'ਸਾਨੂੰ ਤਾਂ ਉਸ ਦੀ ਲਾਸ਼ ਬਾਰੇ ਵੀ ਨਹੀਂ ਪਤਾ ਕਿ ਕਿੱਥੇ ਹੈ...' ਰੂਸ -ਯੂਕਰੇਨ ਜੰਗ ਵਿੱਚ ਮਾਰੇ ਗਏ ਤੇਜਪਾਲ ਦਾ ਪਰਿਵਾਰ

ਤੇਜਪਾਲ ਸਿੰਘ

ਤਸਵੀਰ ਸਰੋਤ, Ravinder Singh Robin/BBC

ਤਸਵੀਰ ਕੈਪਸ਼ਨ, ਰੂਸ ਦੀ ਆਰਮੀ ਵਿੱਚ ਲੜਦਿਆਂ ਮਾਰੇ ਗਏ ਤੇਜਪਾਲ ਸਿੰਘ
    • ਲੇਖਕ, ਇਥਰਾਜਨ ਅਨਬਾਰਸਨ
    • ਰੋਲ, ਬੀਬੀਸੀ ਪੱਤਰਕਾਰ

ਰੂਸੀ ਫੌਜ ਵਿੱਚ ਭਰਤੀ ਦੋ ਭਾਰਤੀ ਨਾਗਰਿਕਾਂ ਦੀ ਰੂਸ-ਯੂਕਰੇਨ ਜੰਗ ਦੌਰਾਨ ਮੌਤ ਹੋ ਗਈ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਰੂਸ ਸਰਕਾਰ ਨੂੰ ਕਿਹਾ ਹੈ ਕਿ ਮਰਹੂਮ ਭਾਰਤੀ ਨਾਗਰਿਕਾਂ ਦੀਆਂ ਲਾਸ਼ਾਂ ਵਾਪਸ ਕੀਤੀਆਂ ਜਾਣ।

ਮੰਤਰਾਲੇ ਨੇ ਮਾਸਕੋ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਜਿੰਨੀ ਜਲਦੀ ਹੋ ਸਕੇ ਰੂਸੀ ਫੌਜ ਵਿੱਚ ਕੰਮ ਕਰ ਰਹੇ ਭਾਰਤੀ ਨਾਗਰਿਕ ਭਾਰਤ ਨੂੰ ਵਾਪਸ ਕੀਤੇ ਜਾਣ।

ਭਾਰਤੀ ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਮਾਰੇ ਜਾਣ ਵਾਲਿਆਂ ਵਿੱਚੋਂ ਇੱਕ ਵਿਅਕਤੀ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ।

ਇਸ ਵਿਅਕਤੀ ਦੀ ਪਛਾਣ ਤੇਜਪਾਲ ਸਿੰਘ ਵਜੋਂ ਹੋਈ ਹੈ, ਜੋ ਆਪ ਜਾ ਕੇ ਰੂਸ ਵਿੱਚ ਭਰਤੀ ਹੋਇਆ ਸੀ।

ਇਸ ਸਾਰੇ ਮਾਮਲੇ ਬਾਰੇ ਅਜੇ ਰੂਸ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਰਿਪੋਰਟਾਂ ਹਨ ਕਿ ਕਈ ਦਰਜਨ ਭਾਰਤੀ ਨਾਗਰਿਕਾਂ ਨੂੰ ਰੂਸੀ ਪਾਸਪੋਰਟ ਅਤੇ ਪੈਸੇ ਦਾ ਲਾਲਚ ਦੇ ਕੇ ਰੂਸ ਲਈ ਲੜਨ ਦੇ ਜਾਲ਼ ਵਿੱਚ ਫਸਾ ਦਿੱਤਾ ਸੀ। ਬੀਬੀਸੀ ਨੇ ਇਨ੍ਹਾਂ ਵਿੱਚੋਂ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਹੈ।

ਕੁਝ ਨੇ ਕਿਹਾ ਕਿ ਉਨ੍ਹਾਂ ਨੂੰ ਫੌਜ ਵਿੱਚ ਭਰਤੀ ਹੋਣ ਲਈ ਮਜਬੂਰ ਕੀਤਾ ਗਿਆ ਜਦਕਿ ਕੁਝ ਨੇ ਆਪਣੀ ਮਰਜ਼ੀ ਨਾਲ ਰੂਸੀ ਫੌਜ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ।

ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ, “ਸਾਨੂੰ ਅਫ਼ਸੋਸ ਹੈ ਕਿ ਦੋ ਭਾਰਤੀ ਨਾਗਰਿਕ ਜਿਨ੍ਹਾਂ ਨੂੰ ਰੂਸ ਦੀ ਫੌਜ ਵੱਲੋਂ ਭਰਤੀ ਕਰ ਲਿਆ ਗਿਆ ਸੀ, ਰੂਸ ਅਤੇ ਯੂਕਰੇਨ ਸੰਕਟ ਦੌਰਾਨ ਮਾਰੇ ਗਏ ਹਨ।”

ਪਰਮਿੰਦਰ ਕੌਰ

ਤਸਵੀਰ ਸਰੋਤ, Ravinder Singh Robin/BBC

ਤਸਵੀਰ ਕੈਪਸ਼ਨ, ਤੇਜਪਾਲ ਸਿੰਘ ਦੀ ਪਤਨੀ ਦੀ ਕਹਿਣਾ ਕਿ ਭਾਰਤ ਵਿੱਚ ਨੌਕਰੀ ਨਾ ਮਿਲਣ ਕਾਰਨ ਤੇਜਪਾਲ ਰੂਸ ਦੀ ਆਰਮੀ ਵਿੱਚ ਭਰਤੀ ਹੋਏ

'ਨੌਕਰੀ ਨਾ ਮਿਲਣ ਕਰਕੇ ਰੂਸ ਗਏ'

ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੇ ਅੰਮ੍ਰਿਤਸਰ ਵਾਸੀ ਤੇਜਪਾਲ ਸਿੰਘ ਦੇ ਪਰਿਵਾਰ ਨਾਲ ਗੱਲਬਾਤ ਕੀਤੀ।

ਘਰ ਵਿੱਚ ਤੇਜਪਾਲ ਦੀ ਪਤਨੀ ਪਰਮਿੰਦਰ ਕੌਰ ਤੇ ਉਨ੍ਹਾਂ ਦਾ 6 ਸਾਲ ਦਾ ਬੇਟਾ ਤੇ 3 ਸਾਲਾਂ ਦੀ ਧੀ ਤੇਜਪਾਲ ਦੇ ਫ਼ੋਨ ਦੀ ਕਰੀਬ ਤਿੰਨ ਮਹੀਨਿਆਂ ਤੋਂ ਉਡੀਕ ਕਰ ਰਹੇ ਸਨ।

ਮੰਗਲਵਾਰ ਨੂੰ ਤੇਜਪਾਲ ਦੀ ਪਤਨੀ ਨੂੰ ਤੇਜਪਾਲ ਦੇ ਕੁਝ ਦੋਸਤਾਂ ਨੇ ਇਸ ਬਾਰੇ ਦੱਸਿਆ। ਬਾਅਦ ਵਿੱਚ ਭਾਰਤੀ ਵਿਦੇਸ਼ ਮੰਤਰਾਲੇ ਨੇ ਦੇਰ ਰਾਤ ਤੇਜਪਾਲ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ।

ਪਰਮਿੰਦਰ ਕੌਰ

ਤਸਵੀਰ ਸਰੋਤ, Ravinder Singh Robin/BBC

ਤਸਵੀਰ ਕੈਪਸ਼ਨ, ਤੇਜਪਾਲਦੀ ਫੋਟੋ ਦਿਖਾਉਂਦੇ ਹੋਏ ਪਰਮਿੰਦਰ ਕੌਰ

ਕਿਵੇਂ ਪਹੁੰਚਿਆ ਸੀ ਮਾਸਕੋ

ਤੇਜਪਾਲ ਸਿੰਘ ਦੀ ਪਤਨੀ ਪਰਮਿੰਦਰ ਕੌਰ ਨੇ ਦੱਸਿਆ ਕਿ ਉਹ 20 ਦਸੰਬਰ ਨੂੰ ਥਾਈਲੈਂਡ ਗਏ ਸਨ ਹਾਲਾਂਕਿ ਪਰਿਵਾਰ ਇਸ ਦੇ ਹੱਕ ਵਿੱਚ ਨਹੀਂ ਸੀ।

