ਇਸ ਵਿਗਿਆਨੀ ਨੇ 'ਹਨੇਰੇ 'ਚ, ਬਿਨਾਂ ਸਮਾਂ ਜਾਣੇ' ਲੰਬਾ ਵਕਤ ਗੁਜ਼ਾਰਿਆ, ਫਿਰ ਹੋਏ ਇਹ ਖੁਲਾਸੇ

ਫਰਾਂਸੀਸੀ ਭੂ-ਵਿਗਿਆਨੀ ਮਿਸ਼ੇਲ ਸਿਫਰੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨੌਜਵਾਨ ਫਰਾਂਸੀਸੀ ਭੂ-ਵਿਗਿਆਨੀ ਮਿਸ਼ੇਲ ਸਿਫਰੇ ਪੂਰੇ 8 ਹਫ਼ਤਿਆਂ ਲਈ ਗੁਫ਼ਾ ਵਿੱਚ ਰਹੇ
    • ਲੇਖਕ, ਡ੍ਰਾਫਟਿੰਗ
    • ਰੋਲ, ਬੀਬੀਸੀ ਨਿਊਜ਼ ਵਰਲਡ

ਅੱਜ ਦੇ ਸਮੇਂ 'ਚ ਜ਼ਿਆਦਾਤਰ ਲੋਕ ਮੋਬਾਈਲ ਫ਼ੋਨ ਅਤੇ ਘੜੀ ਦੀ ਵਰਤੋਂ ਕਰਦੇ ਹਨ ਅਤੇ ਦਿਨ ਵਿੱਚ ਪਤਾ ਨਹੀਂ ਕਿੰਨੀ ਵਾਰ ਅਸੀਂ ਸਮਾਂ ਜਾਣਨ ਲਈ ਉਨ੍ਹਾਂ ਨੂੰ ਦੇਖਦੇ ਹਾਂ।

ਸਮਾਂ ਸਾਡੇ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਅਤੇ ਇਹੀ ਕਾਰਨ ਹੈ ਕਿ ਸਭ ਤੋਂ ਪ੍ਰਾਚੀਨ ਸਭਿਅਤਾਵਾਂ ਨੇ ਵੀ ਇਸ ਨੂੰ ਮਾਪਣ ਦਾ ਤਰੀਕਾ ਲੱਭਦੇ ਹੋਏ ਸੂਰਜ ਨੂੰ ਇੱਕ ਸਰੋਤ ਵਜੋਂ ਵਰਤਿਆ।

ਪਰ ਕੀ ਹੋਵੇਗਾ ਜੇਕਰ ਸਾਨੂੰ ਇਹ ਪਤਾ ਹੀ ਨਾ ਹੋਵੇ ਕਿ ਕਦੋਂ ਦਿਨ ਹੋ ਰਿਹਾ ਹੈ ਅਤੇ ਕਦੋਂ ਰਾਤ? ਅਤੇ ਕੀ ਹੋਵੇਗਾ ਜੇ ਸਾਡੇ ਕੋਲ ਕੋਈ ਅਜਿਹਾ ਯੰਤਰ ਹੀ ਨਾ ਹੋਵੇ ਜੋ ਸਾਨੂੰ ਸਮਾਂ ਦੱਸ ਸਕੇ?

ਇਹੀ ਗੱਲ 1960 ਦੇ ਦਹਾਕੇ ਵਿੱਚ ਮਿਸ਼ੇਲ ਸਿਫਰੇ ਨਾਮ ਦੇ ਇੱਕ ਨੌਜਵਾਨ ਫਰਾਂਸੀਸੀ ਭੂ-ਵਿਗਿਆਨੀ ਨੇ ਆਪਣੇ ਆਪ ਤੋਂ ਪੁੱਛੀ ਸੀ।

