ਏਜੰਟਾਂ ਦੇ ਝਾਂਸੇ ਵਿੱਚ ਫਸ ਕੇ ਕਿਵੇਂ ‘ਰੂਸੀ ਫੌਜ’ ਵਿੱਚ ਪਹੁੰਚੇ ਭਾਰਤੀ ਨੌਜਵਾਨ, ਕੀ ਹਨ ਇਲਜ਼ਾਮ

ਰੂਸੀ ਫੌਜ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੂਸ ਗਏ 16 ਵਿੱਚੋਂ 6 ਜਣਿਆਂ ਹੀ ਪਤਾ ਲੱਗ ਸਕਿਆ ਅਤੇ ਜਦਕਿ ਬਾਕੀ 10 ਜਣਿਆਂ ਬਾਰੇ ਪਤਾ ਨਹੀਂ ਲੱਗ ਸਕਿਆ
    • ਲੇਖਕ, ਅਮਰੇਂਦਰ ਯਰਲਾਗੱਡਾ
    • ਰੋਲ, ਬੀਬੀਸੀ ਪੱਤਰਕਾਰ

ਕੁਝ ਭਾਰਤੀ ਨੌਜਵਾਨ ਇਸ ਝੂਠੇ ਜਾਲ ਵਿੱਚ ਫਸ ਗਏ ਕਿ ਉਹ ਰੂਸ ਜਾ ਕੇ ਲੱਖਾਂ ਰੁਪਏ ਕਮਾ ਸਕਦੇ ਹਨ।

ਪਰ ਉਹ ਬਹੁਤ ਮੁਸ਼ਕਲ ਵਿੱਚ ਫਸ ਗਏ ਹਨ।

ਉਨ੍ਹਾਂ ਦਾ ਦਾਅਵਾ ਹੈ ਕਿ ਏਜੰਟਾਂ ਨੇ ਉਨ੍ਹਾਂ ਨੂੰ ਨੌਕਰੀ ਦਾ ਕਹਿ ਕੇ ਰੂਸੀ ਫੌਜ ਵਿੱਚ ਭਰਤੀ ਕਰਵਾ ਦਿੱਤਾ।

ਹਾਲ ਹੀ ਵਿੱਚ ਕਰਨਾਟਕਾ, ਗੁਜਰਾਤ, ਮਹਾਰਾਸ਼ਟਰ, ਜੰਮੂ ਤੇ ਕਸ਼ਮੀਰ ਅਤੇ ਤੇਲੰਗਾਨਾ ਤੋਂ 16 ਜਣੇ ਰੂਸ ਗਏ ਸਨ।

ਰੂਸ ਵਿੱਚ ਫਸੇ ਲੋਕਾਂ ਦੇ ਮੁਤਾਬਕ ਏਜੰਟਾਂ ਨੇ ਉਨ੍ਹਾਂ ਨੂੰ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਨੂੰ ‘ਹੈਲਪਰ’ ਵਜੋਂ ਜਾਂ ਸੁਰੱਖਿਆ ਮੁਲਾਜ਼ਮ ਦੀ ਨੌਕਰੀ ਦਵਾਉਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਦੱਸਿਆ ਗਿਆ ਕਿ ਉਨ੍ਹਾਂ ਨੂੰ ਰੂਸੀ ਫੌਜ ਵਿੱਚ ਭਰਤੀ ਕਰਵਾਇਆ ਜਾਵੇਗਾ।

ਇਸ ਮਾਮਲੇ ਵਿੱਚ ਕੁਲ ਚਾਰ ਏਜੰਟਾਂ ਦੇ ਨਾਮ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ 2 ਰੂਸ ਵਿੱਚ ਹਨ ਅਤੇ 2 ਭਾਰਤ ਵਿੱਚ ਹਨ।

ਦੁਬਈ ਦਾ ਰਹਿਣ ਵਾਲਾ ਫੈਸਲ ਖਾਨ ਨਾਮ ਦਾ ਇੱਕ ਹੋਰ ਏਜੰਟ ਇਨ੍ਹਾਂ ਚਾਰਾਂ ਦਾ ਕੋਆਰਡੀਨੇਟਰ ਸੀ।

ਫੈਸਲ ਖਾਨ ਬਾਬਾ ਵਲੋਗਜ਼ ਨਾਮ ਦਾ ਯੂਟਿਊਬ ਚੈਨਲ ਚਲਾਉਂਦਾ ਹੈ। ਉਹ ਆਪਣੇ ਯੂਟਿਊਬ ਚੈਨਲ ਉੱਤੇ ਵੀਡੀਓਜ਼ ਪਾ ਕੇ ਲੋਕਾਂ ਨੂੰ ਰੂਸ ਵਿੱਚ ਚੰਗੀ ਤਨਖਾਹ ਵਾਲੀਆਂ ‘ਹੈਲਪਰ’ ਦੀਆਂ ਨੌਕਰੀਆਂ ਦਾ ਪ੍ਰਚਾਰ ਕਰਦਾ ਹੈ।

