ਪੰਜਾਬੀ ਮੁੰਡੇ ਕਿਵੇਂ ਬਣ ਗਏ ਰੂਸ ਦੇ ‘ਭਾੜੇ ਦੇ ਫ਼ੌਜੀ’, ਪਰਿਵਾਰਾਂ ਨੇ ਜਿਵੇਂ ਦੱਸੀ ਕਹਾਣੀ

ਤਸਵੀਰ ਸਰੋਤ, BBC/ Gurpreet Chawla
- ਲੇਖਕ, ਗੁਰਪ੍ਰੀਤ ਸਿੰਘ ਚਾਵਲਾ, ਪਰਦੀਪ ਸ਼ਰਮਾ ਅਤੇ ਕਮਲ ਸੈਣੀ
- ਰੋਲ, ਬੀਬੀਸੀ ਸਹਿਯੋਗੀ
“ਸਾਨੂੰ ਗਲੀ ਵਿੱਚੋਂ ਬਾਹਰ ਨਿਕਲਣ 'ਤੇ ਵੀ ਡਰ ਲੱਗਦਾ ਹੈ ਕਿ ਕੋਈ ਸਾਨੂੰ ਉਸ ਬਾਰੇ ਪੁੱਛੇਗਾ ਤਾਂ ਅਸੀਂ ਕੀ ਜਵਾਬ ਦੇਵਾਂਗੇ। ਸਾਨੂੰ ਸਾਰੀ-ਸਾਰੀ ਰਾਤ ਉਸ ਦੇ ਮੈਸਜ ਜਾਂ ਫੋਨ ਦੀ ਉਡੀਕ ਰਹਿੰਦੀ ਹੈ।”
ਇਹ ਬੋਲ ਹਨ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ 'ਚ ਪੈਂਦੇ ਕਲਾਨੌਰ ਕਸਬੇ ਦੇ ਪਿੰਡ ਡੇਹਰੀਵਾਲ ਕਿਰਨ ਦੇ ਵਸਨੀਕ ਬਲਵਿੰਦਰ ਕੌਰ ਦੇ। ਉਨ੍ਹਾਂ ਦਾ ਪੁੱਤਰ ਗਗਨਦੀਪ ਸਿੰਘ ਕਥਿਤ ਤੌਰ ਉੱਤੇ ਯੁਕਰੇਨ-ਰੂਸ ਜੰਗ ਵਿੱਚ ਫਸ ਗਿਆ ਹੈ।
ਹਾਲ ਹੀ ਵਿੱਚ ਸੱਤ ਨੌਜਵਾਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਹੈ। ਜਿਸ ਵਿੱਚ ਉਹ ਆਪਣਾ ਹਾਲ ਬਿਆਨਦੇ ਹੋਏ ਨਜ਼ਰ ਆਉਂਦੇ ਹਨ।

ਇਸ ਵੀਡੀਓ ਵਿਚਲੇ ਨੌਜਵਾਨ ਕਹਿੰਦੇ ਹਨ ਕਿ ਉਹ ਰੂਸ ਵਿੱਚ ਘੁੰਮਣ ਲਈ ਆਏ ਸਨ, ਜਿੱਥੇ ਉਨ੍ਹਾਂ ਨੂੰ ਫੜ ਲਿਆ ਗਿਆ ਅਤੇ ਕਿਹਾ ਗਿਆ ਕਿ 'ਤੁਹਾਡੀ ਸਲਿੱਪ ਖ਼ਤਮ' ਹੋ ਗਈ ਹੈ।
ਉਹ ਅੱਗੇ ਕਹਿੰਦੇ ਹਨ, “ਸਾਨੂੰ ਇਹ ਤਜ਼ਵੀਜ਼ ਦਿੱਤੀ ਗਈ ਕਿ ਤੁਸੀਂ ਫੌਜ ਵਿੱਚ ਹੈਲਪਰ ਦੇ ਤੌਰ ਉੱਤੇ ਸ਼ਾਮਲ ਹੋ ਜਾਵੋ ਅਤੇ ਇੱਕ ਸਾਲ ਬਾਅਦ ਤੁਸੀਂ ਜਾ ਸਕਦੇ ਹੋ, ਸਾਨੂੰ ਹੁਣ ਯੁਕਰੇਨ ਲਿਆਂਦਾ ਗਿਆ ਹੈ, ਜਿੱਥੇ ਸਾਨੂੰ ਜੰਗ ਵਿੱਚ ਭੇਜਿਆ ਜਾ ਰਿਹਾ ਹੈ।”
