ਮੈਕਸੀਕੋ ਬਾਰਡਰ ਰਾਹੀ ਅਮਰੀਕੀ ਪਰਵਾਸ : ਗੈਰ ਕਾਨੂੰਨੀ ਢੰਗ ਨਾਲ 6 ਮਹੀਨੇ ਵਿਚ ਅਮਰੀਕਾ ਪਹੁੰਚੇ ਪੰਜਾਬੀ ਮੁੰਡੇ ਦੀ ਕਹਾਣੀ

ਪਰਵਾਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 20 ਮਈ ਦੀ ਉਹ ਤਸਵੀਰ ਜਦੋਂ ਇੱਕ ਭਾਰਤੀ ਪਰਿਵਾਰ ਐਰੀਜ਼ੋਨਾ-ਮੈਕਸੀਕੋ ਬਾਰਡਰ ਉੱਤੇ ਅਮਰੀਕਾ ਵਿੱਚ ਪਨਾਹ ਲੈਣ ਦੀ ਚਾਹਤ ਨਾਲ ਬੈਠਾ ਹੈ
    • ਲੇਖਕ, ਬਰਨਡ ਡੇਬੁਸਮਨ ਜੁਨੀਆਰ
    • ਰੋਲ, ਬੀਬੀਸੀ ਨਿਊਜ਼

ਪੰਜਾਬ ਦੇ ਰੂੜੀਵਾਦੀ ਇਲਾਕੇ ਵਿੱਚ ਖੁੱਲ੍ਹ ਕੇ ਇੱਕ ਸਮਲਿੰਗੀ ਵਜੋਂ ਰਹਿ ਰਹੇ ਜਸ਼ਨ ਪ੍ਰੀਤ ਸਿੰਘ ਦੀ ਜ਼ਿੰਦਗੀ ਲੰਬੇ ਸਮੇਂ ਤੱਕ ਮੁਸ਼ਕਿਲਾਂ ਭਰੀ ਰਹੀ।

34 ਸਾਲਾ ਜਸ਼ਨ ਪ੍ਰੀਤ ਸਿੰਘ ਖ਼ੁਦ ਨਾਲ ਉਨ੍ਹਾਂ ਦੇ ਆਪਣੇ ਸ਼ਹਿਰ ਜਲੰਧਰ ਵਿੱਚ ਰੋਜ਼ਾਨਾ ਹੁੰਦੇ ਭੇਦਵਾਦ ਦੇ ਆਦੀ ਹੋ ਗਏ ਸੀ।

ਆਂਢੀਆਂ-ਗੁਆਂਢੀਆਂ ਵੱਲੋਂ ਤੰਗ ਪਰੇਸ਼ਾਨ ਕੀਤਾ ਜਾਣਾ ਤੇ ਕੁੱਟ-ਮਾਰ ਅਤੇ ਪਰਿਵਾਰ ਦਾ ਮੂੰਹ ਮੋੜ ਲੈਣਾ, ਪਰ ਪਿਛਲੇ ਸਾਲ, ਜੋ ਵਾਪਰਿਆ ਉਹ ਵੱਖਰਾ ਹੀ ਸੀ।

ਹਮਲੇ ਵਿੱਚ ਉਨ੍ਹਾਂ ਦੀ ਬਾਂਹ ਟੁੱਟ ਗਈ ਅਤੇ ਅੰਗਠਾ ਕੱਟਿਆ ਗਿਆ।

ਜਸ਼ਨ ਪ੍ਰੀਤ ਨੇ ਕੈਲੀਫੋਰਨੀਆ ਵਿੱਚ ਬੀਬੀਸੀ ਨੂੰ ਦੱਸਿਆ, "15-20 ਲੋਕਾਂ ਨੇ ਮੈਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਮੈਂ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ ਪਰ ਉਨ੍ਹਾਂ ਨੇ ਮੇਰੇ ਸਰੀਰ ਦੇ ਕਈ ਅੰਗ ਵੱਢ ਦਿੱਤੇ।"

ਇਸ ਹਮਲੇ ਤੋਂ ਬਚਣ ਤੋਂ ਬਾਅਦ ਉਹ ਤੁਰਕੀ ਅਤੇ ਫਰਾਂਸ ਵਿੱਚੋਂ ਲੰਘ ਕੇ ਅਮਰੀਕਾ-ਮੈਕਸੀਕੋ ਬਾਰਡਰ ਜ਼ਰੀਏ, ਅਮਰੀਕਾ ਵਿੱਚ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਕੈਲੀਫੋਰਨੀਆ ਪਹੁੰਚੇ।

