ਐਬਰੋਸੈਕਸ਼ੂਐਲਿਟੀ ਕੀ ਹੈ ਜਿਸ ਵਿੱਚ ਕਦੇ ਕੁੜੀਆਂ ਤੇ ਕਦੇ ਮਰਦ 'ਚੰਗੇ' ਲੱਗਦੇ ਹਨ

ਜੋੜਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਿਣਸੀ ਖਿੱਚ ਦੇ ਇਸ ਨਿਰੰਤਰ ਬਦਲਾਅ ਨੂੰ “ਜਿਣਸੀ ਤਰਲਤਾ” ਕਿਹਾ ਜਾਂਦਾ ਹੈ।
    • ਲੇਖਕ, ਪਦਮਾ ਮੀਨਾਕਸ਼ੀ
    • ਰੋਲ, ਬੀਬੀਸੀ ਪੱਤਰਕਾਰ

‘ਕਈ ਵਾਰ ਮੈਨੂੰ ਆਪਣੇ ਪਤੀ ਪ੍ਰਤੀ ਬਹੁਤ ਖਿੱਚ ਮਹਿਸੂਸ ਹੁੰਦੀ ਹੈ ਤੇ ਅਗਲੇ ਹੀ ਪਲ ਮੈਨੂੰ ਕੋਈ ਹੋਰ ਪਸੰਦ ਆ ਜਾਂਦਾ ਹੈ। ਕੋਈ ਸੋਹਣੀ ਮੁਟਿਆਰ ਜਾਂ ਮੁੰਡੇ ਨੂੰ ਦੇਖ ਕੇ ਤੁਸੀਂ ਉਸ ਦੀ ਸਰੀਰਕ ਨਜ਼ਦੀਕੀ ਚਾਹੁੰਦੇ ਹੋ। ਮੈਂ ਅਜਿਹੇ ਮੌਕਿਆਂ ਉੱਤੇ ਬਹੁਤ ਪਰੇਸ਼ਾਨ ਹੋ ਜਾਂਦੀ ਹਾਂ।’

ਜੈਅੰਥੀ (ਬਦਲਿਆ ਨਾਮ) ਦਿੱਲੀ ਵਿੱਚ ਰਹਿੰਦੇ ਹਨ। ਉਹ 38 ਸਾਲ ਦੇ ਹਨ ਅਤੇ ਇੱਕ ਕੌਮਾਂਤਰੀ ਕੰਪਨੀ ਵਿੱਚ ਮੁਲਾਜ਼ਮ ਹਨ।

ਡਾ. ਅਰੋਗਿਆਨਾਥਡੂ, ਆਂਧਰਾ ਮੈਡੀਕਲ ਕਾਲਜ ਦੇ ਮਾਨਸਿਕ ਸੰਭਾਲ ਲਈ ਸਰਕਾਰੀ ਹਸਪਤਾਲ ਵਿੱਚ ਸਹਾਇਕ ਪ੍ਰੋਫੈਸਰ ਹਨ। ਉਨ੍ਹਾਂ ਮੁਤਾਬਕ ਇਸ ਸਥਿਤੀ ਨੂੰ ਐਬਰੋਸੈਕਸ਼ੂਐਲਿਟੀ ਕਿਹਾ ਜਾਂਦਾ ਹੈ।

ਬ੍ਰਿਟੇਨ ਦੀ ਐਮਾ ਫਲਿੰਟ ਨੇ ਹਾਲ ਹੀ ਵਿੱਚ ਮੈਟਰੋ ਮੈਗਜ਼ੀਨ ਵਿੱਚ ਇਸ ਉੱਤੇ ਇੱਕ ਲੇਖ ਲਿਖਿਆ, ਜਿਸ ਵਿੱਚ ਉਨ੍ਹਾਂ ਨੇ ਆਪਣੀ ਐਬਰੋਸੈਕਸ਼ੂਐਲਿਟੀ ਬਾਰੇ ਦੱਸਿਆ।

ਐਬਰੋਸੈਕਸ਼ੂਐਲਿਟੀ ਕੀ ਹੈ?

