ਅਮ੍ਰਿਤਪਾਲ ਸਿੰਘ ਮਾਮਲਾ: ਹੁਣ ਤੱਕ ਕੀ ਕੁਝ ਪਤਾ ਲੱਗਾ ਤੇ ਕਿਹੜੇ ਸਵਾਲਾਂ ਦੇ ਜਵਾਬ ਨਹੀਂ ਮਿਲੇ

ਤਸਵੀਰ ਸਰੋਤ, Getty Images
ਪੰਜਾਬ ਪੁਲਿਸ ਨੂੰ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਭਾਲ ਅਜੇ ਵੀ ਜਾਰੀ ਹੈ।
ਪੁਲਿਸ ਦਾਅਵਾ ਕਰ ਰਹੀ ਹੈ ਕਿ ਉਹ ਭੱਜ ਗਏ ਹਨ।
ਮੰਗਲਵਾਰ ਨੂੰ ਪੁਲਿਸ ਐਡਵੋਕੇਟ ਜਨਰਲ ਵਿਨੋਦ ਘਈ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਜਾਣਕਾਰੀ ਦਿੱਤੀ ਕਿ ਅਮ੍ਰਿਤਪਾਲ ਸਿੰਘ ਖ਼ਿਲਾਫ਼ ਐੱਨਐੱਸਏ (ਨੈਸ਼ਨਲ ਸੁਰੱਖਿਆ ਐਕਟ) ਲਗਾ ਦਿੱਤਾ ਗਿਆ ਹੈ।
ਪੁਲਿਸ ਮੁਤਾਬਕ ਅਮ੍ਰਿਤਪਾਲ ਸਿੰਘ ਤੋਂ ਇਲਾਵਾ ‘ਵਾਰਿਸ ਪੰਜਾਬ ਦੇ’ ਜਥੇਬੰਦੀ ਨਾਲ ਜੁੜੇ 5 ਹੋਰ ਲੋਕਾਂ 'ਤੇ ਵੀ ਐਨਐੱਸਏ ਲਗਾਇਆ ਗਿਆ ਹੈ।
ਹੁਣ ਤੱਕ ਵਾਰਿਸ ਪੰਜਾਦ ਦੇ ਜਥੇਬੰਦੀਆਂ ਦੇ ਕਾਰਕੁਨਾਂ ਖ਼ਿਲਾਫ਼ 6 ਕੇਸ ਦਰਜ ਕੀਤੇ ਗਏ ਹਨ।
ਇਨ੍ਹਾਂ ਵਿੱਚ ਸਮਾਜ ਵਿੱਚ ਅਸਥਿਰਤਾ ਫੈਲਾਉਣ, ਇਰਾਦਾ ਕਤਲ, ਪੁਲਿਸ ਮੁਲਾਜ਼ਮਾਂ ’ਤੇ ਹਮਲਾ ਕਰਨ ਅਤੇ ਸਰਕਾਰੀ ਕਰਮਚਾਰੀਆਂ ਦੀਆਂ ਡਿਊਟੀਆਂ ਨੂੰ ਕਾਨੂੰਨੀ ਤਰੀਕੇ ਨਾਲ ਨਿਭਾਉਣ ਵਿੱਚ ਵਿਘਨ ਪਾਉਣਾ ਸ਼ਾਮਿਲ ਹੈ।
ਪੁਲਿਸ ਨੇ ਕਿਹਾ ਹੈ ਕਿ ਅਜਨਾਲਾ ਪੁਲਿਸ ਥਾਣੇ ’ਤੇ ਹਮਲੇ ਲਈ ‘ਵਾਰਿਸ ਪੰਜਾਬ ਦੇ’ ਦੇ ਕਾਰਕੁੰਨਾਂ ਵਿਰੁੱਧ 24 ਫਰਵਰੀ ਨੂੰ ਮੁਕੱਦਮਾ ਨੰਬਰ 39 ਦਰਜ ਕੀਤੀ ਗਿਆ ਸੀ।

ਤਸਵੀਰ ਸਰੋਤ, Getty Images
