ਅਮ੍ਰਿਤਪਾਲ ਸਿੰਘ ਦੇ 4 ਸਾਥੀਆਂ ਨੂੰ ਪੰਜਾਬ ਪੁਲਿਸ ਅਸਾਮ ਲੈ ਕੇ ਪਹੁੰਚੀ

ਤਸਵੀਰ ਸਰੋਤ, Getty Images
'ਵਾਰਿਸ ਪੰਜਾਬ ਦੇ' ਮੁਖੀ ਅਮ੍ਰਿਤਪਾਲ ਸਿੰਘ ਨੂੰ ਫੜ੍ਹਨ ਲਈ ਪੰਜਾਬ ਪੁਲਿਸ ਦੀ ਦੂਜੇ ਦਿਨ ਵੀ ਕਾਰਵਾਈ ਜਾਰੀ ਹੈ।
ਹਾਲਾਂਕਿ, ਪੁਲਿਸ ਨੇ ਅਮ੍ਰਿਤਪਾਲ ਸਿੰਘ ਦੇ 78 ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।
ਪੁਲਿਸ ਦਾ ਦਾਅਵਾ ਹੈ ਕਿ ਇਹਨਾਂ ਕੋਲੋ 8 ਰਾਇਫਲਾਂ ਸਣੇ 9 ਹਥਿਆਰ ਫੜ੍ਹੇ ਗਏ ਹਨ ਅਤੇ ਆਪਰੇਸ਼ਨ ਦੌਰਾਨ ਇੱਕ ਰਿਵਾਲਵਰ ਵੀ ਬਰਾਮਦ ਹੋਇਆ ਹੈ।
ਇਸੇ ਮਾਮਲੇ ਵਿੱਚ ਸ਼ਨੀਵਾਰ ਨੂੰ ਜਲੰਧਰ ਅਤੇ ਸ਼ਾਹਕੋਟ ਦੇ ਇਲਾਕਿਆਂ ਵਿੱਚ ਪੁਲਿਸ ਟੀਮਾਂ ਕਾਰਵਾਈ ਸ਼ੁਰੂ ਕੀਤੀ ਸੀ।
ਪੰਜਾਬ ਵਿੱਚ ਸੋਮਵਾਰ ਦੁਪਹਿਰ 12 ਵਜੇ ਤੱਕ ਇੰਟਰਵਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ।
ਅਮ੍ਰਿਤਪਾਲ ਦੇ 4 ਸਮਰਥਕਾਂ ਨੂੰ ਅਸਾਮ ਲੈ ਕੇ ਪਹੁੰਚੀ ਪੁਲਿਸ
ਕੁਝ ਮੀਡੀਆ ਰਿਪੋਰਟਾਂ ਮੁਤਾਬਕ ਪੰਜਾਬ ਪੁਲਿਸ ਦੀ ਟੀਮ ਅਸਾਮ ਦੇ ਡਿਬਰੂਗੜ੍ਹ ਲੈ ਕੇ ਪਹੁੰਚੀ ਹੈ। ਕਈ ਸਥਾਨਕ ਟੀਵੀ ਚੈਨਲਾਂ ਵਲੋਂ ਚਲਾਈਆਂ ਜਾ ਰਹੀਆਂ ਵੀਡੀਓਜ਼ ਵਿੱਚ ਪੰਜਾਬ ਪੁਲਿਸ ਦੀ ਟੀਮ ਡਿਬਰੂਗੜ੍ਹ ਪੁਲਿਸ ਥਾਣੇ ਵਿੱਚੋਂ ਬਾਹਰ ਆਉਂਦੇ ਦਿਖ ਰਹੇ ਹਨ।
ਇਨ੍ਹਾਂ ਨੂੰ ਜਦੋਂ ਪੱਤਰਕਾਰ ਪੁੱਛਦੇ ਹਨ ਕਿ ਉਹ ਕਿਨ੍ਹਾਂ ਲੋਕਾਂ ਨੂੰ ਲੈਕੇ ਆਏ ਹਨ, ਤਾਂ ਉਨ੍ਹਾਂ ਦੱਸਿਆ ਕਿ ਅਮ੍ਰਿਤਪਾਲ ਦੇ ਚਾਰ ਸਾਥੀਆਂ ਨੂੰ ਇੱਥੇ ਲਿਆਂਦਾ ਗਿਆ ਹੈ।
ਪੁਲਿਸ ਕਰਮੀ ਅੱਗੇ ਕਹਿੰਦਾ ਦਿਖ ਰਿਹਾ ਹੈ, ‘’ਸ਼ਾਇਦ ਇਨ੍ਹਾਂ ਨੂੰ ਹੁਣ ਇੱਥੇ ਹੀ ਰੱਖਿਆ ਜਾਵੇਗਾ।’’