ਸਿਫਰੇ ਦਾ ਰਹੱਸ ਅਖੌਤੀ ਪੁਲਾੜ ਦੌੜ ਦੇ ਸੰਦਰਭ ਵਿੱਚ ਉਭਰਿਆ, ਪੁਲਾੜ ਦੌੜ, ਜੋ ਸਪੇਸ ਨੂੰ ਜਿੱਤਣ ਲਈ ਸੰਯੁਕਤ ਰਾਜ ਅਤੇ ਸੋਵੀਅਤ ਯੂਨੀਅਨ ਵਿਚਕਾਰ ਮੁਕਾਬਲੇ ਵਜੋਂ ਜਾਣੀ ਜਾਂਦੀ ਸੀ।

1961 ਵਿੱਚ ਸੋਵੀਅਤ ਰੂਸ ਦਾ ਯੂਰੀ ਗਾਗਰਿਨ ਪੁਲਾੜ ਯਾਤਰਾ ਕਰਨ ਵਾਲਾ ਪਹਿਲਾ ਮਨੁੱਖ ਬਣ ਗਿਆ ਸੀ, ਜਿਸ ਨੇ 108 ਮਿੰਟ ਧਰਤੀ ਦੇ ਚੱਕਰ ਕੱਟੇ ਸੀ।

ਕੀ ਹੋਵੇਗਾ ਜੇਕਰ ਮਨੁੱਖ ਪੁਲਾੜ ਵਿੱਚ ਜ਼ਿਆਦਾ ਸਮਾਂ ਬਿਤਾਉਣ? ਸਿਫਰੇ ਨੇ ਸੋਚਿਆ ਕਿ ਇਹ ਸਾਡੀ ਨੀਂਦ ਦੇ ਚੱਕਰ ਨੂੰ ਕਿਵੇਂ ਪ੍ਰਭਾਵਿਤ ਕਰੇਗਾ?

ਇਸ ਸਵਾਲ ਦਾ ਜਵਾਬ ਲੱਭਣ ਲਈ, ਉਹ ਗ੍ਰਹਿ ਤੋਂ ਬਾਹਰ ਯਾਤਰਾ ਕਰਨ ਦੀ ਥਾਂ, ਭੂਮੀ ਹੇਠਾਂ ਚਲੇ ਗਏ।

ਬੀਬੀਸੀ ਪੰਜਾਬੀ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਗੁਫ਼ਾ 'ਚ ਰਹਿਣ ਵਾਲਾ ਮਨੁੱਖ

ਸਿਫਰੇ ਦੀ ਮੌਤ 85 ਸਾਲ ਦੀ ਉਮਰ 'ਚ ਨੀਸ ਵਿੱਚ ਹੋਈ। ਉਹ ਇੱਕ ਸਪਲੀਓਲੋਜਿਸਟ ਸਨ, ਉਹ ਵਿਗਿਆਨੀ ਜੋ ਗੁਫ਼ਾਵਾਂ ਦਾ ਅਧਿਐਨ ਕਰਦੇ ਹਨ।

ਸਾਲ 1962 ਵਿੱਚ ਮਹਿਜ਼ 23 ਸਾਲ ਦੀ ਉਮਰ 'ਚ ਉਨ੍ਹਾਂ ਨੇ ਮਨੁੱਖੀ ਕ੍ਰੋਨੋਬਾਇਓਲੋਜੀ ਦੇ ਇਤਿਹਾਸ ਵਿੱਚ ਸਭ ਤੋਂ ਮਸ਼ਹੂਰ ਤਜ਼ਰਬਿਆਂ ਵਿੱਚੋਂ ਇੱਕ ਕੀਤਾ, ਇਸ ਖੇਤਰ ਵਿੱਚ ਉਹ ਜੀਵ-ਵਿਗਿਆਨਕ ਤਾਲਾਂ ਦੇ ਢੰਗ ਨੂੰ ਸਮਝਣ ਲਈ ਸਮਰਪਿਤ ਸਨ।

