ਹਰਿਆਣਾ ਤੋਂ ਪਰਵਾਸ: ਵਾਲੀਬਾਲ ਦੀ ਫੈਕਟਰੀ ਮੰਨੇ ਜਾਂਦੇ ਪਿੰਡ ਨੂੰ ਛੱਡ ਨੌਜਵਾਨ ਕਿਉਂ ਜਹਾਜ਼ਾਂ ਵਿੱਚ ਚੜ੍ਹ ਰਹੇ

ਤਸਵੀਰ ਸਰੋਤ, BBC/ Kamal Saini
- ਲੇਖਕ, ਕਮਲ ਸੈਣੀ
- ਰੋਲ, ਬੀਬੀਸੀ ਸਹਿਯੋਗੀ
ਕੁਰੂਕਸ਼ੇਤਰ ਦੇ ਅਮੀਨ ਪਿੰਡ ਨੂੰ ਵਾਲੀਬਾਲ ਦੀ ਫੈਕਟਰੀ ਮੰਨਿਆ ਜਾਂਦਾ ਹੈ।
ਇੱਥੋਂ ਦੇ ਦੋ ਦਰਜਨ ਦੇ ਕਰੀਬ ਖਿਡਾਰੀ ਵਾਲੀਬਾਲ ਖੇਡ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ।
ਇਸ ਪਿੰਡ ਦੇ ਇੱਕ ਖਿਡਾਰੀ ਨੂੰ 'ਅਰਜੁਨ ਐਵਾਰਡ' ਵੀ ਮਿਲ ਚੁੱਕਿਆ ਹੈ।
ਇਸ ਪਿੰਡ ਨੂੰ 'ਅਭਿਮਨਿਊਪੁਰ' ਨਾਮ ਦੇ ਨਾਲ ਜਾਣਿਆ ਜਾਂਦਾ ਹੈ।
ਪਰ ਇਸ ਪਿੰਡ ਦੇ ਵਾਲੀਬਾਲ ਮੈਦਾਨ ਵਿੱਚ ਕਦੇ ਭਾਰਤੀ ਟੀਮ ਦਾ ਹਿੱਸਾ ਬਣਨ ਦਾ ਸੁਪਨਾ ਦੇਖਣ ਵਾਲੇ ਕਈ ਖਿਡਾਰੀ ਪਿਛਲੇ ਸਮੇਂ ਦੌਰਾਨ ਵੱਖ-ਵੱਖ ਤਰੀਕਿਆਂ ਰਾਹੀਂ ਵਿਦੇਸ਼ ਜਾ ਚੁਕੇ ਹਨ।

ਤਸਵੀਰ ਸਰੋਤ, BBC/ Kamal Saini
ਪਿੰਡ ਵਾਲਿਆਂ ਦੇ ਦਾਅਵਿਆਂ ਮੁਤਾਬਕ ਤਾਂ ਇਸ ਪਿੰਡ ਤੋਂ ਕਰੀਬ 500 ਨੌਜਵਾਨ ਵਿਦੇਸ਼ ਵਿੱਚ ਜਾ ਚੁੱਕੇ ਹਨ।
ਪਿੰਡ ਦੇ ਸਰਪੰਚ ਮੁਤਾਬਕ ਕੁਝ ਨੌਜਵਾਨ ਅਜਿਹੇ ਵੀ ਹਨ ਜਿਨ੍ਹਾਂ ਨੇ ਡੌਂਕੀ ਰੂਟ ਦਾ ਸਹਾਰਾ ਲਿਆ।
ਪਿੰਡ ਦੇ ਪਰਿਵਾਰਾਂ ਅਤੇ ਸਰਪੰਚ ਨਾਲ ਬੀਬੀਸੀ ਨੇ ਇੱਥੋਂ ਦੇ ਨੌਜਵਾਨਾਂ ਦੇ ਵੱਡੀ ਗਿਣਤੀ ਵਿੱਚ ਵਿਦੇਸ਼ਾਂ ਵਿੱਚ ਜਾਣ ਬਾਰੇ ਗੱਲ ਕੀਤੀ।
ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਸਮਾਜ ਸ਼ਾਸਤਰ ਵਿਭਾਗ ਦੇ ਮੁਖੀ ਵਿਜੇਂਦਰ ਸਿੰਘ ਨੇ ਦੱਸਿਆ ਕਿ ਵੱਖ-ਵੱਖ ਕਾਰਨਾਂ ਕਰਕੇ ਪੰਜਾਬ ਜਿਹਾ ਪ੍ਰਵਾਸ ਦਾ ਰੁਝਾਨ ਹਰਿਆਣਾ ਵਿੱਚ ਵੀ ਵੱਧ ਰਿਹਾ ਹੈ।

ਤਸਵੀਰ ਸਰੋਤ, BBC/ Kamal Saini
‘ਪੰਜ ਸਾਲ ਨੌਕਰੀ ਦੀ ਉਡੀਕ ਕੀਤੀ ਫਿਰ ਵਿਦੇਸ਼ ਭੇਜਿਆ’

ਤਸਵੀਰ ਸਰੋਤ, BBC/ Kamal Saini
ਜਗਦੀਸ਼ ਸਿੰਘ ਦੇ ਪੁੱਤਰ ਦਾ ਨਾਮ ਅਰਵਿੰਦ ਕੁਮਾਰ ਹੈ ਜੋ ਕਰੀਬ ਅੱਠ ਮਹੀਨੇ ਪਹਿਲਾਂ ਵਿਦੇਸ਼ ਜਾ ਚੁੱਕਾ ਹੈ। ਅਰਵਿੰਦ ਇੱਕ ਵਾਲੀਬਾਲ ਖਿਡਾਰੀ ਹਨ।
ਜਗਦੀਸ਼ ਦੱਸਦੇ ਹਨ, "ਅਰਵਿੰਦ ਨੇ ਕਰੀਬ 10 ਸਾਲ ਵਾਲੀਬਾਲ ਖੇਡੀ। ਸੂਬਾ ਅਤੇ ਰਾਸ਼ਟਰੀ ਪੱਧਰ ਉੱਤੇ ਕਈ ਮੈਡਲ ਵੀ ਅਰਵਿੰਦ ਦੇ ਨਾਮ ਹਨ। ਅਰਵਿੰਦ ਨੇ ਪੰਜ ਸਾਲਾਂ ਤੱਕ ਨੌਕਰੀ ਦੀ ਤਲਾਸ਼ ਕੀਤੀ।"
ਅਰਵਿੰਦ ਦੇ ਪਿਤਾ ਦੱਸਦੇ ਹਨ ਕਿ ਉਨ੍ਹਾਂ ਦੇ ਪੁੱਤਰ ਅਰਵਿੰਦਰ ਇੱਕ ਸਰਕਾਰੀ ਨੌਕਰੀ ਲਈ ਵੇਟਲਿਸਟ ਵਿੱਚ ਸਨ।
ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਸਪੋਰਟਸ ਕੋਟੇ ਦੇ ਬੱਚਿਆਂ ਨੂੰ ਟ੍ਰਾਇਲ ਬੇਸ ਉੱਤੇ ਨੌਕਰੀ ਮਿਲਦੀ ਸੀ ਅਤੇ ਹੁਣ ਲਿਖਤੀ ਪ੍ਰੀਖਿਆ ਲਈ ਜਾਂਦੀ ਹੈ ਇਸ ਲਈ ਉਨ੍ਹਾਂ ਦੇ ਪੁੱਤਰ ਨੂੰ ਨੌਕਰੀ ਨਹੀਂ ਮਿਲੀ।
