ਡੰਕੀ: ਸੁਪਨਿਆਂ ਦੇ ਦੇਸ ਜਾਣ ਲਈ ਬੂੰਦ-ਬੂੰਦ ਨੂੰ ਤਰਸੇ, 22 ਮਹੀਨੇ ਕੈਦ ਕੱਟੀ, 33 ਲੱਖ ਖਰਚਿਆ, ਪਰ…

ਤਸਵੀਰ ਸਰੋਤ, Shahrukh Khan
- ਲੇਖਕ, ਗਗਨਦੀਪ ਸਿੰਘ ਜੱਸੋਵਾਲ
- ਰੋਲ, ਬੀਬੀਸੀ ਪੱਤਰਕਾਰ
"ਮੈਂ ਆਪਣੀ ਜ਼ਿੰਦਗੀ ਦੇ ਚਾਰ ਅਹਿਮ ਸਾਲ ਖ਼ਰਾਬ ਕੀਤੇ, 33 ਲੱਖ ਰੁਪਏ ਗੁਆਏ ਅਤੇ ਅਮਰੀਕਾ ਜਾਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਜ਼ਮੀਨ ਵੀ ਗੁਆ ਦਿੱਤੀ।"
ਇਹ ਸ਼ਬਦ ਅਮਰੀਕਾ ਤੋਂ ਡਿਪੋਰਟ ਹੋ ਕੇ ਪੰਜਾਬ ਵਿੱਚ ਕੁਲਦੀਪ ਸਿੰਘ ਬੋਪਾਰਾਏ ਦੇ ਹਨ।
ਉਹ ਫਰੀਦਕੋਟ ਜ਼ਿਲ੍ਹੇ ਦੇ ਸ਼ਹਿਰ ਕੋਟਕਪੂਰਾ ਦੇ ਵਸਨੀਕ ਹਨ।
ਕੁਲਦੀਪ ਸਿੰਘ ‘ਡੌਂਕੀ’ ਲਗਾ ਕੇ ਦੇ ਗੈਰ-ਕਾਨੂੰਨੀ ਰਸਤੇ ਅਮਰੀਕਾ ਵਿੱਚ ਦਾਖ਼ਲ ਹੋਇਆ ਸੀ।’
ਬਾਲੀਵੁੱਡ ਸੁਪਰ ਸਟਾਰ ਸ਼ਾਹਰੁਖ ਖਾਨ ਦੀ ਫਿਲਮ ‘ਡੰਕੀ’ (ਪੰਜਾਬੀ ਵਿੱਚ ਆਮ ਕਰਕੇ ਡੌਂਕੀ ਕਿਹਾ ਜਾਂਦਾ) ਰਿਲੀਜ਼ ਹੋਈ ਹੈ, ਜੋ ਕਿ ‘ਡੌਂਕੀ’ ਰਾਹੀਂ ਹੋ ਰਹੇ ਭਾਰਤੀਆਂ ਦੇ ਗੈਰ-ਕਾਨੂੰਨੀ ਪਰਵਾਸ ’ਤੇ ਆਧਾਰਿਤ ਹੈ।
ਪੰਜਾਬ ਵਿੱਚ ਗੈਰ ਕਾਨੂੰਨੀ ਪਰਵਾਸ ਦੌਰਾਨ ਡੌਂਕੀ ਰੂਟ ਰਾਹੀ ਵਿਦੇਸ਼ਾਂ ਵਿੱਚ ਜਾ ਕੇ ਵਸਣ ਦੀਆਂ ਅਨੇਕਾਂ ਕਹਾਣੀਆਂ ਹਨ, ਜੋ ਗਾਹੇ-ਬਗਾਹੇ ਚਰਚਾ ਵਿੱਚ ਆਉਂਦੀਆਂ ਰਹਿੰਦੀਆਂ ਹਨ।
ਡੌਂਕੀ ਫਿਲਮ ਕਾਰਨ ਇਹ ਮਸਲਾ ਮੁੜ ਚਰਚਾ ਵਿੱਚ ਹੈ, ਇਸ ਸੰਦਰਭ ਵਿੱਚ ਬੀਬੀਸੀ ਨਿਊਜ਼ ਪੰਜਾਬੀ ਨੇ ਕੁਲਦੀਪ ਸਿੰਘ ਬੋਪਾਰਾਏ ਤੋਂ ਉਨ੍ਹਾਂ ਦੇ ਡੌਂਕੀ ਰੂਟ ਰਾਹੀ ਪਰਵਾਸ ਕਰਨ ਦੇ ਤਜਰਬੇ ਬਾਰੇ ਜਾਣਿਆ।
ਡੌਂਕੀ ਰੂਟ ਕੀ ਹੈ?