ਇਸ ਤੋਂ ਇਲਾਵਾ ਪੰਜਾਬ ਪੁਲਿਸ ਨੇ ਅਮ੍ਰਿਤਪਾਲ ਸਿੰਘ ਵੱਲੋਂ ਸ਼ਨੀਵਾਰ ਨੂੰ ਕਥਿਤ ਤੌਰ 'ਤੇ ਭੱਜਣ ਲਈ ਵਰਤੀ ਗਈ ਮੋਟਰਸਾਈਕਲ ਬਰਾਮਦ ਕਰ ਲਈ ਹੈ। ਇਸ ਦੀ ਪੁਸ਼ਟੀ ਜਲੰਧਰ ਦੇ ਐੱਸਐੱਸਪੀ ਸਵਰਨਦੀਪ ਸਿੰਘ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਕੀਤੀ ਹੈ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਈਜੀ ਹੈੱਡਕੁਆਟਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ 5 ਲੋਕਾਂ ਡਿਬਰੂਗੜ੍ਹ ਜੇਲ੍ਹ ਵਿੱਚ ਭੇਜਿਆ ਗਿਆ ਹੈ। ਜਿਨ੍ਹਾਂ ਵਿੱਚ ਅਮ੍ਰਿਤਪਾਲ ਸਿੰਘ ਚਾਚਾ ਹਰਜੀਤ ਸਿੰਘ ਸ਼ਾਮਿਲ ਹਨ।
ਪੁਲਿਸ ਮੁਤਾਬਕ ਉਨ੍ਹਾਂ ਨੂੰ ਏਕੇਐੱਫ (ਅਨੰਦਪੁਰ ਖਾਲਸਾ ਫੌਜ) ਲਿਖੀਆਂ ਹੋਈਆਂ ਬੁਲੇਟ ਪਰੂਫ਼ ਜੈਕਟਾਂ ਮਿਲੀਆਂ ਹਨ। ਅਮ੍ਰਿਤਪਾਲ ਸਿੰਘ ਦੇ ਘਰ ਦੇ ਦਰਵਾਜ਼ੇ 'ਤੇ ਏਕੇਐੱਫ ਲਿਖਿਆ ਹੋਇਆ ਹੈ।
ਪੁਲਿਸ ਨੇ ਅਮ੍ਰਿਤਪਾਲ ਸਿੰਘ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ।
ਆਈਜੀ ਗਿੱਲੀ ਦਾ ਕਹਿਣਾ ਹੈ ਕਿ ਪੁਲਿਸ ਵਿਦੇਸ਼ੀ ਫੰਡਿੰਗ ਅਤੇ ਆਈਸੀਆਈ ਏਂਗਲ ਦੀ ਜਾਂਚ ਕਰ ਰਹੀ ਹੈ।

ਅਮ੍ਰਿਤਪਾਲ ਸਿੰਘ ਕੌਣ ਹਨ
ਅਮ੍ਰਿਤਪਾਲ ਸਿੰਘ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਹਨ, ਉਹ ਸਿੱਖਾਂ ਲਈ ਖੁਦਮੁਖਤਿਆਰ ਰਾਜ (ਖਾਲਿਸਤਾਨ) ਦੀ ਪਾਪ੍ਰਤੀ ਨੂੰ ਆਪਣਾ ਨਿਸ਼ਾਨਾ ਦੱਸਦੇ ਹਨ।
ਕਈ ਸਾਲ ਦੁਬਈ ਰਹਿਣ ਤੋਂ ਬਾਅਦ ਪਿਛਲੇ ਸਾਲ ਅਗਸਤ ਮਹੀਨੇ ਪੰਜਾਬ ਵਿੱਚ ਵਾਪਸ ਆਏ ਅਤੇ ਉਨ੍ਹਾਂ ਅਮ੍ਰਿਤ ਸੰਚਾਰ ਅਤੇ ਨਸ਼ਾ ਛਡਾਓ ਲਹਿਰ ਦੇ ਨਾਂ ਉੱਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾ ਸ਼ੁਰੂ ਕੀਤਾ।
ਪਰ ਉਹ ਆਪਣੇ ਗਰਮਸੁਰ ਵਾਲੇ ਭਾਸ਼ਣਾਂ ਅਤੇ ਗੁਰਦੁਆਰਿਆਂ ਵਿਚਲੇ ਬੈਂਚ ਸਾੜਨ ਤੇ ਅਜਨਾਲਾ ਥਾਣੇ ਅੱਗੇ ਹੋਈ ਹਿੰਸਾ ਕਾਰਨ ਵਿਵਾਦਾਂ ਵਿੱਚ ਆ ਗਏ।