ਉਨ੍ਹਾਂ ਨੇ ਦੱਸਿਆ, "ਨੌਕਰੀ ਲਈ ਪੰਜ ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਕਰੀਬ 25 ਲੱਖ ਰੁਪਏ ਖਰਚ ਕਰਕੇ ਉਸ ਨੂੰ ਵਰਕ ਪਰਮਿਟ ਉੱਤੇ ਵਿਦੇਸ਼ ਭੇਜਣਾ ਪਿਆ ਸੀ।"

ਤਸਵੀਰ ਸਰੋਤ, BBC/ Kamal Saini
ਉੱਥੇ ਹੀ ਸੰਜੀਵ ਕੁਮਾਰ ਇੱਕ ਕਿਸਾਨ ਹਨ ਜਿਨ੍ਹਾਂ ਨੇ ਆਪਣੇ ਪੁੱਤਰ ਗੌਰਵ ਚੌਹਾਨ ਨੂੂੰ ਜ਼ਮੀਨ ਵੇਚ ਕੇ ਵਿਦੇਸ਼ ਭੇਜਿਆ ਸੀ।
ਗੌਰਵ ਵੀ ਪਹਿਲਾਂ ਵਾਲੀਬਾਲ ਖੇਡਦੇ ਸਨ ਅਤੇ ਉਨ੍ਹਾਂ ਦੇ ਨਾਮ ਕਈ ਮੈਡਲ ਹਨ ਪਰ ਨੌਕਰੀ ਨਾ ਮਿਲ ਸਕਣ ਕਾਰਨ ਉਨ੍ਹਾਂ ਦੇ ਪੁੱਤਰ ਨੂੰ ਵਿਦੇਸ਼ ਜਾਣਾ ਪਿਆ।
ਉਹ ਦੱਸਦੇ ਹਨ, "ਮੇਰੇ ਪੁੱਤਰ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਅਤੇ ਉਹ ਵਾਲੀਬਾਲ ਦਾ ਚੰਗਾ ਖਿਡਾਰੀ ਸੀ, ਉਹ ਮਾਰਚ 2023 ਵਿੱਚ ਨਿਊਜ਼ੀਲੈਂਡ ਚਲਾ ਗਿਆ।"
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਨਿਊਜ਼ੀਲੈਂਡ ਵਰਕ ਵੀਜ਼ਾ ਉੱਤੇ ਗਿਆ ਹੈ, ਇਸ ਉੱਤੇ ਉਨ੍ਹਾਂ ਦਾ ਤਕਰੀਬਨ 22 ਲੱਖ ਖਰਚਾ ਆਇਆ।
ਉਹ ਦੱਸਦੇ ਹਨ ਕਿ ਉਨ੍ਹਾਂ ਦੇ ਪੁੱਤਰ ਨੇ ਅੱਠਵੀਂ ਤੋਂ ਲੈ ਕੇ ਬੀਏ ਤੱਕ ਵਾਲੀਬਾਲ ਖੇਡੀ ਅਤੇ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿੱਚ ਵੀ ਭਾਗ ਲਿਆ।
ਵਿਦੇਸ਼ ਜਾਣਾ ਟਰੈਂਡ ਬਣ ਗਿਆ ਹੈ

ਤਸਵੀਰ ਸਰੋਤ, BBC/ Kamal Saini