ਡਾ਼ ਅਰੋਗਿਆਨਾਥਡੂ ਨੇ ਬੀਬੀਸੀ ਨੂੰ ਦੱਸਿਆ ਕਿ ਮੈਡੀਕਲ ਖੇਤਰ ਵਿੱਚ ਐਬਰੋਸੈਕਸ਼ੂਐਲਿਟੀ ਨੂੰ ਇਸਤਰੀ ਅਤੇ ਪੁਰਸ਼ ਦੋਵਾਂ ਪ੍ਰਤੀ ਸਰੀਰਕ ਖਿੱਚ ਹੋਣ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ, ਜੋ ਸਮੇਂ-ਸਮੇਂ ਉੱਤੇ ਬਦਲਦੀ ਰਹਿੰਦੀ ਹੈ।

“ਇਨ੍ਹਾਂ ਲੱਛਣਾਂ ਵਾਲੇ ਲੋਕ ਕੁਝ ਦਿਨਾਂ ਤੱਕ ਪੂਰੀ ਤਰ੍ਹਾਂ ਮਰਦਾਂ ਵੱਲ ਖਿੱਚੇ ਜਾਂਦੇ ਹਨ। ਇਹ ਖਿੱਚ ਕੁਝ ਘੰਟੇ, ਕੁਝ ਦਿਨਾਂ ਤੋਂ ਲੈ ਕੇ ਕੁਝ ਮਹੀਨਿਆਂ ਤੱਕ ਜਾਰੀ ਰਹਿ ਸਕਦੀ ਹੈ। ਉਸ ਤੋਂ ਬਾਅਦ ਉਨ੍ਹਾਂ ਦਾ ਧਿਆਨ ਕੁੜੀਆਂ ਵਿੱਚ ਬਦਲ ਸਕਦਾ ਹੈ।”

ਜਿਣਸੀ ਖਿੱਚ ਦੇ ਇਸ ਨਿਰੰਤਰ ਬਦਲਾਅ ਨੂੰ “ਜਿਣਸੀ ਤਰਲਤਾ” ਕਿਹਾ ਜਾਂਦਾ ਹੈ।

ਐਬਰੋਸੈਕਸ਼ੂਐਲਿਟੀ ਇੱਕ ਨਵੀਂ ਧਾਰਨਾ ਹੈ।

'ਹਾਏ! ਤੁਸੀਂ ਬਹੁਤ ਸੋਹਣੇ ਹੋ। ਤੁਹਾਡੇ ਬਲਾਊਜ਼ ਨੂੰ ਦੇਖਣਾ ਬੜਾ ਚੰਗਾ ਲੱਗ ਰਿਹਾ ਹੈ। ਜੇ ਮੈਂ ਮੁੰਡਾ ਹੁੰਦੀ ਤਾਂ... '

ਕਈ ਔਰਤਾਂ ਨੇ ਆਪਣੀਆਂ ਸਹੇਲੀਆਂ, ਸੰਬੰਧੀਆਂ, ਦਫ਼ਤਰ ਦੀਆਂ ਸਹਿਕਰਮੀਆਂ ਤੋਂ ਅਕਸਰ ਹੀ ਅਜਿਹੀਆਂ ਟਿੱਪਣੀਆਂ ਸੁਣੀਆਂ ਹੋਣਗੀਆਂ।

ਜਦੋਂ ਕੁਝ ਔਰਤਾਂ ਅਜਿਹੀਆਂ ਟਿੱਪਣੀਆਂ ਕਰਦੀਆਂ ਹਨ ਤਾਂ ਸਾਹਮਣੇ ਵਾਲੀਆਂ ਇਨ੍ਹਾਂ ਨੂੰ ਮਜ਼ਾਕ ਵਿੱਚ ਲੈ ਲੈਂਦੀਆਂ ਹਨ। ਜਦਕਿ ਕੁਝ ਬੁਰਾ ਵੀ ਮਨਾ ਜਾਂਦੀਆਂ ਹਨ। ਅਜਿਹਾ ਇਸ ਲਈ ਹੋ ਸਕਦਾ ਹੈ ਕਿਉਂਕਿ ਦੂਜਾ ਵਿਅਕਤੀ ਤੁਹਾਡੇ ਪ੍ਰਤੀ ਖਿੱਚਿਆ ਗਿਆ ਹੈ।

