ਰੂਸ ’ਚ ਫਸੇ ਪੰਜਾਬੀ: ‘ਆਲੇ ਦੁਆਲੇ ਲਾਸ਼ਾਂ ਸਨ, ਤੋਪਾਂ ਤੇ ਡਰੋਨ ਵਾਲੀ ਜੰਗ ਹੈ', ਗੁਰਦਾਸਪੁਰ ਦੇ ਗਗਨਦੀਪ ਨੇ ਹੋਰ ਕੀ ਦੱਸਿਆ

ਤਸਵੀਰ ਸਰੋਤ, Gurpreet Singh Chawla/BBC
- ਲੇਖਕ, ਗੁਰਪ੍ਰੀਤ ਚਾਵਲਾ
- ਰੋਲ, ਬੀਬੀਸੀ ਸਹਿਯੋਗੀ
ਰੂਸ ਵਿੱਚ ਵਿੱਚ ਫਸੇ ਪੰਜਾਬੀ ਨੌਜਵਾਨਾਂ ਦੀ ਕਰੀਬ ਇੱਕ ਮਹੀਨੇ ਬਾਅਦ ਦੁਬਾਰਾ ਵੀਡੀਓ ਸਾਹਮਣੇ ਆਈ ਹੈ।
ਇਸ ਵੀਡੀਓ ਵਿੱਚ ਨੌਜਵਾਨ ਦੱਸਦੇ ਹਨ ਕਿ, “ਇਹ 17 ਮਾਰਚ ਦਾ ਦਿਨ ਹੈ ਅਤੇ ਉਹ ਰੂਸੀ ਫੌਜ ਕੋਲ ਹੀ ਹਨ। ਉਨ੍ਹਾਂ ਨੂੰ ਜ਼ਬਰਦਸਤੀ ਉਸ ਖੇਤਰ ਵਿੱਚ ਭੇਜਿਆ ਜਾ ਰਿਹਾ ਹੈ ਜਿੱਥੇ ਜੰਗ ਵਾਲੇ ਹਾਲਾਤ ਹਨ।''
ਇਨ੍ਹਾਂ ਨੌਜਵਾਨਾਂ ਵਿੱਚ ਗੁਰਦਾਸਪੁਰ ਦੇ ਪਿੰਡ ਡੇਹਰੀਵਾਲ ਕਿਰਨ ਦਾ ਗਗਨਦੀਪ ਸਿੰਘ ਵੀ ਹੈ। ਉਸ ਦੇ ਮਾਤਾ-ਪਿਤਾ ਨੇ ਦੱਸਿਆ ਕਿ ਗਗਨਦੀਪ ਦਾ ਫੋਨ ਵੀ ਆਇਆ ਸੀ ਅਤੇ ਉਸ ਨੇ ਜੋ ਹਾਲਾਤ ਦੱਸੇ ਉਹ ਸੁਣ ਕੇ ਪਰਿਵਾਰ ਵਿੱਚ ਸਹਿਮ ਦਾ ਮਾਹੌਲ ਹੈ।
ਬੀਬੀਸੀ ਪੰਜਾਬੀ ਨੇ ਵੀ ਗਗਨਦੀਪ ਸਿੰਘ ਨਾਲ ਰੂਸ ਵਿੱਚ ਫੋਨ 'ਤੇ ਸੰਪਰਕ ਕੀਤਾ।
ਮਾਰਚ ਮਹੀਨੇ ਦੇ ਪਹਿਲੇ ਹਫ਼ਤੇ ਭਾਰਤ ਦੇ ਸੱਤ ਨੌਜਵਾਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਸੀ।
ਇਸ ਵਿੱਚ ਪੰਜਾਬ ਅਤੇ ਹਰਿਆਣਾ ਦੇ ਨੌਜਵਾਨ ਆਪਣਾ ਹਾਲ ਬਿਆਨ ਕਰਦੇ ਆਖ ਰਹੇ ਸਨ ਕਿ ਉਹ ਰੂਸ ਵਿੱਚ ਘੁੰਮਣ ਲਈ ਆਏ ਸਨ, ਜਿੱਥੇ ਉਨ੍ਹਾਂ ਨੂੰ ਫੜ ਲਿਆ ਗਿਆ ਅਤੇ ਫੌਜ ਵਿੱਚ ਭਰਤੀ ਕਰਕੇ ਯੂਕਰੇਨ ਨਾਲ ਜੰਗ ਲੜਨ ਲਈ ਮਜਬੂਰ ਕੀਤਾ ਜਾ ਰਿਹਾ ਹੈ।

