ਦਿਲਜੀਤ ਦੋਸਾਂਝ ਨੂੰ ਪੰਜਾਬੀ ਭਾਸ਼ਾ ਨੇ ਸੰਸਾਰ ਦੇ ਨਕਸ਼ੇ ’ਤੇ ਕਿਵੇਂ ਚਮਕਾਇਆ? ਨਵੀਂ ਪੀੜ੍ਹੀ 'ਤੇ ਇਸ ਫਨਕਾਰ ਦਾ ਕੀ ਅਸਰ ਪੈ ਰਿਹਾ ਹੈ

ਤਸਵੀਰ ਸਰੋਤ, Getty Images
- ਲੇਖਕ, ਮਨੀਸ਼ ਪਾਂਡੇ
- ਰੋਲ, ਬੀਬੀਸੀ ਨਿਊਜ਼ਬੀਟ
“ਪੰਜਾਬੀ ਆ ਗਏ ਓਏ!”
ਇਹ ਕਹਿ ਕੇ ਸ਼ੋਅ ਸ਼ੁਰੂ ਕਰਨ ਦਾ ਦਿਲਜੀਤ ਦੋਸਾਂਝ ਦਾ ਇਹ ਆਪਣਾ ਹੀ ਤਰੀਕਾ ਹੈ
ਦਿਲਜੀਤ ਨੇ ਪਿਛਲੇ ਕੁਝ ਸਾਲਾਂ ਦੌਰਾਨ ਸਿਰ ਨੂੰ ਚਕਰਾ ਦੇਣ ਵਾਲੀਆਂ ਉਚਾਈਆਂ ਨੂੰ ਛੂਹਿਆ ਹੈ।
ਉਨ੍ਹਾਂ ਨੂੰ ਪੂਰੀ ਦੁਨੀਆਂ ਵਿੱਚ ਸੁਣਿਆ ਜਾ ਰਿਹਾ ਹੈ। ਉਨ੍ਹਾਂ ਨੇ ਪੱਛਮੀ ਕਲਾਕਾਰਾਂ— ਸੀਆ, ਐਡ ਸ਼ੀਰੀਨ ਅਤੇ ਰੈਪਰ ਸਵੀਟੀ ਨਾਲ ਕੋਲੈਬੋਰੇਸ਼ਨਾਂ ਕੀਤੀਆਂ ਹਨ।
ਉਨ੍ਹਾਂ ਨੇ ਪੰਜਾਬੀ ਦੇ ਇੱਕ ਵੱਡੇ ਫਨਕਾਰ ਵਜੋਂ ਆਪਣਾ ਰੁਤਬਾ ਅਮਰੀਕਾ ਦੇ ਸੰਗੀਤ ਫੈਸਟੀਵਲ ਕੋਚੇਲਾ ਵਿੱਚ ਜਾ ਕੇ ਪੱਕਾ ਕੀਤਾ। ਕੋਚੇਲਾ ਵਿੱਚ ਆਪਣਾ ਫਨ ਦਿਖਾਉਣ ਵਾਲੇ ਉਹ ਪਹਿਲੇ ਪੰਜਾਬੀ ਗਾਇਕ ਹਨ। ਉਸ ਤੋਂ ਬਾਅਦ ਉਹ ਜਿੰਮੀ ਫੈਲਨ ਦੇ 'ਦਿ ਟੂਨਾਈਟ ਸ਼ੋਅ' ਵਿੱਚ ਵੀ ਗਏ।
ਪਰ ਆਪਣੇ ਸਰੋਤਿਆਂ ਦਾ ਸਵਾਗਤ ਕਰਨ ਲਈ ਜਿਵੇਂ ਉਹ ਰਵਾਇਤੀ ਬੋਲਾਂ ਨਾਲ ਕਰਦੇ ਹਨ। ਉਹ ਹਮੇਸ਼ਾ ਆਪਣੇ ਨਾਲ ਪੰਜਾਬ ਲੈ ਕੇ ਚੱਲਦੇ ਹਨ।