ਅਜਿਹੀ ਸਥਿਤੀ ਦਾ ਸਾਹਮਣਾ ਸਿਰਫ ਕੁੜੀਆਂ ਹੀ ਨਹੀਂ ਸਗੋਂ ਮੁੰਡੇ ਵੀ ਕਰਦੇ ਹਨ।

ਇਹ ਰੁਝਾਨ ਆਮ ਹੈ ਅਤੇ ਕਿਸੇ ਦੇ ਹਮ-ਜਿਣਸੀ ਹੋਣ ਦਾ ਲੱਛਣ ਨਹੀਂ ਹੈ।

ਜਿੱਥੇ ਐਬਰੋਸੈਕਸ਼ੂਐਲਿਟੀ ਦੇ ਲੱਛਣ ਸਾਰਿਆਂ ਵਿੱਚ ਇੱਕੋ-ਜਿਹੇ ਨਹੀਂ ਹੁੰਦੇ। ਇਹ ਲੋਕ ਕੁਝ ਦਿਨ ਮਰਦਾਂ ਪ੍ਰਤੀ ਅਤੇ ਕੁਝ ਦਿਨ ਔਰਤਾਂ ਵੱਲ ਖਿੱਚੇ ਜਾਂਦੇ ਹਨ।

“ਮੈਨੂੰ ਲੱਗਿਆ ਮੇਰੀ ਸਮੱਸਿਆ ਵਿਆਹ ਨਾਲ ਹੱਲ ਹੋ ਜਾਵੇਗੀ।”

ਜੈਅੰਥੀ ਨੂੰ ਜਿਣਸੀ ਤਰਲਤਾ ਹੈ ਤੇ ਉਨ੍ਹਾਂ ਨੂੰ ਇਸ ਦਾ ਪਤਾ ਵਿਆਹ ਤੋਂ ਪਹਿਲਾਂ ਹੀ ਲੱਗ ਗਿਆ ਸੀ।

“ਵਿਆਹ ਤੋਂ ਪਹਿਲਾਂ ਹੀ ਮੈਨੂੰ ਪਤਾ ਲੱਗ ਗਿਆ ਸੀ ਕਿ ਮੈਂ ਕੁੜੀਆਂ ਅਤੇ ਮੁੰਡਿਆਂ ਦੋਵਾਂ ਪ੍ਰਤੀ ਖਿੱਚੀ ਜਾਂਦੀ ਹਾਂ। ਮੈਨੂੰ ਲੱਗਿਆ ਕਿ ਵਿਆਹ ਤੋਂ ਬਾਅਦ ਇਹ ਠੀਕ ਹੋ ਜਾਵੇਗਾ। ਲੇਕਿਨ ਫਿਰ ਮੈਨੂੰ ਪਤਾ ਲੱਗਿਆ ਕਿ ਵਿਆਹ ਮੇਰੀਆਂ ਇੱਛਾਵਾਂ ਦਾ ਹੱਲ ਨਹੀਂ ਹੈ।”

ਸੂਰਿਆ ਕਾਂਥਮ ਰਾਵੀ, ਇੱਕ ਕੌਮਾਂਤਰੀ ਫਰਮ ਵਿੱਚ ਏਸ਼ੀਆ-ਪੈਸਿਫਿਕ ਵਿਭਿੰਨਤਾ ਸਲਾਹਕਾਰ ਹਨ। ਉਨ੍ਹਾਂ ਨੇ ਜੈਅੰਥੀ ਨਾਲ ਆਪਣੀ ਖੋਜ ਦੇ ਸਿਲਸਿਲੇ ਵਿੱਚ ਗੱਲਬਾਤ ਕੀਤੀ ਸੀ।

