ਅਮ੍ਰਿਤਪਾਲ ਦੇ ਲੋਕ ਸਭਾ ਵਿੱਚ ਸਹੁੰ ਚੁੱਕਣ ਲਈ ਕੀ ਕੀਤਾ ਜਾ ਰਿਹਾ ਅਤੇ ਉਨ੍ਹਾਂ ਦੀ ਅੱਗੇ ਕੀ ਹੈ ਰਣਨੀਤੀ

ਬਲਵਿੰਦਰ ਕੌਰ

ਤਸਵੀਰ ਸਰੋਤ, BBC/THEWARISPANJABDE/INSTAGRAM

ਤਸਵੀਰ ਕੈਪਸ਼ਨ, ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਮਾਤਾ ਬਲਵਿੰਦਰ ਕੌਰ
    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਸਹਿਯੋਗੀ

''ਲੋਕ ਸਭਾ ਸਪੀਕਰ ਦੀ ਇਹ ਜਿੰਮੇਵਾਰੀ ਹੈ ਕਿ ਉਹ ਨਵੇਂ ਚੁਣੇ ਗਏ ਸੰਸਦ ਮੈਂਬਰ ਦੇ ਸਹੁੰ ਚੁੱਕਣ ਦਾ ਪ੍ਰਬੰਧ ਕਰਵਾਉਣ,'' ਇਹ ਸ਼ਬਦ ਮਨੁੱਖੀ ਅਧਿਕਾਰ ਕਾਰਕੁੰਨ ਪਰਮਜੀਤ ਕੌਰ ਖਾਲੜਾ ਦੇ ਹਨ।

ਉਹ ਪੰਜਾਬ ਦੇ ਖਡੂਰ ਸਾਹਿਬ ਹਲ਼ਕੇ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਨੇ ਮਾਪਿਆਂ ਨਾਲ ਅੰਮ੍ਰਿਤਸਰ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਹਨ।

ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਉਹ ਅਜੇ ਉਡੀਕ ਕਰਨਗੇ ਕਿ ਲੋਕ ਸਭਾ ਦੇ ਸਪੀਕਰ ਕੀ ਕਾਰਵਾਈ ਕਰਦੇ ਹਨ। ਜੇਕਰ ਕੋਈ ਅੜਚਨ ਆਉਂਦੀ ਹੈ ਤਾਂ ਕਾਨੂੰਨੀ ਕਾਰਵਾਈ ਬਾਰੇ ਸੋਚਿਆ ਜਾਵੇਗਾ।

ਅਮ੍ਰਿਤਪਾਲ ਦੀ ਕਾਨੂੰਨੀ ਟੀਮ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਲੋਕ ਸਭਾ ਵਿੱਚ ਸਹੁੰ ਚੁੱਕਵਾਉਣ ਲਈ ਅਧਿਕਾਰਤ ਤੌਰ ਉੱਤੇ ਕਾਰਵਾਈ ਹੋਵੇਗੀ।

ਅਮ੍ਰਿਤਪਾਲ ਸਿੰਘ ਪਿਛਲੇ ਕਰੀਬ ਇੱਕ ਸਾਲ ਤੋਂ ਵੱਧ ਸਮੇਂ ਤੋਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਦੇ 9 ਹੋਰ ਸਾਥੀ ਵੀ ਉਨ੍ਹਾਂ ਨਾਲ ਐੱਨਐੱਸਏ ਤਹਿਤ ਜੇਲ੍ਹ ਵਿੱਚ ਬੰਦ ਹਨ।

ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਮਰਥਕ ਸਿੱਖੀ ਦੇ ਰਵਾਇਤੀ ਤਰੀਕੇ ਨਾਲ ਪ੍ਰਚਾਰ ਕਰਨ ਦਾ ਦਾਅਵਾ ਕਰਦੇ ਹਨ, ਜਦਕਿ ਪੁਲਿਸ ਨੇ ਉਨ੍ਹਾਂ ਉੱਤੇ ਪੰਜਾਬ ਵਿੱਚ ਗੜਬੜ ਕਰਵਾਉਣ ਦੇ ਇਲਜ਼ਾਮ ਲਾਏ ਹਨ।

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਐੱਨਐੱਸਏ ਤਹਿਤ ਜੇਲ੍ਹ 'ਚ ਬੰਦ ਹੈ ਅਮ੍ਰਿਤਪਾਲ

ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਹਨ, ਉਹ ਸਿੱਖਾਂ ਲਈ ਖੁਦਮੁਖਤਿਆਰ ਰਾਜ (ਖਾਲਿਸਤਾਨ) ਦੀ ਪਾਪ੍ਰਤੀ ਨੂੰ ਆਪਣਾ ਨਿਸ਼ਾਨਾ ਦੱਸਦੇ ਹਨ।

ਕਈ ਸਾਲ ਦੁਬਈ ਰਹਿਣ ਤੋਂ ਬਾਅਦ ਸਾਲ 2022 ਦੇ ਅਗਸਤ ਮਹੀਨੇ ਪੰਜਾਬ ਵਿੱਚ ਵਾਪਸ ਆਏ ਅਤੇ ਉਨ੍ਹਾਂ ਅਮ੍ਰਿਤ ਸੰਚਾਰ ਅਤੇ ਨਸ਼ਾ ਛੁਡਾਊ ਲਹਿਰ ਦੇ ਨਾਂ ਉੱਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾਂ ਸ਼ੁਰੂ ਕੀਤਾ।

ਪਰ ਉਹ ਆਪਣੇ ਗਰਮਸੁਰ ਵਾਲੇ ਭਾਸ਼ਣਾ ਅਤੇ ਗੁਰਦੁਆਰਿਆਂ ਵਿਚਲੇ ਬੈਂਚ ਸਾੜਨ ਤੇ ਅਜਨਾਲਾ ਥਾਣੇ ਅੱਗੇ ਹੋਈ ਹਿੰਸਾ ਕਾਰਨ ਵਿਵਾਦਾਂ ਵਿੱਚ ਆ ਗਏ।

ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਉੱਤੇ ਦਰਜ ਕੇਸਾਂ ਵਿੱਚ ਸਮਾਜ ਵਿੱਚ ਅਸਥਿਰਤਾ ਫੈਲਾਉਣ, ਇਰਾਦਾ ਕਤਲ, ਪੁਲਿਸ ਮੁਲਾਜ਼ਮਾਂ ’ਤੇ ਹਮਲਾ ਕਰਨ ਅਤੇ ਸਰਕਾਰੀ ਕਰਮਚਾਰੀਆਂ ਦੀਆਂ ਡਿਊਟੀਆਂ ਨੂੰ ਕਾਨੂੰਨੀ ਤਰੀਕੇ ਨਾਲ ਨਿਭਾਉਣ ਵਿੱਚ ਵਿਘਨ ਪਾਉਣਾ ਸ਼ਾਮਿਲ ਹੈ।

ਪੁਲਿਸ ਨੇ ਕਿਹਾ ਹੈ ਕਿ ਅਜਨਾਲਾ ਪੁਲਿਸ ਥਾਣੇ ’ਤੇ ਹਮਲੇ ਲਈ ‘ਵਾਰਿਸ ਪੰਜਾਬ ਦੇ’ ਦੇ ਕਾਰਕੁੰਨਾਂ ਵਿਰੁੱਧ 24 ਫਰਵਰੀ ਨੂੰ ਮੁਕੱਦਮਾ ਨੰਬਰ 39 ਦਰਜ ਕੀਤੀ ਗਿਆ ਸੀ।

ਪੁਲਿਸ ਨੇ ਉਸ 18 ਮਾਰਚ 2023 ਨੂੰ ਕਪੂਰਥਲਾ ਜਿਲ੍ਹੇ ਦੇ ਸ਼ਾਹਕੋਟ ਕਸਬੇ ਕੋਲ਼ ਘੇਰਾ ਪਾ ਕੇ ਫੜਨ ਦੀ ਕੋਸ਼ਿਸ਼ ਕੀਤੀ। ਉਸ ਦੇ ਕਈ ਸਾਥੀ ਫੜ੍ਹੇ ਗਏ ਪਰ ਉਹ ਫਰਾਰ ਹੋ ਗਿਆ।

ਆਖ਼ਰ ਪੁਲਿਸ ਨੇ ਉਸ ਨੂੰ 23 ਅਪ੍ਰੈਲ 2023 ਨੂੰ ਗ੍ਰਿਫ਼ਤਾਰ ਕੀਤਾ ਅਤੇ ਐੱਨਐੱਸਏ ਲਗਾ ਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ।

ਕੀ ਪੰਜਾਬ ਵਿੱਚ ਫਿਰਕਾਪ੍ਰਸਤੀ ਦੇ ਉਭਰ ਰਹੀ

ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਮੀਡੀਆ ਅਤੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਭੜਕਾਊ ਕਿਸਮ ਦੇ ਪ੍ਰਚਾਰ ਨੂੰ ਰੱਦ ਕੀਤਾ ਕਿ ਅਮ੍ਰਿਤਪਾਲ ਦੀ ਜਿੱਤ ਨਾਲ ਸੂਬੇ ਵਿੱਚ ਫਿਰਕਾਪ੍ਰਸਤੀ ਵਧੇਗੀ।

