‘ਕੈਂਸਰ ਖ਼ਤਮ ਹੋ ਜਾਣਾ, ਇੰਟਰਨੈੱਟ ਦਿਮਾਗ ਨਾਲ ਮਿਲ ਜਾਣਾ’, ਮਾਹਿਰ ਨੇ ਵੱਡੀਆਂ ਭਵਿੱਖਬਾਣੀਆਂ ਕੀਤੀਆਂ

ਤਸਵੀਰ ਸਰੋਤ, Getty Images
- ਲੇਖਕ, ਅਲੇਜੈਂਡਰੋ ਮਿਲਨ ਵੈਲੇਂਸੀਆ
- ਰੋਲ, ਬੀਬੀਸੀ ਵਰਲਡ ਸਰਵਿਸ
ਅਮਰੀਕੀ ਭੌਤਿਕ ਵਿਗਿਆਨੀ ਅਤੇ ਲੇਖਕ ਮਿਚਿਓ ਕਾਕੂ ਨੂੰ ਪੂਰਾ ਯਕੀਨ ਹੈ ਕਿ ਕੁਆਂਟਮ ਯੁੱਗ ਸਾਡੇ ਭਵਿੱਖ ਨੂੰ ਤੈਅ ਕਰੇਗਾ।
ਕੁਆਂਟਮ ਯੁੱਗ ਦਰਅਸਲ ਉਹ ਸਮਾਂ ਹੈ ਜਦੋਂ ਕੰਪਿਊਟਰ ਰਾਹੀਂ ਪ੍ਰੋਸੈਸਿੰਗ ਵਧੇਰੇ ਸ਼ਕਤੀਸ਼ਾਲੀ ਅਤੇ ਸੁਗਮ ਹੋ ਜਾਵੇਗੀ। ਇਸ ਨਾਲ ਇਹ ਬਦਲ ਜਾਵੇਗਾ ਕਿ ਖੋਜ ਕਿਵੇਂ ਕੀਤੀ ਜਾਂਦੀ ਹੈ, ਸਮੱਸਿਆਵਾਂ ਦਾ ਨਿਦਾਨ ਕਿਵੇਂ ਜਾਂਦਾ ਹੈ ਅਤੇ ਡੇਟਾ ਦਾ ਪ੍ਰਬੰਧ ਕਿਵੇਂ ਕੀਤਾ ਜਾਂਦਾ ਹੈ।
77 ਸਾਲਾ ਕਾਕੂ ਨੇ ਸਿਧਾਂਤਕ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਅਤੇ ਇੱਕ ਮਸ਼ਹੂਰ ਵਿਗਿਆਨਕ ਸੰਚਾਰਕ ਵਜੋਂ ਨਾਮ ਕਮਾਇਆ ਹੈ।
ਉਹ ਨਿਊਯਾਰਕ ਦੀ ਸਿਟੀ ਯੂਨੀਵਰਸਿਟੀ ਵਿੱਚ ਸਿਧਾਂਤਕ ਭੌਤਿਕ ਵਿਗਿਆਨ ਵਿੱਚ ਪ੍ਰੋਫੈਸਰ ਹਨ ਅਤੇ ਕਿਤਾਬ "ਕੁਆਂਟਮ ਸੁਪਰੀਮੈਸੀ" ਦੇ ਲੇਖਕ ਹਨ।
ਕਾਕੂ ਮੰਨਦੇ ਹਨ ਕਿ ਕਿਵੇਂ ਕੁਆਂਟਮ ਯੁੱਗ ਅਤੇ ਇਸ ਦੇ ਕੰਪਿਊਟਰ ਮਨੁੱਖਤਾ ਦੀਆਂ ਕੁਝ ਸਭ ਤੋਂ ਵੱਡੀਆਂ ਚੁਣੌਤੀਆਂ ਦੇ ਬੁਨਿਆਦੀ ਹੱਲ ਲੱਭ ਸਕਦੇ ਹਨ।
ਇਨ੍ਹਾਂ ਵਿੱਚ ਬਿਮਾਰੀ ਦੇ ਖ਼ਾਤਮੇ ਤੋਂ ਲੈ ਕੇ ਵਧਦੀ ਆਬਾਦੀ ਨੂੰ ਭੋਜਨ ਦੇਣ ਤੱਕ ਚੀਜ਼ਾਂ ਸ਼ਾਮਿਲ ਹਨ।
ਜਪਾਨੀ ਮੂਲ ਦੇ ਇਸ ਭੌਤਿਕ ਵਿਗਿਆਨੀ ਦਾ ਅੰਦਾਜ਼ਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਮਨੁੱਖਤਾ ਲਈ ਖ਼ਤਰਾ ਹੈ ਪਰ ਇਸ 'ਤੇ ਕਾਬੂ ਪਾਉਣ ਲਈ ਅਜੇ ਵੀ ਸਮਾਂ ਹੈ।
ਬੀਬੀਸੀ ਨੇ ਨਿਊਯਾਰਕ ਸਥਿਤ ਕਾਕੂ ਨੂੰ ਭਵਿੱਖਬਾਣੀਆਂ ਬਾਰੇ ਗੱਲ ਕਰਨ ਲਈ ਕਿਹਾ ਜਿਨ੍ਹਾਂ ਬਾਰੇ ਉਨ੍ਹਾਂ ਨੇ ਆਪਣੀ ਕਿਤਾਬ ਵਿੱਚ ਖੁਲਾਸਾ ਕੀਤਾ ਹੈ।
ਕਾਕੂ ਕਹਿੰਦੇ ਹਨ, "ਕੁਦਰਤ ਸਿਫ਼ਰ ਅਤੇ ਇਕਾਈ ਦੇ ਸੰਦਰਭ ਵਿੱਚ ਨਹੀਂ ਸੋਚਦੀ। ਉਹ ਡਿਜੀਟਲ ਦਿਮਾਗ਼ ਹੈ। ਕੁਦਰਤ ਕੋਲ ਇੱਕ ਕੁਆਂਟਮ ਦਿਮਾਗ਼ ਹੈ।"
ਪੇਸ਼ ਹਨ ਕਾਕੂ ਨਾਲ ਕੀਤੇ ਸਵਾਲ ਤੇ ਜਵਾਬ।

ਤਸਵੀਰ ਸਰੋਤ, Getty Images
ਤੁਹਾਡੀਆਂ ਲਿਖਤਾਂ ਵਿੱਚ ਤੁਸੀਂ ਇਸ ਧਾਰਨਾ ਦੀ ਵਰਤੋਂ ਕਰਦੇ ਹੋ ਕਿ ਮਨੁੱਖਾਂ ਦੇ "ਤਿੰਨ ਦਿਮਾਗ਼" ਹੁੰਦੇ ਹਨ। ਕੀ ਤੁਸੀਂ ਇਸ ਵਿਚਾਰ ਦੀ ਵਿਆਖਿਆ ਕਰ ਸਕਦੇ ਹੋ?
