ਚਮੜੀ ਦੇ ਕੈਂਸਰ ਤੋਂ ਬਚਣ ਲਈ ਧੁੱਪ ਵਿੱਚ ਸਨਸਕ੍ਰੀਨ ਲਗਾਉਣ ਦਾ ਕੀ ਹੈ ਸਹੀ ਤਰੀਕਾ

ਤਸਵੀਰ ਸਰੋਤ, Getty Images
- ਲੇਖਕ, ਜੈਸਿਕਾ ਬ੍ਰੈਡਲੇ
- ਰੋਲ, ਬੀਬੀਸੀ ਫਿਊਚਰ
ਸੂਰਜ ਦੀਆਂ ਕਿਰਨਾਂ ਵਿੱਚ ਕੈਂਸਰ ਕਾਰਕ ਤੱਤ ਹੋ ਸਕਦੇ ਹਨ, ਤੁਸੀਂ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਰੱਖ ਸਕਦੇ ਹੋ, ਇਸ ਬਾਰੇ ਮਾਹਰਾਂ ਦੀ ਰਾਇ ਜਾਣੋ
ਸਨਸਕ੍ਰੀਨ ਲਾਉਣ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਮੇਲਾਨੋਮਾ ਸੈੱਲਾਂ ਕਾਰਨ ਹੋਣ ਵਾਲਾ 80 ਫ਼ੀਸਦ ਚਮੜੀ ਦਾ ਕੈਂਸਰ ਸੂਰਜ ਦੀਆਂ ਕਿਰਨਾਂ ਦੇ ਸਰੀਰ ਨੂੰ ਝੁਲਸਾਉਣ ਕਾਰਨ ਹੁੰਦਾ ਹੈ।
ਇਹ ਅੰਕੜਾ ਹਰੇਕ ਸਾਲ ਵੱਧ ਰਿਹਾ ਹੈ।
ਚਮੜੀ ਦੇ ਕੈਂਸਰ ਦੇ 15 ਲੱਖ ਮਾਮਲੇ ਹਰ ਸਾਲ ਸਾਹਮਣੇ ਆਉਂਦੇ ਹਨ।
ਇਹ ਅੰਕੜਾ 2040 ਤੱਕ 50 ਫ਼ੀਸਦ ਤੱਕ ਵਧ ਸਕਦਾ ਹੈ।
ਇਨ੍ਹਾਂ ਤੱਥਾਂ ਦੇ ਬਾਵਜੂਦ ਅਤੇ ਸੂਰਜ ਦੀਆਂ ਕਿਰਨਾਂ ਦੇ ਘਾਤਕ ਪ੍ਰਭਾਵਾਂ ਬਾਰੇ ਵਾਰ-ਵਾਰ ਚੇਤਾਵਨੀਆਂ ਆਉਣ ਕਰਕੇ ਇਸ ਬਾਰੇ ਜਾਣਕਾਰੀ ਦੀ ਘਾਟ ਹੈ ਕਿ ਸਨਸਕ੍ਰੀਨ ਕਦੋਂ ਅਤੇ ਕਿਵੇਂ ਲਗਾਉਣੀ ਚਾਹੀਦੀ ਹੈ।
ਚਮੜੀ ਨੂੰ ਸੂਰਜ ਦੀਆਂ ਕਿਰਨਾਂ ਤੋਂ ਬਚਾਉਣ ਦੀ ਲੋੜ

ਤਸਵੀਰ ਸਰੋਤ, Getty Images
ਯੂਨੀਵਰਸਿਟੀ ਆਫ ਕੈਲੀਫੋਰਨੀਆ ਵਿੱਚ ਮੈਡਿਸਿਨ ਦੇ ਪ੍ਰੋਫ਼ੈਸਰ ਰਿਚਰਡ ਗੈਲੋ ਦੱਸਦੇ ਹਨ ਕਿ ਜਦੋਂ ਸਾਰੇ ਸਰੀਰ ’ਤੇ ਸਿੱਧੀਆਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਹਨ, ਯੂਵੀ ਰੇਡੀਏਸ਼ਨ ਸਾਡੇ ਡੀਐੱਨਏ ਦਾ ਨੁਕਸਾਨ ਕਰਦੀ ਹੈ, ਇਹ ਪ੍ਰੋਟੀਨ ਅਤੇ ਚਮੜੀ ਦੇ ਸੈੱਲਾਂ ਵਿੱਚ ਮੌਜੂਦ ਹੋਰ ਅਣੂਆਂ ਦਾ ਵੀ ਨੁਕਸਾਨ ਕਰਦੀ ਹੈ
ਹਲਕੀ ਮਾਤਰਾ ਵਿੱਚ ਸੂਰਜ ਦੀਆਂ ਕਿਰਨਾਂ ਤੋਂ ਯੂਵੀ ਰੇਡੀਏਸ਼ਨ ਸਾਡੀ ਚਮੜੀ ਵਿਚਲੇ ਸੈੱਲਾਂ ਨੂੰ ਵਿਟਾਮਿਟ ਡੀ ਪੈਦਾ ਕਰਨ ਵਿੱਚ ਮਦਦ ਕਰਦੀ ਹੈ।
