਸਟੇਡੀਅਮ ’ਚ ਪੰਜਾਬੀ ਦੇ ਗਾਣੇ ਗਾ ਰਿਹਾ ਹੈ।

ਵੀਡੀਓ ਕੈਪਸ਼ਨ, ਦਿਲਜੀਤ ਦੋਸਾਂਝ ਦੁਨੀਆ ਭਰ 'ਚ ਪੰਜਾਬੀ ਬੋਲੀ ਨੂੰ ਕਿਵੇਂ ਉਭਾਰ ਰਹੇ-ਹਨੀਫ਼ ਦੀ ਟਿੱਪਣੀ

‘ਓ ਆ ਗਏ ਪੰਜਾਬੀ’

ਸਟੇਜ ’ਤੇ ਚੜ੍ਹਨ ਤੋਂ ਪਹਿਲਾਂ, ਗਾਉਣ ਤੋਂ ਪਹਿਲਾਂ ਉਹ ਇੱਕੋ ਨਾਅਰਾ ਮਾਰਦਾ ਹੈ, ‘ਓ ਆ ਗਏ ਪੰਜਾਬੀ’।

ਅਮਰੀਕਾ, ਬਰਤਾਨੀਆ, ਇਟਲੀ, ਫਰਾਂਸ ਤੇ ਜਰਮਨੀ ’ਚ ਕਈਆਂ ਮਹੀਨਿਆਂ ਤੋਂ ਉਸ ਦਾ ਟੂਰ ਚੱਲ ਰਿਹਾ ਹੈ।

ਜਿੱਥੇ ਵੀ ਜਾਂਦਾ ਹੈ ਉੱਥੋਂ ਦੇ ਸਟੇਡੀਅਮ ਭਰ ਜਾਂਦੇ ਹਨ। ਕੌਨਸਰਟ ਦੇ ਟਿਕਟ ਅਜੇ ਖੁੱਲ੍ਹਦੇ ਹੀ ਹਨ ਕਿ ਮਿੰਟਾਂ ਦੇ ਅੰਦਰ-ਅੰਦਰ ਵਿਕ ਵੀ ਜਾਂਦੇ ਹਨ। ਨਾਲ ਹੀ ਉਹ ਸੋਸ਼ਲ ਮੀਡੀਆ ’ਤੇ ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਰੋਜ਼ ਵਾਇਰਲ ਵੀ ਹੁੰਦਾ ਹੈ।

ਦਿਲਜੀਤ ਦੁਸਾਂਝ ਨੂੰ ਸੁਣਨ ਵਾਲੇ ਜ਼ਿਆਦਾਤਰ ਦੇਸੀ ਹਨ, ਲੇਕਿਨ ਜ਼ਾਹਿਰ ਹੈ ਕਿ ਸਾਰੇ ਪੰਜਾਬੀ ਨਹੀਂ ਜਾਂ ਫਿਰ ਉਹ ਹਨ ਜਿਨ੍ਹਾਂ ਦੀ ਜੰਮਪਲ ਤਾਂ ਵਲੈਤ ਦੀ ਹੈ, ਪਰ ਉਨ੍ਹਾਂ ਪੰਜਾਬ ਕਦੇ ਨਹੀਂ ਵੇਖਿਆ।

ਪੰਜਾਬੀ ਵੀ ਥੋੜ੍ਹੀ ਬਹੁਤ ਮਾਂ-ਪਿਓ ਕੋਲੋਂ ਹੀ ਸੁਣੀ ਹੋਣੀ ਹੈ। ਉਹ ਵੀ ਮਹਿੰਗਾ ਟਿਕਟ ਖਰੀਦ ਕੇ ਤਿੰਨ-ਚਾਰ ਘੰਟਿਆਂ ਲਈ ਪੰਜਾਬੀ ਬਣ ਜਾਂਦੇ ਹਨ।

ਹੁਣ ਪੰਜਾਬੀ ਹੋਣ ਲਈ ਪੰਜਾਬ ਦੇ ਜੰਮਪਲ ਹੋਣ ਦੀ ਲੋੜ ਨਹੀਂ, ਬੋਲੀ ਬੋਲਣ ਦੀ ਵੀ ਲੋੜ ਨਹੀਂ।

ਬਸ ਇੱਕ ਮਾਹੌਲ ਹੈ ਕਿ ਟਿਕਟ ਖਰੀਦੋ ਤੇ ਇਸ ’ਚ ਸ਼ਾਮਲ ਹੋ ਜਾਓ। ਪੰਜਾਬ ਨੇ ਪਹਿਲਾਂ ਵੀ ਵੱਡੇ-ਵੱਡੇ ਸਿੰਗਰ ਪੈਦਾ ਕੀਤੇ ਹਨ, ਹੁਣ ਵੀ ਹਨ।

