ਪੁਲਿਸ ਥਾਣੇ ਵਿੱਚ ਫੌਜ ਦੇ ਅਫ਼ਸਰ ਤੇ ਉਨ੍ਹਾਂ ਦੀ ਮੰਗੇਤਰ ਨਾਲ ਕੁੱਟਮਾਰ ਤੇ ਜਿਨਸੀ ਹਿੰਸਾ ਦੇ ਇਲਜ਼ਾਮ, ਪੂਰਾ ਮਾਮਲਾ ਜਾਣੋ

ਤਸਵੀਰ ਸਰੋਤ, Getty Images
- ਲੇਖਕ, ਸੰਦੀਪ ਸਾਹੂ
- ਰੋਲ, ਬੀਬੀਸੀ ਸਹਿਯੋਗੀ
ਚੇਤਾਵਨੀ: ਇਸ ਕਹਾਣੀ ਵਿੱਚ ਕੁਝ ਅਜਿਹਾ ਵਰਣਨ ਹੈ ਜੋ ਪਾਠਕਾਂ ਨੂੰ ਪ੍ਰੇਸ਼ਾਨ ਕਰ ਸਕਦੇ ਹਨ।
ਭੁਵਨੇਸ਼ਵਰ ਦੇ ਇੱਕ ਥਾਣੇ ਵਿੱਚ ਭਾਰਤੀ ਫੌਜ ਦੇ ਇੱਕ ਅਧਿਕਾਰੀ ਅਤੇ ਉਨ੍ਹਾਂ ਦੀ ਮੰਗੇਤਰ ਦੇ ਨਾਲ ਪੁਲਿਸ ਦੀ ਕਥਿਤ ਕੁੱਟਮਾਰ ਅਤੇ ਜ਼ਿਆਦਤੀ ਦੇ ਮਾਮਲੇ ਵਿੱਚ 20 ਸਤੰਬਰ ਨੂੰ ਮਾਮਲਾ ਦਰਜ ਕੀਤਾ ਗਿਆ ਹੈ। ਇਹ ਘਟਨਾ 14 ਸਤੰਬਰ ਨੂੰ ਵਾਪਰੀ ਸੀ।
ਉੜੀਸਾ ਪੁਲਿਸ ਦੀ ਕ੍ਰਾਇਮ ਬ੍ਰਾਂਚ ਨੇ ਭਰਤਪੁਰ ਥਾਣੇ ਦੇ ਪੰਜ ਪੁਲਿਸ ਮੁਲਾਜ਼ਮਾਂ ਦੇ ਖ਼ਿਲਾਫ਼ ਇਹ ਮਾਮਲਾ ਦਰਜ ਕੀਤਾ ਹੈ। ਹਾਲਾਂਕਿ, ਪੁਲਿਸ ਨੇ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ ਅਤੇ ਆਪਣੇ ਵੱਲੋਂ ਘਟਨਾ ਦਾ ਵੱਖਰਾ ਵਰਣਨ ਕੀਤਾ ਹੈ।
ਨਾਮਜ਼ਦ ਪੰਜੇ ਮੁਲਜ਼ਮ ਥਾਣਾ ਮੁਖੀ ਦੀਨਕ੍ਰਿਸ਼ਨ ਮਿਸ਼ਰਾ, ਸਬ-ਇੰਸਪੈਕਟਰ ਵੈਸ਼ਾਲਿਨੀ ਪੰਡਾ, ਅਸਿਸਟੈਂਟ ਸਬ-ਇੰਸਪੈਕਟਰ (ਏਐੱਸਆਈ) ਸ਼ੈਲਮਾਈ ਸਾਹੂ, ਸਾਗਰਿਕਾ ਰਥ ਅਤੇ ਕਾਂਸਟੇਬਲ ਬਲਰਾਮ ਹਾਂਸਦਾ ਪਹਿਲਾਂ ਤੋਂ ਹੀ ਮੁਅੱਤਲ ਕੀਤੇ ਜਾ ਚੁੱਕੇ ਹਨ।
ਇਸ ਮਾਮਲੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
ਇਸ ਮਾਮਲੇ ਨੇ ਸਿਆਸੀ ਤੂਲ ਵੀ ਫੜ ਲਿਆ ਹੈ। ਸੂਬੇ ਵਿੱਚ ਵਿਰੋਧੀ ਅਤੇ ਸਾਬਕਾ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਸ਼ੁੱਕਰਵਾਰ ਨੂੰ ਮਾਮਲੇ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ, ਜਦੋਂਕਿ ਕਾਂਗਰਸ ਨੇ ਵੀ ਇਸ ਮਾਮਲੇ ਵਿੱਚ ਮੋਹਨ ਮਾਝੀ ਸਰਕਾਰ ਨੂੰ ਲੰਬੇ ਹੱਥੀਂ ਲਿਆ ਹੈ।
ਉਥੇ ਹੀ ਇਸ ਮਾਮਲੇ ’ਤੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਭਰੋਸਾ ਦਿਵਾਇਆ ਹੈ ਕਿ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਹੋਵੇਗੀ।
ਇਲਜ਼ਾਮ ਕੀ ਹਨ?

