ਦਿਲਜੀਤ ਦੇ ਪ੍ਰੋਗਰਾਮ ’ਚ ਪਹੁੰਚੀ ਪਾਕਿਸਤਾਨੀ ʻਸੁਪਰਸਟਾਰʼ ਕੌਣ, ਸਟੇਜ ’ਤੇ ਸੱਦਣ ਨੂੰ ਲੈ ਕੇ ਸੋਸ਼ਲ ਮੀਡੀਆ ਉਪਰ ਕੀ ਬਹਿਸ ਛਿੜੀ

ਦਿਲਜੀਤ ਦੁਸਾਂਝ ਅਤੇ ਹਾਨੀਆ ਆਮਿਰ

ਤਸਵੀਰ ਸਰੋਤ, Hania Amir/FB

ਤਸਵੀਰ ਕੈਪਸ਼ਨ, ਦਿਲਜੀਤ ਦੁਸਾਂਝ ਅਤੇ ਹਾਨੀਆ ਆਮਿਰ

''ਸੁਪਰਸਟਾਰ ਆਈ ਹੋਵੇ ਤੇ ਥੱਲ੍ਹੇ ਖੜ੍ਹੀ ਨੱਚੀ ਜਾਵੇ, ਇੱਦਾਂ ਹੋ ਸਕਦਾ?''

ਜਿਵੇਂ ਹੀ ਗਾਇਕ ਦਿਲਜੀਤ ਦੋਸਾਂਝ ਨੇ ਇਹ ਸ਼ਬਦ ਆਪਣੇ ਕੰਸਰਟ ਵਿੱਚ ਬੋਲੇ ਤਾਂ ਦਰਸ਼ਕਾਂ ਨੇ ਧੂਮ ਮਚਾ ਦਿੱਤੀ।

ਦਰਅਸਲ, ਦਿਲਜੀਤ ਦੋਸਾਂਝ ਜਿਸ ਨੂੰ ʻਸੁਪਰਸਟਾਰʼ ਸੱਦ ਰਹੇ ਸਨ, ਉਹ ਪਾਕਸਿਤਾਨ ਦੀ ਮਸ਼ਬੂਰ ਅਦਾਕਾਰ ਹਾਨੀਆ ਆਮਿਰ ਹਨ, ਜੋ ਦਿਲਜੀਤ ਦਾ ਲੰਡਨ ʼਚ ਸ਼ੋਅ ਦੇਖਣ ਲਈ ਭੀੜ ʼਚ ਖੜੇ ਸਨ।

ਦਿਲਜੀਤ ਨੇ ਜਿਵੇਂ ਉਨ੍ਹਾਂ ਨੂੰ ਦੇਖਿਆ ਤਾਂ ਸਟੇਜ ʼਤੇ ਆਉਣ ਦਾ ਸੱਦਾ ਦਿੱਤਾ ਅਤੇ ਦਿਲਜੀਤ ਦੇ ਵਾਰ-ਵਾਰ ਕਹਿਣ ਉਪਰ ਹਾਨੀਆ ਸਟੇਜ ʼਤੇ ਗਏ ਵੀ।

ਇਸ ਦੌਰਾਨ ਦਿਲਜੀਤ ਨੇ ʻਤੇਰਾ ਨੀ ਮੈਂ, ਤੇਰਾ ਨੀ ਮੈਂʻ ਗਾਣਾ ਗਾਉਣਾ ਸ਼ੁਰੂ ਕੀਤਾ ਅਤੇ ਹਾਨੀਆ ਉਨ੍ਹਾਂ ਨਾਲ ਸਟੇਜ ʼਤੇ ਤਾੜੀਆਂ ਮਾਰਦੇ ਨਜ਼ਰ ਆਏ।

ਇਸ ਤੋਂ ਬਾਅਦ ਦਿਲਜੀਤ ਨੇ ਜਦੋਂ ਗਾਣਾ ਬੰਦ ਕੀਤਾ ਤਾਂ ਹਾਨੀਆ ਨੇ ਸਾਰਿਆਂ ਦਾ ਸ਼ੁਕਰੀਆ ਅਦਾ ਕੀਤਾ।