ਜਦੋਂ ਤੁਸੀਂ ਮਨੁੱਖੀ ਦਿਮਾਗ਼ ਦਾ ਵਿਸ਼ਲੇਸ਼ਣ ਕਰਦੇ ਹੋ ਤਾਂ ਤੁਹਾਨੂੰ ਲੱਗਦਾ ਹੈ ਕਿ ਉੱਥੇ ਘੱਟੋ-ਘੱਟ ਤਿੰਨ ਭਾਗ ਹਨ।
ਦਿਮਾਗ਼ ਦਾ ਪਿਛਲਾ ਹਿੱਸਾ ਰੇਪਟੀਲਿਅਨ ਦਿਮਾਗ਼ ਹੁੰਦਾ ਹੈ। ਇਹ ਖੋਜ ਦੇ ਪੈਟਰਨ ਨੂੰ ਕੰਟ੍ਰੋਲ ਕਰਦਾ ਹੈ, ਇਹ ਦਿਮਾਗ਼ ਦੇ 90 ਫੀਸਦ ਫ਼ੈਸਲੇ ਲੈਣ ਦੀ ਤਾਕਤ ਨੂੰ ਕੰਟ੍ਰੋਲ ਕਰਦਾ ਹੈ।
ਜਿਵੇਂ-ਜਿਵੇਂ ਅਸੀਂ ਵਿਕਿਸਤ ਹੁੰਦੇ ਹਾਂ ਦਿਮਾਗ਼ ਅਗਲੇਰੀ ਦਿਸ਼ਾ ਵੱਲ ਵਧਣਾ ਸ਼ੁਰੂ ਕਰਦਾ ਹੈ ਅਤੇ ਫਿਰ ਸਾਡੇ ਕੋਲ ਦਿਮਾਗ਼ ਦਾ ਕੇਂਦਰ ਹੁੰਦਾ ਹੈ, ਜਿਸ ਨੂੰ ਲਿੰਬਿਕ ਦਿਮਾਗ਼ ਕਿਹਾ ਜਾਂਦਾ ਹੈ।
ਲਿੰਬਿਕ ਪ੍ਰਣਾਲੀ ਦਿਮਾਗ਼ੀ ਸਰੰਚਨਾਵਾਂ ਦਾ ਇੱਕ ਸੰਗ੍ਰਹਿ ਹੈ ਜੋ ਭਾਵਨਾਵਾਂ ਅਤੇ ਵਿਹਾਰਕ ਪ੍ਰਤੀਕਿਰਿਆਵਾਂ ਨੂੰ ਕਾਬੂ ਕਰਦਾ ਹੈ।
ਇਸ ਨੂੰ 'ਬਾਂਦਰ' ਦਿਮਾਗ਼ ਵੀ ਕਹਿੰਦੇ ਹਨ ਜੋ ਸਮਾਜਿਕ ਦਰਜਾਬੰਦੀਆਂ ਨਾਲ ਨਜਿੱਠਦਾ ਹੈ। ਇਹ ਇਸ ਨਾਲ ਨਜਿੱਠਦਾ ਹੈ ਕਿ ਤੁਹਾਡੇ ਤੋਂ ਉੱਤੇ ਕੌਣ ਹੈ ਜਾਂ ਤੁਹਾਡੇ ਤੋਂ ਹੇਠਾਂ ਕੌਣ ਹੈ। ਇਹੀ ਸਮਾਜਿਕ ਦਿਮਾਗ਼ ਹੈ।
ਦਿਮਾਗ਼ ਦਾ ਅਗਲਾ ਹਿੱਸਾ ਪ੍ਰੀਫ੍ਰੰਟਲ ਕਾਰਟੈਕਸ ਹੈ। ਦਿਮਾਗ਼ ਦਾ ਉਹ ਹਿੱਸਾ ਇੱਕ ਟਾਈਮ ਮਸ਼ੀਨ ਹੁੰਦਾ ਹੈ। ਇਹ ਭਵਿੱਖ ਨੂੰ ਦੇਖਦਾ ਹੈ। ਇਹ ਲਗਾਤਾਰ ਭਵਿੱਖ ਦੇ ਸਿਮੂਲੇਸ਼ਨ ਚਲਾਉਂਦਾ ਹੈ।

ਤਸਵੀਰ ਸਰੋਤ, Getty Images
ਕੀ ਅਸੀਂ ਸਾਰੇ ਭਵਿੱਖ ਨੂੰ ਦੇਖਣ ਦੀ ਇੱਕੋ ਜਿਹੀ ਯੋਗਤਾ ਰੱਖਣ ਦੇ ਯੋਗ ਹਾਂ?