ਤਸਵੀਰ ਸਰੋਤ, Getty Images
14 ਸਤੰਬਰ ਨੂੰ ਦੇਰ ਰਾਤ (ਐਤਵਾਰ ਤੜਕੇ) ਇਹ ਅਧਿਕਾਰੀ ਅਤੇ ਉਨ੍ਹਾਂ ਦੀ ਮੰਗੇਤਰ ਭਰਤਪੁਰ ਥਾਣੇ ਵਿੱਚ ਇੱਕ ਰਿਪੋਰਟ ਦਰਜ ਕਰਵਾਉਣ ਆਏ ਸਨ। ਉਨ੍ਹਾਂ ਦਾ ਇਲਜ਼ਾਮ ਸੀ ਕਿ ਕੁਝ ਲੜਕਿਆਂ ਨੇ ਉਨ੍ਹਾਂ ਦੇ ਨਾਲ ਛੇੜਛਾੜ ਅਤੇ ਬਦਸਲੂਕੀ ਕੀਤੀ ਹੈ।
ਇਸ ਮਾਮਲੇ ਵਿੱਚ ਪੁਲਿਸ ’ਤੇ ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ਸ਼ਿਕਾਇਤ ਦਰਜ ਕਰਨ ਦੀ ਬਜਾਏ ਫੌਜ ਅਧਿਕਾਰੀ ਤੇ ਉਨ੍ਹਾਂ ਦੀ ਮੰਗੇਤਰ ਨਾਲ ਬੇਹਰਿਮੀ ਨਾਲ ਕੁੱਟਮਾਰ ਕੀਤੀ ਅਤੇ ਮਹਿਲਾ ਨਾਲ ਜਿਨਸੀ ਹਿੰਸਾ ਕੀਤੀ।
ਇਸ ਮਾਮਲੇ ਵਿੱਚ ਮਹਿਲਾ ਨੇ ਜੋ ਬਿਊਰਾ ਦਿੱਤਾ ਹੈ, ਉਹ ਕਾਫੀ ਘਿਣਾਉਣਾ ਹੈ।
19 ਸਤੰਬਰ ਨੂੰ ਆਪਣੀ ਗੱਲ ਪਹਿਲੀ ਵਾਰ ਮੀਡੀਆ ਸਾਹਮਣੇ ਰੱਖਦੇ ਹੋਏ ਮਹਿਲਾ ਨੇ ਇਹ ਵੀ ਕਿਹਾ ਕਿ ਥਾਣੇ ਵਿੱਚ ਉਨ੍ਹਾਂ ਨਾਲ ਨਾ ਸਿਰਫ ਕੁੱਟਮਾਰ ਕੀਤੀ ਗਈ, ਬਲਕਿ ਉਨ੍ਹਾਂ ਨਾਲ ਜਿਨਸੀ ਹਿੰਸਾ ਵੀ ਕੀਤੀ।
ਇਹ ਵੀ ਇਲਜ਼ਾਮ ਹਨ ਕਿ ਉਨ੍ਹਾਂ ਨੂੰ ਹਵਾਲਾਤ ਵਿੱਚ ਬੰਦ ਕੀਤਾ ਗਿਆ ਅਤੇ ਅਧਿਕਾਰੀ ਦੀ ਮੰਗੇਤਰ ਖ਼ਿਲਾਫ਼ ਐੱਫਆਈਆਰ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਉਥੇ ਹੀ ਪੁਲਿਸ ਦਾ ਇਲਜ਼ਾਮ ਹੈ ਕਿ ਜਦੋਂ ਫੌਜ ਅਧਿਕਾਰੀ ਅਤੇ ਉਨ੍ਹਾਂ ਦੀ ਮੰਗੇਤਰ ਭਰਤਪੁਰ ਥਾਣੇ ਆਏ ਸੀ, ਉਸ ਸਮੇਂ ਦੋਵੇਂ ਨਸ਼ੇ ਵਿੱਚ ਸਨ। ਥਾਣੇ ਵਿੱਚ ਉਨ੍ਹਾਂ ਨੇ ਹੰਗਾਮਾ ਕੀਤਾ ਅਤੇ ਉਥੇ ਮੌਜੂਦ ਅਧਿਕਾਰੀਆਂ ਨਾਲ ਦੁਰਵਿਹਾਰ ਕੀਤਾ।