ਤਸਵੀਰ ਸਰੋਤ, Gurpreet Singh Chawla/BBC
ਰੂਸ-ਯੂਕਰੇਨ ਜੰਗ : 'ਆਲੇ ਦੁਆਲੇ ਲਾਸ਼ਾਂ ਸਨ'
ਗਗਨਦੀਪ ਸਿੰਘ ਨੇ ਫੋਨ 'ਤੇ ਦੱਸਿਆ ਕਿ, "ਜਦ ਮੈਨੂੰ ਹੋਰਨਾਂ ਸਾਥੀਆਂ ਸਮੇਤ ਅੱਗੇ ਫ਼ਰੰਟਲਾਈਨ ਰੂਸ-ਯੁਕਰੇਨ ਜੰਗ ਵਾਲੀ ਜਗ੍ਹਾ 17 ਮਾਰਚ ਨੂੰ ਲਿਜਾਇਆ ਜਾ ਰਿਹਾ ਸੀ ਤਾ ਰਾਹ ਵਿੱਚ ਜਾਂਦਿਆਂ ਆਲੇ ਦੁਆਲੇ ਲਾਸ਼ਾਂ ਸਨ ਜਿਸ ਨਾਲ ਡਰ ਕਾਰਨ ਉਹਨਾਂ ਦੇ ਲੂਹ-ਕੰਡੇ ਖੜੇ ਹੋ ਰਹੇ ਸਨ "
ਗਗਨਦੀਪ ਸਿੰਘ ਨੇ ਦੱਸਿਆ, "ਸਾਨੂੰ ਟੈਂਕ ਉੱਤੇ ਬਿਠਾਇਆ ਸੀ ਜਦ ਕਿ ਇੱਕ ਗੱਡੀ ਅੱਗੇ ਸੀ ਅਤੇ ਇੱਕ ਪਿੱਛੇ, ਦੇਖਦੇ -ਦੇਖਦੇ ਅਗਲੀ ਗੱਡੀ 'ਤੇ ਵੀ ਡਰੋਨ ਨਾਲ ਹਮਲਾ ਹੋਇਆ ਅਤੇ ਪਿਛਲੀ ਉੱਤੇ ਵੀ।''
ਉਨ੍ਹਾਂ ਦੱਸਿਆ ਕਿ ਉਹ ਬਚਦੇ ਬਚਾਉਂਦੇ ਕਿਵੇਂ ਨਾ ਕਿਵੇਂ ਬੰਕਰ ਦੇ ਕੁਝ ਨੇੜੇ ਪਹੁੰਚ ਗਏ।
'ਉੱਥੇ ਤਾਂ ਜੰਗ ਚੱਲ ਰਹੀ ਸੀ, ਉਹ ਵੀ ਤੋਪਾਂ ਤੇ ਡਰੋਨ ਵਾਲੀ'

ਤਸਵੀਰ ਸਰੋਤ, Gurpreet Singh Chawla/BBC
ਗਗਨਦੀਪ ਸਿੰਘ ਨੇ ਦੱਸਿਆ, "ਉਥੇ ਸਾਨੂੰ ਫੌਜੀ ਅਫਸਰਾਂ ਵਲੋਂ ਹਥਿਆਰ ਦੇ ਕੇ ਰਹਿਣ ਲਈ ਕਹਿ ਦਿੱਤਾ ਗਿਆ।ਜਦਕਿ ਜਦੋਂ ਕੈਂਪ ਤੋਂ ਲਿਆਂਦਾ ਗਿਆ ਤਾਂ ਇਹ ਕਿਹਾ ਗਿਆ ਸੀ ਕਿ ਕੋਈ ਛੋਟੋ-ਮੋਟੇ ਕੰਮਕਾਜ ਲਈ ਅੱਗੇ ਲਿਜਾਇਆ ਜਾ ਰਿਹਾ ਹੈ ਪਰ ਜਿਸ ਥਾਂ ਉੱਤੇ ਪਹੁੰਚੇ ਉੱਥੇ ਤਾਂ ਜੰਗ ਚੱਲ ਰਹੀ ਸੀ, ਉਹ ਵੀ ਤੋਪਾਂ ਤੇ ਡਰੋਨ ਵਾਲੀ।"