ਪ੍ਰਸ਼ੰਸਕ, ਕੋਲੈਬੋਰੇਟਰ ਅਤੇ ਦੋਸਤਾਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੀ ਸਫ਼ਲਤਾ ਦਾ ਰਾਜ਼ ਹੈ।
ਪੰਜਾਬੀ ਤਾਕਤ
ਬ੍ਰਿਟਿਸ਼ ਪੰਜਾਬੀ ਗਾਇਕਾ ਖੁਸ਼ੀ ਕੌਰ (20) ਮੁਤਾਬਕ, “ਉਨ੍ਹਾਂ ਨੇ ਦਿਖਾਇਆ ਹੈ ਕਿ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣਾ ਕਿੰਨਾ ਅਹਿਮ ਹੈ।”
ਖੁਸ਼ੀ ਨੌਟਿੰਘਮ ਤੋਂ ਹਨ ਅਤੇ ਦਿਲਜੀਤ ਨੂੰ ਆਪਣਾ ਮੁੱਖ ਆਦਰਸ਼ ਸਮਝਦੇ ਹਨ। ਉਨ੍ਹਾਂ ਨੂੰ ਲਗਦਾ ਹੈ ਕਿ ਦਿਲਜੀਤ ਦੀ ਪੰਜਾਬੀ ਸੱਭਿਆਚਾਰ ਪ੍ਰਤੀ ਵਚਨਬੱਧਤਾ ਉਨ੍ਹਾਂ ਦੀ ਸਫ਼ਲਤਾ ਦੀ ਕੁਝ ਵਿਆਖਿਆ ਕਰਦੀ ਹੈ।
ਉਨ੍ਹਾਂ ਨੇ ਪੱਛਮੀ ਕਲਾਕਾਰਾਂ ਨਾਲ ਕੰਮ ਕੀਤਾ ਹੈ ਲੇਕਿਨ ਉਹਨਾਂ ਸੱਭਿਆਚਾਰਕ ਪੱਖ ਕਾਇਮ ਰੱਖਿਆ।
“ਉਹ ਇੰਨਾ ਅਹਿਮ ਹੈ ਕਿਉਂਕਿ ਜਦੋਂ ਅਸੀਂ ਨੌਜਵਾਨ ਪੀੜ੍ਹੀ ਦੇਖਦੇ ਹਾਂ ਕਿ ਉਨ੍ਹਾਂ ਨੇ ਕੀ ਕੀਤਾ ਹੈ...ਤਾਂ ਲਗਦਾ ਹੈ ਅਸੀਂ ਵੀ ਇਸਦਾ ਹਿੱਸਾ ਬਣ ਸਕਦੇ ਹਾਂ।”

ਤਸਵੀਰ ਸਰੋਤ, @Casa.Lente
ਉਹ ਕਹਿੰਦੇ ਹਨ, “ਸਾਡੇ ਸੰਗੀਤ ਵਿੱਚ ਜਾਂ ਜਿਵੇਂ ਅਸੀਂ ਬਣਦੇ-ਫਬਦੇ ਹਾਂ। ਇਸ ਨਾਲ ਸਾਨੂੰ ਉਤਾਂਹ ਵੱਲ ਝਾਕਣ ਅਤੇ ਕਹਿਣ ਦੀ ਹਿੰਮਤ ਮਿਲਦੀ ਹੈ ਕਿ ਅਸੀਂ ਵੀ ਕਰ ਸਕਦੇ ਹਾਂ।”
'ਦਿ ਟੂਨਾਈਟ ਸ਼ੋਅ' ਵਿੱਚ ਦਿਲਜੀਤ ਨੇ ਆਪਣੀ ਮਾਂ ਬੋਲੀ ਵਿੱਚ ਪੇਸ਼ਕਾਰੀ ਦਿੱਤੀ ਅਤੇ ਰਵਾਇਤੀ ਪੰਜਾਬੀ ਪਹਿਰਾਵੇ ਵਿੱਚ ਭੰਗੜਾ ਪਾਇਆ।