ਇੱਕ ਹੋਰ ਵੀਡੀਓ ਵਿੱਚ ਉਨ੍ਹਾਂ ਵਿੱਚੋਂ ਇੱਕ ਨੌਜਵਾਨ ਨੂੰ ਹਿੰਦੀ ਵਿੱਚ ਇਹ ਕਹਿੰਦੇ ਵੀ ਸੁਣਿਆ ਜਾ ਸਕਦਾ ਹੈ, "ਇੱਕ ਏਜੰਟ ਨੇ ਸਾਨੂੰ ਬੇਲਾਰੁਸ ਲੈ ਕੇ ਜਾਣ ਦੀ ਪੇਸ਼ਕਸ਼ ਕੀਤੀ ਸਾਨੂੰ ਨਹੀਂ ਪਤਾ ਸੀ ਕਿ ਸਾਨੂੰ ਉੱਤੇ ਜਾਣ ਲਈ ਵੀਜ਼ਾ ਦੀ ਲੋੜ ਹੋਵੇਗੀ ਅਸੀਂ ਬੇਲਾਰੁਸ ਜਾ ਕੇ ਉਸ ਨੂੰ ਪੈਸੇ ਦਿੱਤੇ ਪਰ ਉਸ ਨੇ ਹੋਰ ਪੈਸੇ ਮੰਗੇ ਅਤੇ ਸਾਨੂੰ ਸੜਕ ਵਿਚਕਾਰ ਛੱਡ ਦਿੱਤਾ।"

ਤਸਵੀਰ ਸਰੋਤ, SM Viral
ਉਹ ਆਪਣੇ ਆਪ ਨੂੰ ਭਾਰਤ ਵਾਪਸ ਲਿਆਉਣ ਦੀ ਮੰਗ ਕਰਦਿਆਂ ਕਹਿੰਦੇ ਹਨ, “ਸਾਨੂੰ ਬਚਾ ਲਓ ਨਹੀਂ ਤਾਂ ਇਹ ਸਾਨੂੰ ਜੰਗ ਵਿੱਚ ਤੋਰਨਗੇ, ਸਾਡਾ ਬਚਣਾ ਮੁਸ਼ਕਲ ਹੈ।”
ਇਨ੍ਹਾਂ 7 ਨੌਜਵਾਨਾਂ ਵਿੱਚੋਂ ਕਰੀਬ 5 ਨੌਜਵਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਦੱਸੇ ਜਾ ਰਹੇ ਹਨ।
ਇਨ੍ਹਾਂ ਨੌਜਵਾਨਾਂ ਵਿੱਚ ਗੁਰਦਾਸਪੁਰ ਦੇ ਪਿੰਡ ਡੇਹਰੀਵਾਲ ਕਿਰਨ ਦਾ ਗਗਨਦੀਪ ਸਿੰਘ, ਹੁਸ਼ਿਆਰਪੁਰ ਦੇ ਹਰਟਾ ਪਿੰਡ ਦਾ ਗੁਰਪ੍ਰੀਤ ਸਿੰਘ ਅਤੇ ਹਰਿਆਣਾ ਦੇ ਕਰਨਾਲ ਦਾ ਹਰਸ਼ ਵੀ ਸ਼ਾਮਿਲ ਹੈ।
ਤਕਰੀਬਨ ਦੋ ਸਾਲ ਤੋਂ ਰੂਸ ਅਤੇ ਯੂਕਰੇਨ ਦਰਮਿਆਨ ਯੁੱਧ ਜਾਰੀ ਹੈ ਅਤੇ ਬੀਬੀਸੀ ਨੇ ਅਜਿਹੇ ਚਾਰ ਪਰਿਵਾਰਾਂ ਨਾਲ ਗੱਲ ਕੀਤੀ ਜਿਨਾਂ ਦੇ ਪਰਿਵਾਰਿਕ ਮੈਂਬਰ ਰੂਸ ਵਿੱਚ ਫਸੇ ਹੋਏ ਹਨ ਅਤੇ ਕਥਿਤ ਤੌਰ ਉੱਤੇ ਫੌਜ ਵਿੱਚ ਭਰਤੀ ਕਰ ਲਏ ਗਏ ਹਨ।
ਭਾਰਤੀ ਮੀਡੀਆ ਵਿੱਚ ਛਪੀਆਂ ਰਿਪੋਰਟਾਂ ਮੁਤਾਬਕ ਤੇਲੰਗਾਨਾ ਦੇ 30 ਸਾਲਾ ਨੌਜਵਾਨ ਮੁਹੰਮਦ ਅਫਸਨ ਦੀ ਰੂਸ-ਯੁਕਰੇਨ ਜੰਗ ਵਿੱਚ ਮੌਤ ਹੋ ਗਈ ਹੈ। ਅਫਸਨ ਦੇ ਪਰਿਵਾਰ ਨੇ ਵੀ ਮੀਡੀਆ ਨੂੰ ਇਹ ਦੱਸਿਆ ਸੀ ਕਿ ਉਸ ਨੂੰ ਹੈਲਪਰ ਵਜੋਂ ਭਰਤੀ ਕਰਨ ਦਾ ਛਲਾਵਾ ਦੇ ਕੇ ਰੂਸ ਦੀ ਫੌਜ ਵਿੱਚ ਭਰਤੀ ਕਰ ਲਿਆ ਗਿਆ ਸੀ।