ਇਸ ਮਾਮਲੇ ਵਿੱਚ ਸੈਨਾ ਦੇ ਉੱਚ ਅਧਿਕਾਰੀਆਂ ਦੀ ਦਖਲਅੰਦਾਜ਼ੀ ਦੇ 10 ਘੰਟਿਆਂ ਬਾਅਦ ਅਧਿਕਾਰੀ ਨੂੰ ਛੱਡਿਆ ਗਿਆ। ਪਰ ਉਨ੍ਹਾਂ ਦੀ ਮੰਗੇਤਰ ਨੂੰ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਰੱਖਿਆ ਅਤੇ ਫਿਰ ਉਨ੍ਹਾਂ ਨੂੰ ਇੱਕ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੇ ਉਨ੍ਹਾਂ ਦੀ ਜ਼ਮਾਨਤ ਦੀ ਅਰਜ਼ੀ ਖਾਰਜ ਹੋ ਗਈ।
ਉੜੀਸਾ ਹਾਈ ਕੋਰਟ ਨੇ 18 ਸਤੰਬਰ ਨੂੰ ਹੇਠਲੀ ਅਦਾਲਤ ਦੇ ਫ਼ੈਸਲੇ ’ਤੇ ਫਟਕਾਰ ਲਗਾਉਂਦੇ ਹੋਏ ਉਨ੍ਹਾਂ ਦੀ ਤਤਕਾਲ ਜ਼ਮਾਨਤ ਮਨਜ਼ੂਰ ਕੀਤੀ ਅਤੇ ਭੁਵਨੇਸ਼ਵਰ ਦੇ ਏਮਜ਼ ਵਿੱਚ ਉਨ੍ਹਾਂ ਦੇ ਇਲਾਜ ਕਰਵਾਉਣ ਦੇ ਹੁਕਮ ਦਿੱਤੇ।
ਪੀੜਤਾ ਦਾ ਇਲਜ਼ਾਮ
ਉਹ ਦੱਸਦੇ ਹਨ ਕਿ 14 ਸਤੰਬਰ ਦੀ ਰਾਤ ਕਰੀਬ ਇੱਕ ਵਜੇ ਉਹ ਆਪਣਾ ਰੈਸਤਰਾਂ ਬੰਦ ਕਰ ਕੇ ਆਪਣੇ ਮੰਗੇਤਰ ਨਾਲ ਵਾਪਸ ਆ ਰਹੀ ਸੀ। ਇਸ ਦੌਰਾਨ ਕੁਝ ਆਵਾਰਾ ਲੜਕਿਆਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਬਦਸਲੂਕੀ ਕੀਤੀ।
ਉਹ ਇਲਜ਼ਾਮ ਲਗਾਉਂਦੇ ਹਨ ਕਿ ਜਦੋਂ ਉਹ ਇਸ ਮਾਮਲੇ ਵਿੱਚ ਐੱਫਆਈਆਰ ਦਰਜ ਕਰਵਾਉਣ ਲਈ ਭਰਤਪੁਰ ਥਾਣੇ ਵਿੱਚ ਪਹੁੰਚੇ ਤਾਂ ਉਥੇ ਮੌਜੂਦ ਪੁਲਿਸ ਅਧਿਕਾਰੀ ਸ਼ਿਕਾਇਤ ਦਰਜ ਕਰਨ ਦੀ ਬਜਾਏ ਉਨ੍ਹਾਂ ’ਤੇ ਹੀ ਟੁੱਟ ਪਏ।
ਘਟਨਾ ਦੇ ਬਾਰੇ ਵਿੱਚ ਮੀਡੀਆ ਨੂੰ ਪੂਰੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ,“ਉਨ੍ਹਾਂ ਲੋਕਾਂ ਨੇ ਪਹਿਲਾਂ ਮੇਰੇ ਮੰਗੇਤਰ ਨੂੰ ਹਵਾਲਾਤ ਵਿੱਚ ਬੰਦ ਕਰ ਦਿੱਤਾ। ਜਦੋਂ ਮੈਂ ਇਸ ਦਾ ਵਿਰੋਧ ਕੀਤਾ ਤਾਂ ਇੱਕ ਮਹਿਲਾ ਅਫਸਰ ਨੇ ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।”