ਨੌਕਰੀ ਦੀ ਚਾਹ ਰੱਖਦੇ ਨੌਜਵਾਨਾਂ ਨੇ ਉਨ੍ਹਾਂ ਨਾਲ ਫੋਨ ਉੱਤੇ ਸੰਪਰਕ ਕੀਤਾ।

ਏਜੰਟਾਂ ਨੇ ਕੁਲ 25 ਜਣਿਆਂ ਨੂੰ ਰੂਸ ਭੇਜਣ ਦੀ ਯੋਜਨਾ ਬਣਾਈ ਸੀ।

ਇਨ੍ਹਾਂ ਤਿੰਨਾਂ ਵਿੱਚੋਂ ਪਹਿਲਾਂ ਸਮੂਹ 9 ਨਵੰਬਰ 2023 ਨੂੰ ਭਾਰਤ ਤੋਂ ਬਾਹਰ ਗਿਆ, ਉਹ ਚੇਨਈ ਤੋਂ ਸ਼ਾਰਜਾਹ ਗਏ ਅਤੇ ਸ਼ਾਰਜਾਹ ਤੋਂ ਉਹ 12 ਨਵੰਬਰ ਨੂੰ ਮਾਸਕੋ ਗਏ।

ਭਾਰਤੀ ਨੌਜਵਾਨ
ਤਸਵੀਰ ਕੈਪਸ਼ਨ, ਇਸ ਮਾਮਲੇ ਵਿੱਚ ਕੁਲ ਚਾਰ ਏਜੰਟਾਂ ਦੇ ਨਾਮ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ 2 ਰੂਸ ਵਿੱਚ ਹਨ ਅਤੇ 2 ਭਾਰਤ ਵਿੱਚ ਹਨ।

16 ਨਵੰਬਰ ਨੂੰ ਫੈਸਲ ਖਾਨ ਦੀ ਟੀਮ 6 ਅਤੇ ਫੇਰ 7 ਜਣਿਆਂ ਨੂੰ ਲੈ ਕੇ ਰੂਸ ਚਲੀ ਗਈ।

ਪਰਿਵਾਰਕ ਮੈਂਬਰਾਂ ਮੁਤਾਬਕ ਉਨ੍ਹਾਂ ਨੂੰ ਕਈ ਦਿਨ ਟ੍ਰੇਨਿੰਗ ਦਿੱਤੀ ਗਈ ਅਤੇ ਉਨ੍ਹਾਂ ਨੂੰ 24 ਦਸੰਬਰ 2023 ਨੂੰ ਫੌਜ ਵਿੱਚ ਸ਼ਾਮਲ ਕਰ ਲਿਆ ਗਿਆ।

ਫੈਸਲ ਖਾਨ ਨੇ ਬੀਬੀਸੀ ਨਾਲ ਗੱਲ ਕੀਤੀ।

ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਇਹ ਹੀ ਕਹਿੰਦੇ ਸਨ ਇਹ ਆਮ ਨੌਕਰੀ ਨਹੀਂ ਸਗੋਂ ਫੌਜ ਦੀ ਨੌਕਰੀ ਸੀ।

ਉਨ੍ਹਾਂ ਕਿਹਾ, “ਮੈਂ ਉਮੀਦਵਾਰਾਂ ਨੂੰ ਕਿਹਾ ਸੀ ਕਿ ਉਹ ਫੌਜ ਦੀਆਂ ਨੌਕਰੀਆਂ ਹਨ, ਤੁਸੀਂ ਮੇਰੇ ਯੂਟਿਊਬ ਚੈਨਲ ਉੱਤੇ ਮੇਰੀਆਂ ਪਹਿਲਾਂ ਕੀਤੀਆਂ ਗਈਆਂ ਵੀਡੀਓਜ਼ ਵੀ ਦੇਖ ਸਕਦੇ ਹੋ।”

ਉਨ੍ਹਾਂ ਦੱਸਿਆ, “ਸਾਡੇ ਕੋਲ ਰੂਸੀ ਅਧਿਕਾਰੀਆਂ ਦੀ ਜਾਣਕਾਰੀ ਵੀ ਹੈ ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਇਹ ਫੌਜ ਵਿੱਚ ਮਦਦ ਲਈ ਨੌਕਰੀ ਸੀ।”

ਉਨ੍ਹਾਂ ਕਿਹਾ, "ਮੈਂ ਇਸ ਖੇਤਰ ਵਿੱਚ ਕਰੀਬ ਸੱਤ ਸਾਲਾਂ ਤੋਂ ਹਾਂ, ਹੁਣ ਤੱਕ ਮੈਂ 2000 ਲੋਕਾਂ ਨੂੰ ਵੱਖ-ਵੱਖ ਥਾਵਾਂ ਉੱਤੇ ਨੌਕਰੀ ਦਵਾਈ ਹੈ।"

ਬੀਬੀਸੀ ਨੇ ਰੂਸ ਜਾਣ ਵਾਲੇ ਕੁਝ ਲੋਕਾਂ ਦੇ ਨਾਮ ਵੀ ਪਤਾ ਕੀਤੇ ਹਨ।

ਰੂਸ ਜਾਣ ਵਾਲੇ ਲੋਕਾਂ ਵਿੱਚ ਹੈਦਰਾਬਾਦ ਦੇ ਮੁਹੰਮਦ ਅਫਸਨ, ਤੇਲੰਗਾਨਾ ਵਿਚਲੇ ਨਰਾਇਨਪੇਟ ਤੋਂ ਸੂਫੀਆਨ, ਉੱਤਰ ਪ੍ਰਦੇਸ਼ ਦੇ ਅਰਬਨ ਹੁਸੈਨ, ਕਸ਼ਮੀਰ ਦੇ ਜ਼ਹੂਰ ਅਹਿਮਦ, ਗੁਜਰਾਤ ਦੇ ਹੇਮਲ, ਸਈਦ ਇਲਿਆਸ ਹੁਸੈਨ, ਸਮੀਰ ਅਹਿਮਦ, ਅਤੇ ਕਰਨਾਟਕ ਦੇ ਗੁਲਬਰਗਾ ਤੋਂ ਅਬਦੁਲ ਨਈਮ।