ਉਹ ਦੋ ਮਹੀਨਿਆਂ ਲਈ ਇਕੱਲੇ 130 ਮੀਟਰ ਡੂੰਘੀ ਗੁਫ਼ਾ ਵਿੱਚ ਚਲੇ ਗਏ, ਉਨ੍ਹਾਂ ਕੋਲ ਇੱਕ ਖੁਦਾਈ ਕਰਨ ਵੇਲੇ ਲਿਜਾਈ ਜਾਂਦੀ ਲੈਂਪ ਸੀ ਜੋ ਰੋਸ਼ਨੀ ਦਾ ਇੱਕੋ-ਇੱਕ ਸਰੋਤ ਸੀ, ਜਿਸ ਨੂੰ ਉਹ ਆਪਣਾ ਭੋਜਨ ਤਿਆਰ ਕਰਨ, ਪੜ੍ਹਨ ਅਤੇ ਆਪਣੀ ਡਾਇਰੀ ਵਿੱਚ ਲਿਖਣ ਲਈ ਵਰਤਦੇ ਸਨ।

"ਮੈਂ ਇੱਕ ਜਾਨਵਰ ਵਾਂਗ ਰਹਿਣ ਦਾ ਫੈਸਲਾ ਕੀਤਾ, ਬਿਨਾਂ ਘੜੀ ਦੇ ਹਨੇਰੇ ਵਿੱਚ, ਸਮਾਂ ਜਾਣੇ ਬਿਨਾਂ।" ਉਨ੍ਹਾਂ ਨੇ ਕੈਬਨਿਟ ਮੈਗਜ਼ੀਨ ਦੇ ਜੋਸ਼ੂਆ ਫੋਅਰ ਨੂੰ 2008 ਵਿੱਚ ਦਿੱਤੀ ਇੱਕ ਇੰਟਰਵਿਊ ਵਿੱਚ ਦੱਸਿਆ ਸੀ।

ਫਰਾਂਸੀਸੀ ਭੂ-ਵਿਗਿਆਨੀ ਮਿਸ਼ੇਲ ਸਿਫਰੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਿਫਰੇ ਨੇ ਆਪਣਾ ਇਹ ਤਜ਼ਰਬਾ ਐਲਪਸ ਵਿੱਚ ਇੱਕ ਭੂਮੀ ਹੇਠਲੇ ਗਲੇਸ਼ੀਅਰ 'ਤੇ ਕੀਤਾ, ਜੋ 1 ਸਾਲ ਪਹਿਲਾਂ ਹੀ ਖੋਜਿਆ ਸੀ

ਸਿਫਰੇ ਨੇ ਆਪਣਾ ਇਹ ਤਜ਼ਰਬਾ ਐਲਪਸ ਵਿੱਚ ਇੱਕ ਭੂਮੀ ਹੇਠਲੇ ਗਲੇਸ਼ੀਅਰ 'ਤੇ ਕੀਤਾ, ਜੋ ਉਨ੍ਹਾਂ ਨੇ ਇੱਕ ਸਾਲ ਪਹਿਲਾਂ ਹੀ ਖੋਜਿਆ ਸੀ।

ਉਨ੍ਹਾਂ ਨੇ ਦੱਸਿਆ ਕਿ, "ਮੈਂ ਗੁਫ਼ਾ ਦੇ ਪ੍ਰਵੇਸ਼ 'ਤੇ ਇੱਕ ਟੀਮ ਰੱਖੀ ਸੀ। ਮੈਂ ਫੈਸਲਾ ਕੀਤਾ ਕਿ ਜਦੋਂ ਮੈਂ ਜਾਗਦਾ ਹਾਂ, ਜਦੋਂ ਮੈਂ ਖਾਣਾ ਖਾਵਾਂਗਾ ਅਤੇ ਸੌਣ ਤੋਂ ਠੀਕ ਪਹਿਲਾਂ ਮੈਂ ਉਨ੍ਹਾਂ ਨੂੰ ਬੋਲ ਕੇ ਦਸਾਂਗਾ। ਮੇਰੀ ਟੀਮ ਨੂੰ ਮੈਨੂੰ ਬੁਲਾਉਣ ਦਾ ਕੋਈ ਅਧਿਕਾਰ ਨਹੀਂ ਸੀ, ਤਾਂ ਜੋ ਮੈਨੂੰ ਪਤਾ ਨਾ ਲੱਗੇ ਕਿ ਬਾਹਰ ਕੀ ਸਮਾਂ ਹੋਇਆ ਹੈ।”