“ਉਹ ਮੇਰੇ ਵਾਲ ਫੜ ਕੇ ਮੈਨੂੰ ਘੜੀਸਣ ਲੱਗੀ ਤਾਂ ਮੈਂ ਆਪਣੇ ਆਪ ਨੂੰ ਬਚਾਉਣ ਲਈ ਉਸ ਅਫਸਰ ਦੇ ਹੱਥ ’ਤੇ ਵੱਢ ਦਿੱਤਾ। ਇਸ ਤੋਂ ਬਾਅਦ ਉਥੇ ਮੌਜੂਦ ਸਾਰੇ ਅਧਿਕਾਰੀ ਤੈਸ਼ ਵਿੱਚ ਆ ਗਏ ਅਤੇ ਤਿੰਨ ਮਹਿਲਾ ਅਧਿਕਾਰੀਆਂ ਨੇ ਮਿਲ ਕੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ।”
ਅੱਗੇ ਉਨ੍ਹਾਂ ਨੇ ਇਹ ਵੀ ਇਲਜ਼ਾਮ ਲਗਾਇਆ,“ਮੇਰੀਆਂ ਦੋਵੇਂ ਬਾਹਾਂ ’ਤੇ ਦੋ ਪੁਰਸ਼ ਅਫਸਰਾਂ ਨੇ ਆਪਣੇ ਪੈਰ ਰੱਖੇ ਸੀ,ਜਦੋਂਕਿ ਇੱਕ ਮਹਿਲਾ ਅਫਸਰ ਨੇ ਮੇਰੇ ਹੱਥ ਫੜੇ ਹੋਏ ਸਨ ਅਤੇ ਇੱਕ ਹੋਰ ਮਹਿਲਾ ਅਧਿਕਾਰੀ ਮੇਰੀ ਛਾਤੀ ਅਤੇ ਢਿੱਡ ’ਤੇ ਲੱਤਾਂ ਮਾਰ ਰਹੀ ਸੀ।”
“ਇੱਕ ਨੇ ਮੇਰਾ ਗਲਾ ਘੁੱਟਣ ਦੀ ਵੀ ਕੋਸ਼ਿਸ਼ ਕੀਤੀ। ਕੁਝ ਦੇਰ ਬਾਅਦ ਇੱਕ ਪੁਰਸ਼ ਅਫਸਰ ਨੇ ਮੇਰੀ ਜੈਕੇਟ ਨਾਲ ਮੇਰੇ ਦੋਵੇਂ ਹੱਥ ਬੰਨ੍ਹ ਦਿੱਤੇ ਅਤੇ ਇੱਕ ਮਹਿਲਾ ਅਧਿਕਾਰੀ ਦੇ ਸਕਾਰਫ ਨਾਲ ਮੇਰੇ ਪੈਰ ਬੰਨ੍ਹ ਦਿੱਤੇ। ਫਿਰ ਮੈਨੂੰ ਘਸੀਟਦੇ ਹੋਏ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ। ਉਥੇ ਮੇਰੇ ਨਾਲ ਜਿਨਸੀ ਹਿੰਸਾ ਵੀ ਹੋਈ।”
ਏਮਜ਼ ਦੀ ਮੈਡੀਕਲ ਰਿਪੋਰਟ ਮੁਤਾਬਕ ਪੀੜਤ ਮਹਿਲਾ ਦੇ ਪੂਰੇ ਸਰੀਰ ’ਤੇ ਕੁੱਟਮਾਰ ਦੇ ਨਿਸ਼ਾਨ ਹਨ। ਉਨ੍ਹਾਂ ਦਾ ਇੱਕ ਦੰਦ ਟੁੱਟ ਗਿਆ ਹੈ ਅਤੇ ਜਬਾੜੇ ਵਿੱਚ ਵੀ ਸੱਟ ਲੱਗੀ ਹੈ। ਨਾਲ ਹੀ ਉਨ੍ਹਾਂ ਦੇ ਇੱਕ ਹੱਥ ਦੀ ਹੱਡੀ ਵੀ ਟੁੱਟ ਗਈ ਹੈ।
ਪੀੜਤਾ ਦੱਸਦੀ ਹੈ,“ਅਗਲੀ ਸਵੇਰ ਲਗਭਗ 6 ਵਜੇ ਜਦੋਂ ਥਾਣਾ ਮੁਖੀ ਥਾਣੇ ਪਹੁੰਚੇ ਤਾਂ ਮੇਰੇ ਅੰਦਰ ਥੋੜ੍ਹੀ ਉਮੀਦ ਜਾਗੀ। ਪਰ ਮੁਖੀ ਨੇ ਮੈਨੂੰ ਸੁਣਨ ਦੀ ਬਜਾਏ ਉਲਟ ਮੇਰੇ ਮੂੰਹ ’ਤੇ ਲੱਤ ਮਾਰੀ ਅਤੇ ਜਿਨਸੀ ਹਿੰਸਾ ਕੀਤੀ। ਮੈਂ ਚੀਕਦੀ ਰਹੀ ਪਰ ਕਿਸੇ ਨੇ ਮੇਰੀ ਇੱਕ ਨਾ ਸੁਣੀ।”