ਪੰਜਾਬ ਅਤੇ ਹਰਿਆਣਾ ਦੇ ਇਨ੍ਹਾਂ ਪਰਿਵਾਰਾਂ ਨੇ ਭਾਰਤ ਸਰਕਾਰ ਤੋਂ ਮਦਦ ਲਈ ਗੁਹਾਰ ਲਗਾਈ ਹੈ।
ਬੀਬੀਸੀ ਸੁਤੰਤਰ ਤੌਰ ਉੱਤੇ ਇਨ੍ਹਾਂ ਪਰਿਵਾਰਾਂ ਦੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰ ਸਕਦਾ।
ਬੀਬੀਸੀ ਨੇ ਪੰਜਾਬ ਦੇ ਕਲਾਨੌਰ ਕਸਬੇ ਦੇ ਰਵਨੀਤ ਸਿੰਘ ਦੇ ਪਰਿਵਾਰ ਨਾਲ ਵੀ ਗੱਲ ਕੀਤੀ ਹੈ, ਪਰਿਵਾਰ ਦਾ ਕਹਿਣਾ ਹੈ ਕਿ ਰਵਨੀਤ ਇਸ ਵੀਡੀਓ ਵਿੱਚ ਨਹੀਂ ਹੈ ਪਰ ਉਹ ਵੀ ਅਜਿਹੇ ਹੀ ਹਾਲਾਤਾਂ ਵਿੱਚ ਫਸਿਆ ਹੋਇਆ ਹੈ।
‘ਸਟੱਡੀ ਵੀਜ਼ਾ ਉੱਤੇ ਬਾਹਰ ਜਾਣ ਦੀ ਯੋਜਨਾ ਸੀ’

ਤਸਵੀਰ ਸਰੋਤ, BBC/ Gurpreet Chawla
ਬਲਵਿੰਦਰ ਕੌਰ ਦੱਸਦੇ ਹਨ ਗਗਨਦੀਪ 24 ਦਸੰਬਰ ਨੂੰ ਘਰੋਂ ਉੱਥੇ ਘੁੰਮਣ ਲਈ ਗਿਆ ਸੀ। ਇਹ ਉਸ ਦੀ ਪਹਿਲੀ ਵਿਦੇਸ਼ ਫੇਰੀ ਸੀ।
ਉਹ ਦੱਸਦੇ ਹਨ ਕਿ ਉਨ੍ਹਾਂ ਦਾ ਪੁੱਤ ਘੰਮਣ ਦੀ ਜ਼ਿੱਦ ਕਰਦਾ ਸੀ ਅਤੇ ਅਸੀਂ ਰੋਕ ਨਹੀਂ ਸਕਦੇ ਸਨ, ਉੱਥੇ ਜਾ ਕੇ ਪਹਿਲਾਂ ਕਈ ਦਿਨ ਸਾਨੂੰ ਉਸ ਦਾ ਫੋਨ ਨਹੀਂ ਆਇਆ, ਉਸ ਦੇ ਪਿਤਾ ਡਿਪਰੈਸ਼ਨ ਦੇ ਮਰੀਜ਼ ਹਨ ਅਤੇ ਇਸ ਤੋ ਬਾਅਦ ਉਹ ਕਈ ਦਿਨ ਬੀਮਾਰ ਰਹੇ।
ਉਹ ਦੱਸਦੇ ਹਨ ਕਿ ਕਈ ਦਿਨਾਂ ਦੇ ਇੰਤਜ਼ਾਰ ਤੋਂ ਮਗਰੋਂ ਉਨ੍ਹਾਂ ਦੇ ਪੁੱਤਰ ਨੇ ਫੋਨ ਉੱਤੇ ਦੱਸਿਆ, “ਮੈਂ ਫਸ ਗਿਆ ਹਾਂ, ਰੂਸੀ ਫੌੋਜ ਨੇ ਮੈਨੂੰ ਕਿਹਾ ਕਿ ਜਾਂ ਤਾਂ 10 ਸਾਲ ਦੀ ਸਜ਼ਾ ਕੱਟੋ...।”
ਉਹ ਕਹਿੰਦੇ ਹਨ, “ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਰੂਸ ਯੁਕਰੇਨ ਦੀ ਕਿੰਨੀ ਵੱਡੀ ਲੜਾਈ ਚੱਲ ਰਹੀ ਹੈ, ਅਸੀਂ ਸਾਰੇ ਬਹੁਤ ਪਰੇਸ਼ਾਨ ਰਹੇ।”