ਉਹ ਅਜਿਹਾ ਕਰਨ ਵਾਲੇ ਇਕੱਲੇ ਨਹੀਂ ਹਨ। ਅਮਰੀਕਾ ਵਿੱਚ ਭਾਰਤੀ ਪਰਵਾਸੀਆਂ ਦੇ ਆਉਣ ਦੀ ਰਫ਼ਤਾਰ ਭਾਵੇਂ ਹੌਲੀ ਹੈ ਪਰ ਨਿਰੰਤਰ ਹੈ, ਜਿਸ ਕਰਕੇ ਹਰ ਮਹੀਨੇ ਦਰਜਨਾਂ ਜਾਂ ਸੈਂਕੜੇ ਭਾਰਤੀ ਇੱਥੇ ਪਹੁੰਚਦੇ ਹਨ। ਹਾਲਾਂਕਿ, ਇਸ ਸਾਲ ਅੰਕੜਾ ਕਾਫ਼ੀ ਵੱਧ ਗਿਆ ਹੈ।

ਬੀਬੀਸੀ
  • ਪੰਜਾਬ ਵਿੱਚ ਖੁੱਲ੍ਹ ਕੇ ਇੱਕ ਸਮਲਿੰਗੀ ਵਜੋਂ ਰਹਿ ਰਹੇ ਜਸ਼ਨ ਪ੍ਰੀਤ ਸਿੰਘ ਦੀ ਜ਼ਿੰਦਗੀ ਲੰਬੇ ਸਮੇਂ ਤੱਕ ਮੁਸ਼ਕਿਲਾਂ ਭਰੀ ਰਹੀ।
  • ਜਸ਼ਨ ਪ੍ਰੀਤ ਤੁਰਕੀ ਅਤੇ ਫਰਾਂਸ ਵਿੱਚੋਂ ਲੰਘ ਕੇ ਅਮਰੀਕਾ-ਮੈਕਸੀਕੋ ਬਾਰਡਰ ਜ਼ਰੀਏ, ਅਮਰੀਕਾ ਵਿੱਚ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਕੈਲੀਫੋਰਨੀਆ ਪਹੁੰਚੇ।
  • ਅਮਰੀਕਾ ਵਿੱਚ ਭਾਰਤੀ ਪਰਵਾਸੀਆਂ ਦੇ ਆਉਣ ਦੀ ਰਫ਼ਤਾਰ ਭਾਵੇਂ ਹੌਲੀ ਹੈ ਪਰ ਨਿਰੰਤਰ ਹੈ।
  • 2022 ਦੀ ਸ਼ੁਰੂਆਤ ਤੋਂ ਰਿਕਾਰਡ 16,290 ਭਾਰਤੀ ਨਾਗਰਿਕ ਮੈਕਸੀਕੋ ਦੇ ਬਾਰਡਰ ਤੋਂ ਅਮਰੀਕਾ ਨੇ ਹਿਰਾਸਤ ਵਿੱਚ ਲਏ ਹਨ।
  • ਇਮੀਗ੍ਰੇਸ਼ਨ ਕੇਸਾਂ ਦੇ ਮਾਹਿਰ ਵਕੀਲ ਦੀਪਕ ਆਹਲੂਵਾਲੀਆ ਕਹਿੰਦੇ ਹਨ, "ਕਈ ਪ੍ਰਵਾਸੀ, ਵਿੱਤੀ ਕਾਰਨਾਂ ਕਰਕੇ ਅਮਰੀਕਾ ਆ ਰਹੇ ਹਨ, ਕਈ ਭਾਰਤ ਵਿੱਚ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਸੀ।"
  • ਪੰਜਾਬ ਤੋਂ ਆਏ 20 ਸਾਲਾ ਮਨਪ੍ਰੀਤ ਭਾਰਤ ਦੀ ਸੱਤਾਧਿਰ ਭਾਜਪਾ ਖ਼ਿਲਾਫ਼ ਖੁੱਲ੍ਹ ਕੇ ਬੋਲਦੇ ਰਹੇ ਹਨ। ਆਪਣੇ ਸਿਆਸੀ ਵਿਚਾਰਾਂ ਕਾਰਨ ਉਨ੍ਹਾਂ ਨਾਲ ਹੋਈ ਧੱਕੇਸ਼ਾਹੀ ਮਗਰੋਂ ਉਨ੍ਹਾਂ ਨੇ ਦੇਸ਼ ਛੱਡ ਦਿੱਤਾ।
ਬੀਬੀਸੀ

