ਸਟੌਰਮ ਸ਼ੈਡੋ ਮਿਜ਼ਾਈਲਾਂ ਕੀ ਹਨ ਅਤੇ ਇਹ ਯੂਕਰੇਨ ਲਈ ਕਿਉਂ ਮਹੱਤਵਪੂਰਨ ਹਨ?

ਤਸਵੀਰ ਸਰੋਤ, Getty Images
- ਲੇਖਕ, ਫ੍ਰੈਂਕ ਗਾਰਡਨਰ
- ਰੋਲ, ਬੀਬੀਸੀ ਪੱਤਰਕਾਰ
ਇਸ ਗੱਲ ਦੇ ਸੰਕੇਤ ਮਿਲੇ ਹਨ ਕਿ ਅਮਰੀਕਾ ਅਤੇ ਬ੍ਰਿਟੇਨ ਕੁਝ ਹੀ ਦਿਨਾਂ ਵਿੱਚ ਯੂਕਰੇਨ ਵੱਲੋਂ ਰੂਸ ਦੇ ਅੰਦਰ ਸਥਿਤ ਟੀਚਿਆਂ ’ਤੇ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੀ ਵਰਤੋਂ ’ਤੇ ਲਗਾਈਆਂ ਪਾਬੰਦੀਆਂ ਹਟਾਉਣ ਵਾਲੇ ਹਨ।
ਪਰ ਸ਼ੁੱਕਰਵਾਰ ਨੂੰ ਵਾਸ਼ਿੰਗਟਨ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਯੂਕੇ ਦੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਵਿਚਕਾਰ ਹੋਈ ਗੱਲਬਾਤ ਤੋਂ ਇਸ ਦੀ ਕੋਈ ਪੁਸ਼ਟੀ ਨਹੀਂ ਹੋਈ।
ਯੂਕਰੇਨ ਨੂੰ ਪਹਿਲਾਂ ਹੀ ਇਨ੍ਹਾਂ ਮਿਜ਼ਾਈਲਾਂ ਦੀ ਸਪਲਾਈ ਹੋ ਚੁੱਕੀ ਹੈ, ਪਰ ਉਸ ਨੂੰ ਆਪਣੀਆਂ ਸਰਹੱਦਾਂ ਤੋਂ ਬਾਹਰ ਇਨ੍ਹਾਂ ਨੂੰ ਦਾਗਣ ਦੀ ਪ੍ਰਵਾਨਗੀ ਨਹੀਂ ਹੈ।
ਯੂਕਰੇਨ ਕਈ ਹਫ਼ਤਿਆਂ ਤੋਂ ਇਨ੍ਹਾਂ ਪਾਬੰਦੀਆਂ ਨੂੰ ਹਟਾਉਣ ਲਈ ਬੇਨਤੀ ਕਰ ਰਿਹਾ ਹੈ ਤਾਂ ਜੋ ਇਹ ਰੂਸ ਦੇ ਅੰਦਰ ਨਿਸ਼ਾਨਿਆਂ ’ਤੇ ਮਿਜ਼ਾਈਲਾਂ ਨੂੰ ਦਾਗ਼ ਸਕੇ।
ਫਿਰ ਪੱਛਮੀ ਮੁਲਕ ਇਹ ਪ੍ਰਵਾਨਗੀ ਕਿਉਂ ਨਹੀਂ ਦੇ ਰਿਹਾ ਅਤੇ ਇਨ੍ਹਾਂ ਮਿਜ਼ਾਈਲਾਂ ਨਾਲ ਯੁੱਧ ਵਿੱਚ ਕੀ ਫਰਕ ਪਵੇਗਾ?
ਸਟੌਰਮ ਸ਼ੈਡੋ ਮਿਜ਼ਾਈਲ ਕੀ ਹੈ?

