ਅਮ੍ਰਿਤਪਾਲ ਸਿੰਘ ਨੂੰ ਫੜਨ ਲਈ ਪੰਜਾਬ ਪੁਲਿਸ ਦੀ ਕਾਰਵਾਈ ਤੇਜ, 78 ਸਾਥੀ ਗ੍ਰਿਫ਼ਤਾਰ

'ਵਾਰਿਸ ਪੰਜਾਬ ਦੇ' ਮੁਖੀ ਅਮ੍ਰਿਤਪਾਲ ਸਿੰਘ ਨੂੰ ਫੜ੍ਹਨ ਲਈ ਪੰਜਾਬ ਪੁਲਿਸ ਕਾਰਵਾਈ ਕਰ ਰਹੀ ਹੈ।
ਇਸੇ ਸਿਲਸਿਲੇ ਵਿੱਚ ਜਲੰਧਰ ਅਤੇ ਸ਼ਾਹਕੋਟ ਦੇ ਇਲਾਕਿਆਂ ਵਿੱਚ ਪੁਲਿਸ ਟੀਮਾਂ ਕਾਰਵਾਈ ਕਰ ਰਹੀਆਂ ਹਨ।
ਪੰਜਾਬ ਵਿੱਚ ਐਤਵਾਰ ਦੁਪਹਿਰ 12 ਵਜੇ ਤੱਕ ਇੰਟਰਵਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ।
ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਧਾਰਾ 144 ਲਗਾਈ ਹੈ, ਪੁਲਿਸ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਪੰਜਾਬ ਦੇ ਨਾਲ ਲਗਦੇ ਸੂਬਿਆਂ ਦੀਆਂ ਸਰਹੱਦਾਂ ਉੱਤੇ ਚੌਕਸੀ ਵਧਾ ਦਿੱਤੀ ਗਈ ਹੈ।
ਪੁਲਿਸ ਵਾਹਨਾਂ ਦੀ ਚੈਕਿੰਗ ਕਰ ਰਹੀ ਹੈ ਅਤੇ ਸੁਰੱਖਿਆ ਵਧਾ ਦਿੱਤੀ ਗਈ ਹੈ।

ਅਮ੍ਰਿਤਪਾਲ ਸਿੰਘ ਕੌਣ ਹਨ
ਅਮ੍ਰਿਤਪਾਲ ਸਿੰਘ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਉਹਨਾਂ ਦੇ ਪੁੱਤਰ ਦੀ ਜਾਨ ਨੂੰ ਖਤਰਾ ਹੈ।
ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਹਨ, ਉਹ ਸਿੱਖਾਂ ਲਈ ਖੁਦਮੁਖਤਿਆਰ ਰਾਜ (ਖਾਲਿਸਤਾਨ) ਦੀ ਪਾਪ੍ਰਤੀ ਨੂੰ ਆਪਣਾ ਨਿਸ਼ਾਨਾ ਦੱਸਦੇ ਹਨ।
ਕਈ ਸਾਲ ਦੁਬਈ ਰਹਿਣ ਤੋਂ ਬਾਅਦ ਪਿਛਲੇ ਸਾਲ ਅਗਸਤ ਮਹੀਨੇ ਪੰਜਾਬ ਵਿੱਚ ਵਾਪਸ ਆਏ ਅਤੇ ਉਨ੍ਹਾਂ ਅਮ੍ਰਿਤ ਸੰਚਾਰ ਅਤੇ ਨਸ਼ਾ ਛੁਡਾਊ ਲਹਿਰ ਦੇ ਨਾਂ ਉੱਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾਂ ਸ਼ੁਰੂ ਕੀਤਾ।
ਪਰ ਉਹ ਆਪਣੇ ਗਰਮਸੁਰ ਵਾਲੇ ਭਾਸ਼ਣਾ ਅਤੇ ਗੁਰਦੁਆਰਿਆਂ ਵਿਚਲੇ ਬੈਂਚ ਸਾੜਨ ਤੇ ਅਜਨਾਲਾ ਥਾਣੇ ਅੱਗੇ ਹੋਈ ਹਿੰਸਾ ਕਾਰਨ ਵਿਵਾਦਾਂ ਵਿੱਚ ਆ ਗਏ।
ਪੁਲਿਸ ਪਿਛਲੇ ਸ਼ਨੀਵਾਰ ਤੋਂ ਉਸ ਦਾ ਪਿੱਛਾ ਕਰ ਰਹੀ ਹੈ ਅਤੇ ਪੰਜਾਬ ਵਿੱਚ ਉਸ ਦੇ ਸਮਰਥਕਾਂ ਦੀ ਵੱਡੇ ਪੱਧਰ ਉੱਤੇ ਫੜੋ-ਫੜੀ ਚੱਲ ਰਹੀ ਹੈ।