ਉਨ੍ਹਾਂ ਦੇ ਵੀ ਬਾਹਰਲੇ ਮੁਲਕਾਂ ’ਚ ਫੈਨ ਹਨ। ਪਰ ਦਿਲਜੀਤ ਦੁਸਾਂਝ ਕੋਲ ਕੁਝ ਅਜਿਹਾ ਜਾਦੂ ਹੈ ਕਿ ਜਿੱਥੇ ਜਾਂਦਾ ਹੈ ਉੱਥੇ ਹੀ ਪੰਜਾਬੀਆਂ ਦਾ ਮੇਲਾ ਲੱਗ ਜਾਂਦਾ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ
ਇਹ ਵੀ ਪੜ੍ਹੋ-

ਦਿਲਜੀਤ ਨੇ ਪੰਜਾਬੀ ਨੂੰ ਕੀਤਾ ‘ਕੂਲ’

ਮੇਰਾ ਖ਼ਿਆਲ ਹੈ ਕਿ ਗੱਲ ਸਿੱਧੀ ਜਿਹੀ ਹੈ ਕਿ ਦਿਲਜੀਤ ਦੁਸਾਂਝ ਨੇ ਪੰਜਾਬੀ ਨੂੰ ਕੂਲ (cool) ਕਰ ਦਿੱਤਾ ਹੈ। ਆਪ ਵੀ ਵਾਰ-ਵਾਰ ਕਹਿੰਦਾ ਹੈ ਕਿ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ।

ਮੈਂ ਤਾਂ ਪੇਂਡੂ ਹਾਂ, ਮੈਂ ਤਾਂ ਪੰਜਾਬੀ ਹਾਂ, ਮੈਂ ਦੁਸਾਂਝ ਦਾ ਮੁੰਡਾ ਹਾਂ। ਲੋਕੀ ਮੈਨੂੰ ਕਹਿੰਦੇ ਸਨ ਕਿ ਪੰਜਾਬੀ ਫੈਸ਼ਨ ਨਹੀਂ ਕਰ ਸਕਦੇ, ਮੈਂ ਕਿਹਾ ਮੈਂ ਤਾਂ ਕਰੂੰ। ਲੋਕੀ ਕਹਿੰਦੇ ਸਨ ਕਿ ਪੰਜਾਬੀ ਸਟੇਡੀਅਮ ਨਹੀਂ ਭਰ ਸਕਦੇ, ਮੈਂ ਕਿਹਾ ਮੈਂ ਤਾਂ ਭਰੂੰ...।

ਜਿਹੜੇ ਪੰਜਾਬੀ ਹੋਣ ਨੂੰ, ਪੇਂਡੂ ਹੋਣ ਨੂੰ ਸ਼ਰਮ ਵਾਲੀ ਗੱਲ ਸਮਝਦੇ ਸਨ, ਦਿਲਜੀਤ ਨੇ ਉਨ੍ਹਾਂ ਦੀਆਂ ਸ਼ਰਮਾਂ ਲੁਹਾ ਛੱਡੀਆਂ ਹਨ ਤੇ ਉਹ ਸੀਨੇ ’ਤੇ ਹੱਥ ਮਾਰ ਕੇ ਜਲੰਧਰ ਵਾਲੇ ਲਹਿਜ਼ੇ ’ਚ ਕਹਿੰਦਾ ਹੈ ਆਓ ਤੁਸੀਂ ਵੀ, ਪੰਜਾਬੀ ਹੋਵੋ ਤੇ ਪੰਜਾਬੀ ਹੋਣ ਦਾ ਸੁਆਦ ਲਓ।

ਕਹਿਣ ਨੂੰ ਤਾਂ ਦਿਲਜੀਤ ਦੁਸਾਂਝ ਦਾ ਮੁੰਡਾ ਹੈ, ਪਰ ਉਸ ਦੇ ਸ਼ੋਅ ਕਿਸੇ ਵੀ ਗਲੋਬਲ ਸਟਾਰ ਤੋਂ ਘੱਟ ਨਹੀਂ ਹਨ।

ਬੱਤੀਆਂ ਵੇਖੋ, ਸਟੇਜ ਵੇਖੋ, ਉਸ ਦੇ ਪਿੱਛੇ ਨੱਚਣ ਵਾਲੇ ਅਤੇ ਨੱਚਣ ਵਾਲੀਆਂ ਵੇਖੋ। ਕਦੀ ਤਾਂ ਇਹ ਵੀ ਯਾਦ ਨਹੀਂ ਰਹਿੰਦਾ ਕਿ ਉਹ ਗਾ ਕੀ ਰਿਹਾ ਹੈ। ਦਿਲਜੀਤ ਦਾ ਮਿਊਜ਼ਿਕ ਤਾਂ ਵਿਕਦਾ ਹੀ ਹੈ, ਪਰ ਨਾਲ ਹੀ ਉਸ ਦਾ ਪੰਜਾਬੀ ਮਾਹੌਲ ਜ਼ਿਆਦਾ ਵਿਕਦਾ ਹੈ।