ਵਿੱਤੀ ਸਾਲ 2022 ਦੀ ਸ਼ੁਰੂਆਤ ਤੋਂ ਰਿਕਾਰਡ 16,290 ਭਾਰਤੀ ਨਾਗਰਿਕ ਮੈਕਸੀਕੋ ਦੇ ਬਾਰਡਰ ਤੋਂ ਅਮਰੀਕਾ ਨੇ ਹਿਰਾਸਤ ਵਿੱਚ ਲਏ ਹਨ। ਇਸ ਤੋਂ ਪਹਿਲਾਂ ਸਾਲ 2018 ਵਿੱਚ ਉਦੋਂ ਤੱਕ ਦੀ ਸਭ ਤੋਂ ਵੱਡੀ ਗਿਣਤੀ 8,997 ਸੀ।

ਮਾਹਰ ਇਸ ਵਾਧੇ ਪਿੱਛੇ ਕਈ ਕਾਰਨ ਮੰਨਦੇ ਹਨ ਜਿਵੇਂ ਕਿ ਭਾਰਤ ਵਿੱਚ ਭੇਦ-ਭਾਵ ਦਾ ਮਾਹੌਲ, ਮਹਾਮਾਰੀ ਕਰਕੇ ਲੱਗੀਆਂ ਪਾਬੰਦੀਆਂ ਦਾ ਹਟਾਇਆ ਜਾਣਾ, ਅਮਰੀਕਾ ਵੱਲੋਂ ਸ਼ਰਨਾਰਥੀਆਂ ਦੇ ਸੁਆਗਤ ਦੀ ਧਾਰਨਾ ਅਤੇ ਪਹਿਲਾਂ ਤੋਂ ਕਾਇਮ ਤਸਕਰੀ ਗਿਰੋਹਾਂ ਦਾ ਮਜ਼ਬੂਤ ਹੋਣਾ।

ਟੈਕਸਸ ਅਤੇ ਕੈਲੇਫੋਰਨੀਆਂ ਵਿੱਚ ਭਾਰਤੀਆਂ ਲਈ ਕੇਸ ਲੜ ਚੁੱਕੇ ਇਮੀਗ੍ਰੇਸ਼ਨ ਕੇਸਾਂ ਦੇ ਮਾਹਰ ਵਕੀਲ ਦੀਪਕ ਆਹਲੂਵਾਲੀਆ ਕਹਿੰਦੇ ਹਨ, "ਕਈ ਪ੍ਰਵਾਸੀ, ਵਿੱਤੀ ਕਾਰਨਾਂ ਕਰਕੇ ਅਮਰੀਕਾ ਆ ਰਹੇ ਹਨ, ਕਈ ਭਾਰਤ ਵਿੱਚ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਸੀ।"

ਮੁਸਲਮਾਨ, ਈਸਾਈ ਅਤੇ 'ਨੀਵੀਂ-ਜਾਤ' ਵਾਲੇ ਹਿੰਦੂਆਂ ਤੋਂ ਲੈ ਕੇ ਭਾਰਤ ਦੀ ਐਲਜੀਬੀਟੀ ਕਮਿਊਨਿਟੀ, ਜਿਨ੍ਹਾਂ ਨੂੰ ਕੱਟੜ ਹਿੰਦੂ ਰਾਸ਼ਟਰਵਾਦੀਆਂ ਕੋਲੋਂ ਹਿੰਸਾ ਦਾ ਡਰ ਹੈ।

ਪੰਜਾਬ ਦੇ ਕਿਸਾਨ ਜੋ ਕਿ ਸਾਲ 2020 ਤੋਂ ਪ੍ਰਦਰਸ਼ਨਾਂ ਕਾਰਨ ਉਥਲ-ਪੁਥਲ ਦੀ ਜ਼ਿੰਦਗੀ ਵਿੱਚ ਹਨ।

ਕੌਮਾਂਤਰੀ ਨਿਰੀਖਕ ਕਹਿੰਦੇ ਹਨ ਕਿ ਪਿਛਲੇ ਕੁਝ ਸਾਲਾਂ ਵਿੱਚ ਇਨ੍ਹਾਂ ਸਾਰੇ ਵਰਗਾਂ ਦੇ ਹਾਲਾਤ ਖ਼ਰਾਬ ਹੋਏ ਹਨ।