ਗੌਰਵ ਜ਼ੈਲਦਾਰ ਅਮੀਨ ਪਿੰਡ ਦੇ ਸਰਪੰਚ ਹਨ। ਉਨ੍ਹਾਂ ਨੇ ਬੀਐਡ, ਬੀਏਐਲਐਲਬੀ ਅਤੇ ਐਮਬੀਏ ਦੀ ਪੜ੍ਹਾਈ ਕੀਤੀ ਹੋਈ ਹੈ।
ਪਿੰਡ ਵਿੱਚ ਪ੍ਰਵਾਸ ਦੇ ਰੁਝਾਨ ਬਾਰੇ ਉਨ੍ਹਾਂ ਨੇ ਦੱਸਿਆ, “ਸਾਡੇ ਪਿੰਡ ਦੇ 500 ਦੇ ਕਰੀਬ ਬੱਚੇ ਵਿਦੇਸ਼ ਚਲੇ ਗਏ ਹਨ ਜਿਨ੍ਹਾਂ ਵਿੱਚ ਸਟੱਡੀ ਵੀਜ਼ਾ, ਸਪੌਂਸਰ ਜਾਂ ਡੌਂਕੀ ਰੂਟ ਰਾਹੀਂ ਵਿਦੇਸ਼ ਜਾ ਚੁੱਕੇ ਹਨ।”
ਉਹ ਦੱਸਦੇ ਹਨ ਕਿ ਉਨ੍ਹਾਂ ਦਾ ਪਿੰਡ ਪੜ੍ਹਿਆ ਲਿਖਿਆ ਪਿੰਡ ਹੈ ਅਤੇ ਸ਼ੁਰੂਆਤ ਵਿੱਚ ਕੁਝ ਬੱਚੇ ਸਟੱਡੀ ਵੀਜ਼ਾ ਲੈ ਕੇ ਵਿਦੇਸ਼ ਜਾਂਦੇ ਸਨ, ਪਰ ਪਿਛਲੇ ਦੋ ਸਾਲਾਂ ਤੋਂ ਇੱਥੇ ਡੌਂਕੀ ਰੂਟ ਰਾਹੀਂ ਵਿਦੇਸ਼ ਜਾਣ ਦਾ ਰੁਝਾਨ ਵੀ ਵਧਿਆ ਹੈ।

ਤਸਵੀਰ ਸਰੋਤ, BBC/ Kamal Saini
ਪਿੰਡ ਦੇ ਸਰਪੰਚ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਕਾਫੀ ਬੱਚੇ ਅਜਿਹੇ ਸਨ ਜਿਹੜੇ ਵਾਲੀਬਾਲ ਖੇਡਦੇ ਸਨ।
ਪਿੰਡ ਵਿੱਚ ਨੌਜਵਾਨਾਂ ਦੇ ਪ੍ਰਵਾਸ ਦੇ ਕਾਰਨਾਂ ਬਾਰੇ ਆਪਣੀ ਰਾਇ ਦੱਸਦੇ ਹੋਏ ਕਹਿੰਦੇ ਹਨ, “ਪਿੰਡ ਵਿੱਚ ਹਰੇਕ ਕੋਲ ਇੰਨੀਆਂ ਜ਼ਮੀਨਾਂ ਨਹੀਂ ਹਨ ਆਪਣੇ ਪਰਿਵਾਰ ਦੀ ਆਰਥਿਕ ਮਦਦ ਲਈ ਸ਼ੁਰੂਆਤ ਵਿੱਚ ਨੌਜਵਾਨ ਬਾਹਰ ਗਏ ਅਤੇ ਹੁਣ ਜਿਹੜੇ ਘਰੋਂ ਚੰਗੇ ਵੀ ਹਨ ਉਹ ਵੀ ਬਾਹਰ ਜਾ ਰਹੇ ਹਨ ਅਤੇ ਇਹ ਇੱਕ ਟਰੈਂਡ ਬਣ ਗਿਆ ਹੈ।”