ਬਲਵਿੰਦਰ ਕੌਰ ਦੱਸਦੇ ਹਨ ਕਿ ਉਨ੍ਹਾਂ ਦੇ ਪੁੱਤਰ ਨਾਲ ਉਨ੍ਹਾਂ ਦੀ ਬਹੁਤ ਘੱਟ ਗੱਲ ਹੁੰਦੀ ਹੈ ਅਤੇ ਉਨ੍ਹਾਂ ਦਾ ਪੁੱਤ ਬਹੁਤ ਡਰਿਆ ਹੋਇਆ ਹੈ।
''ਉਹ ਕਹਿੰਦਾ ਹੈ ਸਾਨੂੰ ਯੁਕਰੇਨ ਵੱਲ ਅੱਗੇ ਭੇਜਿਆ ਜਾ ਰਿਹਾ ਹੈ।''

ਤਸਵੀਰ ਸਰੋਤ, Sourced by Gurpreet Chawla
ਬਲਵਿੰਦਰ ਕੌਰ ਦੱਸਦੇ ਹਨ, “ਉਸ ਨੇ ਆਈਲੈੱਟਸ ਕੀਤੀ ਹੋਈ ਸੀ ਜਿਸ ਵਿੱਚ ਉਸ ਦੇ ਛੇ ਬੈਂਡ ਆਏ ਸਨ ਅਤੇ ਬਾਰ੍ਹਵੀਂ ਤੱਕ ਦੀ ਪੜ੍ਹਾਈ ਕੀਤੀ ਸੀ।”
ਉਹ ਕਹਿੰਦੇ ਹਨ, “ਗਗਨਦੀਪ ਦੀ ਸਟੱਡੀ ਵੀਜ਼ਾ ਉੱਤੇ ਬਾਹਰ ਜਾਣ ਦੀ ਯੋਜਨਾ ਸੀ, ਉਹ ਪਹਿਲਾਂ ਘੁੰਮਣਾ ਫਿਰਨਾ ਚਾਹੁੰਦੇ ਹਨ।”
ਆਪਣੀ ਔਖਿਆਈ ਅਤੇ ਦੁੱਖ ਦੱਸਦਿਆਂ ਬਲਵਿੰਦਰ ਕੌਰ ਕਹਿੰਦੇ ਹਨ, “ਸਾਨੂੰ ਕਈ ਦਿਨ ਹੋ ਗਏ ਅਸੀਂ ਆਪਣੀ ਗਲੀ ਵਿੱਚੋਂ ਬਾਹਰ ਨਹੀਂ ਨਿਕਲਦੇ, ਇਸੇ ਡਰੋਂ ਕਿ ਕੋਈ ਸਾਨੂੰ ਪੁੱਛੇਗਾ ਤਾਂ ਆਪਾਂ ਉਨ੍ਹਾਂ ਨੂੰ ਕੀ ਜਵਾਬ ਦੇਵਾਂਗੇ।”
ਉਹ ਕਹਿੰਦੇ ਹਨ, “ਜਿਵੇਂ ਮੈਨੂੰ ਪਰੇਸ਼ਾਨੀ ਹੈ, ਸਾਰੇ ਬੱਚਿਆਂ ਦੀਆਂ ਮਾਵਾਂ ਦੀ ਇਹੋ ਪਰੇਸ਼ਾਨੀ ਹੈ। ਸਾਡੀ ਮੰਗ ਹੈ ਕਿ ਸਰਕਾਰ ਸਾਡੇ ਬੱਚਿਆਂ ਨੂੰ ਵਾਪਸ ਲਿਆਵੇ।”
ਉਹ ਕਹਿੰਦੇ ਹਨ, “ਅਸੀਂ ਦੇਰ ਰਾਤ ਤੱਕ ਆਪਣੇ ਪੁੱਤ ਦਾ ਕੋਈ ਮੈਸਜ ਜਾਂ ਫੋਨ ਉਡੀਕਦੇ ਰਹਿੰਦੇ ਹਾਂ।”
ਗਗਨਦੀਪ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਦੱਸਦੇ ਹਨ ਕਿ ਉਹ ਨਹੀਂ ਜਾਣਦੇ ਕਿ ਉਨ੍ਹਾਂ ਦੇ ਪੁੱਤਰ ਨੇ ਉੱਥੇ ਜਾਣ ਦੀ ਯੋਜਨਾ ਕਿਵੇਂ ਬਣਾਈ ਅਤੇ ਉਨ੍ਹਾਂ ਨੂੰ ਸਿਰਫ਼ ਇੰਨਾ ਹੀ ਪਤਾ ਹੈ ਕਿ ਉਹ ਦੋਸਤਾਂ ਨਾਲ ਗਿਆ ਹੈ।
‘ਕਈ ਦੇਸ਼ ਘੁੰਮ ਚੁੱਕਿਆ ਸੀ ਹੁਸ਼ਿਆਰਪੁਰ ਦਾ ਗੁਰਪ੍ਰੀਤ’