ਇੱਕ ਗੀਤ ਜੋ ਉਨ੍ਹਾਂ ਨੇ ਗਾਇਆ ਉਹ ਗੋਟ ਸੀ, ਜਿਸ ਲਈ ਉਨ੍ਹਾਂ ਨੇ ਬ੍ਰਿਟਿਸ਼ ਨਿਰਮਾਤਾ ਜੀ-ਫੰਕ ਨਾਲ ਮਿਲ ਕੇ ਕੰਮ ਕੀਤਾ ਸੀ।
ਜੀ-ਫੰਕ ਕਹਿੰਦੇ ਹਨ ਕਿ ਦਿਲਜੀਤ ਦੀ ਖਿੱਚ ਇੱਕ ਰਹੱਸ ਅਤੇ ਉਤਸੁਕਤਾ ਵਿੱਚੋਂ ਆਉਂਦੀ ਹੈ। ਉਹ ਨਹੀਂ ਮੰਨਦੇ ਕਿ ਜੇ ਦਿਲਜੀਤ ਅੰਗਰੇਜ਼ੀ ਵਿੱਚ ਗਾਉਂਦੇ ਤਾਂ ਪੱਛਮੀ ਸਰੋਤੇ ਉਨ੍ਹਾਂ ਵੱਲ ਇੰਨਾ ਧਿਆਨ ਦਿੰਦੇ।
ਉਹ ਕਹਿੰਦੇ ਹਨ,“ਜੋ ਲੋਕ ਪੰਜਾਬੀ ਨਹੀਂ ਹਨ, ਉਹ ਹੈਰਾਨ ਹਨ ਕਿ ਉਹ ਕੀ ਕਹਿ ਰਹੇ ਹਨ ਅਤੇ ਇਸ ਵਿੱਚ ਕੀ ਖਾਸ ਹੈ।”
“ਇਸਨੇ ਉਨ੍ਹਾਂ ਦੀ ਮਦਦ ਕੀਤੀ ਹੈ।”

ਜੀ-ਫੰਕ ਦਾ ਕਹਿਣਾ ਹੈ ਕਿ ਦਿਲਜੀਤ ਆਪਣੀਆਂ ਰਵਾਇਤਾਂ ਅਤੇ ਬੋਲੀ ਨਾਲ ਜੁੜੇ ਰਹਿ ਕੇ ਉਹ ਪੰਜਾਬੀ ਜਾਨਣ ਵਾਲਿਆਂ ਦੇ ਦਿਲ ਦੀਆਂ ਤਾਰਾਂ ਵੀ ਛੇੜ ਦਿੰਦੇ ਹਨ।
ਉਨ੍ਹਾਂ ਨੇ ਦੱਸਿਆ ਕਿ 'ਦਿ ਟੂਨਾਈਟ ਸ਼ੋਅ' ਵਿੱਚ ਆਉਣ ਤੋਂ ਬਾਅਦ ਦਿਲਜੀਤ ਨੇ ਉਨ੍ਹਾਂ ਨੂੰ ਸੁਨੇਹਾ ਭੇਜਿਆ, “ਸਾਡੇ ਲੋਕਾਂ ਨੂੰ ਨਕਸ਼ੇ ਉੱਤੇ ਲਿਆਉਣ ਲਈ ਧੰਨਵਾਦ।”
ਉਹ ਕਹਿੰਦੇ ਹਨ, “ਆਪਣੇ ਲੋਕਾਂ ਦੀ ਨੁਮਾਇੰਦਗੀ ਕਰਨਾ ਅਤੇ ਆਪਣੇ ਸੱਭਿਆਚਾਰ ਤੋਂ ਨਾ ਕਤਰਾਉਣਾ ਇੱਕ ਵੱਡੀ ਗੱਲ ਹੈ।”
