ਅਮਰੀਕਾ ਜਾਣ ਲਈ ਵੱਡੀ ਗਿਣਤੀ ਵਿੱਚ ਲੋਕ ਮੈਕਸੀਕੋ ਦਾ ਬਾਰਡਰ ਕਿਉਂ ਟੱਪ ਰਹੇ ਹਨ

ਅਮਰੀਕੀ ਨੈਸ਼ਨਲ ਗਾਰਡ ਦਾ ਸੈਨਿਕ ਸਰਹੱਦ ਦੀ ਰਾਖੀ ਕਰਦਾ ਹੋਇਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕੀ ਨੈਸ਼ਨਲ ਗਾਰਡ ਦਾ ਸੈਨਿਕ ਸਰਹੱਦ ਦੀ ਰਾਖੀ ਕਰਦਾ ਹੋਇਆ
    • ਲੇਖਕ, ਬਰੈਂਡ ਡੇਬਸਮੈਨ ਜੂਨੀਅਰ
    • ਰੋਲ, ਬੀਬੀਸੀ ਨਿਊਜ਼

ਰਾਸ਼ਟਰਪਤੀ ਜੋਅ ਬਾਇਡਨ ਦੇ ਸੱਤਾ ਵਿੱਚ ਆਉਣ ਤੋਂ ਮਗਰੋਂ ਸਰਹੱਦਾਂ ਉੱਪਰ ਆਉਣ ਵਾਲੇ ਪਰਵਾਸੀਆਂ ਦੀ ਗਿਣਤੀ ਵਿੱਚ ਰਿਕਾਰਡ ਵਾਧਾ ਹੋਇਆ ਹੈ। ਚੋਣਾਂ ਤੋਂ ਪਹਿਲਾਂ ਇਹ ਨਿਸ਼ਚਿਤ ਹੀ ਬਾਇਡਨ ਪ੍ਰਸ਼ਾਸਨ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ।

ਰਾਇਸ਼ੁਮਾਰੀਆਂ ਮੁਤਾਬਕ ਦੋ ਤਿਹਾਈ ਅਮਰੀਕੀ ਲੋਕ ਰਾਸ਼ਟਰਪਤੀ ਦੇ ਇਸ ਮਸਲੇ ਪ੍ਰਤੀ ਰਵੱਈਏ ਤੋਂ ਨਾਖੁਸ਼ ਹਨ।

ਸੰਭਾਵਨਾ ਹੈ ਕਿ ਨਵੰਬਰ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਉਨ੍ਹਾਂ ਨੂੰ ਟੱਕਰ ਦੇਣਗੇ। ਹੋਰ ਕਈ ਕੰਜ਼ਰਵੇਟਿਵ ਵਿਧਾਨਕਾਰਾਂ ਵਾਂਗ ਹੀ ਉਨ੍ਹਾਂ ਨੇ ਵੀ ਇਸ ਸੰਬੰਧ ਵਿੱਚ ਲਿਆਂਦੇ ਗਏ ਬਿਲ ਨੂੰ ਨਾਕਾਫ਼ੀ ਦੱਸਿਆ ਹੈ।

ਅਜਿਹਾ ਨਹੀਂ ਹੈ ਕਿ ਵਿਰੋਧੀ ਧਿਰ ਹੀ ਇਸ ਤੋਂ ਨਰਾਜ਼ ਹੈ। ਸਗੋਂ ਕਈ ਸ਼ਹਿਰਾਂ ਦੇ ਡੈਮੋਕਰੇਟਿਕ ਮੇਅਰ ਵੀ ਨਾਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਹਨ, ਜਿਨ੍ਹਾਂ ਨੂੰ ਦਿਨੋਂ-ਦਿਨ ਵਧ ਰਹੀ ਪਰਵਾਸੀਆਂ ਦੀ ਗਿਣਤੀ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ।

ਬਾਇਡਨ ਪ੍ਰਸ਼ਾਸਨ ਦੇ ਕਾਰਜਕਾਲ ਦੌਰਾਨ 63 ਲੱਖ ਤੋਂ ਜ਼ਿਆਦਾ ਗ਼ੈਰ-ਕਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਵਾਲੇ ਪਰਵਾਸੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਇਹ ਸੰਖਿਆ ਉਨ੍ਹਾਂ ਤੋਂ ਪਹਿਲੇ ਰਾਸ਼ਟਰਪਤੀ - ਟਰੰਪ, ਓਬਾਮਾ ਅਤੇ ਜੌਰਜ ਬੁਸ਼ ਤੋਂ ਜ਼ਿਆਦਾ ਹੈ।