ਇਸ ਤਰ੍ਹਾਂ, ਉਹ ਇਹ ਦਰਸਾਉਣ ਵਿੱਚ ਕਾਮਯਾਬ ਰਹੇ ਕਿ ਮਨੁੱਖਾਂ ਕੋਲ ਇੱਕ "ਜੈਵਿਕ ਘੜੀ" ਹੈ।

ਹਾਲਾਂਕਿ, ਹੈਰਾਨੀ ਵਾਲੀ ਗੱਲ ਇਹ ਸੀ ਕਿ ਇਹ ਘੜੀ 24 ਘੰਟਿਆਂ ਦੇ ਦਿਨ ਦੁਆਰਾ ਨਿਯੰਤਰਿਤ ਨਹੀਂ ਸੀ, ਜਿਵੇਂ ਆਮ ਤੌਰ 'ਤੇ ਰੋਜ਼ਾਨਾ ਜੀਵਨ ਵਿੱਚ ਵਾਪਰਦਾ ਹੈ।

ਇਹ ਵੀ ਪੜ੍ਹੋ-

"120 ਤੱਕ ਗਿਣਨ ਲਈ ਮੈਨੂੰ 5 ਮਿੰਟ ਲੱਗੇ"

ਪੂਰੇ 8 ਹਫ਼ਤਿਆਂ ਲਈ ਉਹ ਗੁਫ਼ਾ ਵਿੱਚ ਰਹੇ, ਸਿਫਰੇ ਉਦੋਂ ਹੀ ਖਾਂਦੇ ਅਤੇ ਸੌਂਦੇ ਸਨ ਜਦੋਂ ਉਨ੍ਹਾਂ ਦੇ ਸਰੀਰ ਨੂੰ ਇਸ ਦੀ ਲੋੜ ਮਹਿਸੂਸ ਹੁੰਦੀ ਸੀ।

ਇਸ ਬਾਰੇ ਹਰ ਵਾਰ ਜਦੋਂ ਉਨ੍ਹਾਂ ਨੇ ਆਪਣੀ ਟੀਮ ਨੂੰ ਸੂਚਿਤ ਕੀਤਾ ਤਾਂ ਇਸ ਤੋਂ ਇਲਾਵਾ 2 ਜਾਂਚਾਂ ਉਨ੍ਹਾਂ ਨੇ ਹੋਰ ਕੀਤੀਆਂ: ਆਪਣੀ ਨਬਜ਼ ਨੂੰ ਮਾਪਿਆ ਅਤੇ 1 ਤੋਂ 120 ਤੱਕ ਗਿਣਤੀ ਕੀਤੀ।

ਸਿਫਰੇ ਦਾ ਉਦੇਸ਼ ਪ੍ਰਤੀ ਅੰਕ ਇੱਕ ਸਕਿੰਟ ਲੈਂਦੇ ਹੋਏ 120 ਤੱਕ ਗਿਣਨਾ ਸੀ, ਜਦਕਿ ਉਨ੍ਹਾਂ ਦੇ ਸਾਥੀਆਂ ਨੇ ਅਸਲ ਸਮਾਂ ਰਿਕਾਰਡ ਕੀਤਾ।

ਇਸ ਤਰ੍ਹਾਂ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਵਿਗਿਆਨੀ ਸਮੇਂ ਦਾ ਬਹੁਤ ਹੌਲੀ ਰਿਕਾਰਡ ਰੱਖ ਰਹੇ ਸਨ।