ਤਸਵੀਰ ਸਰੋਤ, Sourced by Pardeep Sharma
ਗੁਰਪ੍ਰੀਤ ਸਿੰਘ ਦੇ ਤਾਏ ਦੇ ਪੁੱਤਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਸੀ।
ਉਹ ਕਹਿੰਦੇ ਹਨ, “ਗੁਰਪ੍ਰੀਤ ਆਪਣੀ ਟ੍ਰੈਵਲ ਹਿਸਟਰੀ ਵਧੀਆ ਬਣਾਉਣੀ ਚਾਹੁੰਦਾ ਸੀ, ਉਹ 2022 ਵਿੱਚ ਅਜ਼ਰਬਾਈਜਾਨ, ਦੁਬਈ ਅਤੇ ਸਰਬੀਆ ਗਿਆ ਸੀ ਅਤੇ 2023 ਵਿੱਚ ਬੈਂਕਾਕ ਅਤੇ ਰਸ਼ੀਆ ਗਿਆ ਸੀ ਜਿੱਥੇ ਉਸ ਨੂੰ ਫੌਜ ਨੇ ਫੜ ਲਿਆ ਹੈ।”
ਉਹ ਕਹਿੰਦੇ ਹਨ, “ਗੁਰਪ੍ਰੀਤ ਸਿੰਘ ਕੋਲ ਸਹੀ ਵੀਜ਼ਾ ਸੀ, ਉਸ ਨੂੰ ਦੋ ਦਿਨ ਫੌਜ ਨੇ ਕਮਰੇ ਵਿੱਚ ਬੰਦ ਰੱਖਿਆ ਅਤੇ ਉਹਨਾਂ ਕੋਲੋਂ ਹਿੰਦੀ ਟ੍ਰਾਂਸਲੇਟਰ ਰਾਹੀਂ ਪੁੱਛਗਿੱਛ ਕੀਤੀ ਗਏ ਅਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਜਾਂ ਤਾਂ ਉਹ ਫੌਜ ਵਿੱਚ ਸ਼ਾਮਲ ਹੋ ਜਾਣ ਨਹੀਂ ਤਾਂ ਉਨ੍ਹਾਂ ਨੂੰ 10 ਸਾਲ ਸਜ਼ਾ ਹੋਵੇਗੀ।”
ਨਰਿੰਦਰ ਕੁਮਾਰ ਨੇ ਦੱਸਿਆ, “ਉਨ੍ਹਾਂ ਨੂੰ ਪਹਿਲਾਂ 15 ਦਿਨ ਟਰੇਨਿੰਗ ਉੱਤੇ ਰੱਖਿਆ ਗਿਆ ਅਤੇ ਹੁਣ ਉਨ੍ਹਾਂ ਨੂੰ ਯੁਕਰੇਨ ਵੱਲ ਭੇਜਿਆ ਜਾ ਰਿਹਾ ਹੈ ਜਿੱਥੇ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ।”
'ਪਾਸਪੋਰਟ ਸਟਰੋਂਗ ਬਣਾਉਣ ਲਈ' ਰੂਸ ਗਿਆ 19 ਸਾਲਾ ਹਰਸ਼

ਤਸਵੀਰ ਸਰੋਤ, BBC/Kamal Saini
ਹਰਿਆਣਾ ਦੇ ਨੌਜਵਾਨ ਹਰਸ਼ ਦੇ ਇੱਕ ਰਿਸ਼ਤੇਦਾਰ ਦੇ ਦੱਸਿਆ ਕਿ ਉਹ 24-25 ਦਸੰਬਰ ਨੂੰ ਚਲਾ ਗਿਆ, ਉਹ ਥੋੜ੍ਹੇ ਦਿਨ ਰੂਸ ਵਿੱਚ ਘੁੰਮਿਆ।
ਹਰਸ਼ ਕਰਨਾਲ ਜ਼ਿਲ੍ਹੇ ਦੇ ਸਾਂਭਲੀ ਪਿੰਡ ਦਾ ਰਹਿਣ ਵਾਲਾ ਹੈ।