ਤਸਵੀਰ ਸਰੋਤ, Getty Images
ਸਟੌਰਮ ਸ਼ੈਡੋ ਐਂਗਲੋ-ਫਰੈਂਚ ਕਰੂਜ਼ ਮਿਜ਼ਾਈਲ ਹੈ ਜਿਸ ਦੀ ਵੱਧ ਤੋਂ ਵੱਧ ਰੇਂਜ ਲਗਭਗ 250 ਕਿਲੋਮੀਟਰ (155 ਮੀਲ) ਹੈ। ਫਰਾਂਸੀਸੀ ਇਸ ਨੂੰ ਸਕੈਲਪ ਕਹਿੰਦੇ ਹਨ।
ਬ੍ਰਿਟੇਨ ਅਤੇ ਫਰਾਂਸ ਪਹਿਲਾਂ ਹੀ ਯੂਕਰੇਨ ਨੂੰ ਇਹ ਮਿਜ਼ਾਈਲਾਂ ਭੇਜ ਚੁੱਕੇ ਹਨ, ਪਰ ਇਸ ਸ਼ਰਤ ਨਾਲ ਕਿ ਯੂਕਰੇਨ ਉਨ੍ਹਾਂ ਨੂੰ ਸਿਰਫ਼ ਆਪਣੀਆਂ ਸਰਹੱਦਾਂ ਦੇ ਅੰਦਰ ਹੀ ਨਿਸ਼ਾਨਿਆਂ 'ਤੇ ਦਾਗ਼ ਸਕਦਾ ਹੈ।
ਇਸ ਨੂੰ ਏਅਰਕ੍ਰਾਫਟ ਤੋਂ ਲਾਂਚ ਕੀਤਾ ਜਾਂਦਾ ਹੈ, ਫਿਰ ਇਹ ਆਵਾਜ਼ ਦੀ ਗਤੀ ਦੇ ਕਰੀਬ ਉਡਾਣ ਭਰਦੀ ਹੈ, ਜ਼ਮੀਨ ਨਾਲ ਟਕਰਾਉਂਦੀ ਹੈ ਅਤੇ ਫਿਰ ਹੇਠਾਂ ਡਿੱਗ ਕੇ ਆਪਣੇ ਵੱਡੇ ਵਿਸਫੋਟਕ ਵਾਰਹੈੱਡ ਦਾ ਵਿਸਫੋਟ ਕਰਦੀ ਹੈ।
ਸਟੌਰਮ ਸ਼ੈਡੋ ਨੂੰ ਕਠੋਰ ਬੰਕਰਾਂ ਅਤੇ ਗੋਲਾ ਬਾਰੂਦ ਦੇ ਭੰਡਾਰਾਂ ਨੂੰ ਨਸ਼ਟ ਕਰਨ ਲਈ ਇੱਕ ਆਦਰਸ਼ ਹਥਿਆਰ ਮੰਨਿਆ ਜਾਂਦਾ ਹੈ, ਜਿਵੇਂ ਕਿ ਰੂਸ ਨੇ ਯੂਕਰੇਨ ਦੇ ਖਿਲਾਫ਼ ਯੁੱਧ ਵਿੱਚ ਇਨ੍ਹਾਂ ਦੀ ਵਰਤੋਂ ਕੀਤੀ ਹੈ।
ਪ੍ਰਤੀ ਮਿਜ਼ਾਈਲ ਦੀ ਕੀਮਤ ਲਗਭਗ 1 ਮਿਲੀਅਨ ਅਮਰੀਕੀ ਡਾਲਰ (£767,000) ਹੈ, ਇਸ ਲਈ ਉਨ੍ਹਾਂ ਨੂੰ ਬਹੁਤ ਸਸਤੇ ਡਰੋਨਾਂ ਦੀ ਸਾਵਧਾਨੀਪੂਰਵਕ ਯੋਜਨਾਬੱਧ ਸੀਰੀਜ਼ ਦੇ ਹਿੱਸੇ ਵਜੋਂ ਲਾਂਚ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਦੁਸ਼ਮਣ ਦੀ ਹਵਾਈ ਸੁਰੱਖਿਆ ਨੂੰ ਭਟਕਾਉਣ ਅਤੇ ਕਮਜ਼ੋਰ ਕਰਨ ਲਈ ਭੇਜਿਆ ਜਾਂਦਾ ਹੈ। ਬਿਲਕੁਲ ਉਸੇ ਤਰ੍ਹਾਂ ਹੀ ਜਿਵੇਂ ਰੂਸ ਯੂਕਰੇਨ ਨਾਲ ਕਰਦਾ ਆ ਰਿਹਾ ਹੈ।
ਇਨ੍ਹਾਂ ਦੀ ਵਰਤੋਂ ਬਹੁਤ ਪ੍ਰਭਾਵੀ ਢੰਗ ਨਾਲ ਕੀਤੀ ਗਈ ਹੈ, ਜਿਸ ਵਿੱਚ ਰੂਸ ਦੇ ਬਲੈਕ ਸੀ ਵਿੱਚ ਸਥਿਤ ਜਲ ਸੈਨਾ ਦੇ ਹੈੱਡਕੁਆਰਟਰ ਸੇਵਾਸਤੋਪੋਲ ’ਤੇ ਹਮਲਾ ਕਰਨ ਅਤੇ ਸਮੁੱਚੇ ਕ੍ਰੀਮੀਆ ਨੂੰ ਰੂਸੀ ਜਲ ਸੈਨਾ ਲਈ ਅਸੁਰੱਖਿਅਤ ਬਣਾਉਣ ਲਈ।