ਪੁਲਿਸ ਦਾ ਕੀ ਕਹਿਣਾ ਹੈ?

ਤਸਵੀਰ ਸਰੋਤ, BISWRANJAN MISHRA
17 ਸਤੰਬਰ ਨੂੰ ਭੁਵਨੇਸ਼ਵਰ ਦੇ ਡਿਪਟੀ ਪੁਲਿਸ ਕਮਿਸ਼ਨਰ ਪ੍ਰਤੀਕ ਸਿੰਘ ਨੇ ਦਾਅਵਾ ਕੀਤਾ ਸੀ ਕਿ ਐਤਵਾਰ ਤੜਕੇ ਫੌਜ ਅਧਿਕਾਰੀ ਅਤੇ ਉਨ੍ਹਾਂ ਦੀ ਮੰਗੇਤਰ ਜਦੋਂ ਭਰਤਪੁਰ ਥਾਣੇ ਵਿੱਚ ਆਏ ਸੀ, ਉਦੋਂ ਦੋਵੇਂ ਨਸ਼ੇ ਵਿੱਚ ਰੱਜੇ ਹੋਏ ਸਨ।
ਉਨ੍ਹਾਂ ਦਾ ਦਾਅਵਾ ਹੈ,“ਉਨ੍ਹਾਂ ਨੇ ਥਾਣੇ ਵਿੱਚ ਹੰਗਾਮਾ ਕੀਤਾ, ਮੌਜੂਦ ਅਧਿਕਾਰੀਆਂ ਨਾਲ ਦੁਰਵਿਹਾਰ ਕੀਤਾ। ਜਦੋਂ ਇੱਕ ਮਹਿਲਾ ਅਧਿਕਾਰੀ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਨ੍ਹਾਂ ਦੇ ਹੱਥ ’ਤੇ ਵੱਢ ਲਿਆ। ਨਾਲ ਹੀ ਉਨ੍ਹਾਂ ਨੇ ਥਾਣੇ ਅੰਦਰ ਭੰਨ੍ਹ-ਤੋੜ ਕੀਤੀ ਅਤੇ ਇੱਕ ਕੰਪਿਊਟਰ ਨੂੰ ਨੁਕਸਾਨ ਪਹੁੰਚਾਇਆ। ਇਸ ਲਈ ਉਨ੍ਹਾਂ ’ਤੇ ਪਰਚਾ ਦਰਜ ਕੀਤਾ ਗਿਆ ਅਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ।”
ਪੁਲਿਸ ਨੇ ਇਹ ਵੀ ਦਾਅਵਾ ਕੀਤਾ ਕਿ ਅਧਿਕਾਰੀ ਦੀ ਕਾਰ ’ਚੋਂ ਸ਼ਰਾਬ ਦੀਆਂ ਦੋ ਬੋਤਲਾਂ ਬਰਾਮਦ ਕੀਤੀਆਂ ਗਈਆਂ ਅਤੇ ਦੋਵਾਂ ਨੇ ਸ਼ਰਾਬ ਦੇ ਲਈ ਕੀਤੇ ਜਾਣ ਵਾਲੇ “ਬ੍ਰੇਥ ਐਨਾਲਾਈਜ਼ਰ ਟੇਸਟ” ਨੂੰ ਲੈਣ ਤੋਂ ਵੀ ਮਨ੍ਹਾਂ ਕਰ ਦਿੱਤਾ ਸੀ।
ਇਸ ਮਾਮਲੇ ਦਾ ਵੀਡੀਓ ਸਾਹਮਣੇ ਆਇਆ ਹੈ
ਉਧਰ ਥਾਣੇ ਵਿੱਚ ਘਟਨਾ ਵਾਲੀ ਰਾਤ ਦਾ ਵੀਡੀਓ ਵਾਇਰਲ ਹੋ ਰਿਹਾ ਹੈ।
ਇਸ ਵੀਡੀਓ ਵਿੱਚ ਫੌਜ ਦੇ ਅਧਿਕਾਰੀ ਇੱਕ ਕਾਗਜ਼ ’ਤੇ ਸ਼ਿਕਾਇਤ ਲਿਖਦੇ ਹੋਏ ਅਤੇ ਉਨ੍ਹਾਂ ਦੀ ਮੰਗੇਤਰ ਉਨ੍ਹਾਂ ਦੇ ਨਾਲ ਖੜ੍ਹੇ ਨਜ਼ਰ ਆਉਂਦੇ ਹਨ।
ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਪੀੜਤ ਮਹਿਲਾ ਇਹ ਕਹਿੰਦੀ ਸੁਣਾਈ ਦਿੰਦੀ ਹੈ, “ਤੁਸੀਂ ਇੱਕ ਫੌਜ ਅਧਿਕਾਰੀ ਨੂੰ ਇਸ ਤਰ੍ਹਾਂ ਲੌਕਅੱਪ ਵਿੱਚ ਨਹੀਂ ਰੱਖ ਸਕਦੇ।”
ਉਥੇ ਹੀ ਕੌਮੀ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਉੜੀਸਾ ਦੇ ਡੀਜੀਪੀ ਵਾਈ.ਬੀ. ਖੁਰਾਨੀਆ ਨੂੰ ਇੱਕ ਪੱਤਰ ਲਿਖ ਕੇ ਤਿੰਨ ਦਿਨ ਦੇ ਅੰਦਰ ਇਕ “ਐਕਸ਼ਨ ਟੇਕਨ ਰਿਪੋਰਟ” ਦਾਖਲ ਕਰਨ ਨੂੰ ਕਿਹਾ ਹੈ।
ਫੌਜ ਦੀ ਦਖਲਅੰਦਾਜ਼ੀ

ਤਸਵੀਰ ਸਰੋਤ, BISWRANJAN MISHRA
ਇਸ ਮਾਮਲੇ ਵਿੱਚ ਫੌਜ ਅਤੇ ਉਸ ਦੇ ਸੇਵਾਮੁਕਤ ਅਧਿਕਾਰੀਆਂ ਨੇ ਦਖਲਅੰਦਾਜ਼ੀ ਕੀਤੀ ਹੈ।
ਘਟਨਾ ਤੋਂ ਬਾਅਦ ਫੌਜ ਦੀ ਸੈਂਟਰਲ ਕਮਾਨ ਨੇ ਆਪਣੇ ਐਕਸ ਹੈਂਡਲ ਸੂਰਿਆ ਕਮਾਨ ਤੋਂ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਫੌਜ ਇਸ ਘਟਨਾ ਨੂੰ ਕਾਫੀ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਉੱਚ ਕਾਰਵਾਈ ਲਈ ਸੂਬੇ ਦੇ ਅਧਿਕਾਰੀਆਂ ਨਾਲ ਸੰਪਰਕ ਵਿੱਚ ਹੈ।
ਉਥੇ ਹੀ ਇਸ ਘਟਨਾ ਨੂੰ ਲੈ ਕੇ ਸੇਵਾਮੁਕਤ ਅਧਿਕਾਰੀਆਂ ਨੇ ਦੋਸ਼ੀ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਕਮਿਸ਼ਨਰ ਦੇ ਦਫ਼ਤਰ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਕ੍ਰਾਇਮ ਬ੍ਰਾਂਚ ਨੂੰ ਸੌਂਪ ਦਿੱਤੀ ਗਈ ਅਤੇ ਪੰਜਾਂ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।
ਫੌਜ ਦੇ ਸੈਂਟਰਲ ਕਮਾਨ ਦੇ ਕਮਾਂਡਰ ਲੈਫਟੀਨੈਂਟ ਜਨਰਲ ਪੀਐੱਸ ਸ਼ੇਖਾਵਤ ਨੇ ਉੜੀਸਾ ਹਾਈ ਕੋਰਟ ਦੇ ਚੀਫ ਜਸਟਿਸ ਸੀਐੱਸ ਸਿੰਘ ਨੂੰ ਪੱਤਰ ਲਿਖ ਕੇ ਮਾਮਲੇ ਵਿੱਚ ਦਖਲਅੰਦਾਜ਼ੀ ਕਰਨ ਅਤੇ ਪੀੜਤ ਫੌਜ ਅਧਿਕਾਰੀ ਅਤੇ ਉਨ੍ਹਾਂ ਦੀ ਮੰਗੇਤਰ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ ਹੈ।