ਗੈਲੋ ਕਹਿੰਦੇ ਹਨ, “ਪਰ ਜਦੋਂ ਅਸੀਂ ਆਪਣੀ ਚਮੜੀ ਨੂੰ ਹੋਰ ਸੂਰਜੀ ਕਿਰਨਾਂ ਦੇ ਪ੍ਰਭਾਵ ਹੇਠ ਲਿਆਉਂਦੇ ਹਾਂ ਤਾਂ ਇਹ (ਟੈਨਿੰਗ) ਰੰਗ ਬਦਲਣ ਦੀ ਪ੍ਰਕਿਰਿਆ ਰਾਹੀਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ, ਇਸ ਪ੍ਰਕਿਰਿਆ ਰਾਹੀਂ ਇਹ ਮੇਲਾਨਿਨ ਪੈਦਾ ਕਰਦੀ ਹੈ।”
ਗੈਲੋ ਕਹਿੰਦੇ ਹਨ, “ਜੇ ਸਰੀਰ ’ਤੇ ਯੂਵੀ ਕਿਰਨਾਂ ਦਾ ਪ੍ਰਭਾਵ ਵੱਧ ਹੋਵੇ ਤਾਂ ਚਮੜੀ ਆਪਣੀ ਸੁਰੱਖਿਆ ਨਹੀਂ ਕਰ ਪਾਉਂਦੀ ਤੇ ਸੜ ਜਾਂਦੀ ਹੈ।”
ਇਸ ਕਾਰਨ ਸਾਡੇ ਸਰੀਰ ਦੇ ਸੈੱਲਾਂ ਵਿੱਚ ਡੀਐੱਨਏ ਡੈਮੇਜ ਹੋ ਜਾਂਦਾ ਹੈ, ਇਸ ਕਰਕੇ ਚਮੜੀ ਸਮੇਂ ਤੋਂ ਪਹਿਲਾਂ ਬੁੱਢੀ ਹੋ ਸਕਦੀ ਹੈ, ਇਸ ਨਾਲ ਚਮੜੀ ਦਾ ਕੈਂਸਰ ਵਧਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ।”
ਯੂਵੀ ਰੇਡੀਏਸ਼ਨ ਦੇ ਪ੍ਰਭਾਵ ਹੇਠ ਆਉਣਾ ਆਮ ਕਿਸਮ ਦੇ ਚਮੜੀ ਦੇ ਕੈਂਸਰ ਹੋਣ ਦਾ ਮੁੱਖ ਕਾਰਨ ਹੈ।
ਗੈਲੋ ਕਹਿੰਦੇ ਹਨ, “ਘੱਟ ਐੱਸਪੀਐੱਫ ਵਾਲੀ ਸਨਸਕ੍ਰੀਨ ਸੂਰਜ ਦੇ ਰੇਡੀਏਸ਼ਨ ਦੇ ਅਸਰ ਨੂੰ ਘਟਾਉਂਦੀ ਹੈ ਪਰ ਬਹੁਤੇ ਮਾਮਲਿਆਂ ਵਿੱਚ ਇਹ ਇਸ ਦੇ ਨੁਕਸਾਨਦਾਇਕ ਪ੍ਰਭਾਵਾਂ ਨੂੰ ਹੋਣ ਦਿੰਦੀ ਹੈ, ਸੂਰਜ ਦੀ ਰੇਡੀਏਸ਼ਨ ਕੈਂਸਰ ਕਾਰਕ ਹੋ ਸਕਦੀ ਹੈ, ਭਾਵੇਂ ਘੱਟ ਮਾਤਰਾ ਵਿੱਚ ਹੀ।”

ਐੱਸਪੀਐੱਫ ਕੀ ਹੈ
ਐੱਸਪੀਐੱਫ ਦਾ ਮਤਲਬ ਹੈ ‘ਸਨ ਪ੍ਰੋਟੈਕਸ਼ਨ ਫੈਕਟਰ’ ਭਾਵ ‘ਸੂਰਜ ਤੋਂ ਬਚਾਉਣ ਦਾ ਤੱਤ’ ਅਤੇ ਸਨਸਕ੍ਰੀਨ ਦੀ ਬੋਤਲ ਉੱਤੇ ਲਿਖਿਆ ਹੋਇਆ ਨੰਬਰ ਦੱਸਦਾ ਹੈ ਕਿੰਨੀ ਯੂਵੀ ਰੇਡੀਏਸ਼ਨ ਤੋਂ ਬਚਾਅ ਕਰ ਸਕਦਾ ਹੈ।
ਜਿੰਨਾ ਵੱਧ ਐੱਸਪੀਐੱਫ ਹੋਵੇਗਾ ਤੁਹਾਡੀ ਚਮੜੀ ਉੱਨੀ ਸੁਰੱਖਿਅਤ ਹੋਵੇਗੀ।
ਹਾਲਾਂਕਿ ਸੀਪੀਐੱਫ ਇਹੀ ਦੱਸਦਾ ਹੈ ਕਿ ਇਹ ਯੂਵੀਬੀ ਕਿਰਨਾਂ ਤੋਂ ਕਿੰਨੀ ਸੁਰੱਖਿਆ ਹੈ।
ਅਸੀਂ ਕਿੰਨੀ ਯੂਵੀ ਰੇਡੀਏਸ਼ਨ ਦੀ ਮਾਰ ਹੇਠ ਆਉਂਦੇ ਹਾਂ, ਇਹ ਪੂਰਾ ਦਿਨ ਬਦਲਦਾ ਰਹਿੰਦਾ ਹੈ। ਸੂਰਜ ਦੀਆਂ ਕਿਰਨਾਂ ਸਵੇਰੇ 10 ਵਜੇ ਤੋਂ 4 ਵਜੇ ਤੱਕ ਸਭ ਤੋਂ ਵੱਧ ਤੇਜ਼ ਹੁੰਦੀਆਂ ਹਨ।
ਸਨਸਕ੍ਰੀਨ ਲਗਾਉਣ ਦਾ ਸਹੀ ਤਰੀਕਾ ਕੀ ਹੈ?