ਪੁਲਿਸ ਸ਼ਨੀਵਾਰ 18 ਮਾਰਚ ਤੋਂ ਉਸ ਦਾ ਪਿੱਛਾ ਕਰ ਰਹੀ ਹੈ ਅਤੇ ਪੰਜਾਬ ਵਿੱਚ ਉਸ ਦੇ ਸਮਰਥਕਾਂ ਦੀ ਵੱਡੇ ਪੱਧਰ ਉੱਤੇ ਫੜੋ-ਫੜੀ ਚੱਲ ਰਹੀ ਹੈ।

ਇੱਥੇ ਅਸੀਂ ਗੱਲ ਕਰਾਂਗੇ ਕਿ ਇਸ ਮਾਮਲੇ ਵਿੱਚ ਹੁਣ ਤੱਕ ਕੀ-ਕੀ ਹੋਇਆ ਤੇ ਕਿਹੜੇ ਸਵਾਲਾਂ ਦੇ ਜਵਾਬ ਬਾਕੀ ਹਨ-
ਹੁਣ ਤੱਕ ਅਮ੍ਰਿਤਪਾਲ ਸਿੰਘ ਕਿੰਨੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਨ੍ਹਾਂ ਦੇ ਨਾਮ ਅਤੇ ਉਹ ਇਸ ਵੇਲੇ ਕਿੱਥੇ ਹਨ?
ਪੁਲਿਸ ਨੇ ਹੁਣ ਤੱਕ ਅਮ੍ਰਿਤਪਾਲ ਸਿੰਘ ਦੇ 154 ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਲੰਧਰ ਦਿਹਾਤੀ ਦੇ ਐੱਸਐੱਸਪੀ ਸਵਰਨਦੀਪ ਸਿੰਘ ਨੇ ਅਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਅਤੇ ਡਰਾਈਵਰ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ। ਇਹ ਗ੍ਰਿਫਤਾਰੀ ਸ਼ਾਹਕੋਟ ਵਿਖੇ 19 ਮਾਰਚ ਦੇਰ ਰਾਤ ਨੂੰ ਕੀਤੀ ਗਈ ਹੈ।
ਹਰਜੀਤ ਸਿੰਘ ਅਮ੍ਰਿਤਪਾਲ ਦਾ ਚਾਚਾ ਹੈ ਅਤੇ ਉਸ ਦੇ ਸਲਾਹਕਾਰ ਵਜੋਂ ਵੀ ਕੰਮ ਕਰਦਾ ਹੈ। ਪੇਸ਼ੇ ਤੋਂ ਦੁਬਈ ਵਿੱਚ ਉਨ੍ਹਾਂ ਦਾ ਟਰਾਂਸਪੋਰਟ ਦਾ ਕੰਮ ਹੈ।
ਹਰਜੀਤ ਸਿੰਘ ਨੇ ਦਾਅਵਾ ਕੀਤਾ ਕਿ ਜਿਸ ਸਮੇਂ ਸ਼ਨੀਵਾਰ ਨੂੰ ਪੁਲਿਸ ਨੇ ਅਮ੍ਰਿਤਪਾਲ ਸਿੰਘ ਦੀਆਂ ਗੱਡੀਆਂ ਦੇ ਕਾਫ਼ਲੇ ਨੂੰ ਘੇਰਾ ਪਾਇਆ ਤਾਂ ਉਹ ਅਮ੍ਰਿਤਪਾਲ ਸਿੰਘ ਦੇ ਨਾਲ ਸੀ।
ਜਲੰਧਰ ਪੁਲਿਸ ਮੁਤਾਬਕ ਜਿਸ ਮਰਸਡੀਜ਼ ਗੱਡੀ ਨੂੰ ਅਮ੍ਰਿਤਪਾਲ ਸਿੰਘ ਇਸਤੇਮਾਲ ਕਰਦਾ ਸੀ, ਉਹ ਹਰਜੀਤ ਸਿੰਘ ਕੋਲੋਂ ਬਰਾਮਦ ਕਰ ਲਈ ਗਈ ਹੈ।
ਪੰਜ ਲੋਕ ਕੌਣ ਹਨ ਜਿੰਨ੍ਹਾਂ ਉਪਰ ਐਨਐੱਸਏ ਲੱਗਾ?