ਇੱਕ ਆਮ ਮਨੁੱਖੀ ਦਿਮਾਗ਼ ਨੂੰ ਇੱਕ ਪ੍ਰਤਿਭਾਵਾਨ ਪੱਧਰ ਦੇ ਦਿਮਾਗ਼ ਤੋਂ ਕੀ ਵੱਖ ਕਰਦਾ ਹੈ? ਸਾਧਾਰਨ ਮਨੁੱਖ ਦਾ ਦਿਮਾਗ਼ ਮੌਕਾਪ੍ਰਸਤ ਵਾਂਗ ਹੁੰਦਾ ਹੈ। ਇਹ ਸਿਰਫ਼ ਉਨ੍ਹਾਂ ਮੌਕਿਆਂ ਨੂੰ ਵੇਖਦਾ ਹੈ ਜੋ ਇਸਦੇ ਸਾਹਮਣੇ ਹੁੰਦੇ ਹਨ। ਬਹੁਤ ਘੱਟ ਯੋਜਨਾਬੰਦੀ ਕਰਦਾ ਹੈ।
ਮਾਮੂਲੀ ਅਪਰਾਧੀ, ਜਿਵੇਂ, ਸਿਰਫ਼ ਉਹੀ ਚੀਜ਼ਾਂ ਨੂੰ ਫੜ੍ਹਦਾ ਹੈ ਜੋ ਉਹ ਦੇਖ ਸਕਦਾ ਹੈ। ਉਹ ਯੋਜਨਾ ਨਹੀਂ ਬਣਾਉਂਦਾ।
ਮਹਾਨ ਚਿੰਤਕ ਇਸ ਟਾਈਮ ਮਸ਼ੀਨ ਦੀ ਵਰਤੋਂ ਕਰਦੇ ਹਨ। ਉਹ ਭਵਿੱਖ ਦੀ ਨਕਲ ਕਰਦੇ ਹਨ। ਉਹ ਕੁਦਰਤ ਦੇ ਨਿਯਮਾਂ ਨੂੰ ਜਾਣਦੇ ਹਨ ਅਤੇ ਇਸ ਲਈ ਉਹ ਭਵਿੱਖ ਦੀ ਕਲਪਨਾ ਕਰਨਾ ਸ਼ੁਰੂ ਕਰ ਦਿੰਦੇ ਹਨ।
ਅਸੀਂ ਸੋਚਦੇ ਹਾਂ ਕਿ ਕੋਈ ਵਿਅਕਤੀ ਸਿਰਫ਼ ਇਸ ਲਈ ਹੁਸ਼ਿਆਰ ਹੈ ਕਿਉਂਕਿ ਉਹ ਚੀਜ਼ਾਂ ਨੂੰ ਜਾਣਦਾ ਹੈ ਪਰ ਇਹ ਬੁੱਧੀ ਦਾ ਸਾਰ ਨਹੀਂ ਹੈ।
ਬੁੱਧੀ ਦਾ ਸਾਰ ਭਵਿੱਖ ਨੂੰ ਵੇਖਣਾ ਹੈ ਅਤੇ ਦਿਮਾਗ਼ ਦਾ ਪ੍ਰੀਫ੍ਰੰਟਲ ਕਾਰਟੈਕਸ ਉਹੀ ਹੈ।
ਇਹ ਦਿਨ ਵਿੱਚ ਸੁਪਨੇ ਦੇਖਦਾ ਹੈ, ਇਹ ਲਗਾਤਾਰ ਉਸ ਭਵਿੱਖ ਦੀ ਨਕਲ ਕਰਦਾ ਹੈ ਜੋ ਮੌਜੂਦ ਨਹੀਂ ਹੁੰਦਾ। ਇਹ ਭਵਿੱਖ ਬਾਰੇ ਸੋਚਦਾ ਹੈ, ਸੌ ਸਾਲਾਂ ਦੇ ਭਵਿੱਖ ਬਾਰੇ। ਇੱਕ ਆਮ ਦਿਮਾਗ਼ ਅਜਿਹਾ ਨਹੀਂ ਕਰਦਾ। ਸੁਪਰ ਦਿਮਾਗ਼, ਬੁੱਧੀਮਾਨ ਲੋਕਾਂ ਦਾ ਦਿਮਾਗ਼, ਇੱਕ ਟਾਈਮ ਮਸ਼ੀਨ ਦਾ ਦਿਮਾਗ਼ ਹੈ।
ਭਵਿੱਖ ਵੱਲ ਵੇਖਣ ਦੇ ਇਸ ਵਿਚਾਰ ਵਿੱਚ, ਅਗਲੇ 100 ਸਾਲਾਂ ਵਿੱਚ ਅਸੀਂ ਕਿਹੜੀ ਮਹਾਨ ਖੋਜ ਕਰਨ ਜਾ ਰਹੇ ਹਾਂ?