ਮੁਸ਼ਕਿਲ ਫ਼ੈਸਲੇ

ਜਸ਼ਨ ਪ੍ਰੀਤ ਸਿੰਘ ਲਈ ਆਪਣਾ ਮੁਲਕ ਛੱਡਣ ਦਾ ਫ਼ੈਸਲਾ ਸੌਖਾ ਨਹੀਂ ਸੀ। ਉਨ੍ਹਾਂ ਨੇ ਪਹਿਲਾਂ ਭਾਰਤ ਵਿੱਚ ਹੀ ਕਿਸੇ ਹੋਰ ਸ਼ਹਿਰ ਅੰਦਰ ਵਸਣ ਬਾਰੇ ਸੋਚਿਆ, ਪਰ ਉੱਥੇ ਵੀ ਬੁਰੇ ਵਤੀਰੇ ਦਾ ਉਨ੍ਹਾਂ ਨੂੰ ਡਰ ਸੀ।

ਉਹ ਕਹਿੰਦੇ ਹਨ, "ਸਮਲਿੰਗੀ ਲੋਕਾਂ ਲਈ ਉੱਥੇ ਸੌੜੀ ਸੋਚ ਵਾਲਾ ਸੱਭਿਆਚਾਰ ਹੈ। ਉੱਥੇ ਸਮਲਿੰਗੀ ਹੋਣਾ ਇੱਕ ਬਹੁਤ ਵੱਡਾ ਮਸਲਾ ਹੈ।"

ਪਰਵਾਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕਾ-ਮੈਕਸੀਕੋ ਬਾਰਡਰ

ਭਾਰਤ ਨੇ ਸਾਲ 2018 ਵਿੱਚ ਹੀ ਸਮਲਿੰਗੀ ਸੈਕਸ ਨੂੰ ਕਾਨੂੰਨੀ ਮਾਨਤਾ ਦਿੱਤਾ ਸੀ ਅਤੇ ਸਮਲਿੰਗੀ ਵਿਆਹ ਹਾਲੇ ਵੀ ਗੈਰ-ਕਾਨੂੰਨੀ ਹਨ।

ਜਸ਼ਨ ਪ੍ਰੀਤ ਸਿੰਘ ਦੇ ਭਰਾ ਨੇ ਉਨ੍ਹਾਂ ਦਾ ਸੰਪਰਕ ਭਾਰਤ ਵਿੱਚ ਇੱਕ 'ਟਰੈਵਲ ਏਜੰਸੀ' ਨਾਲ ਕਰਵਾਇਆ ਸੀ ਜੋ ਕਿ ਇੱਕ ਆਧੁਨਿਕ ਤੇ ਮਹਿੰਗੇ ਤਸਕਰੀ ਗਿਰੋਹ (ਨੈਟਵਰਕ) ਦਾ ਹਿੱਸਾ ਸੀ। ਇਹ ਗਿਰੋਹ ਉਸ ਨੂੰ ਪਹਿਲਾਂ ਤੁਰਕੀ ਲੈ ਕੇ ਗਿਆ, ਜਿੱਥੇ ਜ਼ਿੰਦਗੀ ਬਹੁਤ ਔਖੀ ਸੀ।

ਫਿਰ ਜਸ਼ਨ ਪ੍ਰੀਤ ਨੂੰ ਫਰਾਂਸ ਭੇਜਿਆ ਗਿਆ, ਜਿੱਥੇ ਉਹ ਕੁਝ ਸਮਾਂ ਰਹੇ ਪਰ ਕੰਮ ਨਾ ਲੱਭ ਸਕਿਆ। ਇਸ ਪੂਰੇ ਸਫ਼ਰ ਵਿੱਚ ਜਸ਼ਨ ਪ੍ਰੀਤ ਨੇ ਛੇ ਮਹੀਨੇ ਲਗਾਏ।

ਆਖ਼ਿਰਕਾਰ ਉਸ ਦੇ ਟਰੈਵਲ ਏਜੰਟ ਨੇ ਭਾਰਤੀਆਂ ਦੇ ਇੱਕ ਝੁੰਡ ਨਾਲ ਉਸ ਨੂੰ ਅਮਰੀਕਾ ਭੇਜਣ ਦੀ ਗੱਲ ਕੀਤੀ।