"120 ਤੱਕ ਗਿਣਨ ਲਈ ਮੈਨੂੰ 5 ਮਿੰਟ ਲੱਗੇ। ਦੂਜੇ ਸ਼ਬਦਾਂ 'ਚ ਕਹਾਂ ਤਾਂ ਮਨੋਵਿਗਿਆਨਕ ਤੌਰ 'ਤੇ ਮੈਂ 5 ਅਸਲ ਮਿੰਟਾਂ ਦਾ ਅਨੁਭਵ ਇੰਝ ਕੀਤਾ ਜਿਵੇਂ ਉਹ 2 ਮਿੰਟ ਸਨ।"

ਹੌਲੀ ਸਮਾਂ ਰਿਕਾਰਡ ਕਰਨ ਦੀ ਇਹ ਭਾਵਨਾ ਦੀ ਪੁਸ਼ਟੀ ਸਿਫਰੇ ਦੇ ਗੁਫ਼ਾ ਵਿੱਚੋਂ ਬਾਹਰ ਆਉਣ ਤੋਂ ਬਾਅਦ ਹੋਈ।

2 ਮਹੀਨੇ ਲੰਘ ਗਏ ਸਨ, ਪਰ ਸਿਫਰੇ ਨੂੰ ਇਹ ਯਕੀਨ ਸੀ ਕਿ ਸਿਰਫ਼ 1 ਮਹੀਨਾ ਹੀ ਗੁਜ਼ਰਿਆ ਹੈ।

ਉਨ੍ਹਾਂ ਨੇ ਕਿਹਾ ਕਿ, “ਮਨੋਵਿਗਿਆਨਕ ਤੌਰ 'ਤੇ ਮੇਰੇ ਲਈ ਸਮਾਂ ਅੱਧਾ ਹੋ ਗਿਆ ਸੀ।"

ਸਮਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2 ਮਹੀਨੇ ਲੰਘ ਗਏ ਸਨ, ਪਰ ਸਿਫਰੇ ਨੂੰ ਇਹ ਯਕੀਨ ਸੀ ਕਿ ਸਿਰਫ਼ 1 ਮਹੀਨਾ ਹੀ ਗੁਜ਼ਰਿਆ ਹੈ

48 ਘੰਟੇ ਦਾ ਚੱਕਰ

ਸਿਫਰੇ ਦੀਆਂ ਖੋਜਾਂ ਮੁਤਾਬਕ ਸੂਰਜ ਚੜ੍ਹਨ ਅਤੇ ਡੁੱਬਣ ਦੇ ਦੌਰਾਨ ਕੁਦਰਤ ਵੱਲੋਂ ਨਿਰਦੇਸ਼ਿਤ ਸਰਕੇਡੀਅਨ ਤਾਲਾਂ ਤੋਂ ਇਲਾਵਾ ਸਾਡੇ ਸਰੀਰ ਵਿੱਚ ਇੱਕ ਅੰਦਰੂਨੀ ਘੜੀ ਹੁੰਦੀ ਹੈ ਜੋ ਲਗਭਗ 48 ਘੰਟੇ ਦੇ ਚੱਕਰ ਅਨੁਸਾਰ ਚੱਲਦੀ ਹੈ।

ਇਸ ਸਿਧਾਂਤ ਨੂੰ ਫਰਾਂਸੀਸੀ ਸਪਲੀਓਲੋਜਿਸਟ ਸਿਫਰੇ ਦੇ ਹੋਰ ਤਜ਼ਰਬਿਆਂ ਦੁਆਰਾ ਹੋਰ ਮਜ਼ਬੂਤੀ ਮਿਲੀ, ਜੋ ਉਨ੍ਹਾਂ ਨੇ ਆਪਣੇ 50 ਸਾਲਾਂ ਦੇ ਕਰੀਅਰ ਦੌਰਾਨ ਕੀਤੇ।