ਤਸਵੀਰ ਸਰੋਤ, Getty Images
ਖ਼ਬਰ ਏਜੰਸੀ ਪੀਟੀਆਈ ਅਨੁਸਾਰ ਪੰਜਾਬ ਪੁਲਿਸ ਨੇ ਅਮ੍ਰਿਤਪਾਲ ਸਿੰਘ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਇਸ ਦੇ ਨਾਲ ਹੀ ਏਜੰਸੀ ਨੇ ਕਿਹਾ ਹੈ ਕਿ ਇਸ ਬਾਰੇ ਪੰਜਾਬ ਪੁਲਿਸ ਤੋਂ ਪੁਸ਼ਟੀ ਨਹੀਂ ਮਿਲੀ ਹੈ।
ਪੀਟੀਆਈ ਅਨੁਸਾਰ, ''ਅਮ੍ਰਿਤਪਾਲ ਦੇ ਕਾਫਲੇ ਨੂੰ ਜਲੰਧਰ ਦੇ ਮਹਿਤਪੁਰ ਪਿੰਡ ਵਿੱਚ ਰੋਕਿਆ ਗਿਆ ਸੀ। ਇਹ ਦੱਸਿਆ ਜਾ ਰਿਹਾ ਹੈ ਕਿ ਅਮ੍ਰਿਤਪਾਲ ਉੱਥੋਂ ਨਿਕਲਣ ਵਿੱਚ ਕਾਮਯਾਬ ਹੋ ਗਏ ਪਰ ਉਨ੍ਹਾਂ ਦੇ 6 ਹਮਾਇਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।''
78 ਲੋਕਾਂ ਦੀ ਗ੍ਰਿਫ਼ਤਾਰੀ- ਸਰਕਾਰ
ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਨੇ ਬਿਆਨ ਜਾਰੀ ਕੀਤਾ ਹੈ ਅਤੇ ਇਸ ਕਾਰਵਾਈ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਬਿਆਨ ਮੁਤਾਬਕ
- ਪੰਜਾਬ ਪੁਲਿਸ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਲੋਕਾਂ ਖਿਲਾਫ਼ ਕਾਰਵਾਈ ਕੀਤੀ ਹੈ, 78 ਲੋਕ ਗ੍ਰਿਫ਼ਤਾਰ ਹੋਏ ਹਨ
- ਅਮ੍ਰਿਤਪਾਲ ਸਿੰਘ ਗ੍ਰਿਫ਼ਤ ਵਿੱਚੋਂ ਬਾਹਰ ਹੈ, ਪੁਲਿਸ ਟੀਮਾਂ ਭਾਲ ਕਰ ਰਹੀਆਂ ਹਨ
- 8 ਰਾਇਫਲਾਂ ਸਣੇ 9 ਹਥਿਆਰ ਫੜ੍ਹੇ ਗਏ ਹਨ, ਆਪਰੇਸ਼ਨ ਦੌਰਾਨ ਇੱਕ ਰਿਵਾਲਵਰ ਬਰਾਮਦ ਹੋਇਆ।
- ਹਾਲਾਤ ਕਾਬੂ ਹੇਠ ਹਨ, ਲੋਕਾਂ ਨੂੰ ਅਪੀਲ ਹੈ ਕਿ ਅਫਵਾਹਾਂ ਉੱਤੇ ਵਿਸ਼ਵਾਸ਼ ਨਾ ਕਰੋ।