ਅਮਰੀਕੀ ਰੈਪਰ ਪੌਡਕਰਸ਼ਡ ਨੂੰ ਦੱਸਿਆ ਕਿ ਉਨ੍ਹਾਂ ਨੇ ਦਿਲਜੀਤ ਨਾਲ ਕਈ ਸਾਲ ਕੰਮ ਕਰਨ ਤੋਂ ਬਾਅਦ ਮਹਿਸੂਸ ਕੀਤਾ ਹੈ ਕਿ ਉਹ ਇੱਕ “ਸਤਿਕਾਰਪੂਰਨ ਅਤੇ ਨਿਮਰ” ਕੋਲੈਬੋਰੇਟਰ ਸਨ।
ਇੱਕ ਸਫ਼ਲ ਸੰਗੀਤਸਾਜ਼, ਅਦਾਕਾਰ ਅਤੇ ਫ਼ਿਲਮ ਨਿਰਮਾਤਾ ਹੋਣ ਤੋਂ ਇਲਾਵਾ ਜੀ-ਫੰਕ ਦਾ ਕਹਿਣਾ ਹੈ ਕਿ ਦਿਲਜੀਤ ਇੱਕ ਆਮ ਅਤੇ ਨਿਰਮਾਣ ਮੁੰਡਾ ਹੈ। ਦੋਵਾਂ ਦੀ ਪਹਿਲੀ ਮੁਲਾਕਾਤ ਨਾਨਡੋਜ਼ ਵਿੱਚ ਇੱਕ ਰਾਤ ਦੇ ਖਾਣੇ ਦੌਰਾਨ ਹੋਈ।

ਤਸਵੀਰ ਸਰੋਤ, Getty Images
ਜੀ-ਫੰਕ ਦੱਸ਼ਦੇ ਹਨ,“ਭਾਵੇਂ ਮੈਂ ਉਨ੍ਹਾਂ ਤੋਂ ਕਾਫ਼ੀ ਛੋਟਾ ਹਾਂ ਅਤੇ ਮੈਂ ਉਨ੍ਹਾਂ ਦੇ ਪੱਧਰ ਦਾ ਕੁਝ ਨਹੀਂ ਕੀਤਾ ਪਰ ਉਹ ਲੋਕਾਂ ਨੂੰ ਭਾਅ ਜੀ ਕਹਿ ਕੇ ਸੰਬੋਧਨ ਕਰਦੇ ਹਨ।”
ਜਿਨ੍ਹਾਂ ਕੋਲ ਦਿਲਜੀਤ ਦਾ ਫ਼ੋਨ ਨੰਬਰ ਹੈ, ਉਹ ਉਨ੍ਹਾਂ ਨੂੰ ਜਵਾਬ ਦੇਣ ਵਿੱਚ ਵੀ ਬੜੇ ਫੁਰਤੀਲੇ ਹਨ।
ਉਨ੍ਹਾਂ ਨੂੰ ਆਪਣੇ ਅਵਾਜ਼ੀ ਸੁਨੇਹੇ ਬਹੁਤ ਪਸੰਦ ਹਨ, ਅਤੇ ਦੋ ਈਮੋਜੀਆਂ ਉਨ੍ਹਾਂ ਨੂੰ ਬੇਹੱਦ ਪਸੰਦ ਹਨ।
“ਅਰਦਾਸ ਵਾਲੇ ਹੱਥ ਅਤੇ ਕੰਨਾਂ ਤੱਕ ਮੁਸਕਰਾਉਂਦਾ ਚਿਹਰਾ।”
ਦੂਜੇ ਪਾਸੇ ਖੁਸ਼ੀ ਦਾ ਕਹਿਣਾ ਹੈ ਕਿ ਵਿਵਾਦ ਤੋਂ ਦੂਰ ਰਹਿਣ ਅਤੇ ਨਿਮਰਤਾ ਦਾ ਜੋ ਆਦਰਸ਼ ਦਿਲਜੀਤ ਪੇਸ਼ ਕਰਦੇ ਹਨ, ਉਹ ਉਨ੍ਹਾਂ ਵਰਗੇ ਉੱਭਰ ਰਹੇ ਕਲਾਕਾਰਾਂ ਲਈ ਪ੍ਰੇਰਣਾ ਦੇਣ ਵਾਲਾ ਹੈ।