ਮੈਕਸੀਕੋ – ਅਮਰੀਕਾ ਸਰਹੱਦ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੈਕਸੀਕੋ–ਅਮਰੀਕਾ ਸਰਹੱਦ

ਇਸ ਵਾਧੇ ਦੇ ਕਾਰਨ ਬਹੁਤ ਗੁੰਝਲਦਾਰ ਹਨ। ਇਨ੍ਹਾਂ ਵਿੱਚੋਂ ਕੁਝ ਦੀਆਂ ਜੜ੍ਹਾਂ ਮੌਜੂਦਾ ਸਰਕਾਰ ਤੋਂ ਪਹਿਲਾਂ ਦੇ ਸਮੇਂ ਵਿੱਚ ਹਨ ਤਾਂ ਕੁਝ ਉੱਪਰ ਅਮਰੀਕਾ ਦਾ ਹੀ ਕੋਈ ਵੱਸ ਨਹੀਂ ਹੈ।

ਆਖ਼ਰ ਅਮਰੀਕਾ ਦੇ ਮੈਕਸੀਕੋ ਨਾਲ ਲਗਦੀ ਸਰਹੱਦ ਉੱਪਰ ਹੋ ਕੀ ਰਿਹਾ ਹੈ? ਇਸ ਸਵਾਲ ਦਾ ਜਵਾਬ ਅਸੀਂ ਮਾਹਰਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ।

ਅਜਿਹਾ ਨਹੀਂ ਹੈ ਕਿ ਗ਼ੈਰ-ਕਨੂੰਨੀ ਪਰਵਾਸੀਆਂ ਦੀ ਗਿਣਤੀ ਵਿੱਚ ਵਾਧਾ ਬਾਇਡਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਹੀ ਸ਼ੁਰੂ ਹੋਇਆ ਹੈ।

ਸਗੋਂ ਇਹ ਤਾਂ ਰਾਸ਼ਟਰਪਤੀ ਟਰੰਪ ਦੇ ਕਾਰਜਕਾਲ ਦੇ ਆਖ਼ਰੀ ਦਿਨਾਂ ਦੌਰਾਨ ਹੀ ਵਧਣ ਲੱਗਾ ਸੀ।

ਉਦੋਂ ਕੇਂਦਰੀ ਅਮਰੀਕਾ (ਲੈਟਿਨ ਅਮਰੀਕਾ ਦਾ ਹਿੱਸਾ, ਜਿਸ ਇਸ ਵਿੱਚ ਸੱਤ ਦੇਸ ਸ਼ਾਮਲ ਹਨ) ਇੱਕ ਸੰਕਟ ਦੇ ਦੌਰ ਵਿੱਚੋਂ ਲੰਘ ਰਿਹਾ ਸੀ। ਇਸ ਵਿੱਚ ਗੈਂਗ-ਹਿੰਸਾ, ਗਰੀਬੀ, ਸਿਆਸੀ ਦਬਾਅ ਅਤੇ ਕੁਦਰਤੀ ਆਪਦਾਵਾਂ ਸ਼ਾਮਲ ਸਨ।

ਇਸ ਵਿੱਚ ਕਮੀ ਉਦੋਂ ਆਈ ਸੀ ਜਦੋਂ ਸਾਲ 2020 ਵਿੱਚ ਸਾਰੇ ਪਾਸੇ ਕੋਰੋਨਾ ਕਾਰਨ ਪਾਬੰਦੀਆਂ ਲਾਗੂ ਸਨ। ਉਦੋਂ ਮਾਰਚ ਤੋਂ ਅਪ੍ਰੈਲ ਤੱਕ ਦੇ ਮਹੀਨਿਆਂ ਦੌਰਾਨ ਇਸ ਰੁਝਾਨ ਵਿੱਚ 53% ਦੀ ਕਮੀ ਦੇਖੀ ਗਈ ਸੀ।