ਅਤੀਤ ਦੀਆਂ ਸਫ਼ਲਤਾਵਾਂ ਹਨ ਉਨ੍ਹਾਂ ਚੀਜ਼ਾਂ ਦਾ ਵਿਸ਼ਲੇਸ਼ਣ ਜੋ ਬਹੁਤ ਛੋਟੀਆਂ ਹਨ ਅਤੇ ਉਹ ਚੀਜ਼ਾਂ ਜੋ ਵੱਡੀਆਂ ਹਨ।
ਬਿਲਕੁਲ, ਛੋਟੀ ਚੀਜ਼, ਮਨੁੱਖੀ ਦਿਮਾਗ਼ ਅਤੇ ਜੈਨੇਟਿਕਸ ਹਨ। ਜਿਹੜੀਆਂ ਚੀਜ਼ਾਂ ਬਹੁਤ ਵੱਡੀਆਂ ਹਨ ਉਹ ਬਿਗ ਬੈਂਗ ਥਿਊਰੀ ਹੈ ਅਤੇ ਅਸੀਂ ਹੁਣ ਕੁਆਂਟਮ ਥਿਊਰੀ ਨੂੰ ਬ੍ਰਹਿਮੰਡ ਵਿੱਚ ਲਾਗੂ ਕਰ ਰਹੇ ਹਾਂ।
ਅਗਲੀ ਵੱਡੀ ਛਾਲ ਉਦੋਂ ਹੋਵੇਗੀ ਜਦੋਂ ਅਸੀਂ ਇਨ੍ਹਾਂ ਦੋਵਾਂ ਦਾ ਰਲੇਵਾਂ ਕਰਾਂਗੇ। ਜੈਨੇਟਿਕਸ ਅਤੇ ਮਨੁੱਖੀ ਦਿਮਾਗ਼ ਨੂੰ ਸਮਝਣ ਲਈ ਕੁਆਂਟਮ ਥਿਊਰੀ ਦੀ ਵਰਤੋਂ ਕਰੋ।
ਇਹ ਉਹ ਥਾਂ ਹੈ ਜਿੱਥੇ ਕੁਆਂਟਮ ਕੰਪਿਊਟਰ ਆਉਂਦੇ ਹਨ। ਕੁਝ ਅਰਥਾਂ ਵਿੱਚ ਕੁਦਰਤ ਇੱਕ ਕੁਆਂਟਮ ਕੰਪਿਊਟਰ ਹੈ। ਅਸੀਂ ਸਿਫ਼ਰ ਅਤੇ ਇਕਾਈ ਦੀ ਗਿਣਤੀ ਕਰਦੇ ਹਾਂ। ਇਹ ਕੁਦਰਤ ਦੀ ਭਾਸ਼ਾ ਨਹੀਂ ਹੈ।
ਕੁਦਰਤ ਸਿਫ਼ਰ ਅਤੇ ਇਕਾਈ ਦੇ ਸੰਦਰਭ ਵਿੱਚ ਨਹੀਂ ਸੋਚਦੀ ਹੈ, ਉਹ ਇੱਕ ਡਿਜੀਟਲ ਦਿਮਾਗ਼ ਹੈ।
ਕੁਦਰਤ ਕੋਲ ਇੱਕ ਕੁਆਂਟਮ ਦਿਮਾਗ਼ ਹੈ। ਇੱਕ ਮਨ ਜੋ ਐਟਮਾਂ, ਇਲੈਕਟ੍ਰੌਨਾਂ, ਫੋਟੋਨਿਕ ਕਣਾਂ ਨੂੰ ਸਮਝਦਾ ਹੈ। ਇਹ ਬ੍ਰਹਿਮੰਡ ਦੀ ਭਾਸ਼ਾ ਹੈ ਅਤੇ ਇਹੀ ਅਗਲੀ ਵੱਡੀ ਛਾਲ ਹੋਵੇਗੀ।

ਤਸਵੀਰ ਸਰੋਤ, Getty Images
ਕੀ ਵੱਡੇ ਕਦਮ ਸਿਰਫ਼ ਭੌਤਿਕ ਵਿਗਿਆਨ ਜਾਂ ਦਵਾਈ ਵਰਗੇ ਹੋਰ ਖੇਤਰਾਂ ਵਿੱਚ ਹੀ ਅੱਗੇ ਵਧਣਗੇ?
ਦਵਾਈ ਅੱਜ ਟ੍ਰਾਇਲ ਤੇ ਐਰਰ (ਜਿਸ ਵਿੱਚ ਪਹਿਲਾਂ ਤਜਰਬਾ ਹੁੰਦਾ ਹੈ ਤੇ ਫਿਰ ਨਤੀਜਾ ਨਿਕਲਦਾ ਹੈ) ਵਰਗੀ ਹੈ। ਅਸੀਂ ਇਸ ਦਵਾਈ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ, ਕੀ ਇਹ ਕੰਮ ਕਰਦੀ ਹੈ? ਮੈਨੂੰ ਨਹੀਂ ਪਤਾ। ਚਲੋ ਇੱਕ ਹੋਰ ਦਵਾਈ 'ਤੇ ਕੋਸ਼ਿਸ਼ ਕਰੀਏ। ਕੀ ਉਹ ਕੰਮ ਕਰਦਾ ਹੈ? ਮੈਨੂੰ ਨਹੀਂ ਪਤਾ। ਚਲੋ ਇੱਕ ਹੋਰ ਦਵਾਈ ਦੀ ਕੋਸ਼ਿਸ਼ ਕਰੀਏ।
ਬਹੁਤ ਸਾਰੀਆਂ ਸ਼ਾਨਦਾਰ ਦਵਾਈਆਂ ਦੀ ਖੋਜ ਅਚਾਨਕ ਕੀਤੀ ਗਈ ਸੀ। ਪਰ ਜੇਕਰ ਤੁਹਾਡੇ ਕੋਲ ਕੁਆਂਟਮ ਥਿਊਰੀ ਹੈ, ਤਾਂ ਤੁਸੀਂ ਅਣੂ ਦੀ ਕਲਪਨਾ ਕਰ ਸਕਦੇ ਹੋ। ਤੁਸੀਂ ਦੇਖ ਸਕਦੇ ਹੋ ਕਿ ਅਣੂ ਕਿਵੇਂ ਕੰਮ ਕਰਦੇ ਹਨ।
ਫਿਰ ਤੁਸੀਂ ਸ਼ੁਰੂ ਤੋਂ ਨਵੀਆਂ ਦਵਾਈਆਂ ਬਣਾਉਣ ਲਈ ਸਾਰੀਆਂ ਕਮੀਆਂ ਨੂੰ ਪੂਰਾ ਸ਼ੁਰੂ ਕਰ ਸਕਦੇ ਹੋ।
ਕੀ ਇਸਦਾ ਮਤਲਬ ਇਹ ਹੈ ਕਿ ਕੈਮਿਸਟਾਂ ਨੂੰ ਕੰਮ ਤੋਂ ਬਾਹਰ ਕਰ ਦਿੱਤਾ ਜਾਵੇਗਾ, ਕਿ ਸਾਨੂੰ ਹੁਣ ਕੈਮਿਸਟਾਂ ਦੀ ਲੋੜ ਨਹੀਂ ਹੈ? ਇਸ ਵਿੱਚ ਸਿਰਫ਼ ਇੱਕ ਕੁਆਂਟਮ ਕੰਪਿਊਟਰ ਹੋਵੇਗਾ, ਨਹੀਂ?