ਤਸਵੀਰ ਸਰੋਤ, Getty Images
ਇੱਕ 2018 ਦੇ ਅਧਿਐਨ ਵਿੱਚ ਸਾਹਮਣੇ ਆਇਆ ਕਿ ਜਦੋਂ ਸਨਸਕ੍ਰੀਨ ਲਾ ਲਈ ਜਾਂਦੀ ਹੈ ਉਸੇ ਵੇਲੇ ਯੂਵੀ ਪ੍ਰੋਟੈਕਸ਼ਨ ਸ਼ੁਰੂ ਹੋ ਜਾਂਦੀ ਹੈ। ਇਸ ਨੂੰ ਆਪਣਾ ਅਸਰ ਸ਼ੁਰੂ ਕਰਨ ਵਿੱਚ 10 ਮਿੰਟ ਲੱਗਦੇ ਹਨ।
ਮਾਹਰ ਕਹਿੰਦੇ ਹਨ ਕਿ ਧੁੱਪ ਵਿੱਚ ਜਾਣ ਤੋਂ 20-30 ਮਿੰਟ ਪਹਿਲਾਂ ਸਨਸਕ੍ਰੀਨ ਲਗਾਉਣੀ ਚਾਹੀਦੀ ਤਾਂ ਜੋ ਚਮੜੀ ਇਸ ਨੂੰ ਸੋਖ ਸਕੇ।
ਮਾਹਰ ਕਹਿੰਦੇ ਹਨ ਇਹ ਦੋ ਵਾਰੀ ਵੀ ਲਗਾਈ ਜਾ ਸਕਦੀ ਹੈ ਕਿਉਂਕਿ ਬਹੁਤੇ ਲੋਕ ਥੋੜ੍ਹੀ ਸਨਸਕ੍ਰੀਨ ਦੀ ਵਰਤੋਂ ਕਰਦੇ ਹਨ।
ਇੱਕ ਅਧਿਐੱਨ ਵਿੱਚ 31 ਖੋਜਾਰਥੀਆਂ ਨੂੰ ਇੱਕ ਲੈਬ ਵਿੱਚ ਕਾਲੀ ਰੌਸ਼ਨੀ ਹੇਠ ਸਨਸਕ੍ਰੀਨ ਲਗਾਉਣ ਲਈ ਕਿਹਾ ਗਿਆ ਸੀ।
ਇਹ ਸਾਹਮਣੇ ਆਇਆ ਕਿ ਦੂਜੀ ਵਾਰੀ ਸਨਸਕ੍ਰੀਨ ਲਗਾਉਣ ਨਾਲ ਉਨ੍ਹਾਂ ਨੇ ਸਰੀਰ ਦੇ ਉਸ ਹਿੱਸੇ 'ਤੇ ਵੀ ਕਰੀਮ ਲਾਈ ਜੋ ਉਨ੍ਹਾਂ ਨੇ ਪਹਿਲੀ ਵਾਰ ਵਿੱਚ ਛੱਡ ਦਿੱਤਾ ਸੀ।
ਵਿਗਿਆਨੀ ਇਹ ਵੀ ਸਲਾਹ ਦਿੰਦੇ ਹਨ ਕਿ ਪਸੀਨਾ ਆਉਣ ਤੋਂ ਬਾਅਦ ਦੁਬਾਰਾ ਸਨਸਕ੍ਰੀਨ ਲਗਾਓ, ਮਿੱਟੀ ਜਾਂ ਕਪੜੇ ਨਾਲ ਚਮੜੀ ਦੇ ਰਗੜੇ ਜਾਣ ਤੋਂ ਬਾਅਦ ਵੀ ਕ੍ਰੀਮ ਦੁਬਾਰਾ ਲਗਾਈ ਜਾ ਸਕਦੀ ਹੈ।
ਯੂਨੀਵਰਸਿਟੀ ਆਫ ਲੀਡਸ ਦੇ ਸਕੂਲ ਆਫ ਡਿਜ਼ਾਇਨ ਵਿੱਚ ਹੰਢਣਸਾਰ ਪਦਾਰਥਾਂ ਦੇ ਪ੍ਰੋਫ਼ੈਸਰ ਰਿਚਰਡ ਬਲੈਕਬਰਨ ਕਹਿੰਦੇ ਹਨ ਕਿ ਇਹ ਵੀ ਜ਼ਰੂਰੀ ਹੈ ਸਨਸਕ੍ਰੀਨ ਨੂੰ ਹੋਰ ਪਦਾਰਥਾਂ ਨਾਲ ਨਾ ਰਲਾਇਆ ਜਾਵੇ।
ਇਹ ਇਸ ਲਈ ਹੈ ਕਿਉਂਕਿ ਕਈ ਸਨਸਕ੍ਰੀਨਾਂ ਵਿੱਚ ਧਾਤੂ ਦੇ ਬਰੀਕ ਅਮਸ਼ ਹੁੰਦੇ ਹਨ ਜਿਵੇਂ ਕਿ ਜ਼ਿੰਕ ਆਕਸਾਈਡ, ਜੇਕਰ ਹੋਰ ਪਦਾਰਥਾਂ ਨਾਲ ਇਸ ਨੂੰ ਰਲਾਇਆ ਜਾਂਦਾ ਹੈ ਤਾਂ ਸਨਸਕ੍ਰੀਨ ਦਾ ਅਸਰ ਘੱਟ ਸਕਦਾ ਹੈ।
ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਸਨਸਕ੍ਰੀਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਬਲੈਕਬਰਨ ਕਹਿੰਦੇ ਹਨ, “ਸਭ ਤੋਂ ਜ਼ਰੂਰੀ ਸੁਨੇਹਾ ਇਹ ਹੈ ਕਿ ਸਨਸਕ੍ਰੀਨ ਅਪਰੈਲ ਤੋਂ ਸਤੰਬਰ ਤੱਕ ਹਰ ਦਿਨ ਵਰਤਣੀ ਚਾਹੀਦੀ ਹੈ।
ਬਲੈਕਬਰਨ ਕਹਿੰਦੇ ਹਨ ਕਿ ਵੱਖ-ਵੱਖ ਬ੍ਰਾਂਡਾਂ ਦੀਆਂ ਸਨਸਕ੍ਰੀਨਾਂ ਨੂੰ ਇੱਕ ਦੂਜੇ ਨਾਲ ਰਲਾਉਣਾ ਨਹੀਂ ਚਾਹੀਦਾ ਕਦੇ-ਕਦੇ ਦੋ ਪਦਾਰਥਾਂ ਵਿਚਲੇ ਤੱਕ ਇੱਕ ਦੂਜੇ ਦੇ ਸੰਪਰਕ ਵਿੱਚ ਆਉਣ ’ਤੇ ਠੀਕ ਅਸਰ ਨਹੀਂ ਕਰਦੇ।
ਕੀ ਅਮਰੀਕਾ ਵਿਚਲੀ ਸਨਸਕ੍ਰੀਨ ਯੂਕੇ ਦੀ ਸਨਸਕ੍ਰੀਨ ਨਾਲੋਂ ਵੱਖਰੀ ਹੈ

ਤਸਵੀਰ ਸਰੋਤ, Getty Images
ਅਮਰੀਕਾ ਅਤੇ ਯੂਕੇ ਵਿਚ ਵਿਕਦੀਆਂ ਸਨਕ੍ਰੀਨਾਂ ਵਿੱਚ ਕੁਝ ਫ਼ਰਕ ਹੈ। ਅਜਿਹਾ ਇਸ ਲਈ ਹੈ ਕਿਉਂਕਿ ਇਨ੍ਹਾਂ ਦੇਸ਼ਾਂ ਵਿੱਚ ਇਨ੍ਹਾਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਰੱਖਿਆ ਗਿਆ ਹੈ।
ਅਮਰੀਕਾ ਵਿੱਚ ਸਨਸਕ੍ਰੀਨਾਂ ਨੂੰ ‘ਨੌਨ ਪ੍ਰਿਸਕ੍ਰਿਪਸ਼ਨ ਡਰੱਗ’ ਭਾਵ ਬਿਨਾ ਡਾਕਟਰੀ ਹਦਾਇਤ ਵਾਲੀ ਦਵਾਈ ਕਿਹਾ ਜਾਂਦਾ ਹੈ। ਇਸ ਦਾ ਅਰਥ ਇਹ ਹੈ ਕਿ ਇਸ ਨੂੰ ਪ੍ਰਵਾਨਗੀ ਦੀ ਲੰਬੀ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਹੈ।
ਯੂਰਪੀਅਨ ਯੂਨੀਅਨ ਵਿੱਚ ਸਨਸਕ੍ਰੀਨਾਂ ਨੂੰ ‘ਕੌਸਮੈਟਿਕਸ’ ਮੰਨਿਆ ਜਾਂਦਾ ਹੈ।
ਇਸ ਪ੍ਰਕਿਰਿਆ ਦੇ ਨਤੀਜੇ ਵਜੋਂ ਅਮਰੀਕਾ ਵਿੱਚ ਹੋਰ ਵੱਧ ਅਸਰ ਵਾਲੇ ਯੂਵੀ ਫਿਲਟਰਾਂ ਨੂੰ ਪ੍ਰਵਾਨਗੀ ਮਿਲਣ ਵਿੱਚ ਸਮਾਂ ਲੱਗਦਾ ਹੈ।
ਖੋਜਾਰਥੀਆਂ ਦੇ ਸਾਹਮਣੇ ਆਇਆ ਹੈ ਕਿ ਅਮਰੀਕਾ ’ਚ ਮਿਲਦੀਆਂ ਸਨਸਕ੍ਰੀਨਾਂ ਯੂਰਪੀ ਯੂਨੀਅਨ ਦੇ ਯੂਵੀਏ ਪ੍ਰਤੀ ਸੁਰੱਖਿਆ ਪੈਮਾਨਿਆਂ ਦਾ ਮੁਕਾਬਲਾ ਨਹੀਂ ਕਰ ਪਾਉਂਦੀਆਂ।
ਕੀ ਕੱਚ ਨਾਲ ਬਚਾਅ ਹੁੰਦਾ ਹੈ?