ਉਹ ਕਹਿੰਦੇ ਹਨ, “ਹਰਸ਼ ਨੇ ਦੱਸਿਆ ਏਜੰਟ ਨੇ ਸਾਨੂੰ ਬੇਲਾਰੁਸ ਲੈ ਕੇ ਜਾਣ ਦਾ ਕਹਿ ਕੇ ਸੜਕ ਉਪਰ ਛੱਡ ਦਿੱਤਾ। ਫਿਰ ਸਾਨੂੰ ਰੂਸ ਦੀ ਫੌਜ ਨੇ ਫੜ ਲਿਆ ਅਤੇ ਡਰਾਇਆ ਗਿਆ।”
ਉੁਹ ਕਹਿੰਦੇ ਹਨ, ਉਨ੍ਹਾਂ ਦਾ ਰੂਸ ਜਾਣ ਦਾ ਮਕਸਦ ਪਾਸਪੋਰਟ ਸਟਰੌਂਗ ਬਣਾਉਣਾ ਸੀ ਤਾਂ ਜੋ ਬਾਅਦ ਵਿੱਚ ਕਿਸੇ ਹੋਰ ਮੁਲਕ ਵਿੱਚ ਜਾ ਸਕੇ।
ਪਰਿਵਾਰ ਦਾ ਕਹਿਣਾ ਹੈ ਕਿ ਇਹ ਡੌਂਕੀ ਨਹੀਂ ਸੀ।
ਹਰਸ਼ ਦੀ ਉਮਰ 19 ਸਾਲ ਹੈ। ਉਨ੍ਹਾਂ ਦੀ ਮਾਤਾ ਸੁਮਨ ਕਹਿੰਦੇ ਹਨ, ਕਿ ਉਨ੍ਹਾਂ ਦੇ ਪੁੱਤਰ ਨੇ ਹਾਲ ਹੀ ਵਿੱਚ ਬਾਰ੍ਹਵੀਂ ਦੀ ਪੜ੍ਹਾਈ ਪੂਰੀ ਕੀਤੀ ਸੀ।
ਇਸ ਪਰਿਵਾਰ ਦੀ ਇੱਕ ਕਰਿਆਨੇ ਦੀ ਦੁਕਾਨ ਹੈ ਜਿਸ ਰਾਹੀਂ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਹੈ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਇਸ ਮਾਮਲੇ ਬਾਰੇ ਜਵਾਬ ਦਿੰਦਿਆਂ ਕਿਹਾ, “ਇਸ ਬਾਰੇ ਫਿਲਹਾਲ ਜਾਣਕਾਰੀ ਨਹੀਂ ਹੈ।”
ਦੀਨਾਨਗਰ ਦੀ ਕੁਲਵੰਤ ਕੌਰ ਨੂੰ ਵੀ ਪੁੱਤ ਦੀ ਉਡੀਕ

ਤਸਵੀਰ ਸਰੋਤ, BBC/ Gurpreet Chawla
ਗੁਰਦਾਸਪੁਰ ਦੇ ਦੀਨਾਨਗਰ ਦੇ ਪਿੰਡ ਅਵਾਖਾ ਦੇ ਰਹਿਣ ਵਾਲੇ ਕੁਲਵੰਤ ਕੌਰ ਮੁਤਾਬਕ ਉਨ੍ਹਾਂ ਦਾ ਪੁੱਤਰ ਰਵਨੀਤ ਸਿੰਘ ਵੀ ਰੂਸ ਵਿੱਚ ਇਸੇ ਤਰੀਕੇ ਫਸਿਆ ਹੋਇਆ ਹੈ। ਰਵਨੀਤ ਇਨ੍ਹਾਂ ਨੌਜਵਾਨਾਂ ਦੀ ਵੀਡੀਓ ਵਿੱਚ ਸ਼ਾਮਲ ਨਹੀਂ ਹੈ।
ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਪੁੱਤਰ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਉਹ ਅਤੇ ਉਸ ਦੇ ਨਾਲ ਪੰਜਾਬ ਦਾ ਹੀ ਇੱਕ ਨੌਜਵਾਨ ਜੋ ਕਿ ਨਾਬਾਲਗ ਹਨ ਇੱਥੇ ਰੁਕੇ ਹੋਏ ਹਨ।
ਉਹ ਦੱਸਦੇ ਹਨ, “ਰਵਨੀਤ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਅੱਗੇ ਜੰਗ ਵਿੱਚ ਭੇਜਿਆ ਜਾ ਸਕਦਾ ਹੈ।”