ਤਸਵੀਰ ਸਰੋਤ, punjab police
ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਮੁਤਾਬਕ ਸ਼ਾਹਕੋਟ ਵਿੱਚ ਭਾਰੀ ਪੁਲਿਸ ਬੰਦੋਬਸਤ ਹੈ ਅਤੇ ਥਾਂ-ਥਾਂ ਪੁਲਿਸ ਦੀ ਨਾਕੇਬੰਦੀ ਦੇਖੀ ਗਈ।
ਲੁਧਿਆਣਾ ਨੇੜੇ ਸਿੱਧਵਾਂ ਬੇਟ ਵਿੱਚ ਸਥਾਨਕ ਲੋਕਾਂ ਦਾ ਵੱਡਾ ਇਕੱਠ ਦੇਖਿਆ ਗਿਆ।
ਸਿੱਧਵਾਂ ਬੇਟ ਨੇੜੇ ਪੁਲ਼ ਉੱਤੇ ਲੋਕਾਂ ਦੀ ਭੀੜ ਨੇ ਜਾਮ ਲਗਾ ਦਿੱਤਾ, ਉਸ ਇਲਾਕੇ ਵਿੱਚ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਦੇਖੀਆਂ ਗਈਆਂ।

ਤਸਵੀਰ ਸਰੋਤ, IQBAL SINGH KHAIRA/BBC

ਤਸਵੀਰ ਸਰੋਤ, IQBAL SINGH KHAIRA/BBC

ਪੰਜਾਬ ਸਰਕਾਰ ਦਾ ਇੰਟਰਨੈੱਟ ਸੇਵਾਵਾਂ ਬੰਦ ਕਰਨ ਬਾਰੇ ਤਰਕ
- ਸਮਾਜ ਦਾ ਇੱਕ ਤਬਕਾ ਭੜਕਾਊ ਸਮੱਗਰੀ, ਝੂਠੀ ਜਾਣਕਾਰੀ, ਅਫ਼ਵਾਹਾਂ, ਜਾਅਲੀ ਖ਼ਬਰਾਂ ਆਦਿ ਫ਼ੈਲਾਉਣ ਲਈ ਫ਼ੋਨ ਤੇ ਉਪਲੱਭਧ ਇੰਟਰਨੈੱਟ ਸੇਵਾਵਾਂ ਦੀ ਵਰਤੋਂ ਕਰਦਾ ਹੈ।
- ਦੇਸ਼ ਵਿਰੋਧੀ ਗਤੀਵਿਧੀਆਂ ਲਈ ਮੁਜ਼ਾਹਾਰਾਕਾਰੀਆਂ ਜਾਂ ਅੰਦੋਲਨਕਾਰੀਆਂ ਨੂੰ ਲਾਮਬੰਦ ਕਰਨ ਲਈ ਮੋਬਾਈਲ ਇੰਟਰਨੈੱਟ ਦੀ ਵਰਤੋਂ ਨਾਲ ਚੱਲਣ ਵਾਲੇ ਸੋਸ਼ਲ ਮੀਡੀਆ ਪਲੇਟਫ਼ਾਰਮਜ਼ ਦੀ ਵਰਤੋਂ ਕੀਤੀ ਜਾਂਦੀ ਹੈ।
- ਗ਼ਲਤ ਜਾਣਕਾਰੀ ਅਤੇ ਭੰਨਤੋੜ ਜ਼ਰੀਏ ਜਨਤਕ ਸੁਰੱਖਿਆ, ਜਨਤਕ ਸਹੂਲਤਾਂ, ਜਨਤਕ ਕਾਨੂੰਨ ਤੇ ਵਿਵਸਥਾ ਅਤੇ ਜਨਤਕ ਅਤੇ ਨਿੱਜੀ ਜਾਇਦਾਦ ਨੂੰ ਗੰਭੀਰ ਨੁਕਸਾਨ ਹੋਣ ਦਾ ਖ਼ਤਰਾ ਹੁੰਦਾ ਹੈ।”