1962 ਵਿੱਚ ਉਨ੍ਹਾਂ ਦੇ "ਵੱਖ ਹੋਣ" ਤੋਂ ਬਾਅਦ, ਜਿਵੇਂ ਉਹ ਕਹਿੰਦੇ ਹਨ, ਉਨ੍ਹਾਂ ਨੇ ਵਲੰਟੀਅਰਾਂ (ਜਿਸ ਵਿੱਚ ਇੱਕ ਔਰਤ ਵੀ ਸੀ) ਦੇ ਨਾਲ ਪੰਜ ਹੋਰ ਗੁਫ਼ਾ ਪ੍ਰਯੋਗ ਕੀਤੇ, ਹਰੇਕ ਪ੍ਰਯੋਗ ਦਾ ਸਮਾਂ ਤਿੰਨ ਤੋਂ ਛੇ ਮਹੀਨੇ ਤੱਕ ਸੀ।

ਸਿਫਰੇ ਨੇ ਦੇਖਿਆ ਕਿ ਆਖ਼ਰਕਾਰ ਹਰ ਕੋਈ ਇਸ 48 ਘੰਟੇ ਦੇ ਚੱਕਰ ਵੀ ਦਾਖ਼ਲ ਹੋਇਆ।

ਉਨ੍ਹਾਂ ਦੱਸਿਆ ਕਿ, "36 ਘੰਟੇ ਲਗਾਤਾਰ ਉਨ੍ਹਾਂ ਨੇ ਗਤੀਵਿਧੀ ਕੀਤੀ ਅਤੇ 12 ਤੋਂ 14 ਘੰਟੇ ਦੀ ਨੀਂਦ ਲਈ।"

ਉਨ੍ਹਾਂ ਨੇ ਕੈਬਨਿਟ ਮੈਗਜ਼ੀਨ ਨਾਲ ਗੱਲਬਾਤ ਦੌਰਾਨ ਖੁਲਾਸਾ ਕੀਤਾ, "ਇਹ ਖੋਜ ਕਰਨ ਮਗਰੋਂ ਫਰਾਂਸੀਸੀ ਫ਼ੌਜ ਨੇ ਮੈਨੂੰ ਬਹੁਤ ਫੰਡ ਦਿੱਤੇ। ਉਹ ਚਾਹੁੰਦੇ ਸਨ ਕਿ ਮੈਂ ਇਹ ਵਿਸ਼ਲੇਸ਼ਣ ਕਰਾਂ ਕਿ ਇੱਕ ਸਿਪਾਹੀ ਲਈ ਜਾਗਦੇ ਹੋਏ ਆਪਣੀ ਗਤੀਵਿਧੀ ਨੂੰ ਦੁੱਗਣਾ ਕਰਨਾ ਕਿਵੇਂ ਸੰਭਵ ਹੋ ਸਕਦਾ ਹੈ।"

ਫਰਾਂਸੀਸੀ ਰੱਖਿਆ ਮੰਤਰਾਲੇ ਦਾ ਇਨ੍ਹਾਂ ਪ੍ਰਯੋਗਾਂ ਵਿੱਚ ਦਿਲਚਸਪ ਹੋਣ ਦਾ ਇੱਕ ਕਾਰਨ ਇਹ ਵੀ ਸੀ: ਉਨ੍ਹਾਂ ਨੇ ਹੁਣੇ ਹੀ ਆਪਣਾ ਪ੍ਰਮਾਣੂ ਪਣਡੁੱਬੀ ਪ੍ਰੋਗਰਾਮ ਸ਼ੁਰੂ ਕੀਤਾ ਸੀ ਅਤੇ ਉਹ ਲੰਬੇ ਮਿਸ਼ਨਾਂ 'ਤੇ ਮਲਾਹਾਂ ਦੀ ਸਿਹਤ 'ਤੇ ਪੈਂਦੇ ਪ੍ਰਭਾਵਾਂ ਨੂੰ ਜਾਣਨਾ ਚਾਹੁੰਦੇ ਸਨ।