ਭਵਿੱਖ ਦੇ ਰਸਾਇਣ ਵਿਗਿਆਨੀ ਰਸਾਇਣਕ ਪ੍ਰਤੀਕ੍ਰਿਆਵਾਂ ਨੂੰ ਸਮਝਣ ਲਈ ਕੁਆਂਟਮ ਥਿਊਰੀ ਦੀ ਵਰਤੋਂ ਕਰਨਗੇ, ਭਵਿੱਖ ਦੇ ਜੀਵ ਵਿਗਿਆਨੀ ਡੀਐੱਨਏ ਨੂੰ ਸਮਝਣ ਲਈ ਕੁਆਂਟਮ ਕੰਪਿਊਟਰਾਂ ਦੀ ਵਰਤੋਂ ਕਰਨਗੇ।
ਡਾਕਟਰ ਅਤੇ ਵਿਗਿਆਨੀ ਜੋ ਸਿਰਫ਼ ਰਸਾਇਣ ਸ਼ਾਸ਼ਤਰ ਦੀ ਵਰਤੋਂ ਕਰਨਗੇ ਜਾਂ ਜੋ ਜੀਵ ਵਿਗਿਆਨੀ ਸਿਰਫ਼ ਜੀਵ ਵਿਗਿਆਨ ਦੀ ਵਰਤੋਂ ਕਰਦੇ ਹਨ, ਉਹ ਨੌਕਰੀ ਤੋਂ ਬਾਹਰ ਹੋ ਜਾਣਗੇ। ਕਿਉਂਕਿ ਭਵਿੱਖ ਕੁਆਂਟਮ ਮਕੈਨੀਕਲ ਹੋਵੇਗਾ, ਅਸੀਂ ਦਵਾਈ ਬਣਾਉਣ ਲਈ ਕੁਆਂਟਮ ਮਕੈਨਿਕਸ ਦੀ ਵਰਤੋਂ ਕਰਾਂਗੇ।
ਅਸੀਂ ਅਮਰ ਹੋ ਜਾਵਾਂਗੇ...ਫਿਰ ਕੋਈ ਕੈਂਸਰ ਨਹੀਂ ਰਹੇਗਾ।
ਕੰਪਿਊਟਰ ਦੀ ਮਦਦ ਨਾਲ ਅਸੀਂ ਕੈਂਸਰ ਨੂੰ ਠੀਕ ਕਰ ਸਕਦੇ ਹਾਂ। ਟਿਊਮਰ ਦੇ ਪ੍ਰਗਟ ਹੋਣ ਤੋਂ ਪਹਿਲਾਂ, ਅਸੀਂ ਮਰੀਜ਼ ਦੇ ਕੈਂਸਰ ਦੇ ਪੂਰਵ-ਅਨੁਮਾਨ ਦਾ ਅੰਦਾਜ਼ਾ ਲਗਾਵਾਂਗੇ।
ਉਦਾਹਰਨ ਲਈ, ਸਿਰਫ਼ ਬਾਥਰੂਮ ਵਿੱਚ ਜਾ ਕੇ ਤੁਹਾਡਾ ਡੀਐੱਨਏ ਪੜ੍ਹਿਆ ਜਾਵੇਗਾ ਅਤੇ ਇਹ ਵੀ ਪਤਾ ਲਗਾ ਲਿਆ ਜਾਵੇਗਾ ਕਿ ਭਵਿੱਖ ਵਿੱਚ ਇਹ ਕਿਹੋ ਜਿਹਾ ਹੋਵੇਗਾ। ਇਹ ਤੁਹਾਨੂੰ ਟਿਊਮਰ ਦੇ ਪ੍ਰਗਟ ਹੋਣ ਤੋਂ ਦਸ ਸਾਲ ਪਹਿਲਾਂ ਕੈਂਸਰ ਦਾ ਡੀਐੱਨਏ ਦੱਸੇਗਾ।
ਸੰਯੁਕਤ ਰਾਜ ਅਮਰੀਕਾ ਵਿੱਚ ਕੈਂਸਰ ਦਾ ਪਤਾ ਲਗਾਉਣ ਲਈ ਖ਼ੂਨ ਦਾ ਟੈਸਟ ਕਰਵਾਉਣਾ ਸੰਭਵ ਹੈ, ਇਸ ਤਰ੍ਹਾਂ ਦੀ ਖ਼ੂਨ ਦੀ ਜਾਂਚ ਨਾਲ ਪਤਾ ਲੱਗ ਜਾਵੇਗਾ ਕਿ ਕੈਂਸਰ ਹੈ ਜਾਂ ਨਹੀਂ। ਟਿਊਮਰ ਸ਼ਬਦ ਸਾਡੀ ਭਾਸ਼ਾ ਵਿੱਚੋਂ ਅਲੋਪ ਹੋ ਜਾਵੇਗਾ। ਕੈਂਸਰ ਨਾਲ ਵੀ ਅਜਿਹਾ ਹੀ ਹੋਵੇਗਾ।
ਤੁਸੀਂ ਕਹਿੰਦੇ ਹੋ ਕਿ ਇੰਟਰਨੈਟ ਵੀ ਪੁਰਾਣਾ ਹੋ ਜਾਵੇਗਾ, ਕੀ ਅਸੀਂ ਮਨ, ਦਿਮਾਗ਼ ਦੁਆਰਾ ਜੁੜਨ ਜਾ ਰਹੇ ਹਾਂ ...