ਤਸਵੀਰ ਸਰੋਤ, Getty Images
ਗੈਲੋ ਕਹਿੰਦੇ ਹਨ ਕਿ ਕੱਚ ਖ਼ਤਰਨਾਕ ਕਿਸਮ ਵਾਲੀ ਰੇਡੀਏਸ਼ਨ ਤੋਂ ਬਚਾਅ ਕਰਦਾ ਹੈ, ਪਰ ਇਹ ਘੱਟ ਨੁਕਸਾਨ ਕਰਨ ਵਾਲੀ ਰੇਡੀਏਸ਼ਨ ਨੂੰ ਨੂੰ ਨਹੀਂ ਰੋਕਦਾ।
ਇੱਕ ਕੱਚ ਦੀ ਖਿੜਕੀ ਰਾਹੀਂ ਪੈਂਦੀਆਂ ਸੂਰਜ ਦੀਆਂ ਕਿਰਨਾਂ ਵੀ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।
ਕੀ ਸਨਸਕ੍ਰੀਨ ਐਕਸਪਾਇਰ ਹੁੰਦੀ ਹੈ
ਮਾਹਰ ਕਹਿੰਦੇ ਹਨ ਕਿ ਸਮੇਂ ਦੇ ਨਾਲ-ਨਾਲ ਸਨਸਕ੍ਰੀਨ ਦਾ ਅਸਰ ਘਟਦਾ ਹੈ ਪਰ ਆਮ ਤੌਰ ਉੱਤੇ ਇਹ ਖਰੀਦੇ ਜਾਣ ਤੋਂ ਤਿੰਨ ਸਾਲਾਂ ਤੱਕ ਕਾਰਗਰ ਹੋਣੀ ਚਾਹੀਦੀ ਹੇ॥
ਯੂਕੇ ਵਿੱਚ ਮਿਲਦੀਆਂ ਬਹੁਤੀਆਂ ਸਨਸਕ੍ਰੀਨ ਦੀਆਂ ਬੋਤਲਾਂ ’ਤੇ ਇੱਕ ਜਾਰ ਦਾ ਨਿਸ਼ਾਨ ਹੁੰਦਾ ਹੈ, ਜਿਸ ਵਿੱਚ ਇਹ ਪਤਾ ਲੱਗਦਾ ਹੈ ਕਿ ਖੋਲ੍ਹੇ ਜਾਣ ਤੋਂ ਬਾਅਦ ਇਹ ਕਿੰਨਾ ਚੱਲੇਗਾ।
ਕੀ ਸਨਸਕ੍ਰੀਨ ਨਾਲ ਵਿਟਾਮਿਨ ਡੀ ਬਣਨੀ ਰੁੱਕ ਜਾਂਦੀ ਹੈ
ਵਿਟਾਮਿਨ ਡੀ ਸਰੀਰ ਵਿੱਚ ਕੈਲਸ਼ੀਅਮ ਬਣਨ ਵਿੱਚ ਭੂਮਿਕਾ ਨਿਭਾਉਂਦੀ ਹੈ ਤਾਂ ਜੋ ਹੱਡੀਆਂ ਮਜ਼ਬੂਤ ਰਹਿਣ ਅਤੇ ਨਾੜੀ ਤੰਤਰ ਵੀ ਠੀਕ ਰਹੇ।
ਇਹ ਗੱਲ ਕਹੀ ਜਾਂਦੀ ਰਹੀ ਹੈ ਕਿ ਸਨਸਕ੍ਰੀਨ ਵਿਟਾਮਿਨ ਡੀ ਸੋਖਣ ਵਿੱਚ ਰੋਕ ਲਗਾ ਸਕਦੀ ਹੈ ਪਰ ਵੱਖ-ਵੱਖ ਅਧਿਐਨਾਂ ਵਿੱਚ ਸਾਹਮਣੇ ਆਇਆ ਕਿ ਇਸ ਦਾ ਅਸਰ ਬਹੁਤ ਘੱਟ ਹੁੰਦਾ ਹੈ।
ਕੀ ਸਨਸਕ੍ਰੀਨ ਵਿੱਚ ਨੁਕਸਾਨਦਾਇਕ ਤੱਤ ਹੁੰਦੇ ਹਨ

ਤਸਵੀਰ ਸਰੋਤ, Getty Images
ਇਸ ਬਾਰੇ ਖ਼ਦਸ਼ੇ ਜ਼ਾਹਰ ਕੀਤੇ ਜਾਂਦੇ ਰਹੇ ਹਨ ਕਿ ਸਨਸਕ੍ਰੀਨ ਵਿੱਚ ਅਜਿਹੇ ਤੱਤ ਹੁੰਦੇ ਹਨ ਜਿਸ ਨਾਲ ਸਰੀਰ ਨੂੰ ਨੁਕਸਾਨ ਪਹੁੰਚ ਸਕਦਾ ਹੈ।