ਪਰ ਪੁਲਿਸ ਨੇ ਇਨ੍ਹਾਂ ਦੇ ਨਾਮ ਜਨਤਕ ਨਹੀਂ ਕੀਤੇ ਹਨ। ਇਨ੍ਹਾਂ ਨੂੰ ਪੁਲਿਸ ਚਾਰਟਰ ਪਲੇਨ ਰਾਹੀਂ ਇੱਥੇ ਲੈ ਕੇ ਆਈ ਹੈ।
ਪੰਜਾਬ ਪੁਲਿਸ ਦਾ ਅਮ੍ਰਿਤਪਾਲ ਦੇ ਸਾਥੀਂ ਨੂੰ ਡਿਬਰੂਗੜ੍ਹ ਲੈਕੇ ਜਾਣਾ ਇਸ ਗੱਲ ਦਾ ਇਸ਼ਾਰਾ ਲੱਗ ਰਿਹਾ ਹੈ ਕਿ ਇਸ ਆਪਰੇਸ਼ਨ ਵਿੱਚ ਕੇਂਦਰੀਆਂ ਏਜੰਸੀਆਂ ਦਾ ਸਹਿਯੋਗ ਹੈ।

ਤਸਵੀਰ ਸਰੋਤ, Getty Images
ਪੰਜਾਬ ’ਚ ਦਹਿਸ਼ਤ ਦਾ ਮਾਹੌਲ ਸਿਰਜਣ ਤੋਂ ਗੁਰੇਜ਼ ਕਰਨ ਸਰਕਾਰਾਂ: ਜਥੇਦਾਰ ਹਰਪ੍ਰੀਤ ਸਿੰਘ
ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸਰਕਾਰਾਂ ਨੂੰ ਸਿਆਸੀ ਮੁਫਾਦਾਂ ਕਾਰਨ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਸਿਰਜਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜਿਹੜੇ ਜਮਹੂਰੀਅਤ ਵਿੱਚ ਰਹਿ ਕੇ ਆਪਣੇ ਹੱਕਾਂ ਦੀ ਗੱਲ ਕਰਨ ਵਾਲੇ ਨੌਜਵਾਨ ਹਨ, ਉਹਨਾਂ ਨਾਲ ਸਰਕਾਰੀ ਜਬਰ ਅਤੇ ਨਜਾਇਜ਼ ਹਿਰਾਸਤਾਂ ਦਾ ਅਮਲ ਅਪਨਾਉਣ ਤੋਂ ਸਰਕਾਰਾਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈ।
“ਪੰਜਾਬ ਨੇ ਪਹਿਲਾਂ ਹੀ ਬੜੇ ਸੰਤਾਪ ਹੰਢਾਏ ਹਨ। ਹੁਣ ਚੰਗੇਰੇ ਭਵਿੱਖ ਵੱਲ ਤੁਰਨ ਦੀ ਲੋੜ ਹੈ।”
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਪੰਜਾਬ ਦੇ ਚੇਤਿਆਂ ਵਿੱਚ ਅਤੀਤ ਦੀਆਂ ਹਕੂਮਤਾਂ ਦੇ ਜਬਰ ਦੇ ਡੂੰਘੇ ਜ਼ਖ਼ਮ ਮੌਜੂਦ ਹਨ ਅਤੇ ਇਹਨਾਂ ਨੂੰ ਭਰਨ ਲਈ ਕਦੇ ਵੀ ਕਿਸੇ ਸਰਕਾਰ ਨੇ ਗੰਭੀਰਤਾ ਨਹੀਂ ਅਪਨਾਈ।