ਸਾਲ 2021 ਵਿੱਚ ਕੋਰੋਨਾ ਦੀਆਂ ਪਾਬੰਦੀਆਂ ਜਿਵੇਂ-ਜਿਵੇਂ ਘਟਣ ਲੱਗੀਆਂ ਇਹ ਗਿਣਤੀ ਵੀ ਉਸੇ ਤਰ੍ਹਾਂ ਵਧਣ ਲੱਗੀ ਸੀ। ਪਿਛਲੇ ਸਾਲ ਦੇ ਆਖ਼ਰੀ ਮਹੀਨੇ ਵਿੱਚ ਇਹ ਗਿਣਤੀ ਆਪਣੇ ਰਿਕਾਰਡ ਸਿਖ਼ਰ 3,02,000 ਤੋਂ ਜ਼ਿਆਦਾ ਸੀ।

ਏਰੀਅਲ ਰੁਇਜ਼ ਸੂਤੋ ਵਾਸ਼ਿੰਗਟਨ ਡੀਸੀ ਦੇ ਮਾਈਗਰੇਸ਼ਨ ਪਾਲਿਸੀ ਇੰਸਟੀਚਿਊਟ ਵਿੱਚ ਨੀਤੀ ਵਿਸ਼ਲੇਸ਼ਕ ਹਨ।

ਉਹ ਦੱਸਦੇ ਹਨ, “ਜਦੋਂ ਉੱਥੇ ਅਤੇ ਸਾਰੇ ਖੇਤਰ ਵਿੱਚ ਹੀ ਆਵਾਜਾਈ ਦੀਆਂ ਬੰਦਿਸ਼ਾਂ ਸੁਖਾਲੀਆਂ ਹੋਣ ਲੱਗੀਆਂ ਤਾਂ ਪਰਵਾਸੀਆਂ ਦੀ ਗਿਣਤੀ ਵਿੱਚ ਇੱਕ ਵਾਰ ਫਿਰ ਵਾਧਾ ਦਿਸਣਾ ਸ਼ੁਰੂ ਹੋਇਆ। ਇਸ ਵਾਰ ਅਮਰੀਕਾ ਦੀ ਸਰਹੱਦ ਉੱਤੇ ਪਹੁੰਚਣ ਵਾਲੇ ਪਰਵਾਸੀਆਂ ਵਿੱਚ ਜ਼ਿਆਦਾਤਰ ਲੋਕ ਕੇਂਦਰੀ ਅਮਰੀਕੀ ਦੇਸਾਂ ਦੇ ਸਨ।“

“ਇਹੀ ਉਹ ਸਮਾਂ ਸੀ ਜਦੋਂ ਇਸ ਸਬੰਧੀ ਸਾਨੂੰ ਵੱਡੀ ਤਬਦੀਲੀ ਵੀ ਦੇਖਣ ਨੂੰ ਮਿਲੀ। ਸਮੂਹ ਵਿੱਚ ਵਿਭਿੰਨਤਾ ਆਈ। ਵੈਨੇਜ਼ੂਏਲਾ ਤੋਂ ਸ਼ੁਰੂ ਕਰਕੇ ਇਨ੍ਹਾਂ ਵਿੱਚ ਕੋਲੰਬੀਆ, ਐਕੁਆਡੋਰ ਅਤੇ ਦੂਰ-ਦੁਰਾਡੀਆਂ ਥਾਵਾਂ ਤੋਂ ਵੀ ਲੋਕ ਆਉਣ ਲੱਗੇ।”