ਮਿਲਟਰੀ ਵਿਸ਼ਲੇਸ਼ਕ, ਸਾਬਕਾ ਬ੍ਰਿਟਿਸ਼ ਫੌਜੀ ਅਧਿਕਾਰੀ ਅਤੇ ਸਿਬਿਲਲਾਈਨ ਸਲਾਹਕਾਰ ਦੇ ਸੀਈਓ ਜਸਟਿਨ ਕ੍ਰੰਪ ਦਾ ਕਹਿਣਾ ਹੈ ਕਿ ਸਟੌਰਮ ਸ਼ੈਡੋ ਯੂਕਰੇਨ ਲਈ ਬਹੁਤ ਪ੍ਰਭਾਵਸ਼ਾਲੀ ਹਥਿਆਰ ਰਿਹਾ ਹੈ, ਜੋ ਕਬਜ਼ੇ ਵਾਲੇ ਖੇਤਰ ਵਿੱਚ ਚੰਗੀ ਤਰ੍ਹਾਂ ਸੁਰੱਖਿਅਤ ਟੀਚਿਆਂ ’ਤੇ ਸਟੀਕ ਹਮਲਾ ਕਰਦਾ ਹੈ।
ਉਨ੍ਹਾਂ ਨੇ ਕਿਹਾ, ‘‘ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਯੂਕਰੇਨ ਨੇ ਰੂਸ ਦੇ ਅੰਦਰ ਇਸ ਦੀ ਵਰਤੋਂ ਲਈ ਲਾਬਿੰਗ ਕੀਤੀ ਹੈ, ਖਾਸ ਤੌਰ 'ਤੇ ਉਨ੍ਹਾਂ ਲੜਾਕੂ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਲਈ ਜਿਨ੍ਹਾਂ ਦੀ ਵਰਤੋਂ ਗਲਾਈਡ ਬੰਬ ਹਮਲਿਆਂ ਲਈ ਕੀਤੀ ਜਾ ਰਹੀ ਹੈ।
"ਜਿਨ੍ਹਾਂ ਨਾਲ ਹਾਲ ਹੀ ਵਿੱਚ ਯੂਕਰੇਨ ਦੇ ਪਹਿਲੀ ਕਤਾਰ ਦੇ ਯਤਨਾਂ ਵਿੱਚ ਰੁਕਾਵਟ ਪੈਦਾ ਕੀਤੀ ਗਈ ਹੈ।"
ਯੂਕਰੇਨ ਇਸ ਦੀ ਵਰਤੋਂ ਹੁਣ ਕਿਉਂ ਚਾਹੁੰਦਾ ਹੈ?

ਤਸਵੀਰ ਸਰੋਤ, EPA
ਯੂਕਰੇਨ ਦੇ ਸ਼ਹਿਰ ਅਤੇ ਫਰੰਟ ਲਾਈਨ ਮੋਰਚੇ ਰੂਸ ਵੱਲੋਂ ਰੋਜ਼ਾਨਾ ਸੁੱਟੇ ਜਾ ਰਹੇ ਬੰਬਾਂ ਦੀ ਚਪੇਟ ਵਿੱਚ ਹਨ।
ਫੌਜੀ ਟਿਕਾਣਿਆਂ, ਫਲੈਟਾਂ ਅਤੇ ਹਸਪਤਾਲਾਂ 'ਤੇ ਤਬਾਹੀ ਮਚਾਉਣ ਵਾਲੀਆਂ ਕਈ ਮਿਜ਼ਾਈਲਾਂ ਅਤੇ ਗਲਾਈਡ ਬੰਬ ਰੂਸ ਦੇ ਅੰਦਰੋਂ ਹੀ ਰੂਸੀ ਲੜਾਕੂ ਜਹਾਜ਼ਾਂ ਵੱਲੋਂ ਦਾਗੇ ਜਾਂਦੇ ਹਨ।
ਯੂਕਰੇਨ ਦੀ ਸ਼ਿਕਾਇਤ ਹੈ ਕਿ ਜਿਨ੍ਹਾਂ ਟਿਕਾਣਿਆਂ ਤੋਂ ਇਹ ਹਮਲੇ ਕੀਤੇ ਜਾ ਰਹੇ ਹਨ, ਉਨ੍ਹਾਂ ’ਤੇ ਹਮਲਾ ਕਰਨ ਦੀ ਆਗਿਆ ਨਾ ਦੇਣਾ, ਆਪਣੇ ਹੱਥ ਪਿੱਛੇ ਬੰਨ੍ਹ ਕੇ ਯੁੱਧ ਲੜਨ ਦੇ ਬਰਾਬਰ ਹੈ।
ਇਸ ਮਹੀਨੇ ਪ੍ਰਾਗ ਵਿੱਚ ਹੋਏ ਗਲੋਬਸੇਕ ਸੁਰੱਖਿਆ ਫੋਰਮ ਵਿੱਚ ਮੈਂ ਮੌਜੂਦ ਸੀ, ਜਿੱਥੇ ਇਹ ਵੀ ਕਿਹਾ ਗਿਆ ਸੀ ਕਿ ਪਾਬੰਦੀਆਂ ਦੇ ਕਾਰਨ ਰੂਸੀ ਫੌਜੀ ਏਅਰਬੇਸ, ਯੂਕਰੇਨੀ ਨਾਗਰਿਕਾਂ ਦੇ ਮੁਕਾਬਲੇ ਜ਼ਿਆਦਾ ਸੁਰੱਖਿਅਤ ਹਨ।