ਭਵਿੱਖ ਦਾ ਇੰਟਰਨੈੱਟ ਡਿਜੀਟਲ ਨਹੀਂ ਹੋਵੇਗਾ। ਡਿਜੀਟਲ ਬਹੁਤ ਹੌਲੀ, ਬਹੁਤ ਕੱਚਾ ਹੈ। ਭਵਿੱਖ ਦਾ ਇੰਟਰਨੈੱਟ ਕੁਆਂਟਮ ਹੋਵੇਗਾ ਅਤੇ ਇਹ ਦਿਮਾਗ਼ ਨਾਲ ਮਿਲ ਜਾਵੇਗਾ। ਇਸ ਨੂੰ ਬ੍ਰੇਨੇਟ ਕਿਹਾ ਜਾਵੇਗਾ। ਤੁਸੀਂ ਸੋਚੋਗੇ ਅਤੇ ਤੁਹਾਡੇ ਵਿਚਾਰ ਦੁਨੀਆ ਭਰ ਵਿੱਚ ਘੁੰਮਣਗੇ, ਹੋਰ ਚੀਜ਼ਾਂ ਨਾਲ ਗੱਲਬਾਤ ਕਰਨਗੇ।
ਅਤੇ ਇਸ ਲਈ ਹੁਣ ਅਸੀਂ ਜ਼ਰੂਰੀ ਤੌਰ 'ਤੇ ਸਤਰ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਵਰਤੋਂ ਨਹੀਂ ਕਰਾਂਗੇ। ਅਸੀਂ ਸਿਰਫ਼ ਸੋਚਾਂਗੇ, ਅਤੇ ਬ੍ਰੈਨੇਟ ਬਾਕੀ ਕਰੇਗਾ। ਤੁਸੀਂ ਬਸ ਸੋਚੋਗੇ ਅਤੇ ਤੁਹਾਡੇ ਵਿਚਾਰ ਸਾਰੇ ਸੰਸਾਰ ਵਿੱਚ ਖਿੱਲਰੇ ਜਾਣਗੇ।
ਇਸ ਲਈ ਹੁਣ ਅਸੀਂ ਜ਼ਰੂਰੀ ਤੌਰ 'ਤੇ ਤਾਰਾਂ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਵਰਤੋਂ ਨਹੀਂ ਕਰਾਂਗੇ।
ਅਸੀਂ ਸਿਰਫ਼ ਸੋਚਾਂਗੇ ਅਤੇ ਬਾਕੀ ਬ੍ਰੈਨੇਟ ਕਰੇਗਾ। ਤੁਸੀਂ ਬਸ ਸੋਚੋਗੇ ਅਤੇ ਤੁਹਾਡੇ ਵਿਚਾਰ ਸਾਰੇ ਸੰਸਾਰ ਵਿੱਚ ਪਸਰ ਜਾਣਗੇ।
ਕਈਆਂ ਵਿਗਿਆਨੀਆਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖ਼ਤਰਿਆਂ ਬਾਰੇ ਚੇਤਾਵਨੀ ਦਿੱਤੀ ਹੈ... ਉਸ ਖੇਤਰ ਬਾਰੇ ਤੁਹਾਡਾ ਕੀ ਨਜ਼ਰੀਆ ਹੈ?