ਤਰਸੇਮ ਸਿੰਘ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਨੈਸ਼ਨਲ ਮੀਡੀਆ ਨੂੰ ਆਪਣਾ ਰੋਲ ਸਹੀ ਤਰੀਕੇ ਨਾਲ ਨਿਭਾਉਣਾ ਚਾਹੀਦਾ ਹੈ ਅਤੇ ਪੰਜਾਬ ਦੇ ਮੀਡੀਆ ਨੂੰ ਇਸ ਬਾਰੇ ਡਟ ਸਟੈਂਡ ਲੈਣਾ ਚਾਹੀਦਾ ਹੈ ਕਿ ਪੰਜਾਬ ਨੂੰ ਇਸ ਤਰੀਕੇ ਨਾਲ ਬਦਨਾਮ ਨਾ ਕੀਤਾ ਜਾਵੇ।’’

ਉਨ੍ਹਾਂ ਕਿਹਾ, ‘‘ਅਸੀਂ ਪੰਜਾਬ ਵਿੱਚ ਸਾਰੇ ਭਾਈਚਾਰਿਆਂ ਵਿੱਚ ਏਕਤਾ ਅਤੇ ਸ਼ਾਂਤੀ ਚਾਹੁੰਦੇ ਹਾਂ। ਅਸੀਂ ਹਿੰਦੂ ਅਤੇ ਹੋਰ ਸਾਰੇ ਭਾਈਚਾਰਿਆਂ ਨੂੰ ਭਰੋਸਾ ਦੁਆਉਂਦੇ ਹਾਂ ਕਿ ਅਜਿਹੀ ਕੋਈ ਗੱਲ ਨਹੀਂ ਹੋਵੇਗੀ। ਕਿਉਂ ਕਿ ਸਿੱਖ ਦੀ ਸੋਚ ਕਦੇ ਵੀ ਫਿਰਕੂ ਨਹੀਂ ਹੋ ਸਕਦੀ।’’

ਉਨ੍ਹਾਂ ਕਿਹਾ, ‘‘ਸੋਸ਼ਲ ਮੀਡੀਆ ਉੱਤੇ ਕੁਝ ਲੋਕ ਆਪ ਹੁਦਰੇ ਢੰਗ ਨਾਲ ਪੋਸਟਾਂ ਪਾ ਰਹੇ ਹਨ। ਸਾਡਾ ਉਨ੍ਹਾਂ ਨਾਲ ਕੋਈ ਸਬੰਧ ਨਹੀਂ, ਅਸੀਂ ਉਸ ਦੀ ਨਿੰਦਾ ਕਰਦੇ ਹਾਂ। ਬੀਬੀ ਖਾਲੜਾ ਅਤੇ ਸਾਡੇ ਦੋਵਾਂ ( ਅਮ੍ਰਿਤਪਾਲ ਦੇ ਮਾਤਾ-ਪਿਤਾ) ਦੇ ਬਿਆਨ ਨੂੰ ਹੀ ਸਹੀ ਬਿਆਨ ਮੰਨਿਆ ਜਾਵੇ।’’

ਉਨ੍ਹਾਂ ਕਿਹਾ ਕਿ ਜੇਕਰ ਕੋਈ ਹੋਰ ਅਜਿਹੇ ਬਿਆਨ ਦਿੰਦਾ ਹੈ ਤਾਂ ਉਹ ਉਸ ਦਾ ਨਿੱਜੀ ਬਿਆਨ ਹੋਵੇਗਾ।

ਇੱਕ ਸਵਾਲ ਦੇ ਜਵਾਬ ਵਿੱਚ ਤਰਸੇਮ ਸਿੰਘ ਨੇ ਕਿਹਾ ਕਿ ਅਮ੍ਰਿਤਪਾਲ ਅਤੇ ਉਨ੍ਹਾਂ ਦੇ ਨਾਂ ਹੇਠ ਗੁਮਰਾਹਕੁਨ ਪ੍ਰਚਾਰ ਕਰਨ ਵਾਲਿਆਂ ਖ਼ਿਲਾਫ਼ ਉਹ ਪੁਲਿਸ ਕੋਲ ਕੇਸ ਵੀ ਦਰਜ ਕਰਵਾਉਣਗੇ।