ਯੂਕਰੇਨ ਕੋਲ ਆਪਣਾ ਖੁਦ ਦਾ ਅਤਿ ਆਧੁਨਿਕ ਅਤੇ ਪ੍ਰਭਾਵਸ਼ਾਲੀ ਲੰਬੀ ਦੂਰੀ ਦਾ ਡਰੋਨ ਪ੍ਰੋਗਰਾਮ ਹੈ।
ਕਈ ਵਾਰ ਇਨ੍ਹਾਂ ਡਰੋਨ ਹਮਲਿਆਂ ਨੇ ਰੂਸੀ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਇਹ ਰੂਸ ਦੇ ਸੈਂਕੜੇ ਕਿਲੋਮੀਟਰ ਅੰਦਰ ਤੱਕ ਘੁਸਪੈਠ ਕਰ ਗਏ ਹਨ।
ਪਰ ਉਹ ਸਿਰਫ਼ ਇੱਕ ਛੋਟਾ ਪੇਲੈਂਡ ਲੈ ਕੇ ਜਾ ਸਕਦੇ ਹਨ ਅਤੇ ਉਨ੍ਹਾਂ ਵਿੱਚ ਜ਼ਿਆਦਾਤਰ ਦਾ ਰੂਸ ਵੱਲੋਂ ਪਤਾ ਲਾ ਲਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਰੋਕ ਲਿਆ ਜਾਂਦਾ ਹੈ।
ਯੂਕਰੇਨ ਦਾ ਤਰਕ ਹੈ ਕਿ ਰੂਸੀ ਹਵਾਈ ਹਮਲਿਆਂ ਦੇ ਟਾਕਰੇ ਲਈ ਉਸ ਨੂੰ ਸਟੌਰਮ ਸ਼ੈਡੋ ਅਤੇ ਅਮਰੀਕੀ ਏਟੀਏਸੀਐੱਮ ਸਮੇਤ ਤੁਲਨਾਤਮਕ ਪ੍ਰਣਾਲੀਆਂ ਦੀ ਜ਼ਰੂਰਤ ਹੈ, ਜਿਨ੍ਹਾਂ ਦੀ ਰੇਂਜ 300 ਕਿਲੋਮੀਟਰ ਤੋਂ ਵੀ ਵੱਧ ਹੈ।

ਤਸਵੀਰ ਸਰੋਤ, Getty Images
ਸਟੌਰਮ ਸ਼ੈਡੋ ਨਾਲ ਕੀ ਫਰਕ ਪੈ ਸਕਦਾ ਹੈ?
ਕੁਝ ਹੱਦ ਤੱਕ ਇਹ ਬਹੁਤ ਦੇਰ ਨਾਲ ਚੁੱਕਿਆ ਗਿਆ ਕਦਮ ਹੋ ਸਕਦਾ ਹੈ।
ਯੂਕਰੇਨ ਇੰਨੇ ਲੰਬੇ ਸਮੇਂ ਤੋਂ ਰੂਸ ਦੇ ਅੰਦਰ ਲੰਬੀ ਦੂਰੀ ਦੀਆਂ ਪੱਛਮੀ ਮਿਜ਼ਾਈਲਾਂ ਦੀ ਵਰਤੋਂ ਕਰਨ ਦੀ ਮੰਗ ਕਰ ਰਿਹਾ ਹੈ ਜਦੋਂਕਿ ਰੂਸ ਨੇ ਇਨ੍ਹਾਂ ਪਾਬੰਦੀਆਂ ਦੇ ਹਟਣ ਦੀ ਸੰਭਾਵਨਾ ਵਜੋਂ ਪਹਿਲਾਂ ਹੀ ਸਾਵਧਾਨੀ ਵਰਤ ਲਈ ਹੈ।
ਉਸ ਨੇ ਆਪਣੇ ਬੰਬ ਸੁੱਟਣ ਵਾਲੇ ਜਹਾਜ਼ਾਂ, ਮਿਜ਼ਾਈਲਾਂ ਅਤੇ ਉਨ੍ਹਾਂ ਨੂੰ ਕਾਇਮ ਰੱਖਣ ਵਾਲੇ ਕੁਝ ਬੁਨਿਆਦੀ ਢਾਂਚੇ ਨੂੰ ਯੂਕਰੇਨ ਦੀ ਸਰਹੱਦ ਤੋਂ ਦੂਰ ਅਤੇ ਸਟੌਰਮ ਸ਼ੈਡੋ ਦੀ ਰੇਂਜ ਤੋਂ ਬਾਹਰ ਕਰ ਲਿਆ ਹੈ।
ਇੰਸਟੀਚਿਊਟ ਫਾਰ ਦਿ ਸਟੱਡੀ ਆਫ ਵਾਰ ਥਿੰਕ ਟੈਂਕ (ਆਈਐੱਸਡਬਲਯੂ) ਨੇ ਲਗਭਗ 200 ਰੂਸੀ ਠਿਕਾਣਿਆਂ ਦੀ ਪਛਾਣ ਕੀਤੀ ਹੈ ਜੋ ਯੂਕਰੇਨ ਤੋਂ ਦਾਗੇ ਜਾਣ ਵਾਲੇ ਸਟੌਰਮ ਸ਼ੈਡੋ ਦੀ ਰੇਜ਼ ਵਿੱਚ ਹੋਣਗੇ।