ਤਸਵੀਰ ਸਰੋਤ, Getty Images/ David Mcnew
ਡੰਕੀ ਨੂੰ ਖੇਤਰੀ ਭਾਸ਼ਾ ਵਿੱਚ ਡੌਂਕੀ ਕਿਹਾ ਜਾਂਦਾ ਹੈ, ਇਸ ਦਾ ਸ਼ਬਦ ਪੰਜਾਬੀ ਦੇ ਮੁਹਾਵਰੇ ‘ਇੱਕ ਤੋਂ ਦੂਜੀ ਥਾਂ ਨੂੰ ਟਪੂਸੀਆਂ ਮਾਰਨ’ ਦੇ ਮੁਹਾਵਰੇ ਤੋਂ ਬਣਿਆ ਹੈ।
ਇਨ੍ਹਾਂ ਖ਼ਤਰਨਾਕ ਪਰਵਾਸ ਦੇ ਰਸਤਿਆਂ ਰਾਹੀਂ ਲੋਕ ਅਮਰੀਕਾ, ਯੂਕੇ ਅਤੇ ਯੂਰਪ ਨੂੰ ਜਾਂਦੇ ਹਨ।
ਪੰਜਾਬ ਅਤੇ ਹਰਿਆਣਾ ਦੇ ਹਜ਼ਾਰਾਂ ਨੌਜਵਾਨ ਨੇ ਪੱਛਮੀ ਦੇਸ਼ਾਂ ਖਾਸ ਕਰਕੇ ਅਮਰੀਕਾ ਪਹੁੰਚਣ ਲਈ ‘ਡੌਂਕੀ’ ਦੇ ਰਸਤੇ ਨੂੰ ਤਰਜੀਹ ਦਿੰਦੇ ਹਨ।
ਇਸ ਮਨੁੱਖੀ ਤਸਕਰੀ ਦਾ ਇੱਕ ਕੌਮਾਂਤਰੀ ਨੈੱਟਵਰਕ ਹੈ, ਜਿਸ ਨੂੰ ਖ਼ਤਮ ਕਰਨ ਲਈ ਕਈ ਸਰਕਾਰਾਂ ਦਾਅਵੇ ਕਰਦੀਆਂ ਰਹੀਆਂ ਹਨ, ਪਰ ਇਹ ਵਰਤਾਰਾ ਉਵੇਂ ਹੀ ਜਾਰੀ ਹੈ।
ਪਿਛਲੇ ਸਮੇਂ ਵਿੱਚ ਕਈ ਘਟਨਾਵਾਂ ਸਾਹਮਣੇ ਆਈਆਂ ਹਨ, ਜਿੱਥੇ ਕਈ ਨੌਜਵਾਨਾਂ ਨੇ ਅਮਰੀਕਾ ਜਾਂਦੇ ਸਮੇਂ ਆਪਣੀ ਜਾਨ ਗਵਾਈ ਸੀ।
ਕੁਲਦੀਪ ਦੇ ਸੁਪਨਿਆਂ ਦਾ ਦੇਸ

ਤਸਵੀਰ ਸਰੋਤ, Getty Images/Spencer Platt
ਕੁਲਦੀਪ ਸਿੰਘ ਨੇ ਦੱਸਿਆ ਕਿ ਉਸਦਾ ਸ਼ੁਰੂ ਤੋਂ ਅਮਰੀਕਾ ਜਾਣ ਦਾ ਸੁਪਨਾ ਸੀ ਅਤੇ ਸਾਲ 2010 ਵਿੱਚ ਉਹ ਪਹਿਲਾਂ ਸਿੰਗਾਪੁਰ ਗਿਆ, ਬਾਅਦ ਵਿੱਚ ਡਰਾਈਵਰ ਵਜੋਂ ਇਰਾਕ ਗਿਆ ਸੀ।