ਜਸ਼ਨ ਪ੍ਰੀਤ ਨੇ ਦੱਸਿਆ, "ਟਰੈਵਲ ਏਜੰਟ ਨੇ ਸਾਡੇ ਤੋਂ ਵੱਡੀ ਰਕਮ ਵਸੂਲੀ। ਪਰ ਫਰਾਂਸ ਤੋਂ ਮੈਨੂੰ ਕੰਕੁਨ ਅਤੇ ਉੱਥੋਂ ਮੈਕਸੀਕੋ ਸ਼ਹਿਰ ਅਤੇ ਉੱਤਰੀ ਅਮਰੀਕਾ ਭੇਜਿਆ।"

ਪਰਵਾਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2019 ਦੀ ਉਹ ਤਸਵੀਰ ਜਦੋਂ ਭਾਰਤੀ ਪਰਵਾਸੀ ਪਨਾਮਾ ਦੇ ਇੱਕ ਕੈਂਪ ਵਿੱਚ ਮੌਜੂਦ ਸਨ
ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

ਇੱਕ ਔਖਾ ਸਫ਼ਰ

ਵਕੀਲ ਦੀਪਕ ਆਹਲੂਵਾਲੀਆ ਨੇ ਕਿਹਾ ਕਿ ਜਸ਼ਨ ਪ੍ਰੀਤ ਜਿਹੇ ਪਰਵਾਸੀ ਅਕਸਰ ਅਮਰੀਕਾ ਨੂੰ ਬਿਹਤਰ ਜ਼ਿੰਦਗੀ ਦੇ ਦਰਵਾਜ਼ੇ ਦੀ ਤਰ੍ਹਾਂ ਦੇਖਦੇ ਹਨ। ਹਾਲਾਂਕਿ ਲੰਬੀ ਦੂਰੀ ਅਮਰੀਕਾ ਤੱਕ ਦੀ ਯਾਤਰਾ ਨੂੰ ਚੁਣੌਤੀਪੂਰਨ ਬਣਾਉਂਦੀ ਹੈ।

ਰਵਾਇਤੀ ਤੌਰ 'ਤੇ ਮੈਕਸੀਕੋ-ਅਮਰੀਕਾ ਬਾਰਡਰ 'ਤੇ ਪਹੁੰਚਣ ਵਾਲੇ ਭਾਰਤੀ ਪ੍ਰਵਾਸੀ 'ਡੋਰ-ਟੂ-ਡੋਰ' ਤਸਕਰੀ ਸੇਵਾਵਾਂ ਲੈਂਦੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਭਾਰਤ ਤੋਂ ਦੱਖਣੀ ਅਮਰੀਕਾ ਤੱਕ ਪਹੁੰਚਣ ਦਾ ਸਾਰਾ ਪ੍ਰਬੰਧ ਹੁੰਦਾ ਹੈ।

ਪਰਵਾਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਤੋਂ ਆਏ 20 ਸਾਲਾ ਮਨਪ੍ਰੀਤ ਭਾਰਤ ਦੀ ਸੱਤਾਧਿਰ ਭਾਜਪਾ ਖ਼ਿਲਾਫ਼ ਖੁੱਲ੍ਹ ਕੇ ਬੋਲਦੇ ਰਹੇ ਹਨ। ਆਪਣੇ ਸਿਆਸੀ ਵਿਚਾਰਾਂ ਕਾਰਨ ਉਨ੍ਹਾਂ ਨਾਲ ਹੋਈ ਧੱਕੇਸ਼ਾਹੀ ਮਗਰੋਂ ਉਨ੍ਹਾਂ ਨੇ ਦੇਸ਼ ਛੱਡ ਦਿੱਤਾ (ਸੰਕੇਤਕ ਤਸਵੀਰ)

ਪੂਰੇ ਰਸਤੇ ਉਨ੍ਹਾਂ ਨੂੰ ਨਿਰਦੇਸ਼ ਦਿੱਤੇ ਜਾਂਦੇ ਹਨ ਅਤੇ ਇਕੱਲੇ ਜਾਂ ਸਿਰਫ਼ ਪਰਿਵਾਰ ਨੂੰ ਭੇਜਣ ਦੀ ਥਾਂ ਇੱਕੋ ਬੋਲੀ ਬੋਲਣ ਵਾਲੇ ਕੁਝ ਹੋਰ ਲੋਕਾਂ ਦੇ ਨਾਲ ਛੋਟੇ ਝੁੰਡ ਬਣਾ ਕੇ ਭੇਜਿਆ ਜਾਂਦਾ ਹੈ।