ਪਹਿਲਾਂ ਵੀ ਲੱਗੇ ਹਨ ਇਲਜ਼ਾਮ
ਇਸ ਮਾਮਲੇ ਵਿੱਚ ਮੁਅੱਤਲ ਥਾਣਾ ਮੁਖੀ ਦੀਨਕ੍ਰਿਸ਼ਨ ਮਿਸ਼ਰਾ ਖ਼ਿਲਾਫ਼ ਪਹਿਲਾਂ ਵੀ ਸ਼ਿਕਾਇਤਾਂ ਸਾਹਮਣੇ ਆ ਚੁੱਕੀਆਂ ਹਨ।
ਪਿਛਲੇ ਸਾਲ ਕਟਕ ਵਿੱਚ ਹੋਈ ਬਾਲੀ ਯਾਤਰਾ ਦੇ ਦੌਰਾਨ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਉਨ੍ਹਾਂ ’ਤੇ ਇਲਜ਼ਾਮ ਲੱਗੇ ਸਨ ਕਿ ਉਹ ਇੱਕ ਸਾਈਕਲ ਸਟੈਂਡ ਵਾਲੇ ਤੋਂ ਪੈਸੇ ਲੈਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਨ੍ਹਾਂ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ ਅਤੇ ਉਨ੍ਹਾਂ ਨੂੰ ਭੁਵਨੇਸ਼ਵਰ ਦੇ ਭਰਤਪੁਰ ਥਾਣੇ ਵਿੱਚ ਬਤੌਰ ਮੁਖੀ ਨਿਯੁਕਤ ਕੀਤਾ ਗਿਆ।

ਤਸਵੀਰ ਸਰੋਤ, Getty Images
‘ਮਾਡਲ ਥਾਣੇ’ ’ਚੋਂ ਸੀਸੀਟੀਵੀ ਗੁੰਮ
ਭਰਤਪੁਰ ਦੇ ਜਿਸ ਥਾਣੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਹੈ, ਉਸ ਦੇ ਉਦਘਾਟਨ ਦੌਰਾਨ ਕਮਿਸ਼ਨਰ ਸੰਜੀਵ ਪੰਡਾ ਨੇ ਕਿਹਾ ਸੀ ਕਿ ਇਹ ਇੱਕ ‘ਮਾਡਲ’ ਥਾਣਾ ਹੈ, ਜਿਸ ਵਿੱਚ ਸੀਸੀਟੀਵੀ ਸਣੇ ਹਰ ਤਰ੍ਹਾਂ ਦੀ ਆਧੁਨਿਕ ਸਹੂਲਤ ਮੌਜੂਦ ਹੈ।
ਪਰ 17 ਸਤੰਬਰ ਨੂੰ ਮਾਮਲੇ ਦੀ ਜਾਂਚ ਲਈ ਕ੍ਰਾਇਮ ਬ੍ਰਾਂਚ ਦੀ ਟੀਮ ਜਦੋਂ ਥਾਣੇ ਪਹੁੰਚੀ ਤਾਂ ਪਾਇਆ ਕਿ ਉਥੇ ਕੋਈ ਸੀਸੀਟੀਵੀ ਨਹੀਂ ਸੀ।
ਹੁਣ ਸਵਾਲ ਇਹ ਹੈ ਕਿ ਕੀ ਥਾਣੇ ਵਿੱਚ ਸ਼ੁਰੂ ਤੋਂ ਸੀਸੀਟੀਵੀ ਲਗਾਏ ਹੀ ਨਹੀਂ ਗਏ ਸੀ ਜਾਂ ਮੁਲਜ਼ਮ ਪੁਲਿਸ ਅਧਿਕਾਰੀਆਂ ਨੂੰ ਬਚਾਉਣ ਲਈ ਘਟਨਾ ਤੋਂ ਬਾਅਦ ਜਾਣ-ਬੁੱਝ ਕੇ ਸੀਸੀਟੀਵੀ ਗਾਇਬ ਕਰ ਦਿੱਤੇ ਗਏ ਹਨ।