ਯੂਰਪ ਦੇ ਕਿਸੇ ਸ਼ਹਿਰ ’ਚ ਕਿਸੇ ਭਰੇ ਹਾਲ ’ਚ ਗਾ ਰਿਹਾ ਸੀ, ‘ਜੁੱਤੀ ਕਸੂਰੀ ਪੈਰੀਂ ਨਾ ਭੂਰੀ, ਹਾਏ ਰੱਬਾ ਵੇ ਸਾਨੂੰ ਟੁਰਨਾ ਪਿਆ’। ਇਹ ਗਾਣਾ ਕੁਝ ਐਡਾ ਪੁਰਾਣਾ ਹੈ ਕਿ ਸਾਡੇ ਵੱਡਿਆਂ ਨੇ ਵੀ ਸੁਣਿਆ ਸੀ ਤੇ ਅਸੀਂ ਵੀ ਸੁਣਿਆ ਅਤੇ ਹੁਣ ਇਸੇ ਗਾਣੇ ’ਤੇ ਦਿਲਜੀਤ ਇੱਕ ਨਵੀਂ ਨਸਲ ਨੂੰ ਨਚਾ ਰਿਹਾ ਹੈ।

ਦਿਲਜੀਤ ਦੁਸਾਂਝ

ਤਸਵੀਰ ਸਰੋਤ, Getty Images

ਸਿਆਣੇ ਦੱਸਦੇ ਸਨ ਕਿ ਸੂਫ਼ੀਆਂ ’ਚ ਕੋਈ ਹੋਰ ਗੁਣ ਹੋਵੇ ਜਾਂ ਨਾ ਹੋਵੇ ਪਰ ਇੱਕ ਗੁਣ ਤਾਂ ਜ਼ਰੂਰ ਹੁੰਦਾ ਸੀ, ਜਿਸ ਨੂੰ ਕਹਿੰਦੇ ਸਨ ਸਲੂਕ।

ਬਾਬਾ ਫਰੀਦ ਅਤੇ ਗੁਰੂ ਨਾਨਕ ਦਾ ਕਲਾਮ ਸੁਣ ਕੇ ਤਾਂ ਲੋਕ, ਉਨ੍ਹਾਂ ਦੇ ਮੁਰੀਦ ਹੁੰਦੇ ਹੀ ਸਨ, ਜਿਨ੍ਹਾਂ ਨੂੰ ਕਲਾਮ ਸਮਝ ਨਹੀਂ ਸੀ ਆਉਂਦਾ ਉਹ ਉਨ੍ਹਾਂ ਦਾ ਸਲੂਕ ਵੇਖ ਕੇ ਮੁਰੀਦ ਹੋ ਜਾਂਦੇ ਸਨ।

ਦਿਲਜੀਤ ਦੁਸਾਂਝ ਦਾ ਵੀ ਇਹੋ ਸਾਬ ਹੈ ਕਿ ਸਟਾਇਲ ਉਸ ਦਾ ਰੌਕ ਸਟਾਰ ਵਾਲਾ ਹੈ ਅਤੇ ਸਲੂਕ ਉਸ ਦਾ ਪੰਜਾਬੀ ਫਕੀਰਾਂ ਵਾਲਾ।

ਜਿਨ੍ਹਾਂ ਬੱਚਿਆਂ ਦੇ ਮਾਂ-ਪਿਓ ਨੂੰ ਪੰਜਾਬੀ ਕਹਾਉਣ ਤੋਂ ਸ਼ਰਮ ਆਉਂਦੀ ਹੈ, ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਮਾਂ-ਪਿਓ ਨੂੰ ਦਿਲਜੀਤ ਦੁਸਾਂਝ ਦੇ 2-4 ਕਲਿੱਪ ਵਿਖਾਉਣ।

ਨਾਲ ਹੀ ਕਹਿਣ ਕਿ ਅਸੀਂ ਤਾਂ ਆਪਣੀ ਪੰਜਾਬੀ ਲੁਕਾਈ ਬੈਠੇ ਹਾਂ, ਪਰ ਇਹ ਬੰਦਾ ਪੂਰੀ ਦੁਨੀਆ ’ਚ ਪੰਜਾਬੀ ਘੁਮਾ ਰਿਹਾ ਹੈ ਤੇ ਦੁਨੀਆ ਵੀ ਨੱਚ ਰਹੀ ਹੈ। ਅਸੀਂ ਵੀ ਥੋੜ੍ਹਾ ਜਿਹਾ ਪੰਜਾਬੀ ਹੋ ਕੇ ਨਾ ਵੇਖ ਲਈਏ।

ਰੱਬ ਰਾਖਾ

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)