ਇਹ ਨੈਟਵਰਕ ਅਕਸਰ ਭਾਰਤ ਵਿਚਲੇ ਟਰੈਵਲ-ਏਜੰਟਾਂ ਨਾਲ ਹੀ ਸ਼ੁਰੂ ਹੁੰਦਾ ਹੈ, ਜੋ ਕਿ ਸਫ਼ਰ ਦੇ ਕਈ ਹਿੱਸਿਆਂ ਦੀ ਜ਼ਿੰਮੇਵਾਰੀ ਲਾਤੀਨੀ-ਅਮਰੀਕਾ ਦੇ ਕ੍ਰਿਮੀਨਲ ਗਰੁੱਪਾਂ ਨੂੰ ਦਿੰਦੇ ਹਨ।

ਵਾਸ਼ਿੰਗਟਨ-ਡੀਸੀ ਸਥਿਤ ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਉਟ ਵਿੱਚ ਵਿਸ਼ਲੇਸ਼ਕ ਜੈਸਿਕਾ ਬੋਲਟਰ ਨੇ ਕਿਹਾ ਕਿ ਇੱਥੇ ਪਹੁੰਚਣ ਵਾਲੇ ਜਦੋਂ ਭਾਰਤ ਵਿੱਚ ਆਪਣੇ ਦੋਸਤਾਂ ਜਾਂ ਪਰਿਵਾਰਕ ਮੈਂਬਰਾਂ ਨੂੰ ਦੱਸਦੇ ਹਨ ਕਿ ਇਨ੍ਹਾਂ ਨੈਟਵਰਕਾਂ ਜ਼ਰੀਏ ਉਹ ਕਿਵੇਂ ਸਫਲਤਾ ਪੂਰਵਕ ਅਮਰੀਕਾ ਪਹੁੰਚ ਗਏ, ਤਾਂ ਇਸ ਕਾਰਨ ਕਰਕੇ ਵੀ ਇਨ੍ਹਾਂ ਤਰੀਕਿਆਂ ਜ਼ਰੀਏ ਭਾਰਤੀਆਂ ਦਾ ਅਮਰੀਕਾ ਵਿੱਚ ਪਰਵਾਸ ਵੱਧ ਰਿਹਾ ਹੈ।

ਉਨ੍ਹਾਂ ਕਿਹਾ, "ਅਜਿਹਾ ਕੁਦਰਤੀ ਤੌਰ 'ਤੇ ਹੋਰ ਪਰਵਾਸੀਆਂ ਨੂੰ ਆਪਣੇ ਵੱਲ ਖਿੱਚਦਾ ਹੈ। ਇਹ ਹੁੰਦਾ ਤਾਂ ਹੀ ਹੈ ਕਿਉਂਕਿ ਪ੍ਰਵਾਸੀ ਉੱਥੋਂ ਆਉਣਾ ਚਾਹੁੰਦੇ ਹਨ।"

ਪਰਵਾਸ

ਪੰਜਾਬ ਤੋਂ ਆਏ 20 ਸਾਲਾ ਮਨਪ੍ਰੀਤ ਭਾਰਤ ਦੀ ਸੱਤਾਧਿਰ ਭਾਜਪਾ ਖ਼ਿਲਾਫ਼ ਖੁੱਲ੍ਹ ਕੇ ਬੋਲਦੇ ਰਹੇ ਹਨ। ਆਪਣੇ ਸਿਆਸੀ ਵਿਚਾਰਾਂ ਕਾਰਨ ਉਨ੍ਹਾਂ ਨਾਲ ਹੋਈ ਧੱਕੇਸ਼ਾਹੀ ਮਗਰੋਂ ਉਨ੍ਹਾਂ ਨੇ ਦੇਸ਼ ਛੱਡ ਦਿੱਤਾ।

ਮਨਪ੍ਰੀਤ ਨੇ ਬੀਬੀਸੀ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ, "ਮੈਂ ਬੱਸ ਜ਼ਰੀਏ ਇਕੁਏਡਰ ਤੋਂ ਕੋਲੰਬੀਆ ਆਇਆ ਅਤੇ ਉੱਥੋਂ ਬੱਸ ਜ਼ਰੀਏ ਪਨਾਮਾ ਪਹੁੰਚਿਆ। ਪਨਾਮਾ ਤੋਂ ਕਿਸ਼ਤੀ ਜ਼ਰੀਏ ਨਿਕਾਰਗੁਆ ਅਤੇ ਗੁਆਟੇਮਲਾ ਅਤੇ ਫਿਰ ਮੈਕਸੀਕੋ ਅਤੇ ਉੱਥੋਂ ਅਮਰੀਕਾ ਅੰਦਰ ਦਾਖਲ ਹੋਇਆ।"

