ਅਮ੍ਰਿਤਪਾਲ ਸਿੰਘ ਚੋਣ ਤਾਂ ਜਿੱਤ ਗਏ ਪਰ ਜੇਲ੍ਹ ’ਚ ਰਹਿੰਦੇ ਹੋਏ ਕਿਵੇਂ ਚੁੱਕਣਗੇ ਸਹੁੰ

ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤੇ ਹਨ
    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

ਜੇਲ੍ਹ ਵਿੱਚ ਬੰਦ ਖਾਲਿਸਤਾਨ ਹਮਾਇਤੀ ਅਮ੍ਰਿਤਪਾਲ ਸਿੰਘ ਲੋਕ ਸਭਾ ਹਲਕਾ ਖਡੂਰ ਸਾਹਿਬ ਸੀਟ ਤੋਂ ਆਜ਼ਾਦ ਉਮੀਦਵਾਰ ਵੱਜੋਂ ਚੋਣ ਜਿੱਤ ਗਏ ਹਨ।

ਅਮ੍ਰਿਤਪਾਲ ਸਿੰਘ ਇਸ ਸਮੇਂ ਕੌਮੀ ਸੁਰੱਖਿਆ ਐਕਟ ਦੇ ਤਹਿਤ ਆਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ ਹਨ।

ਅਮ੍ਰਿਤਪਾਲ ਸਿੰਘ ਜੇਲ੍ਹ ਵਿੱਚੋਂ ਚੋਣ ਤਾਂ ਜਿੱਤ ਗਏ ਪਰ ਸਵਾਲ ਹੁਣ ਇਹ ਹੈ ਕਿ ਅੱਗੇ ਕੀ ਹੋਵੇਗਾ, ਉਹ ਸੰਸਦ ਮੈਂਬਰ ਵਜੋਂ ਸਹੁੰ ਕਿਵੇਂ ਚੁੱਕਣਗੇ ?

ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮ੍ਰਿਤਪਾਲ ਸਿੰਘ ਡਿਬੜੂਗੜ੍ਹ ਜੇਲ੍ਹ ਵਿੱਚ ਹਨ

ਅਮ੍ਰਿਤਪਾਲ ਸਿੰਘ ਉੱਤੇ ਗੰਭੀਰ ਇਲਜ਼ਾਮ

ਅਮ੍ਰਿਤਪਾਲ ਸਿੰਘ ਮਾਰਚ 2023 ਤੋਂ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨਐੱਸਏ) ਦੇ ਤਹਿਤ ਡਿਬਰੂਗੜ੍ਹ, ਆਸਾਮ ਦੀ ਜੇਲ੍ਹ ਵਿੱਚ ਬੰਦ ਹਨ। ਕੌਮੀ ਸੁਰੱਖਿਆ ਕਾਨੂੰਨ 1980 ਵਿੱਚ ਲਿਆਂਦਾ ਗਿਆ ਸੀ।

ਇਹ ਕੇਂਦਰੀ ਤੇ ਸੂਬਾਈ ਸਰਕਾਰਾਂ ਨੂੰ ਅਜਿਹੀਆਂ ਸ਼ਕਤੀਆਂ ਦਿੰਦਾ ਹੈ ਜਿਨ੍ਹਾਂ ਨਾਲ ਕਿਸੇ ਨੂੰ ਵੀ ਬਿਨਾਂ ਅਗਾਓਂ ਸੂਚਨਾ ਦੇ ਹਿਰਾਸਤ ਵਿੱਚ ਲਿਆ ਜਾ ਸਕਦਾ ਹੈ। ਇਹ ਕਾਨੂੰਨ 12 ਮਹੀਨਿਆਂ ਤੱਕ ਵਿਅਕਤੀ ਨੂੰ ਹਿਰਾਸਤ ਵਿੱਚ ਰੱਖਣ ਦੀ ਇਜਾਜ਼ਤ ਦਿੰਦਾ ਹੈ।

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਬਤੌਰ ਲੋਕ ਸਭਾ ਮੈਂਬਰ ਹੁਣ ਅਮ੍ਰਿਤਪਾਲ ਦਾ ਕੀ ਹੋਵੇਗਾ

ਖਡੂਰ ਸਾਹਿਬ ਤੋਂ ਲੋਕ ਸਭਾ ਦੀ ਚੋਣ ਜਿੱਤਣ ਦਾ ਇਹ ਮਤਲਬ ਨਹੀਂ ਕਿ ਹੁਣ ਅਮ੍ਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆ ਜਾਣਗੇ ਤੇ ਬਤੌਰ ਸੰਸਦ ਮੈਂਬਰ ਕੰਮ ਕਰਨਾ ਸ਼ੁਰੂ ਕਰ ਦੇਣਗੇ।