ਇਹ ਵੀ ਸਾਹਮਣੇ ਆਇਆ ਹੈ ਕਿ ਯੂਕੇ, ਯੂਰਪੀਅਨ, ਯੂਨੀਅਨ ਅਤੇ ਅਮਰੀਕਾ ਦੀਆਂ ਪ੍ਰਵਾਨਤ ਸਨਸਕ੍ਰੀਮਾਂ ਸੁਰੱਖਿਅਤ ਅਤੇ ਕਾਰਗਰ ਹੁੰਦੀਆਂ ਹਨ।
ਇਸ ਦਾ ਸੰਭਾਵਤ ਨੁਕਸਾਨ ਇਸਦੇ ਫਾਇਦਿਆਂ ਤੋਂ ਕਿਤੇ ਵੱਧ ਹੈ।
ਗੈਲੋ ਕਹਿੰਦੇ ਹਨ ਕਿ ਜੇ ਸਨਸਕ੍ਰੀਨ ਵਿਚਲੇ ਕਿਸੇੇ ਤੱਤ ਤੋਂ ਤੁਹਾਨੂੰ ਐਲਰਜੀ ਹੈ ਤਾਂ ਸਰੀਰ ਉੱਤੇ ਧੱਫ਼ੜ ਵੀ ਪੈ ਸਕਦੇ ਹਨ।
ਗੈਲੋ ਕਹਿੰਦੇ ਹਨ, “ਨੁਕਸਾਨਦਾਇਕ ਤੱਤਾਂ ਬਾਰੇ ਮਿੱਥਾਂ ਰੇਡੀਏਸ਼ਨ ਦੇ ਪ੍ਰਭਾਵਾਂ ਤੋਂ ਵਧਾਅ ਚੜ੍ਹਾਅ ਕੇ ਦੱਸੀਆਂ ਜਾਂਦੀਆਂ ਹਨ।”
ਗੈਲੋ ਕਹਿੰਦੇ ਹਨ, “ਸਨਸਕ੍ਰੀਨਾਂ ਨੂੰ ਜੇਕਰ ਹਦਾਇਤਾਂ ਮੁਤਾਬਕ ਵਰਤਿਆ ਜਾਵੇ ਤਾਂ ਇਹ ਸਰੁੱਖਿਅਤ ਅਤੇ ਕੈਂਸਰ ਤੋਂ ਬਚਾਉਂਦੀਆਂ ਹਨ।”
ਬਾਲਗਾਂ ਨੂੰ ਕਿੰਨੀ ਸਨਸਕ੍ਰੀਨ ਵਰਤਣੀ ਚਾਹੀਦੀ ਹੈ
ਐੱਫਡੀਏ ਇਹ ਸਲਾਹ ਦਿੰਦੀ ਹੈ ਕਿ 2ਐੱਮਜੀ ਸਨਸਕ੍ਰੀਨ ਚਮੜੀ ਉੱਤੇ ਜਾਂਚ ਲਈ ਲਾਉਣੀ ਚਾਹੀਦੀ ਹੈ, ਜੇਕਰ ਇਸ ਤੋਂ ਘੱਟ ਲਗਾਈ ਜਾਂਦੀ ਹੈ ਤਾਂ ਇਸ ਦਾ ਅਸਰ ਨਹੀਂ ਹੋਵੇਗਾ।
ਹਾਲਾਂਕਿ ਅਧਿਐਨ ਵਿੱਚ ਇਹ ਸਾਹਮਣੇ ਆਇਆ ਹੈ ਕਿ ਲੋਕ ਲੋੜ ਨਾਲੋਂ ਘੱਟ ਸਨਸਕ੍ਰੀਨ ਲਾਉਂਦੇ ਹਨ।

ਤਸਵੀਰ ਸਰੋਤ, Getty Images
ਬੱਚਿਆਂ ਨੂੰ ਕਿੰਨੀ ਸਨਸਕ੍ਰੀਨ ਲਗਾਉਣੀ ਚਾਹੀਦੀ ਹੈ
ਬੱਚੇ ਧੁੱਪ ਪ੍ਰਤੀ ਵੱਧ ਸੰਵੇਦਨਸ਼ੀਲ ਹੁੰਦੇ ਹਨ, ਇਸ ਲਈ ਉਨ੍ਹਾਂ ਦਾ ਬਚਾਅ ਜ਼ਰੂਰੀ ਹੈ।