ਉਹ ਕਹਿੰਦੇ ਹਨ ਪਿੰਡ ਦੇ ਮੈਦਾਨ ਉੱਤੇ ਇਸ ਦਾ ਇੰਨਾ ਜ਼ਿਆਦਾ ਅਸਰ ਇਸ ਲਈ ਨਹੀਂ ਦਿੱਸਦਾ ਕਿਉਂਕਿ 12ਵੀਂ ਤੱਕ ਦੀ ਪੜ੍ਹਾਈ ਕਰ ਰਹੇ ਬੱਚੇ ਇੱਥੇ ਖੇਡਦੇ ਹੀ ਹਨ।
ਉਹ ਦੱਸਦੇ ਹਨ ਕਿ ਫਿਲਹਾਲ 150 ਦੇ ਕਰੀਬ ਮੁੰਡੇ-ਕੁੜੀਆਂ ਗਰਾਊਂਡ ਵਿੱਚ ਖੇਡਦੇ ਹਨ।
ਪਿੰਡ ਵਿੱਚ ਵਾਲੀਬਾਲ 50 ਸਾਲ ਪਹਿਲਾਂ ਸ਼ੁਰੂ ਹੋਈ

ਤਸਵੀਰ ਸਰੋਤ, BBC/ Kamal Saini
ਸ਼ਿਵ ਕੁਮਾਰ ਹਰਿਆਣਾ ਖੇਡ ਵਿਭਾਗ ਵਿੱਚ ਜੂਨੀਅਰ ਵਾਲੀਬਾਲ ਕੋਚ ਹਨ।
ਅਮੀਨ ਪਿੰਡ ਦੇ ਵਾਲੀਬਾਲ ਨਾਲ ਸਬੰਧ ਬਾਰੇ ਉਨ੍ਹਾਂ ਨੇ ਦੱਸਿਆ, “ਅਮੀਨ ਪਿੰਡ ਵਿੱਚ ਵਾਲੀਬਾਲ ਖੇਡ 50 ਸਾਲ ਪਹਿਲਾਂ ਸ਼ੁਰੂ ਹੋਈ ਸੀ, ਇਸ ਪਿੰਡ ਨੇ ਵਾਲੀਬਾਲ ਖੇਡ ਨੂੰ ਇੱਕ ਅਰਜੁਨ ਐਵਾਰਡੀ ਖਿਡਾਰੀ ਸਣੇ ਕਈ ਚੰਗੇ ਖਿਡਾਰੀ ਦਿੱਤੇ ਹਨ।”
ਉਨ੍ਹਾਂ ਦੱਸਿਆ ਕਿ ਅਰਜੁਨ ਐਵਾਰਡੀ ਖਿਡਾਰੀ ਦਲੇਲ ਸਿੰਘ ਜਿਨ੍ਹਾਂ ਨੇ 4 ਸਾਲ ਭਾਰਤੀ ਟੀਮ ਨੇ ਕਪਤਾਨੀ ਕੀਤੀ, ਜਿਨ੍ਹਾਂ ਦੇ ਅਗਵਾਈ ਥੱਲੇ ਵਾਲੀਬਾਲ ਦੀ ਟੀਮ ਨੇ ਸਿਓਲ ਓਲੰਪਿਕ ਵਿੱਚ ਪਹਿਲੀ ਵਾਰੀ ਕਾਂਸੀ ਦਾ ਤਗਮਾ ਜਿੱਤਿਆ।
ਉਨ੍ਹਾਂ ਦੱਸਿਆ ਕਿ ਬਲਕਾਰ ਸਿੰਘ, ਸੁਨੀਲ ਕੁਮਾਰ, ਸੁਰਿੰਦਰ ਕੁਮਾਰ, ਵਿਕਾਸ ਕੁਮਾਰ ਸਣੇ ਕਈ ਖਿਡਾਰੀਆਂ ਨੇ ਵਾਲੀਬਾਲ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ।
ਉਹ ਦੱਸਦੇ ਹਨ ਕਿ ਹਾਲਾਂਕਿ ਪਿੰਡ ਵਿੱਚੋਂ ਕਈ ਨੌਜਵਾਨ ਵਿਦੇਸ਼ ਗਏ ਹਨ ਪਰ ਵਾਲੀਬਾਲ ਖੇਡਣ ਵਾਲਿਆਂ ਵਿੱਚੋਂ 5 -6 ਜਣੇ ਵਿਦੇਸ਼ ਗਏ ਹਨ।