ਹੁਣ ਇਹ ਪਰਵਾਸੀ ਪੱਛਮੀ ਅਫ਼ਰੀਕਾ, ਭਾਰਤ ਅਤੇ ਪੱਛਮੀ ਏਸ਼ੀਆ ਤੋਂ ਵੀ ਇੱਥੇ ਪਹੁੰਚਣ ਲੱਗੇ ਹਨ।

ਅਮਰੀਕਾ ਤੋਂ ਬਾਹਰੋਂ ਆਉਣ ਵਾਲੇ ਪਰਵਾਸੀਆਂ ਵਿੱਚੋਂ ਸਭ ਤੋਂ ਜ਼ਿਆਦਾ ਗਿਣਤੀ ਚੀਨ ਤੋਂ ਆਉਣ ਵਾਲਿਆਂ ਦੀ ਹੈ। ਪਿਛਲੇ ਸਾਲ ਮੈਕਸੀਕੋ-ਅਮਰੀਕਾ ਸਰਹੱਦ ਤੋਂ 37,000 ਤੋਂ ਜ਼ਿਆਦਾ ਚੀਨੀ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਉਸ ਤੋਂ ਦੋ ਸਾਲ ਪਹਿਲਾਂ ਦੇ ਮੁਕਾਬਲੇ ਇਹ ਗਿਣਤੀ 50 ਗੁਣਾ ਜ਼ਿਆਦਾ ਸੀ।

ਪਰਵਾਸ ਦੇ ਵਿਸ਼ਵੀ ਰੁਝਾਨ

ਮੈਕਸੀਕੋ-ਅਮਰੀਕਾ ਸਰਹੱਦ ਉੱਪਰ ਪਰਵਾਸੀਆਂ ਦੀ ਵਧੀ ਗਿਣਤੀ ਦਾ ਰੁਝਾਨ, ਪਰਵਾਸ ਦੇ ਵਿਸ਼ਵੀ ਵਰਤਾਰੇ ਨਾਲ ਵੀ ਜੁੜਿਆ ਹੋਇਆ ਹੈ। ਇਹ ਉਦੋਂ ਹੋ ਰਿਹਾ ਹੈ ਜਦੋਂ ਪੂਰੀ ਦੁਨੀਆਂ ਵਿੱਚ ਹੀ ਪਰਵਾਸ ਦੀ ਲਹਿਰ ਝੁੱਲ ਰਹੀ ਹੈ।

ਵਿਸ਼ਵ ਪੱਧਰ ਉੱਤੇ ਹੀ ਗ਼ਰੀਬ ਦੇਸਾਂ ਤੋਂ ਨਾਗਰਿਕ ਅਮੀਰ ਦੇਸਾਂ ਵੱਲ ਜਾ ਰਹੇ ਹਨ। ਇਹ ਸੰਖਿਆ ਪਿਛਲੇ ਸਮੇਂ ਦੌਰਾਨ ਕਾਫੀ ਵਧੀ ਹੈ।

ਆਰਗੇਨਾਈਜ਼ੇਸ਼ਨ ਫਾਰ ਇਕਨਾਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ ਵੱਲੋਂ ਪਿਛਲੇ ਸਾਲ ਜਾਰੀ ਅੰਕੜਿਆਂ ਮੁਤਾਬਕ ਸਾਲ 2022 ਦੌਰਾਨ 61 ਲੱਖ ਨਵੇਂ ਸਥਾਈ ਨਾਗਰਿਕ ਇਸ ਦੇ ਮੈਂਬਰ 38 ਦੇਸਾਂ ਵਿੱਚ ਚਲੇ ਗਏ।

ਸਾਲ 2022 ਦੌਰਾਨ ਇਸ ਰੁਝਾਨ ਤਹਿਤ ਅਮਰੀਕਾ ਵਿੱਚ ਜਿਨ੍ਹਾਂ ਲੋਕਾਂ ਨੂੰ ਮਨੁੱਖੀ ਅਧਾਰ ਉੱਤੇ ਪਨਾਹ ਦਿੱਤੀ ਗਈ ਉਨ੍ਹਾਂ ਦੀ ਸੰਖਿਆ ਦੁੱਗਣੀ ਹੋ ਗਈ ਸੀ। ਇਸ ਮਾਮਲੇ ਵਿੱਚ ਹੁਣ ਅਮਰੀਕਾ ਜਰਮਨੀ ਤੋਂ ਬਾਅਦ ਦੂਜੇ ਨੰਬਰ ਉੱਤੇ ਹੈ।

ਜੌਰਜ ਲੋਰੀ ਅਮਰੀਕਨ ਇਮੀਗ੍ਰੇਸ਼ਨ ਕਾਊਂਸਲ ਵਿੱਚ ਪ੍ਰੋਗਰਾਮ ਨਿਰਦੇਸ਼ਕ ਹਨ। ਇਹ ਸੰਸਥਾ ਵਾਸ਼ਿੰਗਟਨ ਡੀਸੀ ਤੋਂ ਚਲਾਈ ਜਾਣ ਵਾਲੀ ਇੱਕ ਗ਼ੈਰ-ਮੁਨਾਫੇ ਵਾਲੀ ਸੰਸਥਾ ਹੈ।