ਉਨ੍ਹਾਂ ਸਿੱਖ ਨੌਜਵਾਨਾਂ ਨੂੰ ਵੀ ਟਕਰਾਅ ਦਾ ਰਾਹ ਅਪਨਾਉਣ ਦੀ ਬਜਾਇ ਆਪਣੇ ਬੌਧਿਕ ਤੇ ਅਕਾਦਮਿਕ ਕਾਇਆ-ਕਲਪ ਵਾਲੇ ਰਾਹ ’ਤੇ ਤੁਰਨ ਦੀ ਸਲਾਹ ਦਿੰਦਿਆਂ ਕੌਮ ਦੇ ਸੁਨਹਿਰੀ ਭਵਿੱਖ ਨੂੰ ਸੰਭਾਲਣ ਦਾ ਸੱਦਾ ਦਿੱਤਾ।

ਤਸਵੀਰ ਸਰੋਤ, SUKHCHARAN PREET/BBC
ਅਮ੍ਰਿਤਪਾਲ ਦੇ ਪਿਤਾ ਨੇ ਕੀ ਕਿਹਾ
ਪੰਜਾਬ ਪੁਲਿਸ ਦੇ ਜਲੰਧਰ ਦੇ ਕਮਿਸ਼ਨਰ ਕੁਲਦੀਪ ਸਿੰਘ ਚਹਿਲ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ ਕਿ ਅਮ੍ਰਿਤਪਾਲ ਸਿੰਘ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ। ਭਾਵੇਂ ਕਿ ਉਸ ਦੇ 78 ਸਾਥੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।
ਅਮ੍ਰਿਤਪਾਲ ਦੀ ਭਾਲ਼ ਕਰਨ ਲਈ ਪੰਜਾਬ ਵਿੱਚ ਕਈ ਥਾਵਾਂ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਸੂਬੇ ਦੀਆਂ ਮੁੱਖ ਸੜ੍ਹਕਾਂ ਉੱਤੇ ਸਖ਼ਤ ਨਾਕੇਬੰਦੀ ਕੀਤੀ ਗਈ ਹੈ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਉੱਧਰ ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਵੀ ਖ਼ਬਰ ਏਜੰਸੀ ਨੇ ਦੱਸਿਆ ਕਿ ਉਨ੍ਹਾਂ ਪੁਲਿਸ ਨੇ ਇਹ ਜਾਣਕਾਰੀ ਨਹੀਂ ਦਿੱਤੀ ਹੈ ਕਿ ਅਮ੍ਰਿਤਪਾਲ ਨੂੰ ਗ੍ਰਿਫ਼ਤਾਰ ਕੀਤਾ ਹੈ ਜਾਂ ਨਹੀਂ।
ਉਨ੍ਹਾਂ ਪੁਲਿਸ ਵਲੋਂ ਅਮ੍ਰਿਤਪਾਲ ਦੇ ਕਾਫ਼ਲੇ ਨੂੰ ਰਾਹ ਵਿੱਚ ਰੋਕ ਦੇ ਗ੍ਰਿਫ਼ਤਾਰ ਕਰਨ ਉੱਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਉਹ ਸਵੇਰੇ 8 ਵਜੇ ਤੱਕ ਘਰ ਸੀ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰ ਸਕਦੀ ਸੀ।