ਦਿਲਜੀਤ ਨੇ ਵੀ ਅੱਗੋਂ ਕਿਹਾ ਕਿ ਉਹ ਉਨ੍ਹਾਂ ਦੇ ਕੰਮ ਨੂੰ ਬਹੁਤ ਪਸੰਦ ਕਰਦੇ ਹਨ ਅਤੇ ਉਨ੍ਹਾਂ ਦੇ ਫੈਨ ਹਨ।

ਹਾਨੀਆ ਆਮਿਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਨੀਆ ਆਮਿਰ ਪਾਕਿਸਤਾਨ ਦੇ ਮਸ਼ਹੂਰ ਅਦਾਕਾਰਾ ਹਨ

ਇਸ ਤੋਂ ਪਹਿਲਾਂ ਹਾਨੀਆ ਆਮਿਰ ਨੂੰ ਭਾਰਤੀ ਗਾਇਕ ਬਾਦਸ਼ਾਹ ਨਾਲ ਵੀ ਕਈ ਵੀਡੀਓਜ਼ 'ਚ ਦੇਖਿਆ ਗਿਆ ਸੀ।

ਸੋਸ਼ਲ ਮੀਡੀਆ 'ਤੇ ਯੂਜ਼ਰਸ ਹਾਨੀਆ ਆਮਿਰ ਨੂੰ ਪਛਾਣਨ ਅਤੇ ਉਨ੍ਹਾਂ ਨੂੰ ਸਟੇਜ 'ਤੇ ਬੁਲਾਉਣ ਲਈ ਦਿਲਜੀਤ ਦੀ ਪਹਿਲ ਦੀ ਸ਼ਲਾਘਾ ਕਰਦੇ ਆਏ ਵੀ ਨਜ਼ਰ ਆਏ ਅਤੇ ਕੁਝ ਨੇ ਆਲੋਚਨਾ ਵੀ ਕੀਤੀ।

ਫਿਲਹਾਲ ਪਾਕਿਸਤਾਨੀ ਕਲਾਕਾਰਾਂ ਦੇ ਭਾਰਤ ਵਿੱਚ ਫਿਲਮਾਂ ਵਿੱਚ ਹਿੱਸਾ ਲੈਣ 'ਤੇ ਪਾਬੰਦੀ ਹੈ, ਜਦਕਿ ਬਾਲੀਵੁੱਡ ਫਿਲਮਾਂ ਪਾਕਿਸਤਾਨ ਦੇ ਸਿਨੇਮਾਘਰਾਂ ਵਿੱਚ ਨਹੀਂ ਦਿਖਾਈਆਂ ਜਾ ਸਕਦੀਆਂ ਹਨ।

ਹਾਲਾਂਕਿ, ਦੋਵਾਂ ਦੇਸ਼ਾਂ ਦੇ ਪ੍ਰਸ਼ੰਸਕ ਓਟੀਟੀ ਪਲੇਟਫਾਰਮ ਅਤੇ ਯੂਟਿਊਬ 'ਤੇ ਦੋਵਾਂ ਦੇਸ਼ਾਂ ਦੀ ਸਮੱਗਰੀ ਦੇਖਦੇ ਹਨ। ਜਿੱਥੇ ਪਾਕਿਸਤਾਨ ਵਿੱਚ ਭਾਰਤੀ ਫਿਲਮਾਂ ਦੀ ਸ਼ਲਾਘਾ ਹੁੰਦੀ ਹੈ, ਉੱਥੇ ਪਾਕਿਸਤਾਨੀ ਸੰਗੀਤ ਅਤੇ ਨਾਟਕ ਭਾਰਤ ਵਿੱਚ ਬਾਖ਼ੂਬੀ ਪਸੰਦ ਕੀਤੇ ਜਾਂਦੇ ਹਨ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਦਿਲਜੀਤ ਨੇ ਇੱਕ ਹੋਰ ਪਾਕਿਸਤਾਨੀ ਫੈਨ ਨੂੰ ਵੀ ਦਿੱਤਾ ਸੀ ਤੋਹਫ਼ਾ