ਤਸਵੀਰ ਸਰੋਤ, BBC/ Gurpreet Chawla
ਕੁਲਵੰਤ ਕੌਰ ਦੱਸਦੇ ਹਨ ਕਿ ਉਨ੍ਹਾਂ ਦਾ ਪੁੱਤਰ ਟੂਰਿਟਸ ਵੀਜ਼ਾ ਉੱਤੇ ਡੁਬਈ ਗਿਆ ਸੀ ਅਤੇ ਅੱਗੇ ਮੁੰਡਿਆਂ ਨਾਲ ਰੂਸ ਚਲਿਆ ਗਿਆ ਜਿੱਥੇ ਉਨ੍ਹਾਂ ਨੂੰ ਆਰਮੀ ਨੇ ਫੜ ਲਿਆ।
ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਪੁੱਤਰ ਅਤੇ ਉਨ੍ਹਾਂ ਦੀਆਂ ਦੋ ਧੀਆਂ ਹਨ। ਰਵਨੀਤ ਦੇ ਪਿਤਾ ਇੱਕ ਸਕੂਲ ਬੱਸ ਚਲਾਉਂਦੇ ਹਨ।
ਕੁਲਵੰਤ ਕੌਰ ਕਹਿੰਦੇ ਹਨ ਕਿ ਉਨ੍ਹਾਂ ਦੇ ਪੱਤਰ ਨੇ ਮਕੈਨੀਕਲ ਇੰਜੀਨਿਅਰਿੰਗ ਦਾ ਡਿਪਲੋਮਾ ਕੀਤਾ ਹੋਇਆ ਹੈ ਅਤੇ ਉਸ ਨੇ ਦੋ ਸਾਲ ਦੇ ਕਰੀਬ ਇੱਕ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਵੀ ਕੀਤੀ ਹੋਈ ਹੈ।
ਉਨ੍ਹਾਂ ਨੇ ਦੱਸਿਆ ਕਿ ਰਵਨੀਤ ਪਹਿਲਾਂ ਕਰੀਬ ਦੋ ਵਾਰ ਦੁਬਈ ਜਾ ਚੁੱਕਿਆ ਹੈ।
ਪੰਜਾਬ ਵਿਧਾਨ ਸਭਾ ’ਚ ਗੂੰਜਿਆ ਮੁੱਦਾ

ਤਸਵੀਰ ਸਰੋਤ, Punjab Govt
ਪੰਜਾਬ ਸਰਕਾਰ ਦੇ ਐੱਨਆਰਆਈ ਮਾਮਲਿਆਂ ਬਾਰੇ ਮੰਤਰਾਲੇ ਨੇ ਰੂਸ ਦੇ ਭਾਰਤੀ ਰਾਜਦੂਤ ਪਵਨ ਕਪੂਰ ਨੂੰ ਚਿੱਠੀ ਲਿਖੀ ਹੈ।
ਇਸ ਚਿੱਠੀ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਇਸ ਬਾਰੇ ਢੁੱਕਵੀਂ ਕਾਰਵਾਈ ਕਰਨ ਅਤੇ ਇਨ੍ਹਾਂ ਨੌਜਵਾਨਾਂ ਨੂੰ ਵਾਪਸ ਪਰਤਣ ਵਿੱਚ ਮਦਦ ਕਰਨ।
ਬੀਬੀਸੀ ਸਹਿਯੋਗੀ ਮਯੰਕ ਮੌਂਗੀਆ ਮੁਤਾਬਕ ਵੀਰਵਾਰ ਨੂੰ ਕਾਂਗਰਸ ਵਿਧਾਇਕ ਪਰਗਟ ਸਿੰਘ ਸਿੰਘ ਨੇ ਇਹਨਾਂ ਨੌਜਵਾਨਾਂ ਦਾ ਮੁੱਦਾ ਪੰਜਾਬ ਵਿਧਾਨ ਸਭਾ ਵਿੱਚ ਚੁੱਕਿਆ।