ਜੇਕਰ ਅਮਰੀਕਾ ਰੂਸ ਵਿੱਚ ਏਟੀਏਸੀਐੱਮਐੱਸ ਮਿਜ਼ਾਈਲਾਂ ਦੀ ਵਰਤੋਂ ਦੀ ਮਨਜ਼ੂਰੀ ਦਿੰਦਾ ਹੈ ਤਾਂ ਕੁਝ ਹੋਰ ਵਾਧੂ ਖੇਤਰ ਇਸ ਦੀ ਰੇਂਜ ਵਿੱਚ ਆ ਜਾਣਗੇ।
ਪਰ ਇੱਕ ਸਾਬਕਾ ਅਮਰੀਕੀ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਵ੍ਹਾਈਟ ਹਾਊਸ ਅਤੇ ਪੈਂਟਾਗਨ ਵਿੱਚ ਇਸ ਗੱਲ ਨੂੰ ਲੈ ਕੇ ਸ਼ੱਕ ਸੀ ਕਿ ਰੂਸ ਦੇ ਅੰਦਰ ਸਟੌਰਮ ਸ਼ੈਡੋ ਮਿਜ਼ਾਈਲਾਂ ਦੀ ਵਰਤੋਂ ਨਾਲ ਯੂਕਰੇਨ ਦੇ ਯੁੱਧ ਯਤਨਾਂ ਵਿੱਚ ਕਿੰਨਾ ਕੁ ਫਰਕ ਪਾਵੇਗਾ।

ਤਸਵੀਰ ਸਰੋਤ, Getty Images
ਸਿਬਿਲਿਨ ਦੇ ਜਸਟਿਨ ਕ੍ਰੰਪ ਦਾ ਕਹਿਣਾ ਹੈ ਕਿ ਹਾਲਾਂਕਿ, ਰੂਸੀ ਹਵਾਈ ਰੱਖਿਆ ਪ੍ਰਣਾਲੀ ਯੂਕਰੇਨ ਦੇ ਅੰਦਰ ਸਟੌਰਮ ਸ਼ੈਡੋ ਦੇ ਖਤਰੇ ਦਾ ਮੁਕਾਬਲਾ ਕਰਨ ਲਈ ਵਿਕਸਤ ਹੋ ਗਈ ਹੈ, ਪਰ ਇਹ ਕੰਮ ਬਹੁਤ ਕਠਿਨ ਹੋਵੇਗਾ ਕਿਉਂਕਿ ਰੂਸ ਦਾ ਖੇਤਰ ਹੁਣ ਹਮਲੇ ਦੇ ਸਾਹਮਣੇ ਆ ਸਕਦਾ ਹੈ।
‘‘ਇਸ ਨਾਲ ਫੌਜੀ ਸਾਜ਼ੋ-ਸਾਮਾਨ, ਕਮਾਂਡ ਅਤੇ ਕੰਟਰੋਲ ਅਤੇ ਹਵਾਈ ਸਹਾਇਤਾ ਪਹੁੰਚਾਉਣਾ ਔਖਾ ਹੋ ਜਾਵੇਗਾ। ਬੇਸ਼ੱਕ ਰੂਸੀ ਜਹਾਜ਼ ਮਿਜ਼ਾਈਲ ਦੇ ਖਤਰੇ ਤੋਂ ਬਚਣ ਲਈ ਯੂਕਰੇਨ ਦੀਆਂ ਸਰਹੱਦਾਂ ਤੋਂ ਹੋਰ ਪਿੱਛੇ ਹਟ ਜਾਣ, ਫਿਰ ਵੀ ਉਨ੍ਹਾਂ ਨੂੰ ਮੋਰਚੇ ’ਤੇ ਪਹੁੰਚਣ ਲਈ ਲੱਗਣ ਵਾਲੇ ਸਮੇਂ ਅਤੇ ਲਾਗਤ ਵਿੱਚ ਵਾਧੇ ਦਾ ਸਾਹਮਣਾ ਕਰਨਾ ਪਵੇਗਾ।’’
ਰੂਸੀ ਥਿੰਕ ਟੈਂਕ ਵਿੱਚ ਮਿਲਟਰੀ ਸਾਇੰਸ ਦੇ ਡਾਇਰੈਕਟਰ ਮੈਥਿਊ ਸੇਵਿਲ ਦਾ ਮੰਨਣਾ ਹੈ ਕਿ ਪਾਬੰਦੀਆਂ ਹਟਾਉਣ ਨਾਲ ਯੂਕਰੇਨ ਨੂੰ ਦੋ ਮੁੱਖ ਲਾਭ ਹੋਣਗੇ।
ਪਹਿਲਾਂ, ਇਹ ਇੱਕ ਹੋਰ ਪ੍ਰਣਾਲੀ, ਏਟੀਏਸੀਐੱਮ’ਸ ਨੂੰ ‘ਅਨਲਾਕ’ ਕਰ ਸਕਦਾ ਹੈ।
ਦੂਜਾ, ਇਸ ਨਾਲ ਰੂਸ ਲਈ ਦੁਬਿਧਾ ਦੀ ਸਥਿਤੀ ਪੈਦਾ ਹੋ ਜਾਵੇਗੀ ਕਿ ਉਹ ਆਪਣੇ ਬਹੁਮੁੱਲੇ ਹਵਾਈ ਸੁਰੱਖਿਆ ਉਪਕਰਨਾਂ ਨੂੰ ਕਿੱਥੇ ਤਾਇਨਾਤ ਕਰੇ। ਉਨ੍ਹਾਂ ਦੇ ਮੁਤਾਬਕ ਇਸ ਨਾਲ ਯੂਕਰੇਨ ਦੇ ਡਰੋਨਾਂ ਲਈ ਉੱਥੋਂ ਲੰਘਣਾ ਆਸਾਨ ਹੋ ਜਾਵੇਗਾ।