ਪਰਮਜੀਤ ਕੌਰ ਖਾਲੜਾ

ਤਸਵੀਰ ਸਰੋਤ, Paramjit Kaur/FB

ਤਸਵੀਰ ਕੈਪਸ਼ਨ, ਪਰਮਜੀਤ ਕੌਰ ਖਾਲੜਾ ਮਰਹੂਮ ਸਮਾਜ ਸੇਵੀ ਜਸਵੰਤ ਸਿੰਘ ਖਾਲੜਾ ਦੀ ਪਤਨੀ ਹੈ

ਅਮ੍ਰਿਤਪਾਲ ਦੀ ਰਿਹਾਈ ਬਾਰੇ ਚਾਰਾਜੋਈ

ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਅਮ੍ਰਿਤਪਾਲ ਨੇ ਜਦੋਂ ਚੋਣ ਲੜਨ ਦਾ ਐਲਾਨ ਕੀਤਾ ਸੀ ਤਾਂ ਕਿੰਨੀਆਂ ਹੀ ਅੜਚਨਾਂ ਪਈਆਂ। ਹਾਈਕੋਰਟ ਨੇ ਉਨ੍ਹਾਂ ਦੇ ਪੇਪਰ ਦਾਖ਼ਲ ਕਰਵਾਉਣ ਤੋਂ ਲੈ ਕੇ ਸਾਰੀ ਪ੍ਰਕਿਰਿਆ ਦਾ ਪ੍ਰਬੰਧ ਕਰਵਾਇਆ।

ਉਨ੍ਹਾਂ ਕਿਹਾ, ‘‘ਹੁਣ ਅਮ੍ਰਿਤਪਾਲ ਜਿੱਤ ਗਏ ਹਨ। ਅਸੀਂ ਪੂਰੇ ਹਾਂਪੱਖੀਂ ਹਾਂ ਕਿ ਉਨ੍ਹਾਂ ਨੂੰ ਕਾਨੂੰਨ ਅਨੁਸਾਰ ਛੱਡਣਾ ਬਣਦਾ ਹੈ। ਅਸੀਂ ਉਡੀਕ ਕਰਦੇ ਹਾਂ ਅਤੇ ਜੇਕਰ ਅੱਗੇ ਕੋਈ ਸਮੱਸਿਆ ਆਈ ਤਾਂ ਅਸੀਂ ਹੱਲ ਕਰ ਸਕਦੇ ਹਾਂ।’’

‘‘ਸਾਡੇ ਕੋਲ ਵੀ ਵਕੀਲਾਂ ਦੀਆਂ ਟੀਮਾਂ ਹਨ। ਜਿਹੜੇ ਸੰਵਿਧਾਨ ਨਾਲ ਉਹ ਸਾਨੂੰ ਖਰਾਬ ਕਰ ਰਹੇ ਹਨ, ਉਸ ਮੁਤਾਬਕ ਵੀ ਇਹ ਸੰਭਾਵਨਾ ਨਹੀਂ ਹੈ, ਮੇਰਾ ਮੰਨਣਾ ਹੈ ਕਿ ਉਨ੍ਹਾਂ ਨੂੰ ਐੱਨਐੱਸਏ ਤਹਿਤ ਜੋ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹ ਵੀ ਸੰਵਿਧਾਨ ਦੇ ਖਿਲਾਫ਼ ਹੈ।’’

ਪਰਮਜੀਤ ਕੌਰ ਖਾਲੜਾ ਨੇ ਕਿਹਾ, ‘‘ਪਹਿਲਾਂ ਵੀ ਹਾਈਕੋਰਟ ਨੇ ਸਾਡੀ ਮਦਦ ਕੀਤੀ ਹੈ ਅਤੇ ਅਸੀਂ ਅਜੇ ਵੀ ਉਡੀਕ ਕਰ ਰਹੇ ਹਾਂ। ਦੇਖ ਰਹੇ ਹਾਂ। ਜੇਕਰ ਕੋਈ ਸਮੱਸਿਆ ਆਵੇਗੀ ਤਾਂ ਉਸ ਦਾ ਵੀ ਸਾਡੇ ਕੋਲ਼ ਰਾਹ ਹੈ। ਇਹ ਚਾਰ ਲੱਖ ਤੋਂ ਵੱਧ ਲੋਕ, ਜਿਨ੍ਹਾਂ ਅਮ੍ਰਿਤਪਾਲ ਨੂੰ ਵੋਟਾਂ ਪਾ ਕੇ ਜਿਤਾਇਆ ਹੈ, ਉਨ੍ਹਾਂ ਦੀਆਂ ਭਾਵਨਾਵਾਂ ਦਾ ਸਵਾਲ ਹੈ। ਜਿਹੜੇ ਸਿਆਸਤਦਾਨ ਹਨ, ਉਹ ਵੀ ਚੋਣ ਲੜਦੇ ਹਨ। ਜੇਕਰ ਉਹ ਸਿਆਣੇ ਹੋਣ ਤਾਂ ਉਨ੍ਹਾਂ ਨੂੰ ਇਸ ਫਤਵੇ ਦੀ ਕਦਰ ਕਰਨੀ ਚਾਹੀਦੀ ਹੈ।’’