ਇਹ ਮਾਮਲਾ ਸਾਹਮਣੇ ਕਿਵੇਂ ਆਇਆ

ਭਾਰਤੀ ਨੌਜਵਾਨ
ਤਸਵੀਰ ਕੈਪਸ਼ਨ, ਬੀਬੀਸੀ ਨੇ ਰੂਸ ਜਾਣ ਵਾਲੇ ਕੁਝ ਲੋਕਾਂ ਦੇ ਨਾਮ ਵੀ ਪਤਾ ਕੀਤੇ ਹਨ

ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਰੂਸ ਜਾਣ ਵਾਲੇ ਲੋਕਾਂ ਨੇ ਕਈ ਦਿਨਾਂ ਤੱਕ ਆਪਣੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਨਹੀਂ ਕੀਤਾ।

ਅਜਿਹੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਜਿਨ੍ਹਾਂ ਵਿੱਚ ਨੌਜਵਾਨ ਮਦਦ ਮੰਗ ਰਹੇ ਸਨ।

ਅਜਿਹੀਆਂ ਦੋ ਵੀਡੀਓਜ਼ ਵਾਇਰਲ ਹੋਈਆਂ ਹਨ।

ਅਜਿਹੀ ਇੱਕ ਵੀਡੀਓ ਵਿੱਚ ਸਈਦ ਇਲਿਆਸ ਹੁਸੈਨ, ਮੁਹੰਮਦ ਸਮੀਰ ਅਹਿਮਦ ਅਤੇ ਕਰਨਾਟਕ ਦੇ ਗੁਲਰਗਾ ਤੋਂ ਸੁਫੀਅਨ ਆਪਣੀ ਹਾਲਤ ਦੱਸਦੇ ਹੋਏ ਦੇਖੇ ਜਾ ਸਕਦੇ ਹਨ।

ਉਹ ਕਹਿ ਰਹੇ ਹਨ, “ਸਾਨੂੰ ਸੁਰੱਖਿਆ ਵਿੱਚ ਮਦਦ ਕਰਨ ਦਾ ਕੰਮ ਕਹਿ ਕੇ ਰੂਸੀ ਫੌਜ ਵਿੱਚ ਭਰਤੀ ਕਰ ਲਿਆ ਗਿਆ।”

ਉਨ੍ਹਾਂ ਕਿਹਾ, “ਰੂਸ ਨੇ ਸਾਨੂੰ ਸਰਹੱਦ ਉੱਤੇ ਲਿਆਂਦਾ ਹੈ ਇੱਥੇ ਸਾਨੂੰ ਜੰਗਲ ਵਿੱਚ ਜੰਗ ਦੇ ਮੈਦਾਨ ਵਿੱਚ ਰੱਖਿਆ ਗਿਆ ਹੈ, ਸਾਨੂੰ ਬਾਬਾ ਵਲੋਗਜ਼ ਏਜੰਟ ਵੱਲੋਂ ਧੋਖਾ ਦਿੱਤਾ ਗਿਆ।”

ਇੱਕ ਹੋਰ ਵੀਡੀਓ ਵਿੱਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਅਰਬਾਜ਼ ਹੁਸੈਨ ਬੋਲਦੇ ਹੋਏ ਦਿਖਦੇ ਹਨ।

ਉਹ ਆਪਣਾ ਜ਼ਖ਼ਮੀ ਹੋਇਆ ਹੱਥ ਦਿਖਾਉਂਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜੰਗ ਦੇ ਮੈਦਾਨ ਵਿੱਚ ਛੱਡ ਦਿੱਤਾ ਗਿਆ ਜਿੱਥੋਂ ਉਹ ਬਹੁਤ ਮੁਸ਼ਕਲ ਨਾਲ ਬਚ ਕੇ ਵਾਪਸ ਆਏ।

ਉਹ ਖੁਦ ਨੂੰ ਬਚਾਏ ਜਾਣ ਲਈ ਭੀਖ ਮੰਗ ਰਹੇ ਹਨ।

ਦਸਤਾਵੇਜ਼ਾਂ ਉੱਤੇ ਦਸਤਖ਼ਤ

ਦਸਤਾਵੇਜ਼

ਤਸਵੀਰ ਸਰੋਤ, Getty Images

ਰੂਸ ਪਹੁੰਚਣ ਤੋਂ ਬਾਅਦ ਰੂਸੀ ਅਧਿਕਾਰੀਆਂ ਨੇ ਉੱਥੇ ਦੇ ਨੌਜਵਾਨਾਂ ਕੋਲੋਂ ਸਿਖਲਾਈ ਤੋਂ ਪਹਿਲਾਂ ਦਸਤਾਵੇਜ਼ਾਂ ਉੱਤੇ ਦਸਤਖ਼ਤ ਕਰਵਾਏ।

ਉਨ੍ਹਾਂ ਦੇ ਮੁਤਾਬਕ ਇਹ ਦਸਤਾਵੇਜ਼ ਰੂਸੀ ਭਾਸ਼ਾ ਵਿੱਚ ਸਨ।

ਨਾਮਪੱਲੀ ਦੇ ਰਹਿਣ ਵਾਲੇ ਮੁਹੰਮਦ ਇਮਰਾਨ ਨੇ ਕਿਹਾ ਕਿ ਇਹ ਬੌਂਡ ਰੂਸੀ ਭਾਸ਼ਾ ਵਿੱਚ ਸਨ।

ਉਨ੍ਹਾਂ ਨੇ ਕਿਹਾ ਕਿ ਸਾਰਿਆਂ ਨੇ ਇਸ ਉੱਤੇ ਦਸਤਖ਼ਤ ਕਰ ਦਿੱਤੇ ਕਿਉਂਕਿ ਉਨ੍ਹਾਂ ਨੂੰ ਏਜੰਟਾਂ ਉੱਤੇ ਯਕੀਨ ਸੀ।