ਇਰਾਕ ਤੋਂ 2012 ਵਿੱਚ ਉਹ ਭਾਰਤ ਵਾਪਸ ਆ ਗਿਆ ਅਤੇ ਆਪਣੇ ਦੋਸਤ ਜਗਜੀਤ ਸਿੰਘ ਨਾਲ ਸੰਪਰਕ ਕੀਤਾ, ਜੋ ਅੱਜ ਕੱਲ ਅਮਰੀਕਾ ਵਿੱਚ ਰਹਿੰਦਾ ਹੈ।
ਉਨ੍ਹਾਂ ਨੇ ਅਮਰੀਕਾ ਜਾਣ ਦੀ ਯੋਜਨਾ ਬਣਾਈ ਅਤੇ ਇਕ ਏਜੰਟ ਨਾਲ ਸੰਪਰਕ ਕੀਤਾ।

ਕੁਲਦੀਪ ਸਿੰਘ ਨੇ ਦੱਸਿਆ, “ਸਭ ਤੋਂ ਪਹਿਲਾ ਅਸੀਂ ਅਫਰੀਕਾ ਵਿੱਚ ਕੋਂਗੋ ਗਏ ਸੀ, ਜਿੱਥੇ ਉਸਨੂੰ ਖਾਣਾ ਪਸੰਦ ਨਹੀਂ ਆਇਆ।”
ਫਿਰ ਉਨ੍ਹਾਂ ਨੇ ਆਪਣੇ ਏਜੰਟ ਨੂੰ ਉਨ੍ਹਾਂ ਨੂੰ ਭਾਰਤ ਵਾਪਸ ਭੇਜਣ ਲਈ ਕਿਹਾ, ਕਿਉਂਕਿ ਉਹ ਉੱਥੇ ਨਹੀਂ ਰਹਿਣਾ ਚਾਹੁੰਦੇ ਸਨ।
ਇਸ ਤੋਂ ਬਾਅਦ ਏਜੰਟ ਨੇ ਉਨ੍ਹਾਂ ਨੂੰ ਬ੍ਰਾਜ਼ੀਲ ਜਾਣ ਦਾ ਬਦਲ ਦਿੱਤਾ ਅਤੇ ਉਹ ਉੱਥੇ ਜਾ ਕੇ ਕੰਮ ਕਰਨ ਲੱਗੇ।
ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਬ੍ਰਾਜ਼ੀਲ ਵਿੱਚ ਇੱਕ ਹੋਰ ਏਜੰਟ ਦੇ ਸੰਪਰਕ ਵਿੱਚ ਆਏ, ਜਿਸ ਨੇ ਅਮਰੀਕਾ ਭੇਜਣ ਲਈ 30,000 ਡਾਲਰ ਦੀ ਮੰਗ ਕੀਤੀ।
ਪਹਿਲਾਂ, ਉਨ੍ਹਾਂ ਨੇ ਭਾਰੀ ਰਕਮ ਦੇ ਕਾਰਨ ਅਮਰੀਕਾ ਜਾਣ ਦਾ ਵਿਚਾਰ ਛੱਡ ਦਿੱਤਾ ਤੇ ਕਿਹਾ ਕਿ ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਹਨ।
ਕੁਲਦੀਪ ਨੇ ਕਿਹਾ, "ਸਾਡੇ ਏਜੰਟ ਨੇ ਇੱਕ ਹੋਰ ਬਦਲ ਦਿੱਤਾ, ਇਹ ਸੀ 15,000 ਡਾਲਰ ਵਿੱਚ ਜਹਾਜ਼ ਦੀ ਥਾਂ ਜ਼ਮੀਨੀ ਰਸਤੇ ਅਮਰੀਕਾ ਜਾਣ ਦਾ।”
“ਜਿਸ ਲਈ ਅਸੀਂ ਸਹਿਮਤ ਹੋ ਗਏ।”