ਛੇ ਮਹੀਨਿਆਂ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਨਸਕ੍ਰੀਨ ਨਹੀਂ ਲਗਾਉਣੀ ਚਾਹੀਦੀ। ਉਨ੍ਹਾਂ ਨੂੰ ਸਿੱਧਾ ਧੁੱਪ ਵਿੱਚ ਨਹੀਂ ਜਾਣਾ ਚਾਹੀਦਾ ਪਰ ਇਸ ਦੀ ਥਾਂ ਖੁੱਲ੍ਹੇ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਛਾਂ ਵਿੱਚ ਰਹਿਣਾ ਚਾਹੀਦਾ ਹੈ।
ਦੋ ਸਾਲ ਦੇ ਬੱਚਿਆਂ ਨੂੰ 2 ਛੋਟੇ ਚਮਚਾਂ ਜਿੰਨੀ ਸਨਸਕ੍ਰੀਨ ਲਾਉਣੀ ਚਾਹੀਦੀ ਹੈ, ਪੰਜ ਸਾਲ ਦੇ ਬੱਚਿਆਂ ਨੂੰ 3 ਛੋਟੇ ਚਮਚਾਂ ਜਿੰਨੀ, 9 ਸਾਲ ਦੇ ਬੱਚਿਆਂ ਲਈ 4 ਛੋਟੇ ਚਮਚਾਂ ਜਿੰਨੀ ਅਤੇ13 ਸਾਲਾਂ ਦੇ ਬੱਚਿਆਂ ਦੇ ਲਈ 5 ਛੋਟੇ ਚਮਚਾਂ ਜਿੰਨੀ।
ਇਸ ਤੋਂ ਵੱਡੇ ਬੱਚਿਆਂ ਲਈ ਵਿਗਿਆਨੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਹਰ ਦੋ ਘੰਟੇ ਬਾਅਦ ਸਨਸਕ੍ਰੀਨ ਲਗਾਉਣੀ ਚਾਹੀਦੀ ਹੈ।
ਕਿਹੜੀ ਸਨਸਕ੍ਰੀਨ ਦੀ ਵਰਤੋਂ ਕਰਨੀ ਚਾਹੀਦੀ ਹੈ
ਇਹ ਜ਼ਰੂਰੀ ਹੈ ਕਿ ਵੱਧ ਐੱਸਪੀਐੱਫ ਵਾਲੀ ਸਨਸਕ੍ਰੀਨ ਦੀ ਵਰਤੋਂ ਕਰੋ ਜਿਸ ਉੱਤੇ ਇਹ ਲਿਖਿਆ ਹੋਵੇ ਕਿ ਇਹ ਯੂਵੀਏ ਤੇ ਯੂਵੀਬੀ ਕਿਰਨਾਂ ਤੋਂ ਰੱਖਿਆ ਕਰਦੀ ਹੈ।
ਸਨਸਕ੍ਰੀਨ ਕਿੰਨੀ ਸੁਰੱਖਿਆ ਪ੍ਰਦਾਨ ਕਰਦੀ ਹੈ ਇਸ ਲਈ ਕਿਹੜੇ ਪੈਮਾਨੇ ਦੀ ਵਰਤੋਂ ਕੀਤਾ ਜਾਵੇ, ਇਹ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਹੜੀ ਥਾਂ ਉੱਤੇ ਰਹਿੰਦੇ ਹਨ। ਇੱਕ ਅਜਿਹੇ ਪੈਮਾਨਾ ਹੈ ਪ੍ਰੋਟੈਕਸ਼ਨ ਗ੍ਰੇਡ ਸਿਸਟਮ। ਇਹ ਜਪਾਨ ਅਤੇ ਅਮਰੀਕਾ ਦੀਆਂ ਸਨਸਕ੍ਰੀਨਾਂ ਉੱਤੇ ਹੁੰਦਾ ਹੈ।ਅਜਿਹਾ ਹੀ ਇੱਕ ਹੋਰ ਪੈਮਾਨਾ ਹੈ ਯੂਵੀਏ ਸਟਾਰ ਰੇਟਿੰਗ। ਇਹ ਦੱਸਦਾ ਹੈ ਕਿ ਸਨਸਕ੍ਰੀਨ ਯੂਵੀਏ ਕਿਰਨਾਂ ਤੋਂ ਕਿੰਨਾ ਬਚਾਉਂਦੀ ਹੈ। ਇਹ ਪੈਮਾਨਾ ਯੂਕੇ ਅਤੇ ਯੂਰਪ ਵਿੱਚ ਵਰਤਿਆ ਜਾਂਦਾ ਹੇ।