ਉਹ ਦੱਸਦੇ ਹਨ, “ਅਸੀਂ ਪੂਰੀ ਦੁਨੀਆਂ ਵਿੱਚ ਹੀ ਉਜਾੜਾ ਦੇਖ ਰਹੇ ਹਾਂ। ਲੋਕ ਬਹੁਤ ਸਾਰੇ ਕਾਰਨਾਂ ਕਰਕੇ ਸਾਡੇ ਦੱਖਣੀ ਸਰਹੱਦਾਂ ਉੱਪਰ ਆਉਂਦੇ ਹਨ।”

“ਇਕੱਲੇ ਸਾਡੇ ਅਰਧਗੋਲੇ ਵਿੱਚ ਹੀ ਚਾਰ ਨਾਕਾਮ ਦੇਸ ਹਨ।”

ਮਾਹਰਾਂ ਦਾ ਕਹਿਣਾ ਹੈ ਕਿ ਸਾਲ 2021 ਵਿੱਚ ਹੋਈ ਸੱਤਾ ਦੀ ਤਬਦੀਲੀ ਕਾਰਨ ਵੀ ਇਸ ਰੁਝਾਨ ਨੂੰ ਹਵਾ ਮਿਲੀ ਹੈ।

ਰਾਸ਼ਟਰਪਤੀ ਟਰੰਪ ਦਾ ਇੱਕ ਮੁੱਖ ਸੁਨੇਹਾ ਜੋ ਕਿ ਭਾਵੇਂ ਸੱਚਾਈ ਨਹੀਂ ਬਣ ਸਕਿਆ ਅਮਰੀਕੀ ਸਰਹੱਦਾਂ ਦੇ ਦੁਆਲੇ ਕੰਧ ਬਣਵਾਉਣਾ ਅਤੇ ਲੋਕਾਂ ਨੂੰ ਉਨ੍ਹਾਂ ਦੇ ਦੇਸ ਵਾਪਸ ਭੇਜਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨਾ ਸੀ।

ਉਨ੍ਹਾਂ ਦੇ ਕਾਰਜਕਾਲ ਦੌਰਾਨ ਪਰਿਵਾਰਾਂ ਤੋਂ ਨਿਖੇੜੇ ਬੱਚਿਆਂ ਦੀਆਂ ਖ਼ਬਰਾਂ ਸੁਰਖ਼ੀਆਂ ਵਿੱਚ ਰਹੀਆਂ। ਬਹੁਤ ਸਾਰੇ ਲੋਕਾਂ ਨੇ ਇਸ ਕਾਰਵਾਈ ਦੀ ਅਣਮਨੁੱਖੀ ਕਹਿ ਕੇ ਆਲੋਚਨਾ ਵੀ ਕੀਤੀ।

ਟਰੰਪ ਤੋਂ ਬਾਅਦ ਬਾਇਡਨ ਦਾ ਕਾਰਜਕਾਲ

ਜੋਅ ਬਾਇਡਨ ਅਤੇ ਡੌਨਲਡ ਟਰੰਪ

ਤਸਵੀਰ ਸਰੋਤ, Reuters

ਰਾਸ਼ਟਰਪਤੀ ਬਾਇਡਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਹ ਨੀਤੀ ਨਰਮ ਹੋ ਗਈ। ਵਾਪਸ ਭੇਜਣ ਦੇ ਮਾਮਲਿਆਂ ਵਿੱਚ ਸਰਹੱਦੀ ਕੰਧ ਦੀ ਉਸਾਰੀ ਰੋਕ ਦਿੱਤੀ ਗਈ।