ਅਜਾਰਾ ਸਿੰਘ ਵੀ ਅਮੀਨ ਦੇ ਰਹਿਣ ਵਾਲੇ ਹਨ।
ਉਨ੍ਹਾਂ ਦੀ ਉਮਰ ਕਰੀਬ 70 ਸਾਲ ਹੈ ਉਹ ਵੀ ਆਪਣੇ ਸਮੇਂ ਵਿੱਚ ਵਾਲੀਬਾਲ ਦੇ ਖਿਡਾਰੀ ਰਹੇ ਹਨ ਉਨ੍ਹਾਂ ਦੀ ਮੰਨੀਏ ਤਾਂ ਪਿੰਡ ਦੀ ਆਬਾਦੀ ਕਰੀਬ 10,000 ਹੈ ਜਿਸ ਵਿੱਚੋਂ 500 ਤੋਂ 600 ਦੇ ਕਰੀਬ ਨੌਜਵਾਨ ਵਿਦੇਸ਼ਾਂ ਵੱਲ ਜਾ ਚੁੱਕੇ ਹਨ।
ਵਿਦੇਸ਼ ਜਾਣ ਵਾਲਿਆਂ ਵਿੱਚ ਕੁੜੀਆਂ ਵੀ ਸ਼ਾਮਲ ਹਨ।
ਉਨ੍ਹਾਂ ਨੇ ਕਿਹਾ ਕਿ ਸਾਡੇ ਪਿੰਡ ਨੇ ਕਈ ਅਜਿਹੇ ਖਿਡਾਰੀ ਦਿੱਤੇ ਹਨ ਜਿਨ੍ਹਾਂ ਨੇ ਦੇਸ਼ ਦੇ ਲਈ ਖੇਡ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਪਰ ਅਜੋਕੇ ਪੀੜ੍ਹੀ ਦਾ ਨਾਮ ਰੌਸ਼ਨ ਕੀਤਾ ਹੈ।
ਉਨ੍ਹਾਂ ਦੱਸਿਆ, “ਸਾਡੇ ਪਿੰਡ ਦੇ 20 ਤੋਂ ਵੀ ਵੱਧ ਵਿਦਿਆਰਥੀ ਕੌਮਾਂਤਰੀ ਪੱਧਰ ਉੱਤੇ ਖੇਡ ਚੁੱਕੇ ਹਨ, ਪਿੰਡ ਦਾ ਹੀ ਨੌਜਵਾਨ ਵਿਕਾਸ ਚੌਹਾਨ ਹਾਲ ਹੀ ਵਿੱਚ ਜਪਾਨ ਵਿੱਚ ਇੱਕ ਮੁਕਾਬਲਾ ਖੇਡ ਕੇ ਆਇਆ ਹੈ।”
ਉਹ ਕਹਿੰਦੇ ਹਨ ਵਿਦੇਸ਼ਾਂ ਵਿੱਚ ਜਾਣ ਵਾਲੇ ਵਿਦਿਆਰਥੀ ਚੰਗੀ ਕਮਾਈ ਕਰਕੇ ਹੀ ਵਿਦੇਸ਼ ਜਾਣ ਨੂੰ ਤਰਜੀਹ ਦੇ ਰਹੇ ਹਨ।
'ਹਰਿਆਣਾ ਪੰਜਾਬ ਨੂੰ ਫੋਲੋਅ ਕਰਦਾ ਹੈ'

ਤਸਵੀਰ ਸਰੋਤ, Kamal Saini/BBC
ਵਿਜੇਂਦਰ ਸਿੰਘ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਵਿਭਾਗ ਦੇ ਮੁਖੀ ਹਨ।