ਭਾਵੇਂ ਤਜ਼ਰਬੇਕਾਰ ਤਸਕਰ ਨਿਰਦੇਸ਼ ਦੇ ਰਹੇ ਹੁੰਦੇ ਹਨ ਪਰ ਫਿਰ ਵੀ ਇਹ ਯਾਤਰਾ ਖ਼ਤਰਿਆਂ ਨਾਲ ਭਰੀ ਸੀ।

ਜਿਵੇਂ ਕਿ ਲੁੱਟਾਂ, ਸਥਾਨਕ ਗੈਂਗਜ਼ ਵੱਲੋਂ ਫਿਰੌਤੀਆਂ ਮੰਗੇ ਜਾਣ, ਭ੍ਰਿਸ਼ਟ ਅਫਸਰਾਂ, ਹਰ ਤਰ੍ਹਾਂ ਦੇ ਮੌਸਮ ਦਾ ਸਾਹਮਣਾ, ਸੱਟਾਂ ਅਤੇ ਬਿਮਾਰੀਆਂ ਨਾਲ ਲੜਦੇ ਹੋਏ ਇਹ ਸਫਰ ਗੁਜ਼ਰਦਾ ਹੈ।

ਪਰਵਾਸ

ਤਸਵੀਰ ਸਰੋਤ, Getty Images

ਇਹ ਖ਼ਤਰੇ ਸਾਲ 2019 ਵਿੱਚ ਚਰਚਾ 'ਚ ਆਏ ਸੀ ਜਦੋਂ ਭਾਰਤੀ ਪੰਜਾਬ ਦੀ ਇੱਕ 6 ਸਾਲਾ ਬੱਚੀ ਦੀ ਲਾਸ਼ ਐਰੀਜ਼ੋਨਾ ਦੇ ਰੇਗਿਸਤਾਨ ਵਿੱਚ ਤਪਦੀ ਧੁੱਪ ਵਿੱਚ ਮਿਲੀ ਸੀ।

ਇਹ ਘਟਨਾ ਸੁਰਖ਼ੀਆਂ ਵਿੱਚ ਆਈ ਸੀ। ਬਾਅਦ ਵਿੱਚ ਪਤਾ ਲੱਗਾ ਸੀ ਕਿ ਇਸ ਬੱਚੀ ਦੀ ਮਾਂ ਨੇ ਬੱਚੀ ਨੂੰ ਪਾਣੀ ਲੱਭਣ ਲਈ ਭਾਰਤੀਆਂ ਦੇ ਦੂਜੇ ਗਰੁੱਪ ਨਾਲ ਭੇਜ ਦਿੱਤਾ ਸੀ ਅਤੇ 42 ਡਿਗਰੀ ਤਾਪਮਾਨ ਦੀ ਗਰਮੀ ਵਿੱਚ ਬੱਚੀ ਦਮ ਤੋੜ ਗਈ ਸੀ।

ਇੱਕ ਅਨਿਸ਼ਚਿਤਾਵਾਂ ਭਰੀ ਨਵੀਂ ਸ਼ੁਰੂਆਤ

ਜਦੋਂ ਅਮਰੀਕਾ ਵਿੱਚ ਸ਼ਰਨ ਲੈਣ ਲਈ ਜਸ਼ਨ ਪ੍ਰੀਤ ਜਿਹੇ ਪਰਵਾਸੀ ਲੰਬੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਲੈਂਦੇ ਹਨ, ਇਹ ਅਕਸਰ ਉਸ ਬਿੰਦੂ ਤੋਂ ਸ਼ੁਰੂ ਹੁੰਦੀ ਹੈ ਜਿਸ ਨੂੰ ਅਮਰੀਕੀ ਅਧਿਕਾਰੀ 'ਕੈਰਡੀਬਲ ਫੀਅਰ ਇੰਟਰਵਿਊ' ਦਾ ਨਾਮ ਦਿੰਦੇ ਹਨ।

ਜਿਸ ਵਿੱਚ ਪਰਵਾਸੀਆਂ ਨੇ ਇਹ ਸਾਬਤ ਕਰਨਾ ਹੁੰਦਾ ਹੈ ਕਿ ਜੇ ਉਨ੍ਹਾਂ ਨੂੰ ਦੇਸ਼ ਵਾਪਸ ਭੇਜਿਆ ਗਿਆ ਤਾਂ ਉਹ ਮੁੜ ਜ਼ੁਲਮ ਦਾ ਸ਼ਿਕਾਰ ਹੋਣਗੇ।