ਪਨਾਮਾ ਦੇ ਜੰਗਲਾਂ ‘ਚ ਜਦੋਂ ਬੂੰਦ-ਬੂੰਦ ਨੂੰ ਤਰਸਣਾ ਪਿਆ
ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਏਜੰਟਾਂ ਨੂੰ 3000 ਡਾਲਰ ਦਿੱਤੇ ਅਤੇ ਬਾਅਦ ਵਿਚ ਉਸ ਨੂੰ ਅਤੇ ਉਸ ਦੇ ਦੋਸਤ ਨੂੰ ਪੇਰੂ ਲਈ ਬੱਸ ਵਿਚ ਬਿਠਾ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਫਿਰ ਸਾਡਾ ਏਜੰਟ ਆਪਣੇ ਆਦਮੀ ਜਾਂ ਟੈਕਸੀ ਭੇਜਦਾ ਸੀ, ਅਤੇ ਉਹ ਸਿਰਫ ਹੁਕਮਾਂ ਦੀ ਪਾਲਣਾ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਆਖ਼ਰਕਾਰ ਉਹ ਐਕਵਾਡੋਰ ਵਿੱਚ ਦਾਖ਼ਲ ਹੋਏ, ਜਿੱਥੋਂ ਉਨ੍ਹਾਂ ਨੇ ਅਗਲੇ ਸਫ਼ਰ ਲਈ ਬੱਸ ਫੜੀ।
ਇਸ ਤੋਂ ਬਾਅਦ ਉਹ ਕੋਲੰਬੀਆ ਪਹੁੰਚ ਗਏ, ਜਿੱਥੇ ਉਨ੍ਹਾਂ ਨੂੰ ਕਿਸੇ ਦੇ ਘਰ ਵਿਚ ਰੱਖਿਆ ਗਿਆ।
ਉਨ੍ਹਾਂ ਦੱਸਿਆ, “ਅਸੀਂ ਕੋਲੰਬੀਆ ਤੋਂ ਗੁਆਟੇਮਾਲਾ ਸਮੁੰਦਰੀ ਰਸਤੇ ਰਾਹੀਂ ਦਾਖ਼ਲ ਹੋਏ।”
“ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਭਿਆਨਕ ਯਾਤਰਾ ਸੀ, ਅਤੇ ਅਸੀਂ ਗੁਆਟੇਮਾਲਾ ਦੀ ਗਰਮੀ ਵਿੱਚ ਪੱਖੇ ਤੋਂ ਬਿਨਾਂ ਲਗਭਗ ਛੇ ਦਿਨ ਕੱਟੇ।”

ਤਸਵੀਰ ਸਰੋਤ, GETTY IMAGES
ਕੁਲਦੀਪ ਨੇ ਯਾਦ ਕੀਤਾ ਕਿ ਪਨਾਮਾ ਪਹੁੰਚਣ ਲਈ ਉਨ੍ਹਾਂ ਨੂੰ ਜੰਗਲਾਂ ਨੂੰ ਪਾਰ ਕਰਨ ਲਈ ਕਰੀਬ ਦੋ ਦਿਨ ਪੈਦਲ ਤੁਰਨਾ ਪਿਆ।