ਪਰਮਜੀਤ ਕੌਰ ਖਾਲੜਾ ਅਤੇ ਤਰਸੇਮ ਸਿੰਘ ਨੇ ਖਡੂਰ ਸਾਹਿਬ ਤੋਂ ਚੋਣ ਹਾਰੇ ਪੰਜਾਬ ਦੇ ਮੰਤਰੀ ਲਾਲਜੀਤ ਭੁੱਲਰ ਉੱਤੇ ਆਪਣੇ ਵੋਟਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਇਲਜ਼ਾਮ ਲਾਇਆ।

ਤਰਸੇਮ ਸਿੰਘ ਨੇ ਕਿਹਾ, ''ਅਸੀਂ ਅਪੀਲ ਕਰਦੇ ਹਾਂ ਕਿ ਮੰਤਰੀ ਅਜਿਹੇ ਰਵੱਈਏ ਤੋਂ ਬਾਜ਼ ਆਉਣ ਨਹੀਂ ਤਾਂ ਸਾਨੂੰ ਲੋਕਾਂ ਦੇ ਹੱਕ ਵਿੱਚ ਧਰਨੇ ਮੁਜ਼ਾਹਰੇ ਉੱਤੇ ਬੈਠਣਾ ਪਵੇਗਾ।''

ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤੇ ਹਨ

ਐੱਨਐੱਸਏ ਖਤਮ ਕਰਵਾਉਣ ਲਈ ਪਟੀਸ਼ਨ

ਪਰਮਜੀਤ ਕੌਰ ਖਾਲੜਾ ਨੇ ਦੱਸਿਆ ਕਿ ਅਮ੍ਰਿਤਪਾਲ ਸਿੰਘ ਉੱਤੇ ਲਾਇਆ ਗਿਆ ਐੱਨਐੱਸਏ ਖਤਮ ਕਰਵਾਉਣ ਲਈ ਹਾਈ ਕੋਰਟ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ।

ਉਨ੍ਹਾਂ ਕਿਹਾ, ‘‘ਅਮ੍ਰਿਤਪਾਲ ਉੱਤੇ ਲੱਗਿਆ ਐੱਨਐੱਸਏ ਖ਼ਤਮ ਕਰਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਜਾ ਚੁੱਕੀ ਹੈ। ਇਹ ਪਟੀਸ਼ਨ ਮਨੱਖੀ ਅਧਿਕਾਰਾਂ ਬਾਰੇ ਵਕੀਲ ਆਰਐੱਸ ਬੈਂਸ ਵਲੋਂ ਦਾਇਰ ਕੀਤੀ ਗਈ ਹੈ।

‘‘ਕਾਨੂੰਨੀ ਪੈਰਵੀ ਤਾਂ ਚੱਲਦੀ ਹੀ ਰਹੇਗੀ। ਜਦੋਂ ਕੋਈ ਜਿੱਥੇ ਵੀ ਲੋੜ ਪਵੇਗੀ ਉਹ ਕਦਮ ਚੁੱਕਿਆ ਜਾਵੇਗਾ। ਇਸ ਲਈ ਮੀਡੀਆ ਨੂੰ ਵੀ ਕੁਝ ਦੇਰ ਉਡੀਕ ਕਰਨੀ ਚਾਹੀਦੀ ਹੈ।’’

ਇੱਕ ਵੱਖਰੇ ਸਵਾਲ ਦੇ ਜਵਾਬ ਵਿੱਚ ਤਰਸੇਮ ਸਿੰਘ ਨੇ ਕਿਹਾ ਕਿ ਜੇਕਰ ਅਮ੍ਰਿਤਪਾਲ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਤਾਂ ਸਮਰਥਕਾਂ ਦੀ ਸਲਾਹ ਨਾਲ ਅੱਗੇ ਕੋਈ ਵੱਡਾ ਸੰਘਰਸ਼ ਵੀ ਖੜ੍ਹਾ ਕੀਤਾ ਜਾ ਸਕਦਾ ਹੈ।