ਹਾਲਾਂਕਿ, ਸੇਵਿਲ ਦਾ ਕਹਿਣਾ ਹੈ ਕਿ ਆਖਿਰਕਾਰ ਸਟੌਰਮ ਸ਼ੈਡੋ ਨਾਲ ਸਥਿਤੀ ਬਦਲਣ ਦੀ ਸੰਭਾਵਨਾ ਨਹੀਂ ਹੈ। ਯੂਕਰੇਨ ਕੋਲ ਇਸ ਦੀਆਂ ਬਹੁਤ ਸਾਰੀਆਂ ਮਿਜ਼ਾਈਲਾਂ ਨਹੀਂ ਹਨ ਅਤੇ ਯੂਕੇ ਕੋਲ ਦੇਣ ਲਈ ਬਹੁਤ ਘੱਟ ਮਿਜ਼ਾਈਲਾਂ ਬਚੀਆਂ ਹਨ।
ਇਹ ਵਿਆਪਕ ਤੌਰ 'ਤੇ ਦੱਸਿਆ ਗਿਆ ਹੈ ਕਿ ਇਸ ਦੀ ਇਜਾਜ਼ਤ ਮਿਲਣ ਦੀ ਸੰਭਾਵਨਾ ਵਿੱਚ ਰੂਸ ਨੇ ਪਹਿਲਾਂ ਹੀ ਆਪਣੀ ਜ਼ਿਆਦਾਤਰ ਹਵਾਈ ਸੰਪਤੀ ਅਤੇ ਗੋਲਾ-ਬਾਰੂਦ ਨੂੰ ਯੂਕਰੇਨ ਦੀਆਂ ਮਿਜ਼ਾਈਲਾਂ ਦੀ ਸੀਮਾ ਤੋਂ ਬਾਹਰ, ਰੂਸ ਵਿੱਚ ਦੂਰ ਪਹੁੰਚਾ ਦਿੱਤਾ ਹੈ।
ਪੱਛਮ ਨੂੰ ਝਿਜਕ ਕਿਸ ਗੱਲ ਦੀ ਹੈ?
ਜੇਕਰ ਇੱਕ ਸ਼ਬਦ ਵਿੱਚ ਕਹੀਏ ਤਾਂ ‘ਵਾਧਾ’ ਯਾਨੀ ਯੁੱਧ ਦੀ ਤੀਬਰਤਾ ਵਿੱਚ ਵਾਧਾ ਹੋਣਾ।
ਅਮਰੀਕਾ ਨੂੰ ਚਿੰਤਾ ਹੈ ਕਿ ਹਾਲਾਂਕਿ ਹੁਣ ਤੱਕ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀਆਂ ਸਾਰੀਆਂ ਧਮਕੀ ਭਰੀਆਂ ਗੱਲਾਂ ਖੋਖਲੀਆਂ ਸਾਬਤ ਹੋਈਆਂ ਹਨ, ਪਰ ਯੂਕਰੇਨ ਨੂੰ ਪੱਛਮੀ ਦੇਸ਼ਾਂ ਵੱਲੋਂ ਸਪਲਾਈ ਕੀਤੀਆਂ ਮਿਜ਼ਾਈਲਾਂ ਨਾਲ ਰੂਸ ਦੇ ਅੰਦਰ, ਅੰਦਰੂਨੀ ਇਲਾਕਿਆਂ ਵਿੱਚ ਟੀਚਿਆਂ ਨੂੰ ਨਿਸ਼ਾਨਾ ਬਣਾਉਣ ਦੀ ਆਗਿਆ ਦੇਣ ਨਾਲ, ਉਹ ਜਵਾਬੀ ਕਾਰਵਾਈ ਕਰਨ ਲਈ ਮਜਬੂਰ ਹੋ ਸਕਦਾ ਹੈ।
ਵ੍ਹਾਈਟ ਹਾਊਸ ਵਿੱਚ ਇਹ ਡਰ ਕਿ ਕ੍ਰੇਮਲਿਨ ਵਿੱਚ ਕੱਟੜਪੰਥੀ ਲੋਕ ਇਸ ਗੱਲ 'ਤੇ ਜ਼ੋਰ ਦੇ ਸਕਦੇ ਹਨ ਕਿ ਇਹ ਜਵਾਬੀ ਕਾਰਵਾਈ ਯੂਕਰੇਨ ਜਾਣ ਵਾਲੀਆਂ ਮਿਜ਼ਾਈਲਾਂ ਦੇ ਟ੍ਰਾਂਜ਼ਿਟ ਪੁਆਇੰਟਾਂ ’ਤੇ ਹਮਲਾ ਕਰਨ ਦਾ ਰੂਪ ਲੈ ਸਕਦੀ ਹੈ, ਜਿਵੇਂ ਕਿ ਪੋਲੈਂਡ ਵਿੱਚ ਏਅਰਬੇਸ ’ਤੇ।
ਜੇ ਅਜਿਹਾ ਹੁੰਦਾ ਹੈ ਤਾਂ ਨਾਟੋ ਦੇ ਆਰਟੀਕਲ 5 ਨੂੰ ਲਾਗੂ ਕੀਤਾ ਜਾ ਸਕਦਾ ਹੈ, ਜਿਸ ਦਾ ਅਰਥ ਇਹ ਹੋਵੇਗਾ ਕਿ ਗੱਠਜੋੜ ਰੂਸ ਨਾਲ ਸਿੱਧਾ ਜੰਗ ਵਿੱਚ ਉਤਰ ਜਾਵੇਗਾ।