ਪਾਕਿਸਤਾਨ ਫੈਨ ਨਾਲ ਦਿਲਜੀਤ

ਤਸਵੀਰ ਸਰੋਤ, SOCIAL MEDIA

ਤਸਵੀਰ ਕੈਪਸ਼ਨ, ਪਾਕਿਸਤਾਨੀ ਫੈਨ ਨੂੰ ਤੋਹਫਾ ਦਿੰਦੇ ਹੋਏ ਦਿਲਜੀਤ

ਦਿਲਜੀਤ ਨੇ ਆਪਣੇ ਮਾਨਚੈਸਟਰ ਵਿੱਚ ਸੰਗੀਤਕ ਸ਼ੋਅ ਦੌਰਾਨ, ਆਪਣੀ ਇੱਕ ਪ੍ਰਸ਼ੰਸਕ ਨੂੰ ਸਟੇਜ 'ਤੇ ਆਉਣ ਲਈ ਸੱਦਾ ਦਿੱਤਾ, ਜਿਸ ਨੂੰ ਉਨ੍ਹਾਂ ਬ੍ਰਾਂਡੇਡ ਸਨੀਕਰ (ਜੁੱਤੇ) ਤੋਹਫ਼ੇ ਵਜੋਂ ਦਿੱਤੇ।

ਤੋਹਫ਼ਾ ਦਿੰਦੇ ਹੋਏ ਦਿਲਜੀਤ ਨੇ ਬੀਬੀ ਨੂੰ ਪੁੱਛਿਆ, 'ਤਸੀ ਕਿਥੋਂ ਦੇ ਹੋ?ʼ ਉਨ੍ਹਾਂ ਨੇ ਅੱਗੋਂ ਜਵਾਬ ਦਿੱਤਾ 'ਪਾਕਿਸਤਾਨ' ਤੋਂ।

ਜਦੋਂ ਦਿਲਜੀਤ ਨੂੰ ਪਤਾ ਲੱਗਾ ਕਿ ਜਿਸ ਨੂੰ ਤੋਹਫ਼ਾ ਦਿੱਤਾ ਜਾ ਰਿਹਾ ਹੈ ਉਨ੍ਹਾਂ ਦੀ ਉਹ ਪ੍ਰਸ਼ੰਸਕ ਪਾਕਿਸਤਾਨ ਤੋਂ ਹੈ, ਤਾਂ ਉਨ੍ਹਾਂ ਨੇ ਉੱਥੇ ਮੌਜੂਦ ਦਰਸ਼ਕਾਂ ਨੂੰ ਜ਼ੋਰਦਾਰ ਤਾੜੀਆਂ ਮਾਰਨ ਲਈ ਕਿਹਾ ਅਤੇ ਭੀੜ ਦੀਆਂ ਤਾੜੀਆਂ ਨਾਲ ਹਾਲ ਗੂੰਝ ਉੱਠਿਆ।

ਇਸ ਤੋਂ ਬਾਅਦ ਆਪਣੇ ਪ੍ਰਸ਼ੰਸਕਾਂ ਨਾਲ ਪੰਜਾਬੀ ਭਾਸ਼ਾ 'ਚ ਗੱਲਬਾਤ ਕਰਦੇ ਹੋਏ ਦਿਲਜੀਤ ਨੇ ਕਿਹਾ, "ਦੇਖੋ! ਭਾਰਤ ਅਤੇ ਪਾਕਿਸਤਾਨ ਸਾਡੇ ਲਈ ਇੱਕੋ ਜਿਹੇ ਹਨ। ਪੰਜਾਬੀਆਂ ਦੇ ਦਿਲਾਂ ਵਿੱਚ ਸਾਰਿਆਂ ਲਈ ਪਿਆਰ ਹੈ।"

"ਇਹ ਸਰਹੱਦਾਂ ਸਿਆਸਤਦਾਨਾਂ ਨੇ ਬਣਾਈਆਂ ਹਨ ਪਰ ਜਿਹੜੇ ਲੋਕ ਪੰਜਾਬੀ ਬੋਲਦੇ ਹਨ ਜਾਂ ਪੰਜਾਬੀ ਭਾਸ਼ਾ ਨੂੰ ਪਿਆਰ ਕਰਦੇ ਹਨ, ਭਾਵੇਂ ਉਹ ਇੱਥੇ (ਭਾਰਤ) ਰਹਿੰਦੇ ਹਨ ਜਾਂ ਉੱਥੇ (ਪਾਕਿਸਤਾਨ) ਸਭ ਸਾਡੇ ਲਈ ਇੱਕ ਹਨ।"