ਜੈਅੰਥੀ ਨੂੰ ਆਪਣੇ ਸੁਭਾਅ ਬਾਰੇ ਵਿਆਹ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਸੀ। ਲੇਕਿਨ ਉਹ ਨਹੀਂ ਜਾਣਦੇ ਸੀ ਕਿ ਕੀ ਕੀਤਾ ਜਾਵੇ। ਹਾਲਾਂਕਿ ਉਨ੍ਹਾਂ ਨੇ ਆਪਣੇ ਪਰਿਵਾਰ ਜਾਂ ਦੋਸਤਾਂ ਨੂੰ ਇਸ ਬਾਰੇ ਕੁਝ ਨਹੀਂ ਸੀ ਦੱਸਿਆ।

ਜੈਅੰਥੀ ਨੂੰ ਸਮਝ ਨਹੀ ਆ ਰਹੀ ਸੀ ਕਿ ਕੀ ਕਰੇ। ਉਨ੍ਹਾਂ ਤੋਂ ਕੰਮ ਨਹੀਂ ਕੀਤਾ ਜਾ ਰਿਹਾ ਸੀ। ਗੁੱਸਾ ਸੀ। ਉਹ ਬੇਚੈਨ ਸਨ। ਉਨ੍ਹਾਂ ਨੂੰ ਲੱਗਿਆ ਕਿ ਵਿਆਹ ਇਸਦਾ ਹੱਲ ਹੋਵੇਗਾ। ਲੇਕਿਨ ਨਹੀਂ। ਉਨ੍ਹਾਂ ਨੇ ਪਤੀ ਨੂੰ ਵੀ ਨਹੀਂ ਦੱਸਿਆ। ਉਹ ਆਪਣੇ ਪਰਿਵਾਰ ਵਿੱਚ ਦੁਸ਼ਵਾਰੀਆਂ ਨਹੀਂ ਚਾਹੁੰਦੇ ਸਨ।

ਸੂਰਿਆ ਕਾਂਥਮ ਨੇ ਬੀਬੀਸੀ ਨੂੰ ਦੱਸਿਆ, “ਜਦੋਂ ਜੈਅੰਥੀ ਨੂੰ ਕਿਸੇ ਹੋਰ ਸ਼ਖ਼ਸ ਪ੍ਰਤੀ ਖਿੱਚ ਮਹਿਸੂਸ ਹੁੰਦੀ ਹੈ ਪਰ ਉਨ੍ਹਾਂ ਨੂੰ ਆਪਣੇ ਪਤੀ ਦੇ ਨਜ਼ਦੀਕ ਹੋਣਾ ਪੈਂਦਾ ਹੈ ਤਾਂ ਉਹ ਖੁਸ਼ੀ ਨਾਲ ਪਤੀ ਨੂੰ ਹੀ ਕੋਈ ਹੋਰ ਸਮਝ ਲੈਂਦੇ ਹਨ।”

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਦਾ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

‘ਮੈਨੂੰ ਵਿਆਹ ਤੋਂ ਬਾਅਦ ਪਤਾ ਲੱਗਿਆ’

ਐਲਜੀਬੀਟੀਕਿਉ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐਬਰੋਸੈਕਸ਼ੂਐਲਿਟੀ ਬਾਰੇ ਜ਼ਿਆਦਾ ਖੋਜ ਨਹੀਂ ਹੋਈ ਹੈ

42 ਸਾਲਾ ਸ਼ਾਲਿਨੀ (ਬਦਲਿਆ ਹੋਇਆ ਨਾਮ) ਨੂੰ ਵੀ ਜਦੋਂ ਅਜਿਹਾ ਮਹਿਸੂਸ ਹੋਇਆ ਤਾਂ ਉਨ੍ਹਾਂ ਨੇ ਸਲਾਹਕਾਰ ਨਾਲ ਸੰਪਰਕ ਕੀਤਾ।