ਉਨ੍ਹਾਂ ਦੱਸਿਆ ਕਿ ਜੰਗਲ ਦੇ ਸਫ਼ਰ ਦੌਰਾਨ ਉਨ੍ਹਾਂ ਨੇ ਇੱਕ ਨਦੀ ਪਾਰ ਕੀਤੀ, ਜਿੱਥੇ ਪਾਣੀ ਉਨ੍ਹਾਂ ਦੇ ਗਲੇ ਤੱਕ ਸੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਰੀਬ 8 ਕਿਲੋਗ੍ਰਾਮ ਪਾਣੀ ਅਤੇ ਹੋਰ ਪੀਣ ਵਾਲੇ ਪਦਾਰਥ ਮਿਲੇ, ਇਸ ਦੇ ਮੁੱਕਣ ਤੋਂ ਬਾਅਦ ਉਨ੍ਹਾਂ ਕੋਲ ਪਾਣੀ ਦੀ ਇੱਕ ਵੀ ਬੂੰਦ ਨਹੀਂ ਸੀ।
ਬਾਅਦ ਵਿੱਚ, ਉਨ੍ਹਾਂ ਨੇ ਇੱਕ ਸਾਥੀ ਵਿਅਕਤੀ ਨੂੰ ਕੁਝ ਪਾਣੀ ਸਾਂਝਾ ਕਰਨ ਲਈ ਕਿਹਾ, ਜਿਸਨੇ ਕੁਝ ਪਾਣੀ ਦੇ ਘੁੱਟ ਹੀ ਸਾਂਝੇ ਕੀਤੇ ਸਨ।
ਮੇਰੀ ਜ਼ਿੰਦਗੀ ਦਾ ਇੱਕ ਅਜਿਹਾ ਪਲ ਸੀ, ਜਿੱਥੇ ਮੈਨੂੰ ਪਾਣੀ ਦੀ ਅਹਿਮੀਅਤ ਦਾ ਅਹਿਸਾਸ ਹੋਇਆ ਸੀ।
ਉਸਨੇ ਕਿਹਾ, “ਦੋ ਦਿਨਾਂ ਬਾਅਦ, ਅਸੀਂ ਪਨਾਮਾ ਵਿੱਚ ਦਾਖਲ ਹੋਏ, ਜਿੱਥੇ ਅਸੀਂ ਇੱਥੋਂ ਦੇ ਅਧਿਕਾਰੀਆਂ ਨੂੰ ਅਸੀਂ ਦੱਸਿਆ ਕਿ ਅਸੀਂ ਨੇਪਾਲ ਤੋਂ ਹਾਂ ਅਤੇ ਅਮਰੀਕਾ ਜਾ ਰਹੇ ਹਾਂ।”
ਉਨ੍ਹਾਂ ਅੱਗੇ ਦੱਸਿਆ, “ਮੇਰੇ ਏਜੰਟ ਨੇ ਸਾਨੂੰ ਕਿਹਾ ਸੀ ਕਿ ਤੁਸੀਂ ਆਪਣੇ ਅਸਲੀ ਦੇਸ਼ ਭਾਰਤ ਦਾ ਨਾਮ ਪਨਾਮਾ ਵਿੱਚ ਨਹੀਂ ਦੱਸਣਾ; ਨਹੀਂ ਤਾਂ, ਉਹ ਤੁਹਾਨੂੰ ਡਿਪੋਰਟ ਕਰ ਦੇਣਗੇ।”
ਕੁਲਦੀਪ ਨੇ ਦੱਸਿਆ ਕਿ ਗੁਆਟੇਮਾਲਾ ਤੋਂ ਬਾਅਦ ਉਹ ਸਲਵਾਡੋਰ ਅਤੇ ਉਸ ਤੋਂ ਬਾਅਦ ਮੈਕਸੀਕੋ ਵਿਚ ਦਾਖਲ ਹੋਣ ਵਿਚ ਕਾਮਯਾਬ ਹੋਏ।
ਮੈਕਸੀਕੋ ਤੋਂ ਅਮਰੀਕਾ ਕਿਵੇਂ ਪਹੁੰਚੇ ?