ਬਲੈਕਬਰਨ ਕਹਿੰਦੇ ਹਨ ਕਿ 5 ਸਟਾਰ ਰੇਟਿੰਗ ਵਾਲੀ ਸਨਸਕ੍ਰੀਨ ਦੀ ਵਰਤੋਂ ਕਰਨੀ ਚਾਹੀਦੀ ਹੈ ਜੋ ਘੱਟੋ-ਘੱਟ 30 ਐੱਸਪੀਐੱਫ ਹੋਵੇੇ।
ਇਸ ਦੇ ਨਾਲ ਹੀ ਚਮੜੀ ਨੂੰ ਕੱਪੜੇ ਨਾਲ ਢੱਕਣਾ ਵੀ ਜ਼ਰੂਰੀ ਹੈ।
ਚਮੜੀ ਦੇ ਕੈਂਸਰ ਪ੍ਰਤੀ ਕੰਮ ਕਰਦੀਆਂ ਸੰਸਥਾਵਾਂ ਬਾਹਰ ਜਾਣ ਲੱਗਿਆਂ ਸਰੀਰ ਦੇ ਅਣਢਕੇ ਅੰਗਾਂ ਉੱਤੇ ਸਨਸਕ੍ਰੀਨ ਲਾਉਣ ਅਤੇ ਧੁੱਪ ਵਿੱਚ ਨਾ ਨਿਕਲਣ ਦੀ ਸਲਾਹ ਦਿੰਦੀਆਂ ਹਨ।

ਤਸਵੀਰ ਸਰੋਤ, Getty Images
ਸਨਸਕ੍ਰੀਨ ਅਤੇ ਸਨਬਲੌਕ ਵਿੱਚ ਕੀ ਫ਼ਰਕ ਹੈ
ਸਨਸਕ੍ਰੀਨ ਤੁਹਾਡੇ ਅਤੇ ਸੂਰਜ ਵਿਚਾਲੇ ਇੱਕ ਰਸਾਇਣਕ ਰੋਕ ਵਜੋਂ ਕੰਮ ਕਰਦੀਆਂ ਹਨ।
ਇਹ ਸੂਰਜ ਤੋਂ ਪੈਣ ਵਾਲੀਆਂ ਯੂਵੀ ਕਿਰਨਾਂ ਨੂੰ ਰੋਕਣ ਦੀ ਬਚਾਏ ਸੋਖਦੀਆਂ ਹਨ, ਇਸ ਤੋਂ ਪਹਿਲਾਂ ਕਿ ਉਹ ਸਾਡੀ ਚਮੜੀ ਵਿੱਚ ਪਹੁੰਚਣ। ਸਨਬਲੌਕ ਇੱਕ ਰੋਕ ਖੜ੍ਹੀ ਕਰਦਾ ਹੈ ਜਿਸ ਨੂੰ ਯੂਵੀ ਕਿਰਨਾਂ ਪਾਰ ਨਹੀਂ ਕਰ ਸਕਦੀਆਂ ।
ਡਿਸਕਲੈਮਰ – ਇਸ ਲੇਖ ਵਿਚਲੀ ਸਾਰੀ ਸੂਚਨਾ ਸਿਰਫ਼ ਜਾਣਕਾਰੀ ਲਈ ਹੈ ਅਤੇ ਇਸ ਨੂੰ ਡਾਕਟਰੀ ਸਲਾਹ ਦੇ ਬਦਲ ਵਜੋਂ ਨਹੀਂ ਦੇਖਣਾ ਚਾਹੀਦਾ। ਬੀਬੀਸੀ ਇਸ ਗੱਲ ਲਈ ਜਿੰਮੇਵਾਰ ਨਹੀਂ ਹੈ ਕਿ ਇਸ ਸੂਚਨਾ ਦੀ ਅਧਾਰ ਉੱਤੇ ਵਰਤੋਂਕਾਰ ਕੋਈ ਤੱਤ ਕੱਢੇ। ਬੀਬੀਸੀ ਕਿਸੇ ਵਪਾਰਕ ਪਦਾਰਥ ਦੀ ਸਿਫ਼ਾਰਿਸ਼ ਨਹੀਂ ਕਰਦਾ। ਬੀਬੀਸੀ ਇਸ ਲੇਖ ਵਿਚਲੀ ਹੋਰ ਬਾਹਰੀ ਜਾਣਕਾਰੀ ਲਈ ਵੀ ਜਿੰਮੇਵਾਰ ਨਹੀਂ ਹੈ। ਆਪਣੀ ਸਿਹਤ ਬਾਰੇ ਆਪਣੇ ਡਾਕਟਰ ਨਾਲ ਸਲਾਹ ਕਰੋ।