ਤਸਵੀਰ ਸਰੋਤ, Getty Images
ਕੁਝ ਲੋਕ ਕਹਿੰਦੇ ਹਨ ਕਿ ਇੱਕ ਦਿਨ ਸਾਡੀਆਂ ਮਸ਼ੀਨਾਂ ਬਹੁਤ ਸਮਾਰਟ ਹੋ ਜਾਣਗੀਆਂ ਅਤੇ ਉਹ ਸਾਡੇ 'ਤੇ ਹਾਵੀ ਹੋ ਜਾਣਗੀਆਂ। ਖ਼ੈਰ, ਮਨੁੱਖ ਨੂੰ ਤਿੰਨ ਖ਼ਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪ੍ਰਮਾਣੂ ਯੁੱਧ ਦਾ ਖ਼ਤਰਾ, ਜੈਵਿਕ ਹਥਿਆਰਾਂ ਦਾ ਖ਼ਤਰਾ ਅਤੇ ਗਲੋਬਲ ਵਾਰਮਿੰਗ ਦਾ ਖ਼ਤਰਾ।
ਇਸ ਦੇ ਨਾਲ ਸਾਨੂੰ ਮਨੁੱਖਜਾਤੀ ਦੀ ਹੋਂਦ ਲਈ ਚੌਥਾ ਸੰਭਾਵੀ ਖ਼ਤਰਾ ਵੀ ਜੋੜਨਾ ਪਵੇਗਾ ਅਤੇ ਉਹ ਹੈ ਆਰਟੀਫੀਸ਼ੀਅਲ ਇਟੈਂਲੀਜੈਂਸ।
ਪਰ ਆਰਟੀਫੀਸ਼ੀਅਲ ਇਟੈਂਲੀਜੈਂਸ। ਦੁਆਰਾ ਪੈਦਾ ਹੋਏ ਦੋ ਬੁਨਿਆਦੀ ਖ਼ਤਰੇ ਹਨ ਅਤੇ ਉਹ ਬਿਲਕੁਲ ਵੱਖਰੇ ਹਨ।
ਪਹਿਲਾ ਖ਼ਤਰਾ ਤੁਰੰਤ ਹੈ। ਡਰੋਨ ਜੋ ਮਨੁੱਖੀ ਚਿਹਰੇ, ਮਨੁੱਖੀ ਸਰੀਰ ਨੂੰ ਪਛਾਣ ਸਕਦੇ ਹਨ ਅਤੇ ਗ਼ਲਤੀ ਨਾਲ ਮਨੁੱਖਾਂ ਨੂੰ ਅੰਨ੍ਹੇਵਾਹ ਮਾਰ ਸਕਦੇ ਹਨ।
ਇਸ ਲਈ ਸਾਡੇ ਕੋਲ ਇੱਕ ਆਟੋਮੇਟਿਡ ਕਤਲ ਮਸ਼ੀਨ ਹੋਵੇਗੀ। ਇੱਕ ਮਸ਼ੀਨ ਜੋ ਉੱਡ ਸਕਦੀ ਹੈ, ਖੇਤਰ ਦਾ ਸਰਵੇਖਣ ਕਰ ਸਕਦੀ ਹੈ, ਮਨੁੱਖੀ ਰੂਪ ਨੂੰ ਪਛਾਣ ਸਕਦੀ ਹੈ ਅਤੇ ਉਸ ਨੂੰ ਮਾਰ ਸਕਦੀ ਹੈ।
ਅਜਿਹਾ ਕਿਸੇ ਕਿਸਮ ਦੀ ਦੁਰਘਟਨਾ ਕਾਰਨ ਜਾਂ ਸ਼ਾਇਦ ਇੱਕ ਦੇਸ਼ ਦੁਆਰਾ ਕਿਸੇ ਹੋਰ ਦੇਸ਼ ਦੇ ਸੈਨਿਕਾਂ ਨੂੰ ਜਾਣਬੁੱਝ ਕੇ ਮਾਰਨ ਦੀ ਕੋਸ਼ਿਸ਼ ਦੇ ਤਹਿਤ ਹੋ ਸਕਦਾ ਹੈ।

ਤਸਵੀਰ ਸਰੋਤ, Getty Images
ਇਹ ਕੁਝ ਸਾਲਾਂ ਲਈ ਹੋ ਸਕਦਾ ਹੈ, ਪਰ ਵੱਡਾ ਖ਼ਤਰਾ ਲੰਬੇ ਸਮੇਂ ਦਾ ਹੈ। ਦੂਜਾ ਖ਼ਤਰਾ ਉਦੋਂ ਹੁੰਦਾ ਹੈ ਜਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਸਾਡੇ ਕੋਲ ਹੁੰਦੀ ਹੈ ਜੋ ਮਨੁੱਖੀ ਬੁੱਧੀ ਦੇ ਨੇੜੇ ਆਉਣ ਲੱਗਦੀ ਹੈ।
ਹੁਣ ਸਾਨੂੰ ਉਸ ਬਿੰਦੂ 'ਤੇ ਪਹੁੰਚਣ ਤੋਂ ਪਹਿਲਾਂ ਬਹੁਤ ਲੰਮਾ ਸਫ਼ਰ ਤੈਅ ਕਰਨਾ ਹੈ ਪਰ ਆਖ਼ਰਕਾਰ ਸਾਡੇ ਰੋਬੋਟ ਚੂਹਿਆਂ ਵਾਂਗ ਸਮਾਰਟ ਹੋਣਗੇ।
ਅਖ਼ੀਰ, ਉਹ ਖਰਗੋਸ਼ਾਂ ਵਾਂਗ ਚੁਸਤ ਹੋ ਜਾਣਗੇ। ਫਿਰ ਇੱਕ ਕੁੱਤਾ ਜਾਂ ਬਿੱਲੀ ਅਤੇ ਅੰਤ ਵਿੱਚ ਇੱਕ ਬਾਂਦਰ। ਉਸ ਸਮੇਂ ਤੱਕ, ਉਹ ਸੰਭਾਵੀ ਤੌਰ 'ਤੇ ਖ਼ਤਰਨਾਕ ਹੁੰਦੇ ਹਨ। ਬਾਂਦਰ ਬਾਂਦਰਾਂ ਅਤੇ ਇਨਸਾਨਾਂ ਵਿੱਚ ਫਰਕ ਸਮਝਦੇ ਹਨ।
ਇਸ ਲਈ ਮੈਂ ਸੋਚਦਾ ਹਾਂ, ਕੌਣ ਜਾਣਦਾ ਹੈ, 100 ਸਾਲਾਂ ਦੇ ਅੰਦਰ ਸਾਡੇ ਕੋਲ ਰੋਬੋਟ ਹੋਣਗੇ ਜੋ ਹੂਬਹੂ ਮਨੁੱਖਾਂ ਵਾਂਗ ਹੋਣਗੇ।
ਉਸ ਸਮੇਂ, ਸਾਨੂੰ ਇਹ ਯਕੀਨੀ ਬਣਾਉਣਾ ਪਏਗਾ ਕਿ ਉਨ੍ਹਾਂ ਦਾ ਆਪਣਾ ਮਨ ਨਾ ਹੋਵੇ ਅਤੇ ਉਨ੍ਹਾਂ ਵਿੱਚ ਸਾਡੇ ਉੱਤੇ ਹਮਲਾ ਕਰਨ ਦੇ ਵਿਚਾਰ ਨਾ ਆਉਣ।
ਜੇਕਰ ਉਨ੍ਹਾਂ ਦੇ ਮਨ ਵਿੱਚ ਕਾਤਲਾਨਾ ਵਿਚਾਰ ਆਉਂਦੇ ਹਨ ਤਾਂ ਸਾਨੂੰ ਉਨ੍ਹਾਂ ਨੂੰ ਰੋਕਣ ਲਈ ਉਨ੍ਹਾਂ ਦੇ ਦਿਮਾਗ਼ ਵਿੱਚ ਇੱਕ ਚਿੱਪ ਲਗਾਉਣੀ ਚਾਹੀਦੀ ਹੈ।
ਪਰ ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਇਸ ਤੋਂ ਪਹਿਲਾਂ ਕਾਫ਼ੀ ਸਮਾਂ ਹੋਵੇਗਾ। ਫੌਰੀ ਖ਼ਤਰਾ ਡਰੋਨ ਹਨ ਜੋ ਅੰਨ੍ਹੇਵਾਹ ਮਾਰ ਸਕਦੇ ਹਨ।
ਕੁਆਂਟਮ ਯੁੱਗ ਦੁਆਰਾ ਕਿਹੜੀਆਂ ਚੁਣੌਤੀਆਂ ਦਾ ਹੱਲ ਨਹੀਂ ਕੀਤਾ ਜਾਵੇਗਾ?