ਮੁਹੰਮਦ ਇਮਰਾਨ ਦਾ ਛੋਟਾ ਭਰਾ ਮੁਹੰਮਦ ਅਫਸਨ ਵੀ ਰੂਸ ਗਿਆ ਸੀ।

ਇਮਰਾਨ ਦੇ ਮੁਤਾਬਕ, ਅਫਸਨ ਦੀ ਇੱਕ ਘਰਵਾਲੀ ਹੈ ਇੱਕ ਦੋ ਸਾਲ ਦਾ ਪੁੱਤਰ ਹੈ ਅਤੇ ਇੱਕ 8 ਮਹੀਨਿਆਂ ਦੀ ਧੀ ਹੈ।

ਇਸ ਤੋਂ ਪਹਿਲਾਂ ਉਹ ਇੱਕ ਹੈਦਰਾਬਾਦ ਵਿੱਚ ਇੱਕ ਕੱਪੜੇ ਦੀ ਦੁਕਾਨ ਉੱਤੇ ਕਲਸਟਰ ਮੈਨੇਜਰ ਵਜੋਂ ਕੰਮ ਕਰਦਾ ਸੀ।

ਫੈਸਲ ਖਾਨ ਵੱਲੋਂ ਯੂਟਿਊਬ ਉੱਤੇ ਪਾਈ ਗਈ ਵੀਡੀਓ ਦੇਖਣ ਤੋਂ ਬਾਅਦ ਚੰਗੀ ਤਨਖਾਹ ਦੇ ਲਾਲਚ ਵਿੱਚ ਉਸ ਨੇ ਫੈਸਲ ਨਾਲ ਸੰਪਰਕ ਕੀਤਾ।

ਇਮਰਾਨ ਦੱਸਦੇ ਹਨ, ਕਰੀਬ 2 ਮਹੀਨਿਆਂ ਤੱਕ ਉਸ ਦਾ ਕੋਈ ਥਹੁ-ਪਤਾ ਨਹੀਂ ਲੱਗ ਸਕਿਆ ਅਤੇ ਉਹ ਆਪਣੇ ਭਰਾ ਬਾਰੇ ਪਿਛਲੇ ਦੋ ਮਹੀਨਿਆਂ ਤੋਂ ਚਿੰਤਤ ਹਨ।

ਇਮਰਾਨ ਨੇ ਦੱਸਿਆ, “ਅਫਸਨ ਨੇ ਸਾਡੇ ਨਾਲ ਆਖ਼ਰੀ ਵਾਰੀ 31 ਦਸੰਬਰ ਨੂੰ ਗੱਲ ਕੀਤੀ, ਇਸ ਮਗਰੋਂ ਸਾਡੇ ਨਾਲ ਉਸ ਦਾ ਸੰਪਰਕ ਟੁੱਟ ਗਿਆ, ਉਸ ਨੇ ਦੱਸਿਆ ਕਿ ਉਸ ਦੀ ਸਿਖਲਾਈ ਹੈਲਪਰ ਦੀ ਸਿਖਲਾਈ ਜਿਹੀ ਨਹੀਂ ਸੀ।”

ਇਮਰਾਨ ਨੇ ਕਿਹਾ, “ਜੇਕਰ ਅਸੀਂ ਏਜੰਟਾਂ ਨਾਲ ਗੱਲ ਕਰਦੇ ਹਾਂ ਉਹ ਕਹਿੰਦੇ ਹਨ ਕਿ ਇਹ ਟ੍ਰੇਨਿੰਗ ਦਾ ਹਿੱਸਾ ਹੈ, ਇਸ ਦੀ ਕੋਈ ਚਿੰਤਾ ਦੀ ਗੱਲ ਨਹੀਂ ਹੈ।”

ਇਮਰਾਨ ਨੇ ਅਪੀਲ ਕੀਤੀ, “ਯੂਪੀ ਦੇ ਇਕ ਨੌਜਵਾਨ ਦੇ ਮੁਤਾਬਕ ਮੇੇਰੇ ਭਰਾ ਦੀ ਲੱਤ ਵਿੱਚ ਦੋ ਗੋਲੀਆਂ ਲੱਗੀਆਂ, ਉਸ ਨੂੰ ਇਸੇ ਵੇਲੇ ਵਾਪਸ ਲਿਆਂਦਾ ਜਾਣਾ ਚਾਹੀਦਾ ਹੈ।”

ਤੇਲੰਗਾਨਾ ਦੇ ਰਹਿਣ ਵਾਲੇ ਸਈਦ ਦੀ ਮਾਂ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਹਨ। ਨਸੀਮ ਬਾਨੂ ਦੱਸਦੇ ਹਨ ਕਿ ਉਨ੍ਹਾਂ ਦਾ ਉਨ੍ਹਾਂ ਦੇ ਪੁੱਤਰ ਨਾਲ 18 ਜਨਵਰੀ ਤੋਂ ਸੰਪਰਕ ਨਹੀਂ ਹੋਇਆ ਹੈ।