ਦਿਲਜੀਤ ਦੀ ਇਸ ਗੱਲ ਤੋਂ ਬਾਅਦ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਮਿਲੀਆਂ-ਜੁਲੀਆਂ ਪ੍ਰਤੀਕਿਰਿਆਵਾਂ ਦਾ ਸਾਹਮਣਾ ਕਰਨਾ ਪਿਆ।

ਜਿੱਥੇ ਇੱਕ ਪਾਸੇ ਉਹਨਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਸਟੈਂਡ ਦੀ ਹਮਾਇਤ ਕੀਤੀ ਜਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਇੱਕ ਵਰਗ ਅਜਿਹਾ ਹੈ ਜੋ ਉਨ੍ਹਾਂ ਦੀਆਂ ਗੱਲਾਂ ਨਾਲ ਬਿਲਕੁਲ ਵੀ ਸਹਿਮਤ ਨਹੀਂ ਹੈ।

ਦਿਲਚਸਪ ਗੱਲ ਇਹ ਹੈ ਕਿ ਕੁਝ ਲੋਕ ਖੁਸ਼ੀ-ਖੁਸ਼ੀ ਦਿਲਜੀਤ ਨੂੰ ਪਾਕਿਸਤਾਨ ਆਉਣ ਦਾ ਸੱਦਾ ਦੇ ਰਹੇ ਹਨ। ਪਰ ਕੁਝ ਲੋਕ ਗੁੱਸੇ 'ਚ ਦਿਲਜੀਤ ਨੂੰ 'ਕੁਝ ਸਮਾਂ ਪਾਕਿਸਤਾਨ 'ਚ ਬਿਤਾਉਣ' ਦੀ ਸਲਾਹ ਦੇ ਰਹੇ ਹਨ'।

ਦਿਲਜੀਤ ਨੇ ਸੋਅ ਦੌਰਾਨ ਅੱਗੇ ਕਿਹਾ, "ਜਿਹੜੇ ਮੇਰੇ ਦੇਸ਼, ਭਾਰਤ ਤੋਂ ਆਏ ਹਨ, ਉਨ੍ਹਾਂ ਦਾ ਵੀ ਸਵਾਗਤ ਹੈ। ਪਾਕਿਸਤਾਨ ਤੋਂ ਆਏ ਲੋਕਾਂ ਦਾ ਵੀ ਸਵਾਗਤ ਹੈ। ਸੰਗੀਤ ਮੁੜ ਸ਼ੁਰੂ ਹੁੰਦਾ ਹੈ।"

40 ਸਾਲਾ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਭਾਰਤੀ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੇ ਸਿਰਫ਼ 16 ਸਾਲ ਦੀ ਉਮਰ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਭਾਰਤ ਅਤੇ ਪਾਕਿਸਤਾਨ ਸਮੇਤ ਦੁਨੀਆ ਭਰ ਵਿੱਚ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕ ਹਨ। ਦਿਲਜੀਤ ਪਹਿਲੇ ਭਾਰਤੀ ਪੰਜਾਬੀ ਗਾਇਕ ਹਨ ਜਿਨ੍ਹਾਂ ਨੂੰ ਅਮਰੀਕਾ ਦੇ ਕੋਚੇਲਾ ਸੰਗੀਤ ਪ੍ਰੋਗਰਾਮ ਲਈ ਸੱਦਾ ਦਿੱਤਾ ਗਿਆ ਹੈ।

ਦਿਲਜੀਤ ਦੋਸਾਂਝ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਿਲਜੀਤ ਦੋਸਾਂਝ ਇਸ ਵੇਲੇ ਆਪਣੇ ਦਿਲ-ਲੁਮੀਨਾਟੀ ਟੂਰ ਉੱਤੇ ਹਨ