ਤਸਵੀਰ ਸਰੋਤ, GETTY IMAGES
ਕੁਲਦੀਪ ਨੇ ਦੱਸਿਆ ਕਿ ਜਦੋਂ ਉਹ ਮੈਕਸੀਕੋ ਵਿਚ ਦਾਖ਼ਲ ਹੋਇਆ ਤਾਂ ਸਾਡੇ ਇਕ ਏਜੰਟ ਨੇ ਸਾਨੂੰ ਆਪਣੀ ਕਾਰ ਵਿਚ ਬਿਠਾ ਲਿਆ ਅਤੇ ਪਿਛਲੇ ਪਾਸੇ ਲੇਟਣ ਲਈ ਕਿਹਾ।
ਉਸ ਨੇ ਉਨ੍ਹਾਂ ਨੂੰ ਦੁਬਾਰਾ ਇੱਕ ਥਾਂ ’ਤੇ ਲਾਹ ਦਿੱਤਾ, ਜਿੱਥੋਂ ਉਹਨਾਂ ਨੂੰ ਪੈਦਲ ਦੋ ਪਹਾੜੀਆਂ ਪਾਰ ਕਰਨ ਲਈ ਕਿਹਾ ਗਿਆ।
ਕੁਲਦੀਪ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਏਜੰਟਾਂ ਨੇ ਉਨ੍ਹਾਂ ਨੂੰ ਸਥਾਨਕ ਮਾਫੀਆ ਦੇ ਖਤਰੇ ਕਾਰਨ ਮੈਕਸੀਕੋ ਵਿੱਚ ਆਪਣੇ ਘਰ ਤੋਂ ਬਾਹਰ ਨਾ ਜਾਣ ਦੀ ਚੇਤਾਵਨੀ ਦਿੱਤੀ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਉਹ ਇੱਕ ਨਦੀ ਪਾਰ ਕਰ ਕੇ ਅੰਤ ਵਿੱਚ ਆਪਣੇ ਸੁਪਨਿਆਂ ਦੇ ਦੇਸ਼ - ਅਮਰੀਕਾ ਵਿੱਚ ਪਹੁੰਚਿਆ।
ਉਨ੍ਹਾਂ ਨੂੰ ਯੂਐੱਸ ਬਾਰਡਰ ’ਤੇ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ, ਬਾਅਦ ਵਿੱਚ ਜੇਲ੍ਹ ਵਿੱਚ ਠੰਡੇ ਤਾਪਮਾਨ ਵਿੱਚ ਰੱਖਿਆ ਗਿਆ ਸੀ ਫਿਰ ਉਸਨੂੰ ਨਜ਼ਰਬੰਦੀ ਕੇਂਦਰ ਵਿੱਚ ਭੇਜ ਦਿੱਤਾ ਗਿਆ।
ਕੁਲਦੀਪ ਨੇ ਦੱਸਿਆ, ‘‘ਪੁਲਿਸ ਤੇ ਪ੍ਰਸਾਸ਼ਨ ਨੇ ਮੇਰੀ ਪੁੱਛਗਿੱਛ ਕੀਤੀ ਅਤੇ ਉਨ੍ਹਾਂ ਨੂੰ ਮੇਰੇ ’ਤੇ ਸ਼ੱਕ ਹੋ ਗਿਆ।”,
"ਉਨ੍ਹਾਂ ਨੂੰ ਇਹ ਪਤਾ ਲੱਗ ਗਿਆ ਕਿ ਭਾਰਤ ਵਿੱਚ ਮੇਰੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ।"
“ਮੈਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਮੈਨੂੰ ਹੁਣ ਜਲਦੀ ਹੀ ਡਿਪੋਰਟ ਕਰ ਦਿੱਤਾ ਜਾਵੇਗਾ।”

ਤਸਵੀਰ ਸਰੋਤ, Getty Images