ਮੁੱਖ ਮੰਤਰੀ ਨੇ ਕਾਨੂੰਨ ਤਹਿਤ ਕੀਤੀ ਕਾਰਵਾਈ - ਬਲਬੀਰ ਸਿੰਘ
ਪੰਜਾਬ ਕੈਬਨਿਟ ਮੰਤਰੀ ਬਲਬੀਰ ਸਿੰਘ ਨੇ ਅਮ੍ਰਿਤਪਾਲ ਸਿੰਘ ਖਿਲਾਫ਼ ਹੋਈ ਕਾਰਵਾਈ ਬਾਰੇ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਕਾਨੂੰਨ ਤਹਿਤ ਕਾਰਵਾਈ ਕੀਤੀ ਗਈ ਹੈ।
ਉਨ੍ਹਾਂ ਕਿਹਾ, “ ਭਾਵੇਂ ਆਪਣਾ ਹੋਵੇ ਜਾਂ ਕੋਈ ਹੋਰ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਨੂੰਨ ਆਪਣਾ ਕੰਮ ਕਰੇਗਾ। ਇਹ ਹੋਈ ਵਿਤਕਰਾ ਨਹੀਂ ਹੋ ਰਿਹਾ ਹੈ। ਇਹ ਉਸ ਪਾਰਟੀ ਦਾ ਰਾਜ ਨਹੀਂ ਹੈ ਜਿਸ ਵਿੱਚ ਨਕਲੀ ਸ਼ਰਾਬ ਪੀਣ ਕਰਕੇ ਬੰਦੇ ਮਰ ਗਏ ਤੇ ਕੋਈ ਜ਼ਿੰਮੇਵਾਰੀ ਤੈਅ ਨਹੀਂ ਹੋਈ ਜਾਂ ਬੇਅਦਬੀ ਹੋਈ ਤਾਂ ਕੋਈ ਜ਼ਿੰਮੇਵਾਰ ਨਹੀਂ। ਇਸ ਨੂੰ ਕਾਨੂੰਨ ਦਾ ਰਾਜ ਕਹਿੰਦੇ ਹਨ। ਮੈਂ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਲਾਘਾ ਕਰਦਾ ਹਾਂ।”