ਉਨ੍ਹਾਂ ਦੱਸਿਆ ਕਿ ਐੱਸਐੱਸਪੀ ਰੈਂਕ ਦਾ ਅਧਿਕਾਰੀ ਉਨ੍ਹਾਂ ਕੋਲ ਭਾਰੀ ਪੁਲਿਸ ਫੋਰਸ ਨਾਲ ਆਇਆ ਸੀ। ਉਨ੍ਹਾਂ ਪੁਲਿਸ ਨੂੰ ਜਾਂਚ ਵਿੱਚ ਪੂਰਾ ਸਹਿਯੋਗ ਕੀਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਘਰ ਘਰ ਨਸ਼ਾ ਪਹੁੰਚ ਚੁੱਕਿਆ ਹੈ ਅਤੇ ਉਨ੍ਹਾਂ ਦਾ ਪੁੱਤਰ ਨਸ਼ੇ ਛੁਡ਼ਾਉਣ ਦਾ ਕੰਮ ਕਰਦਾ ਹੈ। ਜੋ ਲੋਕ ਨਸ਼ੇ ਦੇ ਕਾਰੋਬਾਰ ਕਰਦੇ ਹਨ ਉਹੀ ਅਮ੍ਰਿਤਪਾਲ ਖ਼ਿਲਾਫ਼ ਹਨ।
ਪੰਜਾਬ ਪੁਲਿਸ ਨੇ ਪ੍ਰੈਸ ਬਿਆਨ ਵਿੱਚ ਕਿਹਾ ਸੀ ਕਿ, ''ਅਮ੍ਰਿਤਪਾਲ ਸਿੰਘ ਗ੍ਰਿਫ਼ਤ ਵਿੱਚੋਂ ਬਾਹਰ ਹੈ, ਪੁਲਿਸ ਟੀਮਾਂ ਭਾਲ ਕਰ ਰਹੀਆਂ ਹਨ।''

ਅਮ੍ਰਿਤਪਾਲ ਸਿੰਘ ਪੁਲਿਸ ਤੋਂ ਕਿਵੇਂ ਭੱਜਿਆ
ਅਮ੍ਰਿਤਪਾਲ ਸਿੰਘ ਖਿਲਾਫ਼ ਪੁਲਿਸ ਕਾਰਵਾਈ ਦੀ ਅਗਵਾਈ ਕਰਨ ਵਾਲੇ ਜਲੰਧਰ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਅੱਜ ਜਲੰਧਰ ਵਿੱਚ ਫਲੈਗ ਮਾਰਚ ਦੀ ਅਗਵਾਈ ਕਰ ਰਹੇ ਹਨ।
ਉਨ੍ਹਾਂ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਲੋਕਾਂ ਨੂੰ ਭਰੋਸਾ ਦੁਆਉਣ ਦੀ ਕੋਸ਼ਿਸ਼ ਹੈ ਕਿ ਮਾਹੌਲ ਪੂਰੀ ਤਰ੍ਹਾਂ ਤਾਂ ਕੰਟਰੋਲ ਵਿੱਚ ਹੈ।
ਉਨ੍ਹਾਂ ਕਿਹਾ ਕਿ ਅਮ੍ਰਿਤਪਾਲ ਸਿੰਘ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਕੁਲਦੀਪ ਚਾਹਲ ਨੇ ਕਿਹਾ, ‘‘ਅਜਨਾਲਾ ਵਾਲੀ ਘਟਨਾ ਨਾ ਹੋਵੇ ਇਸ ਲ਼ਈ ਪੰਜਾਬ ਪੁਲਿਸ ਪੂਰੀ ਮੂਸਤੈਦ ਹੈ ਅਤੇ ਸ਼ਾਰਰਤੀ ਅਨਸਰਾਂ ਨੂੰ ਪੰਜਾਬ ਦਾ ਮਾਹੌਲ ਵਿਗਾੜਨ ਦਾ ਮੌਕਾ ਨਹੀਂ ਦਿੱਤਾ ਜਾਵੇਗਾ।’’
ਮੀਡੀਆ ਵਲੋਂ ਪੁੱਛੇ ਜਾਣ ਉੱਤੇ ਕਿ ਅਮ੍ਰਿਤਪਾਲ ਕਿੱਥੇ ਹੈ, ਕੀ ਉਹ ਜਲੰਧਰ ਦੇ ਖੇਤਰ ਵਿੱਚ ਹੀ ਹੈ ਜਾਂ ਬਾਹਰ ਚਲਾ ਗਿਆ ਹੈ,ਬਾਰੇ ਕੁਲਦੀਪ ਚਾਹਲ ਨੇ ਕਿਹਾ, ‘‘ਅਜੇ ਪਤਾ ਨਹੀਂ ਅਤੇ ਜੇ ਪਤਾ ਹੁੰਦਾ ਤਾਂ ਉਸ ਨੂੰ ਫੜ੍ਹ ਨਹੀਂ ਲੈਂਦੇ।’’