ਭਾਰਤੀ ਸੰਵਿਧਾਨ ਦੇ ਜਾਣਕਾਰ ਮੰਨਦੇ ਹਨ ਕਿ ਸਹੁੰ ਚੁੱਕਣ ਦੇ ਲਈ ਸੰਸਦ ਵਿੱਚ ਆਉਣਾ ਹੋਵੇਗਾ ਅਤੇ ਇਹ ਉਨ੍ਹਾਂ ਕੋਲ ਕਾਨੂੰਨੀ ਅਧਿਕਾਰ ਵੀ ਹੈ। ਸਹੁੰ ਚੁੱਕਣਾ ਸੰਸਦ ਮੈਂਬਰਾਂ ਵਜੋਂ ਆਪਣੀ ਭੂਮਿਕਾ ਨਿਭਾਉਣ ਲਈ ਪਹਿਲਾ ਕਦਮ ਹੈ।

ਐਡੀਸ਼ਨਲ ਸਾਲਿਸਟਰ ਜਨਰਲ ਆਫ਼ ਇੰਡੀਆ ਸਤਪਾਲ ਜੈਨ ਦਾ ਕਹਿਣਾ ਹੈ ਕਿ ਜੇਲ੍ਹ ਵਿੱਚ ਰਹਿ ਕੇ ਲੋਕ ਸਭਾ ਦੀ ਚੋਣ ਜਿੱਤਿਆ ਵਿਅਕਤੀ ਜ਼ਿਲ੍ਹਾ ਅਧਿਕਾਰੀ ਦੀ ਆਗਿਆ ਤੋਂ ਬਾਅਦ ਸਪੀਕਰ ਵੱਲੋਂ ਤੈਅ ਕੀਤੇ ਗਏ ਸਮੇਂ ਦੇ ਮੁਤਾਬਕ ਲੋਕ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕ ਸਕਦਾ ਹੈ।

ਉਨ੍ਹਾਂ ਮੁਤਾਬਕ ਇਹ ਗੱਲ ਸਪੀਕਰ ਤੈਅ ਕਰੇਗਾ ਕਿ ਸਹੁੰ ਹਾਊਸ ਵਿੱਚ ਚੁਕਵਾਉਣੀ ਹੈ ਜਾਂ ਫਿਰ ਸਪੀਕਰ ਦੇ ਚੈਂਬਰ ਵਿੱਚ।

ਉਨ੍ਹਾਂ ਦੱਸਿਆ ਕਿ ਜੇਲ੍ਹ ਵਿੱਚ ਬੰਦ ਵਿਅਕਤੀ ਦੇ ਸੰਸਦ ਦਾ ਮੈਂਬਰ ਚੁਣੇ ਜਾਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ।

ਇਸੇ ਸਾਲ ਮਾਰਚ ਮਹੀਨੇ ਵਿੱਚ, ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ, ਜੋ ਉਸ ਸਮੇਂ ਮਨੀ ਲਾਂਡਰਿੰਗ ਦੇ ਇਲਜ਼ਾਮਾਂ ਵਿੱਚ ਤਿਹਾੜ ਵਿੱਚ ਬੰਦ ਸਨ, ਨੂੰ ਅਦਾਲਤ ਨੇ ਦੂਜੀ ਵਾਰ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਦੀ ਇਜਾਜ਼ਤ ਦਿੱਤੀ ਸੀ।

ਹੇਠਲੀ ਅਦਾਲਤ ਨੇ ਜੇਲ੍ਹ ਸੁਪਰਡੈਂਟ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਸੰਜੇ ਸਿੰਘ ਨੂੰ ਲੋੜੀਂਦੀ ਸੁਰੱਖਿਆ ਦੇ ਨਾਲ ਸੰਸਦ ਵਿੱਚ ਜਾਣ ਦਿੱਤਾ ਜਾਵੇ ਅਤੇ ਸਹੁੰ ਚੁੱਕਣ ਤੋਂ ਬਾਅਦ ਉਸ ਨੂੰ ਜੇਲ੍ਹ ਵਿੱਚ ਵਾਪਸ ਲਿਆਂਦਾ ਜਾਵੇ।