ਨਸੀਮ ਬਾਨੂ ਦੱਸਦੇ ਹਨ ਕਿ ਉਨ੍ਹਾਂ ਦੇ ਪੁੱਤਰ ਨਾਲ ਜਦੋਂ ਉਨ੍ਹਾਂ ਦੀ ਆਖ਼ਰੀ ਵਾਰ ਗੱਲ ਹੋਈ ਸੀ ਤਾਂ ਉਸ ਨੇ ਕਿਹਾ ਸੀ, “ਮੈਂ ਠਕਿ ਹਾਂ ਮੇਰੇ ਕੋਲ ਇੱਥੇ ਫੋਨ ਨਹੀਂ ਹੈ ਜਦੋਂ ਮੇਰੇ ਕੋਲ ਫੋਨ ਹੋਵੇਗਾ ਮੈਂ ਤੁਹਾਨੂੰ ਫੋਨ ਕਰਾਂਗਾ।”

ੳਨ੍ਹਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੇ ਪੁੱਤਰ ਨੂੰ ਵਾਪਸ ਲਿਆਂਦਾ ਜਾਵੇ।

24 ਸਾਲਾ ਸਈਦ ਪਿਛਲੇ ਦੋ ਸਾਲਾਂ ਤੋਂ ਦੁਬਈ ਵਿੱਚ ਕੰਮ ਕਰ ਰਿਹਾ ਹੈ। ਉਸਦੀ ਇੱਕ ਭੈਣ ਹੈ ਅਤੇ ਇੱਕ ਵੱਡਾ ਭਰਾ ਹੈ।

16 ਨਵੰਬਰ 2023 ਨੂੰ ਸਈਦ ਪੰਜ ਹੋ ਜਣਿਆਂ ਨਾਲ ਰੂਸ ਗਿਆ। ਉਹ ਪਿਛਲੇ ਇੱਕ ਮਹੀਨੇ ਤੋਂ ਆਪਣੇ ਪਰਿਵਾਰਕ ਮੈਂਬਰਾਂ ਦੇ ਸੰਪਰਕ ਨਹੀਂ ਰਿਹਾ।

10 ਲੋਕਾਂ ਬਾਰੇ ਜਾਣਕਾਰੀ ਨਹੀਂ

ਫੈਸਲ ਖਾਨ ਨੇ ਬੀਬੀਸੀ ਨੂੰ ਦੱਸਿਆ, “ਉੱਥੇ ਫੋਨ ਦੀ ਵਰਤੋਂ ਇਸ ਲਈ ਨਹੀਂ ਹੋ ਰਹੀ ਕਿਉਂਕਿ ਜੰਗ ਦੇ ਮੈਦਾਨ ਵਿੱਚ ਯੁਕਰੇਨ ਫੋਨ ਟਰੇਸ ਕਰ ਸਕਦਾ ਹੈ, ਇਸ ਤਰ੍ਹਾਂ ਫੋਨ ਟਰੇਸ ਕਰਕੇ ਡਰੋਨ ਅਟੈਕ ਹੋ ਜਾਂਦੇ ਹਨ।”

ਰੂਸ ਗਏ 16 ਵਿੱਚੋਂ 6 ਜਣਿਆਂ ਹੀ ਪਤਾ ਲੱਗ ਸਕਿਆ ਅਤੇ ਜਦਕਿ ਬਾਕੀ 10 ਜਣਿਆਂ ਬਾਰੇ ਪਤਾ ਨਹੀਂ ਲੱਗ ਸਕਿਆ।

ਫੈਸਲ ਖਾਨ ਨੇ ਦੱਸਿਆ, “ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹੁਸੈਨ ਨੇ ਮੇਰੇ ਨਾਲ ਸੰਪਰਕ ਕੀਤਾ ਅਤੇ ਮੈਨੂੰ ਉਹ ਵੀਡੀਓ ਭੇਜੀ ਜਿਹੜੀ ਵਾਇਰਲ ਹੋ ਗਈ, ਅਸੀਂ ਉਸ ਨੂੰ ਹਦਾਇਤਾਂ ਦਿੱਤੀਆਂ ਅਤੇ ਉਹ ਹੁਣ ਮਾਸਕੋ ਵਿੱਚ ਹੈ ।”

ਉਨ੍ਹਾ ਅੱਗੇ ਦੱਸਿਆ, “ਹੁਸੈਨ ਹੁਣ ਸੁਰੱਖਿਅਤ ਹੈ ਅਸੀਂ ਭਾਰਤੀ ਅੰਬੈਸੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਲਾਪਤਾ ਲੋਕਾਂ ਬਾਰੇ ਜਾਣਕਾਰੀ ਲਈ ਰੂਸੀ ਫੌਜ ਦੇ ਅਧਿਕਾਰੀਆਂ ਨਾਲ ਗੱਲ ਕਰ ਰਹੇ ਹਾਂ।”

ਕੀ ਉਹ ਵਾਗਨਰ ਸਮੂਹ ਵਿੱਚ ਸ਼ਾਮਲ ਹੋ ਗਏ ਹਨ?