ਅਮ੍ਰਿਤਪਾਲ ਸਿੰਘ ਮਾਮਲੇ ਵਿੱਚ ਹੁਣ ਤੱਕ ਕੀ-ਕੀ ਹੋਇਆ
- ਅਮ੍ਰਿਤਪਾਲ ਸਿੰਘ ਤੇ ‘ਵਾਰਿਸ ਪੰਜਾਬ ਦੇ’ ਕਾਰਕੁਨਾਂ ਖ਼ਿਲਾਫ਼ ਪੰਜਾਬ ਪੁਲਿਸ 18 ਮਾਰਚ ਤੋਂ ਕਾਰਵਾਈ ਕਰ ਰਹੀ ਹੈ
- ਪੁਲਿਸ ਮੁਤਾਬਕ ਅਮ੍ਰਿਤਪਾਲ ਫਰਾਰ ਹੋ ਗਿਆ ਪਰ ਉਨ੍ਹਾਂ ਦੇ 154 ਕਾਰਕੁਨ ਹਿਰਾਸਤ ਵਿੱਚ ਹਨ
- ਮੋਬਾਇਲ ਇੰਟਰਨੈੱਟ ਉੱਤੇ 18 ਮਾਰਚ ਨੂੰ ਹੀ ਪਾਬੰਦੀ ਲਾ ਦਿੱਤੀ ਸੀ, ਜੋ ਹੁਣ 3 ਜ਼ਿਲ੍ਹਿਆਂ ਤੱਕ ਸੀਮਤ ਹੈ
- ਅਮ੍ਰਿਤਪਾਲ ਦੇ ਪਿਤਾ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੋਇਆ ਹੈ
- ‘ਵਾਰਿਸ ਪੰਜਾਬ ਦੇ’ ਵਕੀਲ ਨੇ ਹਾਈਕੋਰਟ ਵਿੱਚ ਬੰਦੀ ਨੂੰ ਪੇਸ਼ ਕਰਵਾਉਣ ਲ਼ਈ ਪਟੀਸ਼ਨ ਪਾਈ
- ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਕਿ ਇੰਨੀ ਵੱਡੀ ਪੁਲਿਸ ਨਫ਼ਰੀ ਵਿੱਚ ਉਹ ਕਿਵੇਂ ਬਚ ਗਿਆ
- ਪੁਲਿਸ ਮੁਤਾਬਕ ਅਮ੍ਰਿਤਪਾਲ ਦਾ ਆਖਰੀ ਵਾਰ ਇੱਕ ਵੀਡੀਓ ਨੰਗਲ ਅੰਬੀਆਂ ਗੁਰਦੁਆਰੇ ਵਿੱਚ ਦਿਖਿਆ
- ਅਮ੍ਰਿਤਪਾਲ ਦੇ 7 ਸਾਥੀਆਂ ਨੂੰ ਦਿਬੜੂਗੜ੍ਹ ਅਸਾਮ ਭੇਜਿਆ ਗਿਆ ਹੈ, ਉਨ੍ਹਾਂ ਉੱਤੇ NSA ਲੱਗਿਆ ਹੈ
- ਪੰਜਾਬ ਵਿੱਚ ਭਾਰੀ ਪੁਲਿਸ ਫੋਰਸ ਤੈਨਾਤ ਹੈ ਅਤੇ ਨਾਕੇਬੰਦੀ ਕੀਤੀ ਗਈ ਹੈ ਤੇ ਫਲੈਗ ਮਾਰਚ ਹੋ ਰਹੇ ਹਨ
- ਪੰਜਾਬ ਸਣੇ ਇੰਗਲੈਂਡ, ਅਮਰੀਕਾ ਵਰਗੀਆਂ ਥਾਵਾਂ ਉੱਤੇ ਅਮ੍ਰਿਤਪਾਲ ਦੇ ਹੱਕ ਵਿੱਚ ਮੁਜ਼ਾਹਰੇ ਵੀ ਹੋਏ ਹਨ
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਅਮ੍ਰਿਤਪਾਲ ਸਿੰਘ ਦੇ ਪਿਤਾ ਵੀ ਬੋਲੇ
ਅਮ੍ਰਿਤਪਾਲ ਸਿੰਘ ਦੇ ਪਿੰਡ ਜੱਲੂਪੁਰ ਖੇੜਾ ਵਿੱਚ ਵੀ ਪੁਲਿਸ ਦੀ ਸਖ਼ਤ ਸੁਰੱਖਿਆ ਹੈ।
ਅਮ੍ਰਿਤਪਾਲ ਸਿੰਘ ਦੇ ਘਰ ਬਾਹਰ ਵੀ ਸੁਰੱਖਿਆ ਹੈ।
ਉਨ੍ਹਾਂ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ, ‘‘ਉਨ੍ਹਾਂ ਨੇ ਕਿਹਾ ਸਾਡੇ ਘਰ ਕਈ ਘੰਟੇ ਪੁਲਿਸ ਕਾਰਵਾਈ ਚੱਲੀ, ਸਿਆਸਤ ਤਹਿਤ ਇਹ ਸਭ ਕੀਤਾ ਜਾ ਰਿਹਾ ਹੈ। ਅਮ੍ਰਿਤਪਾਲ ਕਿੱਥੇ ਹੈ ਇਸ ਬਾਰੇ ਮੈਨੂੰ ਨਹੀਂ ਪਤਾ।’’