ਅਮ੍ਰਿਤਪਾਲ ਸਿੰਘ ਦੇ ਚਾਰ ਕਰੀਬੀਆਂ ਅਤੇ ਉਸ ਦੇ ਚਾਚੇ ਹਰਜੀਤ ਸਿੰਘ ਨੂੰ ਅਸਾਮ ਦੇ ਡਿਬਰੂਗੜ ਵੀ ਲਿਜਾਇਆ ਗਿਆ ਹੈ।
ਆਈਜੀ ਸੁਖਚੈਨ ਸਿੰਘ ਗਿੱਲ ਮੁਤਾਬਕ ਇਹਨਾਂ ਮੁਲਜ਼ਮਾਂ ਦੀ ਪਛਾਣ ਅਮ੍ਰਿਤਪਾਲ ਸਿੰਘ ਦੇ ਕਰੀਬੀ ਦਲਜੀਤ ਸਿੰਘ ਕਲਸੀ, ਭਗਵੰਤ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜਕੇ, ਬਸੰਤ ਸਿੰਘ ਅਤੇ ਗੁਰਮੀਤ ਬੁੱਕਣਵਾਲਾ ਵੱਜੋਂ ਹੋਈ ਹੈ।
ਸੁਖਚੈਨ ਸਿੰਘ ਗਿੱਲ ਨੇ ਕਿਹਾ, “ਹੁਣ ਤੱਕ ਇਹਨਾਂ 5 ਮੁਲਜ਼ਮਾਂ ਖਿਲਾਫ਼ ਐਨਐੱਸਏ ਲਗਾਇਆ ਗਿਆ ਹੈ। ਇਹਨਾਂ ਨੂੰ ਕਾਨੂੰਨ ਮੁਤਾਬਕ ਅਸਾਮ ਦੀ ਜੇਲ੍ਹ ਵਿੱਚ ਭੇਜਿਆ ਗਿਆ ਹੈ। ਪੁਲਿਸ ਮੁਲਜ਼ਮਾਂ ਨੂੰ ਇੱਕ ਸੂਬੇ ਤੋਂ ਦੂਜੇ ਸੂਬੇ ਵਿੱਚ ਭੇਜ ਸਕਦੀ ਹੈ।”

ਤਸਵੀਰ ਸਰੋਤ, Getty Images


ਅਮ੍ਰਿਤਪਾਲ ਮਾਮਲੇ ਵਿੱਚ ਹੁਣ ਤੱਕ ਕੀ ਕੀ ਹੋਇਆ
- ਅਮ੍ਰਿਤਪਾਲ ਸਿੰਘ ਅਤੇ ‘ਵਾਰਿਸ ਪੰਜਾਬ ਦੇ’ ਕਾਰਕੁਨਾਂ ਖ਼ਿਲਾਫ਼ ਪੰਜਾਬ ਪੁਲਿਸ18 ਮਾਰਚ ਤੋਂ ਕਾਰਵਾਈ ਕਰ ਰਹੀ ਹੈ
- ਪੁਲਿਸ ਮੁਤਾਬਕ ਅਮ੍ਰਿਤਪਾਲ ਫਰਾਰ ਹੋ ਗਿਆ ਪਰ ਉਨ੍ਹਾਂ ਦੇ 154 ਕਾਰਕੁਨ ਹਿਰਾਸਤ ਵਿੱਚ ਹਨ
- ਮੋਬਾਇਲ ਇੰਟਰਨੈੱਟ ਉੱਤੇ 18 ਮਾਰਚ ਨੂੰ ਹੀ ਪਾਬੰਦੀ ਲਗਾ ਦਿੱਤੀ ਸੀ, ਜੋ ਹੁਣ 3 ਜ਼ਿਲ੍ਹਿਆਂ ਤੱਕ ਸੀਮਤ ਹੈ
- ਅਮ੍ਰਿਤਪਾਲ ਦੇ ਪਿਤਾ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਅਮ੍ਰਿਤਪਾਲ ਨੂੰ ਗ੍ਰਿਫ਼ਤਾਰ ਕੀਤਾ ਹੋਇਆ ਹੈ