ਵਾਗਨਰ

ਤਸਵੀਰ ਸਰੋਤ, Getty Images

ਇਹ ਵੀ ਕਿਹਾ ਜਾ ਰਿਹਾ ਹੈ ਕਿ ਕੁਝ ਭਾਰਤੀ ਨੌਜਵਾਨ ਵਾਗਨਰ ਸਮੂਹ ਵਿੱਚ ਸ਼ਾਮਲ ਹੋ ਗਏ ਹਨ ਜਿਸ ਨੂੰ ਕਿ ਰੂਸ ਵਿੱਚ ਪ੍ਰਾਈਵੇਟ ਜਾਂ ਨਿੱਜੀ ਆਰਮੀ ਕਿਹਾ ਜਾਂਦਾ ਹੈ। ਇਹ ਬਾਰੇ ਹਾਲੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ।

ਹਾਲਾਂਕਿ ਅਧਿਕਾਰਤ ਤੌਰ ‘ਤੇ ਵਾਗਨਰ ਨੂੰ ਰੂਸੀ ਸੈਨਾ ਕਿਹਾ ਜਾਂਦਾ ਹੈ ਪਰ ਇਹ ਅਫ਼ਵਾਹ ਹੈ ਕਿ ਵਾਗਨਰ ਸਮੂਹ ਅਣਅਧਿਕਾਰਤ ਤੌਰ ਉੱਤੇ ਫੌਜ ਵਿੱਚ ਕੰਮ ਕਰ ਰਿਹਾ ਹੈ।

ਬੀਬੀਸੀ ਨੇ ਫੈਸਲ ਖਾਨ ਨੂੰ ਇਸ ਬਾਰੇ ਪੁੱਛਿਆ।

ਪਹਿਲਾਂ ਉਨ੍ਹਾਂ ਨੇ ਕਿਹਾ ਕਿ ਇਹ ਵਾਗਨਰ ਗਰੁੱਪ ਹੈ ਫਿਰ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਰੂਸੀ ਫੌਜ ਵਿੱਚ ਕੰਮ ਕਰਨ ਲਈ ਭਰਤੀ ਕੀਤਾ ਗਿਆ ਹੈ।

ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਕੀ ਇਹ ਦੋਵੇਂ ਵੱਖਰੇ-ਵੱਖਰੇ ਸਮੂਹ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਸਾਰੇ ਰੂਸੀ ਫੌਜ ਹਨ।

ਬੀਬੀਸੀ ਨੇ ਇਸ ਮੁੱਦੇ ਉੱਤੇ ਰੂਸ ਵਿੱਚ ਏਜੰਟ ਰਹੇ ਮੋਈਨ ਤੋਂ ਜਵਾਬ ਲੈਣ ਦੀ ਕੋਸ਼ਿਸ਼ ਕੀਤੀ। ਉਹ ਫੋਨ ਉੱਤੇ ਉਪਲਬਧ ਨਹੀਂ ਸਨ।

ਬੀਬੀਸੀ ਨੇ ਅਫ਼ਸਾਨ ਦੇ ਭਰਾ ਮੁਹੰਮਦ ਇਮਰਾਨ ਨਾਲ ਗੱਲ ਕੀਤੀ ਜੋ ਹੈਦਰਾਬਾਦ ਦੇ ਨਾਮਪੱਲੀ ਵਿੱਚ ਹਨ।

ਉਨ੍ਹਾਂ ਨੇ ਕਿਹਾ, “ਬੌਂਡ ਪੇਪਰ ਰੂਸੀ ਭਾਸ਼ਾ ਵਿੱਚ ਹਨ, ਬਾਅਦ ਵਿੱਚ ਜਦੋਂ ਮੇਰੇ ਛੋਟੇ ਭਰਾ ਨੇ ਮੈਨੂੰ ਬੌਂਡ ਪੇਪਰ ਦੀ ਜਾਣਕਾਰੀ ਭੇਜੀ ਤਾਂ ਮੈਂ ਉਸਦਾ ਤਰਜਮਾ ਕੀਤਾ ਅਤੇ ਪੜ੍ਹਿਆ।”

ਉਨ੍ਹਾਂ ਨੇ ਕਿਹਾ, “ਵਾਗਨਰ ਗਰੁੱਪ ਉੱਥੇ ਨਹੀ ਹੈ ਪਰ ਰੂਸੀ ਫੌਜ ਉੱਥੇ ਹੈ।”

ਏਜੰਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੀਬੀਸੀ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਸ ਪੂਰੇ ਮਾਮਲੇ ਪਿੱਛੇ 5 ਏਜੰਟ ਹਨ

ਤਿੰਨ ਦੇਸ਼ ਪੰਜ ਏਜੰਟ

ਬੀਬੀਸੀ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਸ ਪੂਰੇ ਮਾਮਲੇ ਪਿੱਛੇ 5 ਏਜੰਟ ਹਨ।

ਇਹ ਸਾਰੇ ਭਾਰਤ ਤੋਂ ਹਨ ਪਰ ਵੱਖ-ਵੱਖ ਦੇਸ਼ਾਂ ਵਿੱਚ ਰਹਿ ਰਹੇ ਹਨ।

ਰੂਸ ਵਿੱਚ ਫੌਜ ਸਣੇ ਵੱਖ-ਵੱਖ ਸੰਗਠਨਾਂ ਵਿੱਚ ਨੌਕਰੀ ਦੇ ਨਾਮ ਉੱਤੇ ਭਾਰਤੀ ਨੌਜਵਾਨਾਂ ਨੂੰ ਲਿਜਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਤੋਂ ਪੈਸੇ ਵਸੂਲੇ ਜਾ ਰਹੇ ਹਨ।