ਉਹ ਕਹਿੰਦੇ ਹਨ, "ਉੱਥੇ ਤਾਂ ਮੋਬਾਈਲ ਸਿਗਨਲ ਵੀ ਬੰਦ ਸਨ। ਸਾਰਿਆਂ ਨੂੰ ਉੱਥੇ ਖਾਣ ਲਈ ਮੀਟ ਦਿੱਤਾ ਜਾਂਦਾ ਰਿਹਾ ਜਿਸ ਨੇ ਮੀਟ ਖਾਣ ਤੋਂ ਇਨਕਾਰ ਕੀਤਾ, ਉਸ ਨੂੰ ਕਰੀਬ 6 ਦਿਨ ਤਕ ਸਿਰਫ ਬਰੈੱਡ ਖਾ ਕੇ ਗੁਜ਼ਾਰਾ ਕਰਨਾ ਪਿਆ।"
"ਫਿਰ ਸਿਹਤ ਢਿੱਲੀ ਹੁੰਦੀ ਵੇਖ, ਉੱਥੇ ਮੌਜੂਦ ਇੱਕ ਫੌਜੀ ਡਾਕਟਰ ਦੀ ਸਿਫ਼ਾਰਿਸ਼ ਉੱਤੇ ਸਾਨੂੰ ਵਾਪਿਸ ਉਸੇ ਕੈਂਪ ਵਿੱਚ 7 ਦਿਨ ਲਈ ਭੇਜਿਆ ਗਿਆ ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਾਨੂੰ ਉਥੇ ਜੰਗ ਲੜਨ ਲਈ ਦੋਬਾਰਾ ਭੇਜਿਆ ਜਾਵੇਗਾ।"

ਤਸਵੀਰ ਸਰੋਤ, Gurpreet Singh Chawla/BBC
'7 ਦਿਨ ਦੀ ਫੌਜੀ ਸਿਖਲਾਈ'
ਗਗਨਦੀਪ ਸਿੰਘ ਨੇ ਆਪਣੇ ਫੌਜੀ ਬੈਚ ਦੀ ਫੋਟੋ ਵੀ ਸਾਂਝੀ ਕੀਤੀ ਹੈ ਜੋ ਰੂਸੀ ਫੌਜ ਵਲੋਂ ਉਨ੍ਹਾਂ ਨੂੰ ਦਿਤਾ ਗਿਆ ਹੈ |
ਉਨ੍ਹਾਂ ਇਹ ਵੀ ਦੱਸਿਆ ਕਿ ਸਭ ਤੋਂ ਵੱਡੀ ਮੁਸ਼ਕਿਲ ਇਹ ਹੈ ਕਿ ਜੋ ਵੀ ਫੌਜੀ ਅਫ਼ਸਰ ਹਨ, ਉਹ ਸਭ ਰੂਸੀ ਹਨ ਅਤੇ ਉਹ ਰੂਸੀ ਭਾਸ਼ਾ ਵਿੱਚ ਹੀ ਗੱਲ ਕਰਦੇ ਹਨ।
ਗਗਨਦੀਪ ਸਿੰਘ ਨੇ ਕਿਹਾ, ''ਨਾ ਤਾਂ ਉਨ੍ਹਾਂ ਨੂੰ ਸਾਡੀ ਭਾਸ਼ਾ ਦੀ ਸਮਝ ਆਉਂਦੀ ਹੈ ਅਤੇ ਨਾ ਹੀ ਸਾਨੂੰ ਉਨ੍ਹਾਂ ਦੀ ਭਾਸ਼ਾ ਦਾ ਪਤਾ ਲੱਗਦਾ ਹੈ।"