ਪਰ ਉਹ ਜਬਰਦਸਤੀ ਚਲੇ ਗਏ ਤੇ ਉੱਥੇ ਆਪਣੇ ਦੋਸਤਾਂ ਨੂੰ ਮਿਲੇ, ਜਿੱਥੋਂ 12 ਜਨਵਰੀ ਨੂੰ ਰੂਸ ਗਏ।

ਪਰਿਵਾਰ ਮੁਤਾਬਕ ਉਸ ਨੂੰ ਰੂਸੀ ਫੌਜ ਵਿੱਚ ਭਰਤੀ ਹੋਣ ਦਾ ਪਤਾ ਲੱਗਿਆ ਸੀ ਅਤੇ ਉਹ ਥਾਈਲੈਂਡ ਰਾਹੀ ਮਾਸਕੋ ਤੱਕ ਪਹੁੰਚਿਆ ਸੀ।

ਪਰਮਿੰਦਰ ਨੇ ਦੱਸਿਆ ਕਿ ਤੇਜਪਾਲ ਥਾਈਲੈਂਡ ਤੋਂ ਸਿੱਧੇ ਮੌਸਕੋ ਗਏ, ਜਿੱਥੇ ਰੂਸ ਦੀ ਆਰਮੀ ਦਾ ਹੈੱਡ-ਕੁਆਟਰ ਸੀ ਅਤੇ ਆਰਮੀ ਲਈ ਭਰਤੀ ਚੱਲ ਰਹੀ ਸੀ।

ਉਹ ਪਰਿਵਾਰ ਨਾਲ ਹਰ 15 ਦਿਨਾਂ ਬਾਅਦ ਫੋਨ ਉੱਤੇ ਗੱਲ ਕਰਦਾ ਸੀ। ਪਰ ਅਚਾਨਕ ਉਸਦੇ ਫੋਨ ਆਉਂਣੇ ਬੰਦ ਹੋ ਗਏ। ਜਿਸ ਨੇ ਪਰਿਵਾਰ ਨੂੰ ਚਿੰਤਾ ਵਿੱਚ ਪਾ ਦਿੱਤਾ।

ਪਰਮਿੰਦਰ ਨੇ ਦੱਸਿਆ, “ਤਿੰਨ ਮਹੀਨਿਆਂ ਤੋਂ ਕੋਈ ਫ਼ੋਨ ਹੀ ਨਹੀਂ ਆਇਆ ਸੀ, ਫ਼ਿਰ ਜਿਹੜੇ ਨਾਲ ਮੁੰਡੇ ਸਨ, ਮੈਂ ਉਨ੍ਹਾਂ ਨਾਲ ਰਾਬਤਾ ਕੀਤਾ ਤੇ ਪਾਸਪੋਰਟ ਦੀ ਕਾਪੀ ਭੇਜ ਕੇ ਪਤਾ ਕੀਤਾ। ਉਨ੍ਹਾਂ ਦੱਸਿਆ ਕਿ 12 ਮਾਰਚ ਨੂੰ ਤੇਜਪਾਲ ਦੀ ਮੌਤ ਹੋ ਗਈ ਸੀ। ਮੇਰੀ ਉਨ੍ਹਾਂ ਨਾਲ ਆਖ਼ਰੀ ਗੱਲ 3 ਮਾਰਚ ਨੂੰ ਹੋਈ ਸੀ।”

ਪਰਿਵਾਰ ਨੂੰ ਸਿਰਫ਼ ਦੋ ਦਿਨ ਪਹਿਲਾਂ ਹੀ ਤੇਜਪਾਲ ਦੀ ਮੌਤ ਹੋਣ ਦਾ ਪਤਾ ਲੱਗਿਆ ਹੈ।

ਪਰਮਿੰਦਰ ਕਹਿੰਦੇ ਹਨ, “ਹਾਲੇ ਤੱਕ ਸਾਨੂੰ ਇਹ ਵੀ ਨਹੀਂ ਸਪੱਸ਼ਟ ਕੀਤਾ ਕਿ ਉਸ ਦੀ ਲਾਸ਼ ਕਿੱਥੇ ਹੈ। ਉਨ੍ਹਾਂ ਕਿਹਾ ਕਿ ਡਰੋਨ ਅਟੈਕ ਹੋਇਆ ਸੀ। ਪਰ ਉਨ੍ਹਾਂ ਨੇ ਝੂਠਾ ਦਿਲਾਸਾ ਦਿੱਤਾ ,ਬਈ ਲਾਸ਼ ਭੇਜਾਂਗੇ। ਪਰ ਸਾਨੂੰ ਨਹੀਂ ਪਤਾ ਬਈ ਲਾਸ਼ ਹੈ ਵੀ ਜਾਂ ਨਹੀਂ।”