24 ਫਰਵਰੀ 2022 ਨੂੰ ਰੂਸ ਵੱਲੋਂ ਯੂਕਰੇਨ 'ਤੇ ਸੰਪੂਰਨ ਪੈਮਾਨੇ 'ਤੇ ਹਮਲੇ ਤੋਂ ਬਾਅਦ, ਵ੍ਹਾਈਟ ਹਾਊਸ ਦਾ ਉਦੇਸ਼ ਰੂਸ ਨਾਲ ਸਿੱਧੇ ਟਕਰਾਅ ਵਿੱਚ ਉਲਝੇ ਬਿਨਾਂ ਯੂਕਰੇਨ ਨੂੰ ਵੱਧ ਤੋਂ ਵੱਧ ਸੰਭਵ ਸਹਾਇਤਾ ਪ੍ਰਦਾਨ ਕਰਨਾ ਹੈ। ਅਜਿਹੇ ਕੁਝ ਦਾ ਜੋਖਿਮ ਨਾ ਲਏ ਬਿਨਾਂ ਜਿਸ ਦਾ ਖਤਰਾ ਵਿਨਾਸ਼ਕਾਰੀ ਪ੍ਰਮਾਣੂ ਆਦਾਨ ਪ੍ਰਦਾਨ ਹੋਵੇ।
ਫਿਰ ਵੀ, ਇਸ ਨੇ ਯੂਕਰੇਨ ਨੂੰ ਕ੍ਰੀਮੀਆ ਅਤੇ ਚਾਰ ਅੰਸ਼ਕ ਤੌਰ 'ਤੇ ਕਬਜ਼ੇ ਵਾਲੇ ਖੇਤਰਾਂ ਦੇ ਖਿਲਾਫ਼ ਪੱਛਮੀ ਦੇਸ਼ਾਂ ਵੱਲੋਂ ਸਪਲਾਈ ਕੀਤੀਆਂ ਗਈਆਂ ਮਿਜ਼ਾਈਲਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਜਿਨ੍ਹਾਂ ਨੂੰ ਰੂਸ ਨੇ 2022 ਵਿੱਚ ਗੈਰ-ਕਾਨੂੰਨੀ ਤੌਰ 'ਤੇ ਆਪਣੇ ਕਬਜ਼ੇ ਵਿੱਚ ਲਿਆ ਸੀ।
ਹਾਲਾਂਕਿ, ਰੂਸ ਇਨ੍ਹਾਂ ਖੇਤਰਾਂ ਨੂੰ ਆਪਣੇ ਖੇਤਰ ਦਾ ਹਿੱਸਾ ਮੰਨਦਾ ਹੈ, ਪਰ ਅਮਰੀਕਾ ਜਾਂ ਅੰਤਰਰਾਸ਼ਟਰੀ ਪੱਧਰ 'ਤੇ ਉਸ ਦੇ ਦਾਅਵਿਆਂ ਨੂੰ ਮਾਨਤਾ ਨਹੀਂ ਦਿੱਤੀ ਗਈ ਹੈ।

ਤਸਵੀਰ ਸਰੋਤ, Getty Images
ਪੁਤਿਨ ਦਾ ਪੱਛਮੀ ਦੇਸ਼ਾਂ ਦੇ ਸ਼ਾਮਲ ਹੋਣ ਦਾ ਦਾਅਵਾ
ਰਾਸ਼ਟਰਪਤੀ ਪੁਤਿਨ ਵੱਲੋਂ ਸਟੌਰਮ ਸ਼ੈਡੋ ਦੀ ਵਰਤੋਂ ਨੂੰ ਅਮਰੀਕਾ ਅਤੇ ਯੂਕੇ ਦੁਆਰਾ ਯੁੱਧ ਵਿੱਚ ਸਿੱਧੇ ਦਖਲ ਵਜੋਂ ਵੇਖਣ ਦਾ ਇੱਕ ਕਾਰਨ ਇਹ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਯੂਕਰੇਨੀ ਫੌਜ ਪੱਛਮੀ ਮਾਹਰਾਂ ਦੀ ਸਹਾਇਤਾ ਤੋਂ ਬਿਨਾਂ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੀ ਵਰਤੋਂ ਨਹੀਂ ਕਰ ਸਕਦੀ।
ਉਨ੍ਹਾਂ ਨੇ ਰੂਸ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ‘ਸਿਰਫ਼ ਨਾਟੋ ਦੇਸ਼ਾਂ ਦੇ ਸੈਨਿਕ ਹੀ ਇਨ੍ਹਾਂ ਮਿਜ਼ਾਈਲ ਪ੍ਰਣਾਲੀਆਂ ਵਿੱਚ ਉਡਾਣ ਮਿਸ਼ਨਾਂ ਨੂੰ ਇਨਪੁਟ ਕਰ ਸਕਦੇ ਹਨ।‘