ਤਸਵੀਰ ਸਰੋਤ, BBC/RAVINDER SINGH ROBIN
ਅਸੀਂ ਕਾਰਵਾਈ ਦੀ ਨਿਖੇਧੀ ਕਰਦੇ ਹਾਂ - ਸਿਮਰਨਜੀਤ ਸਿੰਘ ਮਾਨ
ਸੰਗਰੂਰ ਤੋਂ ਲੋਕ ਸਭਾ ਦੇ ਮੈਂਬਰ ਪਾਰਲੀਮੈਂਟ ਨੇ ਅਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਬਿਆਨ ਦਿੱਤਾ ਹੈ।
ਉਨ੍ਹਾਂ ਕਿਹਾ, “ਗ੍ਰਿਫ਼ਤਾਰੀਆਂ ਹੋਣ ਜਾਂ ਹਿਰਾਸਤ ਵਿੱਚ ਲੈਣਾ ਹੋਵੇ, ਖਾਲਸਾ ਵਹੀਰ ਕੱਢਣ ਤੇ ਸਿੱਧੂ ਮੂਸੇਵਾਲਾ ਦੀ ਬਰਸੀ ਸਮਾਗਮ ਤੋਂ ਇੱਕ ਦਿਨ ਪਹਿਲਾਂ ਇੰਟਰਨੈੱਟ ਸੇਵਾਵਾਂ ਠੱਪ ਕਰਨਾ ਲੋਕਾਂ ਵਿੱਚ ਤਣਾਅ ਪੈਦਾ ਕਰ ਰਿਹਾ ਹੈ। ਲੋਕ ਪ੍ਰੇਸ਼ਾਨ ਹੋ ਰਹੇ ਹਨ ਅਤੇ ਇਸ ਦੀ ਨਿਖੇਧੀ ਕਰਦੇ ਹਾਂ।”
“ਅਸੀਂ ਇਨ੍ਹਾਂ ਦੋਵੇਂ ਲੋਕਤੰਤਰਿਕ ਸਮਾਗਮਾਂ ਦੀ ਹਮਾਇਤ ਕਰਦੇ ਹਾਂ। ਅਸੀਂ ਅਮ੍ਰਿਤਪਾਲ ਵੱਲੋਂ ਕੱਢੀ ਜਾ ਰਹੀ ਖਾਲਸਾ ਵਹੀਰ ਤੇ ਨਸ਼ਾ ਛੁਡਾਉਣ ਦੀ ਮੁਹਿੰਮ ਦੀ ਹਮਾਇਤ ਕਰਦੇ ਹਾਂ।”
ਅਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਧਰਨਾ
ਅਮ੍ਰਿਤਪਾਲ ਦੇ ਹਮਾਇਤੀਆਂ ਨੇ ਮੁਹਾਲੀ ਵਿੱਚ ਗੁਰਦੁਆਰਾ ਸੋਹਾਣਾ ਸਾਹਿਬ ਨੇੜੇ ਰਾਹ ਨੂੰ ਬੰਦ ਕਰ ਦਿੱਤਾ ਹੈ।
ਪੁਲਿਸ ਦੀ ਵੀ ਉੱਥੇ ਤਾਇਨਾਤੀ ਕਰ ਦਿੱਤੀ ਗਈ ਹੈ।