ਉਹ ਕਹਿੰਦੇ ਹਨ, ”ਮੈਨੂੰ ਲਗਦਾ ਹੈ, ਇਹ ਇੱਕ ਚੀਜ਼ ਹੈ ਜੋ ਮੈਂ ਭਾਵੇਂ ਕਿੰਨਾ ਵੀ ਕਰ ਲਵਾਂ ਆਪਣੇ ਨਾਲ ਜ਼ਰੂਰ ਰੱਖਾਂਗੀ।”

ਤਸਵੀਰ ਸਰੋਤ, Taniya Happy
ਲੇਕਿਨ ਦਿਲਜੀਤ ਦਾ ਅਸਰ ਸਿਰਫ਼ ਸੰਗੀਤ ਦੇ ਖੇਤਰ ਵਿੱਚ ਹੀ ਮਹਿਸੂਸ ਨਹੀਂ ਕੀਤਾ ਜਾ ਰਿਹਾ।
ਵੈਭਵ ਅਤੇ ਤਾਨੀਆ ਹੈਪੀ ਭੈਣ-ਭਰਾ ਹਨ, ਜਿਨ੍ਹਾਂ ਦਾ ਜਨਮ ਪੰਜਾਬ ਵਿੱਚ ਹੋਇਆ ਸੀ। ਉਨ੍ਹਾਂ ਨੇ ਦਿਲਜੀਤ ਦਾ ਸ਼ੁਰੂਆਤੀ ਸੰਗੀਤ ਸੁਣਿਆ ਹੈ। ਉਹ ਕਹਿੰਦੇ ਹਨ ਕਿ ਦਿਲਜੀਤ ਉਨ੍ਹਾਂ ਨੂੰ ਘਰ ਵਰਗਾ ਮਹਿਸੂਸ ਹੁੰਦਾ ਹੈ।
ਹੁਣ ਇਹ ਦੋਵੇਂ ਗਲਾਸਗੋ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਨੇ ਨਿਊਜ਼ਬੀਟ ਨੂੰ ਦੱਸਿਆ ਕਿ ਉਨ੍ਹਾਂ ਨੂੰ ਦਿਲਜੀਤ ਦੇ ਸਫ਼ਰ ਉੱਤੇ “ਮਾਣ” ਹੈ।
ਵੀਹ ਸਾਲਾ ਵੈਭਵ ਮੁਤਾਬਕ ਜਦੋਂ, “ਉਨ੍ਹਾਂ ਨੇ ਕੋਚੇਲਾ ਵਿੱਚ ਪੇਸ਼ਕਾਰੀ ਕੀਤੀ ਤਾਂ ਇਹ ਸਾਰੇ ਪੰਜਾਬੀਆਂ ਲਈ ਮਾਣ ਦੇ ਪਲ ਸਨ।”
“ਇਸ ਤਰ੍ਹਾਂ ਲਗਦਾ ਹੈ ਜਿਵੇਂ, ਉਹ ਇਹ ਸਾਡੇ ਲਈ ਕਰ ਰਹੇ ਹਨ। ਉਨ੍ਹਾਂ ਨੇ ਪੰਜਾਬੀ ਪਹਿਰਾਵਾ ਪਾਇਆ ਹੋਇਆ ਸੀ ਤੇ ਪੰਜਾਬੀ ਵਜੋਂ ਅਨੰਦ ਮਾਣ ਰਹੇ ਸਨ। ਉਨ੍ਹਾਂ ਨੇ ਹੋਰ ਲੋਕਾਂ ਲਈ ਆਪਣੀ ਦਿੱਖ ਨਹੀਂ ਬਦਲੀ।”
ਪੱਚੀ ਸਾਲਾ ਤਾਨੀਆ ਦਾ ਕਹਿਣਾ ਹੈ ਕਿ ਦਿਲਜੀਤ ਵਿੱਚ ਇੱਕ ਵਾਈਬ ਹੈ ਜੋ ਕਿਸੇ ਨਾਲ ਨਹੀਂ ਮਿਲਦੀ।