ਉਹ ਪੁਲਿਸ ਹੱਥ ਕਿਉਂ ਨਹੀਂ ਆਇਆ ਦੇ ਜਾਵਬ ਵਿੱਚ ਉਨ੍ਹਾਂ ਕਿਹਾ ਕਿ ਜਦੋਂ ਅਸੀਂ ਉਸ 20-25 ਕਿਲੋਮੀਟਰ ਪਿੱਛਾ ਕੀਤਾ ਪਰ ਉਹ ਬਚ ਕੇ ਨਿਕਲ ਗਿਆ। ਪਰ ਚਾਹਲ ਨੇ ਇਹ ਨਹੀਂ ਦੱਸਿਆ ਕਿ ਉਹ ਮਰਸਡੀਜ਼ ਗੱਡੀ ਵਿੱਚ ਹੀ ਸੀ ਜਾਂ ਕਿਸੇ ਹੋਰ ਵਾਹਨ ਰਾਹੀ ਭੱਜਿਆ।
ਜਦੋਂ ਪੁਲਿਸ ਨੂੰ ਇਹ ਪੁੱਛਿਆ ਗਿਆ ਕਿ ਕੀ ਪੁਲਿਸ ਕੋਲ ਕੋਈ ਸੁਰਾਗ ਹੈ, ਤਾਂ ਇਸ ਉੱਤੇ ਉਹ ਸਿਰਫ਼ ਮੁਸਕਰਾ ਪਏ ਅਤੇ ਕੋਈ ਜਵਾਬ ਨਹੀਂ ਦਿੱਤਾ।
ਕੁਲਦੀਪ ਚਾਹਲ ਨੇ ਕਿਹਾ,‘‘ਇਹ ਚੋਰ-ਪੁਲਿਸ ਦਾ ਖੇਡ ਹੈ ਅਤੇ ਉਸ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।’’

ਅਮ੍ਰਿਤਪਾਲ ਸਿੰਘ ਉੱਤੇ ਕਿਹੜੇ ਕੇਸ ਦਰਜ ਕੀਤੇ ਗਏ
ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ‘ਵਾਰਿਸ ਪੰਜਾਬ ਦੇ’ ਦੇ ਕਾਰਕੁੰਨ ਚਾਰ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਹਨ।
ਇਹਨਾਂ ਵਿੱਚ ਸਮਾਜ ਵਿੱਚ ਅਸਥਿਰਤਾ ਫੈਲਾਉਣ, ਇਰਾਦਾ ਕਤਲ, ਪੁਲਿਸ ਮੁਲਾਜ਼ਮਾਂ ’ਤੇ ਹਮਲਾ ਕਰਨ ਅਤੇ ਸਰਕਾਰੀ ਕਰਮਚਾਰੀਆਂ ਦੀਆਂ ਡਿਊਟੀਆਂ ਨੂੰ ਕਾਨੂੰਨੀ ਤਰੀਕੇ ਨਾਲ ਨਿਭਾਉਣ ਵਿੱਚ ਵਿਘਨ ਪਾਉਣਾ ਸ਼ਾਮਿਲ ਹੈ।
ਪੁਲਿਸ ਨੇ ਕਿਹਾ ਹੈ ਕਿ ਅਜਨਾਲਾ ਪੁਲਿਸ ਥਾਣੇ ’ਤੇ ਹਮਲੇ ਲਈ ‘ਵਾਰਿਸ ਪੰਜਾਬ ਦੇ’ ਦੇ ਕਾਰਕੁੰਨਾਂ ਵਿਰੁੱਧ 24 ਫਰਵਰੀ ਨੂੰ ਮੁਕੱਦਮਾ ਨੰਬਰ 39 ਦਰਜ ਕੀਤੀ ਗਿਆ ਸੀ।

ਤਸਵੀਰ ਸਰੋਤ, Getty Images

ਹੁਣ ਤੱਕ ਕੀ-ਕੀ ਹੋਇਆ?