1977 ਵਿੱਚ ਟਰੇਡ ਯੂਨੀਅਨਿਸਟ ਜਾਰਜ ਫਰਨਾਂਡਿਜ਼ ਐਮਰਜੈਂਸੀ ਦੌਰਾਨ ਜੇਲ੍ਹ ਵਿੱਚ ਰਹਿੰਦੇ ਹੋਏ ਮੁਜ਼ੱਫਰਪੁਰ ਸੀਟ ਤੋਂ ਚੁਣੇ ਗਏ ਸਨ। ਪਰ ਉਨ੍ਹਾਂ ਨੂੰ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਸੀ ।

ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅਤੇ ਖਾਲਿਸਤਾਨ ਹਮਾਇਤੀ ਅਮ੍ਰਿਤਪਾਲ ਸਿੰਘ

ਬਤੌਰ ਸੰਸਦ ਮੈਂਬਰ ਕੀ ਹੋਣਗੇ ਫ਼ਰਜ਼

ਸੰਸਦੀ ਮਾਮਲਿਆਂ ਦੇ ਜਾਣਕਾਰ ਮੰਨਦੇ ਹਨ ਕਿ ਸਹੁੰ ਚੁੱਕਣ ਦੀ ਇਜਾਜ਼ਤ ਦੇਣਾ ਜ਼ਮਾਨਤ 'ਤੇ ਰਿਹਾਅ ਹੋਣ ਵਰਗਾ ਨਹੀਂ ਹੈ। ਇਹ ਇੱਕ ਦਿਨ ਲਈ ਵਿਸ਼ੇਸ਼ ਪੈਰੋਲ ਵਰਗਾ ਹੈ।

ਐਡੀਸ਼ਨਲ ਸਾਲਿਸਟਰ ਜਨਰਲ ਆਫ਼ ਇੰਡੀਆ ਸਤਪਾਲ ਜੈਨ ਆਖਦੇ ਹਨ ਕਿ ਲੋਕ ਸਭਾ ਦੇ ਕਾਨੂੰਨ ਦੇ ਮੁਤਾਬਕ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਨੂੰ ਸਪੀਕਰ ਨੂੰ ਕਾਰਨ ਦੱਸ ਕੇ ਲਿਖਤ ਵਿੱਚ ਇਹ ਜਾਣਕਾਰੀ ਦੇਣੀ ਹੁੰਦੀ ਹੈ ਕਿ ਉਹ ਸੰਸਦ ਦੀ ਕਾਰਵਾਈ ਵਿੱਚ ਸ਼ਾਮਲ ਨਹੀਂ ਹੋ ਸਕੇਗਾ।

ਇਹ ਮਹੱਤਵਪੂਰਨ ਹੈ ਕਿਉਂਕਿ ਸੰਵਿਧਾਨ ਦੀ ਧਾਰਾ 101 (4) ਵਿੱਚ ਕਿਹਾ ਗਿਆ ਹੈ ਕਿ ਜੇਕਰ ਕੋਈ ਸੰਸਦ ਮੈਂਬਰ ਬਿਨਾਂ ਇਜਾਜ਼ਤ ਸਾਰੀਆਂ ਮੀਟਿੰਗਾਂ ਤੋਂ 60 ਦਿਨਾਂ ਤੋਂ ਵੱਧ ਸਮੇਂ ਤੱਕ ਗ਼ੈਰਹਾਜ਼ਰ ਰਹਿੰਦਾ ਹੈ, ਤਾਂ ਉਸ ਦੀ ਸੀਟ ਖ਼ਾਲੀ ਘੋਸ਼ਿਤ ਕਰਨ ਦੀ ਵਿਵਸਥਾ ਹੈ।

ਇਸ ਤੋਂ ਇਲਾਵਾ ਜੇਕਰ ਕਿਸੇ ਸੰਸਦ ਮੈਂਬਰ ਉੱਤੇ ਲੱਗੇ ਇਲਜ਼ਾਮਾਂ ਤਹਿਤ ਉਸ ਨੂੰ ਦੋ ਸਾਲ ਦੀ ਸਜ਼ਾ ਹੋ ਜਾਂਦੀ ਹੈ ਤਾਂ ਇਸ ਸਥਿਤੀ ਵਿੱਚ ਉਨ੍ਹਾਂ ਦੀ ਸੰਸਦ ਦੀ ਮੈਂਬਰਸ਼ਿਪ ਵੀ ਖ਼ਤਮ ਹੋ ਜਾਵੇਗੀ।