ਡਿਪੋਰਟ ਹੋਣ ਦੀ ਗੱਲ ਸੁਣਦਿਆਂ ਹੀ ਆਪਣੇ ਅਹਿਸਾਸਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ, ‘‘ਮੇਰੇ ਸਿਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਕਿਉਂਕਿ ਮੈਂ 30 ਲੱਖ ਰੁਪਏ ਖਰਚ ਕੇ ਅਤੇ ਪੰਜਾਬ 'ਚ ਜ਼ਮੀਨ ਵੇਚ ਕੇ ਅਮਰੀਕਾ ਆਇਆ ਸੀ।’’
ਕੁਲਦੀਪ ਨੇ ਕਿਹਾ ਕਿ ਉਸਨੇ ਅਦਾਲਤ ਵਿੱਚ ਅਪੀਲ ਕੀਤੀ, ਪਰ ਅਦਾਲਤ ਨੇ ਮੇਰੀ ਅਪੀਲ ਨੂੰ ਰੱਦ ਕਰ ਦਿੱਤਾ।
ਉਨ੍ਹਾਂ ਦੱਸਿਆ, “ਬਾਅਦ ਵਿੱਚ, ਮੈਂ ਦੁਬਾਰਾ ਇੱਕ ਦੂਜੀ ਅਪੀਲ ਦਾਇਰ ਕੀਤੀ, ਇਹ ਵੀ ਖ਼ਾਰਜ ਕਰ ਦਿੱਤੀ ਗਈ ਸੀ।”
ਉਨ੍ਹਾਂ ਦੱਸਿਆ ਕਿ ਉਸ ਨੇ ਕਰੀਬ 22 ਮਹੀਨੇ ਨਜ਼ਰਬੰਦੀ ਕੇਂਦਰ ਵਿਚ ਬਿਤਾਏ, ਬਾਅਦ ਵਿਚ ਉਸ ਨੂੰ ਰਿਹਾਅ ਕਰ ਦਿੱਤਾ ਗਿਆ।
ਕੁਲਦੀਪ ਮੁਤਾਬਕ, "ਪੰਜ ਮਹੀਨਿਆਂ ਬਾਅਦ, ਜਦੋਂ ਮੈਂ ਇਮੀਗ੍ਰੇਸ਼ਨ ਦਫ਼ਤਰ ਗਿਆ, ਤਾਂ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੂੰ ਭਾਰਤੀ ਦੂਤਾਵਾਸ ਤੋਂ ਮੇਰਾ ਪਾਸਪੋਰਟ ਮਿਲ ਗਿਆ ਹੈ ਅਤੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ, ਅਤੇ ਇਹ ਅਮਰੀਕਾ ਵਿੱਚ ਮੇਰਾ ਆਖਰੀ ਦਿਨ ਸੀ।"

ਤਸਵੀਰ ਸਰੋਤ, Getty Images
ਕੁਲਦੀਪ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਮਾਪਿਆਂ ਲਈ ਸੁਪਨੇ ਦੇਖੇ ਸਨ ਅਤੇ ਅਮਰੀਕਾ ਵਿੱਚ ਸਖ਼ਤ ਮਿਹਨਤ ਕਰਕੇ ਆਪਣੇ ਪਰਿਵਾਰ ਨੂੰ ਵਧੀਆ ਜੀਵਨ ਦੇਣ ਦੀ ਯੋਜਨਾ ਬਣਾਈ ਸੀ, ਪਰ ਸਭ ਢਹਿ-ਢੇਰੀ ਹੋ ਗਿਆ।
ਕੁਲਦੀਪ ਨੇ ਦੱਸਿਆ, "ਇੱਕ ਵਾਰ ਮੈਨੂੰ ਲੱਗਾ ਕਿ ਮੇਰੇ ਲਈ ਸਭ ਕੁਝ ਖਤਮ ਹੋ ਗਿਆ ਹੈ।"
‘‘ਮੈਨੂੰ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਗਿਆ ਅਤੇ ਮੈਂ 2016 ਵਿੱਚ ਭਾਰਤ ਵਾਪਸ ਆ ਗਿਆ, ਫਿਰ ਮੈਂ ਆਪਣਾ ਟੈਕਸੀ ਦਾ ਕਾਰੋਬਾਰ ਸ਼ੁਰੂ ਕੀਤਾ ਅਤੇ ਹੁਣ ਮੇਰਾ ਹਮੇਸ਼ਾ ਭਾਰਤ ਵਿੱਚ ਰਹਿਣ ਦਾ ਮਨ ਹੈ।’’