- ‘ਵਾਰਿਸ ਪੰਜਾਬ ਦੇ’ ਵਕੀਲ ਨੇ ਹਾਈਕੋਰਟ ਵਿੱਚ ਬੰਦੀ ਨੂੰ ਪੇਸ਼ ਕਰਵਾਉਣ ਲ਼ਈ ਪਟੀਸ਼ਨ ਪਾਈ
- ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਕਿ ਇੰਨੀ ਵੱਡੀ ਪੁਲਿਸ ਨਫ਼ਰੀ ਵਿੱਚ ਉਹ ਕਿਵੇਂ ਬਚ ਗਿਆ
- ਪੁਲਿਸ ਮੁਤਾਬਕ ਅਮ੍ਰਿਤਪਾਲ ਦਾ ਆਖਰੀ ਵਾਰ ਇੱਕ ਵੀਡੀਓ ਨੰਗਲ ਅੰਬੀਆਂ ਗੁਰਦੁਆਰੇ ਵਿੱਚ ਦਿਖਿਆ
- ਅਮ੍ਰਿਤਪਾਲ ਦੇ 7 ਸਾਥੀਆਂ ਨੂੰ ਡਿਬੜੂਗੜ੍ਹ, ਅਸਾਮ ਭੇਜਿਆ ਗਿਆ ਹੈ, ਉਨ੍ਹਾਂ ਉੱਤੇ NSA ਲੱਗਿਆ ਹੈ
- ਪੰਜਾਬ ਵਿੱਚ ਭਾਰੀ ਪੁਲਿਸ ਫੋਰਸ ਤੈਨਾਤ ਹੈ ਅਤੇ ਨਾਕੇਬੰਦੀ ਕੀਤੀ ਗਈ ਹੈ ਤੇ ਫਲੈਗ ਮਾਰਚ ਹੋ ਰਹੇ ਹਨ
- ਪੰਜਾਬ ਸਣੇ ਇੰਗਲੈਂਡ, ਅਮਰੀਕਾ ਵਰਗੀਆਂ ਥਾਵਾਂ ਉੱਤੇ ਅਮ੍ਰਿਤਪਾਲ ਦੇ ਹੱਕ ਵਿੱਚ ਮੁਜ਼ਾਹਰੇ ਵੀ ਹੋਏ ਹਨ

ਆਈਐੱਸਆਈ ਨਾਲ ਸਬੰਧ ਅਤੇ ਵਿਦੇਸ਼ੀ ਫੰਡਾਂ ਦਾ ਸ਼ੱਕ
ਆਈਜੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਇਸ ਜਥੇਬੰਦੀ ਦਾ ਆਈਐੱਸਐੱਸ ਨਾਲ ਸਬੰਧ ਅਤੇ ਵਿਦੇਸ਼ਾਂ ਤੋਂ ਫੰਡ ਲੈਣ ਦਾ ਸ਼ੱਕ ਹੈ।
ਗਿੱਲ ਨੇ ਵਿਦੇਸ਼ੀ ਫੰਡ ਬਾਰੇ ਬੋਲਦਿਆਂ ਕਿਹਾ ਕਿ ਅਜੇ ਇਸ ਦਾ ਪੂਰਾ ਹਿਸਾਬ ਨਹੀਂ ਦਿੱਤਾ ਜਾ ਸਕਦਾ ਪਰ ਇਹ ਥੋੜੇ ਥੋੜੇ ਪੈਸਿਆਂ ਦੇ ਰੂਪ ਵਿੱਚ ਆਇਆ ਹੈ।
ਉਹਨਾਂ ਕਿਹਾ ਕਿ ਗੱਡੀਆਂ ਅਤੇ ਦੂਜੇ ਸਾਜ਼ੋ-ਸਮਾਨ ਦੀ ਖਰੀਦੋ ਫਰੋਖਤ ਜਾਂਚ ਦਾ ਵਿਸ਼ਾ ਹੈ, ਉਹ ਇਨ੍ਹਾਂ ਦੇ ਆਪਣੇ ਪੈਸੇ ਦੇ ਨਹੀਂ ਹਨ। ਖਾਲਸਾ ਵਹੀਰ ਵਿੱਚ ਵੀ ਵਿਦੇਸ਼ੀ ਫੰਡਿਗ ਹੋਈ ਹੈ।