ਉਹ ਕਹਿੰਦੇ ਹਨ ਕਿ ਇਸ ਲਈ ਉਹ ਫੋਨ ਰਾਹੀਂ ਟਰਾਂਸਲੇਟ ਕਰਕੇ ਉਨ੍ਹਾਂ ਨਾਲ ਗੱਲ ਕਰਦੇ ਹਨ।
ਗਗਨਦੀਪ ਸਿੰਘ ਨੇ ਕਿਹਾ, ''ਇਹੀ ਕਾਰਨ ਸੀ ਕਿ ਜਦ ਸਾਡੇ ਕੋਲੋਂ ਐਗਰੀਮੈਂਟ ਉੱਤੇ ਦਸਖ਼ਤ ਕਰਵਾਏ ਗਏ ਤਾਂ ਉਹ ਭਾਸ਼ਾ ਸਾਨੂੰ ਨਹੀਂ ਆਉਂਦੀ ਸੀ ਅਤੇ ਮਹਿਜ਼ ਗੱਲਬਾਤ ਵਿੱਚ ਉਨ੍ਹਾਂ ਨੂੰ ਇਹ ਕਿਹਾ ਗਿਆ ਸੀ ਕਿ ਉਨ੍ਹਾਂ ਕੋਲੋਂ ਛੋਟੇ-ਮੋਟੇ ਕੰਮ ਜਿਵੇਂ ਟੋਏ ਪੁੱਟਣ ਜਾਂ ਸਕਿਉਰਿਟੀ ਗਾਰਡ ਦੀਆਂ ਸੇਵਾਵਾਂ ਲਈਆਂ ਜਾਣਗੀਆਂ।"
ਉਨ੍ਹਾਂ ਕਿਹਾ ਕਿ ਇਸ ਕੰਮ ਲਈ ਉਹਨਾਂ ਨੂੰ ਡੇਢ ਤੋਂ ਦੋ ਲੱਖ ਭਾਰਤੀ ਰੁਪਏ ਤਨਖਾਹ ਦੇਣ ਦੀ ਗੱਲ ਕਰ ਕੁਝ ਬੈਂਕ ਕਾਰਡ ਵੀ ਦਿਤੇ ਗਏ ਜਦਕਿ ਉਸ ਕਾਰਡ ਬਾਰੇ ਉਨ੍ਹਾਂ ਨੂੰ ਕੋਈ ਸਪਸ਼ਟ ਜਾਣਕਾਰੀ ਨਹੀਂ ਹੈ ਅਤੇ ਉਹਨਾਂ ਜੋ ਐਗਰੀਮੈਂਟ ਕੀਤੇ ਹਨ ਉਹ ਵੀ ਡਰ ਤੋਂ ਕੀਤੇ ਹਨ ਬਲਕਿ ਕੋਈ ਨੌਕਰੀ ਕਰਨ ਦੀ ਸੋਚ ਨਾਲ ਨਹੀਂ ਕੀਤੇ।
ਗਗਨਦੀਪ ਸਿੰਘ ਮੁਤਾਬਿਕ ਉਹਨਾਂ ਦੇ ਐਗਰੀਮੈਂਟ ਕਰੀਬ 40 ਦਿਨ ਪਹਿਲਾਂ ਹੋਇਆ ਸੀ ਅਤੇ ਉਨ੍ਹਾਂ ਨੂੰ ਮਹਿਜ਼ 7 ਦਿਨ ਇੱਕ ਫੌਜੀ ਵੱਜੋਂ ਟ੍ਰੇਨਿੰਗ ਦਿੱਤੀ ਗਈ।
ਉਨ੍ਹਾਂ ਦਾਅਵਾ ਕੀਤੀ ਕਿ ਉਹਨਾਂ ਨੂੰ ਕਿਹਾ ਗਿਆ ਸੀ ਕਿ ਇਹ ਸੈਲਫ ਡਿਫੈਂਸ ਲਈ ਹੈ, ਜੰਗ 'ਤੇ ਭੇਜਣ ਲਈ ਨਹੀਂ ਹੈ ਪਰ ਹੁਣ ਜੋ ਉਹਨਾਂ ਨਾਲ ਹੋ ਰਿਹਾ ਹੈ ਇਸ ਨਾਲ ਉਹ ਵੱਡੇ ਖ਼ਤਰੇ ਵਿੱਚ ਹਨ।
'ਤੁਹਾਡੇ ਬਾਰੇ ਮੇਲ ਕੀਤੀ ਹੋਈ ਹੈ...'