ਉਹ ਹੈਦਰਾਬਾਦ ਵਿੱਚ ਇੱਕ ਉੱਚੀ ਨੌਕਰੀ ਉੱਤੇ ਹਨ।

ਵਿਆਹ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਆਪਣੇ ਸੁਭਾਅ ਬਾਰੇ ਪਤਾ ਲੱਗਿਆ। ਜਦੋਂ ਉਹ ਇੱਕ-ਦੋ ਕਾਊਂਸਲਰਾਂ ਕੋਲ ਗਏ ਤਾਂ ਉਨ੍ਹਾਂ ਦੇ ਸਵਾਲਾਂ ਨੇ ਸ਼ਾਲਿਨੀ ਨੂੰ ਬੇਚੈਨ ਕਰ ਦਿੱਤਾ।

ਆਖਰਕਾਰ, ਉਨ੍ਹਾਂ ਨੇ ਕਾਊਂਸਲਰਾਂ ਕੋਲ ਜਾਣਾ ਬੰਦ ਕਰ ਦਿੱਤਾ।

ਕਾਊਂਸਲਰਾਂ ਨੇ ਇਸ ਸਥਿਤੀ ਨੂੰ ਇੱਕ ਵਿਗਾੜ ਸਮਝਦੇ ਹੋਏ ਦਵਾਈਆਂ ਦੀ ਮਦਦ ਨਾਲ ਲੱਛਣਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਨ੍ਹਾਂ ਨੂੰ ਕਿਸੇ ਦਵਾਈ ਦੀ ਲੋੜ ਨਹੀਂ ਸੀ।

“ਜਦੋਂ ਮੈਂ ਕੋਈ ਕੁੜੀਆਂ ਦੇਖਦੀ ਤਾਂ ਮੈਂ ਸੋਚਦੀ ਚੰਗਾ ਹੁੰਦਾ ਜੇ ਮੈਂ ਉਨ੍ਹਾਂ ਨਾਲ ਵਿਆਹ ਕਰਵਾ ਸਕਦੀ। ਮੇਰਾ ਉਨ੍ਹਾਂ ਨੂੰ ਜੱਫੀ ਪਾਉਣ ਅਤੇ ਚੁੰਮਣ ਨੂੰ ਮਨ ਕਰਦਾ। ਮੈਂ ਮੁੰਡਿਆਂ ਵੱਲ ਵੀ ਖਿੱਚੀ ਜਾਂਦੀ। ਸਾਡੀ ਦਿਲਚਸਪੀ ਸਿਰਫ਼ ਸਾਡੇ ਸਾਥੀ ਤੱਕ ਸੀਮਤ ਨਹੀਂ ਰਹਿੰਦੀ। ਦਫ਼ਤਰ ਵਿੱਚ ਆਪਣੀਆਂ ਭਾਵਨਾਵਾਂ ਨੂੰ ਦਬਾਉਂਦੇ ਹੋਏ ਮੈਂ ਸਿਰਫ ਇੰਨਾ ਹੀ ਕਹਿੰਦੀ ਕਿ ਤੁਸੀਂ ਸੋਹਣੇ ਲੱਗ ਰਹੇ ਹੋ। ਕਈ ਖੁਦ ਵੀ ਔਰਤ ਹੋਣ ਕਾਰਨ ਸਾਡੀ ਮਨਸ਼ਾ ਨਹੀਂ ਸਮਝਦੀਆਂ ਸਨ।”

ਸੂਰਿਆ ਕਾਂਥਮ ਮੁਤਾਬਕ, “ਹਾਲਾਂਕਿ ਇਹ ਦੋਵੇਂ (ਜੈਅੰਥੀ ਅਤੇ ਸ਼ਾਲਿਨੀ) ਕਿਸੇ ਨਾਲ ਸਰੀਰਕ ਸੰਬੰਧ ਦੀ ਇੱਛਾ ਨਹੀਂ ਰੱਖਦੀਆਂ ਨਾ ਹੀ ਸੁਖਾਵੇਂ ਪਰਿਵਾਰਿਕ ਰਿਸ਼ਤੇ ਤੋੜਨਾ ਚਾਹੁੰਦੀਆਂ ਹਨ।”