ਪਰ ਅਜੇ ਕੁਝ ਵੀ ਕਹਿਣਾ ਜਲਦੀਬਾਜ਼ੀ ਹੋਵੇਗੀ, ਅਜੇ ਸਾਨੂੰ ਕੁਝ ਦੇਰ ਉਡੀਕ ਕਰਨੀ ਪਵੇਗੀ।

 ਤਰਸੇਮ ਸਿੰਘ
ਤਸਵੀਰ ਕੈਪਸ਼ਨ, ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ

ਕੇਂਦਰ ਵਿੱਚ ਸਮਰਥਨ ਕਿਸਨੂੰ

ਅਮ੍ਰਿਤਪਾਲ ਅਜ਼ਾਦ ਉਮੀਦਵਾਰ ਦੇ ਤੌਰ ਉੱਤੇ ਚੋਣ ਜਿੱਤੇ ਹਨ, ਉਹ ਸੰਸਦ ਵਿੱਚ ਜਾ ਕੇ ਕੀ ਅਜ਼ਾਦ ਮੈਂਬਰ ਵਜੋਂ ਹੀ ਕੰਮ ਕਰਨਗੇ ਜਾਂ ਸੱਤਾ ਤੇ ਵਿਰੋਧੀ ਧਿਰ ਵਿੱਚੋਂ ਕਿਸੇ ਇੱਕ ਨਾਲ ਖੜਨਗੇ।

ਇਸ ਸਵਾਲ ਦੇ ਜਵਾਬ ਵਿੱਚ ਪਰਮਜੀਤ ਕੌਰ ਖਾਲੜਾ ਨੇ ਕਿਹਾ, ''ਅਸੀਂ ਕੋਈ ਸਿਆਸੀ ਪਾਰਟੀ ਵਿੱਚ ਸ਼ਾਮਲ ਨਹੀਂ ਹੋਣ ਜਾ ਰਹੇ। ਅਸੀਂ ਇਹ ਚੋਂਣ ਪੰਜਾਬ ਅਤੇ ਪੰਥਕ ਮੁੱਦਿਆਂ ਉੱਤੇ ਲੜੀ ਹੈ। ਬੰਦੀ ਸਿੰਘਾਂ ਦੀ ਰਿਹਾਈ, ਨਸ਼ੇ ਦੀ ਸਮੱਸਿਆ ਅਤੇ ਬੇਅਦਬੀ ਮਾਮਲਿਆਂ ਵਿੱਚ ਨਿਆਂ ਹਾਸਲ ਕਰਨਾ ਸਾਡੀਆਂ ਪ੍ਰਮੁੱਖਤਾਵਾਂ ਹਨ।''

ਪਰਮਜੀਤ ਕੌਰ ਖਾਲੜਾ ਨੇ ਅੱਗੇ ਕਿਹਾ, ‘‘ਜੇਕਰ ਸਰਕਾਰ ਬੰਦ ਸਿੰਘਾਂ ਦੀ ਰਿਹਾਈ ਲਈ ਕੋਈ ਕਦਮ ਚੁੱਕਦੀ ਹੈ ਤਾਂ ਅਸੀਂ ਇਸ ਬਾਰੇ ਕੁਝ ਸੋਚ ਸਕਦੇ ਹਾਂ। ਪਰ ਅਸੀਂ ਕਿਸੇ ਵੀ ਧਿਰ ਵਿੱਚ ਸ਼ਾਮਲ ਨਹੀਂ ਹੋਵਾਂਗੇ।’’

ਪੰਥਕ ਪਾਰਟੀ ਬਣਾਉਣ ਬਾਰੇ

ਅਮ੍ਰਿਤਪਾਲ ਜੇਲ੍ਹ ਤੋਂ ਬਾਹਰ ਆਕੇ ਕੀ ਕੋਈ ਪੰਥਕ ਪਾਰਟੀ ਬਣਾਉਣਗੇ। ਇਸ ਸਵਾਲ ਦੇ ਜਵਾਬ ਵਿੱਚ ਤਰਸੇਮ ਸਿੰਘ ਨੇ ਕਿਹਾ ਕਿ ਇਸ ਦਾ ਫੈਸਲਾ ਅਮ੍ਰਿਤਪਾਲ ਹੀ ਕਰਨਗੇ। ਇਸ ਬਾਰੇ ਕੁਝ ਵੀ ਕਹਿਣਾ ਜਲਦਬਾਜੀ ਹੋਵੇਗੀ।