ਗਿੱਲ ਨੇ ਕਿਹਾ ਕਿ ਆਈਐੱਸਐੱਸ ਨਾਲ ਸਬੰਧ ਹੋਣ ਦੇ ਸ਼ੱਕ ਬਾਰੇ ਜਾਂਚ ਕੀਤੀ ਜਾ ਰਹੀ ਹੈ।
ਪੰਜਾਬ ਪੁਲਿਸ ਮੁਤਾਬਕ ਸ਼ਨੀਵਾਰ ਦੁਪਹਿਰ ਨੂੰ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ-ਮਲਸੀਆਂ ਰੋਡ ’ਤੇ ਪੁਲਿਸ ਵੱਲੋਂ ‘ਵਾਰਿਸ ਪੰਜਾਬ ਦੇ’ (ਡਬਲਯੂ.ਪੀ.ਡੀ.) 7 ਕਾਰਕੁਨਾਂ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ।

ਤਸਵੀਰ ਸਰੋਤ, Getty Images
ਸੁਖਚੈਨ ਸਿੰਘ ਗਿੱਲ ਮੁਤਾਬਕ ਸੂਬਾ ਪੱਧਰੀ ਕਾਰਵਾਈ ਦੌਰਾਨ ਹੁਣ ਤੱਕ 9 ਹਥਿਆਰ, ਜਿੰਨਾ ਵਿੱਚ ਇੱਕ .315 ਬੋਰ ਦੀ ਰਾਈਫ਼ਲ, 12 ਬੋਰ ਦੀਆਂ ਸੱਤ ਰਾਈਫਲਾਂ, ਇੱਕ ਰਿਵਾਲਵਰ ਅਤੇ ਵੱਖ-ਵੱਖ ਕੈਲੀਬਰ ਦੇ 373 ਜਿੰਦਾ ਕਾਰਤੂਸ ਸ਼ਾਮਲ ਹਨ।
ਦੂਜੇ ਪਾਸੇ ਜਲੰਧਰ ਪੁਲਿਸ ਨੇ ਇੱਕ ਲਾਵਾਰਸ ਈਸੂਜ਼ੂ ਗੱਡੀ ਬਰਾਮਦ ਕੀਤੀ ਹੈ।
ਪੁਲਿਸ ਮੁਤਾਬਕ ਇਸ ਗੱਡੀ ਦੀ ਵਰਤੋਂ ਅਮ੍ਰਿਤਪਾਲ ਸਿੰਘ ਵੱਲੋਂ ਫ਼ਰਾਰ ਹੋਣ ਲਈ ਕੀਤੀ ਗਈ ਹੈ।
ਲਾਵਾਰਸ ਗੱਡੀ ਵਿੱਚੋਂ ਇੱਕ .315 ਬੋਰ ਰਾਈਫ਼ਲ ਸਮੇਤ 57 ਜ਼ਿੰਦਾ ਕਾਰਤੂਸ, ਇੱਕ ਤਲਵਾਰ ਅਤੇ ਇੱਕ ਵਾਕੀ-ਟਾਕੀ ਸੈੱਟ ਬਰਾਮਦ ਕੀਤਾ ਗਿਆ ਹੈ।
ਪੁਲਿਸ ਨੇ ਕੁਝ ਦੇਸੀ ਕਾਰਤੂਸ ਬਰਾਮਦ ਕਰਨ ਦਾ ਦਾਅਵਾ ਵੀ ਕੀਤਾ ਹੈ।

ਤਸਵੀਰ ਸਰੋਤ, Getty Images
ਅਮ੍ਰਿਤਪਾਲ ਸਿੰਘ ਕਿੱਥੇ ਹੈ, ਇਸ ਬਾਰੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਕਹਿ ਰਹੀ ਹੈ?