ਜੈਅੰਥੀ ਅਤੇ ਸ਼ਾਲਿਨੀ ਦੱਸਦੇ ਹਨ, ‘ਜਦੋਂ ਸਾਡੇ ਖਿਆਲ ਕਾਬੂ ਤੋਂ ਬਾਹਰ ਹੋ ਜਾਂਦੇ ਹਨ ਤਾਂ ਅਸੀਂ ਆਪਣਾ ਧਿਆਨ ਆਪਣੇ ਸ਼ੌਂਕਾਂ ਉੱਤੇ ਲਾਉਂਦੀਆਂ ਹਾਂ। ਜੇ ਦੂਜੇ ਮਰਦਾਂ ਵੱਲ ਚਿੱਤ ਭਟਕੇ ਵੀ ਤਾਂ ਇਸਦਾ ਵੀ ਡਰ ਰਹਿੰਦਾ ਹੈ ਕਿ ਰਿਸ਼ਤਾ ਕਿਧਰ ਜਾਵੇਗਾ।'

ਐਬਰੋਸੈਕਸ਼ੂਐਲਿਟੀ ਦੁਰਲਭ ਹੈ

ਐਲਜੀਬੀਟੀਕਿਉ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਮਾਜ ਵਿੱਚ ਇਸ ਵਿਸ਼ੇ ਬਾਰੇ ਜਾਗਰੂਕਤਾ ਦੀ ਕਮੀ ਹੈ

ਹੈਦਰਾਬਾਦ ਦੇ ਮਨੋਚਕਿਤਸਕ ਵਿਸ਼ੇਸ਼ ਕਹਿੰਦੇ ਹਨ, “ਇਸਦੇ ਜ਼ਿਆਦਾ ਮਾਮਲੇ ਸਾਹਮਣੇ ਨਹੀਂ ਆਏ ਇਸ ਲਈ ਐਬਰੋਸੈਕਸ਼ੂਐਲਿਟੀ ਬਾਰੇ ਜ਼ਿਆਦਾ ਖੋਜ ਨਹੀਂ ਹੋਈ ਹੈ।”

“ਇਸ ਦੇ ਲੱਛਣਾਂ ਕਾਰਨ ਪਰਿਵਾਰਕ ਰਿਸ਼ਤਿਆਂ ਵਿੱਚ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਹੋ ਸਕਦਾ ਹੈ ਸਾਥੀ ਇਸ ਨੂੰ ਸਵੀਕਾਰ ਨਾ ਕਰੇ। ਇਸਦੇ ਸਮਾਜਿਕ ਨਤੀਜੇ ਨਿਕਲ ਸਕਦੇ ਹਨ ਅਤੇ ਗੱਲ ਤਲਾਕ ਤੱਕ ਪਹੁੰਚ ਸਕਦੀ ਹੈ।”

ਐਲਨ ਡੇਟੋਨ ਨੇ ਆਪਣੇ ਖੋਜ ਪਰਚੇ, ‘ਐਬਰੋਸੈਕਸ਼ੂਐਲਾਂ ਦਾ ਟਿਕਟੌਕ ਉੱਤੇ ਅਨੁਭਵ’ ਵਿੱਚ ਲਿਖਿਆ, “ਮੈਂ ਕਦੇ ਆਪਣੇ ਵਰਗੇ ਕਿਸੇ ਹੋਰ ਇਨਸਾਨ ਨੂੰ ਨਹੀਂ ਮਿਲੀ।” ਉਨ੍ਹਾਂ ਮੁਤਾਬਕ ਸਮਾਜ ਵਿੱਚ ਇਸ ਵਿਸ਼ੇ ਬਾਰੇ ਜਾਗਰੂਕਤਾ ਦੀ ਕਮੀ ਹੈ।

ਖੋਜ ਪੇਪਰ ਮੁਤਾਬਕ ਟਿਕਟੌਕ ਉੱਤੇ ਕਿਸੇ ਨੇ ਲਿਖਿਆ ਕਿ ਸੋਸ਼ਲ ਮੀਡੀਆ ਉੱਤੇ ਇਸ ਬਾਰੇ ਪੁੱਛੇ ਜਾਣ ਵਾਲੇ ਸਵਾਲਾਂ ਦਾ ਜਵਾਬ ਦੇਣਾ ਹੋਰ ਵੀ ਤਣਾਅ-ਪੂਰਨ ਹੈ।