ਪ੍ਰਤੀਕਿਰਿਆਵਾਂ ਦਾ ਦੌਰ

ਇਹ ਵੀਡੀਓ ਉਦੋਂ ਸਾਹਮਣੇ ਆਇਆ ਜਦੋਂ ਦਿਲਜੀਤ ਨੇ ਆਪਣੇ ਮਾਨਚੈਸਟਰ ਕੰਸਰਟ ਦੀਆਂ ਕੁਝ ਝਲਕੀਆਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਅਤੇ ਹੁਣ ਇਨ੍ਹਾਂ ਨੂੰ ਲੱਖਾਂ ਵਾਰ ਦੇਖਿਆ ਜਾ ਚੁੱਕਾ ਹੈ।

ਇਸ ਦੌਰਾਨ ਯੂਜ਼ਰਸ ਨੇ ਇਸ ਬਾਰੇ ਆਪਣੀ ਰਾਇ ਦੇਣ 'ਚ ਬਿਲਕੁਲ ਵੀ ਸੰਕੋਚ ਨਹੀਂ ਕੀਤਾ।

ਐਕਸ (ਪਹਿਲਾਂ ਟਵਿੱਟਰ) 'ਤੇ ਯੂਜ਼ਰ ਭਗਵਾਧਾਰੀ ਨੇ ਦਿਲਜੀਤ ਨੂੰ ਪੁੱਛਿਆ, "ਕੀ ਤੁਸੀਂ ਸੱਚਮੁੱਚ ਗੰਭੀਰ ਹੋ? ਭਾਰਤ ਅਤੇ ਪਾਕਿਸਤਾਨ ਇੱਕ ਕਿਵੇਂ ਹੋਏ ਯਾਰ? ਹੱਦ ਹੈ... ਚੰਗਾ ਦਿਖਣ ਅਤੇ ਟਿਕਟਾਂ ਵੇਚਣ ਲਈ ਕੁਝ ਵੀ ਬੋਲੋਗੋ ਹੈ?"

ਟਵਿੱਟਰ

ਤਸਵੀਰ ਸਰੋਤ, TWITTER

ਜਦੋਂ ਕਿ ʻਪਤਰਕਾਰਬਬੂਆʼ ਨਾਮ ਦੇ ਇੱਕ ਯੂਜਰਜ਼ ਨੇ ਇਸ ਦੀ ਤੁਲਨਾ ਸ਼ਹੀਦਾਂ ਦੀ ਬੇਅਦਬੀ ਨਾਲ ਕੀਤੀ ਅਤੇ ਮੰਗ ਕੀਤੀ ਕਿ ਉਹ 'ਇਸ ਨੂੰ ਸਾਡੇ ਬਹਾਦਰ ਸ਼ਹੀਦਾਂ ਦੀਆਂ ਵਿਧਵਾਵਾਂ ਅਤੇ ਅਨਾਥਾਂ ਦੀਆਂ ਨਾਲ ਅੱਖ ਮਿਲਾ ਕੇ ਵੇਖਣਾ ਚਾਹੀਦਾ ਹੈ।'

ਐਕਸ

ਤਸਵੀਰ ਸਰੋਤ, X

ਕੁਝ ਭਾਰਤੀ ਯੂਜਰਜ਼ ਨੇ ਇਲਜ਼ਾਮ ਲਗਾਇਆ ਹੈ ਕਿ ਪਾਕਿਸਤਾਨ ਸਿੱਖ ਘੱਟ ਗਿਣਤੀ ਨਾਲ ਵਿਤਕਰਾ ਕਰਦਾ ਹੈ, ਪਰ ਪਾਕਿਸਤਾਨੀ ਯੂਜਰਜ਼ ਇਸ ਤੋਂ ਇਨਕਾਰ ਕਰਦੇ ਨਜ਼ਰ ਆ ਰਹੇ ਹਨ।