ਇਸੇ ਦੌਰਾਨ ਪਰਮਜੀਤ ਕੌਰ ਖਾਲੜਾ ਨੇ ਤੰਜ਼ ਕੱਸਦਿਆ ਕਿਹਾ ਕਿ ਲੋਕ ਅਜ਼ਾਦ ਲੋਕਾਂ ਨੂੰ ਵੱਧ ਪਸੰਦ ਕਰਦੇ ਹਨ। ਅਸੀਂ ਦੋ ਅਜ਼ਾਦ ਉਮੀਦਵਾਰ ਖੜ੍ਹੇ ਕੀਤੇ ਸਨ, ਉਹ ਜਿੱਤ ਗਏ। ਪੰਥਕ ਧਿਰ (ਅਕਾਲੀ ਦਲ) ਦਾ ਇੱਕ ਜਿੱਤਿਆ ਹੈ, ਸਾਡੇ ਦੋ ਜਿੱਤੇ ਹਨ। ਜੇਕਰ ਤੀਜਾ ਖੜਾ ਹੁੰਦਾ ਤਾਂ ਉਹ ਵੀ ਜਿੱਤ ਸਕਦਾ ਸੀ।

ਹੋਰ ਪੰਥਕ ਧਿਰਾਂ ਜਾਂ ਸ਼੍ਰੋਮਣੀ ਕਮੇਟੀ ਦੀ ਅਮ੍ਰਿਤਪਾਲ ਜਾਂ ਸਾਥੀਆਂ ਦੀ ਰਿਹਾਈ ਵਿੱਚ ਮਦਦ ਲੈਣ ਵਾਲੇ ਸਵਾਲ ਦਾ ਜਵਾਬ ਦਿੰਦਿਆਂ ਤਰਸੇਮ ਸਿੰਘ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਇਨ੍ਹਾਂ ਸਾਰਿਆਂ ਨੇ ਵਿਰੋਧ ਹੀ ਕੀਤਾ ਹੈ। ਪਰ ਸਿੱਖਾਂ ਦੀਆਂ ਨੁੰਮਾਇਦਾ ਸੰਸਥਾਵਾਂ ਹੋਣ ਕਰਕੇ ਇਹ ਤਾਂ ਉਨ੍ਹਾਂ ਦਾ ਫਰਜ਼ ਹੀ ਬਣਦਾ ਹੈ ਕਿ ਉਹ ਆਪਣੀ ਭੂਮਿਕਾ ਨਿਭਾਉਣ।

ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮ੍ਰਿਤਪਾਲ ਸਿੰਘ ਡਿਬੜੂਗੜ੍ਹ ਜੇਲ੍ਹ ਵਿੱਚ ਹਨ

ਅਮ੍ਰਿਤਪਾਲ ਸਿੰਘ ਦਾ ਪਿਛੋਕੜ

ਅਮ੍ਰਿਤਪਾਲ ਸਿੰਘ, ਜੋ ਮਰਹੂਮ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਵਲੋਂ ਬਣਾਈ ਗਈ 'ਵਾਰਸ ਪੰਜਾਬ ਦੇ' ਜਥੇਬੰਦੀ ਦੇ ਨਵੇਂ ਮੁਖੀ ਬਣਾਏ ਗਏ ਹਨ।

ਅਮ੍ਰਿਤਪਾਲ ਸਿੰਘ ਦੀ 'ਵਾਰਸ ਪੰਜਾਬ ਦੇ' ਮੁਖੀ ਵਜੋਂ ਦਸਤਾਰਬੰਦੀ ਜਥੇਬੰਦੀ ਦੀ ਪਹਿਲੀ ਵਰ੍ਹੇਗੰਢ ਮੌਕੇ 29 ਸਤੰਬਰ 2022 ਨੂੰ ਕੀਤੀ ਗਈ ਸੀ।

ਦਰਅਸਲ ਇਸ ਦਿਨ ਦਮਦਮੀ ਟਕਸਾਲ ਦੇ ਸਾਬਕਾ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਜਨਮ ਦਿਨ ਵੀ ਸੀ।