ਸਿਰਫ਼ ਉਹੀ ਨਹੀਂ ਸਨ ਜੋ ਦਿਲਚਸਪ ਸੀ। ਅਮਰੀਕੀ ਪੁਲਾੜ ਏਜੰਸੀ ਨਾਸਾ ਵੀ ਲੰਬੇ ਸਮੇਂ ਚੱਲਣ ਵਾਲੇ ਪੁਲਾੜ ਮਿਸ਼ਨਾਂ ਦੇ ਪ੍ਰਭਾਵਾਂ ਨੂੰ ਸਮਝਣਾ ਚਾਹੁੰਦੀ ਸੀ।

ਫਰਾਂਸੀਸੀ ਭੂ-ਵਿਗਿਆਨੀ ਮਿਸ਼ੇਲ ਸਿਫਰੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਿਫਰੇ ਦੀਆਂ ਖੋਜਾਂ ਮੁਤਾਬਕ ਸਾਡੇ ਸਰੀਰ 'ਚ ਇੱਕ ਅੰਦਰੂਨੀ ਘੜੀ ਹੁੰਦੀ ਹੈ ਜੋ ਲਗਭਗ 48 ਘੰਟੇ ਦੇ ਚੱਕਰ ਅਨੁਸਾਰ ਚੱਲਦੀ ਹੈ

ਦੋਵਾਂ ਨੇ ਸਿਫਰੇ ਦੇ ਦੂਜੇ ਨਿੱਜੀ ਪ੍ਰੋਜੈਕਟ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ। ਇਸ ਪ੍ਰੋਜੈਕਟ ਵਿੱਚ ਉਹ ਐਲਪਸ ਵਿੱਚ ਗੁਫ਼ਾ ਅੰਦਰ ਰਹਿਣ ਦੇ ਪਹਿਲੇ ਤਜ਼ਰਬੇ ਤੋਂ ਦਸ ਸਾਲ ਬਾਅਦ 1972 ਵਿੱਚ ਦੁਬਾਰਾ ਭੂਮੀ ਹੇਠਾਂ ਚਲੇ ਗਏ, ਪਰ ਇਸ ਵਾਰ ਸੰਯੁਕਤ ਰਾਜ ਵਿੱਚ ਅਤੇ ਬਹੁਤ ਲੰਬੇ ਸਮੇਂ ਲਈ।

ਇਸ ਵਾਰ ਉਨ੍ਹਾਂ ਦਾ ਟੀਚਾ ਡੇਲ ਰੀਓ, ਟੈਕਸਾਸ ਨੇੜਲੇ ਮਿਡਨਾਈਟ ਗੁਫ਼ਾ ਵਿੱਚ ਛੇ ਮਹੀਨੇ ਬਿਤਾਉਣਾ ਸੀ।

ਉਨ੍ਹਾਂ ਸਮਝਾਇਆ ਕਿ, "ਮੈਂ ਮਨੋਵਿਗਿਆਨਕ ਸਮੇਂ 'ਤੇ ਉਮਰ ਵਧਣ ਦੇ ਪ੍ਰਭਾਵਾਂ ਦਾ ਅਧਿਐਨ ਕਰਨ ਵਿੱਚ ਦਿਲਚਸਪ ਸੀ। ਮੇਰੀ ਯੋਜਨਾ ਹਰ ਦਸ ਜਾਂ ਪੰਦਰਾਂ ਸਾਲਾਂ ਵਿੱਚ ਇੱਕ ਤਜ਼ਰਬਾ ਕਰਨ ਦੀ ਸੀ, ਇਹ ਜਾਨਣ ਲਈ ਕਿ ਕੀ ਮੇਰੇ ਦਿਮਾਗ ਦੇ ਸਮੇਂ ਨੂੰ ਸਮਝਣ ਦੇ ਤਰੀਕੇ ਵਿੱਚ ਕੋਈ ਬਦਲਾਅ ਆਇਆ ਹੈ।"