- ਸ਼ਨੀਵਾਰ ਨੂੰ ਪੁਲਿਸ ਵੱਲੋਂ ਅਮ੍ਰਿਤਪਾਲ ਸਿੰਘ ਨੂੰ ਫੜਨ ਲਈ ਜਲੰਧਰ ਅਤੇ ਸ਼ਾਹਕੋਟ ਦੇ ਇਲਾਕਿਆਂ ਵਿੱਚ ਕਾਰਵਾਈ ਕੀਤੀ ਗਈ ਸੀ।
- ਖ਼ਬਰ ਏਜੰਸੀ ਪੀਟੀਆਈ ਅਨੁਸਾਰ, ''ਅਮ੍ਰਿਤਪਾਲ ਦੇ ਕਾਫਲੇ ਨੂੰ ਜਲੰਧਰ ਦੇ ਮਹਿਤਪੁਰ ਪਿੰਡ ਵਿੱਚ ਰੋਕਿਆ ਗਿਆ ਸੀ। ਇਹ ਦੱਸਿਆ ਜਾ ਰਿਹਾ ਹੈ ਕਿ ਅਮ੍ਰਿਤਪਾਲ ਉੱਥੋਂ ਨਿਕਲਣ ਵਿੱਚ ਕਾਮਯਾਬ ਹੋ ਗਏ।''
- ਪੰਜਾਬ ਪੁਲਿਸ ਨੇ ਹੁਣ ਤੱਕ ਵਾਰਿਸ ਪੰਜਾਬ ਦੇ ਜਥੇਬੰਦੀ ਦੇ 78 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
- ਅਮ੍ਰਿਤਪਾਲ ਸਿੰਘ ਗ੍ਰਿਫ਼ਤ ਵਿੱਚੋਂ ਬਾਹਰ ਹੈ, ਪੁਲਿਸ ਟੀਮਾਂ ਭਾਲ ਕਰ ਰਹੀਆਂ ਹਨ।
- ਇਹਨਾਂ ਕੋਲੋ 8 ਰਾਇਫਲਾਂ ਸਣੇ 9 ਹਥਿਆਰ ਫੜ੍ਹੇ ਗਏ ਹਨ, ਆਪਰੇਸ਼ਨ ਦੌਰਾਨ ਇੱਕ ਰਿਵਾਲਵਰ ਬਰਾਮਦ ਹੋਇਆ।
- ਅਮ੍ਰਿਤਪਾਲ ਦੇ ਹਮਾਇਤੀਆਂ ਨੇ ਮੁਹਾਲੀ ਵਿੱਚ ਗੁਰਦੁਆਰਾ ਸੋਹਾਣਾ ਸਾਹਿਬ ਨੇੜੇ ਰਾਹ ਨੂੰ ਬੰਦ ਕਰ ਦਿੱਤਾ ਸੀ।
- ਕਈ ਜ਼ਿਲ੍ਹਿਆਂ ਵਿੱਚ ਧਾਰਾ 144 ਲਗਾਈ ਹੈ, ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ।
- ਸ਼ਾਹਕੋਟ ਵਿੱਚ ਭਾਰੀ ਪੁਲਿਸ ਬੰਦੋਬਸਤ ਹੈ ਅਤੇ ਥਾਂ-ਥਾਂ ਪੁਲਿਸ ਦੀ ਨਾਕੇਬੰਦੀ ਦੇਖੀ ਗਈ।
- ਬਟਾਲਾ ਵਿੱਚ ਵੀ ਪੁਲਿਸ ਵੱਲੋਂ ਫਲੈਗ ਮਾਰਚ ਕੀਤਾ ਗਿਆ ਸੀ।
- ਪੰਜਾਬ ਵਿੱਚ ਐਤਵਾਰ ਦੁਪਹਿਰ 12 ਵਜੇ ਤੱਕ ਇੰਟਰਵਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ।


ਤਸਵੀਰ ਸਰੋਤ, Gurpreet Chawla/BBC