ਹਰਿਆਣਾ ਵਿੱਚ ਪ੍ਰਵਾਸ ਬਾਰੇ ਉਨ੍ਹਾਂ ਨੇ ਦੱਸਿਆ ਕਿ ਹਰਿਆਣਾ ਪੰਜਾਬ ਨੂੰ ਫੋਲੋਅ ਕਰਦਾ ਹੈ, ਪਹਿਲਾਂ ਪੰਜਾਬ ਖੇਡਾਂ ਅਤੇ ਫੌਜ ਵਿੱਚ ਅੱਗੇ ਸੀ ਹੁਣ ਹਰਿਆਣਾ ਅੱਗੇ ਚੱਲ ਰਿਹਾ ਹੈ।
ਉਹ ਕਹਿੰਦੇ ਹਨ ਅਜਿਹਾ ਹੀ ਸਭਿਆਚਾਰ ਜਾਂ ਸੰਗੀਤ ਅਤੇ ਪਰਵਾਸ ਵਿੱਚ ਵੀ ਹੋਇਆ।
ਉਨ੍ਹਾਂ ਅੱਗੇ ਦੱਸਿਆ, "ਹਰਿਆਣਾ ਵਿੱਚ ਪਰਵਾਸ ਪਹਿਲਾਂ ਪੰਜਾਬ ਦੇ ਨੇੜਲੇ ਇਲਾਕਿਆਂ ਵਿੱਚ ਸ਼ੁਰੂ ਹੋਇਆ ਜਿਨ੍ਹਾਂ ਵਿੱਚ ਸਿਰਸਾ, ਫਤਿਹਾਬਾਦ, ਕੈਥਲ, ਜੀਂਦ ਕੁਰੂਕਸ਼ੇਤਰ ਵੀ ਸ਼ਾਮਲ ਹੈ।"
ਉਹ ਕਹਿੰਦੇ ਹਨ ਕਿ ਇਹ ਪਰਵਾਸ ਪੱਛਮੀ ਦੇਸਾਂ ਵੱਲ ਹੋਇਆ।
ਉਨ੍ਹਾਂ ਦੱਸਿਆ, "ਕੋਵਿਡ ਤੋਂ ਬਾਅਦ ਪਰਵਾਸ ਵਧਿਆ ਹੈ, ਸੋਸ਼ਲ ਮੀਡੀਆ ਕਾਰਨ ਵੀ ਲੋਕਾਂ ਦਾ ਰੁਝਾਨ ਵਧਿਆ ਹੈ ਹੁਣ ਹਰਿਆਣਾ ਦੇ ਕੇਂਦਰੀ ਇਲਾਕਿਆਂ ਵਿੱਚੋਂ ਵੀ ਪਰਵਾਸ ਵਧਿਆ ਹੈ।"
ਉਹ ਦੱਸਦੇ ਹਨ ਕਿ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੀ ਆਈਲੈੱਟਸ ਕੇਂਦਰਾਂ ਦੀ ਭਰਮਾਰ ਹੋ ਗਈ ਹੈ।
ਹਰਿਆਣਾ ਵਿੱਚ ਬੇਰੁਜ਼ਗਾਰੀ ਦੀ ਸਥਿਤੀ ਬਾਰੇ ਉਨ੍ਹਾਂ ਦੱਸਿਆ, "ਹਰਿਆਣਾ ਦੇ ਨੌਜਵਾਨ ਸਰਕਾਰੀ ਨੌਕਰੀਆਂ ਨੂੰ ਤਰਜੀਹ ਦਿੰਦੇ ਹਨ, ਸਰਕਾਰੀ ਨੌਕਰੀਆਂ ਘਟਣ ਕਾਰਨ ਬੇਰੁਜ਼ਗਾਰੀ ਵੀ ਇੱਕ ਕਾਰਨ ਬਣੀ ਹੈ।"
ਉਨ੍ਹਾਂ ਦੱਸਿਆ ਕਿ ਪਰਵਾਸ ਦੇ ਕਈ ਸਕਾਰਾਤਮਕ ਪਹਿਲੂ ਵੀ ਹਨ।