ਉਨ੍ਹਾਂ ਨੇ ਅੱਗੇ ਕਿਹਾ ਕਿ ਯੂਕਰੇਨ ਟੀਚਿਆਂ ਦੀ ਚੋਣ ਕਰਨ ਲਈ ਪੱਛਮ ਦੁਆਰਾ ਪ੍ਰਦਾਨ ਕੀਤੀ ਗਈ ਸੈਟੇਲਾਈਟ ਖੁਫ਼ੀਆ ਜਾਣਕਾਰੀ 'ਤੇ ਵੀ ਨਿਰਭਰ ਕਰਦਾ ਹੈ।
ਜਦੋਂ ਬੀਬੀਸੀ ਨੇ ਨਿਰਮਾਤਾ ਐੱਮਬੀਡੀਏ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਇਨ੍ਹਾਂ ਦਾਅਵਿਆਂ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਸਬੰਧ ਵਿੱਚ ਯੂਕੇ ਦੇ ਰੱਖਿਆ ਮੰਤਰਾਲੇ ਨਾਲ ਗੱਲ ਕਰਨ ਲਈ ਕਿਹਾ।
ਯੂਕਰੇਨ ਦੇ ਰਾਸ਼ਟਰਪਤੀ ਦਫ਼ਤਰ ਦੇ ਬੁਲਾਰੇ ਨੇ ਵੀ ਪੁਤਿਨ ਦੇ ਦੋਸ਼ਾਂ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਹ ‘ਹਥਿਆਰਾਂ ਸਬੰਧੀ ਵਿਸ਼ੇਸ਼ ਤਕਨੀਕੀ ਵੇਰਵਿਆਂ’ ’ਤੇ ਟਿੱਪਣੀ ਨਹੀਂ ਕਰ ਸਕਦੇ।
ਜਸਟਿਨ ਕ੍ਰੰਪ ਨੇ ਪੁਤਿਨ ਦੇ ਦਾਅਵੇ 'ਤੇ ਸ਼ੱਕ ਜਤਾਉਂਦੇ ਹੋਏ ਬੀਬੀਸੀ ਨੂੰ ਕਿਹਾ ਕਿ “ਜੇਕਰ ਇਹ ਦਾਅਵਾ ਸੱਚ ਹੁੰਦਾ, ਤਾਂ ਰੂਸ ਨੇ ਇਸ ਨੂੰ ਹੋਰ ਸਪੱਸ਼ਟ ਰੂਪ ਨਾਲ ਉਦੋਂ ਦੱਸਿਆ ਹੁੰਦਾ ਜਦੋਂ ਹਥਿਆਰਾਂ ਦੀ ਪਹਿਲੀ ਸਪਲਾਈ ਕੀਤੀ ਗਈ ਸੀ।“
“ਉਦੋਂ ਵੀ ਜਦੋਂ ਉਨ੍ਹਾਂ ਨੇ ਕਬਜ਼ੇ ਵਾਲੇ ਕ੍ਰੀਮੀਆ ਵਿੱਚ ਬਲੈਕ ਸੀ ਬੇੜੇ ਦੇ ਹੈੱਡਕੁਆਰਟਰ ਖਿਲਾਫ਼ ਸਫਲ ਅਤੇ ਪ੍ਰਭਾਵਸ਼ਾਲੀ ਅਭਿਆਨ ਚਲਾਇਆ ਸੀ।“
ਉਨ੍ਹਾਂ ਨੇ ਕਿਹਾ, “‘ਮਿਜ਼ਾਈਲ ਨਿਰਯਾਤ ਵਿਕਰੀ ਲਈ ਉਪਲੱਬਧ ਹੈ; ਕੀ ਰੂਸ ਗੰਭੀਰਤਾ ਨਾਲ ਇਹ ਕਹਿ ਰਿਹਾ ਹੈ ਕਿ ਕਿਸੇ ਵੀ ਖਰੀਦਦਾਰ ਨੂੰ ਮਿਜ਼ਾਈਲ ਨੂੰ ਪ੍ਰੋਗਰਾਮ ਕਰਨ ਅਤੇ ਵਰਤੋਂ ਕਰਨ ਲਈ ਨਾਟੋ/ਯੂਕੇ ਦੀ ਟੀਮ ਦੀ ਜ਼ਰੂਰਤ ਹੋਵੇਗੀ?”
“ਇਹ ਸੰਭਵ ਤੌਰ 'ਤੇ ਬਰੋਸ਼ਰ ਦੇ ਬਾਰੀਕ ਅੱਖਰਾਂ ਵਿੱਚ ਛੁਪੀ ਹੋਵੇਗੀ ਅਤੇ ਇਸ ਲਈ ਇਸ ਗੱਲ ਵਿੱਚ ਕੋਈ ਦਮ ਨਹੀਂ ਲੱਗਦਾ।"
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