ਦੀਪਕ ਆਹਲੂਵਾਲੀਆ ਕਹਿੰਦੇ ਹਨ, "ਇਹ ਪਹਿਲਾ ਕਦਮ ਬਹੁਤ ਅਹਿਮ ਹੁੰਦਾ ਹੈ। ਜੇ ਇੰਟਰਵਿਊ ਲੈ ਰਹੇ ਅਫਸਰ ਨੂੰ ਲੱਗੇ ਕਿ ਤੁਹਾਨੂੰ ਤੁਹਾਡੇ ਦੇਸ਼ ਅੰਦਰ ਅਸਲ ਵਿੱਚ ਕੋਈ ਖ਼ਤਰਾ ਨਹੀਂ ਹੈ ਤਾਂ ਤੁਹਾਡਾ ਕੇਸ ਅੱਗੇ ਨਹੀਂ ਵੱਧ ਸਕੇਗਾ। ਇਹ ਬਹੁਤ ਘਾਤਕ ਹੈ।"

ਪਰਵਾਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕਾ-ਮੈਕਸੀਕੋ ਬਾਰਡਰ

ਜੇ ਅਫਸਰ ਨੂੰ ਵਿਸ਼ਵਾਸ ਹੋ ਜਾਵੇ ਕਿ ਤੁਹਾਡਾ ਡਰ ਅਸਲ ਵਿੱਚ ਸਹੀ ਹੈ, ਤਾਂ ਸ਼ਰਨ ਲੈਣ ਵਾਲੇ ਨੂੰ ਇਮੀਗਰੇਸ਼ਨ ਜੱਜ ਕੋਲ ਪੇਸ਼ ਹੋਣ ਦਾ ਨੋਟਿਸ ਦਿੱਤਾ ਜਾਂਦਾ ਹੈ ਜੋ ਉਨ੍ਹਾਂ ਦੀ ਅਰਜ਼ੀ 'ਤੇ ਵਿਚਾਰ ਕਰਦਾ ਹੈ।

ਪ੍ਰਕਿਰਿਆ ਲੰਬੀ ਹੈ। ਕਈ ਸਾਲਾਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਅਤੇ ਉਹ ਵੀ ਸਕਾਰਤਮਕ ਨਤੀਜੇ ਦੇ ਵਾਅਦੇ ਬਿਨ੍ਹਾਂ।

ਜਸ਼ਨ ਪ੍ਰੀਤ ਸਿੰਘ ਜੂਨ ਮਹੀਨੇ ਤੋਂ ਅਮਰੀਕਾ ਵਿੱਚ ਹਨ ਅਤੇ ਵਕੀਲ ਕਰਨ ਲਈ ਪੈਸੇ ਜੋੜ ਰਹੇ ਹਨ। ਜਦਕਿ ਉਨ੍ਹਾਂ ਦੇ ਅਮਰੀਕਾ ਵਿੱਚ ਲੰਬੇ ਭਵਿੱਖ ਦੀ ਕੋਈ ਗਾਰੰਟੀ ਨਹੀਂ ਹੈ।

ਪਰ ਉਹ ਕਹਿੰਦੇ ਹਨ ਕਿ ਇਹ ਉਨ੍ਹਾਂ ਲਈ ਦੂਜੇ ਰਸਤੇ (ਯਾਨੀ ਭਾਰਤ ਵਿੱਚ ਰਹਿਣ) ਤੋਂ ਬਿਹਤਰ ਹੈ।

ਜਸ਼ਨ ਪ੍ਰੀਤ ਸਿੰਘ ਨੇ ਕਿਹਾ, "ਮੈਨੂੰ ਹਮੇਸ਼ਾ ਆਪਣੀ ਜਾਨ ਖ਼ਤਰੇ ਵਿੱਚ ਹੋਣ ਦਾ ਡਰ ਲੱਗਿਆ ਰਹਿੰਦਾ ਸੀ ਪਰ ਹੁਣ ਜਦੋਂ ਤੋਂ ਮੈਂ ਇੱਥੇ ਹਾਂ, ਅਜਿਹਾ ਮਹਿਸੂਸ ਨਹੀਂ ਹੋਇਆ।"

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)