ਉਨ੍ਹਾਂ ਨੇ ਇਹ ਵੀ ਸਵੀਕਾਰ ਕੀਤਾ ਕਿ ਉਹ ਇਸ ਸ਼ੱਕ ਨੂੰ ਦੂਰ ਕਰਨਾ ਚਾਹੁੰਦੇ ਸੀ ਕਿ "ਮੇਰੇ ਤੋਂ ਇਲਾਵਾ, ਹਰ ਇੱਕ ਵਿਅਕਤੀ, ਜਿਸ ਨੂੰ ਉਨ੍ਹਾਂ ਨੇ ਭੂਮੀਗਤ ਰੱਖਿਆ ਸੀ, ਉਹ ਵੀ 48 ਘੰਟੇ ਦੀ ਨੀਂਦ ਤੇ ਜਾਗਣ ਦੇ ਚੱਕਰ 'ਚ ਸ਼ਾਮਲ ਕਿਉਂ ਸਨ।"

ਇਸ ਪ੍ਰਯੋਗ ਦੇ ਅੰਤ 'ਚ, ਜੋ 205 ਦਿਨਾਂ (ਲਗਭਗ 7 ਮਹੀਨੇ) ਤੱਕ ਚੱਲਿਆ, ਉਹ ਵੀ 48 ਘੰਟੇ ਦੇ ਚੱਕਰ ਵਿੱਚ ਸ਼ਾਮਲ ਹੋਏ, ਪਰ ਲਗਾਤਾਰ ਤੌਰ 'ਤੇ ਨਹੀਂ।

ਉਨ੍ਹਾਂ ਕਿਹਾ, "ਮੈਂ ਲਗਾਤਾਰ 36 ਘੰਟੇ ਜਾਗਦਾ ਰਿਹਾ ਅਤੇ 12 ਘੰਟੇ ਦੀ ਨੀਂਦ ਲਈ। ਮੈਂ ਉਨ੍ਹਾਂ ਲੰਬੇ ਦਿਨਾਂ ਅਤੇ ਸਿਰਫ਼ ਚੌਵੀ ਘੰਟੇ ਚੱਲਣ ਵਾਲੇ ਦਿਨਾਂ ਵਿੱਚ ਫਰਕ ਨਹੀਂ ਦੱਸ ਸਕਿਆ।"

"ਕਈ ਵਾਰ ਮੈਂ 2 ਘੰਟੇ ਜਾਂ 18 ਘੰਟੇ ਸੌਂਦਾ ਸੀ ਅਤੇ ਫਰਕ ਨਹੀਂ ਦੱਸ ਸਕਦਾ ਸੀ।"

ਉਨ੍ਹਾਂ ਨੇ ਸਿੱਟਾ ਕੱਢਦਿਆਂ ਦੱਸਿਆ, "ਮੈਨੂੰ ਲੱਗਦਾ ਹੈ ਕਿ ਇਹ ਇੱਕ ਅਨੁਭਵ ਹੈ ਜਿਸ ਦੀ ਅਸੀਂ ਸਾਰੇ ਸ਼ਲਾਘਾ ਕਰ ਸਕਦੇ ਹਾਂ।"

"ਇਹ ਮਨੋਵਿਗਿਆਨਕ ਸਮੇਂ ਦੀ ਸਮੱਸਿਆ ਹੈ। ਇਹ ਮਨੁੱਖਾਂ ਦੀ ਸਮੱਸਿਆ ਹੈ। ਸਮਾਂ ਕੀ ਹੈ? ਸਾਨੂੰ ਨਹੀਂ ਪਤਾ।"

ਇਹ ਵੀ ਪੜ੍ਹੋ-

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)