ਤਸਵੀਰ ਸਰੋਤ, Gurpreet Singh Chawla/BBC
ਗਗਨਦੀਪ ਇਹ ਵੀ ਦੱਸਦੇ ਹਨ ਹੈ ਕਿ ਰੂਸ ਵਿੱਚ ਜੋ ਭਾਰਤੀ ਅੰਬੈਸੀ ਹੈ, ਉਨ੍ਹਾਂ ਨਾਲ ਵੀ ਉਹ ਪਹਿਲੇ ਦਿਨ ਤੋਂ ਕਈ ਵਾਰ ਫੋਨ ਰਾਹੀਂ ਗੱਲ ਕਰ ਚੁਕੇ ਹਨ ਪਰ ਉਹਨਾਂ ਦਾ ਮਹਿਜ ਇੱਕ ਹੀ ਜਵਾਬ ਹੈ ਕਿ, "ਤੁਹਾਡੇ ਮਾਮਲੇ ਵਿੱਚ ਮੇਲ ਕੀਤੀ ਹੋਈ ਹੈ ਪਰ ਕੋਈ ਜਵਾਬ ਨਹੀਂ ਆ ਰਿਹਾ।"
ਗਗਨਦੀਪ ਸਿੰਘ ਦਾ ਕਹਿਣਾ ਸੀ ਕਿ ਉਸਦੇ ਆਈਲੈਟਸ ਵਿੱਚ ਚੰਗੇ ਬੈਂਡ ਆਏ ਸਨ ਅਤੇ ਉਹ ਵਿਦੇਸ਼ ਜਾਣ ਲਈ ਫਾਈਲ ਵੀ ਲਗਾਉਣ ਦੀ ਤਿਆਰੀ ਵਿੱਚ ਸੀ
ਇਸੇ ਦੌਰਾਨ ਉਨ੍ਹਾਂ ਨੇ ਟੂਰਿਸਟ ਵੀਜ਼ੇ ਉੱਤੇ ਰੂਸ ਆਉਣ ਦਾ ਫੈਸਲਾ ਕੀਤਾ ਸੀ ਤਾਂ ਕਿ ਉਨ੍ਹਾਂ ਦੀ ਵਿਦੇਸ਼ ਦੀ ਇੱਕ ਚੰਗੀ ਟਰੈਵਲ ਹਿਸਟਰੀ ਹੋ ਜਾਵੇ ਅਤੇ ਚੰਗੇ ਦੇਸ਼ ਦਾ ਵੀਜ਼ਾ ਸੌਖਾ ਮਿਲ ਜਾਵੇਗਾ।
"ਇਹੀ ਸੋਚਕੇ ਮੈਂ 24 ਦਸੰਬਰ ਨੂੰ ਭਾਰਤ ਤੋਂ ਰੂਸ ਟੂਰਿਸਟ ਵੀਜ਼ੇ 'ਤੇ ਆਇਆ ਸੀ।"
ਹੁਣ ਉਹ ਇਹ ਵੀ ਦੱਸ ਰਹੇ ਹਨ ਕਿ ਜਿਸ ਕੈਂਪ ਵਿੱਚ ਉਹ ਹਨ, ਉੱਥੇ ਉਹ 7 ਭਾਰਤੀ ਹਨ ਜਿਨ੍ਹਾਂ ਵਿੱਚੋਂ 5 ਪੰਜਾਬ ਦੇ ਹਨ ਅਤੇ 2 ਹਰਿਆਣਾ ਨਾਲ ਸਬੰਧਤ ਹਨ ਜਦਕਿ ਹੋਰ ਕੈਂਪਾਂ ਵਿੱਚ ਵੀ ਬਹੁਤ ਸਾਰੇ ਭਾਰਤੀ ਨੌਜਵਾਨ ਹਨ।
'ਕੋਈ ਪੈਸਾ ਨਹੀਂ ਚਾਹੀਦਾ, ਬੱਸ ਪੁੱਤ ਚਾਹੀਦਾ'

ਤਸਵੀਰ ਸਰੋਤ, Gurpreet Singh Chawla/BBC
ਪੰਜਾਬ ਦੇ ਸਰਹੱਦੀ ਪਿੰਡ ਡੇਹਰੀਵਾਲ ਕਿਰਨ ਵਿੱਚ ਗਗਨਦੀਪ ਸਿੰਘ ਦਾ ਪਰਿਵਾਰ ਪੁੱਤ ਦੀ ਉਡੀਕ ਵਿੱਚ ਬੇਹੱਦ ਚਿੰਤਤ ਹੈ।