ਤਨਖ਼ਾਹ ਵੀ ਭੇਜੀ ਸੀ

ਪਰਮਿੰਦਰ ਨੇ ਦੱਸਿਆ, “ਸ਼ੁਰੂਆਤ ਵਿੱਚ ਰੋਜ਼ਾਨਾ ਗੱਲ ਹੁੰਦੀ ਸੀ। ਫ਼ਿਰ 3 ਮਾਰਚ ਨੂੰ ਜਦੋਂ ਗੱਲ ਹੋਈ ਤਾਂ ਤੇਜਪਾਲ ਨੇ ਕਿਹਾ ਉਹ ਫਰੰਟਲਾਈਨ ਉੱਤੇ ਜਾ ਰਹੇ ਹਨ ਤੇ ਹੁਣ ਥੋੜ੍ਹੇ ਦਿਨ ਗੱਲ ਨਹੀਂ ਹੋ ਸਕਣੀ।”

ਪਰਮਿੰਦਰ ਦੱਸਦੇ ਹਨ ਕਿ ਆਰਮੀ ਜੁਆਇਨ ਕਰਨ ਦੇ ਦੋ ਮਹੀਨੇ ਬਾਅਦ ਫ਼ਰਵਰੀ ਵਿੱਚ ਪਹਿਲੀ ਤਨਖਾਹ ਆਈ ਸੀ ਤੇ ਤੇਜਪਾਲ ਨੇ ਪਰਿਵਾਰ ਨੂੰ 2 ਲੱਖ ਰੁਪਇਆ ਭੇਜਿਆ ਸੀ।

“ਤੇਜਪਾਲ ਨੇ ਭਾਰਤ ਵਿੱਚ ਵੀ ਨੌਕਰੀ ਦੀ ਕੋਸ਼ਿਸ਼ ਕੀਤੀ ਸੀ। ਆਰਮੀ ਤੇ ਪੁਲਿਸ ਵਿੱਚ ਭਰਤੀ ਹੋਣ ਦੀ ਵੀ ਕੋਸ਼ਿਸ਼ ਕੀਤੀ। ਪਰ ਜਦੋਂ ਕੁਝ ਨਾ ਬਣਿਆਂ ਤੋਂ ਉਹ ਬਾਹਰ ਚਲੇ ਗਏ।”

“ਮੇਰੀ ਭਾਰਤ ਸਰਕਾਰ ਨੂੰ ਇਹ ਹੀ ਅਪੀਲ ਹੈ ਕਿ ਜੇ ਉਨ੍ਹਾਂ ਦੀ ਲਾਸ਼ ਹੈ ਤਾਂ ਪਹੁੰਚਾਈ ਜਾਵੇ। ਮੇਰਾ ਛੇ ਸਾਲਾਂ ਦਾ ਬੇਟਾ ਹੈ ਤੇ 3 ਸਾਲਾਂ ਦੀ ਧੀ ਹੈ।”

“ਜੇ ਸਰਕਾਰ ਪਰਿਵਾਰ ਦੀ ਮਦਦ ਕਰ ਸਕੇ ਤਾਂ ਮੈਂ ਬੱਚਿਆਂ ਨੂੰ ਪੜ੍ਹਾ ਸਕਾਂਗੀ।”

“ਜਿਹੜਾ ਵੀ ਯੋਗ ਹੈ ਉਸ ਨੂੰ ਨੌਕਰੀ ਮਿਲਣੀ ਚਾਹੀਦੀ ਹੈ। ਮੇਰੇ ਪਤੀ ਨੇ ਨੌਕਰੀ ਦੀ ਬਹੁਤ ਕੋਸ਼ਿਸ਼ ਕੀਤੀ। ਪਰ ਹੋ ਨਾ ਸਕਿਆ, ਜੌਬ ਨਹੀਂ ਮਿਲੀ ਇਹ ਹੀ ਕਾਰਨ ਸੀ ਕਿ ਉਹ ਬਾਹਰ ਗਏ...”