ਜਿਹੜੇ ਪਰਵਾਸੀਆਂ ਦੇ ਮਾਮਲੇ ਅਮਰੀਕੀ ਅਦਾਲਤਾਂ ਵਿੱਚ ਸੁਣਵਾਈ ਅਧੀਨ ਸਨ। ਉਨ੍ਹਾਂ ਨੂੰ ਫ਼ੈਸਲਾ ਆਉਣ ਤੱਕ ਜ਼ਮਾਨਤ ਦੇ ਦਿੱਤੀ ਗਈ। ਦੱਸ ਦੇਈਏ ਕਿ ਅਕਸਰ ਇਸ ਪ੍ਰਕਿਰਿਆ ਵਿੱਚ ਕਈ ਸਾਲ ਲੱਗ ਜਾਂਦੇ ਹਨ ।

ਅਮਰੀਕੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅਮਰੀਕਾ ਵਿੱਚ ਦਾਖ਼ਲ ਹੋਣਾ ਅਤੇ ਵਸ ਜਾਣਾ ਹੁਣ ਪਹਿਲਾਂ ਨਾਲੋਂ ਸੁਖਾਲਾ ਹੋ ਗਿਆ ਹੈ।

ਮਨੁੱਖੀ ਤਸਕਰ ਰਾਸ਼ਟਰਪਤੀ ਦੇ ਬਦਲਣ ਦੀ ਸਥਿਤੀ ਦਾ ਲਾਹਾ ਚੁੱਕਦੇ ਹਨ। ਉਹ ਪਰਵਾਸੀਆਂ ਵਿੱਚ ਕਾਹਲੀ ਦੀ ਭਾਵਨਾ ਪੈਦਾ ਕਰਦੇ ਹਨ ਕਿ ਉਨ੍ਹਾਂ ਨੂੰ ਹੁਣੇ ਸਰਹੱਦ ਪਾਰ ਕਰਨੀ ਚਾਹੀਦੀ ਹੈ।

ਐਲਿਕਸ ਕੁਇਕ ਕੇਸ ਵੈਸਟਰਨ ਯੂਨੀਵਰਸਿਟੀ ਓਹਾਇਓ ਵਿੱਚ ਪ੍ਰੋਫੈਸਰ ਹਨ ਅਤੇ ਪਰਵਾਸੀ ਮਾਮਲਿਆਂ ਦੇ ਵਕੀਲ ਹਨ।

ਉਨ੍ਹਾਂ ਮੁਤਾਬਕ, ਕੁਝ ਹੱਦ ਤੱਕ ਉਹ ਮੰਨਦੇ ਹਨ ਕਿ ਕੋਈ ਵੀ ਆ ਸਕਦਾ ਹੈ। ਮੈਨੂੰ ਲਗਦਾ ਹੈ ਉਨ੍ਹਾਂ ਨੂੰ ਇਹੀ ਦੱਸਿਆ ਜਾ ਰਿਹਾ ਹੈ।

ਉਹ ਅੱਗੇ ਦੱਸਦੇ ਹਨ, “ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਇੱਥੇ ਆਉਣ ਦਾ ਰਾਹ ਹੈ। ਇਹ ਇੱਕ ਸੱਦੇ ਵਾਂਗ ਹੈ।”

ਇਸ ਤੋਂ ਉਲਟ, ਕੁਝ ਪਰਵਾਸ ਦੇ ਕਾਰਕੁਨਾਂ ਨੇ ਬਾਇਡਨ ਸਰਕਾਰ ਅਤੇ ਅਮਰੀਕੀ ਵਿਧਾਨਕਾਰਾਂ ਦੀ ਕੋਈ ਅਰਥਭਰਭੂਰ ਕਾਨੂੰਨ ਪਾਸ ਕਰਨ ਵਿੱਚ ਨਾਕਾਮ ਰਹਿਣ ਲਈ ਆਲੋਚਨਾ ਕੀਤੀ ਹੈ।

ਅਮਰੀਕੀ ਪਰਵਾਸ ਦੇ ਪ੍ਰਸੰਗ ਵਿੱਚ ਇਸ ਤੋਂ ਪਹਿਲਾਂ ਵੱਡਾ ਫੇਰ ਬਦਲ ਲਗਭਗ 30 ਤੋਂ ਜ਼ਿਆਦਾ ਸਾਲ ਪਹਿਲਾਂ ਰਾਸ਼ਟਰਪਤੀ ਰੌਨਲਡ ਗੀਰਨ ਦੇ ਕਾਰਜਕਾਲ ਦੌਰਾਨ ਹੋਇਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)