ਗਗਨਦੀਪ ਸਿੰਘ ਦੀ ਮਾਂ ਬਲਵਿੰਦਰ ਕੌਰ ਦੱਸਦੇ ਹਨ ਕਿ ਗਗਨਦੀਪ 24 ਦਸੰਬਰ ਨੂੰ ਘਰੋਂ ਉੱਥੇ ਘੁੰਮਣ ਲਈ ਗਿਆ ਸੀ। ਪਰ ਉਸ ਦੀ ਮਨਸ਼ਾ ਉਥੇ ਕੋਈ ਰੋਜ਼ਗਾਰ ਪਾਉਣਾ ਨਹੀਂ ਸੀ ਸਗੋਂ ਮਹਿਜ਼ ਆਪਣੇ ਪਾਸਪੋਰਟ 'ਤੇ ਵਿਦੇਸ਼ ਫੇਰੀ ਦੀ ਮੋਹਰ ਲਵਾਉਣ ਸੀ।
ਬਲਵਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਦਾ ਪੁੱਤ ਖੁੱਲ ਕੇ ਗੱਲਾਂ ਨਹੀਂ ਦੱਸਦਾ ਕਿ ਪਰਿਵਾਰ ਫਿਕਰ ਕਰੇਗਾ।

ਤਸਵੀਰ ਸਰੋਤ, Gurpreet Singh Chawla/BBC
ਭਾਵੁਕ ਹੋਈ ਮਾਂ ਕਹਿੰਦੇ ਹੈ ਕਿ ਉਸ ਨੂੰ "ਕੋਈ ਪੈਸੇ ਨਹੀਂ ਚਾਹੀਦੇ, ਬੱਸ ਪੁੱਤ ਚਾਹੀਦਾ ਹੈ।"
ਗਗਨਦੀਪ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੇ ਪੁੱਤ ਦੀ ਘਰ ਵਾਪਸੀ ਲਈ ਕੇਂਦਰ ਸਰਕਾਰ ਨੂੰ ਅਪੀਲ ਕਰ ਚੁੱਕੇ ਹਨ ਅਤੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਚਿੱਠੀਆਂ ਵੀ ਲਿਖੀਆਂ ਸਨ।
ਉਹ ਕਹਿੰਦੇ ਹਨ ਕਿ ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਉਹਨਾਂ ਦੇ ਘਰ ਪਹੁੰਚ ਕੇ ਭਰੋਸਾ ਦਿੱਤਾ ਸੀ ਪਰ ਹੁਣ ਤੱਕ ਕੁਝ ਨਹੀਂ ਹੋਇਆ।
''ਨਾ ਤਾਂ ਅੰਬੈਸੀ ਵੱਲੋਂ ਹੀ ਕੋਈ ਠੋਸ ਜਵਾਬ ਨਹੀਂ ਮਿਲ ਰਿਹਾ ਹੈ ਅਤੇ ਨਾ ਹੀ ਕੇਂਦਰ ਸਰਕਾਰ ਕੋਲੋਂ।''
ਮਾਂ ਬਲਵਿੰਦਰ ਕੌਰ ਦਾ ਕਹਿਣਾ ਹੈ ਕਿ ਉਹ ਦੋਵੇ ਪਤੀ-ਪਤਨੀ ਪੁੱਤ ਦੀ ਫ਼ਿਕਰ 'ਚ ਬਿਮਾਰ ਹਨ।
ਪਿਤਾ ਬਲਵਿੰਦਰ ਸਿੰਘ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰ ਰਹੇ ਹਨ ਕਿ ਉਹ ਇਸ ਮਾਮਲੇ ਨੂੰ ਸੰਜੀਦਗੀ ਨਾਲ ਲੈਣ ਤਾਂ ਜੋ ਉਹਨਾਂ ਦੇ ਪੁੱਤਰ ਨੂੰ ਜਲਦ ਤੋਂ ਜਲਦ ਘਰ ਲਿਆਂਦਾ ਜਾ ਸਕੇ।