ਅਮ੍ਰਿਤਪਾਲ ਸਿੰਘ ਆਪਣੇ ਆਪ ਬਾਰੇ ਕਹਿੰਦੇ ਹਨ,''ਚਾਹੇ ਤਾਂ ਕੋਈ ਮੈਨੂੰ ਛੋਟਾ ਭਰਾ ਮੰਨ ਸਕਦਾ ਹੈ ਜਾਂ ਵੱਡਾ ਭਰਾ, ਮੇਰੀ ਉਮਰ ਵੀ ਐਨੀ ਕੁ ਹੈ।ਅਮ੍ਰਿਤਪਾਲ ਸਿੰਘ ਆਪ ਕੁਝ ਨਹੀਂ ਹੈ, ਇਸ ਸੰਘਰਸ਼ ਦੇ ਰਾਹ ਉੱਤੇ ਬਹੁਤ ਬੰਦੇ ਆਏ ਅਤੇ ਗਏ, ਅੰਮ੍ਰਿਤਪਾਲ ਸਿੰਘ ਉਨ੍ਹਾਂ ਵਿੱਚੋਂ ਇੱਕ ਹੈ।''

ਅਮ੍ਰਿਤਪਾਲ ਸਿੰਘ ਦਾ ਜਨਮ ਤੇ ਪਾਲਣ-ਪੋਸ਼ਣ ਅੰਮ੍ਰਿਤਸਰ ਦੇ ਜੱਦੂਖੇੜ੍ਹਾ ਪਿੰਡ ਵਿੱਚ ਹੋਇਆ ਹੈ।

ਅਮ੍ਰਿਤਪਾਲ ਸਿੰਘ ਨੇ 10 ਫ਼ਰਵਰੀ 2023 ਨੂੰ ਬਾਬਾ ਬਕਾਲਾ ਵਿੱਚ ਵਿਆਹ ਕਰਵਾਇਆ।

ਉਨ੍ਹਾਂ ਨਿੱਜਤਾ ਦਾ ਹਵਾਲਾ ਦਿੰਦਿਆਂ ਆਪਣੀ ਪਤਨੀ ਅਤੇ ਪਰਿਵਾਰ ਬਾਰੇ ਨਹੀਂ ਦੱਸਿਆ ਅਤੇ ਕਿਹਾ ਕਿ ਮੀਡੀਆ ਨੂੰ ਵੀ ਨਿੱਜੀ ਜ਼ਿੰਦਗੀ ਵਿੱਚ ਦਖ਼ਲ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਸਕੂਲੀ ਪੜ੍ਹਾਈ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਦੱਸਣ ਮੁਤਾਬਕ ਉਹ ਰੁਜ਼ਗਾਰ ਦੀ ਭਾਲ ਵਿੱਚ ਅਰਬ ਚਲੇ ਗਏ।

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਜਲਦੀ ਕਿਤੇ ਲੋਕਾਂ ਵਿੱਚ ਘੁਲਦੇ ਮਿਲਦੇ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਦੇ ਬਹੁਤ ਜ਼ਿਆਦਾ ਦੋਸਤ ਹਨ।

ਪੜ੍ਹਨ ਬਾਰੇ ਉਹ ਦੱਸਦੇ ਹਨ ਕਿ ਸਕੂਲ ਦੌਰਾਨ ਪੜ੍ਹਾਈ ਵਿੱਚ ਦਿਲਚਸਪੀ ਨਹੀਂ ਸੀ ਅਤੇ ਉਸ ਤੋਂ ਬਾਅਦ ਦੁਬਈ ਚਲੇ ਗਏ ਅਤੇ ਫਿਰ ਵਖ਼ਤ ਨਹੀਂ ਮਿਲਿਆ।

ਉਹ ਕਹਿੰਦੇ ਹਨ, ''ਕੰਠ (ਗੁਰੂ ਗ੍ਰੰਥ ਸਾਹਿਬ) ਹੋਣਾ ਤਾਂ ਬਹੁਤ ਜਿਹੜੀਆਂ ਉੱਚੀਆਂ ਰੂਹਾਂ ਨੇ, ਉਨ੍ਹਾਂ ਨੂੰ ਹੁੰਦਾ ਹੈ। ਅਸੀਂ ਤਾਂ ਬਾਣੀ ਸ਼ੁੱਧ ਪੜ੍ਹ ਲਈਏ ਉਹੀ ਬਹੁਤ ਹੈ।''

ਅਮ੍ਰਿਤਪਾਲ ਸਿੰਘ ਮਾਰਚ 2023 ਤੋਂ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨਐੱਸਏ) ਦੇ ਤਹਿਤ ਡਿਬਰੂਗੜ੍ਹ, ਆਸਾਮ ਦੀ ਜੇਲ੍ਹ ਵਿੱਚ ਬੰਦ ਹਨ। ਕੌਮੀ ਸੁਰੱਖਿਆ ਕਾਨੂੰਨ 1980 ਵਿੱਚ ਲਿਆਂਦਾ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)