ਪੰਜਾਬ ਵਿੱਚ ਵਿਰੋਧੀ ਧਿਰਾਂ ਦੀ ਪ੍ਰਤੀਕਿਰਿਆ
ਬੀਜੇਪੀ ਆਗੂ ਸੁਨੀਲ ਜਾਖੜ ਨੇ ਪੰਜਾਬ ਸਰਕਾਰ ਦੇ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਕੀਤੇ ਯਤਨ ਨੂੰ ਦੇਰੀ ਨਾਲ ਚੁੱਕਿਆ ਕਦਮ ਕਿਹਾ ਹੈ।
ਜਾਖੜ ਨੇ ਟਵੀਟ ਕਰਕੇ ਲਿਖਿਆ, “ਅੰਮ੍ਰਿਤਸਰ ਵਿੱਚ ਜੀ-20 ਸੰਮੇਲਨ ਮੌਕੇ ਪੰਜਾਬ ਵਿੱਚ ਵਧਾਈ ਸੁਰੱਖਿਆ ਨਾਲ ਵੱਖਵਾਦੀਆਂ ਨੇ ਅੰਤਰਰਾਸ਼ਟਰੀ ਪੱਧਰ ’ਤੇ ਧਿਆਨ ਖਿੱਚਿਆ ਹੈ। ਇਸ ਲਈ ਉਹ ਕੋਸ਼ਿਸ਼ ਕਰ ਰਹੇ ਹਨ। 'ਜੇਲ-ਇੰਟਰਵਿਊ' ਅਤੇ ਮੂਸੇਵਾਲਾ ਦੀ ਬਰਸੀ ਦੇ ਨਤੀਜਿਆਂ ਤੋਂ ਬਚਣ ਲਈ 'ਆਪ' ਸਰਕਾਰ ਨੇ ਅੰਮ੍ਰਿਤਪਾਲ ਨੂੰ ਫੜਨ ਦੀ ਕਾਰਵਾਈ ਦੇਰੀ ਨਾਲ, ਗਲਤ ਸਮੇਂ, ਗੈਰ-ਯੋਜਨਾਬੱਧ ਅਤੇ ਅਸ਼ਫਲ ਕੀਤੀ ਹੈ।”
ਕਾਂਗਰਸ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਟਵੀਟ ਕਰਕੇ ਲਿਖਿਆ, ''ਦੇਰੀ ਨਾਲ ਹੀ ਸਹੀ ਪਰ ਪੰਜਾਬ ਪੁਲਿਸ ਵਲੋਂ ਕੀਤੀ ਗਈ ਕਾਰਵਾਈ ਦਾ ਮੈਂ ਸਵਾਗਤ ਕਰਦਾ ਹਾਂ।''
''ਸਮੂਹ ਪੰਜਾਬੀਆਂ ਨੂੰ ਮੇਰੀ ਬੇਨਤੀ ਹੈ ਕਿ ਸ਼ਾਂਤੀ ਬਣਾਈ ਰੱਖਣ ਅਤੇ ਅਫਵਾਹਾਂ ਤੇ ਭਰੋਸਾ ਨਾ ਕਰਨ।''
ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲਿਖਿਆ, ''ਗੁਰੂ ਦੇ ਸੱਚੇ ਸਿੱਖ ਭੱਜਦੇ ਨਹੀਂ ਹੁੰਦੇ। ਚਾਹੇ ਮਜਬੂਰੀ ਵੱਸ ਹੀ ਪੰਜਾਬ ਪੁਲਿਸ ਆਪਣਾ ਕੰਮ ਕਰ ਰਹੀ ਹੈ। ਸਮੂਹ ਪੰਜਾਬੀਆਂ ਨੂੰ ਬੇਨਤੀ ਹੈ ਕਿ ਸ਼ਾਂਤੀ ਬਣਾਈ ਰੱਖੋ।''
ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)