ਅਮ੍ਰਿਤਪਾਲ ਸਿੰਘ
ਤਸਵੀਰ ਕੈਪਸ਼ਨ, ਅਮ੍ਰਿਤਪਾਲ ਸਿੰਘ ਨੂੰ ਉਨ੍ਹਾਂ ਦੀ ਗਰਮ ਸੁਰ ਤੇ ਕੱਟੜਤਾ ਲਈ ਜਾਣਿਆ ਜਾਂਦਾ ਹੈ

ਅਮ੍ਰਿਤਪਾਲ ਸਿੰਘ ਦੇ ਵਕੀਲ ਨੇ ਕੀ ਕਿਹਾ

ਅਮ੍ਰਿਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਹਿਰਾ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਨੂੰਨ ਦੇ ਮੁਤਾਬਕ ਜੋ ਵੀ ਸੰਸਦ ਮੈਂਬਰ ਦੇ ਹੱਕ ਹਨ, ਉਹ ਉਨ੍ਹਾਂ ਨੂੰ ਅਪਣਾਉਣਗੇ।

ਉਨ੍ਹਾਂ ਕਿਹਾ ਕਿ ਆਪਣੇ ਹੱਕਾਂ ਦੇ ਆਧਾਰ ਉੱਤੇ ਹੀ ਉਹ ਸਹੁੰ ਚੁੱਕਣ ਦੀ ਪ੍ਰੀਕੀਰਿਆ ਨੂੰ ਪੂਰਿਆਂ ਕਰਨਗੇ।

ਹਾਲ ਦੀ ਘੜੀ ਉਹ ਸੰਸਦ ਸ਼ੈਸ਼ਨ ਦੀ ਉਡੀਕ ਕਰ ਰਹੇ ਹਨ। ਉਸ ਦੀਆਂ ਤਾਰੀਕਾਂ ਦੇ ਮੁਤਾਬਕ ਹੀ ਉਹ ਆਪਣੀ ਅਗਲੀ ਕਾਰਵਾਈ ਉਲੀਕਣਗੇ।

ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, ANI

ਅਮ੍ਰਿਤਪਾਲ ਦੀ ਵੱਡੇ ਮਾਰਜਨ ਨਾਲ ਜਿੱਤ

ਅਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਦੀ ਸੀਟ ਇੱਕ ਲੱਖ 97 ਹਜ਼ਾਰ 120 ਵੋਟਾਂ ਦੇ ਫ਼ਰਕ ਨਾਲ ਜਿੱਤੀ ਹੈ।

ਪੰਜਾਬ ਦੇ ਲੋਕ ਸਭਾ ਹਲਕਿਆਂ ਵਿੱਚ ਕਿਸੇ ਵੀ ਉਮੀਦਵਾਰ ਵੱਲੋਂ ਦਰਜ ਕੀਤੀ ਗਈ ਇਹ ਵੋਟਾਂ ਦੇ ਸਭ ਤੋਂ ਵੱਡੇ ਫਰਕ ਵਾਲੀ ਜਿੱਤ ਹੈ।

ਹਰਪਾਲ ਸਿੰਘ ਖਾਰਾ ਪੇਸ਼ੇ ਵਜੋਂ ਵਕੀਲ ਹਨ ਅਤੇ ਉਹ ਰਾਜਨੀਤਿਕ ਮਾਮਲਿਆਂ ਦੇ ਮਾਹਰ ਵੀ ਹਨ।

ਉਹ ਕਹਿੰਦੇ ਹਨ, "ਖਡੂਰ ਸਾਹਿਬ ਲੋਕ ਸਭਾ ਹਲਕਾ ਭਾਵੇਂ ਮਾਝੇ ਦਾ ਇੱਕ ਅਹਿਮ ਹਿੱਸਾ ਹੈ ਪਰ ਇਥੋਂ ਲੋਕਾਂ ਨੇ ਆਪਣੀ ਪੰਥਕ ਸੋਚ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਪਛਾੜਿਆ ਹੈ।"

"ਅਸਲ ਵਿੱਚ ਅਮ੍ਰਿਤਪਾਲ ਸਿੰਘ ਦੀ ਜਿੱਤ ਨੇ ਪੰਥਕ ਸਫਾਂ ਵਿੱਚ ਇਹ ਗੱਲ ਵੀ ਸਾਫ਼ ਕਰ ਦਿੱਤੀ ਹੈ ਕਿ ਭਵਿੱਖ ਵਿੱਚ ਪੰਥ ਦੀ ਵਾਗਡੋਰ ਕੌਣ ਸੰਭਾਲੇਗਾ।"