ਬਟਾਲਾ ਵਿੱਚ ਪੁਲਿਸ ਵੱਲੋਂ ਫਲੈਗ ਮਾਰਚ ਕੀਤਾ ਗਿਆ

ਤਸਵੀਰ ਸਰੋਤ, Gurpreet Chawala/BBC

ਤਸਵੀਰ ਸਰੋਤ, Gurpreet Chawala/BBC

ਤਸਵੀਰ ਸਰੋਤ, Gurpreet Chawla/BBC

ਤਸਵੀਰ ਸਰੋਤ, Gurpreet Chawala/BBC
ਅਮ੍ਰਿਤਪਾਲ ’ਤੇ ਰਵਨੀਤ ਬਿੱਟੂ ਦਾ ਤੰਜ
ਅਮ੍ਰਿਤਪਾਲ ਸਿੰਘ 'ਤੇ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਕਾਂਗਰਸ ਆਗੂ ਰਵਨੀਤ ਬਿੱਟੂ ਨੇ ਇੱਕ ਵੀਡੀਓ ਜਾਰੀ ਕੀਤਾ।
ਉਨ੍ਹਾਂ ਕਿਹਾ, ‘‘ਇਹ ਜਿਹੜਾ ਅਮ੍ਰਿਤਪਾਲ ਤੁਹਾਨੂੰ ਕਹਿੰਦਾ ਸੀ ਨਾ ਕਿ ਅਸਲੇ ਚੁੱਕ ਲਓ, ਖਾਲਿਸਤਾਨ ਬਣਾਉਣਾ ਹੈ, ਕੁਰਬਾਨੀ ਦੇਣੀ ਹੈ, ਇਹ ਮੈਂ ਦੇਖ ਰਿਹਾ ਹਾਂ ਕਿ ਤੂੰ ਤਾਂ ਬਾਣੇ ਨੂੰ ਧੱਬਾ ਲਗਾ ਦਿੱਤਾ।''
''ਤੂੰ ਜਿਹੜਾ ਸਿੱਖੀ ਰੂਪ ਲੋਕਾਂ ਨੂੰ ਦਿਖਾਉਂਦਾ ਸੀ, ਉਹ ਕਦੇ ਸਿੱਖ ਵੀ ਭੱਜਦਾ ਹੈ! ਜੇ ਤੇਰੇ 'ਚ ਜਾਨ ਹੁੰਦੀ ਤਾਂ ਪੁਲਿਸ ਆਉਂਦੀ ਤਾਂ ਕਹਿੰਦਾ ਕਰੋ ਗ੍ਰਿਫ਼ਤਾਰ।''
ਕਾਂਗਰਸ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਟਵੀਟ ਕਰਕੇ ਲਿਖਿਆ, ''ਦੇਰੀ ਨਾਲ ਹੀ ਸਹੀ ਪਰ ਪੰਜਾਬ ਪੁਲਿਸ ਵਲੋਂ ਕੀਤੀ ਗਈ ਕਾਰਵਾਈ ਦਾ ਮੈਂ ਸਵਾਗਤ ਕਰਦਾ ਹਾਂ।''
''ਸਮੂਹ ਪੰਜਾਬੀਆਂ ਨੂੰ ਮੇਰੀ ਬੇਨਤੀ ਹੈ ਕਿ ਸ਼ਾਂਤੀ ਬਣਾਈ ਰੱਖਣ ਅਤੇ ਅਫਵਾਹਾਂ ਤੇ ਭਰੋਸਾ ਨਾ ਕਰਨ।''
ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲਿਖਿਆ, ''ਗੁਰੂ ਦੇ ਸੱਚੇ ਸਿੱਖ ਭੱਜਦੇ ਨਹੀਂ ਹੁੰਦੇ। ਚਾਹੇ ਮਜਬੂਰੀ ਵੱਸ ਹੀ ਪੰਜਾਬ ਪੁਲਿਸ ਆਪਣਾ ਕੰਮ ਕਰ ਰਹੀ ਹੈ। ਸਮੂਹ ਪੰਜਾਬੀਆਂ ਨੂੰ ਬੇਨਤੀ ਹੈ ਕਿ ਸ਼ਾਂਤੀ ਬਣਾਈ ਰੱਖੋ।''
ਅਸੀਂ ਸਰਕਾਰ ਦੀ ਹਮਾਇਤ ਕਰਦੇ ਹਾਂ - ਹਰਜੀਤ ਗਰੇਵਾਲ
ਭਾਜਪਾ ਦੇ ਆਗੂ ਹਰਜੀਤ ਗਰੇਵਾਲ ਨੇ ਇਸ ਕਾਰਵਾਈ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਮ੍ਰਿਤਪਾਲ ਸਿੰਘ ਦੀ ਪੂਰੇ ਤਰੀਕੇ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਪਾਰਟੀ ਵੱਲੋਂ ਸਰਕਾਰ ਨੂੰ ਪੂਰੀ ਹਮਾਇਤ ਹੈ।