ਤਸਵੀਰ ਸਰੋਤ, Vaibhav Happy
ਤਾਨੀਆ ਕਹਿੰਦੇ ਹਨ,“ਜਦੋਂ ਤੁਸੀਂ ਵੱਡੇ ਹੁੰਦੇ ਹੋ ਤਾਂ ਜਿਵੇਂ-ਜਿਵੇਂ ਤੁਸੀਂ ਦੂਜੇ ਸੱਭਿਆਚਾਰਾਂ ਵਿੱਚ ਢਲਦੇ ਹੋ ਆਪਣੇ ਸੱਭਿਆਚਾਰ ਦਾ ਕੁਝ ਅੰਸ਼ ਗੁਆ ਦਿੰਦੇ ਹੋ।”
ਤਾਨੀਆ ਨੂੰ ਲਗਦਾ ਹੈ ਕਿ ਬ੍ਰਿਟੇਨ ਵਰਗੇ ਅੰਗਰੇਜ਼ੀ ਭਾਸ਼ੀ ਦੇਸ ਵਿੱਚ “ਜਦੋਂ ਤੱਕ ਕਿ ਉਹ ਆਪਣੇ ਘਰੇ ਨਾ ਹੋਣ, ਲੋਕਾਂ ਲਈ ਪੰਜਾਬੀ ਬੋਲਣਾ ਮੁਸ਼ਕਿਲ ਹੈ।”
ਇਸ ਲਈ ਲੋਕਾਂ ਨੂੰ ਦਿਲਜੀਤ ਨੂੰ ਗਾਉਂਦੇ ਸੁਣਨਾ ਵਧੀਆ ਲਗਦਾ ਹੈ, ਕਿਉਂਕਿ ਉਹ ਪੰਜਾਬੀ ਗਾਉਂਦੇ ਹਨ ਅਤੇ ਫਿਰ ਤੁਹਾਨੂੰ ਇਹ ਆਪਣੀ ਥਾਂ ਵਰਗਾ ਲਗਦਾ ਹੈ।
ਤਾਨੀਆ ਨੇ ਕਿਹਾ,“ਐਦਾਂ ਲਗਦਾ ਹੀ ਨਹੀਂ ਕਿ ਤੁਸੀਂ ਵਿਦੇਸ਼ ਵਿੱਚ ਹੋ।”
ਵੈਭਵ ਲਈ ਦਿਲਜੀਤ ਨੂੰ ਪਹਿਲੀ ਵਾਰ ਦੇਖਣ ਜਾ ਰਹੇ ਹਨ ਅਤੇ ਉਹ ਇਸ ਬਾਰੇ ਉਤਸ਼ਾਹਿਤ ਹਨ।
ਮੈਂ ਆਪਣੇ ਪਰਿਵਾਰ ਨਾਲ ਜਾ ਰਿਹਾ ਹਾਂ— ਭੈਣ ਅਤੇ ਮਾਂ— ਜਿਸ ਨਾਲ ਇਹ ਹੋਰ ਵੀ ਬਿਹਤਰ ਹੈ।
ਮੈਂ ਦਿਲਜੀਤ ਨੂੰ ਆਪਣੇ ਮਾਪਿਆਂ ਸਮਾਗਮਾਂ ਵਿੱਚ ਸੁਣਦਾ ਵੱਡਾ ਹੋਇਆ ਹਾਂ।
ਉਹ ਕਹਿੰਦੇ ਹਨ, “ਦਿਲਜੀਤ ਨੂੰ ਪੇਸ਼ਕਾਰੀ ਦੌਰਾਨ ਆਪਣੇ ਪਰਿਵਾਰ ਸਮੇਤ ਦੇਖਦਿਆਂ ਸਮਾਂ ਬਿਤਾਉਣਾ ਹੋਰ ਵੀ ਖ਼ੂਬਸੂਰਤ ਹੋਵੇਗਾ।”
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