ਹਾਲਾਂਕਿ, ਹੁਣ ਸੋਸ਼ਲ ਮੀਡੀਆ ਉੱਤੇ ਇਸ ਬਾਰੇ ਸਪੋਰਟ ਗਰੁੱਪ ਮੌਜੂਦ ਹਨ, ਜੋ ਐੱਲਜੀਬੀਟੀਕਿਊ ਅਤੇ ਹਮ-ਜਿਣਸੀ ਸੁਭਾਅ ਬਾਰੇ ਜਾਗਰੂਕਤਾ ਪੈਦਾ ਕਰਦੇ ਹਨ।

ਜੋਅ ਸਟਾਲਰ, ਇੱਕ ਕੁਈਰ ਅਤੇ ਜਿਣਸੀ ਤਰਲਤਾ ਵਾਲੇ ਸਮਾਜਿਕ ਕਾਰਕੁਨ ਹਨ। ਉਹ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇਸ ਬਾਰੇ ਜਾਗਰੂਕਤਾ ਪੋਸਟਾਂ ਪਾਉਂਦੇ ਰਹਿੰਦੇ ਹਨ।

ਹਾਰਮੋਨਾਂ ਦਾ ਉੱਪਰ ਥੱਲੇ ਹੋਣਾ, ਵਿਚਾਰ ਅਤੇ ਪਰਵਰਿਸ਼ ਦੀਆਂ ਸਥਿਤੀਆਂ ਵੀ ਅਜਿਹੇ ਲੱਛਣਾਂ ਲਈ ਜ਼ਿੰਮੇਵਾਰ ਹਨ। ਹਾਲਾਂਕਿ ਡਾ਼ ਅਰੋਗਿਆਨਾਥਡੂ ਮੁਤਾਬਕ ਐਬਰੋਸੈਕਸ਼ੂਐਲਿਟੀ ਦਾ ਕੋਈ ਇੱਕ ਵਿਸ਼ੇਸ਼ ਕਾਰਨ ਨਹੀਂ ਹੈ।

ਵਿਨੇਸ਼ ਕਹਿੰਦੇ ਹਨ ਕਿ ਜਦੋਂ ਕਿਸੇ ਨੂੰ ਇਨ੍ਹਾਂ ਲੱਛਣਾਂ ਦਾ ਪਤਾ ਲੱਗ ਤਾਂ ਉਸ ਨੂੰ ਸਥਿਤੀ ਨੂੰ ਮੁਤਾਬਕ ਫੈਸਲਾ ਲੈਣਾ ਚਾਹੀਦਾ ਹੈ।

ਉਹ ਕਹਿੰਦੇ ਹਨ, “ਜਦੋਂ ਉਹ ਆਪਣੇ ਸੁਭਾਅ ਸਮਝਣ ਤੋਂ ਬਾਅਦ ਉਨ੍ਹਾਂ ਨੂੰ ਮਦਦ ਦੀ ਲੋੜ ਨਹੀਂ ਹੈ। ਕਿਸੇ ਮਾਹਰ ਦੀ ਲੋੜ ਉਦੋਂ ਤੱਕ ਹੁੰਦੀ ਹੈ ਜਦੋਂ ਬੰਦੇ ਨੂੰ ਆਪਣੇ ਬਾਰੇ ਜਾਣਕਾਰੀ ਨਾ ਹੋਵੇ।”

ਉਹ ਕਹਿੰਦੇ ਹਨ ਕਿ, “ਜੇ ਇਸ ਗੁਣ-ਸੁਭਾਅ ਨੂੰ ਕੁਦਰਤੀ ਸਮਝਿਆ ਜਾਵੇ ਤੇ ਜ਼ਿੰਦਗੀ ਆਮ ਵਾਂਗ ਚਲਦੀ ਰਹੇ ਤਾਂ ਕੋਈ ਸਮੱਸਿਆ ਨਹੀਂ ਹੈ।”

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)