ਰਾਜਸਥਾਨ ਦੇ ਮੋਇਨ ਅਤੇ ਤਾਮਿਲਨਾਡੂ ਦੇ ਪਲਾਨੀਸਾਮੀ ਰਮੇਸ਼ ਕੁਮਾਰ ਰੂਸ ਵਿੱਚ ਕੰਮ ਕਰ ਰਹੇ ਹਨ।

ਇਨ੍ਹਾਂ ਦੇ ਸਿਲਸਿਲੇ ਵਿੱਚ ਫੈਸਲ ਖਾਨ ਦੁਬਈ ਵਿੱਚ ਰਹਿ ਰਹੇ ਹਨ, ਉਹ ਬਾਬਾ ਬਲੌਗਜ਼ ਨਾਮ ਦਾ ਯੂਨਿਟਊਬ ਚੈਨਲ ਚਲਾਉਂਦੇ ਹਨ।

ਮੁੰਬਈ ਵਿੱਚ ਸੂਫੀਆਨ ਅਤੇ ਪੂਜਾ ਨਾਮ ਦੇ ਏਜੰਟ ਵੀ ਉਨ੍ਹਾਂ ਲਈ ਕੰਮ ਕਰਦੇ ਹਨ।

ਇਸ ਘਟਨਾ ਤੋਂ ਬਾਅਦ ਮੁੰਬਈ ਵਿੱਚ ਏਜੰਟ ਫੋਨ ਉੱਤੇ ੳਪਲਬਧ ਨਹੀਂ ਹਨ। ਫੈਸਲ ਖਾਨ ਨਾਲ ਸੰਪਰਕ ਹੁੰਦਿਆਂ ਹੀ ਬੀਬੀਸੀ ਨੇ ਉਨ੍ਹਾਂ ਨਾਲ ਗੱਲ ਕੀਤੀ।

ਬੀਬੀਸੀ ਨੇ ਰੂਸ ਵਿੱਚ ਮੋਈਨ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਇਹ ਕਹਿ ਕੇ ਫੋਨ ਰੱਖ ਦਿੱਤਾ ਕਿ ਉਹ ਬਾਅਦ ਵਿੱਚ ਗੱਲ ਕਰਨਗੇ ਪਰ ਫਿਰ ਉਨ੍ਹਾਂ ਨੇ ਕਦੇ ਸੰਪਰਕ ਨਹੀਂ ਕੀਤਾ।

ਹਰੇਕ ਕੋਲੋਂ 3 ਲੱਖ ਰੁਪਏ ਲਏ

3 ਲੱਖ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਏਜੰਟਾਂ ਨੇ ਨੌਜਵਾਨਾਂ ਨੂੰ ਇਹ ਸੁਪਨਾ ਦਿਖਾਇਆ ਸੀ ਕਿ ਉਹ 1 ਲੱਖ ਤੋਂ 1.50 ਲੱਖ ਰੁਪਏ ਪ੍ਰਤੀ ਮਹੀਨਾ ਤਨਖਾਹ ਲੈ ਸਕਦੇ ਹਨ

ਏਜੰਟਾਂ ਨੇ ਨੌਜਵਾਨਾਂ ਨੂੰ ਇਹ ਸੁਪਨਾ ਦਿਖਾਇਆ ਸੀ ਕਿ ਉਹ 1 ਲੱਖ ਤੋਂ 1.50 ਲੱਖ ਰੁਪਏ ਪ੍ਰਤੀ ਮਹੀਨਾ ਤਨਖਾਹ ਲੈ ਸਕਦੇ ਹਨ। ਉੱਥੇ ਜਾਣ ਤੋਂ ਬਾਅਦ ਸਿਖਲਾਈ ਦੇ ਨਾਮ ਉੱਤੇ ਉਨ੍ਹਾਂ ਨੂੰ 40 ਤੋਂ 50 ਹਜ਼ਾਰ ਰੁਪਏ ਦਿੱਤੇ ਗਏ।

ਫੈਸਲ ਖਾਨ ਉਨ੍ਹਾਂ ਨੂੰ ਕਹਿੰਦੇ ਰਹੇ ਕਿ ਉਨ੍ਹਾਂ ਦੀ ਤਨਖਾਹ ਵਿੱਚ ਵਾਧਾ ਹੋਵੇਗਾ।

ਫੈਸਲ ਖਾਨ ਨੇ ਹਰੇਕ ਕੋਲੋਂ ਤਿੰਨ ਲੱਖ ਰੁਪਏ ਲਏ।

ਤੇਲੰਗਾਨਾ ਦੇ ਨਰਾਇਜ਼ਪੇਟ ਵਿੱਚਲੇ ਸੂਫੀਆਨ ਦੇ ਵੱਡੇ ਭਰਾ ਸਈਦ ਸਲਮਾਨ ਨੇ ਬੀਬੀਸੀ ਨੂੰ ਕਿਹਾ, “ਜਦੋਂ ਮੇਰਾ ਛੋਟਾ ਭਰਾ ਦੁਬਈ ਵਿੱਚ ਸੀ ਉਹ ਮੈਨੂੰ ਪਹਿਲੇ ਸਾਲ ਚੰਗੇ ਪੈਸੇ ਭੇਜਦਾ ਸੀ, ਪਰ ਉਸ ਨੇ ਪੈਸੇ ਭੇਜਣੇ ਬੰਦ ਕਰ ਦਿੱਤੇ।”

ਉਨ੍ਹਾਂ ਦੱਸਿਆ, “ਉਸ ਨੇ ਆਪਣੇ ਕਮਾਏ ਹੋਏ ਪੈਸੇ ਲੁਕਾਏ ਅਤੇ ਏਜੰਟਾਂ ਨੂੰ ਦੇ ਦਿੱਤੇ, ਉਸ ਨੇ ਸੋਚਿਆ ਸੀ ਕਿ ਉਹ ਰੂਸ ਜਾ ਕੇ ਵੱਧ ਕਮਾਈ ਕਰ ਸਕਦਾ ਹੈ ਪਰ ਹੁਣ ਸਾਰੇ ਹਾਲਾਤ ਬਦਲ ਗਏ ਹਨ।”