ਆਈਜੀ ਗਿੱਲ ਮੁਤਾਬਕ ਅਮ੍ਰਿਤਪਾਲ ਸਿੰਘ ਅਜੇ ਫਰਾਰ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।
ਵੱਖ-ਵੱਖ ਪਹਿਰਾਵਿਆਂ ਵਿੱਚ ਅਮ੍ਰਿਤਪਾਲ ਸਿੰਘ ਦੀਆਂ 7 ਤਸਵੀਰਾਂ ਨੂੰ ਰਿਲੀਜ਼ ਕਰਕੇ, ਪੁਲਿਸ ਨੇ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ।

ਤਸਵੀਰ ਸਰੋਤ, Getty Images
ਅਮ੍ਰਿਤਪਾਲ ਸਿੰਘ ਸਾਥੀਆਂ ਕੋਲੋਂ ਕਿੰਨੇ ਹਥਿਆਰ ਅਤੇ ਗੱਡੀਆਂ ਬਰਾਮਦ ਹੋਈਆਂ?
ਪੰਜਾਬ ਪੁਲਿਸ ਮੁਤਾਬਕ, ਸ਼ਨੀਵਾਰ ਨੂੰ ਜਦੋਂ ਕਾਰਵਾਈ ਵਿੱਢੀ ਸੀ ਤਾਂ ਜਲੰਧਰ ਜ਼ਿਲ੍ਹੇ ਵਿੱਚ ਸ਼ਾਹਪੁਰ-ਮਲਸੀਆ ਰੋਡ 'ਤੇ ਮੌਕੇ 'ਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ 7 ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਸੁਖਚੈਨ ਸਿੰਘ ਗਿੱਲ ਮੁਤਾਬਕ, ਹੁਣ ਇੱਕ .315 ਬੋਰ ਰਾਇਫਲ, 7 12 ਬੋਰ ਰਾਇਫਲਾਂ, ਇੱਕ ਰਿਵਾਲਵਰ ਅਤੇ 373 ਜ਼ਿੰਦਾ ਕਾਰਤੂਸਾਂ ਸਣੇ 9 ਹਥਿਆਰ ਮਿਲੇ ਹਨ।
ਦੂਜੇ ਪਾਸੇ ਜਲੰਧਰ ਪੁਲਿਸ ਇੱਕ ਈਸੂਜੂ (ISUZU) ਗੱਡੀ ਵੀ ਬਰਾਮਦ ਕੀਤੀ ਹੈ, ਪੁਲਿਸ ਦਾ ਦਾਅਵਾ ਹੈ ਕਿ ਅਮ੍ਰਿਤਪਾਲ ਸਿੰਘ ਇਹ ਗੱਡੀ ਭੱਜਣ ਲਈ ਵਰਤੀ ਸੀ।
ਇਸ ਤੋਂ ਇਲਾਵਾ ਛੱਡੀ ਹੋਈ ਕਾਰ ਵਿੱਚੋਂ 57 ਜ਼ਿੰਦਾਂ ਕਾਰਤੂਸਾਂ ਨਾਲ ਇੱਕ .315 ਬੋਰ ਰਾਇਫਲ, ਇੱਕ ਤਲਵਾਰ, ਇੱਕ ਵਾਕੀ-ਟਾਕੀ ਸੈੱਟ ਮਿਲਿਆ ਹੈ।

ਤਸਵੀਰ ਸਰੋਤ, Getty Images
ਹਾਈ ਕੋਰਟ ਵਿੱਚ ਪਟੀਸ਼ਨ
'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਦਾ ਮੁਕੱਦਮਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚ ਗਿਆ ਹੈ।