ਇਸੇ ਟਵੀਟ ਦੇ ਜਵਾਬ ਵਿੱਚ ਹਰਸ਼ ਸ਼ਰਮਾ ਨਾਮ ਦੇ ਇੱਕ ਯੂਜਰ ਨੇ ਕਿਹਾ, "ਦਿਲਜੀਤ ਦੀਆਂ ਗੱਲਾਂ ਸੁਣਨ ਵਿੱਚ ਚੰਗੀਆਂ ਹਨ ਪਰ ਅਸਲੀਅਤ ਇਹ ਹੈ ਕਿ ਭਾਰਤ-ਪਾਕਿਸਤਾਨ ਸਰਹੱਦ ਦੇ ਦੋਵੇਂ ਪਾਸੇ ਸਿੱਖ ਭਾਈਚਾਰਾ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ।"

ਪਰ ਇਸ ਆਲੋਚਨਾ ਦੇ ਬਾਵਜੂਦ ਦਿਲਜੀਤ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਬਚਾਅ ਲਈ ਅੱਗੇ ਨਜ਼ਰ ਆਏ।

ਗ਼ੁਲਾਮ ਅੱਬਾਸ ਸ਼ਾਹ ਨਾਮ ਦੇ ਇੱਕ ਯੂਜਰ ਨੇ ਪਾਕਿਸਤਾਨੀ ਪ੍ਰਸ਼ੰਸਕ ਨੂੰ ਜੁੱਤੀ ਅਤੇ ਆਟੋਗ੍ਰਾਫ ਦੇਣ ਲਈ ਦਿਲਜੀਤ ਦੋਸਾਂਝ ਦੀ ਤਾਰੀਫ਼ ਕਰਦਿਆਂ ਕਿਹਾ, "ਸਿਆਸਤਦਾਨ ਹੱਦਾਂ ਖਿੱਚਦੇ ਹਨ (ਪਰ) ਪੰਜਾਬੀਆਂ ਦੀ ਪਰਵਾਹ ਨਹੀਂ ਹੁੰਦੀ। ਪੰਜਾਬੀ ਸਭ ਨੂੰ ਪਿਆਰ ਕਰਦੇ ਹਨ।"

ਐਕਸ

ਤਸਵੀਰ ਸਰੋਤ, X

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦਾ ਸੰਗੀਤ 'ਭਾਰਤ ਅਤੇ ਪਾਕਿਸਤਾਨ ਵਿਚਕਾਰਲੇ ਪਾੜੇ ਤੋਂ ਪਰੇ ਹੈ। ਇਹ ਪਿਆਰ ਹੱਦਾਂ ਤੋਂ ਪਰੇ ਹੈ।'

ਦਿਲਜੀਤ ਦੀ ਨਿਮਰਤਾ ਲਈ ਤਾਰੀਫ਼ ਕਰਦੇ ਹੋਏ, ਇੱਕ ਹੋਰ ਯੂਜਰ ਨੇ ਕਿਹਾ, "ਸਰਹੱਦਾਂ ਸਿਆਸਤਦਾਨਾਂ ਦੁਆਰਾ ਬਣਾਈਆਂ ਜਾਂਦੀਆਂ ਹਨ। ਇਹ ਗੱਲ ਕੁਝ ਪੰਜਾਬੀਆਂ ਨੂੰ - ਜੋ ਆਪਣੇ ਆਪ ਨੂੰ ਸਿਪਾਹੀ ਅਖਵਾਉਂਦੇ ਹਨ - ਇਹ ਨਹੀਂ ਸਮਝ ਆਉਂਦੀਆਂ ਅਤੇ ਆਪਣੀ ਜ਼ਿੰਦਗੀ ਬਰਬਾਦ ਕਰਦੇ ਹਨ। ਸ਼ਰਮ ਆਉਣੀ ਚਾਹੀਦੀ ਹੈ ਅਜਿਹੇ ਅਖੌਤੀ ਫੌਜੀਆਂ ਨੂੰ।"

'ਸਾਨੂੰ ਤੁਹਾਡੇ ਵਰਗੇ ਲੋਕਾਂ ਦੀ ਲੋੜ ਹੈ। ਸਾਨੂੰ ਤੁਹਾਡੇ ਵਰਗੇ ਹੋਰ ਲੋਕਾਂ ਦੀ ਲੋੜ ਹੈ।'

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)