ਫੈਸਲ ਖਾਨ ਨੇ ਦੱਸਿਆ, “ਇਹ ਸੱਚ ਹੈ ਕਿ ਮੈਂ ਤਿੰਨ ਲੱਖ ਰੁਪਏ ਲਏ ਇਹ ਪ੍ਰਕਿਰਿਆ ਦਾ ਹਿੱਸਾ ਸੀ, ਮੈਂ ਇਸ ਵਿੱਚੋਂ ਸਿਰਫ਼ 50,000 ਰੁਪਏ ਲੈਂਦਾ ਹਾਂ ਅਤੇ ਬਾਕੀ ਪੈਸੇ ਰੂਸ ਵਿੱਚ ਏਜੰਟਾਂ ਨੂੰ ਦਿੰਦਾ ਹਾਂ।”

ਸਲਮਾਨ ਨੇ ਕਿਹਾ, “ਸਾਨੂੰ ਆਖ਼ਰੀ ਮੌਕੇ ਤੱਕ ਨਹੀਂ ਪਤਾ ਸੀ ਕਿ ਉਹ ਰੂਸ ਜਾ ਰਿਹਾ ਹੈ।”

ਸਲਮਾਨ ਨੇ ਦੱਸਿਆ, “ਸਾਨੂੰ ਪਤਾ ਲੱਗਾ ਕਿ ਸੂਫੀਆਨ ਰੂਸ ਚਲਾ ਗਿਆ ਹੈ, ਉਹ ਇਹ ਕਿਹਾ ਕਰਦਾ ਸੀ ਕਿ ਉਹ ਯੂਰਪੀ ਮੁਲਕਾਂ ਵਿੱਚ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ, ਏਜੰਟਾਂ ਨੇ ਭਰਾ ਨੂੰ ਇਹ ਦੱਸਣ ਤੋਂ ਮਨ੍ਹਾ ਕੀਤਾ ਸੀ ਕਿ ਉਹ ਰੂਸ ਜਾ ਰਿਹਾ ਹੈ।”

21 ਫਰਵਰੀ ਨੂੰ ਕੁਝ ਪੀੜਤ ਪਰਿਵਾਰ ਹੈਦਰਾਬਾਦ ਦੇ ਮੈਂਬਰ ਪਾਰਲੀਮੈਂਟ ਅਸੁਦੁੱਦੀਨ ਓਵੈਸੀ ਨੂੰ ਮਿਲੇ।

ਉਹ ਇਹ ਮੰਗ ਕਰ ਰਹੇ ਸਨ ਕਿ ਉਨ੍ਹਾਂ ਦੇ ਬੱਚੇ ਵਾਪਸ ਲਿਆਂਦੇ ਜਾਣ।

ਓਵੈਸੀ ਵੱਲੋਂ ਇਸ ਬਾਰੇ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਇੱਕ ਚਿੱਠੀ ਵੀ ਲਿਖੀ ਗਈ ਹੈ।

ਭਾਰਤ ਦੇ ਵਿਦੇਸ਼ ਮੰਤਰਾਲੇ ਦਾ ਕੀ ਕਹਿਣਾ ਹੈ

ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ, ਰਣਧੀਰ ਜੈਸਵਾਲ ਨੇ ਕਿਹਾ, “ਇਹ ਸਾਹਮਣੇ ਆਇਆ ਕਿ ਕੁਝ ਨੌਕਰੀ ਦੀ ਭਾਲ ਵਿੱਚ ਉੱਥੇ ਗਏ ਹਨ ਰੂਸੀ ਫੋਜ ਵਿੱਚ ਫਸ ਗਏ ਹਨ।

ਉਨ੍ਹਾਂ ਨੇ ਕਿਹਾ, “ਭਾਰਤੀ ਅੰਬੈਸੀ ਰੂਸੀ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ ਅਤੇ ਅਸੀਂ ਉਨ੍ਹਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ ਕਰ ਰਹੇ ਹਾਂ, ਅਸੀਂ ਸਾਰੇ ਭਾਰਤੀਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਉਹ ਅਜਿਹੇ ਧੋਖਿਆਂ ਤੋਂ ਬਚਣ।”

ਬੀਬੀਸੀ ਨੇ ਰੂਸ ਵਿੱਚਲੀ ਭਾਰਤੀ ਅੰਬੈਸੀ ਅਤੇ ਭਾਰਤੀ ਵਿਚਲੀ ਰੂਸੀ ਅੰਬੈਸੀ ਨਾਲ ਈਮੇਲ ਰਾਹੀਂ ਸੰਪਰਕ ਕੀਤਾ, ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਆਇਆ।

ਇਮਰਾਨ ਨੇ ਹੈਦਰਾਬਾਦ ਦੇ ਨਾਮਪਾਲੀ ਪੁਲਿਸ ਸਟੇਸ਼ਨ ਵਿੱਚ ਆਪਣੇ ਭਰਾ ਦੇ ਲਾਪਤਾ ਹੋਣ ਬਾਰੇ ਇੱਕ ਸ਼ਿਕਾਇਤ ਦਰਜ ਕਰਵਾਈ।

ਪੁਲਿਸ ਨੇ ਧੌਖਾਧੜੀ ਦੇ ਜੁਰਮ ਤਹਿਤ ਫੈਸਲ ਖਾਨ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)