ਮੈਨੂੰ ਲਗਦਾ ਹੈ ਕਿ ਕੰਪਿਊਟਰ ਇੱਕ ਨੂੰ ਛੱਡ ਕੇ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰ ਦੇਵੇਗਾ।
ਮੈਨੂੰ ਲੱਗਦਾ ਹੈ ਕਿ ਕੁਆਂਟਮ ਕੰਪਿਊਟਰ ਗਲੋਬਲ ਵਾਰਮਿੰਗ ਸੰਕਟ ਨੂੰ ਹੱਲ ਕਰਨ ਵਿੱਚ ਮਦਦ ਕਰਨਗੇ।
ਉਹ ਸਾਨੂੰ ਨਿਊਕਲੀਅਰ ਫਿਊਜ਼ਨ ਪਾਵਰ ਪਲਾਂਟ ਦੇਣ ਵਿੱਚ ਮਦਦ ਕਰਨਗੇ ਜੋ ਪਰਮਾਣੂ ਰਹਿੰਦ-ਖੂੰਹਦ ਪੈਦਾ ਨਹੀਂ ਕਰਦੇ।
ਉਹ ਕੈਂਸਰ, ਅਲਜ਼ਾਈਮਰ, ਪਾਰਕਿੰਸਨ ਰੋਗ ਵਰਗੀਆਂ ਬਿਮਾਰੀਆਂ ਦੇ ਨਵੇਂ ਇਲਾਜ ਪੈਦਾ ਕਰਨਗੇ ਅਤੇ ਸਮਾਜ ਲਈ ਦੌਲਤ ਦੇ ਨਵੇਂ ਸਰੋਤ ਪੈਦਾ ਕਰਨਗੇ।
ਪਰ ਇੱਕ ਚੀਜ਼ ਕੁਆਂਟਮ ਕੰਪਿਊਟਰ ਆਉਣ ਵਾਲੇ ਸਮੇਂ ਵਿੱਚ ਨਹੀਂ ਕਰ ਸਕਣਗੇ, ਉਹ ਹੈ ਜੰਗ, ਈਰਖਾ ਵਰਗੀਆਂ ਮਨੁੱਖੀ ਕਮਜ਼ੋਰੀਆਂ ਦਾ ਹੱਲ।
ਵਿਕਾਸ ਨੇ ਸਾਨੂੰ ਲੜਨ ਦੀ ਯੋਗਤਾ ਦਿੱਤੀ ਹੈ ਅਤੇ ਉਹ ਹੈ ਉਸ ਦੀ ਰੱਖਿਆ ਕਰਨਾ, ਜੋ ਸਾਡਾ ਹੈ।
ਵਿਕਾਸ ਨੇ ਸਾਨੂੰ ਬਹੁਤ ਸਾਰੇ ਗੁਣ ਦਿੱਤੇ ਹਨ, ਜਿਨ੍ਹਾਂ ਵਿੱਚੋਂ ਕੁਝ ਅਨੁਕੂਲ ਜਾਂ ਮਨੁੱਖਾਂ ਦੇ ਫਾਇਦੇ ਲਈ ਹਨ – ਹੋਰ ਇਸ ਕਾਬਿਲ ਨਹੀਂ ਹਨ।
ਵਿਕਾਸ ਨੂੰ ਕੋਈ ਪਰਵਾਹ ਨਹੀਂ ਹੈ। ਵਿਕਾਸਵਾਦ ਸਿਰਫ਼ ਅਜਿਹੇ ਇਨਸਾਨਾਂ ਨੂੰ ਬਣਾਉਣਾ ਚਾਹੁੰਦਾ ਹੈ ਜੋ ਬਚ ਸਕਦੇ ਹਨ ਅਤੇ ਜੇ ਬਚਾਅ ਦਾ ਮਤਲਬ ਤੁਹਾਡੇ ਦੂਜੇ ਸਾਥੀ ਮਨੁੱਖਾਂ ਨੂੰ ਮਾਰਨਾ ਹੈ, ਤਾਂ ਅਜਿਹਾ ਹੀ ਹੋਵੇ।
ਇਸ ਲਈ ਮਨੁੱਖ ਦੇ ਅੰਦਰ ਬਹੁਤ ਸਾਰੀਆਂ ਕਮੀਆਂ ਹਨ।