ਇਸ ਸਬੰਧੀ ਪਟੀਸ਼ਨ ਜਥੇਬੰਦੀ ਨਾਲ ਜੁੜੇ ਈਮਾਨ ਸਿੰਘ ਵੱਲੋਂ ਅਦਾਲਤ 'ਚ ਦਾਖ਼ਲ ਕੀਤੀ ਗਈ ਹੈ, ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਕਾਰਕੁਨ ਹਨ।
ਈਮਾਨ ਸਿੰਘ ਨੇ ਕਿਹਾ ਕਿ ਅਦਾਲਤ ਨੇ ਪੰਜਾਬ ਪੁਲਿਸ ਨੂੰ ਪੁੱਛਿਆ ਕਿ ਜਦੋਂ ਇੰਨੀ ਵੱਡੀ ਪੱਧਰ ’ਤੇ ਗ੍ਰਿਫ਼ਾਤਰੀਆਂ ਹੋ ਰਹੀਆਂ ਸਨ ਤਾਂ ਅਮ੍ਰਿਤਪਾਲ ਸਿੰਘ ਪੁਲਿਸ ਦੀ ਮੌਜੂਦਗੀ ਵਿੱਚ ਕਿਵੇਂ ਫਰਾਰ ਹੋ ਗਿਆ। ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਜਾਨ ਨੂੰ ਖ਼ਤਰਾ ਹੈ।
ਹਾਈ ਕੋਰਟ ਵੱਲੋਂ ਸੂਬਾ ਸਰਕਾਰ ਨੂੰ ਅਮ੍ਰਿਤਪਾਲ ਸਿੰਘ ਨੂੰ ਅਦਾਲਤ ਸਾਹਮਣੇ ਪੇਸ਼ ਕਰਨ ਲਈ 28 ਮਾਰਚ ਤੱਕ ਦਾ ਸਮਾਂ ਦਿੱਤਾ ਗਿਆ ਹੈ।

ਤਸਵੀਰ ਸਰੋਤ, Getty Images
ਅਮ੍ਰਿਤਪਾਲ ਸਿੰਘ ਦੇ ਪਰਿਵਾਰ ਦੀ ਕੀ ਕਹਿਣਾ ਹੈ
ਅਮ੍ਰਿਤਪਾਲ ਸਿੰਘ ਪਰਿਵਾਰ ਦਾ ਦਾਅਵਾ ਹੈ ਕਿ ਉਨ੍ਹਾਂ ਨਹੀਂ ਜਾਣਦੇ ਕਿ ਅਮ੍ਰਿਤਪਾਲ ਕਿੱਥੇ ਹੈ। ਸੋਮਵਾਰ ਨੂੰ ਉਨ੍ਹਾਂ ਦੇ ਪਿਤਾ ਤਰਸੇਮ ਸਿੰਘ ਨੇ ਅਪੀਲ ਕੀਤੀ ਸੀ ਕਿ ਜੇਕਰ ਪੁਲਿਸ ਨੇ ਅਮ੍ਰਿਤਪਾਲ ਸਿੰਘ ਫੜਿਆ ਹੈ ਤਾਂ ਸਾਹਮਣੇ ਲੈ ਆਉਣ, ਨਹੀਂ ਤਾਂ ਅਮ੍ਰਿਤਪਾਲ ਸਿੰਘ ਆਤਮ-ਸਮਰਪਣ ਕਰ ਦੇਣ।
ਹਾਲਾਂਕਿ, ਉਨ੍ਹਾਂ ਦੇ ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਜਾਨ ਨੂੰ ਖ਼ਤਰਾ ਹੈ।
ਪੰਜਾਬ ਪੁਲਿਸ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਕਿ ਇਹ ਪੁਲਿਸ ਆਪਰੇਸ਼ਨ ਕਦੋਂ ਤੱਕ ਜਾਰੀ ਰਹੇਗਾ।
ਪੰਜਾਬ ਪੁਲਿਸ ਪਿੰਡਾਂ ਦੇ ਧਾਰਮਿਕ ਅਸਥਾਨਾਂ ਖ਼ਾਸ ਕਰ ਕੇ ਗੁਰਦੁਆਰਿਆਂ ਅੱਗੇ ਤੈਨਾਤ ਹੈ ਅਤੇ ਲੋਕਾਂ ਨੂੰ ਅਪੀਲ ਕਰ ਰਹੀ ਹੈ ਉਹ ਅਫ਼ਵਾਹਾਂ ਵੱਲ ਧਿਆਨ ਨਾ ਦੇਣ।