ਅਮ੍ਰਿਤਪਾਲ ਸਿੰਘ ਦਾ ਪਿਛੋਕੜ
‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਲੰਬਾ ਸਮਾਂ ਦੁਬਈ ਵਿੱਚ ਰਹਿ ਕੇ ਆਏ ਹਨ।
ਸਾਲ 2022 ਵਿੱਚ ਉਨ੍ਹਾਂ ਦੀ ਐਂਟਰੀ ਪੰਜਾਬ ਵਿੱਚ ਹੋਈ। ਪੰਜਾਬ ਦੀ ਸਿਆਸਤ ਵਿੱਚ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਨਾਮ ਚਰਚਾ ਵਿੱਚ ਹੈ।
ਅਮ੍ਰਿਤਪਾਲ ਸਿੰਘ ਮਰਹੂਮ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਵੱਲੋਂ ਬਣਾਈ ਗਈ 'ਵਾਰਸ ਪੰਜਾਬ ਦੇ' ਜਥੇਬੰਦੀ ਦੇ ਨਵੇਂ ਮੁਖੀ ਬਣੇ।
ਅਮ੍ਰਿਤਪਾਲ ਸਿੰਘ ਦੀ 'ਵਾਰਸ ਪੰਜਾਬ ਦੇ' ਮੁਖੀ ਵਜੋਂ ਦਸਤਾਰਬੰਦੀ ਜਥੇਬੰਦੀ ਦੀ ਪਹਿਲੀ ਵਰ੍ਹੇਗੰਢ ਮੌਕੇ 29 ਸਤੰਬਰ 2022 ਨੂੰ ਕੀਤੀ ਗਈ ਸੀ।
ਇਹ ਦਸਤਾਰ ਬੰਦੀ ਮੋਗਾ ਦੇ ਪਿੰਡ ਰੋਡੇ ਵਿੱਚ ਕੀਤੀ ਗਈ ਸੀ। ਦਰਅਸਲ ਇਸ ਦਿਨ ਦਮਦਮੀ ਟਕਸਾਲ ਦੇ ਸਾਬਕਾ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਜਨਮ ਦਿਨ ਵੀ ਸੀ।
ਅਮ੍ਰਿਤਪਾਲ ਸਿੰਘ ਆਪਣੇ ਆਪ ਬਾਰੇ ਕਹਿੰਦੇ ਹਨ,''ਚਾਹੇ ਤਾਂ ਕੋਈ ਮੈਨੂੰ ਛੋਟਾ ਭਰਾ ਮੰਨ ਸਕਦਾ ਹੈ ਜਾਂ ਵੱਡਾ ਭਰਾ, ਮੇਰੀ ਉਮਰ ਵੀ ਐਨੀ ਕੁ ਹੈ।ਅਮ੍ਰਿਤਪਾਲ ਸਿੰਘ ਆਪ ਕੁਝ ਨਹੀਂ ਹੈ, ਇਸ ਸੰਘਰਸ਼ ਦੇ ਰਾਹ ਉੱਤੇ ਬਹੁਤ ਬੰਦੇ ਆਏ ਅਤੇ ਗਏ, ਅਮ੍ਰਿਤਪਾਲ ਸਿੰਘ ਉਨ੍ਹਾਂ ਵਿੱਚੋਂ ਇੱਕ ਹੈ।''
ਅਮ੍ਰਿਤਪਾਲ ਸਿੰਘ ਦਾ ਜਨਮ ਤੇ ਪਾਲਣ-ਪੋਸ਼ਣ ਅੰਮ੍ਰਿਤਸਰ ਦੇ ਜੱਲੂ ਖੇੜ੍ਹਾ ਪਿੰਡ ਵਿੱਚ ਹੋਇਆ।
ਅਮ੍ਰਿਤਪਾਲ ਸਿੰਘ ਨੇ 10 ਫ਼ਰਵਰੀ 2023 ਨੂੰ ਬਾਬਾ ਬਕਾਲਾ ਵਿੱਚ ਵਿਆਹ ਕਰਵਾਇਆ।
ਉਨ੍ਹਾਂ ਨਿੱਜਤਾ ਦਾ ਹਵਾਲਾ ਦਿੰਦਿਆਂ ਆਪਣੀ ਪਤਨੀ ਅਤੇ ਪਰਿਵਾਰ ਬਾਰੇ ਨਹੀਂ ਦੱਸਿਆ ਅਤੇ ਕਿਹਾ ਕਿ ਮੀਡੀਆ ਨੂੰ ਵੀ ਨਿੱਜੀ ਜ਼ਿੰਦਗੀ ਵਿੱਚ ਦਖ਼ਲ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)