ਸਰਬਜੀਤ ਕੌਰ

ਤਸਵੀਰ ਸਰੋਤ, Ravinder Singh Robin/BBC

ਤਸਵੀਰ ਕੈਪਸ਼ਨ, ਤੇਜਪਾਲ ਦੀ ਮਾਂ ਸਰਬਜੀਤ ਕੌਰ

ਦੋਵਾਂ ਪੁੱਤਾਂ ਦੀ ਮੌਤ

ਤੇਜਪਾਲ ਸਿੰਧ ਦੇ ਮਾਤਾ ਸਰਬਜੀਤ ਕੌਰ ਤਿੰਨ ਮਹੀਨਿਆਂ ਦੀ ਟਰੇਨਿੰਗ ਲਈ ਰੂਸ ਦੀ ਆਰਮੀ ਵਿੱਚ ਤੇ ਤੇਜਪਾਲ ਇਸ ਲਈ ਖ਼ੁਸ਼ ਸੀ।

“ਜੇ ਸਾਡੀਆਂ ਸਰਕਾਰਾਂ ਨੌਕਰੀ ਦੇ ਦੇਣ ਤਾਂ ਬੱਚੇ ਆਪਣੇ ਮਾਂ-ਪਿਓ ਦੀਆਂ ਅੱਖਾਂ ਸਾਹਮਣੇ ਰਹਿਣ। ਉਹ ਇਸੇ ਲਈ ਗਿਆ ਕਿ ਇਥੇ ਕੋਈ ਨੌਕਰੀ ਨਹੀਂ ਮਿਲਣੀ।

“ਮੇਰੇ ਇੱਕ ਪੁੱਤ ਦੀ ਪਹਿਲਾਂ ਮੌਤ ਹੋ ਗਈ ਸੀ ਤੇ ਦੂਜਾ ਹੁਣ ਚਲਾ ਗਿਆ। ਉਹਨੇ ਕਿਹਾ ਸੀ ਜੇ ਗੱਲ ਨਾ ਹੋਈ ਤਾਂ ਵੀ ਫਿਕਰ ਨਾ ਕਰਨੀ।”

“ਸਾਡੀ ਸਰਕਾਰ ਨੂੰ ਇਹ ਹੀ ਮੰਗ ਹੈ ਕਿ ਤੇਜਪਾਲ ਦੀ ਲਾਸ਼ ਸਾਡੇ ਤੱਕ ਪਹੁੰਚਾਈ ਜਾਵੇ।”

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਦਾ ਜੁਆਇਨ ਲਿੰਕ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਵਿਦੇਸ਼ ਮੰਤਰਾਲੇ ਦੀ ਭਾਰਤੀਆਂ ਨੂੰ ਅਪੀਲ

ਭਾਰਤੀ ਵਿਦੇਸ਼ ਮੰਤਰਾਲੇ ਨੇ ਭਾਰਤੀਆਂ ਨੂੰ ਰੂਸ ਵਿੱਚ ਰੋਜ਼ਗਾਰ ਦੇ ਮੌਕੇ ਤਲਾਸ਼ਣ ਸਮੇਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।

ਮਈ ਵਿੱਚ ਭਾਰਤ ਦੀ ਪੁਲਿਸ ਨੇ ਰੂਸ ਵਿੱਚ ਨੌਕਰੀ ਜਾਂ ਸਿੱਖਿਆ ਦਾ ਝਾਂਸਾ ਦੇ ਕੇ ਰੂਸ ਸੱਦਣ ਵਾਲੇ ਮਨੁੱਖੀ ਤਸਕਰਾਂ ਦੇ ਨੈਟਵਰਕ ਨਾਲ ਜੁੜੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਨ੍ਹਾਂ ਨੂੰ ਬਾਅਦ ਵਿੱਚ ਯੂਕਰੇਨ ਨਾਲ ਲੜਾਈ ਵਿੱਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਜਾਂਦਾ ਸੀ।