ਪ੍ਰਗਟ ਸਿੰਘ ਨੇ ਕਿਹਾ ਕਿ, “ਇਹ ਬਹੁਤ ਗੰਭੀਰ ਮੁੱਦਾ ਹੈ। ਇਹ ਪੰਜ ਨੌਜਵਾਨ ਘੁੰਮਣ ਗਏ ਸਨ ਜਾਂ ਕਿਸੇ ਹੋਰ ਕਾਰਨ ਪਰ ਰੂਸ ਸਰਕਾਰ ਨੇ ਉਹਨਾਂ ਨੂੰ ਜਬਰੀ ਭਰਤੀ ਕਰ ਕੇ ਯੂਕਰੇਨ ਵਾਲੀ ਲੜਾਈ ਵਿੱਚ ਸ਼ਾਮਿਲ ਕਰ ਲਿਆ। ਇਸ ਮਾਮਲੇ ਨੂੰ ਕੇਂਦਰ ਸਰਕਾਰ ਕੋਲ ਚੁੱਕ ਕੇ ਉਹਨਾਂ ਨੂੰ ਵਾਪਿਸ ਲਿਆਂਦਾ ਜਾਵੇ।”
ਐੱਨਆਰਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਸ ਦੇ ਜਵਾਬ ਵਿੱਚ ਕਿਹਾ ਕਿ ਉਹਨਾਂ ਨੇ ਪਹਿਲਾਂ ਹੀ ਇਹ ਮਾਮਲਾ ਕੇਂਦਰ ਸਰਕਾਰ ਕੋਲ ਚੁੱਕਿਆ ਹੋਇਆ ਹੈ।
ਉਹਨਾਂ ਕਿਹਾ, “ਅਸੀਂ ਕੇਂਦਰ ਸਰਕਾਰ ਤੇ ਰੂਸ ਵਿੱਚ ਅੰਬੈਸੀ ਨਾਲ ਗੱਲ ਕਰ ਰਹੇ ਹਾਂ। ਜਲਦ ਹੀ ਕੋਈ ਚੰਗਾ ਨਤੀਜਾ ਆਵੇਗਾ। ਉਹਨਾਂ ਨੇ ਅਮਰੀਕਾ ਜਾਣਾ ਸੀ ਪਰ ਰਸਤੇ ਵਿੱਚ ਏਜੰਟ ਨੇ ਵਾਪਿਸ ਕਰ ਦਿੱਤੇ ਸਨ ਜਿੱਥੋਂ ਉਹਨਾਂ ਨੂੰ ਜਬਰਦਸਤੀ ਭਰਤੀ ਕਰ ਲਿਆ ਗਿਆ।
ਭਾਰਤੀ ਵਿਦੇਸ਼ ਮੰਤਰਾਲੇ ਨੇ ਕੀ ਕਿਹਾ
ਭਾਰਤੀ ਵਿਦੇਸ਼ ਮੰਤਰਾਲੇ ਦੀ ਇਸ ਬਾਰੇ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
23 ਫਰਵਰੀ ਨੂੰ ਵਿਦੇਸ਼ ਮੰਤਰਾਲੇ ਨੇ ਇਹ ਬਿਆਨ ਜਾਰੀ ਕੀਤਾ ਸੀ, " ਸਾਨੂੰ ਇਸ ਬਾਰੇ ਜਾਣਕਾਰੀ ਹੈ ਕਿ ਕਈ ਭਾਰਤੀ ਨੌਜਵਾਨਾਂ ਨੇ ਰੂਸੀ ਫੌਜ ਵਿੱਚ ਸਹਾਇਕ ਵਜੋਂ ਨੌਕਰੀ ਲਈ ਹੈ।"
ਇਸ ਬਿਆਨ ਮੁਤਾਬਕ ਭਾਰਤੀ ਦੂਤਾਵਾਸ ਨੇ ਲਗਾਤਾਰ ਇਸ ਮਾਮਲੇ ਨੂੰ ਰੂਸੀ ਅਧਿਕਾਰੀਆਂ ਕੋਲ ਚੁੱਕਿਆ ਅਤੇ ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਡਿਸਚਾਰਜ ਦੀ ਮੰਗ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਸਾਵਧਾਨੀ ਵਰਤਣ ਅਤੇ ਇਸ ਜੰਗ ਤੋਂ ਦੂਰ ਰਹਿਣ ਲਈ ਕਿਹਾ ਸੀ।