"ਅਮ੍ਰਿਤਪਾਲ ਸਿੰਘ ਦੇ ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਪੰਜਾਬ ਵਿੱਚ ਸਿਆਸੀ ਤੌਰ ਉੱਪਰ ਪੰਥਕ ਹਲਕਿਆਂ ਵਿੱਚ ਇੱਕ ਨਵੀਂ ਸਫ਼ਾਬੰਦੀ ਬਣੇਗੀ।"

"ਨਵੀਂ ਬਣਨ ਵਾਲੀ ਇਹ ਸਫ਼ਾਬੰਦੀ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਨਿੱਗਰ ਹਾਜ਼ਰੀ ਲਵਾ ਸਕਦੀ ਹੈ।"

ਅਮ੍ਰਿਤਪਾਲ ਸਿੰਘ ਕੌਣ ਹਨ ਅਤੇ ਕੀ ਹੈ ਉਨ੍ਹਾਂ ਦਾ ਪਿਛੋਕੜ

ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਹਨ, ਉਹ ਸਿੱਖਾਂ ਲਈ ਖ਼ੁਦਮੁਖ਼ਤਿਆਰ ਰਾਜ (ਖ਼ਾਲਿਸਤਾਨ) ਦੀ ਪਾਪ੍ਰਤੀ ਨੂੰ ਆਪਣਾ ਨਿਸ਼ਾਨਾ ਦੱਸਦੇ ਹਨ।

'ਵਾਰਸ ਪੰਜਾਬ ਦੇ' ਜਥੇਬੰਦੀ ਮਰਹੂਮ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਵੱਲੋਂ ਬਣਾਈ ਗਈ ਸੀ। ਦਮਦਮੀ ਟਕਸਾਲ ਦੇ ਸਾਬਕਾ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਜਨਮ ਦਿਨ ਵਾਲੇ ਦਿਨ ਵੱਡੇ ਸਮਾਗਮ ਦੌਰਾਨ ਰੋਡੇ ਪਿੰਡ ਵਿੱਚ ਅਮ੍ਰਿਤਪਾਲ ਸਿੰਘ ਦੀ 'ਵਾਰਸ ਪੰਜਾਬ ਦੇ' ਮੁਖੀ ਵਜੋਂ ਦਸਤਾਰਬੰਦੀ 29 ਸਤੰਬਰ 2022 ਨੂੰ ਕੀਤੀ ਗਈ ਸੀ।

ਅੰਮ੍ਰਿਤਸਰ ਦੇ ਜੱਲੂਖੇੜ੍ਹਾ ਪਿੰਡ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਕਾਫ਼ੀ ਸਮਾਂ ਦੁਬਈ ਵਿੱਚ ਰਹੇ ।

ਦੁਬਈ ਰਹਿਣ ਤੋਂ ਬਾਅਦ ਅਮ੍ਰਿਤਪਾਲ ਸਿੰਘ ਪੰਜਾਬ ਆਏ ਸਨ ਅਤੇ ਧਰਮ ਪ੍ਰਚਾਰਕ ਦੇ ਤੌਰ ਉਤੇ ਐਕਟਿਵ ਹੋ ਗਏ।

ਉਨ੍ਹਾਂ ਅੰਮ੍ਰਿਤ ਸੰਚਾਰ ਅਤੇ ਨਸ਼ਾ ਛੁਡਾਊ ਲਹਿਰ ਦੇ ਨਾਂ ਉੱਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾ ਸ਼ੁਰੂ ਕੀਤਾ। ਇਸ ਗੱਲ ਦਾ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਵੀ ਮਿਲਿਆ।

ਉਹ ਆਪਣੇ ਗਰਮ ਸੁਰ ਵਾਲੇ ਭਾਸ਼ਣਾਂ ਅਤੇ ਗੁਰਦੁਆਰਿਆਂ ਵਿਚਲੇ ਬੈਂਚ ਸਾੜਨ ਤੇ ਅਜਨਾਲਾ ਥਾਣੇ ਦਾ ਘਿਰਾਓ ਤੇ ਉੱਥੇ ਹੋਈ ਹਿੰਸਾ ਕਾਰਨ ਅੰਮ੍ਰਿਤਪਾਲ ਸਿੰਘ ਵਿਵਾਦਾਂ ਵਿੱਚ ਵੀ ਆ ਗਏ ਸਨ। ਫ਼ਿਲਹਾਲ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀ ਕੌਮੀ ਸੁਰੱਖਿਆ ਐਕਟ ਤਹਿਤ ਜੇਲ੍ਹ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)