ਇਸ ਤੋਂ ਪਹਿਲਾਂ ਵੀ ਦੋ ਭਾਰਤੀਆਂ ਦੀ ਮੌਤ ਰੂਸ-ਯੂਕਰੇਨ ਲੜਾਈ ਵਿੱਚ ਹੋ ਚੁੱਕੀ ਹੈ।

ਹਾਲਾਂਕਿ ਭਾਰਤ ਨੇ ਰੂਸ ਨੂੰ ਕਿਹਾ ਹੈ ਕਿ ਉਸ ਦੀ ਫੌਜ ਵਿੱਚ ਸ਼ਾਮਲ ਭਾਰਤੀਆਂ ਨੂੰ ਵਾਪਸ ਕੀਤਾ ਜਾਵੇ ਪਰ ਉਸ ਨੇ ਰੂਸ ਦੀ ਯੂਕਰੇਨ ਉੱਤੇ ਹਮਲੇ ਦੀ ਨਿੰਦਾ ਨਹੀਂ ਕੀਤੀ ਹੈ।

ਹਾਲਾਂਕਿ ਉਸ ਨੇ ਦੋਵਾਂ ਦੇਸ਼ਾਂ ਨੂੰ ਗੱਲਬਾਤ ਅਤੇ ਕੂਟਨੀਤੀ ਰਾਹੀਂ ਸ਼ਾਂਤੀ ਬਹਾਲ ਕਰਨ ਦੀ ਅਪੀਲ ਕੀਤੀ ਹੈ।

ਰੂਸ ਯੂਕਰੇਨ ਜੰਗ

ਤਸਵੀਰ ਸਰੋਤ, Getty Images

ਇਸੇ ਦੌਰਾਨ ਨੇਪਾਲ ਅਤੇ ਸ੍ਰੀ ਲੰਕਾ ਨੇ ਆਪਣੇ ਨਾਗਰਿਕਾਂ ਨੂੰ ਸਾਵਧਾਨ ਕੀਤਾ ਗਿਆ ਹੈ ਕਿ ਉਹ ਮਨੁੱਖੀ ਤਸਕਰਾਂ ਦੇ ਛਲਾਵਿਆਂ ਵਿੱਚ ਨਾ ਆਉਣ। ਕੁਝ ਸਮਾਂ ਪਹਿਲਾਂ ਖ਼ਬਰਾਂ ਆਈਆਂ ਸਨ ਕਿ ਇਨ੍ਹਾਂ ਦੇਸਾਂ ਦੇ ਹਜ਼ਾਰਾਂ ਨਾਗਰਿਕ ਰੂਸ-ਯੂਕਰੇਨ ਜੰਗ ਵਿੱਚ ਵਿਦੇਸ਼ੀ ਫੌਜੀਆਂ ਵਜੋਂ ਹਿੱਸਾ ਲੈ ਰਹੇ ਹਨ।

ਨੇਪਾਲ ਮੁਤਾਬਕ ਘੱਟੋ-ਘੱਟ 20 ਨੇਪਾਲੀ ਰੂਸ ਲਈ ਲੜਦਿਆਂ ਮਾਰੇ ਗਏ ਹਨ। ਜਦਕਿ ਸ੍ਰੀ ਲੰਕਾ ਮੁਤਾਬਕ ਉਸਦੇ ਘੱਟੋ-ਘੱਟ 16 ਨਾਗਰਿਕ ਮਾਰੇ ਗਏ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਰੂਸ ਦੀ ਫੌਜ ਲਈ ਲੜ ਰਹੇ ਸਨ।

ਸ੍ਰੀ ਲੰਕਾ ਦੇ ਵਿਦੇਸ਼ ਮੰਤਰੀ ਅਲੀ ਸਾਬਰੀ ਨੇ ਇਹ ਮੁੱਦਾ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਸੋਮਵਾਰ ਨੂੰ ਮਾਸਕੋ ਵਿੱਚ ਚੁੱਕਿਆ।

ਸ੍ਰੀ ਲੰਕਾ ਦੇ ਵਿਦੇਸ਼ ਮੰਤਰਾਲੇ ਮੁਤਾਬਕ ਦੁਵੱਲੀ ਸਹਿਮਤੀ ਬਣੀ ਸੀ ਕਿ “ਸ੍ਰੀ ਲੰਕਾ ਤੋਂ ਕੋਈ ਹੋਰ ਭਰਤੀ ਨਹੀਂ ਕੀਤੀ ਜਾਵੇਗੀ”।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)