ਮਾਮਲੇ ’ਤੇ ਸਿਆਸਤ

ਤਸਵੀਰ ਸਰੋਤ, ANI
ਇਸ ਸੰਵੇਦਨਸ਼ੀਲ ਘਟਨਾ ’ਤੇ ਹੁਣ ਸਿਆਸਤ ਵੀ ਗਰਮਾ ਗਈ ਹੈ।
ਇਸ ਮਾਮਲੇ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਕਿਹਾ,“ਮਾਮਲੇ ਦੇ ਸਾਹਮਣੇ ਆਉਂਦੇ ਹੀ ਇਸ ਦੀ ਜਾਂਚ ਅਸੀਂ ਕ੍ਰਾਇਮ ਬ੍ਰਾਂਚ ਨੂੰ ਸੌਂਪ ਦਿੱਤੀ ਹੈ ਅਤੇ ਮੁਲਜ਼ਮ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਕ੍ਰਾਇਮ ਬ੍ਰਾਂਚ ਨੂੰ ਨਿਰਧਾਰਿਤ ਸਮੇਂ ਦੇ ਅੰਦਰ ਰਿਪੋਰਟ ਦੇਣ ਨੂੰ ਕਿਹਾ ਗਿਆ ਹੈ।”
“ਰਿਪੋਰਟ ਮਿਲਦੇ ਹੀ ਅਸੀਂ ਸਾਰੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਾਂਗੇ। ਮਹਿਲਾਵਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਵਿੱਚ ਸਾਡੀ ਸਰਕਾਰ ਨੇ ‘ਜ਼ੀਰੋ ਟਾਲਰੈਂਸ’ ਦੀ ਨੀਤੀ ਅਪਣਾਈ ਹੋਈ ਹੈ ਅਤੇ ਮਹਿਲਾਵਾਂ ਦੇ ਖ਼ਿਲਾਫ਼ ਹਿੰਸਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਕਾਰਵਾਈ ਹੋਵੇਗੀ।”
ਇਸ ਵਿਚਾਲੇ ਸ਼ੁੱਕਰਵਾਰ ਨੂੰ ਹੀ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇੱਕ ਐਕਸ ਪੋਸਟ ਵਿੱਚ ਭਾਜਪਾ ਸਰਕਾਰ ’ਤੇ ਨਿਸ਼ਾਨਾ ਸੇਧਿਆ ਹੈ।
ਉਨ੍ਹਾਂ ਨੇ ਕਿਹਾ,“ਭਾਜਪਾ ਸਰਕਾਰ ਵਿੱਚ ਮਹਿਲਾਵਾਂ ਵਿਰੁੱਧ ਅਪਰਾਧ ਪੂਰੀ ਤਰ੍ਹਾਂ ਨਾਲ ਬੇਕਾਬੂ ਹੋ ਚੁੱਕੇ ਹਨ। ਜਦੋਂ ਸਰਕਾਰੀ ਤੰਤਰ ਦੇ ਹੀ ਨਜ਼ਦੀਕ ਬੇਇਨਸਾਫੀ ਵਧੇ ਤਾਂ ਆਮ ਨਾਗਰਿਕ ਇਨਸਾਫ ਦੀ ਆਸ ਕਿਸ ਤੋਂ ਰੱਖੇ?”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












